“ਕਹਿੰਦੇ, ਟਿਕ-ਟਿਕਾਅ ਹੋ ਜਾਣ ਉਪਰੰਤ ਜਦੋਂ ਦੋ-ਚਾਰ ਸਾਲੀਂ, ਮਿਲਟਰੀ ...”
(2 ਜੁਲਾਈ 2019)
ਕਾਲੇਵਾਲ ਭਗਤਾਂ (ਹੁਸ਼ਿਆਰਪੁਰ) ਦੀ ਮੋੜ੍ਹੀ, ਮਾਹੀ ਦਾਸ ਬ੍ਰਾਹਮਣ, ਗੋਤ ਵਜੋਂ ਕਾਲੀਆ ਅਤੇ ਦੇਵੀ ਭਗਤ, ਨੇ ਗੱਡੀ ਸੀ। ਉਸ ਦੇ ਗੋਤ ਅਤੇ ਭਗਤ ਤਖੱਲਸ ਤੋਂ ਇਸ ਪਿੰਡ ਦਾ ਨਾਮ ਵਿਗਸਦਾ-ਸੰਵਰਦਾ ਕਾਲੇਵਾਲ ਭਗਤਾਂ ਪਿਆ। ਪ੍ਰੰਤੂ ਵੱਡੇ ਰੌਲਿਆਂ ਵੇਲੇ ਇਸ ਪਿੰਡ ਦੇ ਹੀ ਕੁਝ ਜਣਿਆਂ ਨੇ ‘ਭਗਤਾਂ’ ਵਾਲੀ ਨਹੀਂ ਸੀ ਕੀਤੀ ਜਿਸਦਾ ਸੱਲ ਲੋਕ-ਮਨਾਂ ਨੂੰ ਅੱਜ ਵੀ ਕੁਰੇਦਦਾ ਰਹਿੰਦਾ ਹੈ। ਸੰਤਾਲੀ ਵੇਲੇ ਇੱਥੋਂ ਦੇ ਨਿਹਾਇਤ ਭਲੇ ਮੁਸਲਮਾਨਾਂ ਨਾਲ ਹੋਈ ਜੱਗੋਂ-ਤੇਰ੍ਹਵੀਂ ਦੀ ਗੱਲ ਤੁਰਦਿਆਂ, ਸੱਤਰ੍ਹਾਂ ਤੋਂ ਵੀ ਦੋ ਵਰ੍ਹੇ ਵੱਧ ਬੀਤ ਜਾਣ ਦੇ ਬਾਵਜੂਦ, ਇਹ ਗਰਾਂ ਹੁਣ ਵੀ ਨੀਵੀਂ ਪਾ ਬੈਠ ਜਾਂਦਾ ਹੈ, ਜਿਵੇਂ ਉਸਦੇ ਕੁਝ ਕਪੁੱਤ ਹੁਣੇ ਹੀ ਆਪਣੇ ਮੁਸਲਿਮ ਹਮਸਾਇਆ ਨਾਲ ਧ੍ਰੋਹ ਕਮਾ ਕੇ ਆਏ ਹੋਣ।
ਵੰਡ ਵੇਲੇ ਕਾਲੇਵਾਲ ਭਗਤਾਂ ਵਿੱਚ ਵੱਡੀ ਧਿਰ ਕਾਲੀਆ ਬ੍ਰਾਹਮਣਾਂ ਦੀ ਸੀ। ਦੂਜੇ ਨੰਬਰ ’ਤੇ ਬੰਗਾ ਆਦਿ ਧਰਮੀ ਅਤੇ ਤੀਜੇ ’ਤੇ ਝੂਟੀ ਅਤੇ ਹੁਲੈਤ ਜੱਟ ਸਨ। ਕਾਲੀਆ ਬ੍ਰਾਹਮਣਾਂ ਦਾ ਇਹ ਪੁਰਖ਼ਾ ਦਰਿਆਈ ਪਿੰਡ ਤੱਲਵਣ ਜ਼ਿਲ੍ਹਾ ਜਲੰਧਰ ਤੋਂ ਆਇਆ ਸੀ। ਮਗਰੋਂ ਕਾਮਾ ਜਾਤ ਵਜੋਂ ਉਸ ਬੰਗਾ ਆਦਿਧਰਮੀਆਂ ਨੂੰ ਵੀ ਮੰਗਵਾ ਲਿਆ। ਫਿਰ ਹੁਲੈਤ ਜੱਟ ਬੀਤ-ਬਾਲੀਵਾਲ ਤੋਂ ਅਤੇ ਝੂਟੀ ਬਠੁੱਲਾ-ਮਹਿਨਾ ਤੋਂ ਆਣ ਵਸੇ। ਹੌਲੀ-ਹੌਲੀ ਕਈ ਕਿਰਤੀ ਵਰਗ ਰੋਜ਼ੀ-ਰੋਟੀ ਲਈ ਇੱਥੇ ਆ ਵਸੇ। ਮੁਸਲਮਾਨ ਉਨ੍ਹਾਂ ਵਿੱਚੋਂ ਇੱਕ ਸਨ। ਮੁਸਲਮਾਨਾਂ ਦੀ ਵੱਡੀ ਧਿਰ ਸੱਪਲ ਗੋਤਰੀ ਧੋਬਿਆਂ ਦੀ ਸੀ, ਦੋ ਚਾਰ ਘਰ ਮਿਰਾਸੀਆਂ, ਤੇਲੀਆਂ ਜਾਂ ਲਲਾਰੀਆਂ ਦੇ ਵੀ ਸਨ। ਤੇਲੀਆਂ ਵਿੱਚੋਂ ਸਿਰਕੱਢ ਬਾਬੂ ਖ਼ਾਂ ਤੇ ਗੁਲਾਬ ਸੀ, ਲਲਾਰੀਆਂ ਦਾ ਗੁਲਜਾਰ ਮੁਹੰਮਦ ਅਤੇ ਸਦਨਾ। ਮਰਾਸੀਆਂ ਵਿੱਚੋਂ ਗਾਇਕ ਕਰਮੀ, ਉਸ ਦੀ ਧੀ ਨੈਨਾ ਅਤੇ ਸ਼ਾਜਿੰਦੇ ਪਤੀ ਫ਼ਿਰੋਜ ਦੀ ਗੱਲ ਅੱਜ ਵੀ ਤੁਰਦੀ ਹੈ।
ਧੋਬੇ ਤਾਂ ਸਨ ਹੀ ਖਿੱਤੇ ਦੇ ਕਾਮੇ ਅਤੇ ਸਾਊ ਪੁੱਤ, ਇਕੱਲੇ ਕਾਲੇਵਾਲ ਭਗਤਾਂ ਦੇ ਹੀ ਨਹੀਂ ਸਗੋਂ ਲਾਗਲੇ ਪਿੰਡਾਂ ਦੇ ਵੀ। ਕੱਪੜੇ-ਲੱਤੇ ਧੋਣ ਤੋਂ ਇਲਾਵਾ ਧੋਬਿਆਂ ਦਾ ਮੁੱਖ ਕੰਮ ਸਮਾਗਮਾਂ, ਵਿਆਹ-ਸ਼ਾਦੀਆਂ ਅਤੇ ਦੁੱਖ-ਸੁੱਖ ਸਮੇਂ ਭੋਜਨ ਛਕਾਉਣ, ਵਕਤ ਕੋਰੇ ਵਿਛਾਉਣ ਦਾ ਵੀ ਸੀ। ਮੁਸਲਮਾਨਾਂ ਸਮੇਤ, ਜੋ ਇੱਧਰ ਘੱਟ-ਗਿਣਤੀ ਵਿੱਚ ਸਨ, ਉਨ੍ਹਾਂ ਦਾ ਬਹੁਤਾ ਰਾਬਤਾ ਹਿੰਦੂ-ਸਿੱਖ਼ਾਂ ਨਾਲ ਸੀ। ਦਰ-ਹਕੀਕਤ, ਉਨ੍ਹਾਂ ਦਾ ਕਾਰ-ਵਿਹਾਰ ਅਤੇ ਗੁਜ਼ਰ-ਵਰੇਸ ਚੱਲਦੀ ਹੀ ਹਿੰਦੂ-ਸਿੱਖ਼ਾਂ ਦੇ ਸਿਰ ’ਤੇ ਸੀ।
ਮੁਲਕ ‘ਆਜ਼ਾਦ’ ਹੋਇਆ, ‘ਧਰਮੀ ਵੰਡ’ ਹੋਈ ਪਰ ਧੋਬਿਆਂ ਨੇ ਪਾਕਿਸਤਾਨ ਜਾਣ ਤੋਂ ਇਨਕਾਰ ਕਰ ਦਿੱਤਾ, “ਸਾਡੀਆਂ ਤਾਂ ਬਰਕਤਾਂ ਹੀ ਹਿੰਦੂ-ਸਿੱਖਾਂ ਨਾਲ ਹਨ। ਭਲਾ, ਕੋਈ ਆਪਣੀ ਰੋਜ਼ੀ-ਰੋਟੀ ਅਤੇ ਵਿਰਾਸਤ ਛੱਡਕੇ ਜਾ ਸਕਦਾ?” ਉਹ ਗਿੜ-ਗਿੜਾਉਂਦੇ। ਮਾੜੀਆਂ ਹਵਾਈਆਂ ਉੱਡ ਰਹੀਆਂ ਸਨ ਪਰ ਇੱਕਾ-ਦੁੱਕਾ ਨੂੰ ਛੱਡਕੇ, ਜੋ ਇੱਕ ਸਾਧ ਦੇ ਢਹੇ ਚੜ੍ਹ ਮੁਸਲਮਾਨਾਂ ਵਿਰੁੱਧ ਹਥਿਆਰ ਚੁੱਕੀ ਫ਼ਿਰਦੇ ਸਨ, ਤੋਂ ਬਿਨਾਂ ਪੂਰਾ ਪਿੰਡ ਉਨ੍ਹਾਂ ਨਾਲ ਬਗਲਗੀਰ ਸੀ। “ਕਿਤੇ ਵੀ ਨਹੀਂ ਜਾਣਗੇ ਇਹ” ਲੁਕਵੀਆਂ ਧਮਕੀਆਂ ਅਤੇ ਮੂਕ-ਡਰਾਵਾ ਦੇਣ ਵਾਲਿਆਂ ਨੂੰ ਪਿੰਡ ਨੇ ਲਲਕਾਰਾ ਮਾਰਿਆ। ਕੁਝ ਮਾੜੇ ਕਿਰਦਾਰਾਂ ਦੇ ਡਰੋਂ, ਕੁਝ ਇਲਾਕੇ ਵਿੱਚ ਵਾਪਰਨ ਲੱਗੀਆਂ ਮਾੜੀਆਂ ਘਟਨਾਵਾਂ ਦੇ ਵਹਿਣ ਵਿੱਚ ਮਰਾਸੀਆਂ ਦਾ ਇੱਕ ਘਰ ਛੱਡਕੇ ਧੋਬਿਆਂ ਤੋਂ ਬਿਨਾਂ ਬਾਕੀ ਮੁਸਲਮਾਨ, ਸ਼ਰਨਾਰਥੀ ਕੈਂਪਾਂ ਜਾਂ ਪਾਕਿਸਤਾਨ ਨੂੰ ਤੁਰ ਗਏ। ਦਰਅਸਲ, ਧੋਬਿਆਂ ਨੂੰ ਕਾਲੇਵਾਲ ਸਮੇਤ ਸਮੁੱਚੇ ਇਲਾਕੇ ਉੱਤੇ ਮਾਣ ਸੀ। “ਸਾਡਾ ਇਨ੍ਹਾਂ ਬਿਨਾਂ, ਇਨ੍ਹਾਂ ਦਾ ਸਾਡੇ ਬਿਨਾਂ ਉੱਕਾ ਹੀ ਨਹੀਂ ਸਰਨਾ।” ਉਹ ਮਨ ਨੂੰ ਦਿਲਾਸਾ ਦਿੰਦੇ।
ਇਲਾਕੇ ਵਿੱਚ ਇੱਕ ਸਾਧ-ਲਾਣੇ ਦੀ ਅਗਵਾਈ ਵਿੱਚ ਫਿਰਕੂ ਟੋਲਾ ਸਰਗਰਮ ਸੀ। ਉਨ੍ਹਾਂ ਐਲਾਨ ਕੀਤਾ, “ਸਿੱਖ ਸਜ ਜਾਣ ਵਾਲਿਆਂ ਦਾ ਵਾਲ ਵਿੰਗਾ ਨਹੀਂ ਹੋਵੇਗਾ।” ਇਹੀ ਉਹ ਮੱਕਾਰੀ ਐਲਾਨ ਸੀ ਕਿ ਧੋਬੇ ਮੁਸਲਮਾਨ, ਉਸ ਸਾਧ ਨਾਲ ਹਮ-ਮਸ਼ਵਰਾ ਹੋ ਚੁੱਕੇ ਕੁਝ ਸ਼ੈਤਾਨੀ ਬੰਦਿਆਂ ਦੀ ਚਾਲ ਵਿੱਚ ਆ ਗਏ। ਸਿੱਖ ਸਜ ਜਾਣ ਲਈ ਉਹ ਉਨ੍ਹਾਂ ਨਾਲ ਕਾਲੇਵਾਲ ਭਗਤਾਂ ਤੋਂ ਇੱਕ ਪੈਹਾ ਜਿਹੜਾ ਮੈਲੀ ਚੋਅ ਦੇ ਜ਼ਖੀਰੇ ਵਿੱਚੀਂ-ਵਿੱਚੀਂ ਗੋਹਗੜੋਂ ਪਿੰਡ ਨੂੰ ਸਿੱਧਮ-ਸਿੱਧਾ ਜਾਂਦਾ ਸੀ, ਵਰਾਸਤਾ ਕੈਂਡੋਵਾਲ, ਨੂਰਪੁਰ-ਘੁਮਿਆਲਾ ਦੇ ਗੱਭਿਓ-ਗੱਭੀ ਉਸ ਸਾਧ ਦੇ ਡੇਰੇ ਨੂੰ ਤੁਰ ਪਏ। ਪਰ ਇਹ ਕੀ, ਉਸ ਡੇਰੇਦਾਰ ਦੀ ਸ਼ਹਿ ’ਤੇ ਇਲਾਕੇ ਵਿੱਚ ਸਰਗਰਮ ਕਾਤਲ ਟੋਲੇ ਨੇ ਗੋਹਗੜੋਂ ਪਿੰਡ ਦੀ ਜੂਹ ਵਿੱਚ ਵਿਸ਼ਵਾਸਘਾਤੀ ਹਮਲਾ ਕਰ ਦਿੱਤਾ। ਇਲਾਕੇ ਵਿੱਚ ਕਿਸੇ ਨੂੰ ਭਰੋਸੇ ਵਿੱਚ ਲੈ ਕੇ ਕੀਤੇ ਗਏ ਇਸ ਅਕ੍ਰਿਤਘਣ ਹਮਲੇ ਵਿੱਚ ਦਰਜਨ ਭਰ ਮੁਸਲਮਾਨ ਕਤਲ ਕਰ ਦਿੱਤੇ ਗਏ। ਵੱਡ ਉਮਰੀ ਲੋਕ ਹੌਉਕਾ ਭਰਦੇ ਹਨ, “ਬਾਜ ਅਚਿੰਤੇ ਹੀ ਨਹੀਂ ਪਏ, ਸਗੋਂ ਦੁੱਖ ਇਸ ਗੱਲ ਦਾ ਹੈ ਕਿ ਉਹ ਬਗਲਗੀਰ ਹੋਣ ਉਪਰੰਤ ਪਏ।”
ਧੋਖੇ ਨਾਲ ਮਾਰ ਦਿੱਤੇ ਜਾਣ ਵਾਲਿਆਂ ਵਿੱਚ ਗੁਲਾਮ ਮੁਹੰਮਦ, ਅੱਲਾ ਦਿੱਤਾ, ਉਮਰਦੀਨ, ਜਾਨ ਮੁਹੰਮਦ, ਬੀਰ ਦੀਨ, ਰਹੀਮ ਬਖ਼ਸ਼, ਬਰਕਤ ਅਲੀ ਆਦਿ ਅਤੇ ਪੰਜ ਸਾਲਾ ਰਮਜਾਨ ਮਹਿੰਗਾ ਸ਼ਾਮਿਲ ਸੀ। ਅਚਨਚੇਤੀ ਕਾਤਲੀ ਹਫੜਾ ਦਫੜੀ ਵਿੱਚ ਚੂਹੜ ਖ਼ਾਂ, ਮੇਹਰ ਅਲੀ, ਮਹਿਤਾਬ ਅਲੀ, ਸੈਨ ਮੁਹੰਮਦ ਆਦਿ ਜ਼ਖ਼ਮੀ ਹਾਲਤ ਵਿੱਚ ਬਚ ਨਿੱਕਲੇ। ਨਿਰਦੋਸ਼ ਕਤਲ ਕਰ ਦਿੱਤੇ ਗਏ। ਪਹਿਲੇ ਛੇ ਤਾਂ ਸਕੇ ਭਰਾ ਸਨ ਜਿਹਨਾਂ ਵਿੱਚੋਂ ਚਾਰ ਵਿਆਹੇ-ਵਰ੍ਹੇ ਮਸ਼ੋਹਰ ਬਾਲ-ਬਾਲੜੀਆਂ ਦੇ ਬਾਪ ਸਨ। ਉਨ੍ਹਾਂ ਦੀਆਂ ਭੈਣਾਂ, ਨੌਜਵਾਨ ਤੀਵੀਆਂ ਅਤੇ ਪਿੰਡ ਦੇ ਦਰਦ ਨੂੰ ਸ਼ਬਦਾਂ ਵਿੱਚ ਬਿਆਨਿਆ ਨਹੀਂ ਜਾ ਸਕਦਾ। ਭਾਵੇਂ ਕਾਲੇਵਾਲ ਪਿੰਡ ਨੇ ਉਨ੍ਹਾਂ ਨੂੰ ਕਲਾਵੇ ਵਿੱਚ ਲੈ ਲਿਆ ਫਿਰ ਵੀ ਗੁੱਝੀਆਂ ਧਮਕੀਆਂ ਦੇ ਅਸਰ ਹੇਠ ਕੁਝ ਧੋਬੇ ਪਰਿਵਾਰ ਮਾਹਿਲਪੁਰ, ਹੁਸ਼ਿਆਰਪੁਰ ਆਦਿ ਅਤੇ ਦੋ ਕੁ ਪਰਿਵਾਰ ਪਾਕਿਸਤਾਨ ਨੂੰ ਤੁਰ ਗਏ। ਪਰ ਸਿਰ ਦੇ ਸਾਈਂ ਵਿਹੂਣੀ ਰਹਿਮਤਾ ਕਿੱਥੇ ਜਾਵੇ, ਜਿਸਦੇ ਛੇ ਨੌਜਵਾਨ ਪੁੱਤਰਾਂ ਦੀ ਅਹੂਤੀ “ਆਜ਼ਾਦੀ” ਨੇ ਲੈ ਲਈ ਹੋਵੇ, ਉਹ ਵੀ ਧੋਖ਼ੇ ਨਾਲ। ਨੌਜਵਾਨ ਵਿਧਵਾਵਾਂ ਅਤੇ ਬਾਲ ਇੰਵਾਣੇ, ਕਿੱਥੇ ਜਾਣ? ਪਿੰਡ ਭਾਵੇਂ ਉਸ ਦੇ ਸਿਰ ’ਤੇ ਸੀ ਪਰ ਜਿਵੇਂ ਬੁੱਢ-ਉਮਰੇ, ਉਸ ਆਪਣੇ ਬਚੇ-ਖੁਚੇ ਟੱਬਰ-ਟੀਹਰ ਨੂੰ ਪਾਲਿਆ, ਉਸ ਮੁਸ਼ੱਕਤ ਦੀ ਇੱਕ ਲੰਬੀ ਦਰਦ ਕਹਾਣੀ ਹੈ। ਇਸ ਨਾਲ ਹੀ ਤੁਰਦੀ ਹੈ, ਉਨ੍ਹਾਂ ਕਾਤਲੀ ਸ਼ੋਹਦਿਆਂ ਦੀ ਲਾਹਣਤੀ ਕਥਾ, ਜੋ ਪਿਛਲ-ਉਮਰੇ ਪਛਤਾਵੇ ਦੀ ਅੱਗ ਵਿੱਚ ਰੀਂਘ-ਰੀਂਘ ਕੇ ਮਰੇ। ਬੁੱਢੀ ਰਹਿਮਤਾਂ, ਉਸ ਦੀਆਂ ਨੂੰਹਾਂ ਬਾਲਾ, ਸ਼ਰੀਫ਼ਾ ਤੇ ਕਰਮੀ ਆਦਿ ਨੂੰ ਲੋਕ ਅੱਜ ਵੀ ਯਾਦ ਕਰਦੇ ਹਨ, ਜਿਹੜੀਆਂ ਆਪਣਾ ਦਰਦ ਭੁੱਲ-ਭੁਲਾ ਕੇ ਸਮੁੱਚੇ ਪਿੰਡ ਦੀ ਸੁੱਖ ਲੋੜਦੀਆਂ ਰਹੀਆਂ। ਸਬਕ ਹੈ ਇਹ ਸਾਡੇ ਸਾਰਿਆਂ ਲਈ।
ਕਹਿੰਦੇ, ਟਿਕ-ਟਿਕਾਅ ਹੋ ਜਾਣ ਉਪਰੰਤ ਜਦੋਂ ਦੋ-ਚਾਰ ਸਾਲੀਂ, ਮਿਲਟਰੀ ਅਤੇ ਪਾਕਿਸਤਾਨੀ ਅਧਿਕਾਰੀ ਦੋਵੇਂ ਪਾਸੇ ਪਿੱਛੇ ਰਹਿ ਗਿਆਂ ਦੀ ਤਬਾਦਲਾ ਨੀਤੀ ਤਹਿਤ ਉਨ੍ਹਾਂ ਨੂੰ ਲੈਣ ਆਏ ਤਾਂ ਰਹਿਮਤਾ ਅੜ ਬੈਠੀ। ਉਸ ਮਾਣ ਨਾਲ ਹਿੱਕ ਤਾਣ ਕੇ ਕਿਹਾ, “ਇਸ ਜੰਮਣ ਭੋਇੰ ’ਤੇ ਟਿਕੇ ਰਹਿਣ ਖਾਤਰ ਜਿਸ ਮਾਂ ਦੇ ਪੁੱਤ ਧਰਮ ਬਦਲੀ ਲਈ ਵੀ ਤਿਆਰ ਹੋ ਗਏ ਹੋਣ, ਜਿਸ ਮਿੱਟੀ ਵਿੱਚ ਉਸ ਦੇ ਜਾਏ ਮੂਕ ਕੁਰਬਾਨ ਹੋ ਗਏ, ਭਲਾ! ਉਸ ਧਰਤੀ ਨੂੰ ਕੋਈ ਮਾਂ ਛੱਡ ਕੇ ਜਾ ਸਕਦੀ ਐ? ... ਦੱਸੋ, ਪਰਾਈ ਧਰਤੀ ਨੂੰ ਕਿਵੇਂ ਜਾਈਏ, ਇਹ ਮਿੱਟੀ ਤਾਂ ਮੇਰੇ ਪੁੱਤਾਂ ਦੀ ਰੱਤ ਨਾਲ ਸਿੰਜੀ ਹੋਈ ਐ ...”
**
ਪਿੰਡ ਕਾਲੇਵਾਲ ਭਗਤਾਂ ਵਿਖੇ ਕਤਲ ਹੋਏ ਛੇ ਭਾਈਆਂ ਦੀ ਸਮੂਹਿਕ ਕਬਰ:
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1651)
(ਸਰੋਕਾਰ ਨਾਲ ਸੰਪਰਕ ਲਈ: