ParamjitSNikkeGhuman7ਖ਼ਸਤਾਹਾਲ ਬੱਸ ... ਅੱਧ ਰਸਤੇ ਵਿੱਚ ਜਾ ਕੇ ਉਸਦਾ ਐਕਸਲ ਟੁੱਟ ਗਿਆ ...”
(27 ਦਸੰਬਰ 2025)


ਸਾਡੇ ਲੋਕਤੰਤਰੀ ਮੁਲਕ ਵਿੱਚ ਹਰ ਸਾਲ ਪੰਚਾਇਤ
, ਨਗਰ ਕੌਂਸਲ, ਨਗਰ ਨਿਗਮ, ਬਲਾਕ ਸੰਮਤੀ, ਜ਼ਿਲ੍ਹਾ ਪਰਿਸ਼ਦ, ਵਿਧਾਨ ਸਭਾ ਜਾਂ ਲੋਕ ਸਭਾ ਦੀਆਂ ਚੋਣਾਂ ਵਿੱਚੋਂ ਕੋਈ ਨਾ ਕੋਈ ਚੋਣ ਹੁੰਦੀ ਰਹਿੰਦੀ ਹੈ ਅਤੇ ਇਨ੍ਹਾਂ ਚੋਣਾਂ ਦੇ ਅਮਲ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਵੱਖ-ਵੱਖ ਸਰਕਾਰੀ ਅਦਾਰਿਆਂ ਨਾਲ ਸਬੰਧਿਤ ਕਰਮਚਾਰੀਆਂ ਦੀਆਂ ਡਿਊਟੀਆਂ ਲਾਈਆਂ ਜਾਂਦੀਆਂ ਹਨ। ਇਨ੍ਹਾਂ ਚੋਣ ਕਰਮਚਾਰੀਆਂ ਵਿੱਚ ਅਧਿਕਤਰ ਗਿਣਤੀ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਹੁੰਦੀ ਹੈ। ਚੋਣਾਂ ਤੋਂ ਪਹਿਲਾਂ ਬੀ.ਐੱਲ.ਓ. ਡਿਊਟੀਆਂ, ਵਿਭਾਗੀ ਸੈਮੀਨਾਰਾਂ, ਵਰਕਸ਼ਾਪਾਂ, ਵਿੱਦਿਅਕ ਟੂਰਾਂ, ਮਾਪੇ ਅਧਿਆਪਕ ਮਿਲਣੀਆਂ, ਕੁਇੱਜ਼ ਕੰਪਟੀਸ਼ਨਾਂ, ਪ੍ਰੀਖਿਆ ਡਿਊਟੀਆਂ, ਵਿੱਦਿਅਕ ਵਿਸ਼ਿਆਂ ਨਾਲ ਸਬੰਧਿਤ ਪ੍ਰਦਰਸ਼ਨੀਆਂ ਅਤੇ ਮੇਲਿਆਂ ਸਣੇ ਅਜਿਹੇ ਹੋਰ ਕਈ ਸਾਰੇ ਕਾਰਜਾਂ ਦੇ ਨਾਲ-ਨਾਲ ਚੋਣ ਡਿਊਟੀਆਂ ਦੀ ਰਿਹਰਸਲਾਂ ਅਤੇ ਚੋਣ ਡਿਊਟੀਆਂ ਦੇਣ ਤੋਂ ਬਾਅਦ ਬਚੇ ਹੋਏ ਸਮੇਂ ਵਿੱਚ ਸਿਲੇਬਸ ਪੂਰਾ ਕਰਵਾਉਣਾ ਅਤੇ ਵਿਦਿਆਰਥੀਆਂ ਨੂੰ ਸਲਾਨਾ ਪ੍ਰੀਖਿਆਵਾਂ ਲਈ ਤਿਆਰ ਕਰਨਾ ਇੱਕ ਅਧਿਆਪਕ ਲਈ ਬਹੁਤ ਹੀ ਮੁਸ਼ਕਿਲ ਕੰਮ ਹੈ। ਇਸ ਤੋਂ ਇਲਾਵਾ ਚੋਣ ਡਿਊਟੀ ਸਮੇਂ ਜੋ ‘ਅਣਮਨੁੱਖੀ ਵਿਹਾਰ’ ਅਧਿਆਪਕਾਂ ਅਤੇ ਹੋਰ ਵਿਭਾਗਾਂ ਨਾਲ ਜੁੜੇ ਕਰਮਚਾਰੀਆਂ ਨਾਲ ਚੋਣ ਅਧਿਕਾਰੀਆਂ ਵੱਲੋਂ ਕੀਤਾ ਜਾਂਦਾ ਹੈ, ਉਹ ਲਫਜ਼ਾਂ ਵਿੱਚ ਬਿਆਨ ਤੋਂ ਪਰੇ ਹੈ। ਕਿਸ ਤਰ੍ਹਾਂ ਦੇ ਸਰੀਰਕ ਅਤੇ ਮਾਨਸਿਕ ਕਸ਼ਟਾਂ ਵਿੱਚੋਂ ਲੰਘ ਕੇ ਹੀ ਹਰੇਕ ਚੋਣ ਕਰਮਚਾਰੀ ਨੂੰ ਆਪਣੀ ਚੋਣ ਡਿਊਟੀ ਕਰਨੀ ਪੈਂਦੀ ਹੈ, ਆਉ ਇਸਦੀ ਇੱਕ ਮਿਸਾਲ ਸਮਝਦੇ ਹਾਂ।

ਤਾਜ਼ਾ ਹੋਈਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਦੌਰਾਨ ਮੇਰੀ ਡਿਊਟੀ ਬਤੌਰ ਪ੍ਰਜ਼ਾਈਡਿੰਗ ਅਫਸਰ ਲਾਈ ਗਈ ਅਤੇ ਪਹਿਲੀ ਰਿਹਰਸਲ ਲਈ ਮੈਨੂੰ ਅਤੇ ਮੇਰੀ ਵਿੱਦਿਅਕ ਸੰਸਥਾ ਦੇ ਡੇਢ ਦਰਜਨ ਤੋਂ ਵੱਧ ਕਰਮਚਾਰੀਆਂ ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਫਤਿਹਗੜ੍ਹ ਚੂੜੀਆਂ ਵਿਖੇ ਬੁਲਾਇਆ ਗਿਆ ਅਤੇ ਡਿਊਟੀ ਪੱਤਰ ਵਿੱਚ ਅਗਲੀਆਂ ਚੋਣ ਰਿਹਰਸਲਾਂ ਦੀਆਂ ਮਿਤੀਆਂ ਦੇ ਨਾਲ ਰਿਹਰਸਲ ਸਥਾਨ ਫਤਿਹਗੜ੍ਹ ਚੂੜੀਆਂ ਹੀ ਪ੍ਰਕਾਸ਼ਿਤ ਕੀਤਾ ਗਿਆ ਸੀ ਜੋ ਕਿ ਮੇਰੇ ਘਰ ਅਤੇ ਸਕੂਲ ਤੋਂ 25 ਕਿਲੋਮੀਟਰ ਦੂਰ ਸੀ। ਪਹਿਲੀ ਰਿਹਸਰਲ ਦੇ ਦਿਨ ਮੇਰੀ ਵਿੱਦਿਅਕ ਸੰਸਥਾ ਦੇ ਕੁੱਲ ਵੀਹ ਤੋਂ ਵੱਧ ਅਧਿਆਪਕਾਂ ਵਿੱਚੋਂ ਕੇਵਲ ਚਾਰ ਅਧਿਆਪਕ ਹੀ ਪਿੱਛੇ ਬਚੇ ਸਨ, ਜਿਨ੍ਹਾਂ ਦੀ ਚੋਣ ਡਿਊਟੀ ਨਹੀਂ ਲੱਗੀ ਸੀ। ਚਾਰ ਅਧਿਆਪਕ ਗਿਆਰ੍ਹਾਂ ਜਮਾਤਾਂ ਨੂੰ ਕਿਵੇਂ ਸੰਭਾਲ ਸਕਦੇ ਹਨ ਜਾਂ ਕਿਵੇਂ ਪੜ੍ਹਾ ਸਕਦੇ ਹਨ? ਇਹ ਗੱਲ ਸ਼ਾਇਦ ਚੋਣ ਅਧਿਕਾਰੀ ਕਦੇ ਨਹੀਂ ਸਕਝ ਸਕਦੇ ਹਨ। ਦੂਜੀ ਰਿਹਰਸਲ ਤੋਂ ਠੀਕ ਇੱਕ ਦਿਨ ਪਹਿਲਾਂ ਮੇਰਾ ਰਿਹਰਸਲ ਸਥਾਨ ਬਦਲ ਕੇ ਗੁਰਦਾਸਪੁਰ ਕਰ ਦਿੱਤਾ ਗਿਆ ਅਤੇ ਮੇਰੇ ਬਾਕੀ ਸਮੂਹ ਸਹਿਕਰਮੀਆਂ ਦੇ ਵੀ ਰਿਹਰਸਲ ਸਥਾਨ ਬਦਲ ਕੇ ਗੁਰਦਾਸਪੁਰ ਸਮੇਤ ਹੋਰ ਦੂਰ-ਦੁਰਾਡੇ ਸ਼ਹਿਰਾਂ ਅਤੇ ਕਸਬਿਆਂ ਵਿੱਚ ਕਰ ਦਿੱਤੇ ਗਏ ਸਨ। ਕੇਵਲ ਸਿਖਲਾਈ ਲਈ ਹੀ ਸਾਨੂੰ 40 ਤੋਂ 50 ਕਿਲੋਮੀਟਰ ਸਫਰ ਕਰਨ ਲਈ ਮਜਬੂਰ ਕਰ ਦਿੱਤਾ ਗਿਆ ਸੀ।

ਚੋਣਾਂ ਤੋਂ ਠੀਕ ਇੱਕ ਪਹਿਲਾਂ ਦਿਨ ਚੋਣ ਸਮੱਗਰੀ ਪ੍ਰਦਾਨ ਕਰਨ ਲਈ ਚੋਣ ਅਧਿਕਾਰੀਆਂ ਨੇ ਮੈਨੂੰ ਗੁਰਦਾਸਪੁਰ ਵਿਖੇ ਸਥਿਤ ਇੱਕ ਵਿੱਦਿਅਕ ਸੰਸਥਾ ਵਿਖੇ ਬੁਲਾ ਲਿਆ। ਸਵੇਰੇ ਦਸ ਵਜੇ ਬੁਲਾ ਕੇ ਸ਼ਾਮ ਚਾਰ ਵਜੇ ਸਬੰਧਿਤ ਸਮੱਗਰੀ ਮੇਰੀ ਟੀਮ ਨੂੰ ਪ੍ਰਦਾਨ ਕੀਤੀ ਗਈ ਤੇ ਪੰਜ ਵਜੇ ਦੇ ਕਰੀਬ ਬੱਸਾਂ ਨੂੰ ਦੀਨਾਨਗਰ ਹਲਕੇ ਵਿੱਚ ਚੋਣ ਕਰਵਾਉਣ ਲਈ ਤੋਰ ਦਿੱਤਾ ਗਿਆ। ਮੈਨੂੰ ਮਿਲਿਆ ਪੋਲਿੰਗ ਸਟੇਸ਼ਨ ਗੁਰਦਾਸਪੁਰ ਤੋਂ ਵੀ 17 ਕਿਲੋਮੀਟਰ ਅਤੇ ਮੇਰੇ ਘਰ ਤੋਂ 47 ਕਿਲੋਮੀਟਰ ਦੂਰ ਸੀ।

ਇਨ੍ਹਾਂ ਚੋਣਾਂ ਦੌਰਾਨ ਚੋਣ ਅਮਲੇ ਲਈ ਭੋਜਨ ਜਾਂ ਬਿਸਤਰਿਆਂ ਆਦਿ ਦੀ ਵਿਵਸਥਾ ਕਰਨ ਲਈ ਪ੍ਰਸ਼ਾਸਨ ਵੱਲੋਂ ਕੋਈ ਹਿਦਾਇਤ ਜਾਂ ਪ੍ਰਬੰਧ ਨਹੀਂ ਕੀਤੇ ਗਏ ਸਨ। ਠੰਢ ਦੇ ਮੌਸਮ ਵਿੱਚ ਬਿਗਾਨੀ ਥਾਂ ’ਤੇ ਜਾ ਕੇ ਰਾਤ ਕੱਟਣਾ ਬੇਹੱਦ ਮੁਸ਼ਕਿਲ ਜਾਪਦਾ ਸੀ ਤੇ ਮਹਿਲਾ ਕਰਮਚਾਰੀਆਂ ਲਈ ਤਾਂ ਇਹ ਹੋਰ ਵੀ ਮੁਸ਼ਕਿਲ ਸੀ। ਸਾਨੂੰ ਦਿੱਤੀ ਗਈ ਬੱਸ ਐਨੀ ਖ਼ਸਤਾਹਾਲ ਸੀ ਅਤੇ ਚੱਲਣ ਵਿੱਚ ਐਨੀ ਖਰਾਬ ਸੀ ਕਿ ਕਲੇਜਾ ਮੂੰਹ ਨੂੰ ਆ ਰਿਹਾ ਸੀ। ਦੇਰ ਸ਼ਾਮ ਦੇ ਹਨੇਰੇ ਵਿੱਚ ਅਸੀਂ ਸਬੰਧਿਤ ਪੋਲਿੰਗ ਸਟੇਸ਼ਨ ’ਤੇ ਪੁੱਜੇ। ਪਿੰਡ ਚੰਗਾ ਸੀ ਤੇ ਪਿੰਡ ਦੇ ਮੁਖੀ ਵੱਲੋਂ ਸਾਡੇ ਲਈ ਖਾਣੇ ਅਤੇ ਬਿਸਤਰਿਆਂ ਦੀ ਵਿਵਸਥਾ ਨਿੱਜੀ ਦਿਲਚਸਪੀ ਲੈ ਕੇ ਕੀਤੀ ਗਈ ਸੀ। ਪ੍ਰਸ਼ਾਸਨ ਵੱਲੋਂ ਅਜਿਹਾ ਕੋਈ ਵੀ ਪ੍ਰਬੰਧ ਨਹੀਂ ਕੀਤਾ ਗਿਆ ਸੀ। ਹੋਰ ਤਾਂ ਹੋਰ ਚੋਣ ਅਮਲੇ ਲਈ ਮਦਦਗਾਰ ਸਾਬਤ ਹੋਣ ਵਾਲੇ ਬੀ.ਐੱਲ.ਓਜ਼ ਨੂੰ ਵੀ ਬਤੌਰ ਪ੍ਰੀਜ਼ਾਈਡਿੰਗ ਅਫਸਰ ਚੋਣ ਡਿਊਟੀ ਦੇ ਕੇ ਹੋਰ ਪਿੰਡਾਂ ਵਿੱਚ ਭੇਜ ਦਿੱਤਾ ਗਿਆ ਸੀ ਤੇ ਪੋਲਿੰਗ ਸਟੇਸ਼ਨ ’ਤੇ ਅਮਲੇ ਦੀ ਮਦਦ ਕਰਨ ਵਾਲਾ ਕੋਈ ਵੀ ਸਰਕਾਰੀ ਕਰਮਚਾਰੀ ਉੱਥੇ ਮੌਜੂਦ ਨਹੀਂ ਸੀ। ਚੋਣ ਅਮਲੇ ਨੂੰ ਰੱਬ ਦੇ ਰਹਿਮੋ ਕਰਮ ’ਤੇ ਛੱਡ ਕੇ ਚੋਣ ਅਧਿਕਾਰੀ ਆਪ ਮਸਤ ਸਨ।

ਅਗਲੇ ਦਿਨ ਚੋਣਾਂ ਕਰਵਾਉਣ ਪਿੱਛੋਂ ਵਾਪਸੀ ਵੇਲੇ ਸਾਨੂੰ ਫਿਰ ਉਹੀ ਖ਼ਸਤਾਹਾਲ ਬੱਸ ਦੇ ਦਿੱਤੀ ਗਈ ਤੇ ਅੱਧ ਰਸਤੇ ਵਿੱਚ ਜਾ ਕੇ ਉਸ ਬੱਸ ਦਾ ਐਕਸਲ ਟੁੱਟ ਗਿਆ ਤੇ ਬੱਸ ਪਲਟਣ ਤੋਂ ਮਸਾਂ ਬਚੀ। ਰਾਤ ਦੇ ਅੱਠ ਵੱਜੇ ਸਨ, ਹਨੇਰਾ ਅਤੇ ਠੰਢ ਸੀ, ਬੱਸ ਕਿਸੇ ਸੁੰਨਸਾਨ ਸੜਕ ਦੇ ਕਿਨਾਰੇ ਖਰਾਬ ਹੋ ਕੇ ਰੁਕ ਗਈ ਸੀ। ਸਾਨੂੰ ਹਨੇਰੇ ਵਿੱਚ ਇਹ ਵੀ ਪਤਾ ਨਹੀਂ ਲੱਗ ਰਿਹਾ ਸੀ ਕਿ ਅਸੀਂ ਆਖ਼ਰ ਖੜ੍ਹੇ ਕਿੱਥੇ ਸਾਂ? ਉੱਚ ਅਧਿਕਾਰੀਆਂ ਨੂੰ ਸੂਚਿਤ ਕਰਨ ਤੋਂ 45 ਮਿੰਟ ਬਾਅਦ ਇੱਕ ਹੋਰ ਬੱਸ ਸਾਨੂੰ ਲੈਣ ਆਈ ਤੇ ਅਸੀਂ ਨੌ ਕੁ ਵਜੇ ਕੁਲੈਕਸ਼ਨ ਸੈਂਟਰ ’ਤੇ ਪੁੱਜ ਗਏ, ਜਿੱਥੇ ਜਾ ਕੇ ਅਸੀਂ ਚੋਣ ਸਮੱਗਰੀ ਜਮ੍ਹਾਂ ਕਰਵਾਉਣੀ ਸੀ। ਕਿੰਨੇ ਸਿਤਮ ਦੀ ਗੱਲ ਸੀ ਕਿ ਇੱਕ ਦਿਨ ਪਹਿਲਾਂ ਸਾਨੂੰ ਚੋਣ ਸਮੱਗਰੀ ਗੁਰਦਾਸਪੁਰ ਤੋਂ ਦਿੱਤੀ ਗਈ ਸੀ ਤੇ ਹੁਣ ਹੁਕਮ ਸੁਣਾ ਦਿੱਤਾ ਗਿਆ ਸੀ ਕਿ ਇਹ ਸਮੱਗਰੀ ਦੀਨਾਨਗਰ ਵਿਖੇ ਜਮ੍ਹਾਂ ਕਰਵਾਈ ਜਾਵੇਗੀ, ਜਦੋਂ ਕਿ ਸਾਡੇ ਨਿੱਜੀ ਵਾਹਨ ਤਾਂ ਗੁਰਦਾਸਪੁਰ ਵਿਖੇ ਸਥਿਤ ਇੱਕ ਵਿੱਦਿਅਕ ਸੰਸਥਾ ਵਿੱਚ ਰੱਖੇ ਗਏ ਸਨ।

ਰਾਤ ਦਸ ਵਜੇ ਦੇ ਕਰੀਬ ਅਸੀਂ ਚੋਣ ਸਮੱਗਰੀ ਜਮ੍ਹਾਂ ਕਰਵਾ ਕੇ ਬਾਹਰ ਨਿਕਲੇ ਤਾਂ ਸਾਨੂੰ ਗੁਰਦਾਸਪੁਰ ਤਕ ਪੰਹੁਚਾਉਣ ਦੀ ਪ੍ਰਸ਼ਾਸਨ ਵੱਲੋਂ ਕੋਈ ਵਿਵਸਥਾ ਨਹੀਂ ਸੀ। ਅਸੀਂ ਪਾਲੇ ਨਾਲ ਠੁਰ-ਠੁਰ ਕਰਦਿਆਂ ਸੜਕ ’ਤੇ ਖੜ੍ਹੇ ਹੋ ਗਏ ਤੇ ਆਉਂਦੇ ਜਾਂਦੇ ਵਾਹਨਾਂ ਤੋਂ ਲਿਫਟ ਲੈਣ ਦੀ ਕੋਸ਼ਿਸ਼ ਕਰਨ ਲੱਗ ਪਏ। ਰਾਤ ਦਾ ਸਮਾਂ ਸੀ ਅਤੇ ਅਣਜਾਣ ਬੰਦਿਆਂ ਨੂੰ ਭਲਾ ਲਿਫਟ ਕੌਣ ਦਿੰਦਾ? ਅਖ਼ੀਰ ਗੰਨਿਆਂ ਨਾਲ ਲੱਦੀ ਇੱਕ ਟਰਾਲੀ ਵਾਲੇ ਨੂੰ ਸਾਡੇ ’ਤੇ ਤਰਸ ਆ ਗਿਆ ਤੇ ਉਸਨੇ ਸਾਨੂੰ ਪਨਿਆੜ ਖੰਡ ਮਿੱਲ ਤਕ ਲਿਫਟ ਦੇ ਦਿੱਤੀ। ਟਰਾਲੀ ਦੇ ਅੱਗੇ ਟਰੈਕਟਰ ’ਤੇ ਬੈਠਿਆਂ ਅਸੀਂ ਠੰਢੀ ਹਵਾ ਦੇ ਥਪੇੜੇ ਰੱਜ ਰੱਜ ਕੇ ਖਾਧੇ ਅਤੇ ਖੰਡ ਮਿੱਲ ’ਤੇ ਆ ਕੇ ਟਰਾਲੀ ਵਾਲੇ ਨੇ ਵੀ ਸਾਨੂੰ ਉਤਾਰ ਦਿੱਤਾ। ਇਸ ਤੋਂ ਬਾਅਦ ਕੁਝ ਕਿਲੋਮੀਟਰ ਅਸੀਂ ਗੁਰਦਾਸਪੁਰ ਵੱਲ ਨੂੰ ਪੈਦਲ ਸਫਰ ਕੀਤਾ ਤੇ ਫਿਰ ਇੱਕ ਮੋਟਰਸਾਈਕਲ ਵਾਲੇ ਤੋਂ ਲਿਫਟ ਲੈ ਕੇ ਗੁਰਦਾਸਪੁਰ ਵਿਖੇ ਪਾਰਕ ਕੀਤੇ ਆਪਣੇ ਨਿੱਜੀ ਵਾਹਨ ਤਕ ਪੁੱਜੇ ਤੇ ਆਪਣਾ ਵਾਹਨ ਲੈ ਕੇ ਰਾਤ ਗਿਆਰ੍ਹਾਂ ਵਜੇ ਆਪਣੇ ਘਰ ਪੁੱਜੇ। ਰਾਤ ਦੇ ਹਨੇਰੇ ਅਤੇ ਸੰਘਣੀ ਧੁੰਦ ਨਾਲ ਜੂਝਦਿਆਂ ਅਸੀਂ ਬੜੀ ਮੁਸ਼ਕਿਲ ਨਾਲ ਆਪਣੀ ਜਾਨ ਤਲੀ ’ਤੇ ਧਰ ਕੇ ਘਰ ਪੁੱਜੇ। ਉਸੇ ਦਿਨ ਸਵੇਰੇ ਹੀ ਧੁੰਦ ਕਰਕੇ ਵਾਪਰੇ ਸੜਕ ਹਾਦਸੇ ਦੌਰਾਨ ਚੋਣ ਡਿਊਟੀ ’ਤੇ ਜਾ ਰਹੇ ਪਤੀ-ਪਤਨੀ ਦੀ ਦੁੱਖਦਾਇਕ ਮੌਤ ਹੋ ਚੁੱਕੀ ਸੀ।

ਚੋਣ ਅਧਿਕਾਰੀਆਂ ਵੱਲੋਂ ਚੋਣ ਕਰਮਚਾਰੀਆਂ ਨਾਲ ਕੀਤਾ ਜਾਣ ਵਾਲਾ ‘ਅਣਮਨੁੱਖੀ ਵਿਹਾਰ’ ਇੱਥੇ ਹੀ ਖ਼ਤਮ ਨਹੀਂ ਹੋਇਆ। 17 ਦਸੰਬਰ ਨੂੰ ਵੋਟਾਂ ਦੀ ਗਿਣਤੀ ਹੋਣੀ ਸੀ ਤੇ ਗਿਣਤੀ ਲਈ ਸਟਾਫ ਅਤੇ ਰਿਜ਼ਰਵ ਸਟਾਫ ਲਾ ਕੇ ਦੋ ਰਿਹਰਸਲਾਂ ਪਹਿਲਾਂ ਹੀ ਕੀਤੀਆਂ ਜਾ ਚੁੱਕੀਆਂ ਸਨ ਫਿਰ ਵੀ 16 ਦਸੰਬਰ ਨੂੰ ਸ਼ਾਮ 4 ਵਜੇ ਮੈਨੂੰ ਫ਼ੋਨ ਰਾਹੀਂ ਸੂਚਿਤ ਕੀਤਾ ਗਿਆ, “ਵੋਟਾਂ ਦੀ ਗਿਣਤੀ ਲਈ ਤੁਹਾਡੀ ਡਿਊਟੀ ਲਾਈ ਗਈ ਹੈ, ਤੁਸੀਂ ਅੱਧੇ ਘੰਟੇ ਤਕ ਫਤਿਹਗੜ੍ਹ ਚੂੜੀਆਂ ਵਿਖੇ ਹਾਜ਼ਰ ਹੋਵੋ।”

ਮੈਂ ਹੈਰਾਨ ਸਾਂ ਕਿ ਜਦੋਂ ਗਿਣਤੀ ਕਰਨ ਵਾਲੇ ਸਟਾਫ ਅਤੇ ਰਿਜ਼ਰਵ ਸਟਾਫ ਦੀਆਂ ਰਿਹਰਸਲਾਂ ਵੀ ਹੋ ਚੁੱਕੀਆਂ ਸਨ ਤਾਂ ਫਿਰ ਹੁਣ ਖੜ੍ਹੇ ਪੈਰ ਨਵਾਂ ਸਟਾਫ ਨਿਯੁਕਤ ਕਰਨ ਦੀ ਕੀ ਤੁਕ ਬਣਦੀ ਸੀ? ਮੈਨੂੰ ਅੱਧੇ ਘੰਟੇ ਵਿੱਚ ਫਤਿਹਗੜ੍ਹ ਵਿਖੇ ਪੁੱਜਣਾ ਹੀ ਪਿਆ ਤੇ ਮੈਨੂੰ ਅਤੇ ਬਾਕੀ ਦੇ ‘ਗਿਣਤੀਕਰਤਾ ਸਟਾਫ’ ਨੂੰ 17 ਦਸੰਬਰ ਨੂੰ ਸਵੇਰੇ 6 ਵਜੇ ਫਤਿਹਗੜ੍ਹ ਚੂੜੀਆਂ ਵਿਖੇ ਬਣੇ ‘ਕਾਊਂਟਿੰਗ ਸੈਂਟਰ’ ਵਿਖੇ ਪੁੱਜਣ ਦਾ ਹੁਕਮ ਸੁਣਾ ਦਿੱਤਾ ਗਿਆ। ਚੋਣ ਅਧਿਕਾਰੀਆਂ ਦੇ ਅਣਮਨੁੱਖੀ ਵਿਹਾਰ ਦੀ ਹੱਦ ਦੇਖੋ ਕਿ ਸਵੇਰੇ ਪੰਜ ਵਜੇ ਬਟਾਲਾ ਤੋਂ ਚੱਲ ਕੇ ਸੰਘਣੀ ਧੁੰਦ ਦਾ ਟਾਕਰਾ ਕਰਦਿਆਂ ਹੋਇਆਂ ਤੇ ਸੜਕ ਹਾਦਸਿਆਂ ਦਾ ਖ਼ਤਰਾ ਮੁੱਲ ਲੈਂਦਿਆਂ ਹੋਇਆਂ ਅਸੀਂ ਕੁਲੈਕਸ਼ਨ ਸੈਂਟਰ ਪੁੱਜ ਗਏ ਤਾਂ ਸਾਨੂੰ 6 ਵਜੇ ਕੁਲੈਕਸ਼ਨ ਸੈਂਟਰ ਦੇ ਅੰਦਰ ਲੈ ਲਿਆ ਗਿਆ ਸੀ। ਸਵੇਰੇ ਅੱਠ ਵਜੇ ਤੋਂ ਸ਼ੁਰੂ ਹੋਈ ਵੋਟਾਂ ਦੀ ਗਿਣਤੀ ਰਾਤ ਦੇ ਤਿੰਨ ਵਜੇ ਤਕ ਲਗਭਗ 19 ਘੰਟੇ ਚਲਦੀ ਰਹੀ। ਕੋਈ ਚੋਣ ਕਮਿਸ਼ਨ ਤੋਂ ਪੁੱਛੇ ਕਿ ਲਗਾਤਾਰ 19 ਘੰਟੇ ਤਕ ਬਿਨਾਂ ਰੁਕੇ ਕੋਈ ਮਨੁੱਖ ਕਿਵੇਂ ਕੰਮ ਕਰ ਸਕਦਾ ਹੈ? ਕੀ ਕੋਈ ਬਿਮਾਰ ਵਿਅਕਤੀ 19 ਘੰਟੇ ਤਕ ਲਗਾਤਾਰ ਵੋਟਾਂ ਗਿਣਨ ਦਾ ਕੰਮ ਕਰ ਸਕਦਾ ਹੈ? ਕੀ ਇਹ ‘ਜ਼ਿਆਦਤੀ’ ਨਹੀਂ ਹੈ? ਕੀ ਇਹ ਵਿਹਾਰ ਅਣਮਨੁੱਖੀ ਨਹੀਂ ਹੈ? ਸਾਨੂੰ ਸਵੇਰੇ ਸਾਢੇ ਤਿੰਨ ਵਜੇ ਛੱਡਿਆ ਗਿਆ ਤੇ ਜਦੋਂ ਅਸੀਂ ਘਰ ਲਈ ਤੁਰੇ ਉਦੋਂ ਸੰਘਣੀ ਧੁੰਦ ਅਤੇ ਹਨੇਰਾ ਹਰ ਪਾਸੇ ਪਸਰਿਆ ਹੋਇਆ ਸੀ। ਹਨੇਰੇ ਅਤੇ ਧੁੰਦ ਦੇ ਮਿਸ਼ਰਣ ਕਰਕੇ ਰਸਤੇ ਵਿੱਚ ਕੁਝ ਵੀ ਵਿਖਾਈ ਨਹੀਂ ਦੇ ਰਿਹਾ ਸੀ ਤੇ ਅਸੀਂ ਕਈ ਵਾਰ ਹਾਦਸੇ ਦਾ ਸ਼ਿਕਾਰ ਹੁੰਦੇ ਹੁੰਦੇ ਬਚੇ। ਸਾਨੂੰ ਪਤਾ ਹੈ ਕਿ ਕਿੰਨੀ ਮੁਸ਼ਕਿਲ ਨਾਲ ਸਵੇਰੇ ਸਾਢੇ ਚਾਰ ਵਜੇ ਅਸੀਂ ਆਪੋ ਆਪਣੇ ਘਰਾਂ ਵਿੱਚ ਪੁੱਜਣ ਵਿੱਚ ਸਫਲ ਹੋਏ ਸਾਂ।

ਉਕਤ ਸਾਰੇ ਵਿਸਥਾਰ ਨੂੰ ਬਿਆਨ ਕਰਨ ਦਾ ਭਾਵ ਇਹ ਹੈ ਕਿ ਚੋਣ ਅਧਿਕਾਰੀ ਚੋਣ ਕਰਮਚਾਰੀਆਂ ਨਾਲ ਕਿਸ ਕਿਸਮ ਦਾ ‘ਅਣਮਨੁੱਖੀ ਵਿਹਾਰ’ ਕਰਦੇ ਹਨ। ਬਤੌਰ ਅਧਿਆਪਕ ਮੈਂ ਅਤੇ ਮੇਰੇ ਜਿਹੇ ਕਈ ਹੋਰ ਅਧਿਆਪਕ ਇਨ੍ਹਾਂ ਚੋਣ ਰਿਹਰਸਲਾਂ, ਡਿਊਟੀਆਂ ਅਤੇ ਕਾਊਂਟਿੰਗ ਡਿਊਟੀਆਂ ਕਰਕੇ ਆਪਣੇ ਵਿੱਦਿਅਕ ਅਦਾਰਿਆਂ ਵਿੱਚ ਨਹੀਂ ਜਾ ਪਾਉਂਦੇ ਹਾਂ, ਜਿਸ ਕਰਕੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਵੱਡਾ ਨੁਕਸਾਨ ਹੁੰਦਾ ਹੈ। ਚੋਣ ਕਮਿਸ਼ਨ ਨੂੰ ਆਪਣੀ ਨੀਤੀ ਅਤੇ ਵਿਹਾਰ ਵਿੱਚ ਸੁਧਾਰ ਲਿਆਉਣੇ ਚਾਹੀਦੇ ਹਨ ਅਤੇ ਸਰਕਾਰੀ ਮੁਲਾਜ਼ਮਾਂ ਦੀਆਂ ਜਾਨਾਂ ਨਾਲ ਖੇਡਣ ਤੋਂ ਬਚਣਾ ਚਾਹੀਦਾ ਹੈ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)

About the Author

ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ

ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ

Batala, Gurdaspur, Punjab, India.
Phone: (91 - 97816-46008)
Email: (paramjeetsingh1973@gmail.com)

More articles from this author