“ਕਰਜ਼ਾ ਚੁੱਕ ਕੇ ਅਤੇ ਲੋਕ-ਟੈਕਸਾਂ ਸਿਰ ਮੁਫ਼ਤ ਸਹੂਲਤਾਂ ਦੇਣਾ ਕਿੱਥੋਂ ਦੀ ਅਕਲਮੰਦੀ ਹੈ ...”
(5 ਫਰਵਰੀ 2025)
ਬੀਤੇ ਸਾਲਾਂ ਤੋਂ ਉਂਜ ਤਾਂ ਹਰ ਚੋਣ ਵਿੱਚ ਇਵੇਂ ਹੀ ਹੋ ਰਿਹਾ ਹੈ ਪਰ ਐਤਕੀਂ ਦਿੱਲੀ ਦੀਆਂ ਚੋਣਾਂ ਵਿੱਚ ਮੁੱਖ ਸਰਗਰਮ ਪਾਰਟੀਆਂ ‘ਮੁਫ਼ਤ ਦੀਆਂ ਰਿਓੜੀਆਂ’ ਦਾ ਜਿਵੇਂ ਝੂਠਾ ਤੇ ਮੁਲਕ ਦੀ ਜੜ੍ਹੀਂ ਅੱਕ ਦੇਣ ਵਾਲਾ ਬਿਰਤਾਂਤ ਸਿਰਜ ਰਹੀਆਂ ਹਨ, ਉਸਨੇ ਮੈਨੂੰ ਇਹ ਸ਼ਬਦ ਲਿਖਣ ਲਈ ਉਕਸਾਇਆ ਹੈ। ਅਫਸੋਸ ਇਸ ਗੱਲ ਦਾ ਹੈ ਦਾ ਇਹ ਸਾਰਾ ਕੁਝ, ਪਰਤਾਇਆ ਹੋਇਆ, ਝੂਠ ਹੈ ਅਤੇ ਇਸਨੇ ਸਾਨੂੰ-ਤੁਹਾਨੂੰ, ਸੂਬੇ ਨੂੰ, ਮੁਲਕ ਨੂੰ ਤਬਾਹੀ ਦੇ ਰਸਤੇ ’ਤੇ ਤੋਰ ਦਿੱਤਾ ਹੈ। ਪਰ ਫਿਰ ਵੀ ਹਰ ਵਾਰ ਲੋਕਾਂ ਦਾ ਭਾਰੀ ਹਜ਼ੂਮ ਗੁਮਰਾਹ ਹੋ ਜਾਂਦਾ ਹੈ।
* ਮੁੱਠ-ਮੁੱਠ ਦਾਲ ਅਤੇ ਦੋ-ਦੋ ਸੇਰ ਕਣਕ ਨੇ ਸਾਨੂੰ ਲੈ ਬੈਠਣਾ ਹੈ। ਇਹ ਇੱਲਤ (ਨੋਟ: ਇੱਲਤ = ਭੈੜੀ ਆਦਤ, ਇਲਤ = ਸ਼ਰਾਰਤ --- ਸੰਪਾਦਕ) ਪੰਜਾਬ ਵਿੱਚ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਦੌਰ ਵਿੱਚ ਸ਼ੁਰੂ ਹੋਈ। ਕੈਪ. ਅਮਰਿੰਦਰ ਸਿੰਘ ਵੀ ਥੋੜ੍ਹੇ-ਬਹੁਤੇ ਫ਼ਰਕ ਨਾਲ ਉਸੇ ਨੀਤੀ ’ਤੇ ਚੱਲੇ ਅਤੇ ਹੁਣ ਵਾਲਿਆਂ ਨੇ ਤਾਂ ਸਿਰਾ ਹੀ ਲਾ ਦਿੱਤਾ ਹੈ। ਇਸਦਾ ਕਾਰਨ ਸਿਰਫ ਵੋਟਾਂ ਬਟੋਰਨਾ ਸੀ, ਹੈ। ਬਿਨਾਂ ਇਹ ਸੋਚਿਆਂ ਕਿ ਇਸਨੇ ਪੰਜਾਬ ਦਾ ਬੇੜਾ ਗਰਕ ਕਰ ਦੇਣਾ ਹੈ।
ਹੁਣ ਤਾਂ ਭਾਰਤ ਵਿੱਚ ਸਾਰੀਆਂ ਪਾਰਟੀਆਂ ਇਸੇ ਡਗਰ ’ਤੇ ਤੁਰ ਪਈਆਂ ਹਨ। ਖੱਬੇਪੱਖੀ ਅਤੇ ਇਨਕਲਾਬੀ ਵੀ ਇਸ ਵਿੱਚ ਸ਼ਾਮਲ ਹਨ। ਇਸ ਵਰਤਾਰੇ ਨੇ ਮੁਲਕ ਦੀ ਸਥਿਤੀ ਬਦ ਤੋਂ ਬਦਤਰ ਕਰ ਦੇਣੀ ਹੈ।
ਕਰਜ਼ਾ ਚੁੱਕ ਕੇ ਅਤੇ ਲੋਕ-ਟੈਕਸਾਂ ਸਿਰ ਮੁਫ਼ਤ ਸਹੂਲਤਾਂ ਦੇਣਾ ਕਿੱਥੋਂ ਦੀ ਅਕਲਮੰਦੀ ਹੈ? ਸੰਨ 2006-07 ਵਿੱਚ ਪੰਜਾਬ ਸਿਰ ਕਰਜ਼ਾ 40 ਹਜ਼ਾਰ ਕਰੋੜ ਰੁਪਏ ਸੀ, ਜਿਹੜਾ 2009-10 ਵਿੱਚ ਇਹ 53,282 ਕਰੋੜ ਰੁਪਏ ਅਤੇ 2014-15 ਵਿੱਚ 88,818 ਕਰੋੜ ਰੁਪਏ ’ਤੇ ਪੁੱਜ ਗਿਆ। 2019-20 ਵਿੱਚ ਤਾਂ ਇਹ ਕਰਜ਼ਾ ਦੁੱਗਣੇ ਤੋਂ ਵੀ ਵਧ ਕੇ 1 ਲੱਖ,93 ਹਜ਼ਾਰ ਕਰੋੜ ਹੋ ਗਿਆ ਸੀ। ਉਸ ਵੇਲੇ ਕਿਹਾ ਗਿਆ ਕਿ 31 ਮਾਰਚ, 2020 ਤਕ ਪੰਜਾਬ ਸਿਰ 2.48 ਲੱਖ ਕਰੋੜ ਦਾ ਕਰਜ਼ਾ ਹੋਵੇਗਾ। ਪਿਛਲੇ ਵਿੱਤੀ ਸਾਲ ਵੇਲੇ ਇਹ ਕਰਜ਼ਾ 3 ਲੱਖ, 12 ਹਜ਼ਾਰ ਕਰੋੜ ਰੁਪਏ ਸੀ। ਜੇਕਰ ਕਰਜ਼ਾ ਲੈਣ ਦੀ ਇਹੀ ਰਫ਼ਤਾਰ ਜਾਰੀ ਰਹੀ ਤਾਂ 2 ਸਾਲਾਂ ਵਿੱਚ ਪੰਜਾਬ ਸਿਰ ਕਰਜ਼ਾ 4 ਲੱਖ ਕਰੋੜ ਤੋਂ ਵੀ ਵਧ ਜਾਵੇਗਾ। ਜਾਣੀ, ਹਰ ਪੰਜਾਬੀ ਸਿਰ ਸਵਾ-ਲੱਖ ਕਰਜ਼ਾ।
ਪੰਜਾਬ ਦਾ ਸਾਲ 1997-98 ਵਿੱਚ ਬਿਜਲੀ ਸਬਸਿਡੀ ਦਾ ਬਿੱਲ 604.57 ਕਰੋੜ ਰੁਪਏ ਸਾਲਾਨਾ ਸੀ ਜੋ ਹੁਣ 20,000 ਕਰੋੜ ਰੁਪਏ ਦੇ ਨੇੜੇ ਹੋ ਜਾਵੇਗਾ।
ਔਰਤਾਂ ਲਈ ਮੁਫ਼ਤ ਟਰਾਂਸਪੋਰਟ ਦੀ ਸਬਸਿਡੀ ਦਾ ਬਿੱਲ ਹੀ 547 ਕਰੋੜ ਦੱਸਿਆ ਜਾ ਰਿਹਾ ਹੈ। ਹੁਣ ‘ਤੀਰਥ ਯਾਤਰਾ’ ਕਿੰਨੇ ਨਿਗਲੇਗੀ, ਅੰਦਾਜ਼ਾ, ਤੁਸੀਂ ਲਾਓ।
ਹਾਲਤ ਸਮੁੱਚੇ ਭਾਰਤ ਦੀ ਵੀ ਸੁਖਾਵੀਂ ਨਹੀਂ। ਮੋਦੀ ਪੰਜਵੀਂ ‘ਆਰਥਿਕ ਤਾਕਤ’ ਦੇ ਪੜੁੱਲ ਜਿੰਨੇ ਮਰਜ਼ੀ ਬੰਨ੍ਹੀ ਜਾਵੇ। ਕੇਂਦਰ, ਇੱਕ ਰਿਓੜੀ ਦੇਣ ਲਈ ਦਸ ਜ਼ਰੂਰੀ ਬੁਰਕੀਆਂ ਮਹਿੰਗੀਆਂ ਕਰ ਦਿੰਦਾ ਹੈ। ਹੁਣ ਉਸਨੇ ‘15-15 ਲੱਖ’ ਵਾਂਗ ਹੋਰ ‘ਗਰੰਟੀਆਂ’ ਦਾ ਛੱਟਾ ਦੇਣਾ ਸ਼ੁਰੂ ਕਰ ਦਿੱਤਾ ਹੈ।
ਕੋਈ ਪੱਲਿਓ ਨਹੀਂ ਦਿੰਦਾ। ਇਹ ਤੁਹਾਡੇ ’ਤੇ ਥੋਪੇ ਜਾ ਰਹੇ ਟੈਕਸਾਂ ਅਤੇ ਮਹਿੰਗਈ ਦਾ ਹੀ ਪੈਸਾ ਹੈ। ਅਫਸੋਸ! ਇਹ ਗੱਲ ਸਮਝਣ ਦੀ ਬਜਾਏ ਮਾੜਾ-ਧੀੜੇ ਤਾਂ ਕੀ, ਸਰਦੇ-ਪੁੱਜਦੇ ਵੀ ਮੁਫ਼ਤਖੋਰੀ ਲਈ ਤੀਂਘੜਦੇ ਫਿਰਦੇ ਹਨ। ਅਜਿਹੇ ‘ਅਣਖੀ ਅਤੇ ਦਾਨੀ’ ਲੋਕ ਹੀ ਦੇਰ-ਸਵੇਰ ਪੰਜਾਬੀ ਕੌਮ ਦੀ ਬਦਨਾਮੀ ਦਾ ਕਾਰਨ ਬਣਨਗੇ।
ਮੁਫ਼ਤਖੋਰੀ ਕੰਮਚੋਰ ਪੈਦਾ ਕਰਦੀ ਹੈ। ਪੰਜਾਬ ਵਿੱਚ ਕਿਤੇ ਵੀ ਝਾਤੀ ਮਾਰ ਲਵੋ, ਹਰ ਜਗ੍ਹਾ ਪੰਜਾਬੋਂ ਬਾਹਰਲੇ ਕਿਰਤੀਆਂ, ਹਿੰਮਤੀਆਂ ਦੀ ਬਹੁਤਾਤ ਹੈ। ਮੁਫ਼ਤਖੋਰੀ ਦਾ ਵੀ ਸਿੱਟਾ ਹੈ ਇਹ।
ਕੀ ਸਾਡਾ ਮਸਲਾ ਸਿਰਫ ਦੋ ਡੰਗ ਦੀ ਰੋਟੀ ਹੀ ਹੈ? ਬਾਕੀ ਲੋੜਾਂ ਕਿਵੇਂ ਪੂਰੀਆਂ ਹੋਣਗੀਆਂ? ਸਾਡੀਆਂ ਸਮੁੱਚੀਆਂ ਲੋੜਾਂ ਸਿਰਫ ਰੁਜ਼ਗਾਰ ਹੀ ਪੂਰੀਆਂ ਕਰ ਸਕਦਾ ਹੈ।
ਪੰਜਾਬ ਨੂੰ ਜਿੱਲ੍ਹਣ ਵਿੱਚ ਧੱਕਣ ਲਈ ਸਭ ਜ਼ਿੰਮੇਵਾਰ ਹਨ। ਸਿੱਟਾ, ਸਾਡੀ ਜਵਾਨੀ, ਸਾਡੀ ਲਿਆਕਤ, ਸਾਡਾ ਧੰਨ ਵਿਦੇਸ਼ਾਂ ਨੂੰ ਉਡ-ਪੁਡ ਰਿਹਾ ਹੈ। ਮਜਬੂਰੀ ਵੱਸ, ਪਰਾਈਆਂ ਧਰਤੀਆਂ ਨੂੰ ਗਏ ਇਨ੍ਹਾਂ ਮੁੰਡਿਆਂ ਨੇ ਮੁੜ ਵਤਨੀ ਨਹੀਂ ਆਉਣਾ। ਪਛਤਾਓਂਗੇ।
ਮੁੱਕਦੀ ਗੱਲ, ਸਰਕਾਰ ਤੋਂ ਯੋਗਤਾ ਅਨੁਸਾਰ ਰੁਜ਼ਗਾਰ ਮੰਗੋ ਅਤੇ ਮਿਆਰੀ ਪੜ੍ਹਾਈ ਅਤੇ ਸਿਹਤ ਸਹੂਲਤਾਂ ਵੀ, ਉਹ ਵੀ ਬਿਲਕੁਲ ਮੁਫ਼ਤ। ਤੰਦਰੁਸਤ ਅਤੇ ਬਾ-ਰੁਜ਼ਗਾਰ ਬੰਦਾ ਖੁਦ ਹੀ ਕਮਾ ਕੇ ਖਾ ਲਵੇਗਾ। ਚੇਤੇ ਰੱਖੋ, ਤੜਕਸਾਰ ਨੂੰ ਬਾਲੀ ਪਹਿਲੀ ਤੀਲੀ ਤੋਂ ਲੈ ਕੇ, ਡੂੰਘੀ ਸ਼ਾਮ ਬੱਤੀ ਬੰਦ ਕਰਨ ਤਕ, ਤੁਸੀਂ ਹਰ ਗਤੀਵਿਧੀ, ਹਰ ਵਸਤ ’ਤੇ ਟੈਕਸ ਭਰ ਰਹੇ ਹੋ। ਉਹ ਤੁਹਾਡੀ ਪੜ੍ਹਾਈ, ਸਿਹਤ, ਰੁਜ਼ਗਾਰ ਅਤੇ ਮਿਆਰੀ ਸਹੂਲਤਾਂ ਲਈ ਵਰਤਿਆ ਜਾਣਾ ਚਾਹੀਦਾ ਹੈ। ਉਸ ਧੰਨ ਨੂੰ ਵਾਰੋ-ਵਾਰੀ ਹੜੱਪਣ ਲਈ ਤੁਹਾਨੂੰ ਮਹਿਜ਼ ‘ਮੁੱਠ-ਮੁੱਠ ਦਾਲ਼ ਅਤੇ ਦੋ-ਦੋ ਸੇਰ ਕਣਕ’ ਅਤੇ ਚੋਣਾਂ ਵੇਲੇ ਚਾਰ-ਛਿੱਲੜਾਂ ਤੇ ਚੂਲ਼ੀ-ਚੂਲ਼ੀ ਸ਼ਰਾਬ ਨਾਲ ਹੀ ਪਤਿਆ ਲੈਣ ਦੀ ਹਿਕਾਮਤ ਕੀਤੀ ਜਾਂਦੀ ਹੈ। ਮਗਰੋਂ, ਤੂੰ ਕੌਣ ਤੇ ਮੈਂ ਕੌਣ? ਉਹਨਾਂ ਨੂੰ ਆਪਣੇ ਤੇ ਆਪਣੇ ਕੁਨਬੇ ਤੋਂ ਬਗੈਰ ਫਿਰ ਕੋਈ ਨਹੀਂ ਦਿਸਦਾ।
ਸੰਭਲ਼ੋ! ਇਸ ਮੁਫਤਖੋਰੀ ਦੀ ਵਬਾ (ਵਬਾ = ਮਹਾਂਮਾਰੀ) ਨੇ ਸਾਡੇ ਵਾਰਸਾਂ, ਸੂਬੇ ਅਤੇ ਮੁਲਕ ਨੂੰ ਲੈ ਬੈਠਣਾ ਹੈ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)