“ਸਮਾਜ ਸੇਵੀ ਜਥੇਬੰਦੀਆਂ ਅਤੇ ਬੁੱਧੀਜੀਵੀ ਵਰਗ ਤਾਂਤਰਿਕਾਂ ਦਾ ਗਲਬਾ ਖ਼ਤਮ ਕਰਨ ਲਈ ...”
(27 ਸਤੰਬਰ 2023)
ਉਂਜ ਤਾਂ ਪੰਜਾਬ ਕੀ ਭਾਰਤ ਦੇ ਹਰੇਕ ਸ਼ਹਿਰ ਜਾਂ ਕਸਬੇ ਵਿੱਚ ਅਖੌਤੀ ਤਾਂਤਰਿਕ ਜਾਂ ਤਾਂਤਰਿਕਨੁਮਾ ਵਿਅਕਤੀ ਜਾਦੂ-ਟੂਣੇ ਨਾਲ ਲੋਕਾਂ ਦੇ ਕਸ਼ਟ ਨਿਵਾਰਨ ਹਿਤ ਦੁਕਾਨਾਂ ਖੋਲ੍ਹੀ ਬੈਠੇ ਹਨ ਤੇ ਘਰੇਲੂ, ਆਰਥਿਕ, ਸ਼ਾਦੀ, ਨੌਕਰੀ ਜਾਂ ਪ੍ਰੇਮ ਨਾਲ ਸਬੰਧਿਤ ਸਮੱਸਿਆਵਾਂ ਨੂੰ ਘੜੀਆਂ-ਪਲਾਂ ਵਿੱਚ ਹੱਲ ਕਰਨ ਦਾ ਝਾਂਸਾ ਦੇ ਕੇ ਪ੍ਰੇਸ਼ਾਨ ਅਤੇ ਦੁਖੀ ਲੋਕਾਂ ਦੀ ਉੱਨ ਲਾਹ ਰਹੇ ਹਨ। ਇਹ ਤਾਂਤਰਿਕ ਪ੍ਰਮੁੱਖ ਅਖ਼ਬਾਰਾਂ ਵਿੱਚ ਇਸ਼ਤਿਹਾਰ ਛਪਵਾ ਕੇ ਆਪਣੇ ਸ਼ਿਕਾਰ ਲੱਭਦੇ ਹਨ ਅਤੇ ਇਸ਼ਤਿਹਾਰ ਵਿੱਚ ਦਾਅਵਾ ਕਰਦੇ ਹਨ ਕਿ ਉਨ੍ਹਾਂ ਕੋਲ ਕਾਲਾ ਇਲਮ ਜਾਂ ਹੋਰ ਕੋਈ ਗ਼ੈਬੀ ਸ਼ਕਤੀ ਹੈ ਤੇ ਉਹ ਇਹ ਵੀ ਚੁਣੌਤੀ ਦਿੰਦੇ ਹਨ ਕਿ ਉਨ੍ਹਾਂ ਵੱਲੋਂ ਕੀਤੇ ਜਾਦੂ-ਟੂਣੇ ਦੀ ਕੋਈ ਕਾਟ ਨਹੀਂ ਹੈ। ਕੁਝ ਇੱਕ ਤਾਂਤਰਿਕ ਤਾਂ ਚੌਵੀ ਘੰਟਿਆਂ ਵਿੱਚ ਸਮੱਸਿਆ ਜਾਂ ਪ੍ਰੇਸ਼ਾਨੀ ਦਾ ਹੱਲ ਕਰਨ ਦੀ ਗਾਰੰਟੀ ਅਸ਼ਟਾਮ ਪੇਪਰ ’ਤੇ ਲਿਖ ਕੇ ਦੇਣ ਦਾ ਦਾਅਵਾ ਵੀ ਕਰਦੇ ਹਨ।
ਕੌੜਾ ਸੱਚ ਇਹ ਹੈ ਕਿ ਜਦੋਂ ਵੀ ਕੋਈ ਸ਼ਖ਼ਸ ਕਿਸੇ ਸਮੱਸਿਆ ਜਾਂ ਪ੍ਰੇਸ਼ਾਨੀ ਵਿੱਚ ਬੁਰੀ ਤਰ੍ਹਾਂ ਫਸਿਆ ਹੁੰਦਾ ਹੈ ਤਾਂ ਉਸ ਸਮੇਂ ਉਸਦਾ ਮਾਨਸਿਕ ਸੰਤੁਲਨ ਅਕਸਰ ਹੀ ਡਾਵਾਂਡੋਲ ਹੁੰਦਾ ਹੈ। ਕੁਝ ਲੋਕ ਬੁੱਧੀ, ਆਤਮਬਲ ਜਾਂ ਧਾਰਮਿਕ ਆਸਥਾ ਦੇ ਆਸਰੇ ਆਪਣੀ ਸਮੱਸਿਆ ਦਾ ਹੱਲ ਕੱਢਣ ਵਿੱਚ ਕਾਮਯਾਬ ਰਹਿੰਦੇ ਹਨ ਤੇ ਇਸਦੇ ਉਲਟ ਕੁਝ ਲੋਕ ਨਿਰਾਸ਼ ਅਤੇ ਹਤਾਸ਼ ਹੋ ਕੇ ਤਾਂਤਰਿਕਾਂ, ਜੋਤਸ਼ੀਆਂ ਜਾਂ ਬਾਬਿਆਂ ਦੇ ਵੱਸ ਪੈ ਜਾਂਦੇ ਹਨ। ਕਮਜ਼ੋਰ ਆਤਮ-ਵਿਸ਼ਵਾਸ ਵਾਲੇ ਕੁਝ ਲੋਕ ਦੁੱਖਾਂ ਅਤੇ ਪ੍ਰੇਸ਼ਾਨੀਆਂ ਤੋਂ ਤੰਗ ਆ ਕੇ ਜ਼ਿੰਦਗੀ ਤੋਂ ਹੀ ਕਿਨਾਰਾ ਕਰ ਲੈਂਦੇ ਹਨ। ਜ਼ਿੰਦਗੀ ਨੂੰ ਦਰਪੇਸ਼ ਕਿਸੇ ਵੀ ਸਮੱਸਿਆ ਨਾਲ ਲੜਨ ਦੀ ਥਾਂ ਉਸ ਅੱਗੇ ਗੋਡੇ ਟੇਕ ਕੇ ਅੰਧਵਿਸ਼ਵਾਸ ਜਾਂ ਆਤਮਹੱਤਿਆ ਦੇ ਰਾਹ ਤੁਰ ਪੈਣਾ ਸਰਾਸਰ ਗ਼ਲਤ ਹੈ, ਕਾਇਰਤਾ ਹੈ। ਆਮ ਤੌਰ ’ਤੇ ਇਹ ਵੇਖਣ ਵਿੱਚ ਆਇਆ ਹੈ ਕਿ ਗੰਭੀਰ ਰੋਗ, ਦੁਬਿਧਾ, ਪ੍ਰੇਸ਼ਾਨੀ ਜਾਂ ਸਮੱਸਿਆ ਨਾਲ ਪੀੜਤ ਲੋਕ ਤਾਂਤਰਿਕਾਂ ਅਤੇ ਬਾਬਿਆਂ ਦੇ ਸਹਿਜੇ ਹੀ ਸ਼ਿਕਾਰ ਹੋ ਨਿੱਬੜਦੇ ਹਨ ਤੇ ਰੁਪਏ-ਪੈਸੇ, ਘਰ-ਬਾਰ ਜਾਂ ਫਿਰ ਕਈ ਵਾਰ ਤਾਂ ਆਪਣੀ ਆਬਰੂ ਤਕ ਲੁਟਾ ਬੈਠਦੇ ਹਨ।
ਹਕੀਕਤ ਇਹ ਹੈ ਕਿ ਕਾਲਾ ਇਲਮ ਜਾਂ ਫਿਰ ਗ਼ੈਬੀ ਸ਼ਕਤੀ ਨਾਮਕ ਕੋਈ ਚੀਜ਼ ਨਹੀਂ ਹੁੰਦੀ ਹੈ ਤੇ ਨਾ ਹੀ ਜਾਦੂ-ਟੂਣਿਆਂ ਨਾਲ ਸਮੱਸਿਆਵਾਂ ਅਤੇ ਪ੍ਰੇਸ਼ਾਨੀਆਂ ਦੇ ਹੱਲ ਲੱਭ ਸਕਦੇ ਹਨ। ਅਜੋਕੇ ਸਮੇਂ ਦੀ ਸਭ ਤੋਂ ਵੱਧ ਪੀੜਾਦਾਇਕ ਗੱਲ ਇਹ ਹੈ ਕਿ ਜਿੱਥੇ ਪੁਰਾਣੇ ਸਮੇਂ ਵਿੱਚ ਅਨਪੜ੍ਹਤਾ ਜਾਂ ਅਗਿਆਨਤਾ ਜ਼ਿਆਦਾ ਹੋਣ ਕਰਕੇ ਲੋਕ ਅੰਧਵਿਸ਼ਵਾਸੀ ਸਨ ਉੱਥੇ ਅੱਜ ਵਿੱਦਿਆ ਦਾ ਪਸਾਰ ਵਧ ਜਾਣ ਦੇ ਬਾਵਜੂਦ ਅੰਧਵਿਸ਼ਵਾਸ ਦਾ ਘੇਰਾ ਹੋਰ ਵੱਡਾ ਹੋ ਗਿਆ ਹੈ ਤੇ ਬਦਲੇ ਜ਼ਮਾਨੇ ਦੀ ਚਾਲ ਨਾਲ ਚਾਲ ਮਿਲਾਉਂਦੇ ਹੋਏ ਅਜੋਕੇ ਤਾਂਤਰਿਕ ਜਾਂ ਬਾਬੇ ਹੁਣ ਹਾਈਟੈੱਕ ਹੋ ਗਏ ਹਨ ਤੇ ਪ੍ਰਿੰਟ ਜਾਂ ਬਿਜਲਈ ਮਾਧਿਅਮਾਂ ਜਾਂ ਇੰਟਰਨੈੱਟ ਦੀ ਮਦਦ ਨਾਲ ਦੂਰ-ਦੂਰਾਡੇ ਬੈਠੇ ਆਪਣੇ ਅਖੌਤੀ ਪੜ੍ਹੇ-ਲਿਖੇ ਚੇਲਿਆਂ ਤਕ ਪੁੱਜਣ ਲੱਗ ਪਏ ਹਨ। ਕੋਰੀਅਰ ਰਾਹੀਂ ਸਮੱਗਰੀ ਅਤੇ ਇੰਟਰਨੈੱਟ ਰਾਹੀਂ ਜਨਮ ਕੁਡਲੀਆਂ ਮਿਲਣ ਲੱਗ ਪਈਆਂ ਹਨ ਤੇ ਭੇਟਾ ਦੀ ਅਦਾਇਗੀ ਵੀ ਔਨਲਾਈਨ ਹੋਣ ਲੱਗ ਪਈ ਹੈ। ਸਮਾਂ ਬਦਲ ਗਿਆ ਹੈ ਪਰ ਤਾਂਤਰਿਕਾਂ ਅਤੇ ਬਾਬਿਆਂ ਵੱਲੋਂ ਫੈਲਾਇਆ ਜਾ ਰਿਹਾ ਅੰਧਵਿਸ਼ਵਾਸ ਘਟਣ ਦੀ ਥਾਂ ਹੋਰ ਵਧ ਗਿਆ ਹੈ।
ਮਨੁੱਖੀ ਜੀਵਨ ਦਾ ਕੌੜਾ ਸੱਚ ਇਹ ਵੀ ਹੈ ਕਿ ਇਸ ਧਰਤੀ ’ਤੇ ਵੱਖ-ਵੱਖ ਸਮਿਆਂ ਅੰਦਰ ਆਉਣ ਵਾਲੇ ਅਵਤਾਰ, ਪੈਗੰਬਰ ਜਾਂ ਨਬੀ ਵੀ ਦੁੱਖਾਂ, ਮੁਸੀਬਤਾਂ ਤੇ ਪ੍ਰੇਸ਼ਾਨੀਆਂ ਤੋਂ ਅਛੂਤੇ ਨਹੀਂ ਰਹੇ ਸਨ ਪਰ ਉਨ੍ਹਾਂ ਨੇ ਹਿੰਮਤ, ਆਪਣੇ ਇਸ਼ਟ ’ਤੇ ਦ੍ਰਿੜ੍ਹ ਵਿਸ਼ਵਾਸ ਅਤੇ ਆਤਮਿਕ ਬਲ ਦੀ ਮਦਦ ਨਾਲ ਹਰੇਕ ਕਸ਼ਟ ਅਤੇ ਪ੍ਰੇਸ਼ਾਨੀ ਉੱਤੇ ਜਿੱਤ ਹਾਸਿਲ ਕਰਨ ਦਾ ਸਬਕ ਹੀ ਸਿਖਾਇਆ ਸੀ। ਉਨ੍ਹਾਂ ਆਪਣੇ ਜੀਵਨ ਸਫ਼ਰ ਦੌਰਾਨ ਇਹੋ ਸਿਖਾਇਆ ਸੀ ਕਿ ਦੁੱਖ ਅਤੇ ਸੁਖ ਜੀਵਨ ਦਾ ਅਟੁੱਟ ਅੰਗ ਹਨ ਤੇ ਜੀਵਨ ਦੇ ਸਹੀ ਅਰਥ ਸਮਝਣ ਲਈ ਇਨ੍ਹਾਂ ਵਿੱਚੋਂ ਲੰਘਣਾ ਸਭ ਲਈ ਲਾਜ਼ਮੀ ਹੈ। ਅੰਤਿਮ ਸੱਚ ਇਹੋ ਹੈ ਕਿ ਦੁੱਖਾਂ ਅਤੇ ਪ੍ਰੇਸ਼ਾਨੀਆਂ ਨਾਲ ਦੋ-ਚਾਰ ਹੁੰਦਾ ਹੋਇਆ ਕੋਈ ਸ਼ਖ਼ਸ ਆਤਮ ਵਿਸ਼ਵਾਸ ਅਤੇ ਪ੍ਰਭੂ ਚਰਨਾਂ ਦਾ ਆਸਰਾ ਲੈਣ ਦੀ ਥਾਂ ਜਦੋਂ ਤਾਂਤਰਿਕਾਂ ਅਤੇ ਜੋਤਸ਼ੀਆਂ ਦੇ ਚੱਕਰਾਂ ਵਿੱਚ ਜਾ ਪੈਂਦਾ ਹੈ ਤਾਂ ਆਪਣੀ ਤਬਾਹੀ ਦੀ ਇਬਾਰਤ ਉਹ ਆਪਣੇ ਹੱਥੀਂ ਲਿਖ ਲੈਂਦਾ ਹੈ।
ਅੱਜ ਲੋੜ ਤਾਂਤਰਿਕਾਂ ਦੇ ਮਾਇਆ ਜਾਲ ਨੂੰ ਸਮਝਣ ਅਤੇ ਇਸ ਤੋਂ ਬਚਣ ਦੀ ਹੈ ਤੇ ਨਾਲ ਹੀ ਇਹ ਗੱਲ ਸਮਝਣ ਦੀ ਵੀ ਹੈ ਕਿ ਜ਼ਿੰਦਗੀ ਵਿੱਚ ਜੇਕਰ ਚੰਗੇ ਦਿਨ ਨਹੀਂ ਰਹੇ ਹਨ ਤਾਂ ਮਾੜੇ ਦਿਨ ਵੀ ਇੱਕ ਦਿਨ ਖ਼ਤਮ ਹੋ ਹੀ ਜਾਣਗੇ। ਲੋੜ ਇਸ ਗੱਲ ਦੀ ਵੀ ਹੈ ਕਿ ਸਮਾਜ ਸੇਵੀ ਜਥੇਬੰਦੀਆਂ ਅਤੇ ਬੁੱਧੀਜੀਵੀ ਵਰਗ ਤਾਂਤਰਿਕਾਂ ਦਾ ਗਲਬਾ ਖ਼ਤਮ ਕਰਨ ਲਈ ਕੋਈ ਠੋਸ ਮੁਹਿੰਮ ਜਾਂ ਅੰਦੋਲਨ ਸ਼ੁਰੂ ਕਰਨ ਜਾਂ ਫਿਰ ਕਾਨੂੰਨੀ ਚਾਰਾਜੋਈ ਕਰਨ ਤਾਂ ਜੋ ਇਨ੍ਹਾਂ ਪਖੰਡੀ ਤਾਂਤਰਿਕਾਂ ਹੱਥੋਂ ਹੋਣ ਵਾਲੀ ਲੋਕਾਂ ਦੀ ਆਰਥਿਕ, ਸਰੀਰਕ ਅਤੇ ਮਾਨਸਿਕ ਲੁੱਟ ਦਾ ਖ਼ਾਤਮਾ ਹੋ ਸਕੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4250)
(ਸਰੋਕਾਰ ਨਾਲ ਸੰਪਰਕ ਲਈ: (