“ਜਵਾਨੀ ਵੇਲੇ ਜਦੋਂ ਮੈਂ ਐਮਰਜੈਂਸੀ ਸਮੇਂ ਜੇਲ ਆਇਆ ਤਾਂ ਅਖ਼ਬਾਰ ਸਾਨੂੰ ...”
(10 ਜਨਵਰੀ 2020)
ਹਾਕਮਾਂ ਦੀਆਂ ਇੱਕ ਤੋਂ ਬਾਅਦ ਇੱਕ, ਲੋਕ ਵਿਰੋਧੀ ਹਰਕਤਾਂ ਨੇ ਪਹਿਲਾਂ ਹੀ ਭਰੇ-ਪੀਤੇ ਮੁਲਖਈਏ ਨੂੰ ਤੁਰਤ-ਪੈਰੀਂ ਮੋਰਚਾ ਲਾਉਣ ਲਈ ਮਜਬੂਰ ਕਰ ਦਿੱਤਾ ਹੈ। ਸਾਰਾ ਮੁਲਕ ਵਿਰੋਧ ਵਿੱਚ ਉੱਠ ਖੜ੍ਹਾ ਹੋਇਆ ਹੈ। ਬਿਨਾਂ ਕਿਸੇ ਅਗਵਾਈ ਤੋਂ ਲੋਕਾਂ ਨੇ ਰਸਤੇ ਮੱਲਣੇ ਸ਼ੁਰੂ ਕਰ ਦਿੱਤੇ ਹਨ। ਬੁੱਢੇ-ਠੇਰੇ ਵੀ ਪਿੱਛੇ ਨਾ ਰਹੇ, ਵਿਦਿਆਰਥੀ ਵਰਗ ਜ਼ਿਆਦਾ। ਹਰ ਜਾਤ, ਹਰ ਧਰਮ, ਹਰ ਕੁਨਬੇ ਅਤੇ ਹਰ ਨੁੱਕਰ ਤੋਂ ਫਾਸ਼ੀਵਾਦ ਵਿਰੁੱਧ ਆਵਾਜ਼ ਆਪ-ਮੁਹਾਰੇ ਉੱਠ ਰਹੀ ਹੈ। ਇਸ ਵਿੱਚ ਵਾਰਾਨਸੀ ਜੇਲ ਵਿੱਚ ਬੰਦ ਲੋਕ-ਸੈਨਾਨੀ ਰਾਮ ਦੁਲਾਰ ਵੀ ਸ਼ਾਮਲ ਹੈ ਅਤੇ ਉਸ ਦੇ ਬੁੱਢ-ਵਰੇਸ ਸਾਥੀ ਵੀ।
ਲੋਕ ਯੁੱਧ ਦੀ ਤਰਜਮਾਨੀ ਕਰਦਾ ਰਾਮ ਦੁਲਾਰ ਲਿਖਦਾ ਹੈ, “ਮੈਂ 76 ਸਾਲ ਦੀ ਉਮਰ ਵਿੱਚ ਬਨਾਰਸ ਜੇਲ ਵਿੱਚ ਬੰਦ ਹਾਂ। 19 ਦਸੰਬਰ ਨੂੰ ਬੇਨੀਆ ਬਾਗ ਵਿੱਚ ਨਾਗਰਿਕਤਾ ਸੋਧ ਕਾਨੂੰਨ ਦਾ ਸ਼ਾਂਤੀਪੂਰਨ ਅਤੇ ਲੋਕਤੰਤਰੀ ਤਰੀਕੇ ਨਾਲ ਵਿਰੋਧ ਕਰਨ ਸਮੇਂ ਸਾਡੇ ਗੱਭਰੂ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ, ਪਿੱਛੇ ਰਹਿ ਗਏ ਅਸੀਂ ਪੰਜ ਬੁੱਢੇ। ਗ੍ਰਿਫਤਾਰੀ ਵਾਲੀ ਲਾਰੀ ਚਲੇ ਗਈ ਪਰ ਬਨਾਰਸ ਯੂਨੀਵਰਿਸਟੀ ਦੇ ਪਾੜ੍ਹਿਆਂ ਦਾ ਇਹ ਨਾਅਰਾ ‘ਹਮ ਦੇਸ ਬਚਾਨੇ ਨਿਕਲੇ ਹੈਂ, ਆਓ ਹਮਾਰੇ ਸਾਥ ਚਲੋ’ ਸਾਨੂੰ ਧੂਹ ਪਾ ਗਿਆ। ਅਸੀਂ ਪੰਜਾਂ ਜਣਿਆਂ ਨੇ ਆਟੋ ਰਿਕਸ਼ਾ ਲਿਆ ਅਤੇ ਪੁਲੀਸ ਲਾਈਨ ਪਹੁੰਚ ਕੇ ਹਾਕਮਾਂ ਨੂੰ ਜਾ ਵੰਗਾਰਿਆ। ਇਹ ਮੇਰੀ ਪਹਿਲੀ ਜੇਲ੍ਹਬੰਦੀ ਨਹੀਂ ਸੀ, ਲੋਕ-ਹਿਤਾਂ ਲਈ ਮੈਂ ਕਈ ਵਾਰ ਜੇਲ-ਬੰਦ ਰਿਹਾ ਹਾਂ।”
ਰਾਮ ਦੁਲਾਰ ਦੱਸਦਾ ਹੈ, “ਮੇਰੀ ਪਹਿਲੀ ਗ੍ਰਿਫਤਾਰੀ ਐਮਰਜੈਂਸੀ ਦੌਰਾਨ ਉਸ ਵੇਲੇ ਦੀ ਤਾਨਾਸ਼ਾਹੀ ਵਿਰੁੱਧ ਹੋਈ ਸੀ ਜਦੋਂ ਮੈਂ 32 ਸਾਲਾਂ ਦਾ ਗੱਭਰੂ ਸੀ। ਉਦੋਂ ਤੋਂ ਹੁਣ ਦੀ ਜੇਲ ਯਾਤਰਾ ਵਿੱਚ ਬਹੁਤਾ ਫ਼ਰਕ ਤਾਂ ਨਹੀਂ ਪਰ ਇੱਕ ਫ਼ਰਕ ਜ਼ਰੂਰ ਹੈ: ਹੁਣ ਵਰਦੀ ਵਾਲਿਆਂ ਨਾਲ ਫ਼ਿਰਕੂ ਟੋਲੇ ਵੀ ਸਰਗਰਮ ਹਨ ਅਤੇ ਮੂੰਹ ਢਕੀ, ਨਕਾਬਾਂ ਵਾਲੇ ਵੀ। ਉਦੋਂ ਮੈਂ ਜੇਲ੍ਹਰ ਤੋਂ ਕਿਤਾਬਾਂ ਦੀ ਮੰਗ ਕੀਤੀ ਸੀ, ਹੁਣ ਉਮਰ ਦੇ ਤਕਾਜੇ ਮੁਤਾਬਕ ਦਵਾਈਆਂ ਦੀ।”
ਇੱਕ ਗੱਲ ਰਾਮ ਦੁਲਾਰ ਹੋਰ ਕਹਿੰਦਾ, “ਹਾਂ, ਇੱਕ ਫ਼ਰਕ ਹੋਰ ਵੀ ਹੈ। ਜਵਾਨੀ ਵੇਲੇ ਜਦੋਂ ਮੈਂ ਐਮਰਜੈਂਸੀ ਸਮੇਂ ਜੇਲ ਆਇਆ ਤਾਂ ਅਖ਼ਬਾਰ ਸਾਨੂੰ ਲੋਕ-ਸੈਨਾਨੀ ਲਿਖਦੇ ਸਨ; ਹੁਣ ਜਦੋਂ ਅਸੀਂ ਐੱਨ.ਆਰ.ਸੀ. ਅਤੇ ਸੀ.ਏ.ਏ. ਵਿਰੁੱਧ ਸ਼ਾਂਤਮਈ ਸੰਘਰਸ਼ ਦੌਰਾਨ ਖ਼ੁਦ ਪੁਲੀਸ ਲਾਈਨ ਜਾ ਕੇ ਗ੍ਰਿਫਤਾਰੀ ਦਿੱਤੀ ਤਾਂ ਸਾਨੂੰ ਬੁੱਢਿਆਂ ਨੂੰ ਇਹ ‘ਮੀਡੀਆ’ ਉਪੱਦਰੀ ਅਤੇ ਦੰਗਈ ਲਿਖ ਰਿਹਾ ਹੈ। ਜੇਲ ਵਿੱਚ ਜਦੋਂ ਅਸੀਂ ਖ਼ਬਰਾਂ ਪੜ੍ਹਦੇ-ਸੁਣਦੇ ਹਾਂ ਤਾਂ ਖ਼ੁਦ ਨੂੰ ਦੱਸਦਾ ਹਾਂ ਕਿ ਉਦੋਂ ਐਮਰਜੈਂਸੀ ਲੱਗੀ ਸੀ, ਹੁਣ ਫਾਸਿਜ਼ਮ ਹੈ। ਉਦੋਂ ਖ਼ਬਰਚੀ ਲੋਕਾਂ ਦੀ ਗੱਲ ਕਰਦੇ ਸਨ ਪਰ ਹੁਣ ਹਾਕਮਾਂ ਦੀ।”
ਮੌਜੂਦਾ ਸਰਕਾਰ ਬਾਰੇ ਉਸ ਦਾ ਪ੍ਰਤੀਕਰਮ ਹੈ, “ਮੋਦੀ ਸਰਕਾਰ ਅਣ-ਐਲਾਨੀ ਐਮਰਜੈਂਸੀ ਲੈ ਕੇ ਆਈ ਹੈ, ਕਰੂਰ ਐਮਰਜੈਂਸੀ। ਉਦੋਂ ਐਮਰਜੈਂਸੀ ਵਿਰੁੱਧ ਲੜਨ ਦਾ ਜਜ਼ਬਾ ਸੀ ਜਦਕਿ ਹੁਣ ਜ਼ਿੰਮੇਵਾਰੀ ਹੈ। ਇਸ ਕਰਕੇ ਵੀ ਕਿ ਮੈਂ ਲੋਕ-ਸੈਨਾਨੀ ਵਾਲੀ ਪੈਨਸ਼ਨ ਵੀ ਲੈਂਦਾ ਹਾਂ। 2014 ਤੋਂ ਫਿਰਕਾ ਪ੍ਰਸਤੀ ਨੂੰ ਪਸਾਰਿਆ ਜਾ ਰਿਹਾ ਹੈ। ਘੱਟਗਿਣਤੀਆਂ ਵਿਰੁੱਧ ਹਿੰਸਕ ਵਰਤਾਰਾ। ਹਜੂਮੀ ਹਿੰਸਾ, ਰੋਹਿੰਗਿਆ, ਕਸ਼ਮੀਰ, ਅਯੁੱਧਿਆ, ਮੁਸਲਮਾਨ; ਗੱਲ ਕੀ, ਸਮੱਸਿਆ-ਦਰ-ਸਮੱਸਿਆ। ਦੇਸ਼ ਦੇ ਸਦਭਾਵੀ ਤਾਣੇ-ਬਾਣੇ ਨੂੰ ਤੋੜਨ ਦੀਆਂ ਕੋਝੀਆਂ ਸਾਜ਼ਿਸ਼ਾਂ।”
ਰਾਮ ਦੁਲਾਰ ਦਾ ਫ਼ਿਕਰ ਇਹ ਹੈ, “ਸੀ.ਏ.ਏ. ਸਾਡੀ ਧਰਮ-ਨਿਰਪੱਖਤਾ ਉੱਤੇ ਵਦਾਣੀ ਸੱਟ ਹੈ। ਬੇ-ਕਿਰਕ। ਬੇ-ਲਿਹਾਜ। ਇਹ ਲੋਕ ਦੂਸਰੀਆਂ ਧਿਰਾਂ ਨੂੰ ਮਾੜਾ ਅਤੇ ਆਪਣੀ ਧਿਰ ਨੂੰ ਉੱਤਮ ਐਲਾਨਦੇ ਹਨ। ਸਰਕਾਰ ਐਨੀ ਹੰਕਾਰੀ ਹੋਈ ਹੈ ਕਿ ਉਸ ਨੂੰ ਅਸਹਿਮਤੀ ਪ੍ਰਵਾਨ ਹੀ ਨਹੀਂ। ਵਿਰੋਧੀ ਰਾਇ ਨੂੰ ਕੁਚਲਣ ਲਈ ਇਹ ਸਰਕਾਰ ਅਜਿਹੇ ਹੱਥਕੰਡੇ ਅਪਣਾ ਰਹੀ ਹੈ, ਜੋ ਮੁਲਕ ਨੂੰ ਖੁੱਲ੍ਹੀ ਜੇਲ ਵੱਲ ਧੱਕ ਰਹੇ ਹਨ, ਐਮਰਜੈਂਸੀ ਤੋਂ ਵੀ ਭੈੜੀ ਹਾਲਤ ਵੱਲ।” ਉਹ ਦੱਸਦਾ ਹੈ, “ਇਸ ਅੰਦੋਲਨ ਵਿੱਚ ਮੇਰੇ ਨਾਲ ਗ੍ਰਿਫਤਾਰ ਹੋਏ ਪਾੜ੍ਹੇ ਪੁੱਛਦੇ ਹਨ- ‘ਦਾਦਾ! ਸਰਕਾਰ ਤੇ ਇਸ ਨੂੰ ਸ਼ਿਸ਼ਕੇਰਨ ਵਾਲਿਆਂ ਵਿਰੁੱਧ ਕਿਵੇਂ ਲੜਿਆ ਜਾਵੇ?” ਮੈਂ ਕਹਿੰਦਾ ਹਾਂ- “ਸਾਰੀਆਂ ਧਿਰਾਂ ਦੇ ਲਤਾੜਿਓਂ, ਤੁਰੰਤ ਡਟ ਜਾਓ। ਖੇਤਾਂ ਵਿੱਚ, ਕਾਰਖਾਨਿਆਂ ਵਿੱਚ, ਵਿਦਿਆਲਿਆਂ ਵਿੱਚ, ਹਰ ਗੁੱਠ ਵਿੱਚ। ਦੇਰੀ ਨਾ ਕਰੋ, ਨਵੀਂ ਸਰਕਾਰ ਦੀ ਉਡੀਕ ਨਾ ਕਰੋ। ਹੁਣ ਹੋਰ ਦੇਰੀ ਬਰਦਾਸ਼ਤ ਨਹੀਂ ਹੁੰਦੀ।”
“ਦਾਦਾ! ਉਦਾਸ ਨਾ ਹੋ, ਅਸੀਂ ਲੜਾਂਗੇ।” ਉਹ ਰੋਹਲਾ ਹੁੰਗਾਰਾ ਭਰਦੇ ਹਨ।
ਰਾਮ ਦੁਲਾਰ ਆਖਦਾ ਹੈ: “ਉਡੀਕ ਨਾ ਕਰੋ। ਉਦਾਸੀ ਦੇ ਆਲਮ ਵਿੱਚ ਮੈਂ ਇਹ ਗੱਲ ਤਾਂ ਕਹੀ ਸੀ, ਕਿਉਂਕਿ ਮੇਰੀ ਚੇਤਨਾ ਵਿੱਚ ਰਾਮ ਮਨੋਹਰ ਲੋਹੀਆ ਦੀ ਪੰਕਤੀ ਗੂੜ੍ਹੀ ਉੱਕਰੀ ਪਈ ਹੈ- “ਜ਼ਿੰਦਾ ਕੌਮਾਂ ਪੰਜ ਸਾਲ ਇੰਤਜ਼ਾਰ ਨਹੀਂ ਕਰਦੀਆਂ’।”
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1881)
(ਸਰੋਕਾਰ ਨਾਲ ਸੰਪਰਕ ਲਈ: