“ਸੇਕ ਤੋਂ ਬਚਣ ਲਈ ਤੀਜੀ ਮੰਜ਼ਿਲ ਚੜ੍ਹੀਆਂ ਕੁੜੀਆਂ ਨੇ ਨੀਮ ਬੇਹੋਸ਼ੀ ਵਿੱਚ ...”
(20 ਜੂਨ 2019)
ਸੰਤਾਲੀ ਦੀ ਤ੍ਰਾਸਦੀ ਨੇ ਜਿਨ੍ਹਾਂ ਪਿੰਡਾਂ ਨੂੰ ਬੁਰੀ ਤਰ੍ਹਾਂ ਮਧੋਲ ਕੇ ਰੱਖ ਦਿੱਤਾ, ਉਨ੍ਹਾਂ ਵਿੱਚ ਵੱਡ-ਅਕਾਰੀ ਪਿੰਡ ਨਾਰੂ ਨੰਗਲ (ਹੁਸ਼ਿਆਰਪੁਰ) ਵੀ ਸੀ। ਇੱਥੇ ਰੱਤ ਦੀ ਨਦੀ ਹੀ ਨਹੀਂ ਵਗੀ, ਸਮਾਜਿਕ ਲੱਜ ਦੀਆਂ ਧੱਜੀਆਂ ਵੀ ਉੱਡੀਆਂ। ਵੱਡ-ਉਮਰੀ ਜ਼ਿੰਦਾ ਚਸ਼ਮਦੀਦ ਗਵਾਹ, ਜਿਹੜੇ ਉਦੋਂ ਬਾਲ-ਵਰੇਸ ਹੀ ਟੱਪੇ ਹੀ ਸਨ, ਅਨੁਸਾਰ ਇੱਥੇ ਤਿੰਨ ਸੈਕੜੇ ਲੋਕ ਮਾਰੇ ਗਏ। ਮੁਸਲਮਾਨ ਬਹੁਤੇ, ਦੂਜੇ ਇੱਕਾ-ਦੁੱਕਾ। ਕਰੀਬ ਦਸ ਸੈਕੜਿਆਂ ਤੋਂ ਵਧ ਨੂੰ ਆਪਣੀ ਜੰਮਣ-ਭੋਂਅ ਛੱਡਣ ਲਈ ਮਜਬੂਰ ਹੋਣਾ ਪਿਆ। ਮੁਸਲਮਾਨ ਜਾਣਾ ਨਹੀਂ ਸੀ ਚਾਹੁੰਦੇ ਤੇ ਦੂਜੀਆਂ ਹਿੰਦੂ-ਸਿੱਖ ਉਨ੍ਹਾਂ ਨੂੰ ਧਿਰਾਂ ਤੋਰਨਾ ਨਹੀਂ ਸੀ ਚਾਹੁੰਦੀਆਂ, ਪਰ ਬਾਹਰਲੇ ਜਨੂੰਨੀਆਂ ਦੇ ਧਾੜਵੀ ਹੱਲਿਆਂ ਨੇ ਉਨ੍ਹਾਂ ਦੇ ਪੈਰ ਹੀ ਨਹੀਂ ਉਖਾੜੇ, ਸਗੋਂ ਮਨੁੱਖੀ ਕਦਰਾਂ-ਕੀਮਤਾਂ ਨੂੰ ਵੀ ਬੁਰੀ ਤਰ੍ਹਾਂ ਲਤਾੜਿਆ। ਨਾਰੂ ਨੰਗਲ ਉਦੋਂ ਖ਼ੂਨ ਦੇ ਅੱਥਰੂ ਰੋਇਆ ਸੀ।
ਕਿਸੇ ਵਕਤ ਨਾਰੂ ਮੁਸਲਿਮ ਰਾਜਪੂਤਾਂ ਦੇ ਵਸਾਏ ਹੁਣ ਉੱਜੜ-ਪੁੱਜੜ ਗਏ, ਉਦੋਂ ਦੇ ਇਸ ਮੰਡੀ ਨੁਮਾ ਪਿੰਡ ਵਿੱਚ ਕਈ ਕਿੱਤਿਆਂ ਨਾਲ ਸਬੰਦਤ ਲੋਕ ਵਸਦੇ ਸਨ। ਸਦਭਾਵਨਾ ਇੰਨੀ ਕਿ ਲਾਗਲੇ ਪਿੰਡਾਂ ਵਿੱਚ ਚੁੰਝ-ਚਰਚਾ ਚਲਦੀ। ਬਹੁਤੇ ਮੁਸਲਮਾਨ ਸਨ, ਨਾ ਸਿਰਫ਼ ਇੱਥੇ, ਸਗੋਂ ਲਾਗਲੇ ਪਿੰਡਾਂ ਵਿੱਚ ਵੀ। ਹੇਠਲੇ ਹਿਮਾਚਲ (ਲੋਅਰ ਸ਼ਿਵਾਲਿਕ) ਅਤੇ ਨੇਕ ਬਾਦਸ਼ਾਹ ਸ਼ੇਰ ਸ਼ਾਹ ਸੂਰੀ ਦੀ ਜੰਮਣ ਭੋਂਇੰ ਬਜਵਾੜੇ ਦੇ ਪੈਰਾਂ ਵਿੱਚ ਵਸਦਾ ਮਕਤਬਾ (ਪਾਠਸ਼ਾਲਾਵਾਂ), ਹਕੀਮਾਂ ਅਤੇ ਮੁਨਸ਼ੀਆਂ ਵਜੋਂ ਕਦੇ ਮਸ਼ਹੂਰ ਰਿਹਾ ਇਹ ਪਿੰਡ, ਕਰੀਬ-ਕਰੀਬ ਮੁਸਲਮਾਨ ਬਹੁਲਤਾਂ ਵਾਲੀਆਂ ਬਾਈ ਬਸੀਆਂ ਅਤੇ ਨਿੱਕੀਆਂ-ਵੱਡੀਆਂ ਬਸਤੀਆਂ ਨਾਲ ਘਿਰਿਆ ਹੋਇਆ ਸੀ। ਬਹੁਤੇ ਲੋਕ ਸੌਦਾ-ਪੱਤਾ ਵੀ ਇੱਥੋਂ ਲੈਂਦੇ ਅਤੇ ਇਲਾਜ ਅਤੇ ਵਿੱਦਿਆ ਵੀ।
ਜ਼ਮੀਨ ਮਾਲਕੀ ਬਹੁਤੀ ਪਠਾਣ ਮੁਸਲਮਾਨਾਂ ਦੀ ਸੀ, ਜਿਨ੍ਹਾਂ ਦੇ ਪੁਰਖਿਆਂ ਨੇ ਪਹਿਲਾਂ ਹੀ ਦੂਸਰੀਆਂ ਬਰਾਦਰੀਆਂ ਅਤੇ ਹਿੰਦੂ ਜਾਤਾਂ ਨੂੰ ਗੁਜਾਰੇ ਜੋਗੀ, ਧਰਮ-ਅਰਥੀ ਜ਼ਮੀਨ ਦਿੱਤੀ ਹੋਈ ਸੀ। ਪਠਾਣ ਜ਼ਿਮੀਂਦਾਰ ਵੱਜਦੇ ਅਤੇ ਦੂਸਰੇ ਗੈਰ-ਮਰੂਸ। ਧੜਵੈਲ ਪਠਾਣ ਹੋਣ ਦੇ ਬਾਵਜੂਦ, ਜਿਹੜੇ ਵੱਡੀ ਖੇਤੀ ਤੋਂ ਬਿਨਾਂ, ਬਹੁਤਾ ਕਰਕੇ ਮੌਕੇ ਦੀਆਂ ਆਰਮਡ ਫੋਰਸਾਂ ਵਿੱਚ ਵੀ ਆਹਲਾ ਅਫਸਰਾਨ ਸਨ। ਦਿਲ ਦੇ ਬੜੇ ਨਰਮ ਅਤੇ ਸਖੀ ਸਨ। ਪਿੰਡ ਦੇ ਹਰ ਦੁੱਖ-ਸੁਖ ਦੇ ਸਾਂਝੀ। ਦੁਆ-ਸਲਾਮ, ਖ਼ੈਰ ਸੁਖ ਮੰਗਣ ਵਾਲੇ ਇਨ੍ਹਾਂ ਪਠਾਣ ਟੱਬਰਾਂ ਦੀ ਸਿਰਫ਼ ਪਿੰਡ ਵਿੱਚ ਹੀ ਨਹੀਂ, ਲਾਗਲੇ ਇਲਾਕੇ ਵਿੱਚ ਵੀ ਬੜੀ ਭੱਲ ਸੀ। ਪੂਰੀ ਪੈਂਠ ਵਾਲੇ ਇਹ ਮੁਸਲਿਮ ਲੋਕ, ਪਿੰਡ ਦੇ ਗਰੀਬ-ਗੁਰਬੇ ਦੀ ਬਾਂਹ ਬਣਦੇ। ਪਿੰਡ ਦੀਆਂ ਧੀਆਂ-ਧਿਆਣੀਆਂ ਨੂੰ ਆਪਣੀ ਧੀ-ਭੈਣ ਸਮਝਦੇ।
ਇੱਥੋਂ ਦਾ ਇੱਕ ਲਾਲ ਮੁਹੰਮਦ ਖ਼ਾਨ ਨਾਮੀ ਪਠਾਣ ਪਿੰਡ ਦਾ ਆਹਲਾ ਨੰਬਰਦਾਰ ਸੀ, ਜਿਸ ਦੀ ਸਰਕਾਰੇ-ਦਰਬਾਰੇ ਸਵੱਲੀ ਪਹੁੰਚ ਸੀ। ਉਹ ਆਪਣੇ ਹਮ-ਰੁਤਬਾ ਮਹਾਜਨਾਂ ਦੇ ਰਾਮਦਾਸ ਨਾਲ ਲੋਕ ਭਲਾਈ ਵਿੱਚ ਸਦਾ ਤਤਪਰ ਰਹਿੰਦਾ। ਲੋਕ-ਹਿਤੂ ਇਸ ਪਠਾਣ ਦਾ ਇੱਕ ਸੋਹਣਾ-ਸੁਨੱਖੜਾ ਭਰਾ ਜਹਾਨ ਮੁਹਮੰਦ ਖ਼ਾਂ ਉਦੋਂ ਲਾਹੌਰ ਕੰਨੀ ਵੱਡਾ ਠਾਣੇਦਾਰ ਸੀ, ਜਦ ਵੱਡੇ ਰੌਲਿਆਂ ਦੀ ਖ਼ੂਨੀ ’ਨੇਰੀ ਝੁੱਲੀ। ਬੇਗਮ ਉਸ ਦੀ, ਪਰੀਆਂ ਨੂੰ ਵੀ ਮਾਤ ਪਾਉਂਦੀ ਸੀ, ਜਿਸਨੇ ਦੋਂਹ ਪੁੱਤਰਾਂ ਅਤੇ ਦੋਂਹ ਧੀਆਂ ਨੂੰ ਜਨਮ ਦਿੱਤਾ। ਸੋਨੇ ਵਰਗੇ ਇਹ ਮੁੱਛ-ਫੁੱਟ ਗਭਰੂਟ ਫਿਰਕੂ ਕਾਂਗ ਨੇ ਨਿਗਲ ਲਏ ਤੇ ਸੂਹੇ ਰੰਗੀਆਂ ਜਵਾਨ-ਜਹਾਨ ਧੀਆਂ ਵੀ।
ਉਨ੍ਹਾਂ ਮਾੜੇ ਸਮਿਆਂ ਵਿੱਚ ਆਮ ਲੋਕ ਤਾਂ ਇੱਕ ਦੂਜੇ ਦੀ ਧਿਰ ਅਤੇ ਹਮਸਾਏ ਬਣੇ ਰਹੇ। ਸਾਰੇ ਨੇਕ ਰਸੂਖ਼ਵਾਨ ਵੀ ਮਾਰ-ਧਾੜ ਦੇ ਵਿਰੋਧੀ ਸਨ, ਖ਼ਾਸ ਕਰਕੇ ਦੇਸ਼ ਭਗਤ ਅਤੇ ਖੱਬੇ-ਪੱਖੀ ਤਾਂ ਸਾਰੇ ਦੇ ਸਾਰੇ। ਬਾਕੀ ਪੰਜਾਬ ਵਾਂਗ, ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਵੀ ਗ਼ਦਰੀਆਂ, ਬੱਬਰ ਅਕਾਲੀਆਂ, ਕਿਰਤੀਆਂ, ਕਮਿਊਨਿਸਟਾਂ ਅਤੇ ਸੋਸ਼ਲਿਸਟ ਕਾਂਗਰਸੀਆਂ, ਗੱਲ ਕੀ, ਦੇਸ਼ ਭਗਤਾਂ ਨੇ ਸੰਤਾਲੀ ਦੀ ਰੱਤ ਡੋਲ੍ਹਵੀਂ ਫ਼ਿਰਕੂ ਗਰਦ ਵਿਰੋਧੀ ਅਮਨ ਜਥੇ ਬਣਾਏ ਹੋਏ ਸਨ। ਮਾਹਿਲਪੁਰ ਖਿੱਤੇ ਵਿੱਚ ਇੱਕ ਇਨਕਲਾਬੀ ਜਥਾ ਕਾਮਰੇਡ ਮੂਲਾ ਸਿੰਘ, ਜਿਹੜਾ ਜਰਨੈਲ ਮੂਲਾ ਸਿੰਘ ਬਾਹੋਵਾਲ ਵਜੋਂ ਸੁ-ਪ੍ਰਸਿੱਧ ਸੀ, ਫਿਰਕੂ ਸਦਭਾਵਨਾ ਲਈ ਅਤੇ ਨਿੱਹਕੇ ਖੂਨ-ਖਰਾਬੇ ਵਿਰੁੱਧ ਸਰਗਰਮ ਸੀ।
ਮਾਹਿਲਪੁਰ ਇਲਾਕੇ ਵਿੱਚ ਕੁਝ ਡੇਰੇਦਾਰਾਂ ਦੀ ਸ਼ਹਿ ਨਾਲ ਕਹਿਣ ਨੂੰ ਤਾਂ ਭਾਵੇਂ ਕੁਝ ਵਹਿਸ਼ੀ ਮੁਸਲਮਾਨਾਂ ਦੀਆਂ ਦੋਖੀ ਕਾਰਵਾਈਆਂ ਵਿਰੁੱਧ ਹੀ ਇੱਕ ਗਰੁੱਪ, ਜਿਸ ਵਿੱਚ ਕੁਝ ਅਖੌਤੀ ਨਿਹੰਗਾਂ ਸਮੇਤ ਭੂਤਰੇ ਹੋਏ ਜੋਗਾ ਸਿੰਘ ਲਹਿਲੀ ਦਾ ਲੁਟੇਰਾ ਟੋਲਾ ਸਰਗਰਮ ਸੀ ਪਰ ਉਹ ਆਪ ਵੀ ਉਹੀ ਕੁਝ ਕਰੀ ਜਾ ਰਹੇ ਸਨ, ਜੋ ਕੁਝ ਬੇ-ਅਸੂਲੇ ਮੁਸਲਮਾਨ ਕਰ ਰਹੇ ਸਨ। ਧਾਕੜਾਂ ਦੀ ਚੁੱਕ ਵਿੱਚ ਦੋਵਾਂ ਧਿਰਾਂ ਦੇ ਨਿਰਦੋਸ਼ ਪਿਸ ਰਹੇ ਸਨ।
ਸਤਬੰਰ 1947 ਨੂੰ ਭੇੜੂਆ-ਬਿਛੋਹੀ ਵੱਲ ਮੁਸਲਮਾਨਾਂ ਵਿਰੁੱਧ ਮੋਰਚਾ ਲੱਗਾ। ਨਾਰੂ ਨੰਗਲ ਦਾ ਉਹੀ ਮੁਸਲਮਾਨ ਥਾਣੇਦਾਰ ਪਿੰਡੋਂ ਬਾਹਰ ਕੀਤੀ ਮੋਰਚਾਬੰਦੀ ਵਿੱਚ ਮਾਰਿਆ ਗਿਆ। ਪਰਿਵਾਰ ਉਸਦਾ ਮਹਿਲ ਵਰਗੇ ਦੋ ਮੰਜ਼ਲੇ ਘਰ ਵਿੱਚ ਘਿਰ ਗਿਆ। ਮਜ਼ਬੂਤ ਦਰਵਾਜ਼ੇ ਬੰਦ ਸਨ। ਡਰਿਆ-ਡੈਂਬਰਿਆ ਟੱਬਰ ਹਾਲ ਪਾਹਰਿਆ ਕਰ ਰਿਹਾ ਸੀ, ਥਾਣੇਦਾਰ ਦੀਆਂ ਦੋਵੇਂ ਸਹਿਮੀਆਂ-ਸੁੰਗੜੀਆਂ ਜੁਆਨ ਧੀਆਂ ਵੀ। ਜਾਬਰਾਂ ਦੀ ਅੱਖ ਤਾਂ ਉਨ੍ਹਾਂ ਉੱਤੇ ਹੀ ਸੀ। ਉਹ ‘ਰਹਿਮ’ ਦੀ ਕੀਮਤ ਵਸੂਲਣੀ ਚਾਹੁੰਦੇ ਸਨ। ਮੂਲਾ ਸਿੰਘ ਅਤੇ ਉਸ ਦੇ ਸਾਥੀ ਨਿਰਦੋਸ਼ਾਂ ਨੂੰ ਬਚਾਉਣ ਲਈ ਉੱਥੇ ਪਹੁੰਚ ਗਏ। ਨਾ ਸਮਝੌਤੀਆਂ ਕੰਮ ਆਈਆਂ ਅਤੇ ਨਾ ਹੀ ਵਿਰਸੇ ਦੀਆਂ ਉਦਾਹਰਣਾਂ। ਉਲਟਾ ਧਮਕੀਆਂ।
ਬਹਿਸ-ਮੁਬਾਹਿਸੇ ਵਿੱਚ ਹੀ ਘਰ ਨੂੰ ਅੱਗ ਲਾ ਦਿੱਤੀ ਗਈ। ਭਾਂਬੜ ਮਚ ਉੱਠੇ। ਲਾਂਬੂ ਅਸਮਾਨ ਵੱਲ ਵਧ। ਮੂਲਾ ਸਿੰਘ ਹੁਰੀਂ ਵਹੀਰ ਸਾਂਹਵੇਂ ਬੇਬਸ ਖੜ੍ਹੇ ਸਨ। ਥਾਣੇਦਾਰ ਦਾ ਟੱਬਰ ਅਤੇ ਹੋਰ ਪਨਾਹਗੀਰ ਅੱਗ ਵਿੱਚ ਭੁੱਜ ਰਹੇ ਸਨ। ਸੇਕ ਤੋਂ ਬਚਣ ਲਈ ਤੀਜੀ ਮੰਜ਼ਿਲ ਚੜ੍ਹੀਆਂ ਕੁੜੀਆਂ ਨੇ ਨੀਮ ਬੇਹੋਸ਼ੀ ਵਿੱਚ ਥੱਲੇ ਛਾਲ ਮਾਰ ਦਿੱਤੀ। ਬੇ-ਗੈਰਤੇ ‘ਮਰਜੀਵੜੇ’ ਉਨ੍ਹਾਂ ਨੂੰ ਬੋਚਣ ਲਈ ਵਧੇ। ਇੱਕ, ਜੋ ਡਿਗਦੀ ਦਮ ਤੋੜ ਗਈ, ਉਸਦੇ ਮਰੀ ਪਈ ਦੇ ਵੀ ਲੀੜੇ ‘ਯੋਧਿਆਂ’ ਨੇ ਲੀਰੋ-ਲੀਰ ਕਰ ਦਿੱਤੇ। ਐਨ ਉਵੇਂ ਹੀ ਜਿਵੇਂ ਬਾਘੇ ਤੋਂ ਪਾਰ ਹਿੰਦੂ ਧੀਆਂ-ਧਿਆਣੀਆਂ ਦੀ ਪੱਤ ਰੋਲੀ ਜਾ ਰਹੀ ਸੀ। ਦੂਸਰੀ, ਜਿਹੜੀ ਸਹਿਕ ਰਹੀ ਸੀ, ਨੂੰ ਬਚਾਉਣ ਲਈ ਮੂਲਾ ਸਿੰਘ ਦੇ ਸਾਥੀ ਉੱਧਰ ਨੂੰ ਵਧੇ। ਕੋਈ ਹੋਰ ਨਾ ਲੈ ਜਾਵੇ, ਇਸ ਹਫੜਾ-ਦਫੜੀ ਵਿੱਚ ਕਿਸੇ ਜਰਵਾਣੇ ਨੇ ਬਰਛਾ ਮੁਟਿਆਰ ਦੇ ਸੀਨੇ ਵਿੱਚ ਲੰਘਾ ਦਿੱਤਾ। ਖੂਨ ਦੀ ਫੁਹਾਰ ਭਾਵੇਂ ਗੂੜ੍ਹੀ ਲਾਲ ਰੱਤੀ ਸੀ ਪਰ ਇਸ ਨੇ ਫ਼ਿਰਕੂਆਂ ਦੇ ਮੂੰਹ ਉੱਤੇ ਕਾਲਖ਼ ਮਲ ਦਿੱਤੀ, ਦਿਲ ਤਾਂ ਉਨ੍ਹਾਂ ਦੇ ਪਹਿਲਾਂ ਹੀ ਕਾਲੇ ਸਨ।
“ਜੇ ਅਸੀਂ ਮਾਰੂ ਹਥਿਆਰਾਂ ਨਾਲ ਲੈਸ ਹੁੰਦੇ ਤਾਂ ਧੀਓ! ਸ਼ਾਇਦ ਅਸੀਂ ਤੁਹਾਨੂੰ ਬਚਾ ਹੀ ਲੈਂਦੇ।” ਸ਼ੇਰ ਦਿਲ ਮੂਲਾ ਸਿੰਘ ਕੁਰਲਾ ਉੱਠਿਆ। ਤੋੜ ਹਯਾਤੀ ਤੱਕ ਉਹ ਇਸ ਦ੍ਰਿਸ਼ ਨੂੰ ਭੁੱਲ ਨਾ ਸਕਿਆ। ਉਸ ਨੂੰ ਲੱਗਦਾ ਜਿਵੇਂ ਉਸਦੀਆਂ ਜੁਆਨ-ਧੀਆਂ ਨੇ ਕੋਠੇ ਤੋਂ ਛਾਲਾਂ ਮਾਰੀਆਂ ਹੋਣ।
**
ਨਾਰੂ ਨੰਗਲ ਦਾ ਉਹ ਪੁਰਾਣਾ ਮਕਾਨ ਜਿੱਥੋਂ ਠਾਣੇਦਾਰ ਦੀਆਂ ਧੀਆਂ ਨੇ ਛਾਲਾਂ ਮਾਰੀਆਂ ਸਨ।
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1638)
(ਸਰੋਕਾਰ ਨਾਲ ਸੰਪਰਕ ਲਈ: