“ਖੂਨ ਦੀ ਅਜਿਹੀ ਫੁਆਰ ਫੁੱਟੀ ਕਿ ਦਹਿਸ਼ਤਜ਼ਦਾ ਹੋਇਆ ਸ਼ਿਵ ਸਿੰਘ ਵਾਹੋਦਾਹੀ ...”
(7 ਜੂਨ 2019)
ਕਤਲ ਤਾਂ ਉਸਨੇ ਕੀ ਕਰਨਾ ਸੀ, ਲੁੱਟ-ਖੋਹ ਵੀ ਉਸ ਨਾ ਕੀਤੀ। ਸੂਈ-ਸਾਰਖੀ ਵੀ ਨਹੀਂ ਸੀ ਚੁੱਕੀ, ਉਸਨੇ ਮੁਸਲਮਾਨਾਂ ਦੇ ਘਰੋਂ। ਉਸ ਦੇ ਨਾਲਦਿਆਂ ਨੇ ਮਾਰ-ਧਾੜ ਵੀ ਕੀਤੀ, ਕੁੜੀਆਂ ਵੀ ਉਧਾਲੀਆਂ। ਹੱਥ ਬੰਨ੍ਹੀ ਖੜ੍ਹੇ ਬੇਦੋਸ਼ੇ ਵੀ ਮਾਰੇ। ਦਰ-ਹਕੀਕਤ; ਘੱਟ ਦੋਵਾਂ ਧਿਰਾਂ ਵਿੱਚੋਂ, ਕਿਸੇ ਫਿਰਕੂ ਲਾਣੇ ਨੇ ਵੀ ਨਹੀਂ ਸੀ ਕੀਤੀ। ਨਾ ਇੱਧਰਲਿਆਂ, ਨਾ ਉੱਧਰਲਿਆਂ। ਤੇ ਸੰਤਾਪ, ਆਮ ਤੇ ਭਲਿਆਂ ਲੋਕਾਂ ਨੇ ਹੀ ਹੰਢਾਇਆ। ਮਗਰੋਂ, ਉਸਦੇ ਜਾਣੂ ਕਾਤਲੀ ਗ੍ਰੋਹਾਂ ਵਿੱਚੋਂ ਬਹੁਤੇ ਕਾਤਲ ਬੁਰੇ ਹਾਲੀਂ ਮਰੇ, ਪਛਤਾਵੇ ਦੇ ਭਰੇ ਹੋਏ। ਬਹੁੜੀਆਂ ਪਾਉਂਦੇ ਉਹ ਬੁੱਢ-ਵਰੇਸ ਉਸ ਨੂੰ ਵੀ ਅਤੀਤ ਯਾਦ ਕਰਵਾ ਦਿੰਦੇ।
ਅੰਤ ਮੌਤ ਤੱਕ ਪਛਤਾਵਾ ਉਸ ਨੂੰ ਇਸ ਗੱਲ ਦਾ ਰਿਹਾ, ਉਹ ਫਿਰਕੂ ਗ੍ਰੋਹਾਂ ਸੰਗ ਕਿਉਂ ਤੁਰ ਪਿਆ ਸੀ। ਗਿਆ ਤਾਂ ਭਾਵੇਂ ਉਹ ਅਣਮੰਨੇ ਜਿਹੇ ਮਨ ਨਾਲ, ਉਹ ਵੀ ਇੱਕ ਦਿਨ ਹੀ। ਖੂਨ ਵੀ ਉਸ ਨਹੀਂ ਸੀ ਵਗਾਇਆ। ਰਿਹਾ ਵੀ ਪਿੱਛੇ-ਪਿੱਛੇ, ਥੋੜ੍ਹਾ ਹਟਵਾਂ। ਉਸ ਨੂੰ ਲੱਗਦਾ, ਜੇ ਇਸ ਗੱਲ ਦੀ ਰੱਤੀ-ਮਾਸਾ ਭਿਣਕ ਵੀ ਚੌਧਰੀ ਕਰਮ ਇਲਾਹੀ ਤੱਕ ਪਹੁੰਚ ਗਈ ਤਾਂ ਜੱਗੋਂ ਤੇਰ੍ਹਵੀਂ ਹੋ ਜਾਣੀ ਸੀ। ਕਰਮ ਇਲਾਹੀ ਦੇ ਖ਼ਤ ਦਾ ਜਵਾਬ ਲਿਖਦਿਆਂ ਉਸ ਨੂੰ ਜਾਪਦਾ ਕਿ ਉਹ ਸਿਆਹੀ ਨਾਲ ਨਹੀਂ, ਉਸ ਦੀ ਧਿਰ ਦੀ ਰੱਤ ਨਾਲ ਲਿਖ ਰਿਹਾ ਹੈ ਇਹ ਖ਼ਤ, ਜਿਸ ਧਿਰ ਨੇ ਬਲਦੇ-ਭਾਂਬੜਾਂ ਵਿੱਚੋਂ ਵੀ ਉਸ ਦੇ ਟੱਬਰ ਨੂੰ ਸੁੱਖੀ-ਸਾਂਦੀ ਵੰਡ ਦੀ ਬਲਦੀ ਲੀਕ ਪਾਰ ਕਰਾਈ ਸੀ। ਹਰ ਮੋੜਵੇਂ ਖ਼ਤ ਦੇ ਲਫ਼ਜ਼ ਕਾਲੇ ਜਾਂ ਨੀਲੇ ਨਹੀਂ, ਗੂੜੇ ਲਾਲ-ਰੱਤੇ ਜਾਪਦੇ। ਖੂਨ ਨਾਲ ਲੱਥ ਪੱਥ। ਖੂਨ, ਜਿਹੜਾ ਆਪਣਿਆਂ ਨੇ ਵੀ ਵਗਾਇਆ ਸੀ।
ਪਿੱਛਿਓਂ ਉਹ ਚੱਕ ਨੰਬਰ 15, ਬਹਾਵਲਪੁਰ, ਹੁਣ ਪਾਕਿਸਤਾਨ, ਤੋਂ ਸਨ। ਨੰਬਰਦਾਰ ਸ਼ਿਵ ਸਿੰਘ ਵੀਹ ਵਰ੍ਹਿਆਂ ਦਾ ਭਰ-ਜਵਾਨ ਸੀ, ਜਦੋਂ ਉਹ ਮੁਕਲਾਵਾ ਲੈਣ ਆਇਆ, ਵੱਡੇ ਰੌਲਿਆਂ ਵੇਲੇ ਆਪਣੇ ਪੁਰਖ਼ਿਆਂ ਦੇ ਪਿੰਡ ਚੱਬੇਵਾਲ ਘਿਰ ਕੇ ਰਹਿ ਗਿਆ ਸੀ। ਉਸ ਦੇ ਭਰੇ-ਭਕੁੰਨੇ ਪਰਿਵਾਰ ਦੇ ਦੋ ਘੱਟ ਵੀਹ ਜੀਅ, ਉੱਧਰ ਘੇਰੇ ਗਏ, ਜਦੋਂ ਦੋ ਮੁਲਖਾਂ ਦਾ ਐਲਾਨ ਹੋਇਆ। ਪਤਾ ਨਹੀਂ ਸੀ ਲੱਗ ਰਿਹਾ ਕਿ ਉਹ ਜੀਉਂਦੇ-ਜਾਗਦੇ ਹਨ ਜਾਂ ਮਾਰੇ ਗਏ। ਸ਼ਿਵ ਸਿੰਘ ਹੁਰਾਂ ਦਾ ਜੱਦੀ ਪਿੰਡ ਹੁਸ਼ਿਆਰਪੁਰ ਵਿੱਚ ਪੈਂਦਾ ਸੀ, ਹੁਣ ਵਾਲਾ ਅਸੰਬਲੀ ਹਲਕਾ, ਚੱਬੇਵਾਲ। ਪਿੰਡ ਵਿੱਚ ਉਹ ਸ਼ਾਹ ਵੱਜਦੇ, ਜਿਹੜੇ ਵਪਾਰ ਦੇ ਸਿਲਸਿਲੇ ਵਿੱਚ ਬਹਾਵਲਪੁਰ ਜਾ ਟਿਕੇ ਸਨ।
ਰੌਲਿਆਂ ਦੀ ਮਾਰ-ਧਾੜ ਤੋਂ ਉਪਰਾਮ ਹੋਏ ਸ਼ਿਵ ਸਿੰਘ ਨੂੰ ਕਈ ਛਛਕੇਰਦੇ, “ਬੈਠਾ ਕੀ ਕਰਦਾਂ, ਚੁੱਕ ਲੈ ਛਵ੍ਹੀਆਂ। ਕੋਈ ਨੀ ਛੱਡਿਆ ਹੋਣਾ ਤੇਰਾ ਉੱਧਰ। ਤੀਵੀਆਂ ਵੀ, ਮੁਸਲਿਆਂ ਘਰ ਪਾ ਲਈਆਂ ਹੋਣੀਆਂ।”
ਇਨ੍ਹਾਂ ਗੱਲਾਂ ਨੇ ਸ਼ਿਵ ਸਿੰਘ ਦੇ ਮਨ ਦਾ ਚੈਨ ਖੋਹ ਲਿਆ। ਉਸ ਨੂੰ ਲੱਗਦਾ, ਪਾਗਲ ਹੋ ਜਾਵੇਗਾ ਉਹ। ਪੈਸੇ-ਧੇਲੇ ਦੀ ਤਾਂ ਗੱਲ ਹੀ ਛੱਡੋ, ਜੀਅ ਹੀ ਬਚ ਕੇ ਹੀ ਆ ਜਾਣ।
ਉਂਜ ਸ਼ਿਵ ਸਿੰਘ ਨੂੰ ‘ਰੱਬ’ ਨਾਲੋਂ ਚੱਕ ਨੰਬਰ 15 ਦੇ ਮੁਸਲਮਾਨਾਂ ਉੱਤੇ ਵੱਧ ਭਰੋਸਾ ਸੀ - ਇੰਝ ਨੀ ਕਰ ਸਕਦੇ ਉਹ। ਖ਼ਾਸ ਕਰਕੇ, ਦਾਨੇ ਕਰਮ ਇਲਾਹੀ ਵਰਗਿਆਂ ਦੇ ਹੁੰਦਿਆਂ। ਉਹ ਬੁੜ-ਬੁੜਾ ਉੱਠਦਾ।
ਕਤਲੋਗਾਰਤ ਦੀਆਂ ਵਧ ਰਹੀਆਂ ਹਵਾਈਆਂ ਨੇ ਸ਼ਿਵ ਸਿੰਘ ਤੋਂ ਆਪਣੇ ਜੀਆਂ ਦੇ ਜਿਉਂਦੇ ਹੋਣ ਦੀ ਆਸ ਮੁਕਾ ਛੱਡੀ। ਚੱਕ ਨੰਬਰ 25 ਵਿੱਚ ਨਹੀਂ ਤਾਂ ਜਰੂਰ ਉਹ ਰਸਤੇ ਵਿੱਚ ਹੀ ਮਾਰੇ ਗਏ ਹੋਣੇ ਆ ... ਉਹ ਕੰਧਾਂ ਨਾਲ ਟੱਕਰਾਂ ਮਾਰ ਰੋਂਦਾ। ਘਰੋਂ ਬਾਹਰ ਨਿੱਕਲਦਾ ਤਾਂ ਉੱਚੀ-ਉੱਚੀ ‘ਆਗੂਆਂ’ ਨੂੰ ਕੋਸਦਾ। ਕਦੇ ਆਪਣੇ ਅਤੇ ਕਦੇ ਮੁਸਲਮਾਨਾਂ ਦਿਆਂ ਨੂੰ। ਜੁੱਸੇ ਦੇ ਤਕੜੇ, ਪਰ ਦਿਲ ਵਜੋਂ ਨਰਮ, ਸ਼ਿਵ ਸਿੰਘ ਨੂੰ ਇਨ੍ਹਾਂ ਦਿਨਾਂ ਵਿੱਚ ਕਦੀ ਕਦੀ ਮੁਸਲਮਾਨਾਂ ਦਾ ਕਤਲੇਆਮ ਹੱਕੀ ਵੀ ਜਾਪਦਾ। ਉਸ ਦੀ ਇਸੇ ਮਨੋਸਥਿਤੀ ਦਾ ਫ਼ਾਇਦਾ ਲੈ ਕੇ ਧਾੜਵੀਆਂ ਟੋਲਿਆਂ ਨੇ ਇੱਕ ਦਿਨ ਉਸ ਨੂੰ ਆਪਣੇ ਨਾਲ ਤੋਰ ਹੀ ਲਿਆ।
ਇਹ ਦਿਨ ਉਹ ਸੀ, ਜਦ ਬਸੀ ਕਲਾਂ-ਭੇੜੂਆ ਬਿਛੋਹੀ ਤਰਫ਼ ‘ਮੋਰਚਾ’ ਲੱਗਾ, ਮਗਰੋਂ ਜਿਹੜਾ ਨਾਰੂ ਨੰਗਲ ਦੇ ਮੋਰਚੇ ਵਜੋਂ ਮਸ਼ਹੂਰ ਹੋਇਆ। ਨਾਰੂ ਨੰਗਲ ਮੁਸਲਮਾਨਾਂ ਦਾ ਕੇਂਦਰੀ ਪਿੰਡ ਸੀ। ਆਲੇ ਦੁਆਲੇ ਦੇ ਪਿੰਡਾਂ ਵਿੱਚ ਵੀ ਮੁਸਲਮਾਨਾਂ ਦੀ ਚੋਖੀ ਵਸੋਂ ਸੀ। ਫਿਰ, ਬਾਈ ਬਸੀਆਂ ਵਿੱਚੋਂ ਬਹੁਤੀਆਂ ਦੇ ਵਸਣ ਦਾ ਸਬੱਬ ਤਾਂ ਬਣੇ ਹੀ ਮੁਸਲਮਾਨ ਸਨ। ਨਾਰੂ ਨੰਗਲ ਦੇ ਪਠਾਣ ਮੁਸਲਮਾਨਾਂ ਦੀ ਇਲਾਕੇ ਵਿੱਚ ਬੜੀ ਸਦਭਾਵੀ ਭੱਲ ਸੀ। ਸਭਨਾਂ ਲੋਕਾਂ ਦੇ ਦੁੱਖ-ਸੁਖ ਦੇ ਸਾਂਝੀ ਸਨ ਉਹ। ਇਲਾਕੇ ਦੇ ਲੋਕ, ਉਨ੍ਹਾਂ ਦੀ ਬੜੀ ਕਦਰ ਕਰਦੇ। ਉੱਥੇ ਕਿਸੇ ਸਾਡਾ ਵਾਲ ਵਿੰਗਾਂ ਵੀ ਨਹੀਂ ਕਰਨਾ - ਇਹੀ ਸੋਚ ਕੇ ਆਲੇ-ਦੁਆਲੇ ਦੇ ਕਈ ਮੁਸਲਿਮ ਪਰਿਵਾਰ ਵੀ ਨਾਰੂ ਨੰਗਲ ਆ ਢੁੱਕੇ।
ਉਸ ਮੋਰਚੇ ਦੀ ਅਗਵਾਈ ਮਾਹਿਲਪੁਰ ਤੋਂ ਉੱਪਰਲੇ ਇਲਾਕੇ ਦਾ ‘ਵਿੱਦਿਅਕ ਦਾਨੀ’ ਕਹਾਉਂਦਾ ਇੱਕ ਡੇਰੇ ਦਾ ਪ੍ਰਮੁੱਖ ਕਰ ਰਿਹਾ ਸੀ। ਨਾਲ ਉਸ ਦੇ ਚੱਬੇਵਾਲੀਆਂ ‘ਜਥੇਦਾਰ’ ਠਾਕੁਰ ਸੁੰਹ ਹੁੰਦਾ, ਜਾਂ ਫਿਰ ਤਾਰਾ ਸਿੰਘ। ਲਹਿਲੀ ਵਾਲਾ ਖਰੂਦੀ ਜੋਗਾ ਸਿੰਘ ਤਾਂ ਨਾਲ ਹੋਣਾ ਹੀ ਸੀ, ਨਿਰਮਲਾ ਕਹਾਉਂਦਾ ਬੰਬੇਲੀ ਖਿੱਤੇ ਦਾ ਇੱਕ ‘ਸਾਧ’ ਵੀ ਬਾਰੂਦੀ ਹਥਿਆਰ ਚੁੱਕੀ ਫਿਰਦਾ। ਤਮਾਸ਼ਬੀਨ, ਚੋਰ-ਉਚੱਕੇ, ਤੀਵੀਆਂ ਉਧਾਲਣ ਵਾਲੇ ਪਿੱਛੇ ਕਿਵੇਂ ਰਹਿ ਸਕਦੇ ਸਨ। ਨਾਰੂ ਨੰਗਲ ਇਕੱਠੇ ਹੋਏ ਕੁਝ ਮੁਸਲਮਾਨਾਂ ਨੇ ਹਜੂਮ ਨੂੰ ਆਤਸ਼ੀ ਹਥਿਆਰਾਂ ਨਾਲ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਮਾਰੇ ਗਏ। ਪਿੰਡ ਨੂੰ ਅੱਗ ਲਾ ਦਿੱਤੀ ਗਈ। ਕੁਝ ਖੂਹ ਤਾਂ ਲਾਸ਼ਾਂ ਨਾਲ ਭਰ ਗਏ। ਕਈ ਕੁੜੀਆਂ-ਚਿੜੀਆਂ ਨੇ ਕੰਧਾਂ ਕੋਠਿਆਂ ਤੋਂ ਜਾਂ ਖੂਹਾਂ ਵਿੱਚ ਛਾਲਾਂ ਮਾਰ ਦਿੱਤੀਆਂ। ਕੁਝ ਇੱਕ ਨੇ ਤਾਂ ਇੱਜ਼ਤ-ਆਬਰੂ ਖਾਤਰ ਆਪਣੀਆਂ ਮੁਟਿਆਰਾਂ ਨੂੰ ਹੱਥੀਂ ਹੀ ਮਾਰ ਦਿੱਤਾ। ਰੱਜ ਕੇ ਲੁੱਟ-ਖੋਹ, ਮਾਰ-ਧਾੜ ਹੋਈ। ਕੁਝ ਜਵਾਨ-ਜਹਾਨ ਕੁੜੀਆਂ-ਤ੍ਰੀਮਤਾਂ ਉਧਾਲੀਆਂ ਵੀ ਗਈਆਂ।
ਜਥੇ ਦੇ ‘ਆਗੂ’ ਜਿਹੜੇ ਪਿੰਡ ਦੀ ਜੂਹੋਂ ਬਾਹਰ ਘਣੇ ਅੰਬਾਂ ਵਿੱਚ ਸ਼ਿਸਤ ਲਾਈ ਬੈਠੇ ਸਨ, ਮੂਹਰੇ ਬਚੇ ਹੋਏ ਬੁੱਢੇ-ਠੇਰੇ, ਬੱਚਿਆਂ ਸਮੇਤ ਹੱਥ-ਬੰਨ੍ਹ ਆ ਖੜ੍ਹੇ ਹੋਏ – “ਰੱਖ ਲਓ ਜਾਂ ਮਾਰ ਦਿਓ।” ਉਨ੍ਹਾਂ ਅਰਜੋਈ ਕੀਤੀ। ਸਾਰੀਆਂ ਧਿਰਾਂ ਦੇ ‘ਰੱਬਾਂ’ ਦਾ ਵਾਸਤਾ ਪਾਇਆ। ਕੁਰਲਾਹਟ ਮਚੀ ਪਈ ਸੀ। ਇਸੇ ਧਮੱਚੜ ਵਿੱਚ ਜਿਉਂ ਹੀ ਇੱਕ ਜੋਬਨ-ਵੰਤੀ ਉੱਥੋਂ ਨੱਸ ਤੁਰੀ ਤਾਂ ‘ਦੁਮਾਲੇ’ ਰਚਾਈ ਬੈਠੇ ਸਾਧ ਦੇ ਬਰਛੇ ਨੇ ਪਿੱਠ ਚੀਰ ਦੋਹਾਂ ਦੋਧੀਆਂ ਵਿਚਕਾਰ ਮੂੰਹ ਜਾ ਕੱਢਿਆ। ਖੂਨ ਦੀ ਅਜਿਹੀ ਫੁਆਰ ਫੁੱਟੀ ਕਿ ਦਹਿਸ਼ਤਜ਼ਦਾ ਹੋਇਆ ਸ਼ਿਵ ਸਿੰਘ ਵਾਹੋਦਾਹੀ ਪਿੰਡ ਨੂੰ ਨੱਸ ਤੁਰਿਆ। ਉਸ ਨੂੰ ਜਾਪਿਆ ਜਿਵੇਂ ਉਹ ਚੱਬੇਵਾਲ ਨਹੀਂ, ਚੱਕ ਨੰਬਰ 15 ਬਹਾਵਲਪੁਰ ਨੂੰ ਆਪਣੇ ਟੱਬਰ ਦੀਆਂ ਕੁੜੀਆਂ ਬਚਾਉਣ ਨੱਸਿਆ ਜਾ ਰਿਹਾ ਹੋਵੇ। ਚੱਬੇਵਾਲ ਪਹੁੰਚ ਉਸ ਆਪਣੇ ਆਪ ਨੂੰ ਘਰ ਵਿੱਚ ਬੰਦ ਕਰ ਲਿਆ।
ਸਬੱਬੀਂ, ਦੋ ਕੁ ਹਫਤੇ ਬਾਅਦ ਉਸ ਦੇ ਟੱਬਰ ਦੇ ਸਾਰੇ ਜੀਅ, ਸਹੀ-ਸਲਾਮਤ, ਰਾਜਸਥਾਨ ਵੱਲ ਦੀ ਸਰਹੱਦ ਆ ਟੱਪੇ। ਫਿਰਕੂ ਲਾਣਿਆਂ ਨੇ ਘੇਰ ਉਨ੍ਹਾਂ ਨੂੰ ਵੀ ਲਿਆ ਸੀ। ਲੁੱਟੇ ਹੀ ਨਹੀਂ, ਮਾਰੇ ਉਨ੍ਹਾਂ ਵੀ ਜਾਣਾ ਸੀ, ਜੇ ਪਿੰਡ ਦਾ ਦਾਨਾ ਬੰਦਾ ਚੌਧਰੀ ਕਰਮ ਇਲਾਹੀ ਫ਼ਰਿਸ਼ਤਾ ਬਣ ਨਾ ਬਹੁੜਦਾ। ਵਹਿਸ਼ੀ ਮੁਸਲਿਮ ਟੋਲਿਆਂ ਮੂਹਰੇ ਕਰਮ ਇਲਾਹੀ ਅਤੇ ਉਸ ਦੇ ਸਾਥੀ ‘ਦੀਵਾਰਾਂ’ ਬਣ ਕੇ ਖਲੋ ਗਏ ਸਨ। ਉਨ੍ਹਾਂ ਦੀਆਂ ਤੀਵੀਆਂ ਤੱਕ ਨੇ ਸ਼ਿਵ ਸਿੰਘ ਦਾ ਟੱਬਰ, ਉਦੋਂ ਤੱਕ ਕਲਾਵੇ ਵਿੱਚ ਲਈ ਰੱਖਿਆ ਜਦ ਤੀਕ ਰਾਤੋ-ਰਾਤ ਸਮੇਤ ਮਾਲ-ਅਸਬਾਬ, ਉਨ੍ਹੀਂ ਆਪਣੇ ਇਨ੍ਹਾਂ ਹਿੰਦੂ-ਸਿੱਖ ਹਮਸਾਇਆ ਨੂੰ ਸੁੱਖੀ-ਸਾਂਦੀ ਰਾਜਸਥਾਨ ਵਾਲੀ ਲੀਕ ਨਾ ਟਪਾ ਦਿੱਤਾ।
ਜੇ ਮੈਂ ਵੀ ਕਾਤਲ ਹੋ ਨਿੱਬੜਦਾ, ਤਾਂ ਕੀ ਜਵਾਬ ਦਿੰਦਾ ਕਰਮ ਇਲਾਹੀ ਨੂੰ? ਜਦੋਂ ਵੀ ਕਰਮ ਇਲਾਹੀ ਦੀ ਚਿੱਠੀ, ਜਿਹੜੀ ਸੱਠਵਿਆਂ ਤੀਕ ਉਸ ਦੇ ਮਾਂ-ਬਾਪ ਨੂੰ ਆਉਂਦੀ ਰਹੀ, ਤਾਂ ਉਹ ਬਿਚਲਿਤ ਹੋ ਉੱਠਦਾ। ਖ਼ਤ ਪੜ੍ਹਦਿਆਂ ਉਹ ਆਪਣੇ-ਆਪ ਨੂੰ ਪਾਪ-ਬੋਝ ਨਾਲ ਲੱਦਿਆ ਮਹਿਸੂਸ ਕਰਦਾ। ਧੜਵੈਲ ਚੌਧਰੀ ਹੋਣ ਦੇ ਬਾਵਜੂਦ ਉਸ ਨੂੰ ਕਿਰਤ ਕਮਾਈ ਕਰਨ ਵਾਲਾ ਕਰਮ ਇਲਾਹੀ ਸੂਫ਼ੀ ਫ਼ਕੀਰ ਜਾਪਦਾ। ਆਪਣੇ ਸਾਧ ਲਾਣੇ ਤੋਂ ਯਕੀਨ ਤਾਂ ਉਸਦਾ ਉਦੋਂ ਹੀ ਚੁੱਕਿਆ ਗਿਆ ਸੀ, ਜਿਨ੍ਹਾਂ ਸ਼ਰਨ ਆਇਆਂ ਦੀ ਲਾਜ ਵੀ ਨਹੀਂ ਸੀ ਰੱਖੀ।
ਸ਼ਿਵ ਸਿੰਘ ਹੁਣ ਧੌਲ-ਦਾੜ੍ਹੀਆ ਹੋ ਚੱਲਿਆ ਸੀ, ਪੋਤੇ-ਦੋਹਤਰਿਆਂ ਵਾਲਾ। ਉਸ ਦਾ ਦਿਲ ਕਰਦਾ, ਉਹ ਇਸ ਮੂਕ-ਪਾਪ ਤੋਂ ਮੁਕਤ ਹੋਣ ਲਈ ਪਾਕਿਸਤਾਨ ਜਾ ਕੇ ਚੌਧਰੀ ਕਰਮ ਇਲਾਹੀ ਦੇ ਪਰਿਵਾਰ ਤੋਂ ਮਾਫ਼ੀ ਮੰਗੇ, ਗਿੜ-ਗੜਾਏ ਉਨ੍ਹਾਂ ਸਾਹਮਣੇ। ਬਹੁੜੀ ਪਾਵੇ -ਕਰਮ ਇਲਾਹੀ! ਮੈਂ ਕਾਤਲਾਂ ਨਾਲ ਨਹੀਂ ਸੀ। - ਪਰ ਪਾਕਿਸਤਾਨ ਜਾਣਾ ਤਾਂ ਦੂਰ, ਪੈਂਹਠ (1965) ਤੋਂ ਬਾਅਦ ਤਾਂ ਚਿੱਠੀਆਂ ਵੀ ਬੰਦ ਹੋ ਗਈਆਂ ਸਨ।
ਬਿਰਧ ਅਵਸਥੀ, ਸ਼ਿਵ ਸਿੰਘ ਲਿਖਾਰੀ ਬਣੇ ਆਪਣੇ ਪੁੱਤ ਨੂੰ ਅਰਜੋਈ ਕਰਦਾ - ਮਾਸਟਰ ਅਵਤਾਰ ਸੰਧੂ, ਮੇਰੇ ਬੇਟਿਆ, ਇੱਕ ਕਥਾ ਲਿਖੀਂ, ਜਿਸ ਵਿੱਚ ਚੌਧਰੀ ਕਰਮ ਇਲਾਹੀ ਵਰਗਿਆਂ ਦੇ ਉਪਕਾਰ ਦੀ ਬਾਤ ਵੀ ਹੋਵੇ ਅਤੇ ਸਾਡੇ ਵਰਗਿਆਂ ਦੇ ਪਾਪ ਦੀ ਵੀ।”
ਸਿਤਮ ਵੇਖੋ! ਉਸਦੇ ਜਿਉਂਦੇ ਜੀਅ ਉਸਦਾ ਪੁੱਤ ਤਾਂ ਕਹਾਣੀ ਨਹੀਂ ਲਿਖ ਸਕਿਆ, ਸ਼ਾਇਦ ਇਹ ਮਾਰਮਿਕ ਕਥਾ ਉਹ ਨਾ ਵੀ ਲਿਖੇ, ਪਰ ਸੱਚ ਜਾਣਿਓ, ਮੈਂ ਇਹ ਕਥਾ ਬਿਆਨਦਿਆਂ ਜਰੂਰ ਖੂਨ ਦੇ ਅੱਥਰੂ ਰੋ ਰਿਹਾ ਹਾਂ। ਆਓ ਰੋਈਏ!
*****
ਫੋਟੋ: 1928 ਵਿੱਚ ਸ਼ਿਵ ਸਿੰਘ ਆਪਣੇ ਬਾਪ ਦਾਦਿਆਂ ਨਾਲ। ਦੋਹਾਂ ਕੁਰਸੀਆਂ ਵਿਚਕਾਰ
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1622)
(ਸਰੋਕਾਰ ਨਾਲ ਸੰਪਰਕ ਲਈ: