“ਜੇਕਰ ਅਸੀਂ ਇਸ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਾਂਗੇ ਤਾਂ ਕੋਈ ਵੀ ਦੁਸ਼ਮਣ ...”
(10 ਨਵੰਬਰ 2025)
ਅਜ਼ੀਮ ਸ਼ਾਇਰ ਡਾ. ਇਕਬਾਲ ਦੇ ਬੋਲ, “ਮਜ਼ਹਬ ਨਹੀਂ ਸਿਖਾਤਾ ਆਪਸ ਮੇਂ ਬੈਰ ਰਖਨਾ” ਅਸਲ ਵਿੱਚ ਇਸ ਗੱਲ ਵੱਲ ਇਸ਼ਾਰਾ ਕਰਦੇ ਹਨ ਕਿ ਹਰ ਧਰਮ, ਹਰ ਮਜ਼੍ਹਬ, ਇਨਸਾਨ ਨੂੰ ਇਨਸਾਨੀਅਤ, ਦਇਆ, ਖਿਮਾ, ਸੇਵਾ ਅਤੇ ਪ੍ਰੇਮ ਦਾ ਸਬਕ ਪੜ੍ਹਾਉਂਦਾ ਹੈ। ਕੋਈ ਵੀ ਧਰਮ ਨਫਰਤ, ਈਰਖਾ ਜਾਂ ਵੈਰ ਦੀ ਤਾਲੀਮ ਨਹੀਂ ਦਿੰਦਾ ਹੈ ਫਿਰ ਵੀ ਪਤਾ ਨਹੀਂ ਕਿਉਂ ਇਨਸਾਨ ਧਰਮ ਜਾਂ ਮਜ਼ਹਬ ਦੇ ਨਾਂ ’ਤੇ ਦੂਜਿਆਂ ਨੂੰ ਮਾਰਨ, ਵੱਢਣ, ਲੁੱਟਣ ਅਤੇ ਬਰਬਾਦ ਕਰ ਦੇਣ ਤੋਂ ਗੁਰੇਜ਼ ਨਹੀਂ ਕਰਦਾ ਹੈ। ਉਹ ਇਹ ਕਿਉਂ ਨਹੀਂ ਸਮਝ ਪਾਉਂਦਾ ਹੈ ਕਿ ਧਰਮ ਦੇ ਨਾਂ ’ਤੇ ਕਿਸੇ ਦੀ ਜਾਨ ਲੈਣ ਵਾਲੇ ਨੂੰ ਪਰਮਾਤਮਾ ਨਾ ਤਾਂ ਪਸੰਦ ਕਰਦਾ ਹੈ ਤੇ ਨਾ ਹੀ ਕਦੇ ਮੁਆਫ ਕਰਦਾ ਹੈ। ਭਾਰਤ ਕਿਉਂਕਿ ਇੱਕ ਬਹੁਧਰਮੀ ਦੇਸ਼ ਹੈ, ਇਸ ਲਈ ਇੱਥੇ ਕੌਮੀ ਏਕਤਾ ਅਤੇ ਦੇਸ਼ ਦੀ ਅਖੰਡਤਾ ਨੂੰ ਕਾਇਮ ਰੱਖਣ ਲਈ ਧਰਮ ਨਿਰਪੱਖਤਾ ਦਾ ਹੋਣਾ ਬੜਾ ਜ਼ਰੂਰੀ ਹੈ ਤੇ ਇਹ ਵੀ ਸੱਚ ਹੈ ਕਿ ਦੇਸ਼ ਅੰਦਰ ਕੌਮੀ ਏਕਤਾ ਨੂੰ ਕਾਇਮ ਰੱਖਣ ਲਈ ਅਸੰਖਾਂ ਭਾਰਤੀਆਂ ਨੇ ਧਰਮਾਂ ਅਤੇ ਜਾਤਾਂ ਦੀਆਂ ਵਲਗਣਾਂ ਤੋਂ ਉੱਪਰ ਉੱਠ ਕੇ ਕੁਰਬਾਨੀਆਂ ਦਿੱਤੀਆਂ ਹਨ।
ਭਾਰਤ ਵਿੱਚ 31 ਅਕਤੂਬਰ, 2014 ਤੋਂ ‘ਕੌਮੀ ਏਕਤਾ ਦਿਵਸ’ ਉੱਘੇ ਆਜ਼ਾਦੀ ਘੁਲਾਟੀਏ ਸਰਦਾਰ ਵੱਲਭ ਭਾਈ ਪਟੇਲ ਦੇ ਜਨਮ ਦਿਨ ਨੂੰ ਸਮਰਪਿਤ ਕਰਕੇ ਮਨਾਇਆ ਜਾਂਦਾ ਹੈ ਜਦੋਂ ਕਿ ਇਸ ਤੋਂ ਪਹਿਲਾਂ ਇਹ ਦਿਨ ਭਾਰਤ ਦੀ ਪ੍ਰਧਾਨ ਮੰਤਰੀ ਸ੍ਰੀ ਮਤੀ ਇੰਦਰਾ ਗਾਂਧੀ ਦੀ 31 ਅਕਤੂਬਰ, 1984 ਨੂੰ ਕੀਤੀ ਗਈ ਹੱਤਿਆ ਸਬੰਧੀ ਮਨਾਇਆ ਜਾਂਦਾ ਸੀ। ਭਾਰਤ ਦੇ ਗ੍ਰਹਿ ਮੰਤਰਾਲੇ ਵੱਲੋਂ ਇਸ ਦਿਵਸ ਦੀ ਮਹੱਤਤਾ ਬਾਰੇ ਜਾਰੀ ਬਿਆਨ ਵਿੱਚ ਦੱਸਿਆ ਗਿਆ ਹੈ, “ਕੌਮੀ ਏਕਤਾ ਦਿਵਸ ਸਾਨੂੰ ਮੌਕਾ ਦਿੰਦਾ ਹੈ ਕਿ ਅਸੀਂ ਆਪਣੇ ਮੁਲਕ ਦੀ ਉਸ ਅੰਦਰੂਨੀ ਸ਼ਕਤੀ ਨੂੰ ਮਜ਼ਬੂਤ ਕਰੀਏ ਜੋ ਸਾਡੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਸੁਰੱਖਿਆ ਨੂੰ ਦਰਪੇਸ਼ ਖ਼ਤਰਿਆਂ ਦਾ ਸਾਹਮਣਾ ਕਰਨ ਦੇ ਸਮਰੱਥ ਬਣਾਉਂਦੀ ਹੈ।”
ਜੇਕਰ ਧਰਮ ਦੇ ਨਾਂ ’ਤੇ ਕਤਲੋਗ਼ਾਰਤ ਦੀ ਗੱਲ ਕੀਤੀ ਜਾਵੇ ਤਾਂ ਪਤਾ ਲਗਦਾ ਹੈ ਕਿ ਇਸ ਸੰਸਾਰ ਵਿੱਚ ਆਪਣੇ ਆਪ ਨੂੰ ਵੱਡੇ ਧਰਮੀ ਜਾਂ ਮਜ਼ਹਬੀ ਅਖ਼ਵਾਉਣ ਵਾਲੇ ਕੁਝ ਜ਼ਾਲਿਮ ਸ਼ਾਸਕਾਂ ਵੱਲੋਂ ਕੀਤੇ ਗਏ ਮਨੁੱਖਤਾ ਦੇ ਘਾਣ ਦੀਆਂ ਅਸੰਖਾਂ ਮਿਸਾਲਾਂ ਇਤਿਹਾਸ ਦੇ ਪੰਨਿਆਂ ’ਤੇ ਉੱਕਰੀਆਂ ਪਈਆਂ ਹਨ। ਸਾਡਾ ਭਾਰਤੀਆਂ ਦਾ ਇਤਿਹਾਸ ਦੱਸਦਾ ਹੈ ਕਿ ਇੱਥੇ ਧਰਮ ਦੇ ਨਾਂ ’ਤੇ ਨਿਰਦੋਸ਼ਾਂ ਨੂੰ ਜ਼ਿੰਦਾ ਸਾੜ ਦਿੱਤਾ ਗਿਆ, ਚਰਖੜੀਆਂ ’ਤੇ ਚੜ੍ਹਾਇਆ ਗਿਆ, ਦੇਗ਼ਾਂ ਵਿੱਚ ਉਬਾਲਿਆ ਗਿਆ, ਕੰਧਾਂ ਵਿੱਚ ਚਿਣਵਾਇਆ ਗਿਆ ਤੇ ਤੋਪਾਂ ਨਾਲ ਉਡਾ ਦਿੱਤਾ ਗਿਆ। ਤੁਅੱਸਬੀ ਜਾਂ ਧਾਰਮਿਕ ਕੱਟੜਵਾਦੀ ਲੋਕ ਇਹ ਭੁੱਲ ਜਾਂਦੇ ਹਨ ਕਿ ਦੁਨੀਆਂ ਆਪਸੀ ਪ੍ਰੇਮ ਅਤੇ ਭਾਈਚਾਰੇ ਨਾਲ ਸਰਬੱਤ ਦਾ ਭਲਾ ਮੰਗਦਿਆਂ ਤੇ ਕਰਦਿਆਂ ਹੋਇਆਂ ਜਿਊਣ ਲਈ ਬਣੀ ਹੈ ਨਾ ਕਿ ਧਰਮ ਦੇ ਨਾਂ ’ਤੇ ਕਤਲੋਗ਼ਾਰਤ ਕਰਨ ਲਈ ਅਤੇ ਦੂਜਿਆਂ ਨੂੰ ਕਸ਼ਟ ਪਹੁੰਚਾਉਣ ਲਈ।
ਭਾਰਤ ਵਿੱਚ ਧਰਮ ਅਤੇ ਮਜ਼ਹਬ ਦੇ ਨਾਂ ’ਤੇ ਹਿੰਸਾ ਅਤੇ ਫਸਾਦਾਂ ਦੀ ਕਦੇ ਕੋਈ ਕਮੀ ਨਹੀਂ ਰਹੀ ਹੈ। ਪ੍ਰਾਪਤ ਅੰਕੜਿਆਂ ਅਨੁਸਾਰ ਭਾਰਤ ਵਿੱਚ ਸੰਨ 1891, 1896 ਅਤੇ 1897 ਵਿੱਚ ਕਲੱਕਤਾ ਵਿਖੇ ਮਜ਼ਹਬੀ ਫਸਾਦ ਹੋਏ ਸਨ ਤੇ ਫਿਰ ਹਿੰਦੂ-ਮੁਸਲਿਮ ਦੇ ਨਾਂ ’ਤੇ ਅੰਗਰੇਜ਼ਾਂ ਨੇ ਬੰਗਾਲ ਦੀ ਵੰਡ ਪੂਰਬੀ ਤੇ ਪੱਛਮੀ ਬੰਗਾਲ ਦੇ ਰੂਪ ਵਿੱਚ ਕਰ ਦਿੱਤੀ ਸੀ। ਸੰਨ 1907 ਅਤੇ 1910 ਵਿੱਚ ਬੰਗਾਲ ਵਿਖੇ ਮੁੜ ਤੋਂ ਫਿਰਕੂ ਦੰਗੇ ਭੜਕੇ ਸਨ। 16 ਅਗਸਤ, 1946 ਨੂੰ ਹੋਏ ਮਜ਼ਹਬੀ ਫਸਾਦਾਂ ਵਿੱਚ ਤਿੰਨ ਹਜ਼ਾਰ ਜਾਨਾਂ ਗਈਆਂ ਸਨ ਤੇ 17 ਹਜ਼ਾਰ ਨਿਰਦੋਸ਼ ਲੋਕ ਜ਼ਖਮੀ ਹੋਏ ਸਨ। ਸੰਨ 1969 ਵਿੱਚ ਵਾਪਰੇ ਗੁਜਰਾਤ ਦੰਗਿਆਂ ਵਿੱਚ 660 ਲੋਕ ਮਾਰੇ ਗਏ ਸਨ ਜਿਨ੍ਹਾਂ ਵਿੱਚ 439 ਮੁਸਲਿਮ ਅਤੇ 230 ਹਿੰਦੂ ਸਨ ਜਦੋਂ ਕਿ ਕੁੱਲ 1074 ਵਿਅਕਤੀ ਜ਼ਖ਼ਮੀ ਹੋਏ ਸਨ ਅਤੇ 48 ਹਜ਼ਾਰ ਪਰਿਵਾਰਾਂ ਨੂੰ ਆਪਣੀਆਂ ਜਾਇਦਾਦਾਂ ਤੋਂ ਹੱਥ ਧੋਣੇ ਪਏ ਸਨ। ਸੰਨ 1984 ਵਿੱਚ ਦਿੱਲੀ ਵਿਖੇ ਵਾਪਰੇ ਸਿੱਖ ਵਿਰੋਧੀ ਦੰਗਿਆਂ ਵਿੱਚ ਅੰਦਾਜ਼ਨ 10 ਤੋਂ 17 ਹਜ਼ਾਰ ਸਿੱਖ ਮਾਰੇ ਗਏ ਸਨ ਤੇ 50 ਹਜ਼ਾਰ ਦੇ ਕਰੀਬ ਵਿਅਕਤੀ ‘ਲਾਪਤਾ’ ਹੋ ਗਏ ਸਨ। ਸੰਨ 1989 ਦੇ ਸਤੰਬਰ ਮਹੀਨੇ ਤੋਂ ਲੈ ਕੇ ਮਾਰਚ, 1990 ਤਕ ਜੰਮੂ-ਕਸ਼ਮੀਰ ਵਿਖੇ ਤਿੰਨ ਸੌ ਕਸ਼ਮੀਰੀ ਪੰਡਿਤਾਂ ਨੂੰ ਕਤਲ ਕਰ ਦਿੱਤਾ ਗਿਆ ਸੀ ਤੇ ਤਿੰਨ ਤੋਂ ਪੰਜ ਲੱਖ ਦੇ ਕਰੀਬ ਕਸ਼ਮੀਰੀ ਪੰਡਿਤ ਉੱਥੋਂ ਹਿਜਰਤ ਕਰਕੇ ਦੂਜੇ ਸੂਬਿਆਂ ਵਿੱਚ ਚਲੇ ਗਏ ਸਨ। ਇਸ ਤੋਂ ਬਾਅਦ ਵੀ ਸੰਨ 1998 ਵਿੱਚ ਚੰਬਾ ਨਰਸੰਹਾਰ, ਸੰਨ 2000 ਵਿੱਚ ਚਿੱਟੀ ਸਿੰਘਪੁਰਾ ਨਰਸੰਹਾਰ, ਸੰਨ 2002 ਵਿੱਚ ਰਘੁਨਾਥ ਮੰਦਰ ਹਮਲਾ, ਸੰਨ 2006 ਵਿੱਚ ਵਾਰਾਨਸੀ ਬੰਬ ਧਮਾਕੇ ਅਤੇ ਉਸ ਤੋਂ ਬਾਅਦ ਗੋਧਰਾ ਕਾਂਡ ਸਾਲ 2025 ਵਿੱਚ ਵਾਪਰਿਆ। ਪਹਿਲਗਾਮ ਕਾਂਡ ਅਤੇ ਕਈ ਹੋਰ ਅਣਮਨੁੱਖੀ ਘਟਨਾਵਾਂ ‘ਧਰਮ ਨਿਰਪੱਖ’ ਅਖਵਾਉਂਦੇ ਸਾਡੇ ਮੁਲਕ ਦੇ ਮੱਥੇ ਦਾ ਕਲੰਕ ਬਣ ਕੇ ਉੱਭਰੀਆਂ ਸਨ।
ਪ੍ਰਾਪਤ ਜਾਣਕਾਰੀ ਅਨੁਸਾਰ ਸੰਨ 2005 ਵਿੱਚ ਭਾਰਤ ਵਿੱਚ 779 ਫਿਰਕੂ ਵਾਰਦਾਤਾਂ ਵਾਪਰੀਆਂ ਸਨ ਜਿਨ੍ਹਾਂ ਵਿੱਚ 124 ਜਾਨਾਂ ਗਈਆਂ ਸਨ ਤੇ 2066 ਵਿਅਕਤੀ ਜ਼ਖ਼ਮੀ ਹੋਏ ਸਨ। ਇਸ ਤਰ੍ਹਾਂ ਦੀਆਂ ਹੋਰ ਵਾਰਦਾਤਾਂ ਵਿੱਚ ਸੰਨ 2006 ਵਿੱਚ 133, 2007 ਵਿੱਚ 99, 2008 ਵਿੱਚ 167, 2009 ਵਿੱਚ 125, 2010 ਵਿੱਚ 116, 2012 ਵਿੱਚ 94, 2013 ਵਿੱਚ 133, 2014 ਵਿੱਚ 95, 2015 ਵਿੱਚ 97, 2016 ਵਿੱਚ 86 ਅਤੇ ਸੰਨ 2017 ਵਿੱਚ 111 ਮਾਸੂਮ ਜਿੰਦਾਂ ਧਾਰਮਿਕ ਕੱਟੜਵਾਦੀਆਂ ਦੇ ਜ਼ੁਲਮ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ ਵਿੱਚ ਜਾ ਪਈਆਂ ਸਨ। ਧਰਮ ਦੇ ਨਾਂ ’ਤੇ ‘ਮੌਬ ਲਿੰਚਿੰਗ’ ਅਤੇ ਕਈ ਹੋਰ ਪ੍ਰਕਾਰ ਦੇ ਤਸੀਹਿਆਂ ਦਾ ਸਿਲਸਿਲਾ ਅੱਜ ਵੀ ਬਾਦਸਤੂਰ ਜਾਰੀ ਹੈ। ਉਕਤ ਸਮੁੱਚੇ ਹੱਤਿਆਕਾਂਡ ਨਿੰਦਣਯੋਗ ਹਨ ਅਤੇ ਕਿਸੇ ਵੀ ਧਰਮ ਜਾਂ ਮਜ਼ਹਬ ਦੇ ਨਜ਼ਰੀਏ ਤੋਂ ਜਾਇਜ਼ ਨਹੀਂ ਠਹਿਰਾਏ ਜਾ ਸਕਦੇ ਹਨ।
ਮੁੱਕਦੀ ਗੱਲ ਇਹ ਹੈ ਕਿ ਦੇਸ਼ ਵਿੱਚ ਕੌਮੀ ਏਕਤਾ ਕਾਇਮ ਕਰਨ ਲਈ ਧਰਮ ਨਿਰਪੱਖਤਾ ਦਾ ਹੋਣਾ ਬਹੁਤ ਜ਼ਰੂਰੀ ਹੈ। ਇਸਦੇ ਨਾਲ ਹੀ ਸਾਨੂੰ ਸਮੂਹ ਭਾਰਤਵਾਸੀਆਂ ਨੂੰ ਆਪਣੇ ਭੈਣ-ਭਰਾ ਸਵੀਕਾਰ ਕਰਦਿਆਂ ਹੋਇਆਂ ਬਰਾਬਰੀ ਦੀ ਭਾਵਨਾ ਕਾਇਮ ਕਰਨੀ ਚਾਹੀਦੀ ਹੈ ਅਤੇ ਜਾਤ ਜਾਂ ਧਰਮ ਦੇ ਆਧਾਰ ’ਤੇ ਕਿਸੇ ਵੀ ਤਰ੍ਹਾਂ ਦਾ ਵਿਤਕਰਾ ਜਾਂ ਨਫਰਤ ਆਦਿ ਨਹੀਂ ਕਰਨੇ ਚਾਹੀਦੇ ਹਨ। ਸਾਨੂੰ ਇਹ ਵੀ ਚੇਤੇ ਰੱਖਣਾ ਚਾਹੀਦਾ ਹੈ ਕਿ ਕੌਮੀ ਏਕਤਾ ਦੇ ਬਲਬੂਤੇ ਹੀ ਅਸੀਂ ਬਰਤਾਨਵੀ ਸਾਮਰਾਜ ਖ਼ਿਲਾਫ ਸਖ਼ਤ ਸੰਘਰਸ਼ ਕੀਤਾ ਸੀ ਤੇ ਆਜ਼ਾਦੀ ਹਾਸਲ ਕੀਤੀ ਸੀ ਤੇ ਜੇਕਰ ਅਸੀਂ ਇਸ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਾਂਗੇ ਤਾਂ ਕੋਈ ਵੀ ਦੁਸ਼ਮਣ ਦੇਸ਼ ਜਾਂ ਫਿਰਕੂ ਤਾਕਤ ਸਾਨੂੰ ਕਦੇ ਵੀ ਹਰਾ ਨਹੀਂ ਪਾਏਗੀ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (