“ਇਸ ਵਾਰ ਦੀਆਂ ਲੋਕ ਸਭਾ ਚੋਣਾਂ ਵਿੱਚ ਸੰਬੰਧਿਤ ਬਾਬੇ ਅਤੇ ਉਸਦੇ ਸ਼ਰਧਾਲੂਆਂ ਦੀ ਵੋਟਾਂ ...”
(17 ਜੁਲਾਈ 2024)
ਇਸ ਸਮੇਂ ਪਾਠਕ: 380.
ਭਾਰਤੀ ਸਿਆਸਤ ਦਾ ਮਿਆਰ ਇਸ ਕਦਰ ਡਿਗ ਪਿਆ ਹੈ ਕਿ ਹੁਣ ਸਿਆਸਤਦਾਨ ਲਾਸ਼ਾਂ ਦੇ ਢੇਰ ਉੱਤੇ ਵੀ ਸਿਆਸਤ ਕਰਨ ਤੋਂ ਗੁਰੇਜ਼ ਨਹੀਂ ਕਰਦੇ ਹਨ। ਆਪਣੇ ਸਿਆਸੀ ਬੋਲਾਂ ਅਤੇ ਦਾਅਪੇਚਾਂ ਨਾਲ ਸਿਆਸਤਦਾਨ ਜੇ ਚਾਹੁਣ ਤਾਂ ਲਾਸ਼ਾਂ ਦਾ ਢੇਰ ਵਿਖਾ ਕੇ ਹਮਦਰਦੀ ਪੈਦਾ ਕਰ ਦਿੰਦੇ ਨੇ ਤੇ ਜੇ ਚਾਹੁਣ ਤਾਂ ਨਫ਼ਰਤ ਦੀ ਅੱਗ ਲਗਾ ਦਿੰਦੇ ਹਨ। ਭਾਰਤ ਵਿੱਚ ਅਨੇਕਾਂ ਅਜਿਹੇ ਦਰਦਨਾਕ ਹਾਦਸੇ ਵਾਪਰੇ ਹਨ, ਜਿਨ੍ਹਾਂ ਦੀ ਜਾਂਚ ਅਤੇ ਦੋਸ਼ੀਆਂ ਦੀ ਫੜੋ-ਫੜੀ ਲਈ ਸ਼ਰੇਆਮ ਸਿਆਸਤ ਖੇਡੀ ਗਈ ਹੈ। ਇੱਥੇ ਅਨੇਕਾਂ ਵੱਡੇ ਹਾਦਸਿਆਂ ਅਤੇ ਹੱਤਿਆਕਾਂਡਾਂ ਦੀ ਜਾਂਚ ਵਿੱਚ ਅਸਲ ਤੱਥ ਕਦੇ ਸਾਹਮਣੇ ਹੀ ਨਹੀਂ ਆਏ ਹਨ, ਜਿਸਦੀ ਜਿਊਂਦੀ ਜਾਗਦੀ ਉਦਾਹਰਣ ਪੰਜਾਬ ਵਿੱਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਅਤੇ ਉਨ੍ਹਾਂ ਘਟਨਾਵਾਂ ਦੀਆਂ ਜਾਂਚ ਰਿਪੋਰਟਾਂ ਹਨ, ਜੋ ਵੱਖ-ਵੱਖ ਸਰਕਾਰਾਂ ਬਦਲਣ ਦੇ ਬਾਵਜੂਦ ਕਿਸੇ ਤਣ-ਪੱਤਣ ਨਹੀਂ ਲੱਗ ਸਕੀਆਂ ਹਨ। ਹੁਣੇ ਜਿਹੇ ਵਾਪਰੇ ‘ਹਾਥਰਸ ਭਗਦੜ ਕਾਂਡ’ ਦੀ ਜਾਂਚ ਸ਼ੁਰੂ ਹੋਣ ਤੋਂ ਪਹਿਲਾਂ ਹੀ ਉੁੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੇ ਜੋ ਬਿਸਾਤ ਵਿਛਾ ਦਿੱਤੀ ਹੈ, ਉਸ ਤੋਂ ਸਾਫ਼ ਜ਼ਾਹਿਰ ਹੋਣ ਲੱਗ ਪਿਆ ਹੈ ਕਿ ਉਸ ਧਾਰਮਿਕ ਆਯੋਜਨ ਦੇ ਆਯੋਜਨ ਕਰਤਾਵਾਂ ’ਤੇ ਸਾਰੀ ਗਾਜ਼ ਸੁੱਟ ਕੇ ਕਥਿਤ ਦੋਸ਼ੀ ‘ਬਾਬੇ’ ਨੂੰ ਇਸ ਕਾਂਡ ਵਿੱਚੋਂ ‘ਪਾਕ-ਸਾਫ਼’ ਕੱਢ ਲਿਆ ਜਾਵੇਗਾ। ਯੋਗੀ ਸਰਕਾਰ ਵੱਲੋਂ ਅਜਿਹਾ ਕੀਤੇ ਜਾਣ ਪਿੱਛੇ ਇੱਕ ਵੱਡਾ ਸਿਆਸੀ ਮਨੋਰਥ ਹੈ ਜੋ ਇਸ ਹਾਦਸੇ ਵਿੱਚ ਆਪਣੀਆਂ ਜਾਨਾਂ ਗੁਆ ਲੈਣ ਵਾਲੇ 120 ਤੋਂ ਵੱਧ ਔਰਤਾਂ ਤੇ ਬੱਚਿਆਂ ਦੇ ਪਰਿਵਾਰਾਂ ਦੇ ਹੰਝੂਆਂ ਦੀ ਕੋਈ ਪਰਵਾਹ ਨਹੀਂ ਕਰਦਾ ਹੈ। ਭਾਜਪਾ ਦੀ ਸਥਾਨਕ ਲੀਡਰਸ਼ਿੱਪ ਇਸ ਲਾਸ਼ਾਂ ਦੇ ਢੇਰ ’ਤੇ ਵੀ ਸਿਆਸੀ ਰੋਟੀਆਂ ਸੇਕਣ ਤੋਂ ਬਾਜ਼ ਨਹੀਂ ਆ ਰਹੀ ਹੈ।
ਉੁੱਤਰ ਪ੍ਰਦੇਸ਼ ਦੇ ਹਾਥਰਸ ਵਿਖੇ 2 ਜੁਲਾਈ, 2024 ਨੂੰ ਹੋਏ ਇੱਕ ਧਾਰਮਿਕ ਇਕੱਠ ਵਿੱਚ ਪੁਲਿਸ ਦੇ ਸਿਪਾਹੀ ਤੋਂ ਬਾਬਾ ਬਣੇ ਇੱਕ ਸ਼ਖ਼ਸ ਵੱਲੋਂ ਕੀਤੇ ਗਏ ਧਾਰਮਿਕ ਪ੍ਰਵਚਨਾਂ ਤੋਂ ਉਪਰੰਤ ਪੰਡਾਲ ਤੋਂ ਬਾਹਰ ਜਾਂਦੇ ਸਮੇਂ ਉਸਦੀ ‘ਚਰਨ ਧੂੜ’ ਚੁੱਕ ਕੇ ਮੱਥੇ ’ਤੇ ਲਗਾਉਣ ਲਈ ਉਸਦੀ ਕਾਰ ਦੇ ਪਿੱਛੇ ਭੱਜੇ ਜਾਂਦੇ ਸ਼ਰਧਾਲੂਆਂ ਨਾਲ ਬਾਬੇ ਦੇ ਸੁਰੱਖਿਆ ਕਰਮਚਾਰੀਆਂ ਵੱਲੋਂ ਧੱਕਾ-ਮੁੱਕੀ ਕੀਤੇ ਜਾਣ ਤੋਂ ਬਾਅਦ ਕੁਝ ਸ਼ਰਧਾਲੂ ਬੀਬੀਆਂ ਹੇਠਾਂ ਡਿਗ ਪਈਆਂ ਸਨ ਤੇ ਵੱਡੀ ਤਾਦਾਦ ਵਿੱਚ ਭੱਜੀ ਆਉਂਦੀ ਸ਼ਰਧਾਲੂਆਂ ਦੀ ਭੀੜ ਦੇ ਕਦਮਾਂ ਹੇਠ ਕੁਚਲੀਆਂ ਗਈਆਂ ਸਨ ਤੇ ਇਸ ਦੌਰਾਨ ਪਏ ਚੀਕ-ਚਿਹਾੜੇ ਕਰਕੇ ਭਗਦੜ ਹੋਰ ਮੱਚ ਗਈ ਤੇ ਵੇਖ਼ਦਿਆਂ ਵੇਖ਼ਦਿਆਂ ਇੱਕ ਵੱਡਾ ਦੁਖਾਂਤ ਵਾਪਰ ਗਿਆ, ਜਿਸ ਵਿੱਚ 120 ਕੀਮਤੀ ਜਾਨਾਂ ਭੰਗ ਦੇ ਭਾੜੇ ਚਲੇ ਗਈਆਂ ਸਨ। ਇਸ ਦੁਰਘਟਨਾ ਦਾ ਇੱਕ ਦੁੱਖਦਾਇਕ, ਅਫ਼ਸੋਸਨਾਕ ਅਤੇ ਨਿੰਦਣਯੋਗ ਪਹਿਲੂ ਇਹ ਹੈ ਕਿ ਇੰਨੇ ਵੱਡੇ ਦੁਖਾਂਤ ਦੇ ਵਾਪਰ ਜਾਣ ਦੇ ਬਾਅਦ ਸੰਬੰਧਿਤ ‘ਬਾਬਾ ਜੀ’ ਉੁੱਥੇ ਰੁਕ ਕੇ ਆਪਣੇ ਭਗਤਾਂ ਦੀ ਸਾਰ ਲੈਣ ਦੀ ਥਾਂ ਉਸ ਸਥਾਨ ਤੋਂ ਤੁਰੰਤ ‘ਰਫੂਚੱਕਰ’ ਹੋ ਗਏ ਤੇ ਪੂਰੇ ਦੇਸ਼ ਵਿੱਚ ਹਾਲ-ਪਾਰ੍ਹਿਆ ਮਚਣ ਦੇ ਬਾਵਜੂਦ ਸਾਹਮਣੇ ਨਹੀਂ ਆਏ।
ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੇ ਵੀ ਉਸ ਬਾਬੇ ਦਾ ਬਚਾ ਕਰਦਿਆਂ ਹੋਇਆਂ ਕੇਵਲ ਸਮਾਗਮ ਦੇ ਆਯੋਜਕਾਂ ਦੇ ਹੀ ਨਾਂ ਐੱਫ.ਆਈ.ਆਰ. ਵਿਚ ਦਰਜ ਕੀਤੀ ਹੈ ਤੇ ਮੁੱਖ ਮੰਤਰੀ ਸਾਹਿਬ ਨੇ ਬਿਨਾਂ ਕਿਸੇ ਜਾਂਚ-ਪੜਤਾਲ ਦੇ ਮੀਡੀਆ ਨੂੰ ਪਹਿਲਾਂ ਹੀ ਬਿਆਨ ਦੇਣੇ ਸ਼ੁਰੂ ਕਰ ਦਿੱਤੇ ਕਿ ਇਸ ਹਾਦਸੇ ਪਿੱਛੇ ਕਿਸੇ ਦੀ ‘ਸਾਜ਼ਿਸ਼’ ਵੀ ਹੋ ਸਕਦੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਉੁੱਤਰ ਪ੍ਰਦੇਸ਼, ਬਿਹਾਰ, ਮਹਾਰਾਸ਼ਟਰ ਅਤੇ ਰਾਜਸਥਾਨ ਆਦਿ ਰਾਜਾਂ ਵਿੱਚ ਮੌਜੂਦ ਸੰਬੰਧਿਤ ਬਾਬੇ ਦੇ ਸ਼ਰਧਾਲੂਆਂ ਦੀ ਸੰਖਿਆਂ ਲੱਖਾਂ ਵਿੱਚ ਹੈ ਤੇ ਯੋਗੀ ਸਰਕਾਰ ਬਾਬੇ ਨੂੰ ਹੱਥ ਪਾ ਕੇ ਇਸ ਵੋਟ ਬੈਂਕ ਨੂੰ ਹੱਥੋਂ ਨਹੀਂ ਜਾਣ ਦੇਵੇਗੀ।
ਦੂਜੀ ਵੱਡੀ ਗੱਲ ਇਹ ਹੈ ਕਿ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਵਿੱਚ ਸੰਬੰਧਿਤ ਬਾਬੇ ਅਤੇ ਉਸਦੇ ਸ਼ਰਧਾਲੂਆਂ ਦੀ ਵੋਟਾਂ ‘ਸਮਾਜਵਾਦੀ ਪਾਰਟੀ’ ਦੇ ਹੱਕ ਵਿੱਚ ਭੁਗਤੇ ਹੋਣ ਦੀ ਪੂਰੀ ਪੂਰੀ ਸੰਭਾਵਨਾ ਹੈ ਕਿਉਂਕਿ ਅਖਿਲੇਸ਼ ਯਾਦਵ ਦੀ ਬਾਬੇ ਦੇ ਦਰਬਾਰ ਵਿੱਚ ਭਰੀ ਗਈ ਹਾਜ਼ਰੀ ਅਤੇ ਬਾਬੇ ਦੇ ਕੀਤੇ ਗਏ ਗੁਣਗਾਨ ਸੰਬੰਧੀ ਪ੍ਰਾਪਤ ਵੀਡੀਓ ਇਸੇ ਗੱਲ ਵੱਲ ਇਸ਼ਾਰਾ ਕਰਦੇ ਹਨ ਤੇ ਉੁੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸਾਹਿਬ ਇਸ ਕਾਂਡ ਵਿੱਚ ਬੁਰੀ ਤਰ੍ਹਾਂ ਫਸ ਚੁੱਕੇ ਸੰਬੰਧਿਤ ਬਾਬੇ ਨੂੰ ਬਚਾ ਕੇ ਅਖਿਲੇਸ਼ ਦਾ ਸਾਰਾ ਵੋਟ ਬੈਂਕ ਹਥਿਆਉਣ ਦੀ ਫ਼ਿਰਾਕ ਵਿੱਚ ਹਨ, ਜਿਸ ਕਰਕੇ ਉਹ ਇਸ ਮਾਮਲੇ ਦੀ ਜਾਂਚ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਸ ਹਾਦਸੇ ਪਿੱਛੇ ਕਿਸੇ ਦੀ ‘ਸਾਜ਼ਿਸ਼’ ਦਾ ਰਾਗ ਅਲਾਪਣ ਲੱਗ ਪਏ ਹਨ ਤੇ ਕਥਿਤ ਦੋਸ਼ੀ ਬਾਬੇ ਦਾ ਆਪਣੇ ਵਕੀਲ ਰਾਹੀਂ ਦਿੱਤਾ ਗਿਆ ਬਿਆਨ ਵੀ ‘ਸਾਜ਼ਿਸ’ ਦੇ ਐਂਗਲ ਦੀ ਹੀ ਚਰਚਾ ਕਰ ਰਿਹਾ ਹੈ। ਸਭ ਜਾਣਦੇ ਹਨ ਕਿ ਉੁੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਚੰਗੀ ਤਰ੍ਹਾਂ ਜਾਣਦੀ ਹੈ ਕਿ ਬਾਬਾ ਕਿੱਥੇ ਲੁਕਿਆ ਹੈ ਤੇ ਸਰਕਾਰ ਉਸ ਨੂੰ ਰੂਪੋਸ਼ ਹੋਣ ਵਿੱਚ ਪੂਰੀ ਮਦਦ ਕਰ ਰਹੀ ਹੈ। ਅਜਿਹੇ ਦਰਦਨਾਕ ਹਾਦਸੇ ਦੇ ਬਾਵਜੂਦ ਸਾਹਮਣੇ ਆਉਣ ਦੀ ਥਾਂ ਲੁਕ ਛਿਪ ਕੇ ਬਿਆਨ ਜਾਰੀ ਕਰਨਾ ਤੇ ਐੱਫ.ਆਈ.ਆਰ.ਵਿਚ ਬਾਬੇ ਦਾ ਨਾਂ ਨਾ ਦਰਜ ਹੋਣਾ, ਬਾਬੇ ਨੂੰ ਹਾਸਿਲ ਸਿਆਸੀ ਸਰਪ੍ਰਸਤੀ ਵੱਲ ਇਸ਼ਾਰਾ ਕਰਦਾ ਹੈ।
ਉਂਜ ਧਾਰਮਿਕ ਸਮਾਗਮਾਂ ਵਿੱਚ ਮੱਚਣ ਵਾਲੀ ਭਗਦੜ ਅਤੇ ਇਸ ਭਗਦੜ ਵਿੱਚ ਸ਼ਰਧਾਲੂਆਂ ਦੀਆਂ ਜਾਨਾਂ ਚਲੇ ਜਾਣ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਸੰਨ 1906 ਤੋਂ ਲੈ ਕੇ ਸਾਲ 2013 ਤਕ ਇਕੱਲੇ ਪ੍ਰਯਾਗਰਾਜ ਵਿਖੇ ਆਯੋਜਿਤ ਹੋਣ ਵਾਲੇ ‘ਕੁੰਭ ਮੇਲੇ’ ਦੌਰਾਨ ਮਚੀ ਭਗਦੜ ਵਿੱਚ ਹੀ 1038 ਸ਼ਰਧਾਲੂ ਆਪਣੀਆਂ ਕੀਮਤੀ ਜਾਨਾਂ ਗੁਆ ਚੁੱਕੇ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਵੱਧ 800 ਜਾਨਾਂ ਸੰਨ 1954 ਦੇ ਕੁੰਭ ਮੇਲੇ ਦੌਰਾਨ ਮੱਚੀ ਭਗਦੜ ਵਿੱਚ ਗਈਆਂ ਸਨ। ਇਸੇ ਤਰ੍ਹਾਂ ਕੇਰਲਾ ਵਿਖੇ ਸਥਿਤ ਪ੍ਰਸਿੱਧ ‘ਸਬਰੀਮਲਾ ਮੰਦਿਰ’ ਵਿਖੇ ਮਚੀ ਭਗਦੜ ਦੌਰਾਨ 1 ਜਨਵਰੀ, 1999 ਨੂੰ 53 ਅਤੇ 14 ਜਨਵਰੀ, 2011 ਨੂੰ 106 ਸ਼ਰਧਾਲੂ ਰੱਬ ਨੂੰ ਪਿਆਰੇ ਹੋ ਗਏ ਸਨ।
30 ਸਤੰਬਰ, 2008 ਨੂੰ ਜੋਧਪੁਰ ਵਿਖੇ ਸਥਿਤ ਚਾਮੁੰਡਾ ਦੇਵੀ ਦੇ ਮੰਦਰ ਵਿਖੇ ਮਚੀ ਭਗਦੜ ਦੌਰਾਨ 224 ਸ਼ਰਧਾਲੂਆਂ ਦੀਆਂ ਜਾਨਾਂ ਚਲੀਆਂ ਗਈਆਂ ਸਨ ਜਦੋਂ ਕਿ 475 ਸ਼ਰਧਾਲੂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਸਨ। ਉੱਧਰ ਨਾਗਪੁਰ ਵਿਖੇ 23 ਨਵੰਬਰ, 1994 ਨੂੰ ‘ਗੋਵਾਰੀ ਸਮਾਜ’ ਨਾਲ ਸੰਬੰਧਿਤ ਸ਼ਰਧਾਲੂਆਂ ਦੀ ਇੱਕ ਇਕੱਤਰਤਾ ਵਿੱਚ ਮਚੀ ਭਗਦੜ ਵਿੱਚ ਇਸ ਸਮਾਜ ਦੇ 114 ਵਿਅਕਤੀ ਆਪਣੀਆਂ ਜਾਨਾਂ ਤੋਂ ਹੱਥ ਧੋ ਬੈਠੇ ਸਨ। ਇਸ ਘਟਨਾ ਦੀ ਜਾਂਚ ਲਈ ਨਿਯੁਕਤ ਕੀਤੇ ਗਏ ਜਸਟਿਸ ਐੱਸ.ਐੱਸ.ਦਾਨੀ ਨੇ ਇਸ ਘਟਨਾ ਨੂੰ ‘ਮੰਦਭਾਗਾ’ ਕਰਾਰ ਦਿੰਦਿਆਂ ਹੋਇਆਂ ਕਿਸੇ ਨੂੰ ਵੀ ‘ਦੋਸ਼ੀ’ ਨਾ ਠਹਿਰਾਇਆ ਤੇ ਉਸ ਵੇਲੇ ਦੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਸ੍ਰੀ ਸ਼ਰਦ ਪਵਾਰ ਅਤੇ ਹੋਰ ਉੁੱਚ ਅਧਿਕਾਰੀਆਂ ਨੂੰ ‘ਕਲੀਨ ਚਿੱਟ’ ਦੇ ਦਿੱਤੀ ਸੀ ਜਦੋਂ ਕਿ ਇਸਦੇ ਬਿਲਕੁਲ ਉਲਟ ਸੰਨ 1999 ਵਿੱਚ ‘ਸਬਰੀਮਲਾ ਭਗਦੜ ਕੇਸ’ ਦੀ ਜਾਂਚ ਕਰ ਰਹੇ ਜਸਟਿਸ ਚੰਦਰਸ਼ੇਖ਼ਰ ਮੈਨਨ ਨੇ ਉਸ ਹਾਦਸੇ ਲਈ ਰਾਜ ਸਰਕਾਰ ਨੂੰ ਦੋਸ਼ੀ ਗਰਦਾਨਿਆ ਸੀ ਤੇ ਕਿਹਾ ਸੀ ਕਿ ਸ਼ਰਧਾਲੂਆਂ ਦੇ ਜਾਨ-ਮਾਲ ਦੀ ਸੁਰੱਖਿਆ ਦੇ ਪ੍ਰਬੰਧ ਕਰਨਾ ਰਾਜ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ।
ਉਕਤ ਸਾਰੀਆਂ ਘਟਨਾਵਾਂ ਦਾ ਬਿਰਤਾਂਤ ਇਹ ਸਾਬਤ ਕਰਦਾ ਹੈ ਕਿ ਭਾਰਤ ਦੇ ਵੱਖ-ਵੱਖ ਰਾਜਾਂ ਦੀਆਂ ਸਰਕਾਰਾਂ, ਸਿਵਲ ਤੇ ਪੁਲਿਸ ਪ੍ਰਸ਼ਾਸਨ, ਸਮਾਗਮ ਪ੍ਰਬੰਧਕਾਂ ਅਤੇ ਖ਼ੁਦ ਸ਼ਰਧਾਲੂਆਂ ਨੇ ਧਾਰਮਿਕ ਸਮਾਗਮਾਂ ਦੌਰਾਨ ਵਾਰ-ਵਾਰ ਵਾਪਰਦੀਆਂ ਭਗਦੜ ਦੀਆਂ ਘਟਨਾਵਾਂ ਤੋਂ ਕਦੀ ਕੋਈ ਸਬਕ ਨਹੀਂ ਸਿੱਖਿਆ, ਜਿਸ ਕਰਕੇ ਅਜਿਹੀਆਂ ਘਟਨਾਵਾਂ ਉੱਤੇ ਅੱਜ ਤਕ ਰੋਕਥਾਮ ਨਹੀਂ ਲੱਗ ਸਕੀ ਹੈ। ਹਾਥਰਸ ਵਿਖੇ ਵਾਪਰੇ ਤਾਜ਼ਾ ਦੁਖਾਂਤ ਦੀ ਹੀ ਜੇਕਰ ਗੱਲ ਕਰ ਲਈ ਜਾਵੇ ਤਾਂ ਪਤਾ ਲਗਦਾ ਹੈ ਕਿ ਪ੍ਰਬੰਧਕਾਂ ਨੇ 80 ਹਜ਼ਾਰ ਦੇ ਇਕੱਠ ਦੀ ਪ੍ਰਵਾਨਗੀ ਲਈ ਸੀ ਜਦੋਂ ਕਿ ਉੱਥੇ ਦੋ ਲੱਖ ਤੋਂ ਵੱਧ ਲੋਕ ਇਕੱਤਰ ਹੋਏ ਸਨ। ਇਸ ਕਦਰ ਵੱਡੇ ਇਕੱਠ ਨੂੰ ਕਾਬੂ ਕਰਨ ਲਈ ਤਾਇਨਾਤ ਪੁਲਿਸ ਕਰਮਚਾਰੀਆਂ ਦੀ ਸੰਖਿਆ ਕੇਵਲ 40 ਸੀ ਜਦੋਂ ਕਿ ਕੁਝ ਵਲੰਟੀਅਰ ਸੰਬੰਧਿਤ ਪ੍ਰਬੰਧਕਾਂ ਵੱਲੋਂ ਵੀ ਤਾਇਨਾਤ ਕੀਤੇ ਗਏ ਸਨ। ਪਰ ਟ੍ਰੈਫਿਕ ਦੀ ਸਹੀ ਵਿਵਸਥਾ, ਐਨੇ ਵੱਡੇ ਇਕੱਠ ਲਈ ਐਂਬੂਲੈਂਸ, ਫਾਇਰ ਬ੍ਰਿਗੇਡ ਅਤੇ ਲੋੜੀਂਦੀਆਂ ਮੈਡੀਕਲ ਸੁਵਿਧਾਵਾਂ ਦੀ ਪੂਰੀ ਤਰ੍ਹਾਂ ਅਣਹੋਂਦ ਸੀ, ਜਿਸ ਕਰਕੇ ਕੁਝ ਲੋਕ ਮੌਕੇ ’ਤੇ ਹੀ ਦਮ ਤੋੜ ਗਏ ਤੇ ਕੁਝ ਟਰੈਫਿਕ ਵਿੱਚ ਫਸਣ ਅਤੇ ਸਥਾਨਕ ਹਸਪਤਾਲ ਵਿੱਚ ਮੈਡੀਕਲ ਅਧਿਕਾਰੀ ਉਪਲਬਧ ਨਾ ਹੋਣ ਕਰਕੇ ਆਪਣੀਆਂ ਜਾਨਾਂ ਗੁਆ ਬੈਠੇ ਸਨ। 120 ਤੋਂ ਵੀ ਵੱਧ ਮਨੁੱਖੀ ਜਾਨਾਂ ਦਾ ਅਜਾਈਂ ਚਲੇ ਜਾਣਾ ਤੇ ਸੰਬੰਧਿਤ ਦੋਸ਼ੀਆਂ ਨੂੰ ਸਿਆਸਤਾਦਾਨਾਂ ਵੱਲੋਂ ਆਪਣੇ ਸਿਆਸੀ ਸਵਾਰਥ ਲਈ ਬਚਾਉਣ ਹਿਤ ਹਰ ਹਰਬਾ ਵਰਤਣਾ ਭਾਰਤੀ ਸਿਆਸਤ ਦੇ ਡਿਗ ਚੁੱਕੇ ਮਿਆਰ ਦੀ ਸ਼ਾਹਦੀ ਭਰਦਾ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5140)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.