ਜਦੋਂ ਅਸੀਂ ਇਤਿਹਾਸ ਦਾ ਸਹੀ ਜਾਇਜ਼ਾ ਲਵਾਂਗੇ ਤਾਂ ਇਹ ਨਿੱਖਰ ਕੇ ਸਾਹਮਣੇ ਆ ਜਾਵੇਗਾ ਕਿ ਦੋ ਕੌਮਾਂਦੋ ਰਾਸ਼ਟਰ ...
(22 ਅਗਸਤ 2024)

 

ਇਤਿਹਾਸਕ ਰੂਪ ਵਿੱਚ ਲੰਮੇ ਸਮੇਂ ਤੋਂ ਭਾਰਤੀ ਉਪ ਮਹਾਦੀਪ ਹਿੰਦੂ ਅਤੇ ਮੁਸਲਮਾਨਾਂ ਸਮੇਤ ਵੱਖੋ-ਵੱਖਰੀਆਂ ਮਾਨਤਾਵਾਂ ਵਾਲੇ ਲੋਕਾਂ ਦੀ ਜਨਮ ਭੂਮੀ ਹੀ ਨਹੀਂ, ਪੱਕਾ ਨਿਵਾਸ ਰਿਹਾ ਹੈ ਅਤੇ ਹੈ। ਕੱਟੜਪੰਥੀ ਦਾਅਵਾ ਕਰਦੇ ਹਨ ਕਿ ਬੀਤੇ ਸਮਿਆਂ ਵਿੱਚ ਕਦੇ ਵੀ ਹਿੰਦੂਆਂ ਅਤੇ ਮੁਸਲਮਾਨਾਂ ਵਿੱਚ ਏਕਤਾ ਨਹੀਂ ਰਹੀ। ‘ਹਿੰਦੂ-ਰਾਸ਼ਟਰਵਾਦੀਆਂ’ ਕੋਲ ਸਭ ਤੋਂ ਵੱਡਾ ਸੰਦ ਇਹ ਹੈ ਕਿ ਮੁਸਲਮਾਨਾਂ ਨੇ ਵੱਖਰੇ ਦੇਸ਼ (ਪਾਕਿਸਤਾਨ) ਦੀ ਮੰਗ ਕੀਤੀ। ਇਹ ਤਸਵੀਰ ਦਾ ਇੱਕ ਪਾਸਾ ਹੈ। ਪਹਿਲੀ ਗੱਲ, ਅੱਡਰੇ ਦੇਸ਼ ਦੀ ਮੰਗ ਦਾ ਮੁੱਖ ਧਰਾਤਲ ਦੋ-ਕੌਮਾਂ ਦੀ ਥਿਊਰੀ ਬਣੀ, ਪਹਿਲ ਕਦਮੀ ਹਿੰਦੂ-ਕੱਟੜਪੰਥੀਆਂ ਵੱਲੋਂ ਹੋਈ। ਦੂਜਾ, ਪਾਕਿਸਤਾਨ ਦੀ ਮੰਗ ਕਰਨ ਵਾਲਿਆਂ ਵਿੱਚ ਸਾਰੀਆਂ ਮੁਸਲਿਮ ਤਨਜ਼ੀਮਾਂ ਸ਼ਾਮਲ ਨਹੀਂ ਸਨ।

ਉੰਨ੍ਹੀਵੀਂ ਸਦੀ ਵਿੱਚ ਭਾਰਤੀ ਰਾਸ਼ਟਰਵਾਦ ਨੂੰ ਹਿੰਦੂ-ਮੁਸਲਿਮ ਦੋ ਵੱਖ-ਵੱਖ ਕੌਮਾਂ ਵਿੱਚ ਵੰਡਣ ਦੀ ਪ੍ਰਤੀਕਿਰਿਆ ਸ਼ੁਰੂ ਹੋਈ ਸੀ। ਕੌਮ ਦੀ ਪ੍ਰਵਾਨਤ ਧਾਰਨਾ ਅਨੁਸਾਰ ਇਹ ਦੋਵੇਂ ਅੱਡ-ਅੱਡ ਧਰਮ ਹਨ, ਕੌਮ ਨਹੀਂ, ਜਿਵੇਂ ਪੰਜਾਬੀ ਕੌਮ, ਬੰਗਾਲੀ ਕੌਮ ਆਦਿ ਹਨ। 1857 ਦੇ ਗ਼ਦਰ ਉਪਰੰਤ, ਜਿਸ ਵਿੱਚ ਸਾਰੀਆਂ ਧਿਰਾਂ ਵਿਸ਼ੇਸ਼ ਕਰਕੇ ਕਿਰਤੀ-ਸ਼ਿਲਪੀ ਸਾਂਝੇ ਲੜੇ, ਦੋ ਵੱਖ-ਵੱਖ ਕੌਮਾਂ ਅਤੇ ‘ਫੁੱਟ-ਪਾਓ ਰਾਜ ਕਰੋ’ ਨੂੰ ਅੰਗਰੇਜ਼ਾਂ ਨੇ ਤੂਲ ਦਿੱਤੀ। ਹਾਕਮ ਸਮਝਦੇ ਸਨ/ਹਨ ਕਿ ਜੇ ਸਾਰੇ ਭਾਰਤੀ ਇੱਕ-ਜੁੱਟ ਰਹੇ ਤਾਂ ਉਹ ਮਲੀਆਮੇਟ ਹੋ ਜਾਣਗੇ।

1857 ਦੇ ਗ਼ਦਰ ਵਿੱਚ ਹਿੰਦੂ-ਸਿੱਖਾਂ ਅਤੇ ਮੁਸਲਮਾਨਾਂ ਵੱਲੋਂ ਇਕੱਠੇ ਹੋ ਕੇ, ਖਾਸ ਕਰਕੇ ਮੁਸਲਮਾਨਾਂ ਦੀ ਅਗਵਾਈ ਹੇਠ ਆਜ਼ਾਦੀ ਲਈ ਲੜੇ ਗਏ ਲਹੂ-ਵੀਟਵੇਂ ਯੁੱਧ ਨੂੰ ਫਿਰਕਾਪ੍ਰਸਤ ਬਿਲਕੁਲ ਹੀ ਭੁੱਲ ਜਾਂਦੇ ਹਨ। ਇਹੀ ਨਹੀਂ, ਅਖੌਤੀ ਰਾਸ਼ਟਰਵਾਦੀ 1757 ਦੇ ਪਲਾਸੀ ਯੁੱਧ ਤੋਂ 1947 ਤਕ ਜੰਗਿ-ਏ-ਆਜ਼ਾਦੀ ਵਿੱਚ ਮੁਸਲਮਾਨਾਂ ਵੱਲੋਂ, ਬਹੁਤੇ ਮੌਕਿਆਂ ਸਮੇਂ ਹਿੰਦੂਆਂ ਦੀ ਅਗਵਾਈ ਕਬੂਲ ਕੇ, ਕੀਤੀ ਜ਼ਾਹਰਾ ਅਤੇ ਮੂਕ ਕੁਰਬਾਨੀ ਨੂੰ ਤਾਂ ਬਿਲਕੁਲ ਹੀ ਵਿਸਾਰ ਦਿੰਦੇ ਹਨ।

ਪਹਿਲਾ ਸਵਤੰਤਰ ਯੁੱਧ (1857-62) ਹਿੰਦੂ-ਸਿੱਖਾਂ ਅਤੇ ਮੁਸਲਿਮ ਏਕਤਾ ਦੀਆਂ ਪ੍ਰਤੱਖ ਸੱਚਾਈਆਂ ਸਮੋਈ ਬੈਠਾ ਹੈ। ਹਿੰਦੂ ਜੰਗ-ਏ-ਆਜ਼ਾਦੀ ਯੋਧਿਆਂ ਨੇ ਆਪਣਾ ਬਾਦਸ਼ਾਹ ਇੱਕ ਮੁਸਲਮਾਨ ਬਾਦਸ਼ਾਹ ਜਫਰ ਨੂੰ ਚੁਣਿਆ। ਦਿੱਲੀ ਸੈਨਾ ਦੀ ਕਮਾਂਡ ਗਿਰਧਾਰੀ ਲਾਲ, ਹੀਰਾ ਸਿੰਘ ਅਤੇ ਬਖਤ ਖਾਂ ਆਦਿ ਦੇ ਹੱਥ ਸੀ। ਰਾਣੀ ਝਾਂਸੀ ਦੇ ਤੋਪਖਾਨੇ ਦਾ ਕਮਾਂਡਰ ਗੋਂਸਖਾਨ ਸੀ ਅਤੇ ਪੈਦਲ ਸੈਨਾ ਦਾ ਖੁਦਾ ਬਖਸ਼। ਰਾਣੀ ਝਾਂਸੀ ਦੀ ਨਿੱਜੀ ਸੁਰੱਖਿਆ ਅਧਿਕਾਰੀ ਇੱਕ ਮੁਸਲਮ ਲੜਕੀ ਮੁੰਜਰ (ਮਹਿੰਦ) ਸੀ।

ਮੱਧ ਪ੍ਰਾਂਤ ਵਿੱਚ ਤਾਂਤੀਆਂ ਟੋਪੇ, ਰਾਵ ਸਾਹਿਬ, ਫਿਰੋਜ਼ ਸ਼ਾਹ ਅਤੇ ਮੌਲਵੀ ਫਜ਼ਲ ਹੱਕ ਇਕੱਠੇ ਸਰਗਰਮ ਸਨ। ਕੋਟਾ (ਰਾਜਸਥਾਨ) ਵਿੱਚ ਅੰਗਰੇਜ਼ਾਂ ਦੇ ਪਿੱਠੂ ਮਹਾਰਾਵ ਵਿਰੁੱਧ ਮੁੱਖ ਦਰਬਾਰੀ ਜਯਦਿਆਲ ਭਟਨਾਗਰ ਅਤੇ ਮਹਾ ਯੋਧੇ ਮੇਹਰਬਾਨ ਨੇ ਇਕੱਠਿਆਂ ਹੀ ਬਗਾਵਤ ਕੀਤੀ ਸੀ। ਹਾਂਸੀ (ਹਰਿਆਣਾ) ਦੇ ਹੁਕਮ ਚੰਦ ਅਤੇ ਮੁਨੀਰ ਬੇਗ ਸਾਂਝੇ ਤੌਰ ’ਤੇ ਗੋਰਿਆਂ ਵਿਰੁੱਧ ਜੂਝ-ਮਰੇ। ਰੁਹੇਲਖੰਡ ਦਾ ਖਾਨ ਬਹਾਦੁਰ ਆਪਣੇ ਕ੍ਰਾਂਤੀਕਾਰੀ ਮਿੱਤਰ ਖੁਸ਼ੀ ਰਾਮ ਸਮੇਤ ਲੜਿਆ।

ਉਹ ਕੁਝ ਵੀ ਕਹੀ ਜਾਣ, ਅਸੀਂ 1857 ਦੀਆਂ ਹਿੰਦੂ-ਮੁਸਲਿਮ ਵਿਰਾਂਗਣਾ ਅਸਗਰੀ ਦੇਵੀ, ਬੀਬੀ ਉਮਦਾ, ਹਬੀਬਾ, ਆਸ਼ਾ ਦੇਵੀ, ਭਗਵਤੀ, ਮਾਮਕੌਰ ਅਤੇ ਰਾਜ ਕੌਰ ਦੀ ਕੁਰਬਾਨੀ ਨੂੰ ਨਹੀਂ ਭੁੱਲ ਸਕਦੇ, ਜਿਹੜੀਆਂ ਆਪਣੇ ਵਤਨ ਲਈ ਰਣ ਖੇਤਰ ਵਿੱਚ ਜੂਝ ਗਈਆਂ। ਅਵਧ ਖੇਤਰ ਦੀਆਂ ਦੋ ਹੋਰ ਦਾਨਿਸ਼ਵਰਾਂ ਅੱਛਰਖਾਨ ਤੇ ਸ਼ੰਭੂ ਪ੍ਰਸ਼ਾਦ ਦੀ ਗੋਰਿਆਂ ਵਿਰੁੱਧ ਲਹੂ-ਵੀਟਵੀਂ ਲੜਾਈ ਨੂੰ ਅਸੀਂ ਭੁੱਲ ਨਹੀਂ ਸਕਦੇ, ਨਾ ਹੀ ਮੌਲਾਨਾ ਲਿਆਕਤ ਅਲੀ ਅਤੇ ਜਫਰ ਅਲੀ ਬਨੇਸਰੀ ਨੂੰ।

ਵੱਡੀ ਗੱਲ, ਜਦੋਂ ਹਨੂਮਾਨਗੜੀ ਅਯੁੱਧਿਆ ਦੇ ਮੁੱਖ ਪੁਜਾਰੀ ਰਾਮ ਚਰਨ ਦਾਸ ਨੇ ਅੰਗਰੇਜ਼ਾਂ ਵਿਰੁੱਧ ਹਥਿਆਰ ਚੁੱਕੇ ਤਾਂ ਬਿਨਾਂ ਦੇਰੀ ਅਯੁੱਧਿਆ ਸਥਿਤ ਮੁਸਲਮਾਨਾਂ ਦਾ ਧਰਮ ਗੁਰੂ ਮੌਲਾਨਾ ਅਮੀਰ ਅਲੀ ਉਸ ਨਾਲ ਆ ਮਿਲਿਆ। ਫੜੇ ਜਾਣ ਉਪਰੰਤ ਦੋਵਾਂ ਨੂੰ ਸ਼ਰੇਆਮ ਉਸੇ ਸ਼ਹਿਰ ਦੇ ਕੁਬੇਰ ਟਿੱਲੇ ਦੇ ਵੱਡੇ ਇਮਲੀ ਦਰਖ਼ਤ ਨਾਲ ਇਕੱਠਿਆਂ ਹੀ ਫਾਹੇ ਟੰਗ ਦਿੱਤਾ।

ਸਭ ਤੋਂ ਪਹਿਲਾਂ ਇੱਕ ਰਾਸ਼ਟਰਵਾਦੀ ਭਾਈ ਪਰਮਾਨੰਦ ਨੇ ਫੁਰਮਾਇਆ ਕਿ ਹਿੰਦੂ ਅਤੇ ਮੁਸਲਮਾਨ ਆਪਣੇ ਇਸ਼ਟ, ਧਰਮ ਅਤੇ ਨਾਇਕਾਂ ਵਜੋਂ ਅੱਡ-ਅੱਡ ਕੌਮਾਂ ਹਨ। ਪਰਮਾਨੰਦ ਦੇ ਇਲਾਹੀ ਕਥਨ ਤੋਂ ਬਾਅਦ ਤਾਂ ਚੱਲ ਸੋ ਚੱਲ, ਅਰਵਿੰਦ ਘੋਸ਼, ਰਾਜ ਨਰਾਇਣ ਬਾਸੂ, ਨਵਗੋਪਾਲ ਮਿੱਤਰ, ਅੰਸ਼ਿਕ ਰੂਪ ਵਿੱਚ ਬਾਲ ਗੰਗਾਧਰ ਤਿਲਕ ਤੇ ਲਾਲਾ ਲਾਜਪਤ ਰਾਏ ਲੁਕਵੇਂ ਰੂਪ ਵਿੱਚ ਸਰਦਾਰ ਪਟੇਲ ਤੇ ਰਾਜਗੋਪਾਲ ਅਚਾਰੀਆ ਅਤੇ ਡਾ. ਬੀ ਐੱਸ ਮੂੰਜੇ, ਜਨਕ ਸਾਵਰਕਰ, ਐੱਮ ਐੱਮ ਐਨੀ, ਐੱਨ ਸੀ ਕੇਲਕਰ, ਬੀ ਡੀ ਸਾਵਰਕਰ, ਐੱਮ ਐੱਸ ਗੋਲਵਲਕਰ, ਕੇ ਐੱਲ ਸੁਦਰਸ਼ਨ ਆਦਿ। ਹਿੰਦੂ ਜਥੇਬੰਦੀਆਂ, ਜਿਵੇਂ ਹਿੰਦੂ ਸੁਸਾਇਟੀ, ਮਹਾ ਹਿੰਦੂ ਸਮਿਤੀ, ਹਿੰਦੂ ਮਹਾ ਸਭਾ ਅਤੇ ਆਰ ਐੱਸ ਐੱਸ ਤੇ ਉਸ ਦੀਆਂ ਵੱਖ ਵੱਖ ਜਨਤਕ ਜਥੇਬੰਦੀਆਂ ਤਾਂ ਸਿੱਧੇ ਜਾਂ ਟੇਢੇ ਢੰਗ ਨਾਲ ਹਿੰਦੂ ਰਾਸ਼ਟਰ ਜਾਂ ਹਿੰਦੂ ਅੰਧ-ਵਿਚਾਰਧਾਰਾ ਲਈ ਸਰਗਰਮ ਰਹੀਆਂ ਅਤੇ ਸਰਗਰਮ ਹਨ।

ਇਸ ਹਕੀਕਤ ਨੂੰ ਨਜ਼ਰ-ਅੰਦਾਜ਼ ਨਹੀਂ ਕੀਤਾ ਜਾ ਸਦਾ ਕਿ ਮੁਸਲਮਾਨਾਂ ਦੇ ਇੱਕ ਪ੍ਰਭਾਵਸ਼ਾਲੀ ਵਰਗ ਵੱਲੋਂ ਦੋ-ਕੌਮਾਂ ਦਾ ਨਜ਼ਰੀਆ ਅਪਣਾਉਣ ਤੋਂ ਕਿਤੇ ਪਹਿਲਾਂ ਹੀ ਹਿੰਦੂ-ਰਾਸ਼ਟਰਵਾਦੀਆਂ ਨੇ ਇਸ ਸਿਧਾਂਤ ਦੀ ਸਿਰਜਣਾ ਕਰ ਦਿੱਤੀ ਸੀ। ਮਗਰੋਂ ਮੁਸਲਿਮ ਲੀਗ ਨੇ ਤਾਂ ਇਹ ਨਜ਼ਰੀਆ ਕੱਟੜ ਹਿੰਦੂਆਂ ਵਿੱਚੋਂ ਹੀ ਉਧਾਰ ਲਿਆ ਸੀ। ਪ੍ਰੰਤੂ ਸਾਰੇ ਮੁਸਲਿਮ ਨਾ ਤਾਂ ਦੋ-ਕੌਮਾਂ ਦੇ ਸਿਧਾਂਤ ਨਾਲ ਸਹਿਮਤ ਸਨ ਅਤੇ ਨਾ ਹੀ ਮਗਰੋਂ ਅੱਡ ਦੇਸ਼ ਦੀ ਮੰਗ ਨਾਲ।

ਦਿਲਚਸਪ ਗੱਲ ਇਹ ਹੈ ਕਿ ਅਕਤੂਬਰ 1937 ਤਕ ਤਾਂ ਮੁਹੰਮਦ ਅਲੀ ਜਿਨਾਹ ਖੁਦ ਮੁਸਲਮਾਨਾਂ ਨੂੰ ਸਿਰਫ ਇੱਕ ਮਹੱਤਵਪੂਰਨ ਧਿਰ ਮੰਨਦੇ ਸਨ ਵੱਖਰੀ ਕੌਮ ਨਹੀਂ। ਇਹੀ ਨਹੀਂ, ਮਾਰਚ 1940 (ਲਾਹੌਰ ਸੰਮੇਲਨ) ਤਕ ਉਹਨਾਂ ਸਿਰਫ ਇਹੀ ਮੰਗ ਰੱਖੀ ਕਿ ਇੱਕ ਮੁਸਲਮਾਨ ਬਹੁਲ ਇਲਾਕਾ ਸਿਰਜਿਆ ਜਾਵੇ, ਜਿੱਥੇ ਮੁਸਲਮਾਨ ਆਪਣੇ ਅਕੀਦਿਆਂ ਦਾ ਆਨੰਦ ਮਾਣ ਸਕਣ। ਪ੍ਰੰਤੂ ਅਖੌਤੀ ਰਾਸ਼ਟਰਵਾਦੀਆਂ ਦੀਆਂ ਗਤੀਵਿਧੀਆਂ ਨੇ ਅਜਿਹੇ ਹਾਲਾਤ ਸਿਰਜ ਦਿੱਤੇ ਕਿ ਮੁਸਲਿਮ ਲੀਗ ਨੇ ਮਦਰਾਸ ਸੰਮੇਲਨ (1941) ਵਿੱਚ ਵੱਖਰੇ ਦੇਸ਼ ਦੀ ਮੰਗ ਕਰ ਦਿੱਤੀ।

ਸਵਾਲ ਪੈਦਾ ਹੁੰਦਾ ਹੈ ਕਿ ਜੇ ਮੁਸਲਮਾਨਾਂ, ਵਿਸ਼ੇਸ਼ ਕਰਕੇ ਮੁਸਲਿਮ ਨੇਤਾਵਾਂ ਨਾਲ ਭੇਦਭਾਵ ਦਾ ਮੁੱਖ ਕਾਰਨ ਇਹ ਚਿਤਵਿਆ ਜਾਂਦਾ ਹੈ ਕਿ ਗੋਰਿਆਂ ਦੀ ਸ਼ਹਿ ਨਾਲ ਭਾਰੂ ਪੈ ਗਈ ਵੰਡ-ਪੱਖੀ ਧਿਰ ਵਾਲੇ, ਧਰਮ ਦੇ ਆਧਾਰ ’ਤੇ ਵੱਖ ਦੇਸ਼ (ਪਾਕਿਸਤਾਨ) ਦੀ ਮੰਗ ਕਰਦੇ ਸਨ ਤਾਂ ਫਿਰ ਉਹਨਾਂ ਹਿੰਦੂ ਨੇਤਾਵਾਂ ਲਈ ਉਹੀ ਮਾਪਦੰਡ ਕਿਉਂ ਨਹੀਂ, ਜਿਹੜੇ ਅੱਡ ਹਿੰਦੂ ਕੌਮ ਤਸਲੀਮ ਕਰਦੇ ਸਨ ਤੇ ਹਿੰਦੂ ਰਾਸ਼ਟਰ ਦਾ ਸੁਪਨਾ ਸਜੋਂਦੇ ਸਨ/ਹਨ। ਅਸਲ ਵਿੱਚ ਇਹ ਵੀ ਉਸੇ ਤਰ੍ਹਾਂ ਵਤਨ ਵਿਰੋਧੀ ਹਨ ਜਿਵੇਂ ਕਿ ਮੁਸਲਿਮ ਫਿਰਕਾਪ੍ਰਸਤ।

ਹੈਰਾਨੀ ਦੀ ਗੱਲ, 1942 ਵਿੱਚ ਸਿੰਧ ਵਿੱਚ ਮੁਸਲਿਮ ਲੀਗ ਅਤੇ ਹਿੰਦੂ ਮਹਾ ਸਭਾ (ਸਾਵਰਕਰ) ਦੀ ਸਾਂਝੀ ਸਰਕਾਰ ਬਣੀ, ਉਸ ਆਜ਼ਾਦ ਮੁਸਲਿਮ ਕਾਨਫਰੰਸ (ਅੱਲਾ ਬਖਸ਼) ਨੂੰ ਗੋਰਿਆਂ ਦੀ ਮਦਦ ਨਾਲ ਢਾਹ ਕੇ ਜਿਹੜੀ ਕੱਟੜਪੰਥੀ ਅਤੇ ਅੱਡ ਮੁਲਕ ਦੀ ਘੋਰ ਵਿਰੋਧੀ ਸੀ। ਉਦੋਂ ਹਿੰਦੂ ਮਹਾਸਭਾ ਅਤੇ ਮੁਸਲਿਮ ਲੀਗ ਪਹਿਲਾਂ ਹੀ ਬੰਗਾਲ ਅਤੇ ਉੱਤਰੀ-ਪੱਛਮੀ ਸੀਮਾਂਤ ਪ੍ਰਾਂਤ (ਫਰੰਟੀਅਰ) ਵਿੱਚ ਗਠਬੰਧਨ ਸਰਕਾਰ ਚਲਾ ਰਹੇ ਸਨ।

ਅੰਗਰੇਜ਼ੀ ਟ੍ਰਿਬਿਊਨ (15 ਮਈ 1943) ਨੇ ਸਿੰਧੀ ਦੇਸ਼ ਭਗਤ ਅੱਲਾ ਬਖਸ਼ (44 ਸਾਲ) ਦੀ ਮੁਸਲਿਮ ਲੀਗੀਆਂ ਵੱਲੋਂ ਕੀਤੀ ਹੱਤਿਆ ਸਮੇਂ ਲਿਖਿਆ, “ਕੱਟੜਪੰਥੀ ਫਿਰਕਾਪ੍ਰਸਤ ਆਪਣੇ ਨਾਲ ਮੱਤਭੇਦ ਰੱਖਣ ਵਾਲੇ ਆਪਣੇ ਹੀ ਹਮ-ਧਰਮੀਆਂ ਨੂੰ ਸਿਰਫ ਆਪਣਾ ਘੋਰ-ਵਿਰੋਧੀ ਹੀ ਤਸਲੀਮ ਨਹੀਂ ਕਰਦੇ, ਸਗੋਂ ਦੁਰ-ਪ੍ਰਚਾਰ ਨਾਲ ਸਮਾਜ ਦਾ ਦੁਸ਼ਮਣ ਗਰਦਾਨਦੇ ਹੋਏ ਉਹਨਾਂ ਦੀਆਂ ਹੱਤਿਆਵਾਂ ਕਰਨ/ਕਰਵਾਉਣ ਤਕ ਦੀਆਂ ਸਾਜ਼ਿਸ਼ਾਂ ਰਚਦੇ ਹਨ।”

1943 ਦੀ ਮੋਮਿਨ ਕਾਨਫਰੰਸ ਨੇ ਹੋਰ ਹਾਜ਼ਰ ਜਥੇਬੰਦੀਆਂ ਸਮੇਤ ਮਤਾ ਪਾਸ ਕੀਤਾ ਸੀ, “ਅਸੀਂ ਵੱਖ ਦੇਸ਼ ਦੀ ਯੋਜਨਾ ਦੇ ਬਿਲਕੁਲ ਖਿਲਾਫ ਹਾਂ। ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਪੰਜਾਬ ਦਾ ਮੁਸਲਮਾਨ ਕਿਸਾਨ ਕਿਸੇ ਵੀ ਬਾਹਰੀ ਮੁਸਲਮਾਨ ਕਿਸਾਨ ਨਾਲੋਂ ਪੰਜਾਬ ਦੇ ਹਿੰਦੂ ਕਿਸਾਨ ਦੇ ਜ਼ਿਆਦਾ ਨੇੜੇ ਹੈ। ਇਵੇਂ ਹੀ ਬੰਗਾਲ ਦੇ ਹਿੰਦੂ ਕਿਰਤੀ ਦਾ ਸੰਬੰਧ ਬੰਗਾਲ ਦੇ ਮੁਸਲਿਮ ਕਿਰਤੀ ਨਾਲ, ਹੋਰ ਵੀ ਕਿਸੇ ਇਲਾਕੇ ਦੇ ਕਿਰਤੀਆਂ ਨਾਲੋਂ ਬੇਹੱਦ ਨੇੜਲਾ ਹੈ।” ਮਗਰੋਂ ਆਲ ਪਾਰਟੀ ਦੇਸ਼ ਭਗਤ ਮੁਸਲਿਮ ਕਾਨਫਰੰਸ ਨੇ ਕਿਹਾ ਸੀ, “ਇਸਲਾਮ ਕਦੇ ਵੀ ਖਤਰੇ ਵਿੱਚ ਨਹੀਂ ਸੀ/ਹੈ, ਇਹ ‘ਲੀਗ’ ਹੀ ਹੈ, ਜਿਹੜੀ ਖਤਰੇ ਵਿੱਚ ਹੈ। ਇਵੇਂ ਹੀ ਹਿੰਦੂਆਂ ਨੂੰ ਖਤਰਾ ਮੁਸਲਮਾਨਾਂ ਤੋਂ ਨਹੀਂ, ਸਗੋਂ ਆਪਣੇ ਲੁਟੇਰੇ ਤੇ ਫਿਰਕਾਪ੍ਰਸਤ ਆਗੂਆਂ ਤੋਂ ਹੈ।”

ਇਸ ਤੋਂ ਕਿਤੇ ਪਹਿਲਾਂ ਕਿਸਾਨ ਨੇਤਾ ਸਵਾਮੀ ਸਹਿਜਾਨੰਦ ਸਰਸਵਤੀ ਨੇ ਦੇਸ਼ ਭਗਤ, ਖਾਸ ਕਰਕੇ ਕਿਰਤੀਆਂ-ਕਿਸਾਨਾਂ ਦੇ ਮੁਸਲਮ ਨੇਤਾਵਾਂ ਬਾਰੇ ਜਾਮਾ ਸਮਜਿਦ ਦਿੱਲੀ (22 ਅਪਰੈਲ 1940) ਵਿੱਚ ਹੋਈ ਇੱਕ ਕਾਨਫਰੰਸ ਵਿੱਚ ਬੁਲੰਦ ਆਵਾਜ਼ ਵਿੱਚ ਕਿਹਾ ਸੀ, “ਉਹ ਨਿਰਣਾਇਕ ਤੌਰ ’ਤੇ ਬ੍ਰਿਟਿਸ਼ ਵਿਰੋਧੀ ਅਤੇ ਸਮਾਜਕ ਤੌਰ ’ਤੇ ਇਨਕਲਾਬ ਪਸੰਦ ਹਨ।”

ਮੌਲਾਨਾ ਅਬਦੁੱਲ ਕਲਾਮ ਨੇ ਇੱਕ ਸਮੇਂ ਕਿਹਾ, “ਪਾਕਿਸਤਾਨ ਸ਼ਬਦ ਤਾਂ ਮੇਰੇ ਗਲੋਂ ਹੀ ਨਹੀਂ ਉੱਤਰਦਾ। ਜਿਹੜਾ ਇਹ ਕਨਸੋ ਦਿੰਦਾ ਹੈ ਕਿ ਸਿਰਫ ਉਹੀ ਇਲਾਕਾ ਹੀ ਪਵਿੱਤਰ ਹੈ, ਬਾਕੀ ਨਹੀਂ। ਧਰਤੀ ਦੇ ਕਿਸੇ ਹਿੱਸੇ ਨੂੰ ਪਾਕ ਕਹਿਣਾ ਅਤੇ ਦੂਜੇ ਨੂੰ ਨਹੀਂ, ਇਹ ਇਸਲਾਮੀ ਸ਼ਰਾ ਦੇ ਖਿਲਾਫ ਹੈ। ‘ਹਜਰਤ ਮੁਹੰਮਦ ਅਨੁਸਾਰ’ ਅੱਲਾ ਦੀ ਸਾਰੀ ਧਰਤੀ ਹੀ, ਨੇਕ-ਪਾਕ ਮਸਜਿਦ ਹੈ।”

ਵੰਡ ਵਿਰੋਧੀ ਮੁਸਲਿਮ ਨੇਤਾ ਜ਼ੋਰ ਦੇ ਕੇ ਕਹਿੰਦੇ ਸਨ, “ਇੱਕ ਮੁਸਲਮਾਨ ਹੋਣ ਦੇ ਨਾਤੇ ਅਸੀਂ ਪੂਰੇ ਹਿੰਦੇਸਤਾਨ ਨਾਲੋਂ ਆਪਣਾ ਸੰਬੰਧ ਤੋੜਨ ਤੋਂ ਬਿਲਕੁਲ ਇਨਕਾਰੀ ਹਾਂ। ਭਾਰਤ ਵਤਨ ਦੇ ਹਰ ਚੰਗੇ-ਮੰਦੇ ਪਹਿਲੂ ਵਿੱਚ ਸਾਡਾ ਵੀ ਹਿੱਸਾ ਹੈ। ਅਸੀਂ ਇਸ ਨਾਲ ਆਪਣੇ ਰਾਜਨੀਤਿਕ, ਸਮਾਜਕ ਅਤੇ ਆਰਥਿਕ ਜੀਵਨ ਨੂੰ ਸੰਵਾਰਨ ਲਈ ਵਚਨਬੱਧ ਹਾਂ। ਜਿਸ ਮਿੱਟੀ ਵਿੱਚ ਜਨਮ ਲਿਆ ਹੈ, ਅਸੀਂ ਉਸ ਨੂੰ ਕਿਉਂ ਛੱਡੀਏ? ਭਲਾ, ਇਹ ਕਿਵੇਂ ਹੋ ਸਕਦਾ ਹੈ ਕਿ ਤੁਸੀਂ ਆਪਣੀ ਵਿਰਾਸਤ ਹੀ ਛੱਡ ਦਿਓ।”

ਆਓ! ਭੀਮ ਰਾਓ ਅੰਬੇਡਕਰ ਦੇ ਇਹਨਾਂ ਲਫਜ਼ਾਂ ਨਾਲ ਇਸ ਲੇਖ ਨੂੰ ਸਮੇਟੀਏ, “ਹੈਰਾਨੀ ਹੈ ਕਿ ਸਾਵਰਕਰ ਅਤੇ ਜਿਨਾਹ, ਇੱਕ ਕੌਮ ਬਨਾਮ ਦੋ ਕੌਮਾਂ ਅਤੇ ਇੱਕ ਰਾਸ਼ਟਰ ਬਨਾਮ ਦੋ ਰਾਸ਼ਟਰ ਦੇ ਸਵਾਲ ਉੱਤੇ, ਇੱਕ ਦੂਜੇ ਦੇ ਘੋਰ-ਵਿਰੋਧੀ ਹੁੰਦੇ ਹੋਏ ਵੀ, ਇੱਕ ਦੂਜੇ ਦੇ ਪੂਰਕ ਹੀ ਸਨ। … ਜਦੋਂ ਅਸੀਂ ਇਤਿਹਾਸ ਦਾ ਸਹੀ ਜਾਇਜ਼ਾ ਲਵਾਂਗੇ ਤਾਂ ਇਹ ਨਿੱਖਰ ਕੇ ਸਾਹਮਣੇ ਆ ਜਾਵੇਗਾ ਕਿ ਦੋ ਕੌਮਾਂ, ਦੋ ਰਾਸ਼ਟਰ ਦੇ ਸਿਧਾਂਤ ਦੇ ਉਸਰੱਈਏ ਹਿੰਦੂ ਅਤੇ ਮੁਸਲਮਾਨਾਂ ਦੇ ਕੱਟੜਪੰਥੀ ਫਿਰਕਾਪ੍ਰਸਤ ਆਗੂ ਅਤੇ ਅਖੌਤੀ ਮਾਰਗ-ਦਰਸ਼ਕ ਸਨ। ਪਰ ਅਸਲ ਸੱਚ ਇਹ ਹੈ ਕਿ ਇਸਦੀ ਸ਼ੁਰੂਆਤ ‘ਹਿੰਦੂ ਰਾਸ਼ਟਰਵਾਦੀਆਂ’ ਵੱਲੋਂ ਹੋਈ।”

*    *    *    *    *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5236)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.

About the Author

ਵਿਜੈ ਬੰਬੇਲੀ

ਵਿਜੈ ਬੰਬੇਲੀ

Phone: (91 - 94634 - 39075)
Email: (vijaybombeli@yahoo.com)

More articles from this author