“ਹਕੀਕਤ ਇਹ ਹੈ ਕਿ ਮਨੁੱਖ ਦੁਆਰਾ ਪੈਦਾ ਕੀਤੀਆਂ ਵਾਤਾਵਰਣੀ ਬਿਪਤਾਵਾਂ ...”
(4 ਮਾਰਚ 2020)
ਮਨੁੱਖ ਕੁਦਰਤ ਦੀ ਬਿਹਤਰੀਨ ਰਚਨਾ ਹੈ। ਆਦਿ ਕਾਲ ਤੋਂ ਹੀ ਆਪਣੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਲਈ ਮਨੁੱਖ ਕੁਦਰਤੀ ਸਰੋਤਾਂ ਦੀ ਵਰਤੋਂ-ਕੁਵਰਤੋਂ ਕਰਦਾ ਆ ਰਿਹਾ ਹੈ। ਮਨੁੱਖੀ ਇਤਿਹਾਸ ਜੰਗਾਂ, ਜਿੱਤਾਂ ਅਤੇ ਵੰਸ਼ਾਂ ਦਾ ਹੀ ਇਤਿਹਾਸ ਨਹੀਂ ਸਗੋਂ ਮਨੁੱਖ ਦੀ ਕੁਦਰਤੀ ਰਹੱਸਾਂ ਨੂੰ ਸਮਝਣ ਦੀ ਪ੍ਰਬਲ ਤਾਂਘ ਦਾ ਇਤਿਹਾਸ ਵੀ ਹੈ। ਇਸੇ ਪ੍ਰਬਲ ਤਾਂਘ ਅਤੇ ਪ੍ਰਾਪਤੀਆਂ ਦਾ ਮਨੁੱਖ ਨਾਜਾਇਜ਼ ਫ਼ਾਇਦਾ ਉਠਾਉਣ ਲੱਗਿਆ। ਲਾਲਸੀ ਮਨੁੱਖ ਦਾ ਇੱਕੋ-ਇੱਕ ਨਿਸ਼ਾਨਾ ਕੁਦਰਤ ਉੱਪਰ ਆਪਣਾ ਨਿਜ਼ਾਮ ਸਥਾਪਤ ਕਰਨਾ ਬਣ ਗਿਆ। ਉਸ ਦੇ ਉਜੱਡ ਤੌਰ-ਤਰੀਕਿਆਂ ਨੇ ਧਰਤੀ ਅਤੇ ਕੁਦਰਤ ਨੂੰ ਮਧੋਲਣਾ ਸ਼ੁਰੂ ਕਰ ਦਿੱਤਾ। ਸਿੱਟੇ ਵਜੋਂ ਮਾਰੂ ਨਤੀਜੇ ਸਾਹਮਣੇ ਆਉਣ ਲੱਗੇ ਹਨ। ਅੰਤ ਮਨੁੱਖ ਵੀ ਮਧੋਲਿਆ ਜਾਵੇਗਾ। ਨਿਰਸੰਦੇਹ, ਇਨਸਾਨ ਦਾ ਕੁਦਰਤ ਨਾਲ ਸੰਘਰਸ਼ ਨਿਰੰਤਰ ਜਾਰੀ ਹੈ। ਜਾਰੀ ਰਹਿਣਾ ਵੀ ਚਾਹੀਦਾ ਹੈ, ਪਰ ਇਸ ਵਿਸ਼ਵਾਸ ਨਾਲ ਨਹੀਂ ਕਿ ਉਹ ਇੱਕ ਦਿਨ ਕੁਦਰਤ ਉੱਤੇ ਮੁਕੰਮਲ ਰੂਪ ਵਿੱਚ ਕਾਬੂ ਪਾ ਲਵੇਗਾ। ਇਤਿਹਾਸ ਦੱਸਦਾ ਹੈ ਕਿ ਨੀਲ ਘਾਟੀ ਦੀ ਸਭਿਅਤਾ, ਸੀਰੀਆ, ਯੂਨਾਨੀ ਤੇ ਸਾਡੀ ਆਪਣੀ ਸਿੰਧੂ ਘਾਟੀ ਦੀ ਸਭਿਅਤਾ ਕੁਦਰਤ ਦੇ ਅਸੂਲਾਂ ਉੱਤੇ ਨਾ ਚੱਲਣ ਕਰਕੇ ਹੀ ਲੋਪ ਹੋ ਗਈਆਂ ਸਨ।
ਹੁਣ ਕੁਦਰਤੀ ਸੋਮਿਆਂ ਦੇ ਘਾਣ ਅਤੇ ਵਾਤਾਵਰਣ ਪ੍ਰਦੂਸ਼ਣ ਦਾ ਵੱਡਾ ਕਾਰਨ ਸਾਮਰਾਜੀ ਪ੍ਰਬੰਧਾਂ ਅਤੇ ਧਨ ਕੁਬੇਰਾਂ ਵੱਲੋਂ ਸਿਰਜਿਆ ਅਜੋਕਾ ਵਿਕਾਸ ਮਾਡਲ ਹੈ। ਇਹ ਮਾਡਲ ਨਿੱਜ ਆਧਾਰਿਤ ਹੋਣ ਦੇ ਨਾਲ-ਨਾਲ ਕਿਰਤ ਦੀ ਲੁੱਟ, ਮੰਡੀਆਂ ਅਤੇ ਕੁਦਰਤੀ ਸਰੋਤਾਂ ਉੱਤੇ ਕਬਜ਼ੇ ਅਤੇ ਫਿਰ ਇਸੇ ਮੁਨਾਫ਼ੇ ਦੀ ਦੁਰਵਰਤੋਂ ਰਾਹੀਂ ਸੱਤਾ ਉੱਤੇ ਕਾਬਜ਼ ਹੋਣ ਲਈ ਹੈ। ਇਸ ਕਰੂਰ ਮਾਡਲ ਨੇ ਮਨੁੱਖ ਅਤੇ ਕੁਦਰਤ ਦਾਅ ਉੱਤੇ ਲਾ ਦਿੱਤੇ ਹਨ। ਕੁਦਰਤ ਦੀ ਲੁੱਟ ਭਾਵ ਖਣਿਜਾਂ ਤੇ ਪੈਟਰੋ-ਕੈਮੀਕਲ ਪਦਾਰਥਾਂ ਦਾ ਬੇਕਿਰਕ ਖਣਨ, ਜੰਗਲਾਂ ਦੀ ਕਟਾਈ, ਕੀਟਨਾਸ਼ਕ ਜ਼ਹਿਰਾਂ ਦੇ ਛਿੜਕਾਅ ਅਤੇ ਜਲ-ਸੋਮਿਆਂ ਦੇ ਨਸ਼ਟ ਹੁੰਦੇ ਜਾਣ ਨਾਲ ਬਨਸਪਤੀ ਅਤੇ ਜੀਵ-ਜੰਤੂਆਂ ਦੀਆਂ ਬਹੁਤ ਸਾਰੀਆਂ ਵੰਨਗੀਆਂ ਨਸ਼ਟ ਹੋ ਗਈਆਂ ਹਨ। ਕੁਦਰਤੀ ਤਵਾਜ਼ਨ ਵਿਗੜਨ ਨਾਲ ਮੌਸਮਾਂ ਵਿੱਚ ਮਾਰੂ ਤਬਦੀਲੀ ਹੋਣ ਲੱਗ ਪਈ ਹੈ। ਜੀਵਾਂ ਦਾ ਘਾਣ ਹੋ ਰਿਹਾ ਹੈ।
ਪ੍ਰਾਚੀਨ ਸਮਿਆਂ ਵਿੱਚ ਕੁਦਰਤੀ ਵਿਕਾਸ ਦੌਰਾਨ ਜੀਵ ਵੰਨਗੀਆਂ ਦੇ ਖ਼ਤਮ ਹੋਣ ਦੀ ਦਰ 60-70 ਸਾਲਾਂ ਦੌਰਾਨ ਸਿਰਫ਼ ਇੱਕ ਵੰਨਗੀ ਦਾ ਖ਼ਾਤਮਾ ਹੀ ਸੀ। ਦੁਧਾਰੂ ਜੀਵਾਂ ਦੀ ਵੰਨਗੀ ਦਾ ਖ਼ਾਤਮਾ 400 ਸਾਲਾਂ ਵਿੱਚ ਪ੍ਰਤੀ ਇੱਕ ਨੋਟ ਹੋਇਆ ਅਤੇ ਪੰਛੀਆਂ ਦੀ 200 ਸਾਲਾਂ ਪਿੱਛੋਂ ਇੱਕ। ਇਸ ਮਗਰੋਂ ਸਥਿਤੀ ਦਿਨ-ਬ-ਦਿਨ ਵਧੇਰੇ ਚਿੰਤਾਜਨਕ ਹੋਣ ਲੱਗੀ। ਸੰਨ 1600 ਤੋਂ 1900 ਦੌਰਾਨ ਹਰ ਚਾਰ ਸਾਲਾਂ ਵਿੱਚ ਇੱਕ ਜੀਵਨ ਵੰਨਗੀ ਖ਼ਤਮ ਹੋਣ ਲੱਗੀ ਅਤੇ 1900 ਉਪਰੰਤ ਹਰ ਸਾਲ ਇੱਕ। ਕਾਰਨ ਆਬਾਦੀ ਦਾ ਵਾਧਾ ਅਤੇ ਕੁਦਰਤ ਵਿੱਚ ਦਖਲਅੰਦਾਜ਼ੀ। ਹੁਣ ਰੋਜ਼, ਇੱਕ ਜੀਵ ਜਾਂ ਪੌਦ ਵੰਨਗੀ ਖ਼ਤਮ ਹੋਣ ਦਾ ਅਨੁਮਾਨ ਹੈ। ਇਹ ਕੁਦਰਤ ਦੇ ਅਸੰਤੁਲਨ ਦਾ ਪ੍ਰਮਾਣ ਹੈ। ਆਪਣੀਆਂ ਬੇਲੋੜੀਆਂ ਖ਼ਾਹਿਸ਼ਾਂ ਕਾਰਨ ਮਨੁੱਖ ਜਿੰਨਾ ਕੁ ਜ਼ਹਿਰਾਂ ਅਤੇ ਹਥਿਆਰਾਂ ਨਾਲ ਜੀਵ-ਘਾਤ ਕਰ ਰਿਹਾ ਹੈ, ਉਸ ਨੇ ਇਸ ਵਰਤਾਰੇ ਨੂੰ ਜ਼ਰਬਾਂ ਦੇ ਦਿੱਤੀਆਂ ਹਨ। ਸ਼ਾਇਦ ਅਸੀਂ ਨਹੀਂ ਜਾਣਦੇ ਕਿ 10 ਤੋਂ 30 ਜੀਵ ਸਿੱਧੇ ਜਾਂ ਅਸਿੱਧੇ ਤੌਰ ਉੱਤੇ ਇੱਕ ਪ੍ਰਜਾਤੀ ਦੇ ਪੌਦਿਆਂ ਜਾਂ ਜੰਤੂਆਂ ਉੱਤੇ ਨਿਰਭਰ ਕਰਦੇ ਹਨ। ਜੇਕਰ ਉਸ ਪੌਦੇ ਦੇ ਪਰਾਗਣ ਵਾਲਾ ਕੀੜਾ ਲੋਪ ਹੋ ਜਾਂਦਾ ਹੈ ਤਾਂ ਬਾਕੀ ਦੇ 29 ਜਾਨਵਰਾਂ ਦਾ ਪ੍ਰਭਾਵਿਤ ਹੋਣਾ ਲਾਜ਼ਮੀ ਹੈ। ਇਉਂ ਹੀ ਜੰਤੂਆਂ ਦੇ ਸਬੰਧ ਵਿੱਚ ਹੈ। ਇੰਜ ਇੱਕ ਅੰਤਰ-ਸਬੰਧਿਤ ਲੰਮੀ ਕੜੀ ਬਣ ਜਾਂਦੀ ਹੈ ਅਤੇ ਉਸ ਖੇਤਰ ਦੇ ਸਾਰੇ ਪੌਦਿਆਂ ਜਾਂ ਜੀਵਾਂ ਨੂੰ ਖ਼ਤਰਾ ਖੜ੍ਹਾ ਹੋ ਜਾਂਦਾ ਹੈ। ਜ਼ਹਿਰਾਂ 1: 300 ਦੇ ਅਨੁਪਾਤ ਨਾਲ ਦੁਸ਼ਮਣ ਅਤੇ ਮਿੱਤਰ ਕੀਟਾਂ ਦਾ ਨਾਸ਼ ਕਰਦੀਆਂ ਹਨ ਅਤੇ ਸੱਤ ਸੌ ਕਿਸਮ ਦੇ ਦੁਸ਼ਮਣ ਕੀੜਿਆਂ ਦੀ ਜ਼ਹਿਰ ਸਹਿਣ ਦੀ ਸਮਰਥਾ ਵਧ ਗਈ ਹੈ। ਵਿਗਿਆਨੀਆਂ ਅਨੁਸਾਰ ਜੇ ਕੀਟ-ਪਤੰਗੇ ਖ਼ਤਮ ਹੋ ਗਏ ਤਾਂ ਮਹਿਜ਼ 100 ਸਾਲਾਂ ਵਿੱਚ ਧਰਤੀ ਤੋਂ ਜੀਵਨ ਖ਼ਤਮ ਹੋ ਜਾਵੇਗਾ। ਪਰ ਜੇ ਮਨੁੱਖ ਖ਼ਤਮ ਹੋ ਜਾਵੇ ਤਾਂ ਮਹਿਜ਼ 50 ਸਾਲਾਂ ਵਿੱਚ ਦੁਨੀਆਂ ਫਿਰ ਹਜ਼ਾਰਾਂ ਸਾਲ ਪਹਿਲਾਂ ਵਾਂਗ ਹੀ ਹਰੀ-ਭਰੀ, ਜੀਵ-ਯੁਕਤ ਅਤੇ ਸ਼ੁੱਧ ਪਾਣੀ ਨਾਲ ਭਰਪੂਰ ਹੋ ਜਾਵੇਗੀ।
‘ਪਾਲਿਸੀ ਪਲੈਟਫਾਰਮ ਆਨ ਬਾਇਓਡਾਇਵਰਸਿਟੀ ਐਂਡ ਈਕੋ ਸਿਸਟਮ ਸਰਵਿਸਿਜ਼’ ਨੇ ਵੱਖ-ਵੱਖ ਮੁਲਕਾਂ ਦੇ 550 ਵਿਗਿਆਨੀਆਂ ਤੋਂ 129 ਮੈਂਬਰ ਮੁਲਕਾਂ ਦੀਆਂ ਦਸ ਹਜ਼ਾਰ ਖੋਜ ਲਿਖਤਾਂ ਦੀ ਛਾਣਬੀਣ ਕਰਕੇ ਰਿਪੋਰਟ ਤਿਆਰ ਕਰਵਾਈ। ਇਸ ਰਿਪੋਰਟ ਮੁਤਾਬਿਕ 2048 ਤੱਕ ਏਸ਼ੀਆ ਪ੍ਰਸ਼ਾਂਤ ਨਾਲ ਲੱਗਦੇ ਸਮੁੰਦਰਾਂ ਵਿੱਚੋਂ ਮੱਛੀਆਂ ਦਾ ਖ਼ਾਤਮਾ ਹੋ ਜਾਵੇਗਾ। ਸੰਨ 2100 ਤੱਕ ਅਫ਼ਰੀਕੀ ਉਪ-ਮਹਾਂਦੀਪ ਵਿੱਚ ਅੱਧੇ ਪੰਛੀ ਅਤੇ ਥਣਧਾਰੀ ਪ੍ਰਜਾਤੀਆਂ ਖ਼ਤਮ ਹੋ ਜਾਣਗੀਆਂ। ਇਹੀ ਨਹੀਂ, ਨੇੜ-ਭਵਿੱਖ ਵਿੱਚ 122 ਦੇਸ਼ਾਂ ਦੀ ਅਨਾਜ ਸੁਰੱਖਿਆ ਖ਼ਤਰੇ ਵਿੱਚ ਪੈ ਜਾਵੇਗੀ। ਕੁਦਰਤ ਦੇ ਅਸਾਵੇਂਪਣ ਅਤੇ ਪ੍ਰਦੂਸ਼ਣ ਕਾਰਨ ਹੁਣ ਤੱਕ ਤਿਤਲੀਆਂ ਦੀਆਂ 70 ਫ਼ੀਸਦੀ ਅਤੇ ਪੰਛੀਆਂ ਦੀ 56 ਫ਼ੀਸਦੀ ਗਿਣਤੀ ਹੀ ਨਹੀਂ ਘਟੀ ਸਗੋਂ ਕਈ ਵੰਨਗੀਆਂ ਤਾਂ ਬਿਲਕੁਲ ਹੀ ਛੁਪਣ-ਛੋਤ ਹੋ ਗਈਆਂ ਹਨ। ਕਿਸੇ ਵੇਲੇ ਸੰਸਾਰ ਵਿੱਚ ਜਲਥਲੀ ਜੀਵਾਂ ਦੀਆਂ ਦੋ ਹਜ਼ਾਰ ਤੋਂ ਵੱਧ, ਥਣਧਾਰੀ ਚਾਰ ਹਜ਼ਾਰ, ਰੀਂਗਣ ਵਾਲੇ ਸਾਢੇ ਪੰਜ ਹਜ਼ਾਰ ਅਤੇ ਪੰਛੀ ਅੱਠ ਹਜ਼ਾਰ ਤੋਂ ਕਿਤੇ ਵੱਧ, ਕੋਮਲਦੇਹੀ ਦਸ ਹਜ਼ਾਰ, ਮਗਰ-ਮੱਛੀਆਂ ਤੇਈ ਹਜ਼ਾਰ ਅਤੇ ਸੂਖ਼ਮ ਜੀਵ ਤੇ ਕੀੜੇ-ਮਕੌੜਿਆਂ ਦੀਆਂ ਲਗਭਗ ਸਾਢੇ ਅੱਠ ਲੱਖ ਕਿਸਮਾਂ ਸਨ। ਇਹ ਹੁਣ ਘਟ ਕੇ ਕ੍ਰਮਵਾਰ ਤਕਰੀਬਨ 400, 1200, 400, 200, 5000, 2000 ਅਤੇ 60000 ਅਰਥਾਤ ਸਿਰਫ਼ ਪੌਣਾ ਕੁ ਲੱਖ ਹੀ ਰਹਿ ਗਏ ਹਨ। ਇਹ ਮਨੁੱਖ ਜਾਤੀ ਲਈ ਗੰਭੀਰ ਚਿਤਾਵਨੀ ਹੈ।
ਇਸ ਗ੍ਰਹਿ ਉੱਤੇ ਮੌਜੂਦ ਸਮੁੱਚੀ ਛੋਟੀ ਤੋਂ ਛੋਟੀ ਬਨਸਪਤੀ ਅਤੇ ਸੂਖ਼ਮ ਜੀਵਾਂ ਤੱਕ, ਸੱਭੇ ਕੁਦਰਤੀ ਸਮਤੋਲ ਰੱਖਣ ਲਈ ਬੜੇ ਜ਼ਰੂਰੀ ਹਨ। ਸਾਡਾ ਕੁਦਰਤੀ ਸੰਸਾਰ ਕੀੜਿਆਂ, ਫੁੱਲਾਂ, ਪੰਖੇਰੂਆਂ ਸਮੇਤ ਜੰਗਲਾਂ, ਪਰਬਤਾਂ, ਜਲ-ਸੋਮਿਆਂ, ਖਣਿਜਾਂ ਭਾਵ ਧਰਤ ਹੇਠਲੀਆਂ ਅਤੇ ਉਤਲੀਆਂ ਸਾਰੀਆਂ ਕੁਦਰਤੀ ਧਰੋਹਰਾਂ ਬਿਨਾਂ ਅਧੂਰਾ ਹੈ। ਇਨ੍ਹਾਂ ਬਿਨਾਂ ਮਨੁੱਖੀ ਸਰੋਕਾਰਾਂ ਦਾ ਕੋਈ ਆਧਾਰ ਨਹੀਂ ਰਹਿ ਸਕਦਾ। ਜੰਗਲ ਮੀਂਹ-ਪਾਣੀ ਦੇ ਪੂਰਕ ਹਨ ਅਤੇ ਜੀਵ-ਜੰਤੂਆਂ ਨੂੰ ਬਹੁਪਰਤੀ ਪਨਾਹ ਦਿੰਦੇ ਹਨ। ਇਨ੍ਹਾਂ ਦੇ 13 ਕਰੋੜ ਹੈਕਟੇਅਰ ਰਕਬੇ ਉੱਤੇ ਮਹਿਜ਼ ਪਿਛਲੇ 25 ਸਾਲਾਂ ਵਿੱਚ ਬੇਕਿਰਕ ਕੁਹਾੜਾ ਚਲਾ ਦਿੱਤਾ ਗਿਆ। ਇਉਂ ਪਿਛਲੇ 10 ਸਾਲਾਂ ਵਿੱਚ ਹਾਥੀ 50 ਫ਼ੀਸਦੀ, 20 ਸਾਲਾਂ ਵਿੱਚ ਮੱਛੀਆਂ 70 ਫ਼ੀਸਦੀ ਅਤੇ ਅੱਧੀ ਸਦੀ ਵਿੱਚ ਚਿੜੀਆਂ ਵਗੈਰਾ ਕਰੀਬ 90 ਫ਼ੀਸਦੀ ਖ਼ਤਮ ਹੋ ਗਈਆਂ ਹਨ। ਜੰਗਲ ਪੌਣ-ਪਾਣੀ ਨੂੰ ਸਥਿਰ ਰੱਖਦੇ ਹਨ ਅਤੇ ਇੱਕ ਸਹਿਜ ਸੂਖ਼ਮ ਵਾਯੂਮੰਡਲ ਬਣਾਉਂਦੇ ਹਨ। ਇਹ ਮਿੱਟੀ ਨਵਿਆਉਂਦੇ ਅਤੇ ਜ਼ਹਿਰਾਂ ਚੂਸਦੇ ਹਨ। ਹੁਣ 71 ਫ਼ੀਸਦੀ ਆਬਾਦੀ ਕੁਦਰਤੀ ਵਾਤਾਵਰਣ ਤੋਂ ਦੂਰ ਹੈ ਅਤੇ ਧਰਤੀ ਦਾ 58 ਫ਼ੀਸਦੀ ਹਿੱਸਾ ਪ੍ਰਦੂਸ਼ਣ ਤੋਂ ਪ੍ਰਭਾਵਿਤ ਹੋ ਚੁੱਕਾ ਹੈ। ਤਕਰੀਬਨ ਦੋ ਅਰਬ ਲੋਕਾਂ ਦੀ ਸ਼ੁੱਧ ਪਾਣੀ ਤੱਕ ਪਹੁੰਚ ਨਹੀਂ ਰਹੀ। ਯੂ.ਐੱਨ.ਓ. ਮੁਤਾਬਿਕ ਦੁਨੀਆਂ ਭਰ ਵਿੱਚ ਹਰੇਕ ਸਾਲ 70 ਲੱਖ ਲੋਕ ਹਵਾ ਪ੍ਰਦੂਸ਼ਣ ਕਾਰਨ ਮਰਦੇ ਹਨ। ਸੰਸਾਰ ਵਿੱਚ ਹਰ 10 ਵਿਅਕਤੀਆਂ ਵਿੱਚੋਂ 9 ਵਿਅਕਤੀ ਦੂਸ਼ਿਤ ਹਵਾ ਵਿੱਚ ਸਾਹ ਲੈਣ ਲਈ ਮਜਬੂਰ ਹਨ।
ਯੂਨੈਸਕੋ ਮੁਤਾਬਿਕ ਇਸ ਵੇਲੇ ਹਰ ਵਰ੍ਹੇ ਵਾਯੂਮੰਡਲ ਵਿੱਚ ਤਕਰੀਬਨ 20 ਕਰੋੜ ਟਨ ਕਾਰਬਨ ਆਕਸਾਈਡ, 6 ਕਰੋੜ ਟਨ ਹਾਈਡਰੋ ਕਾਰਬਨ, 15 ਕਰੋੜ ਟਨ ਨਾਈਟ੍ਰਿਕ ਆਕਸਾਈਡ ਅਤੇ 25 ਕਰੋੜ ਟਨ ਤੋਂ ਵੀ ਵਧੇਰੇ ਸੁਆਹ ਭੇਜੀ ਜਾ ਰਹੀ ਹੈ। ਸਮੁੰਦਰ ਵੀ ਬੁਰੀ ਤਰ੍ਹਾਂ ਪ੍ਰਦੂਸ਼ਿਤ ਹੋ ਚੁੱਕੇ ਹਨ। ਤੇਲ ਰਿਸਣ ਦੀ ਦਰ 6 ਲੱਖ ਟਨ ਪ੍ਰਤੀ ਸਾਲ ਤੋਂ ਵੀ ਵੱਧ ਹੈ। ਸਿੱਟੇ ਵਜੋਂ ਸਮੁੰਦਰੀ ਜਲ-ਜੀਵ ਅਤੇ ਬਨਸਪਤੀ ਮਰ-ਮੁੱਕ ਰਹੀ ਹੈ। ਉਦਯੋਗ ਅਤੇ ਵਾਹਨ ਇਸਦਾ ਮੁੱਖ ਕਾਰਨ ਹਨ, ਜੋ ਸ਼ੋਰ ਵੀ ਪੈਦਾ ਕਰਦੇ ਹਨ। ਰੌਲਾ-ਰੱਪਾ ਪ੍ਰਦੂਸ਼ਣ ਦੀ ਇੱਕ ਹੋਰ ਭੈੜੀ ਅਲਾਮਤ ਹੈ। ਕੌਮਾਂਤਰੀ ਵਿਗਿਆਨੀ ਗੁਰਐਨ ਮੁਤਾਬਕ, “ਸ਼ੋਰ ਪ੍ਰਦੂਸ਼ਣ ਮੌਤ ਦਾ ਮੂਕ ਏਜੰਟ ਹੈ। ਸ਼ੋਰ ਦੀ ਜੇ ਮੌਜੂਦਾ ਮਾਤਰਾ ਵੀ ਜਾਰੀ ਰਹਿੰਦੀ ਹੈ ਤਾਂ ਵੀ 2050 ਤੱਕ ਅੱਧੇ ਨਾਲੋਂ ਵੱਧ ਲੋਕ ਬੋਲੇਪਣ ਦਾ ਸ਼ਿਕਾਰ ਹੋ ਜਾਣਗੇ। ਦਿਲ ਦੀ ਧੜਕਣ, ਬੇਚੈਨੀ, ਚਮੜੀ ਰੋਗ, ਬਲੱਡ ਪ੍ਰੈੱਸ਼ਰ ਅਤੇ ਮਾਨਸਿਕ ਰੋਗਾਂ ਦਾ ਵੱਡਾ ਕਾਰਨ ਸ਼ੋਰ ਪ੍ਰਦੂਸ਼ਣ ਹੈ। ਇਹ ਦੁੱਧ ਪੈਦਾਵਾਰ, ਪਰ-ਪਰਾਗਣ, ਗਰਭ ਧਾਰਨ ਅਤੇ ਨਾਜ਼ੁਕ ਜੀਵਾਂ ਉੱਤੇ ਬੁਰੀ ਤਰ੍ਹਾਂ ਅਸਰ-ਅੰਦਾਜ਼ ਹੁੰਦਾ ਹੈ। ਅਸੀਂ ਹਾਂ, ਕਿ ਬੋਲਦੇ ਹੀ ਨਹੀਂ। ਹਰ ਵਰਗ ਦੇ ਲੋਕ ਕਦਰਾਂ-ਕੀਮਤਾਂ ਨੂੰ ਟਿੱਚ ਜਾਣਦੇ ਹਨ।”
ਦਰਅਸਲ, ਮੁੱਢ ਤੋਂ ਹੀ ਮਨੁੱਖ ਆਪਣੇ ਆਪ ਨੂੰ ਇਸ ਧਰਤੀ ਅਤੇ ਬ੍ਰਹਿਮੰਡ ਦਾ ਸਰਦਾਰ ਸਮਝਦਾ ਆਇਆ ਹੈ। ਕਈ ਧਾਰਮਿਕ ਪ੍ਰਚਾਰਕਾਂ ਨੇ ਵੀ ਇਸੇ ਤਰ੍ਹਾਂ ਦੀ ਸਿੱਖਿਆ ਮਨੁੱਖ ਨੂੰ ਦਿੱਤੀ ਹੈ। ਆਧੁਨਿਕ ਪੁਨਰ-ਜਾਗ੍ਰਿਤੀ ਨੇ ਵੀ ਇਸੇ ਮਨੁੱਖੀ ਸੋਚ ਨੂੰ ਦ੍ਰਿੜ੍ਹਾਇਆ ਹੈ ਕਿ ਸਾਰਾ ਬ੍ਰਹਿਮੰਡ ਹੀ ਮਨੁੱਖ ਦੀ ਸਰਦਾਰੀ ਲਈ ਪੈਦਾ ਕੀਤਾ ਗਿਆ ਹੈ। ਉਪਰੋਕਤ ਧਾਰਨਾ ਹੀ ਪੁਆੜੇ ਦੀ ਜੜ੍ਹ ਹੈ। ਕੁਝ ਮਾਮਲਿਆਂ ਵਿੱਚ ਇਸੇ ਕਿਸਮ ਦੀ ਸੋਚ ਦਾ ਪੱਖ ਪੂਰਨ ਵਿੱਚ ਮਾਰਕਸਵਾਦ ਵੀ ਪਿੱਛੇ ਨਹੀਂ ਰਿਹਾ। ਹਕੀਕਤ ਇਹ ਹੈ ਕਿ ਮਨੁੱਖ ਦੁਆਰਾ ਪੈਦਾ ਕੀਤੀਆਂ ਵਾਤਾਵਰਣੀ ਬਿਪਤਾਵਾਂ ਪ੍ਰਿਥਵੀ ਦਾ ਮੁਹਾਂਦਰਾ ਬਦਲ ਰਹੀਆਂ ਹਨ। ਭੈੜੇ ਸਿਆਸਤਦਾਨ ਇਸਦਾ ਵੀ ਮੁੱਲ ਵੱਟਣ ਦੀ ਕੋਸ਼ਿਸ਼ ਕਰਨਗੇ। ਕੋਝੀ ਸਿਆਸਤ ਅਤੇ ਉਸ ਵੱਲੋਂ ਵਰਗਲਾਏ ਮਨੁੱਖ ਨੇ ਵਾਤਾਵਰਣ ਪ੍ਰਣਾਲੀਆਂ ਵਿੱਚ ਅਜਿਹੀ ਬੇਸਮਝ ਦਖ਼ਲਅੰਦਾਜ਼ੀ ਕੀਤੀ ਹੋਈ ਹੈ ਜਿਸ ਨੇ ਕੁਦਰਤ ਦੇ ਮੋੜਵੇਂ ਪ੍ਰਤੀਕਰਮ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ। ਆਪ ਸਹੇੜੀਆਂ ਕੁਦਰਤੀ ਆਫ਼ਤਾਂ ਕਾਰਨ ਜ਼ਿੰਦਗੀ ਨੂੰ ਆਸਰਾ ਦੇਣ ਵਾਲੀਆਂ ਪ੍ਰਣਾਲੀਆਂ ਖਿੰਡ-ਪੁੰਡ ਰਹੀਆਂ ਹਨ। ਅਸੀਂ ਭੁੱਲ ਗਏ ਹਾਂ ਕਿ ਜਲ, ਭੂਮੀ, ਪੌਣ, ਬਨਸਪਤੀ ਅਤੇ ਪ੍ਰਾਣੀ ਸਭ ਇੱਕ ਦੂਜੇ ਉੱਪਰ ਨਿਰਭਰ ਹਨ, ਇੱਕੋ ਹੀ ਤਾਣੇ-ਬਾਣੇ ਵਿੱਚ ਜੁੜੇ ਹੋਏ। ਜੇ ਇੱਕ ਹਿੱਲ ਗਿਆ ਤਾਂ ਸਮੁੱਚੀ ਤਾਣੀ ਉਲਝ ਜਾਵੇਗੀ।
‘ਸੱਭਿਅਤਾ’ ਦੇ ਜਿਸ ਵਰਤਮਾਨ ਪੜਾਅ ਵਿੱਚੋਂ ਮੌਜੂਦਾ ਪੀੜ੍ਹੀ ਲੰਘ ਰਹੀ ਹੈ, ਉਸ ਵਿੱਚ ਕੁਦਰਤ ਨਾਲ ਮਨੁੱਖੀ ਰਿਸ਼ਤੇ ਦੇ ਪੁਨਰ ਮੁਲਾਂਕਣ ਦੀ ਲੋੜ ਹੈ। ਸਾਡੀਆਂ ਸਮਾਜੀ ਅਤੇ ਆਰਥਿਕ ਚਿੰਤਾਵਾਂ ਵਿੱਚ ਜਿੰਨਾ ਵਾਧਾ ਹੋਇਆ ਹੈ, ਉਸ ਦਾ ਆਧਾਰ ਮੌਜੂਦਾ ਵਿਕਾਸ ਮਾਡਲ ਅਤੇ ਕੁਦਰਤ ਦਾ ਉਜਾੜਾ ਹੈ। ਕੁਦਰਤ ਵਿਗਿਆਨੀ ਲਾਪਤੇਵ ਨੇ ਕਿਹਾ ਸੀ, “ਇਤਿਹਾਸ ਸਿਰਫ਼ ਕਾਗਜ਼ਾਂ ਉੱਪਰ ਹੀ ਨਹੀਂ ਸਗੋਂ ਕੁਦਰਤ ਦੇ ਚਿਹਰੇ ਉੱਪਰ ਉੱਕਰਿਆ ਜਾਂਦਾ ਹੈ। ਕਾਗਜ਼ ਉੱਤੇ ਲਿਖਿਆ ਇਤਿਹਾਸ ਤਾਂ ਮਿਟ ਸਕਦਾ ਹੈ, ਨਸ਼ਟ ਹੋ ਸਕਦਾ ਹੈ ਪਰ ਕੁਦਰਤ ਦੇ ਪਟ ਉੱਤੇ ਲਿਖੀਆਂ ਇਬਾਰਤਾਂ ਮਨੁੱਖ ਦਾ ਭਵਿੱਖ ਅਤੇ ਹੋਣੀ ਤੈਅ ਕਰਦੀਆਂ ਹਨ, ਜੋ ਰੁੱਤਾਂ ਹੀ ਨਹੀਂ, ਮਨੁੱਖੀ ਸੁਭਾਅ ਅਤੇ ਮੁਹਾਂਦਰਾ ਵੀ ਬਦਲ ਦਿੰਦੀਆਂ ਹਨ।” ਜੇ ਵਰਤਾਰਾ ਇਹੀ ਰਿਹਾ ਤਾਂ ਮੌਸਮ ਅਤੇ ਰੁੱਤਾਂ ਦੀ ਤਬਦੀਲੀ ਅਟੱਲ ਹੈ। ਫਿਰ ਨਾ ਰੁੱਤਾਂ ਦੀ ਵੰਨਗੀ ਥਿਆਵੇਗੀ, ਨਾ ਹੀ ਬਹੁ-ਵੰਨਗੀ ਤਹਿਤ ਕੁਦਰਤ ਵੱਲੋਂ ਪਰੋਸੀਆਂ ਨਿਆਮਤਾਂ। ਮਾਹਿਰਾਂ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਜੇ ਮਨੁੱਖ ਇਸੇ ਡਗਰ ਉੱਤੇ ਤੁਰਿਆ ਰਿਹਾ ਤਾਂ ਨੇੜ-ਭਵਿੱਖ ਵਿੱਚ ਭਾਰਤ ਦਾ ਉੱਤਰੀ ਖਿੱਤਾ ਜਾਂ ਤਾਂ ਧਰੁਵ ਬਣ ਜਾਵੇਗਾ ਜਾਂ ਫਿਰ ਮਾਰੂਥਲ। ਫਿਰ ਬਹੁਭਾਂਤੀ ਬਨਸਪਤੀ ਅਤੇ ਜੀਵਾਂ ਦੀ ਤਾਂ ਗੱਲ ਹੀ ਛੱਡੋ, ਸਾਨੂੰ ਆਪਣੇ ਕੱਪੜੇ-ਲੱਤੇ, ਰਹਿਣ-ਸਹਿਣ, ਰੈਣ-ਬਸੇਰਿਆਂ, ਮਨ-ਪ੍ਰਚਾਵੇ, ਗੱਲ ਕੀ ਸਮੁੱਚੀ ਜੀਵਨਸ਼ੈਲੀ ਵਿੱਚ ਤਿੱਖੀਆਂ ਤਬਦੀਲੀਆਂ ਕਰਨੀਆਂ ਪੈਣਗੀਆਂ। ਇਹ ਤਬਦੀਲੀਆਂ ਚਲੰਤ ਜੀਵਨ ਰੇਖਾ ਉੱਤੇ ਗਹਿਰਾ ਪ੍ਰਭਾਵ ਪਾਉਣਗੀਆਂ। ਇਸ ਨਾਲ ਨਾ ਸਿਰਫ਼ ਤਿੱਖੀਆਂ ਸਿਆਸੀ ਤਬਦੀਲੀਆਂ ਆਉਣਗੀਆਂ ਸਗੋਂ ਜੀਵਨ-ਜਾਚ ਵਿੱਚ ਵੀ ਸਿਫ਼ਤੀ ਉਥਲ-ਪੁਥਲ ਹੋਵੇਗੀ।
ਅਜੋਕਾ ਦੌਰ ਅਰਥ-ਵਿਵਸਥਾ ਅਤੇ ਢਾਂਚਾਗਤ ਵਿਕਾਸ ਦੇ ਪਾਗਲਪਣ ਦਾ ਦੌਰ ਹੈ ਜਿਸ ਨੇ ਸਾਡੇ ਮੁਲਕ ਦੇ ਜੰਗਲ-ਬੇਲਿਆਂ, ਜਲ-ਸੋਮਿਆਂ, ਖਣਿਜਾਂ ਅਤੇ ਜੈਵਿਕ ਵੰਨ-ਸੁਵੰਨਤਾ ਨਾਲ ਜ਼ਰਖ਼ੇਜ਼ ਧਰਤੀ ਨੂੰ ਵੀ ਬੇਦਰਦੀ ਨਾਲ ਬਰਬਾਦ ਕਰ ਦਿੱਤਾ ਹੈ। ਵਾਤਾਵਰਨ ਵਿੱਚ ਫੈਲਾਏ ਜਾ ਰਹੇ ਸ਼ੋਰ ਅਤੇ ਜ਼ਹਿਰਾਂ ਨਾਲ ਕਰੋੜਾਂ ਲੋਕਾਂ ਨੂੰ ਨਾ ਸੁਧਾਰੇ ਜਾਣ ਵਾਲੇ ਹਾਲਾਤ ਹੇਠ ਜਿਉਣ-ਮਰਨ ਲਈ ਮਜਬੂਰ ਕਰ ਦਿੱਤਾ ਹੈ। ਜਿਸ ਪੀੜ੍ਹੀ ਨੇ ਅਜੇ ਜਨਮ ਵੀ ਨਹੀਂ ਲਿਆ, ਉਸ ਦੀ ਤੰਦਰੁਸਤ ਪੈਦਾਇਸ਼ ਉੱਤੇ ਵੀ ਸਵਾਲੀਆ ਨਿਸ਼ਾਨ ਲਾ ਦਿੱਤਾ ਹੈ। ਸਮੁੱਚੇ ਸੰਸਾਰ ਨੂੰ ਜਾਗਣ ਦੀ ਲੋੜ ਹੈ। ਫਿਰ ਭਾਰਤੀ ਦਰਸ਼ਨ ਤਾਂ ਸਾਨੂੰ ਕੁਦਰਤ ਦੀ ਮਹਿਮਾ ਦੱਸਦਾ ਹੋਇਆ ਇਸਦਾ ਸਤਿਕਾਰ ਅਤੇ ਰਾਖੀ ਕਰਨ ਦੀ ਵੀ ਪ੍ਰੇਰਨਾ ਦਿੰਦਾ ਹੈ। ਸਾਡੇ ਪ੍ਰਾਚੀਨ ਗਰੰਥ ਦਰਿਆਵਾਂ ਕੰਢੇ ਰਚੇ ਗਏ ਹਨ। ਸਾਡੇ ਮੇਲੇ ਜਲ-ਕੁੰਡਾਂ ਕੰਢੇ ਜੁੜਦੇ ਹਨ। ਅਸੀਂ ਕੰਜਕਾਂ ਪੂਜਦੇ ਹਾਂ, ਪੰਛੀਆਂ-ਜਨੌਰਾਂ ਨੂੰ ਚੋਗਾ ਪਾਉਂਦੇ ਸਾਂ। ਨਦੀਆਂ ਖੂਹਾਂ ਉੱਤੇ ਦੀਵੇ ਜਗਾਉਣਾ, ਰੁੱਖਾਂ ਨੂੰ ਮੌਲੀਆਂ ਬੰਨ੍ਹਣਾ ਸਾਡਾ ਕਰਮ ਰਿਹਾ ਹੈ। ਅਸੀਂ ਹੀ ਇਸ ਸਭ ਦੇ ਅਸਲ ਭਾਵਾਂ ਨੂੰ ਭੁੱਲ ਗਏ ਹਾਂ। ਮੁੱਕਦੀ ਗੱਲ ਇਹ ਹੈ ਕਿ ਅਖੌਤੀ ਵਿਕਾਸ ਕੁਦਰਤ, ਮਨੁੱਖੀ ਕਦਰਾਂ-ਕੀਮਤਾਂ ਅਤੇ ਸੰਸਾਰ ਭਾਈਚਾਰੇ ਨੂੰ ਟਿੱਚ ਜਾਣਦਾ ਹੈ। ਮੌਜੂਦਾ ਨਿਜ਼ਾਮ ਨੇ ਭੌਤਿਕ ਸਹੂਲਤਾਂ ਦੀ ਚਕਾਚੌਂਧ ਅਤੇ ਮਾਇਆ ਦੀ ਪੈਂਖੜ ਨਾਲ ਬੰਨ੍ਹ ਦਿੱਤੇ ਗਏ ਮਨੁੱਖ ਨੂੰ ਢਾਹੂ ਰੁਚੀਆਂ ਵੱਲ ਤੋਰ ਦਿੱਤਾ ਹੈ। ਕੁਦਰਤੀ ਵਿਕਾਸ ਦੇ ਸਹਿਜ ਨਿਯਮਾਂ ਨੂੰ ਉਲੰਘ ਕੇ ਅਖੌਤੀ ਭੌਤਿਕ ਸਹੂਲਤਾਂ ਅਤੇ ਕਬਜ਼ੇ ਦੀ ਦੌੜ ਦੇ ਸਿੱਟੇ ਕਾਇਨਾਤ ਅਤੇ ਮਨੁੱਖ ਵਿਰੋਧੀ ਹੀ ਨਿਕਲਣਗੇ। ਦਰਅਸਲ, ਸਾਡਾ ਭਵਿੱਖ ਪਦਾਰਥਵਾਦੀ ਸਹੂਲਤਾਂ ਅਤੇ ਰਾਜਨੀਤੀ ਦੇ ਤੱਕੜ ਵਿੱਚ ਨਹੀਂ ਸਗੋਂ ਭੌਤਿਕ ਤੱਕੜ ਵਿੱਚ ਲਟਕਦਾ ਹੈ ਅਤੇ ਚੌਗਿਰਦੇ ਨਾਲ ਜੁੜਿਆ ਹੋਇਆ ਹੈ। ਆਉਣ ਵਾਲੇ ਸਮੇਂ ਵਿੱਚ ਕੀ ਹੋਵੇਗਾ, ਇਸਦਾ ਨਿਤਾਰਾ ਇਸ ਗੱਲ ਨਾਲ ਹੋਵੇਗਾ ਕਿ ਅਸੀਂ ਕੁਦਰਤ ਦੀ ਸੰਭਾਲ ਕਿੰਨੀ ਕੁ ਕੀਤੀ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1970)
(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)