ParamjitSNikkeGhuman7ਇਸਤਰੀ ਨਾਲ ਇੰਨਾ ਵੱਡਾ ਵਿਤਕਰਾ ਕਿਉਂ ਹੈ ਤੇ ਇਹ ਕਿਵੇਂ ਦੂਰ ਹੋ ਸਕਦਾ ਹੈ, ਇਸ ਸਬੰਧੀ ...
(8 ਨਵੰਬਰ 2023)

 

8November2023


ਉਂਜ ਤਾਂ ਚਾਹੇ ਮੁਸਲਮਾਨਾਂ ਵਿੱਚ ਔਰਤਾਂ ਨੂੰ ਤਿੰਨ ਵਾਰੀ ਮੂੰਹੋਂ ‘ਤਲਾਕ’ ਆਖ ਕੇ ਤਲਾਕ ਦੇਣ ਦਾ ਮਾਮਲਾ ਹੋਵੇ ਤੇ ਚਾਹੇ ਮੁਸਲਿਮ ਇਸਤਰੀਆਂ ਨੂੰ ਕੁਝ ਖ਼ਾਸ ਮਸਜਿਦਾਂ ਅਤੇ ਦਲਿਤ ਹਿੰਦੂ ਔਰਤਾਂ ਨੂੰ ਕੁਝ ਖ਼ਾਸ ਮੰਦਰਾਂ ਵਿੱਚ ਦਾਖ਼ਲ ਨਾ ਹੋਣ ਦੇਣ ਦੀ ਗੱਲ ਹੋਵੇ
, ਔਰਤਾਂ ਨਾਲ ਹਰੇਕ ਧਰਮ ਤੇ ਹਰੇਕ ਫ਼ਿਰਕੇ ਦੇ ਪੈਰੋਕਾਰਾਂ ਵੱਲੋਂ ਧਾਰਮਿਕ ਅਤੇ ਸਮਾਜਿਕ ਪੱਧਰ ’ਤੇ ਵਿਤਕਰਾ ਕੀਤੇ ਜਾਣ ਦੇ ਪ੍ਰਮਾਣ ਮੌਜੂਦ ਹਨਸਿੱਖ ਧਰਮ ਦੁਨੀਆਂ ਦਾ ਅਜਿਹਾ ਲਾਮਿਸਾਲ ਧਰਮ ਕਿਹਾ ਜਾਂਦਾ ਹੈ ਜਿਸਦੇ ਮੋਢੀਆਂ ਨੇ ਨਾ ਕੇਵਲ “ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨੁ” ਉਚਾਰ ਕੇ ਔਰਤ ਨਾਲ ਧਰਮ ਤੇ ਸਮਾਜ ਵੱਲੋਂ ਕੀਤੇ ਜਾਂਦੇ ਵਿਤਕਰੇ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਸਗੋਂ ਸਾਰੇ ਦੇ ਸਾਰੇ ਦਸ ਗੁਰੂ ਸਾਹਿਬਾਨ ਨੇ ਆਪੋ ਆਪਣੇ ਜੀਵਨ ਕਾਲ ਦੌਰਾਨ ਨਾਰੀ ਨੂੰ ਪੂਰਾ ਮਾਣ, ਸਤਿਕਾਰ ਅਤੇ ਬਰਾਬਰੀ ਦਾ ਦਰਜਾ ਦਿੱਤਾਸਿੱਖ ਧਰਮ ਵਿੱਚ ਹਰੇਕ ਔਰਤ ਨੂੰ ਸਿੱਖ ਮਰਿਆਦਾ ਅਨੁਸਾਰ ਗੁਰਦੁਆਰਾ ਸਾਹਿਬ ਵਿੱਚ ਜਾਣ, ਪਾਠ ਕਰਨ, ਚੌਰ ਕਰਨ, ਕੀਰਤਨ ਸੁਣਨ ਅਤੇ ਹੋਰ ਕਿਰਿਆਵਾਂ ਕਰਨ ਦਾ ਅਧਿਕਾਰ ਹੈ ਤੇ ਸੰਗਤ ਜਾਂ ਪੰਗਤ ਵਿੱਚ ਨਾਰੀ ਨਾਲ ਕਿਸੇ ਕਿਸਮ ਦਾ ਵੀ ਵਿਤਕਰਾ ਨਜ਼ਰ ਨਹੀਂ ਪੈਂਦਾ ਹੈ ਪਰ ਜਦੋਂ ਸਿੱਖਾਂ ਦਾ ‘ਸੱਚਖੰਡ’ ਆਖੇ ਜਾਣ ਵਾਲੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵੱਲ ਨਿਗਾਹ ਜਾਂਦੀ ਹੈ ਤਾਂ ਇਸਤਰੀ ਨਾਲ ਵਿਤਕਰਾ ਕੀਤੇ ਜਾਣ ਦੀ ਝਲਕ ਇੱਥੇ ਸਪਸ਼ਟ ਨਜ਼ਰ ਆਉਂਦੀ ਹੈ

ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੀ ਫ਼ਿਜ਼ਾ ਵਿੱਚ ਹਰ ਸਮੇਂ ਅੰਮ੍ਰਿਤਮਈ ਗੁਰਬਾਣੀ ਦਾ ਰਸਭਿੰਨਾ ਕੀਰਤਨ ਗੂੰਜਦਾ ਹੈ ਤੇ ਲੱਖਾਂ ਸੰਗਤਾਂ ਦੇਸ਼ਾਂ-ਵਿਦੇਸ਼ਾਂ ਤੋਂ ਇਸ ਪਾਵਨ ਅਸਥਾਨ ’ਤੇ ਪੁੱਜ ਕੇ ਪ੍ਰਭੂ ਜੱਸ ਸਰਵਣ ਕਰਦੀਆਂ ਹਨ ਪਰ ਮਨ ਨੂੰ ਉਸ ਵੇਲੇ ਬੜਾ ਹੀ ਕਸ਼ਟ ਹੁੰਦਾ ਹੈ ਜਦੋਂ ਇੱਥੇ ਸਦੀਆਂ ਤੋਂ ਚੱਲਦੀ ਆ ਰਹੀ ਇਸ ਕੀਰਤਨ ਪ੍ਰੰਪਰਾ ਵਿੱਚ ਅੱਜ ਕਿਸੇ ਵੀ ਸਮੇਂ ਕੋਈ ਇਸਤਰੀ ਜਥਾ ਗੁਰਬਾਣੀ ਗਾਇਨ ਕਰਦਾ ਹੋਇਆ ਸੁਣਨ ਨੂੰ ਨਹੀਂ ਮਿਲਦਾ ਹੈ

ਪ੍ਰਾਪਤ ਜਾਣਕਾਰੀ ਅਤੇ ਪ੍ਰਮਾਣਿਕ ਤੱਥਾਂ ਅਨੁਸਾਰ ਸਿੱਖਾਂ ਕੋਲ ਅੰਮ੍ਰਿਤਧਾਰੀ ਅਤੇ ਪੂਰਨ ਗੁਰ ਮਰਿਆਦਾ ਤੇ ਰਾਗਬੱਧ ਸ਼ੈਲੀ ਵਿੱਚ ਕੀਰਤਨ ਕਰਨ ਵਾਲੇ ਰਾਗੀ ਜਥਿਆਂ ਦੀ ਕੋਈ ਕਮੀ ਨਹੀਂ ਹੈ ਪਰ ਫਿਰ ਵੀ ਇਸ ਪਾਵਨ ਅਸਥਾਨ ਤੋਂ ਕਿਸੇ ਵੀ ਨਾਰੀ ਕੰਠ ਤੋਂ ਉੁੱਚਰਿਆ ਹੋਇਆ ਅੰਮ੍ਰਿਤਮਈ ਬਾਣੀ ਦਾ ਕੀਰਤਨ ਸੁਣਨ ਨੂੰ ਨਹੀਂ ਮਿਲਦਾ ਹੈਸਵਾਲ ਇਹ ਹੈ ਕਿ ਇਸ ਅਸਥਾਨ ’ਤੇ ਜੇ ਪੁਰਸ਼ ਕੀਰਤਨੀ ਜਥੇ ਕੀਰਤਨ ਕਰ ਸਕਦੇ ਹਨ ਤਾਂ ਫਿਰ ਇਸਤਰੀ ਜਥੇ ਕੀਰਤਨ ਕਿਉਂ ਨਹੀਂ ਕਰਦੇ ਹਨ? ਕੀ ਕਿਸੇ ਗੁਰੂ ਸਾਹਿਬ ਦੇ ਹੁਕਮ ਜਾਂ ਕਿਸੇ ਗੁਰ-ਮਰਿਆਦਾ ਦੇ ਤਹਿਤ ਇੱਥੇ ਇਸਤਰੀਆਂ ਨੂੰ ਕੀਰਤਨ ਨਹੀਂ ਕਰਨ ਦਿੱਤਾ ਜਾਂਦਾ? ਸਿੱਖਾਂ ਦੀ ਇਸ ਸਰਬਉੁੱਚ ਧਾਰਮਿਕ ਸੰਸਥਾ ਵਿੱਚ ਇਸਤਰੀ ਨਾਲ ਇੰਨਾ ਵੱਡਾ ਵਿਤਕਰਾ ਕਿਉਂ ਹੈ ਤੇ ਇਹ ਕਿਵੇਂ ਦੂਰ ਹੋ ਸਕਦਾ ਹੈ, ਇਸ ਸਬੰਧੀ ਸਮੂਹ ਪੰਥ ਹਿਤੈਸ਼ੀ ਜਥੇਬੰਦੀਆਂ, ਸਿੱਖ ਬੁੱਧੀਜੀਵੀਆਂ ਅਤੇ ਨਾਰੀ ਸੰਗਠਨਾਂ ਨੂੰ ਮਿਲ ਬੈਠ ਕੇ ਵਿਚਾਰ ਕਰਨ ਦੀ ਅੱਜ ਭਾਰੀ ਲੋੜ ਹੈ

ਦੂਜਾ ਮਹੱਤਵਪੂਰਨ ਮਸਲਾ ਜਾਂ ਵਿਤਕਰਾ ਇਹ ਵੀ ਹੈ ਕਿ ਸਿੱਖਾਂ ਕੋਲ ਪੰਜ ਤਖ਼ਤ ਹਨ ਤੇ ਕਿਸੇ ਵੀ ਇੱਕ ਤਖ਼ਤ ਦੀ ਕਮਾਨ ਕਿਸੇ ਪੂਰਨ ਗੁਰਸਿੱਖ ਔਰਤ ਦੇ ਹੱਥ ਵਿੱਚ ਨਹੀਂ ਹੈ ਜਦੋਂ ਕਿ ਸਿੱਖਾਂ ਦੀ ਅੱਧੀ ਦੇ ਕਰੀਬ ਆਬਾਦੀ ਬੱਚੀਆਂ ਅਤੇ ਔਰਤਾਂ ਦੀ ਹੈਕੀ ਇਸ ਅਹੁਦੇ ਜਾਂ ਪਦਵੀ ਦੇ ਲਾਇਕ ਕੋਈ ਸਿੱਖ ਇਸਤਰੀ ਨਹੀਂ ਹੈ? ਜਾਂ ਫਿਰ ਸਿੱਖ ਪੁਰਸ਼ ਹੀ ਸਿੱਖ ਇਸਤਰੀ ਨਾਲੋਂ ਵੱਧ ਧਾਰਮਿਕ, ਮਰਿਆਦਿਤ ਅਤੇ ਸੂਝਵਾਨ ਹਨ? ਕੀ ਸਿੱਖ ਇਸਤਰੀਆਂ ਵਿੱਚ ਕੋਈ ਊਣਤਾਈ ਹੈ, ਜਿਸ ਕਰਕੇ ਉਨ੍ਹਾਂ ਨੂੰ ਇਸ ਪਦਵੀ ਲਈ ਚੁਣਨਾ ਤਾਂ ਦੂਰ, ਵਿਚਾਰਨਾ ਵੀ ਵਾਜਿਬ ਨਹੀਂ ਸਮਝਿਆ ਜਾਂਦਾ ਹੈ? ਸਵਾਲ ਇਹ ਵੀ ਹੈ ਕਿ ਜੇਕਰ ਕੋਈ ਸਿੱਖ ਇਸਤਰੀ ਸਮੱਚੇ ਸਿੱਖ ਗੁਰਦੁਆਰਾ ਸਾਹਿਬਾਨ ਦੀ ਸਾਂਝੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬਣ ਸਕਦੀ ਹੈ ਤਾਂ ਫਿਰ ਕੋਈ ਇਸਤਰੀ ਕਿਸੇ ਤਖ਼ਤ ਦੀ ਮੁਖ਼ੀ ਕਿਉਂ ਨਹੀਂ ਥਾਪੀ ਜਾ ਸਕਦੀ? ਕੀ ਗੁਰੂ ਬਚਨਾਂ ਜਾਂ ਗੁਰਮਰਿਆਦਾ ਦੀ ਪਾਲਣਾ ਕਰਨ ਵਿੱਚ ਕੇਵਲ ਸਿੱਖ ਪੁਰਸ਼ ਹੀ ਪਰਪੱਕ ਹਨ? ਕੀ ਇਸਤਰੀ ਜਥੇਦਾਰਾਂ ਵਿੱਚ ਕੋਈ ਕਮੀ-ਪੇਸ਼ੀ ਹੁੰਦੀ ਹੈ? ਕੀ ਗੁਰੂ ਸਾਹਿਬਾਨ ਦੇ ਉਚਾਰੇ ਬਰਾਬਰੀ ਵਾਲੇ ਬਚਨਾਂ ਨੂੰ ਅਸੀਂ ਸਟੇਜਾਂ ’ਤੇ ਚੜ੍ਹ ਕੇ ਤੇ ਬਾਹਾਂ ਉਲਾਰ ਕੇ ਉਚਾਰਨ ਲਈ ਹੀ ਰੱਖਿਆ ਹੈ?

ਅੱਜ ਬੜੀ ਭਾਰੀ ਲੋੜ ਹੈ ਕਿ ਸਮੂਹ ਸਿੱਖ ਵਿਚਾਰਕ, ਪ੍ਰਚਾਰਕ, ਵਿਦਵਾਨ ਅਤੇ ਜਥੇਦਾਰ ਸਾਹਿਬਾਨ ਮਿਲ ਬੈਠ ਕੇ ਇਸ ਵਿਤਕਰੇ ਭਰੇ ਵਰਤਾਰੇ ਨੂੰ ਖ਼ਤਮ ਕਰਨ ਲਈ ਹੰਭਲਾ ਮਾਰਨ ਤਾਂ ਜੋ ਇਸਤਰੀ ਨੂੰ ਕੇਵਲ ਪੁਰਸ਼ ਦੇ ਬਰਾਬਰ ਹੀ ਨਹੀਂ ਸਗੋਂ ਉਸ ਤੋਂ ਵੀ ਉੱਚਾ ਤੇ ਸੁੱਚਾ ਦਰਜਾ ਦੇਣ ਵਾਲੇ ਗੁਰੂ ਬਚਨਾਂ ਨੂੰ ਸਹੀ ਅਰਥਾਂ ਵਿੱਚ ਲਾਗੂ ਕੀਤਾ ਜਾ ਸਕੇ ਤੇ ਸਿੱਖ ਧਰਮ ਦੇ ਨਿਆਰੇਪਨ ਤੇ ਸ੍ਰੇਸ਼ਠਤਾ ਨੂੰ ਕਾਇਮ ਰੱਖਿਆ ਜਾ ਸਕੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4460)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ

ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ

Batala, Gurdaspur, Punjab, India.
Phone: (91 - 97816-46008)
Email: (paramjeetsingh1973@gmail.com)

More articles from this author