“ਇੱਥੇ ਇਹ ਦੱਸ ਦੇਣਾ ਕੁਥਾਂ ਨਹੀਂ ਹੋਵੇਗਾ ਕਿ ਬੇਹੱਦ ਚਰਚਿਤ ਹੋਈ ਕਹਾਣੀ “ਵੀਹਾਂ ਦਾ ਨੋਟ”, ...”
(28 ਜਨਵਰੀ 2023)
ਮਹਿਮਾਨ: 150.
ਪਿੰਡ ਬੰਬੇਲੀ (ਮਾਹਿਲਪੁਰ, ਹੁਸ਼ਿਆਰਪੁਰ) ਦਾ ਜਾਇਆ, ਕਰੀਬ ਚਾਰ ਦਹਾਕਿਆਂ ਤੋਂ ਪਰਾਈ ਧਰਤ ਕੈਨੇਡਾ ਵਸਦਾ ਪਰ ਨਿਰੰਤਰ ਜੰਮਣ ਭੋਏਂ ਗੇੜਾ ਮਾਰਦਾ ਰਹਿਣ ਵਾਲਾ, ਪੰਜਾਬੀ ਕਹਾਣੀਕਾਰ, ਰੰਗਕਰਮੀ, ਕਵੀ, ਫਿਲਮ ਕਲਾਕਾਰ, ਸਮਾਜਕ ਕਾਰਕੁਨ, ਤਰਕਸ਼ੀਲ ਅਤੇ ਵੈਨਕੂਵਰ ਸੱਥ ਤੇ ਪਰਚਾ ਵਤਨ ਦਾ ਕਾਮਾ ਅਮਨਪਾਲ ਸਾਰਾ 66 ਵਰ੍ਹਿਆਂ ਦੀ ਉਮਰੇ, ਵੇਲੇ ਤੋਂ ਕਿਤੇ ਪਹਿਲਾ ਸਦੀਵੀ ਉਡਾਰੀ ਮਾਰ, ਸਾਹਿਤਕ ਅਤੇ ਅਗਾਂਹਵਧੂ ਹਲਕਿਆਂ ਦੇ ਪੱਲੇ ਬੇਹੱਦ ਉਦਾਸ ਖ਼ਬਰ ਪਾ ਗਿਆ ਹੈ।
ਤਿੰਨ ਦਹਾਕਿਆਂ ਦੇ ਕਰੀਬ ਦੇ ਆਪਣੇ ਸਾਹਿਤਕ ਜੀਵਨ ਵਿੱਚ ਅਮਨਪਾਲ ਨੇ ਤਿੰਨ ਕਹਾਣੀ ਸੰਗ੍ਰਹਿ - ਸਰਦ ਰਿਸ਼ਤੇ (1993), ਵੀਹਾਂ ਦਾ ਨੋਟ (2000), ਡਾਇਮੰਡ ਰਿੰਗ (2006) - ਅਤੇ ਇੱਕ ਕਾਵਿ ਸੰਗ੍ਰਹਿ - ਦੋ ਮਾਂਵਾਂ ਦਾ ਪੁੱਤਰ (1999) ਪ੍ਰਕਾਸ਼ਤ ਕੀਤੇ।
ਅਮਨਪਾਲ ਦਾ ਜਨਮ 2 ਅਗਸਤ 1957 ਨੂੰ ਹੁਸ਼ਿਆਰਪੁਰ ਵਿੱਚ ਹੋਇਆ। ਸੰਨ 76 ਵਿੱਚ ਉਸ ਨੇ ਸਰਕਾਰੀ ਕਾਲਜ ਹੁਸ਼ਿਆਰਪੁਰ ਤੋਂ ਬੀ.ਐੱਸਸੀ. ਕੀਤੀ ਅਤੇ ਕੈਨੇਡਾ ਚਲਾ ਗਿਆ। ਤਿੰਨ ਸਾਲ ਕੈਨੇਡਾ ਰਹਿਣ ਤੋਂ ਬਾਅਦ ਉਹ 1979 ਵਿੱਚ ਵਾਪਸ ਭਾਰਤ ਆ ਗਿਆ। ਸੰਨ 80 ਵਿੱਚ ਕੈਨੇਡਾ ਮੁੜਨ ਉਪਰੰਤ ਉਸ ਦਾ ਵਿਆਹ ਸੁੱਘੜ-ਸਿਆਣੀ ਸੁਖਜਿੰਦਰ ਕੌਰ ਸ਼ੇਰਗਿੱਲ ਨਾਲ ਹੋਇਆ। ਉਹਨਾਂ ਦੇ ਘਰ ਦੋ ਲਾਇਕ ਬੇਟੇ ਪੈਦਾ ਹੋਏ, ਅਜ਼ਾਦ ਪਾਲ ਅਤੇ ਸੂਰਜ ਪਾਲ।
ਸੰਨ 1984 ਵਿੱਚ ਅਮਨਪਾਲ ਵੈਨਕੂਵਰ ਸੱਥ ਵਿੱਚ ਆ ਕੇ ਰੰਗਮੰਚ ਕਰਨ ਲੱਗਾ ਅਤੇ ਵੈਨਕੂਵਰ ਸੱਥ ਵੱਲੋਂ ਖੇਡੇ ਬਹੁਤ ਸਾਰੇ ਨਾਟਕਾਂ ਵਿੱਚ ਕੰਮ ਕੀਤਾ, ਨਾਲ ਹੀ ਇਹਨਾਂ ਨਾਟਕਾਂ ਦੀ ਪ੍ਰੋਡਕਸ਼ਨ ਵਿੱਚ ਵੀ ਸਰਗਰਮ ਹਿੱਸਾ ਪਾਇਆ। ਅਮਨਪਾਲ ਨੇ ਵੈਨਕੂਵਰ ਸੱਥ ਦੇ ਜਿਹਨਾਂ ਨਾਟਕਾਂ ਵਿੱਚ ਕਮਾਲ ਦਾ ਕੰਮ ਕੀਤਾ, ਉਹ ਸਨ ਪਿਕਟ ਲਾਈਨ (ਅੰਗਰੇਜ਼ੀ ਅਤੇ ਪੰਜਾਬੀ), ਲੱਤਾਂ ਦੇ ਭੂਤ, ਹਵੇਲੀਆਂ ਤੇ ਪਾਰਕਾਂ, ਜ਼ਹਿਰ ਦੀ ਫਸਲ, ਮਲੂਕੇ ਦਾ ਵਿਸ਼ਵ ਵਿਦਿਆਲਾ, ਨਿੱਕੀ ਜਿਹੀ ਗੱਲ ਨਹੀਂ, ਤੂਤਾਂ ਵਾਲਾ ਖੂਹ ਅਤੇ ਏ ਕਰਾਪ ਆਫ ਪੁਆਜ਼ਿਨ (ਜ਼ਹਿਰ ਦੀ ਫਸਲ ਦਾ ਅੰਗਰੇਜ਼ੀ ਰੂਪ)। ਇਹ ਨਾਟਕ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਵਿੱਚ ਖੇਡੇ ਗਏ।
ਸੰਨ 1989 ਵਿੱਚ ਜਦੋਂ ਸਾਹਿਤਕ ਮੈਗਜ਼ੀਨ ਵਤਨ ਸ਼ੁਰੂ ਹੋਇਆ ਤਦ ਉਸ ਸਾਧੂ ਵਨਿੰਗ ਅਤੇ ਸੁਖਵੰਤ ਹੁੰਦਲ ਵਰਗੇ ਅਗਾਂਹਵਧੂ ਚਿੰਤਕਾਂ ਨਾਲ ਵਤਨ ਦੀ ਸੰਪਾਦਕੀ/ਪ੍ਰਬੰਧਕੀ ਦਾ ਕਾਰਜ 1995 ਤਕ ਨਿਭਾਇਆ।
ਵਤਨ ਵਿੱਚ ਕੰਮ ਕਰਦਿਆਂ ਅਮਨਪਾਲ ਨੇ ਲੋਕ-ਸਰੋਕਾਰਾਂ ਨੂੰ ਸੰਬੋਧਿਤ ਕਹਾਣੀਆਂ ਲਿਖਣੀਆਂ ਸ਼ੁਰੂ ਕੀਤੀਆਂ। ਸਿਰਜਣਾ ਦੇ ਜੁਲਾਈ-ਸਤੰਬਰ 1996 ਦੇ ਅੰਕ ਵਿੱਚ ਅਮਨਪਾਲ ਦੀ ਕਹਾਣੀ “ਵੀਹਾਂ ਦਾ ਨੋਟ” ਛਪੀ। “ਵੀਹਾਂ ਦਾ ਨੋਟ” ਕਹਾਣੀ ਨੇ ਨਾ ਸਿਰਫ ਮਨੁੱਖੀ ਸੰਵੇਦਨਾ ਨੂੰ ਹਲੂਣ ਕੇ ਰੱਖ ਦਿੱਤਾ ਸਗੋਂ ਸਾਰਾ ਵੀ ਇੱਕ ਨਾਮਣੇ ਵਾਲੇ ਕਹਾਣੀਕਾਰ ਵਜੋਂ ਸਥਾਪਿਤ ਹੋ ਗਿਆ। ਸਿਰਜਣਾ ਦੇ ਕਵਰ ’ਤੇ ਸਿਰਜਣਾ ਦੇ ਸੰਪਾਦਕ ਰਘਬੀਰ ਸਿੰਘ ਨੇ ਇਸ ਕਹਾਣੀ ਦੀ ਪਛਾਣ ਕਰਾਉਂਦਿਆਂ ਲਿਖਿਆ ਸੀ, “ਇਕ ਸਮਰੱਥ ਕਹਾਣੀਕਾਰ ਵਜੋਂ ਕੈਨੇਡੀਅਨ ਲੇਖਕ ਅਮਨਪਾਲ ਸਾਰਾ ਦੀ ਪਛਾਣ: ਕਹਾਣੀ ਵੀਹਾਂ ਦਾ ਨੋਟ।” ਧੁਨੰਤਰ ਵਿਚਾਰਕ ਪੇਪਰ ਸਿਰਜਣਾ ਦੇ ਸੰਪਾਦਕ ਦੀ ਇਹ ਸੰਖੇਪ ਟਿੱਪਣੀ ਇਸ ਗੱਲ ਦਾ ਐਲਾਨ ਸੀ ਕਿ ਹੁਣ ਸਾਡਾ ਅਮਨਪਾਲ ਪੰਜਾਬੀ ਦਾ ਇੱਕ ਸਥਾਪਤ ਕਹਾਣੀਕਾਰ ਬਣ ਗਿਆ ਹੈ।
ਵਤਨ ਵਿੱਚ ਕੰਮ ਕਰਦਿਆਂ ਅਮਨਪਾਲ ਨੇ ਲਾਲਾ ਹਰਦਿਆਲ ਦੇ ਮਸ਼ਹੂਰ ਲੇਖ “ਕੰਪੈਰੇਟਿਵ ਰਿਲੀਜਨ” ਦਾ “ਤੁਲਨਾਤਮਕ ਧਰਮ” ਦੇ ਨਾਂ ਹੇਠ ਪੰਜਾਬੀ ਵਿੱਚ ਅਨੁਵਾਦ ਕੀਤਾ ਸੀ।
ਵੈਨਕੂਵਰ ਸੱਥ ਦੇ ਮੈਂਬਰ ਵਜੋਂ ਅਮਨਪਾਲ ਸਿਰਫ ਸੱਥ ਦੇ ਰੰਗਮੰਚ ਅਤੇ ਵਤਨ ਵਿੱਚ ਹੀ ਕੰਮ ਨਹੀਂ ਕਰਦਾ ਸੀ, ਸਗੋਂ ਸੱਥ ਵੱਲੋਂ ਕੀਤੇ ਹੋਰ ਪ੍ਰੋਜੈਕਟਾਂ ਵਿੱਚ ਵੀ ਕੀਮਤੀ ਯੋਗਦਾਨ ਪਾਉਂਦਾ ਸੀ। ਉਦਾਹਰਣ ਲਈ ਸੰਨ 1989 ਵਿੱਚ ਸਾਧੂ ਸਿੰਘ ਧਾਮੀ ਦੇ ਨਾਵਲ ਮਲੂਕਾ ਨੂੰ ਕੈਨੇਡਾ ਵਿੱਚ ਰਿਲੀਜ਼ ਕਰਨ ਦੇ ਪ੍ਰੋਜੈਕਟ ਵਿੱਚ ਅਮਨਪਾਲ ਨੇ ਕਾਫੀ ਕੰਮ ਕੀਤਾ ਸੀ। ਇਸ ਹੀ ਤਰ੍ਹਾਂ ਅਮਨਪਾਲ ਵੈਨਕੂਵਰ ਸੱਥ ਵੱਲੋਂ ਕੱਢੇ ਮੈਗਜ਼ੀਨ ‘ਅੰਕੁਰ’ ਦੀ ਟੀਮ ਦਾ ਵੀ ਮੈਂਬਰ ਸੀ।
ਸੱਥ ਅਤੇ ਵਤਨ ਤੋਂ ਬਿਨਾਂ ਅਮਨਪਾਲ ਵੈਨਕੂਵਰ ਦੇ ਇਲਾਕੇ ਵਿੱਚ ਹੁੰਦੀਆਂ ਸਾਹਿਤਕ ਸਰਗਰਮੀਆਂ ਵਿੱਚ ਸਰਗਰਮੀ ਨਾਲ ਹਿੱਸਾ ਲੈਂਦਾ ਸੀ। ਆਪਣੇ ਸਾਹਿਤਕ ਸਫਰ ਦੌਰਾਨ ਉਹ ਵੈਨਕੂਵਰ ਦੇ ਇਲਾਕੇ ਵਿੱਚਲੀ ਲੇਖਕਾਂ ਦੀ 50 ਸਾਲ ਪੁਰਾਣੀ ਸੰਸਥਾ ਪੰਜਾਬੀ ਲੇਖਕ ਮੰਚ ਦਾ ਸਰਗਰਮ ਮੈਂਬਰ ਰਿਹਾ ਸੀ।
ਨਾਟਕਾਂ ਤੋਂ ਬਿਨਾਂ ਅਮਨਪਾਲ ਨੇ ਫਿਲਮਾਂ ਵੀ ਬਣਾਈਆਂ। ਉਸ ਦੀ ਪਹਿਲੀ ਫਿਲਮ ਉਹਲਾ ਸੀ, ਜਿਸ ਵਿੱਚ ਉਸ ਨਾਲ ਰਮਾ ਵਿੱਜ ਨੇ ਮੁੱਖ ਨਿਭਾਈ ਸੀ। ਉਸ ਤੋਂ ਬਾਅਦ ਸੰਨ 2001 ਵਿੱਚ ਉਸ ਨੇ ‘ਗੁਲਦਸਤਾ’ ਨਾਂ ਦੀ ਫਿਲਮ ਬਣਾਈ।
ਡੇਢ-ਦੋ ਦਹਾਕੇ ਪਹਿਲਾਂ ਅਮਨਪਾਲ ਨੂੰ ਪਾਰਕਿਨਸਨ ਬੀਮਾਰੀ ਹੋਣ ਦਾ ਪਤਾ ਲੱਗਾ ਸੀ। ਇਸ ਬੀਮਾਰੀ ਨੇ ਹੌਲੀ ਹੌਲੀ ਉਸ ਦੀ ਲਿਖਣ ਦੀ ਅਤੇ ਸਾਹਿਤਕ ਸਰਗਰਮੀਆਂ ਵਿੱਚ ਸ਼ਾਮਲ ਹੋਣ ਦੀ ਸਮਰੱਥਾ ’ਤੇ ਅਸਰ ਪਾਉਣਾ ਸ਼ੁਰੂ ਕਰ ਦਿੱਤਾ, ਅਖੀਰ ਇਹ ਪ੍ਰਤਿਭਾਵਾਨ ਯੁੱਧ ਸਾਥੀ ਲੰਬੇ ਸਮੇਂ ਲਈ ਬੇਹੱਦ ਸਰੀਰਕ ਪੀੜਾਂ ਹੰਢਾਉਣ ਲਈ ਮੰਜੇ ’ਤੇ ਢਹਿ ਪਿਆ।
ਅਮਨਪਾਲ ਦੀ ਇਸ ਸੰਸਾਰ ਤੋਂ ਵਿਦਾਇਗੀ ਸਮੇਂ ਉਸ ਦੇ ਸਾਹਿਤਕ ਅਤੇ ਰੰਗਮੰਚੀ ਜੀਵਨ ’ਤੇ ਇਹ ਸੰਖੇਪ ਝਾਤ ਇਹ ਦਰਸਾਉਂਦੀ ਹੈ ਕਿ ਉਸ ਦਾ ਪੰਜਾਬੀ ਸਾਹਿਤ, ਖਾਸ ਕਰਕੇ ਕੈਨੇਡਾ ਦੇ ਪੰਜਾਬੀ ਸਾਹਿਤ ਵਿੱਚ ਇੱਕ ਮਹੱਤਵਪੂਰਨ ਥਾਂ ਹੈ। ਉਸ ਨੇ ਕੈਨੇਡਾ ਵਿੱਚ ਪੰਜਾਬੀ ਰੰਗਮੰਚ ਨੂੰ ਪ੍ਰਫੁੱਲਤ ਕਰਨ ਲਈ ਅਹਿਮ ਯੋਗਦਾਨ ਪਾਇਆ ਹੈ। ਉਸ ਵੱਲੋਂ ਕੀਤੇ ਇਸ ਸਾਹਿਤਕ ਕਾਰਜ ਨੂੰ ਸਲਾਮ!
ਇੱਥੇ ਇਹ ਦੱਸ ਦੇਣਾ ਕੁਥਾਂ ਨਹੀਂ ਹੋਵੇਗਾ ਕਿ ਬੇਹੱਦ ਚਰਚਿਤ ਹੋਈ ਕਹਾਣੀ “ਵੀਹਾਂ ਦਾ ਨੋਟ”, ਜਿਹੜੀ ਪਾਕਿਸਤਾਨ ਦੀ ਪੰਜਾਬ ਯੂਨੀਵਰਸਿਟੀ ਦੇ ਸਿਲੇਬਸ ਦਾ ਵੀ ਹਿੱਸਾ ਬਣੀ, ਦੇ ਦੋ ਮੁੱਖ ਪਾਤਰ ਮਾਹਿਲਪੁਰ ਖਿੱਤੇ ਦੇ ਮਕਬੂਲ ਪਿੰਡ ਬਾਹੋਵਾਲ ਅਤੇ ਬੰਬੇਲੀ ਦੇ, ਨਾਂ-ਬਦਲਵੇਂ, ਜਾਏ ਹਨ।
ਅਮਨਪਾਲ ਦੀ ਮਾਂ ਬੀਬੀ ਗੁਰਮੀਤ ਕੌਰ ਸਾਰਾ ਗ਼ਦਰੀ ਸ਼ਹੀਦ ਭਾਈ ਵੀਰ ਸਿੰਘ ਬਾਹੋਵਾਲ ਦੀ ਪੋਤੀ ਅਤੇ ਬਹੁਪਰਤੀ ਦੇਸ਼ ਭਗਤ ਜਰਨੈਲ ਮੂਲਾ ਸਿੰਘ ਬਾਹੋਵਾਲ ਦੀ ਧੀ ਹੈ। ਉੱਜਲ ਦੁਸਾਂਝ ਇਸਦਾ ਮਸੇਰ ਹੈ ਅਤੇ ਕੈਨੇਡਾ ਦਾ ਉੱਘਾ ਵਕੀਲ ਆਨੰਦਪਾਲ ਸਾਰਾ ਸਕਾ ਭਾਈ। ਜਿੱਥੇ ਇਸਦਾ ਬਾਪ ਸਵ. ਹਰਨੌਨਿਹਾਲ ਸਿੰਘ ਹੁਸ਼ਿਆਰਪੁਰ ਜ਼ਿਲ੍ਹੇ ਦਾ ਉੱਘਾ ਵਿੱਦਿਆ ਦਾਨੀ ਸੀ ਉੱਥੇ ਪੁਰਖਿਆਂ ਅਤੇ ਅਮਨਪਾਲ ਸਾਰਾ ਦੀ ਸੋਚ ਮੁਤਾਬਿਕ ਇਸ ਸਮਾਜ ਸੇਵੀ ਟੱਬਰ ਨੇ ਪਿੱਛੇ-ਜਿਹੇ ਬੰਬੇਲੀ ਪਿੰਡ ਦੇ ਸਰਕਾਰੀ ਸਕੂਲ ਦੀ ਬਿਹਤਰੀ ਲਈ ਕੀਤੇ ਜਾ ਰਹੇ ਕਾਰਜਾਂ ਵਿੱਚ 31 ਲੱਖ, ਇੱਕ ਵੱਡੀ ਰਕਮ, ਦਾ ਸਹਿਯੋਗੀ ਹਿੱਸਾ ਪਾਇਆ। ਹੋਰਾਂ ਸਮੇਤ ਅਮਨਪਾਲ ਕਦੇ-ਕਦੰਤ ਮੇਰੇ ਨਾਲ ਵੀ ਸੰਵਾਦ ਰਚਾਉਂਦਾ ਰਹਿੰਦਾ, ਵਤਨੇ-ਮੁਲਕ ਦੀ ਹਾਲਤਾਂ ਤੋਂ ਬੇਹੱਦ ਬੇਚੈਨ ਸੀ ਉਹ।
ਆਪਣੀ ਮਿੱਟੀ ਨਾਲ ਸਦਾ ਜੁੜਿਆ ਰਹਿਣ ਵਾਲਾ, 19 ਜਨਵਰੀ 2023 ਨੂੰ, ਸਮੇਂ ਤੋਂ ਕਿਤੇ ਪਹਿਲਾਂ ਤੁਰ ਜਾਣ ਵਾਲਾ ਕਰਮਯੋਗੀ ਅਮਨ ਪਾਲ! ਸਾਡੇ ਚੇਤਿਆਂ ਵਿੱਚ ਸਦਾ ਜਿੰਦਾ ਰਹੇਗਾ। --- ਵਿਜੈ ਬੰਬੇਲੀ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3764)
(ਸਰੋਕਾਰ ਨਾਲ ਸੰਪਰਕ ਲਈ: