“ਮੁੱਕਦੀ ਗੱਲ; ਜਲ ਸੰਕਟ ਦੇ ਬਹੁ-ਪਰਤੀ ਕਾਰਨ ਹਨ। ਇੱਕ ਕਾਰਨ ਧਰਤੀ ਹੇਠਲੇ ਸਿੰਚਾਈ ਪਾਣੀ ...”
(27 ਮਈ 2022)
ਮਹਿਮਾਨ: 235.
ਕਿਤੇ ਝੋਨਾ ਪੰਜਾਬ ਦਾ ਇੱਕ ਹੋਰ ਸੰਤਾਪ ਨਾ ਬਣ ਜਾਵੇ
ਝੋਨਾ ਵਰਖ਼ੇਈ ਅਤੇ ਸਿੱਲ੍ਹੇ ਇਲਾਕਿਆਂ ਦੀ ਫ਼ਸਲ ਹੈ, ਧਰਤੀ ਹੇਠਲੇ ਪਾਣੀ ’ਤੇ ਨਿਰਭਰ ਖ਼ੇਤਰਾਂ ਦੀ ਨਹੀਂ। ਪੰਜਾਬ ਵਰਗੇ ਖ਼ੇਤਰਾਂ ਦੀ ਇਹ ਰਿਵਾਇਤੀ ਫ਼ਸਲ ਨਹੀਂ। ਝੋਨਾ ਪੰਜਾਬ ਵਿੱਚ 1960 ਤੋਂ ਬਾਅਦ ਹੀ ਵੱਡੇ ਪੱਧਰ ’ਤੇ ਖ਼ੇਤਾਂ ਵਿੱਚ ਆਇਆ। ਦਰ-ਹਕੀਕਤ ਆਜ਼ਾਦੀ ਉਪਰੰਤ ਤਿੱਖ਼ੇ ਅੰਨ ਸੰਕਟ ਕਾਰਨ, ਜਿੱਥੇ ਖ਼ਾਸ ਇਲਾਕਿਆਂ ਵਿੱਚ ਹਰੇ ਖ਼ਿੱਤੇ ਸਥਾਪਿਤ ਕਰਨਾ ਇੱਕ ਫ਼ੌਰੀ ਲੋੜ ਸੀ, ਉੱਥੇ ਆਪਣੀਆਂ ਲੋੜਾਂ-ਥੋੜਾਂ ਹਿਤ ਝੋਨਾ ਬਿਜਾਉਣਾ ਉਦੋਂ ਇੱਕ ਮਜਬੂਰੀ ਸੀ। ਖੇਤੀਬਾੜੀ ਦਾ ਅਸਲ ਅਰਥ ਬਹੁਮੰਤਵੀ ਫ਼ਸਲਾਂ ਹੈ। ਇੱਕੋ ਤਰ੍ਹਾਂ ਦੀ ਫ਼ਸਲ ਮਿੱਟੀ, ਪਾਣੀ ਅਤੇ ਵਾਤਾਵਾਰਣ ਲਈ ਨਾਂਹ ਪੱਖ਼ੀ ਹੁੰਦੀ ਹੈ।
ਇਹ ਇੱਕੋ ਕਿਸਮ ਦੀ ਖੇਤੀ ਦਾ ਸਿੱਟਾ ਹੈ ਕਿ ਅਸੀਂ ਕੁਦਰਤ ਦਾ ਸਾਵਾਂਪਨ ਬਰਕਰਾਰ ਰੱਖਣ ਵਿੱਚ ਅਚੇਤ-ਸੁਚੇਤ ਅਸਫ਼ਲ ਰਹੇ। ਕੁਦਰਤੀ ਸੋਮਿਆਂ ਦੀ ਰਵਾਇਤੀ ਢੰਗਾਂ ਨਾਲ ਮੁੜ ਭਰਪਾਈ ਨਾ ਕੀਤੀ, ਫ਼ਲਸਰੂਪ ਮਿੱਟੀ ਵਿਚਲੇ ਇਹ ਕੁਦਰਤੀ ਤੱਤ ਤੇਜ਼ੀ ਨਾਲ ਘਟਣ ਲੱਗ ਪਏ। 1980 ਤੋਂ ਲੈ ਕੇ ਹੁਣ ਤਕ ਪੰਜਾਬ ਦੀ ਧਰਤੀ ਵਿੱਚ ਕਰੀਬ 51 ਲੱਖ ਟਨ ਨਾਈਟਰੋਜ਼ਨ, 47 ਲੱਖ ਟਨ ਪੋਟਾਸ਼ੀਅਮ ਅਤੇ 65 ਹਜ਼ਾਰ ਟਨ ਫ਼ਾਰਫ਼ੋਰਸ ਖ਼ਤਮ ਹੋ ਗਈ। ਕੁਦਰਤੀ ਤੱਤਾਂ ਦੀ ਘਾਟ ਪੂਰਤੀ, ਸਿਰਫ਼ ਬਨਾਵਟੀ ਤਰੀਕਿਆਂ ਨਾਲ ਹੀ ਕਰਨ ਲਈ ਸਾਨੂੰ ਵਰਗਲਾ ਲਿਆ ਗਿਆ। ਪੰਜਾਬ, ਕੁੱਲ ਖ਼ੇਤਰਫ਼ਲ ਦਾ ਮਸਾਂ ਡੇਢ ਫ਼ੀਸਦੀ ਰਕਬੇ ਦਾ ਮਾਲਕ, ਦੇਸ਼ ਦੀ ਕੁੱਲ ਖਾਦ ਖਪਤ ਦਾ ਤੀਜਾ ਹਿੱਸਾ ਅਤੇ ਜ਼ਹਿਰਾਂ ਦਾ 19 ਫ਼ੀਸਦੀ ਵਰਤਣ ਲੱਗਾ। ਇਹ ਵਰਤੋਂ ਘਟਣ ਦੀ ਬਜਾਏ ਵਧ ਰਹੀ ਹੈ। ਵੱਧ ਉਪਜ ਦੀ ਮ੍ਰਿਗ ਤ੍ਰਿਸ਼ਨਾ ਰਸਾਇਣਕ ਖੇਤੀ ਦੀ ਦੌੜਕੀ ਲੁਆਉਂਦੀ ਹੈ। ਰਸਇਣਾਂ ਦੀ ਵਰਤੋਂ ਨਾਲ ਜ਼ਮੀਨ ਦੀ ਭੌਤਿਕ ਸੰਚਰਨਾ ਉੱਤੇ ਮਾੜਾ ਅਸਰ ਪੈਂਦਾ ਹੈ। ਖ਼ਾਦਾਂ-ਜ਼ਹਿਰਾਂ ਦੀ ਜ਼ਿਆਦਾ ਵਰਤੋਂ ਗੈਰ-ਰੁੱਤੀ ਫ਼ਸਲਾਂ ਜਾਂ ਸਬਜ਼ੀ, ਕਪਾਹ ਅਤੇ ਝੋਨਾ ਖਿੱਤਿਆਂ ਵਿੱਚ ਹੋਈ।
ਮਾਹਿਰਾਂ ਅਨੁਸਾਰ ਜੇ ਝੋਨੇ ਦੇ ਖੇਤ ਵਿੱਚ 174 ਕਿਲੋ ਨਾਈਟਰੋਜਨ ਪ੍ਰਤੀ ਹੈਕਟੇਅਰ ਦੇ ਹਿਸਾਬ ਪਾਈ ਜਾਵੇ ਤਾਂ ਝਾੜ ਵਿੱਚ ਵਾਧਾ ਤਾਂ ਦੋ-ਢਾਈ ਗੁਣਾ ਹੋ ਜਾਂਦਾ ਹੈ ਪਰ ਇਸ ਨਾਲ ਜ਼ਮੀਨ ਵਿਚਲੀ ਫ਼ਾਸਫ਼ੋਰਸ, ਪੋਟਾਸ਼ ਅਤੇ ਸਲਫ਼ਰ ਦੀ ਕ੍ਰਮਵਾਰ 2.6, 3.7 ਅਤੇ 4.5 ਗੁਣਾ ਘਾਟ ਹੋ ਜਾਂਦੀ ਹੈ। ਜ਼ਮੀਨ ਦੀ ਨਮੀ ਅਤੇ ਕੁਦਰਤੀ ਰੂਪ ਵਿੱਚ ਇਨ੍ਹਾਂ ਤੱਤਾਂ ਦੀ ਬਹਾਲੀ ਲਈ ਲੋੜੀਂਦੇ ਸੂਖਮ ਜੀਵ ਵੀ ਘਟ ਜਾਂਦੇ ਹਨ। ਹੌਲੀ ਹੌਲੀ ਜ਼ਮੀਨ ਦੀ ਉਪਜਾਊ ਸ਼ਕਤੀ ਘਟ ਜਾਂਦੀ ਹੈ, ਫਿਰ ਹੋਰ-ਦਰ-ਹੋਰ ਰਸਾਇਣ ਪਾਉਣੇ ਪੈਂਦੇ ਹਨ ਜਿਹੜੇ ਬੰਦੇ ਦੀ ਸਿਹਤ ਅਤੇ ਜੇਬ ਨਿਚੋੜਦੇ ਹਨ। ਇਨ੍ਹਾਂ ਤੱਤਾਂ ਦੀ ਪੂਰਤੀ ਲਈ ਖ਼ਾਦ, ਧਾਤਾਂ ਅਤੇ ਰਸਾਇਣਾਂ ਉੱਤੇ ਕਰੋੜਾਂ ਰੁਪਏ ਕਿਸਾਨਾਂ ਦੀ ਜੇਬ ਵਿੱਚੋਂ ਜਾਣ ਲੱਗੇ। ਫ਼ਲਸਰੂਪ ਪੰਜਾਬ ਦਾ ਪੈਸਾ ਹੀ ਮਾਈਗਰੇਟ ਨਹੀਂ ਹੋਣ ਲੱਗਾ ਸਗੋਂ ਕੈਂਸਰ ਪੱਟੀਆਂ ਵੀ ਵਿਕਸਤ ਹੋ ਗਈਆਂ।
ਪੰਜਾਬ ਦਾ ਖੇਤੀ ਰਕਬਾ 35 ਲੱਖ ਹੈਕਟੇਅਰ ਹੈ। 27 ਲੱਖ ਹੈਕਟੇਅਰ ਝੋਨਾ ਲਾਇਆ ਜਾਂਦਾ ਹੈ। ਅੰਦਾਜ਼ਨ 18 ਲੱਖ ਟਨ ਪਰਾਲੀ ਦਾ 85 ਫ਼ੀਸਦੀ ਹਿੱਸਾ ਸਾੜਿਆ ਜਾਂਦਾ ਹੈ। ਪਰਾਲੀ ਜਲਾਉਣ ਨਾਲ ਪੈਦਾ ਹੋਈ ਤਪਸ਼ ਨਮੀ, ਮਿੱਤਰ ਜੀਵਾਂ ਅਤੇ ਮਿੱਟੀ ਗੁਣਵੱਤਾ ਨੂੰ ਨੁਕਸਾਨ ਪਹੁੰਚਾਉਂਦੀ ਹੈ। ਲੋੜੀਂਦੇ ਤੱਤਾਂ ਨੂੰ ਫ਼ਸਲ ਨੇ ਧਰਤੀ, ਹਵਾ ਜਾਂ ਧੁੱਪ ਵਿੱਚੋਂ ਲੈਣਾ ਹੁੰਦਾ ਹੈ। ਧਰਤੀ ਵਿੱਚ ਹੁਣ ਬਹੁਤਾ ਕੁਝ ਨਹੀਂ ਬਚਿਆ, ਹਵਾ ਵੀ ਦੂਸ਼ਿਤ ਹੈ। ਕਿਸੇ ਵੀ ਵਸਤੂ ਦੇ ਸੜਨ ਵੇਲੇ ਆਕਸੀਜਨ ਦੀ ਵਰਤੋਂ ਹੁੰਦੀ ਹੈ। ਲਾਂਬੂਆਂ ਨਾਲ ਹਵਾ ਵਿੱਚ ਆਕਸੀਜਨ ਘਟਦੀ ਹੈ। ਸਜੀਵ ਸ਼੍ਰੇਣੀਆਂ ’ਤੇ ਬੜਾ ਮਾਰੂ ਅਸਰ ਪੈਂਦਾ ਹੈ। ਸਾਹ ਲੈਣਾ ਔਖਾ, ਕੰਮਕਾਜੀ ਸਮੱਰਥਾ ’ਤੇ ਭੈੜਾ ਅਸਰ ਪੈਂਦਾ ਹੈ। ਸੜੀ ਹੋਈ ਧਰਤੀ ਵੱਧ ਪਾਣੀ ਮੰਗਦੀ ਹੈ ਜਿਹੜਾ ਪਹਿਲਾਂ ਹੀ ਥੋੜ੍ਹਾ ਹੈ।
ਵੱਖ ਵੱਖ ਫ਼ਸਲਾਂ ਦੀ ਪਾਣੀ ਖਪਤ ਨੂੰ ਵੇਖ਼ੀਏ ਤਾਂ ਇੱਕ ਏਕੜ ਝੋਨੇ ਦੀ ਕਾਸ਼ਤ ਲਈ 750 ਤੋਂ 2500 ਮਿ.ਲੀ ਉਚਾਈ ਤਕ ਪਾਣੀ ਦੀ ਲੋੜ ਪੈਂਦੀ ਹੈ। ਇੱਕ ਕਿਲੋ ਅਗੇਤਾ ਝੋਨਾ ਪੈਦਾ ਕਰਨ ਲਈ 4500 ਲੀਟਰ ਪਾਣੀ, ਔਸਤਨ 25 ਕੁਇੰਟਲ ਝੋਨੇ ਲਈ 1, 12, 50, 000 ਲੀਟਰ ਪਾਣੀ ਦੀ ਖਪਤ ਹੋ ਜਾਂਦੀ ਹੈ। ਚਾਵਲ ਸਾਡੀ ਖ਼ੁਰਾਕ ਨਹੀਂ। ਜੇ ਪਾਣੀ ਦੀ ਕੀਮਤ ਇੱਕ ਰੁਪਏ ਲੀਟਰ ਵੀ ਮੰਨ ਲਈਏ ਤਾਂ 1960 ਤੋਂ ਲੈ ਕੇ ਹੁਣ ਤਕ ਅਸੀਂ ਕਿੰਨੀ ਰਕਮ ਦਾ ਪਾਣੀ ਚਾਵਲ ਦੇ ਰੂਪ ਵਿੱਚ ਮੁਫ਼ਤੋ-ਮੁਫ਼ਤ ਹੀ ਬੇਗਾਨੇ ਮੁਲਕਾਂ ਨੂੰ ਦੇ ਦਿੱਤਾ ਹੈ।
ਅਸੀਂ ਸਾਰੇ ਪੰਜਾਬ ਨੂੰ ਮਨਸੂਈ ਝੀਲ ਵਿੱਚ ਬਦਲ ਕੇ ਹੁੰਮਸੀ ਵਾਤਾਵਾਰਣ ਪੈਦਾ ਕਰ ਦਿੰਦੇ ਹਾਂ ਜੋ ਵਰਖਾ ਗੜਬੜਾ ਦਿੰਦੀ ਹੈ, ਜੋ ਜਾਂ ਤਾਂ ਪੈਂਦੀ ਨਹੀਂ ਜਾਂ ਫਿਰ ਹੇਠਲੀ ਉੱਤੇ ਲਿਆ ਦਿੰਦੀ ਹੈ। ਪਾਣੀ ਭਾਫ ਬਣਕੇ ਉੱਡਦਾ ਹੈ ਜਿਸ ਨਾਲ ਹੁੰਮਸ ਪੈਦਾ ਹੁੰਦੀ ਹੈ। ਸਾਡੇ ਸਰੀਰ ਦਾ ਤਾਪਮਾਨ ਹਮੇਸ਼ਾ 37 ਡਿਗਰੀ ਸੈਲਸੀਅਸ ਹੁੰਦਾ ਹੈ। ਇਸ ਤਾਪਮਾਨ ਉੱਤੇ ਹੀ ਸਾਰੇ ਅੰਗ ਸਹੀ ਕਾਰਜ ਕਰਦੇ ਹਨ। ਜੇ ਨਮ-ਤਾਪਮਾਨ ਵਧਦਾ ਹੈ ਤਾਂ ਸਰੀਰ ਸਾਵਾਂ ਨਹੀਂ ਰਹਿੰਦਾ। ਹੁੰਮਸ ਕਾਰਨ ਕੀੜੇ-ਮਕੌੜਿਆਂ ਦੀ ਭਰਮਾਰ ਹੋ ਜਾਂਦੀ ਹੈ। ਦੁਸ਼ਮਣ ਕੀੜੇ ਪਨਪਦੇ ਹਨ, ਮਿੱਤਰ ਕੀੜੇ ਸੁਸਤੀ ਇਖਤਿਆਰ ਕਰ ਜਾਂਦੇ ਹਨ। ਹੁੰਮਸ ਸਜੀਵ ਵਸਤੂਆਂ ਨੂੰ ਤਾਂ ਨੁਕਸਾਨ ਪਹੁੰਚਾਉਂਦੀ ਹੀ ਹੈ, ਉਲਟਾ ਚੰਗੀ ਭਲੀ ਮਾਨਸੂਨ ਨੂੰ ਵੀ ਕੁਰਾਹੇ ਪਾ ਦਿੰਦੀ ਹੈ। ਮਾਨਸੂਨ ਲੇਟ ਹੋਣ ਨੂੰ, ਪੰਜਾਬ ਵਿੱਚ, ਜਿਸ ਸੋਕੇ ਦਾ ਨਾਮ ਦਿੱਤਾ ਜਾਂਦਾ ਹੈ, ਦਰ ਹਕੀਕਤ; ਇਹ ਕੁਦਰਤੀ ਵਰਤਾਰਾ ਨਹੀਂ ਸਿਰਫ਼ ਝੋਨੇ ਦੀ ਫ਼ਸਲ ਦਾ ਸੋਕੇ ਦੀ ਮਾਰ ਹੇਠਾਂ ਆਉਣਾ ਹੈ, ਜੋ ਪੰਜਾਬ ਵਿੱਚ ਝੋਨੇ ਦੀ ਖੇਤੀ ’ਤੇ ਹੀ ਸਵਾਲੀਆ ਨਿਸ਼ਾਨ ਲਗਾਉਂਦਾ ਹੈ। ਅਰਥਾਤ; ਵਰਤਾਰਾ ਕੁਦਰਤੀ ਨਹੀਂ, ਫ਼ਸਲ ਗੈਰ ਕੁਦਰਤੀ ਹੈ।
ਤਿੰਨ ਦਹਾਕੇ ਪਹਿਲਾਂ ਡਾ. ਐੱਸ ਐੱਸ ਜੌਹਲ ਦੀ ਖੇਤੀਬਾੜੀ ਵੰਨਸੁਵਨੰਤਾ ਬਾਰੇ ਰਿਪੋਰਟ ਨੇ ਝੋਨੇ ਉੱਪਰ ਸਵਾਲੀਆ ਨਿਸ਼ਾਨ ਲਾ ਦਿੱਤਾ ਸੀ। ਝੋਨੇ ਕਾਰਨ ਜਲ ਸੰਕਟ; ਪੰਜਾਬ ਫ਼ਾਰਮਰਜ਼ ਕਮਿਸ਼ਨ ਨੇ 2007 ਵਿੱਚ ਹੀ ਚਿਤਾਵਨੀ ਦੇ ਦਿੱਤੀ ਸੀ। ਹੁਣ ਜਲ ਮਾਹਿਰ ਸ੍ਰੀ ਏ ਐੱਸ ਮੁਗਲਾਨੀ ਦੀ ਰਿਪੋਰਟ, ਸਿੰਚਾਈ ਲਈ ਧਰਤੀ ਹੇਠੋਂ 73 ਫ਼ੀਸਦੀ ਪਾਣੀ ਕੱਢਿਆ ਜਾ ਚੁੱਕਾ ਹੈ ਜਿਸ ਕਾਰਨ ਜਲ ਤੱਗੀਆਂ 70 ਮੀਟਰ ਹੇਠਾਂ ਚਲੀਆਂ ਗਈਆਂ ਹਨ। ਇੰਝ ਧਰਤੀ ਹੇਠ ਕੈਪਟੀ-ਖ਼ਲਾਅ ਉਪਰੰਤ ਭਵਿੱਖ ਵਿੱਚ ਲੂਣਾਂ ਅਤੇ ਭੂਚਾਲਾਂ ਵਰਗੀਆਂ ਅਲਾਮਤਾਂ ਦਾ ਸਾਹਮਣਾ ਕਰਨਾ ਪਵੇਗਾ। ਜੇ ਅਸੀਂ ਧਰਤੀ ਹੇਠਲਾਂ 30 ਫ਼ੀਸਦੀ ਪਾਣੀ ਵਰਤੀਏ ਤਦ 100 ਫ਼ੀਸਦੀ ਮੁੜ ਭਰਪਾਈ ਦੀ ਲੋੜ ਹੈ। 40 ਫ਼ੀਸਦੀ ਵਰਤੋਂ ਖ਼ਤਰੇ ਦੀ ਨਿਸ਼ਾਨੀ, ਵਰਤੋਂ 70 ਫ਼ੀਸਦੀ ਹੋ ਜਾਵੇ ਤਾਂ ਭਿਆਨਕ ਹਾਲਤ। ਪੰਜਾਬ 146 ਫ਼ੀਸਦੀ ਪਾਣੀ ਦੀ ਵਰਤੋਂ ਕਰਦਾ ਹੈ।
ਪੰਜਾਬ ਦੇ ਕਰੀਬ 14 ਲੱਖ ਟਿਊਬਵੈਲ, ਛੋਟੇ-ਵੱਡੇ ਘਰੇਲੂ ਅਤੇ ਉਦਯੋਗੀ ਬੋਰ ਦਿਨ ਰਾਤ ਧਰਤੀ ਹੇਠੋਂ ਪਾਣੀ ਉਗਲੱਛ ਰਹੇ ਹਨ। ਝੋਨੇ ਵੇਲੇ ਟਿਊਬਵੈਲ ਜ਼ਿਆਦਾ ਚਲਦੇ ਹਨ। ਸਿਰਫ਼ ਚਾਵਲਾਂ ਲਈ 129 ਘਣ ਕਿਲੋਮੀਟਰ ਪਾਣੀ ਧਰਤੀ ਹੇਠੋਂ ਖਿੱਚ ਚੁੱਕੇ ਹਾਂ। ਭਾਖ਼ੜਾ ਝੀਲ ਦੀ ਜਲ ਸੰਗ੍ਰਹਿ 9.4 ਘਣ ਕਿਲੋਮੀਟਰ ਹੈ। ਅਰਥਾਤ ਅਸੀਂ ਭਾਖ਼ੜੇ ਵਰਗੀਆਂ 13 ਮਸਨੂਈ ਝੀਲਾਂ ਦਾ ਪਾਣੀ ਹੁਣ ਤਕ ਸਿਰਫ਼ ਝੋਨੇ ਲਈ ਵਰਤ ਚੁੱਕੇ ਹਾਂ। ਭਾਖ਼ੜਾ ਝੀਲ ਨਾਲ ਇੱਕੋ ਵਾਰ ਪੰਜਾਬ, 54 ਲੱਖ ਹੈਕਟੇਅਰ ਰਕਬਾ, ਵਿੱਚ 16 ਫੁੱਟ ਉੱਚਾ ਪਾਣੀ ਖੜ੍ਹਾਇਆ ਜਾ ਸਕਦਾ ਹੈ। ਲਾਓ ਅੰਦਾਜ਼ਾ, ਜੇ ਇਸ ਪਾਣੀ ਦੀ ਮਿਕਦਾਰ 13 ਗੁਣਾ ਹੋਵੇ ਤਾਂ ਕਿੰਨਾ ਪਾਣੀ ਹੁਣ ਤਕ ਅਸੀਂ ਵਰਤ-ਗੁਆ ਚੁੱਕੇ ਹਾਂ।
ਪੰਜਾਬ ਦੇ ਚਾਰ ਥਰਮਲ ਪਲਾਂਟਾਂ ਦੀ ਬਿਜਲੀ ਤਾਂ ਡੂੰਘੇ ਟਿਊਬਵੈਲ, ਜਿਹੜੇ ਹੋਰ ਡੂੰਘੇ ਕਰੀ ਜਾਣ ਨਾਲ ਪੰਜਾਬ ਦਾ 16 ਲੱਖ ਕਰੋੜ ਰੁਪਏ ਖਾ ਚੁੱਕੇ ਹਨ, ਹੀ ਨਿਗਲੀ ਜਾਂਦੇ ਹਨ। ਇੱਕ ਅੰਦਾਜ਼ੇ ਅਨੁਸਾਰ ਹਰ ਸਾਲ 1150 ਕਰੋੜ ਯੂਨਿਟ ਬਿਜਲੀ ਸਿਰਫ਼ ਝੋਨਾ ਹੀ ਖਾ ਜਾਂਦਾ ਹੈ। ਇੱਕ ਯੂਨਿਟ ਦੀ ਪੈਦਾਵਾਰੀ ਕੀਮਤ ਘੱਟੋ ਘੱਟ 10 ਰੁਪਏ ਪੈਂਦੀ ਹੈ। ਦੱਸੋ, ਕਿੰਨੇ ਦੀ ਬਿਜਲੀ ਫ਼ੂਕ ਬਹਿੰਦੇ ਹਾਂ ਅਸੀਂ? ਖ਼ੇਤਾਂ ਦੀ ਮੁਫ਼ਤ ਬਿਜਲੀ ਜਿਸਦਾ ਕਰੀਬ 75 ਫ਼ੀਸਦੀ ਹਿੱਸਾ ਝੋਨਾ ਸੀਜ਼ਨ ਵੇਲੇ ਵਰਤਿਆ ਜਾਂਦਾ ਹੈ, ਦੀ ਸਬਸਿਡੀ ਦੀ ਕੀਮਤ 5, 800 ਕਰੋੜ ਰੁਪਏ ਪ੍ਰਤੀ ਸਾਲ ਬਣਦੀ ਹੈ। ਪੰਜਾਬ ਦੇ ਚਾਰ ਥਰਮਲ ਪਲਾਂਟ 4 ਕਰੋੜ 80 ਲੱਖ ਟਨ ਕੋਲੇ ਦੀ ਖਪਤ ਕਰਦੇ ਹਨ, ਜਿਸਦਾ ਚੌਥਾ ਹਿੱਸਾ ਕਰੀਬ ਇੱਕ ਕਰੋੜ ਟਨ ਹੈਵੀ ਮੈਟਲ ਅਤੇ ਸੁਆਹ ਪੰਜਾਬ ਦੀ ਧਰਤੀ ਜਾਂ ਖ਼ਲਾਅ ਵਿੱਚ ਹਰ ਸਾਲ ਛੱਡਦੇ ਹਾਂ।
ਲਾਓ ਜੋੜ, ਝੋਨਾ ਸਾਡੀ ਕਿੰਨੀ ਜਲ ਸੰਪਤੀ, ਬਿਜਲੀ, ਵਾਤਾਵਾਰਣ ਅਤੇ ਸਿਹਤ ਨਿਗਲ ਗਿਆ? ਫਿਰ ਹਾਈਬ੍ਰਿਡ ਬੀਜ, ਖ਼ਾਦਾਂ, ਦਵਾਈਆਂ ਕਿੰਨੀ ਰਕਮ ਦੀਆਂ ਬਣੀਆਂ? ਸਾਡੇ ਪਾਣੀ ਅਤੇ ਮੁਸ਼ੱਕਤ ਨੂੰ ਝੋਨੇ ਦੇ ਰੂਪ ਵਿੱਚ ਅਸਲ ਵਿੱਚ ਕੌਣ ਲੁੱਟ ਰਿਹਾ ਹੈ? ਬੰਪਰ ਕਰਾਪ ਦੀ ਧੁੱਸ, ਹਾਈਬ੍ਰਿਡ ਬੀਜਾਂ, ਖਾਦਾਂ-ਦਵਾਈਆਂ, ਮਸ਼ੀਨਰੀ ਦੀ ਅੰਨ੍ਹੀ ਦੌੜ ਕਰਜ਼ੇ, ਬਿਮਾਰੀਆਂ ਜਾਂ ਰੱਸੇ ਦੀ ਬਜਾਏ ਕੀ ਦੇ ਰਹੀ ਹੈ? ਭਲਾ, ਅਸੀਂ ਕਿਸ ਲਈ ਮਿਹਨਤ ਕਰ ਜਾਂ ਕਮਾ ਰਹੇ ਹਾਂ? ਤੁਹਾਡੀ ਕਮਾਈ ਨੂੰ ਲੁਕਵੇਂ ਰੂਪ ਵਿੱਚ ਕੌਣ ਹੜੱਪ ਰਿਹਾ ਹੈ? ਸਾਡੇ ਗੁਦਾਮ ਪਹਿਲਾਂ ਹੀ ਤੂੜੇ ਪਏ ਹਨ। ਮੁਲਕ ਦੇ ਵੱਖ ਵੱਖ ਖਿੱਤਿਆਂ ਵਿੱਚ ਗਰੀਨ ਬੈਲਟਾਂ ਜਾਂ ਝੋਨਾ ਖ਼ੇਤਰ ਉੱਭਰ ਰਹੇ ਹਨ। ਮੰਡੀਆਂ ਅਤੇ ਗੁਦਾਮ ਤੁਹਾਡੀ ਫ਼ਸਲ ਨਹੀਂ ਝੱਲ ਰਹੇ, ਹਰ ਸਾਲ ਕਰੋੜਾਂ ਟਨ ਅਨਾਜ ਸੜ ਰਿਹਾ ਹੈ।
ਕਿਸਾਨ ਮਜਬੂਰੀ ਵਿੱਚ ਝੋਨਾ ਬੀਜਦਾ ਹੈ। ਕੀ ਕਰੇ ਉਹ? ਦਰ-ਹਕੀਕਤ ਸਿਸਟਮ ਅਤੇ ਸਰਕਾਰ ਮੁੱਖ ਦੋਸ਼ੀ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਜਿੰਨੇ ਵੀ ਉਪਦਾਨ, ਖਾਦਾਂ, ਪਾਣੀ, ਬਿਜਲੀ ਜਾਂ ਕਿਸੇ ਹੋਰ ਰੂਪ ਵਿੱਚ ਕਿਸਾਨ ਨੂੰ ਦਿੰਦੀ ਹੈ, ਉਹ ਬਦਲਵੇਂ ਸਾਜ਼ਗਾਰ ਪ੍ਰਬੰਧਾਂ ਤਕ ਨਗਦੀ ਜਾਂ ਰੁਜ਼ਗਾਰ ਰੂਪ ਵਿੱਚ ਦੇ ਕੇ ਝੋਨਾ ਰੁਕਵਾਏ। ਜੇ ਕੁਝ ਸਮੇਂ ਲਈ ਖੇਤ ਵਿਹਲੇ ਵੀ ਰੱਖਣੇ ਪੈਣ ਤਾਂ ਵੀ ਉਪਦਾਨੀ ਰਕਮ ਦਾ ਵੱਡਾ ਹਿੱਸਾ ਸਰਕਾਰ ਨੂੰ ਬਚ ਜਾਵੇਗਾ। ਤੇਲ, ਮਸ਼ੀਨਰੀ, ਵਾਤਾਵਾਰਣ ਤਾਂ ਬਚੇਗਾ ਹੀ ਸਗੋਂ ਮੰਡੀਆਂ, ਢੋਆ-ਢੁਆਈ ਅਤੇ ਗੁਦਾਮਾਂ ਦੇ ਖ਼ਰਚੇ ਵੀ ਬੋਨਸ ਰੂਪ ਵਿੱਚ ਬਚਣਗੇ। ਫਿਰ ਬਦਲਵੀਂ ਫ਼ਸਲ, ਢੁਕਵੇਂ ਹੱਲ ਜਾਂ ਤੌਰ ਤਰੀਕੇ ਲੱਭੇ ਜਾਣ।
ਮੁੱਕਦੀ ਗੱਲ; ਜਲ ਸੰਕਟ ਦੇ ਬਹੁ-ਪਰਤੀ ਕਾਰਨ ਹਨ। ਇੱਕ ਕਾਰਨ ਧਰਤੀ ਹੇਠਲੇ ਸਿੰਚਾਈ ਪਾਣੀ ’ਤੇ ਨਿਰਭਰ ਖਿੱਤਿਆ ਵਿੱਚ ਝੋਨੇ ਦੀ ਫ਼ਸਲ ਹੈ। ਪਰ ਜਲ ਸੰਕਟ ਦਾ ਇੱਕੋ-ਇੱਕ ਕਾਰਨ ਝੋਨਾ ਨਹੀਂ, ਹਾਂ; ਵੱਡਾ ਕਾਰਨ ਜਰੂਰ ਹੈ। ਸਾਡੇ ਕੋਲ ਮਾਹਿਰ ਕਿਸਾਨਾਂ ਅਤੇ ਸਿਆਣੇ ਬੰਦਿਆਂ ਦੀ ਕਮੀ ਨਹੀਂ, ਬੱਸ ਦ੍ਰਿੜ੍ਹ ਇੱਛਾ ਸ਼ਕਤੀ ਦੀ ਲੋੜ ਹੈ। ਪੰਜਾਬ ਅੱਜ ਭਿਆਨਕ ਜਲ ਸੰਕਟ, ਮਿੱਟੀ ਗੁਣਵੱਤਾ ਸੰਕਟ ਅਤੇ ਕਿਸਾਨੀ ਸੰਕਟ ਵੱਲ ਵਧ ਰਿਹਾ ਹੈ। ਜੇ ਅਸੀਂ ਨਾ ਸੰਭਲੇ ਤਾਂ ਪਾਣੀ ਦੇ ਸ਼ੁੱਧ ਘੁੱਟ ਅਤੇ ਪੇਟ ਪੂਰਤੀ ਲਈ ਪੰਜਾਬ ਵਿੱਚੋਂ ਵੱਡੇ ਪੱਧਰ ਉੱਤੇ ਹਿਜਰਤ ਹੋਵੇਗੀ। ਤੁਰਤ-ਪੈਰੀਂ ਸੰਵਾਦ ਰਚਾਉਣ ਦੀ ਲੋੜ ਹੈ, ਕਿਤੇ ਝੋਨਾ ਪੰਜਾਬ ਦਾ ਇੱਕ ਹੋਰ ਸੰਤਾਪ ਨਾ ਬਣ ਜਾਵੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3590)
(ਸਰੋਕਾਰ ਨਾਲ ਸੰਪਰਕ ਲਈ: