“ਸਾਨੂੰ ਆਪਣੀ ਜ਼ਮੀਰ ਅੰਦਰ ਝਾਕ ਕੇ ਆਪਣੇ ਆਪ ਨੂੰ ਸਵਾਲ ਪੁੱਛਣਾ ਚਾਹੀਦਾ ਹੈ ਕਿ ਕੀ ਅਸੀਂ ਆਪਣੇ ...”
(9 ਦਸੰਬਰ 2023)
ਇਸ ਸਮੇਂ ਪਾਠਕ: 160.
ਅੱਜ ਕੌਮਾਂਤਰੀ ਪੱਧਰ ’ਤੇ ‘ਭ੍ਰਿਸ਼ਟਾਚਾਰ ਵਿਰੋਧੀ ਦਿਵਸ’ ਮਨਾਇਆ ਜਾ ਰਿਹਾ ਹੈ। ਸੰਨ 2003 ਦੀ 31 ਅਕਤੂਬਰ ਨੂੰ ਹੋਈ ਸੰਯੁਕਤ ਰਾਸ਼ਟਰ ਸੰਘ ਦੀ ‘ਭ੍ਰਿਸ਼ਟਾਚਾਰ ਵਿਰੋਧੀ ਕਨਵੈਨਸ਼ਨ’ ਪਿੱਛੋਂ ਇਹ ਦਿਵਸ ਹਰ ਸਾਲ 9 ਦਸੰਬਰ ਦੇ ਦਿਨ ਮਨਾਇਆ ਜਾਂਦਾ ਹੈ। ਇਸ ਦਿਵਸ ਨੂੰ ਮਨਾਉਣ ਦਾ ਮੁੱਖ ਮੰਤਵ ਆਮ ਲੋਕਾਂ ਨੂੰ ਸਮਾਜ ਵਿਚ ਫੈਲੇ ਹਰ ਪ੍ਰਕਾਰ ਦੇ ਭ੍ਰਿਸ਼ਟਾਚਾਰ ਸਬੰਧੀ ਜਾਗਰੂਕ ਹੋਣ ਅਤੇ ਇਸਦੇ ਖ਼ਿਲਾਫ਼ ਡਟ ਕੇ ਆਵਾਜ਼ ਬੁਲੰਦ ਕਰਨ ਹਿਤ ਪ੍ਰੇਰਿਤ ਕਰਨਾ ਹੈ। ਸੰਯੁਕਤ ਰਾਸ਼ਟਰ ਸੰਘ ਇਹ ਮੰਨਦਾ ਹੈ ਕਿ ਭ੍ਰਿਸ਼ਟਾਚਾਰ ਦੀਆਂ ਜੜ੍ਹਾਂ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਖੇਤਰਾਂ ਵਿੱਚ ਪਸਰੀਆਂ ਹੋਈਆਂ ਹਨ ਤੇ ਭ੍ਰਿਸ਼ਟਾਚਾਰ ਹਰੇਕ ਦੇਸ਼ ਦੇ ਵਾਸੀਆਂ ਦੀ ਤਰੱਕੀ ਨੂੰ ਪ੍ਰਭਾਵਿਤ ਕਰਦਾ ਹੈ। ਸੰਘ ਦੀ ਇਹ ਵੀ ਮਾਨਤਾ ਹੈ ਕਿ ਇਸ ਮਹਾਂਮਾਰੀ ਨਾਲ ਨਜਿੱਠਣ ਲਈ ਸਰਕਾਰ, ਗ਼ੈਰ-ਸਰਕਾਰੀ ਸੰਗਠਨਾਂ, ਸੰਚਾਰ ਮਾਧਿਅਮਾਂ ਅਤੇ ਆਮ ਜਨਤਾ ਨੂੰ ਰਲ ਕੇ ਹੰਭਲਾ ਮਾਰਨਾ ਪਏਗਾ। ਕੌਮਾਂਤਰੀ ਪੱਧਰ ’ਤੇ ਬਣਾਏ ਜਾਂਦੇ ‘ਕੁਰੱਪਸ਼ਨ ਪਰਸੈਪਸ਼ਨ ਇੰਡੈਕਸ’ ਭਾਵ ‘ਭ੍ਰਿਸ਼ਟਾਚਾਰ ਸੂਚਕ ਅੰਕ’ ਵੱਲੋਂ ਜਨਵਰੀ, 2023 ਵਿੱਚ ਜਾਰੀ ਕੀਤੇ ਅੰਕੜਿਆਂ ਅਨੁਸਾਰ 180 ਮੁਲਕਾਂ ਵਿੱਚੋਂ ਡੈਨਮਾਰਕ, ਨਿਊਜ਼ੀਲੈਂਡ, ਫਿਨਲੈਂਡ, ਨਾਰਵੇ ਅਤੇ ਸਿੰਗਾਪੁਰ’ ਆਦਿ ਜਿਹੇ ਮੁਲਕ ਦੁਨੀਆਂ ਦੇ ਸਭ ਤੋਂ ਘੱਟ ਭ੍ਰਿਸ਼ਟ ਮੁਲਕਾਂ ਵਿੱਚ ਗਿਣੇ ਜਾਂਦੇ ਹਨ ਜਦੋਂ ਕਿ ਸੀਰੀਆ, ਸੂਡਾਨ ਅਤੇ ਸੋਮਾਲੀਆ ਦਾ ਸ਼ੁਮਾਰ ਸਭ ਤੋਂ ਚੋਟੀ ਦੇ ਭ੍ਰਿਸ਼ਟ ਦੇਸ਼ਾਂ ਵਿੱਚ ਹੁੰਦਾ ਹੈ। ਇਸ ਸੂਚੀ ਵਿੱਚ ਭਾਰਤ 85ਵੇਂ ਨੰਬਰ ’ਤੇ ਆਉਂਦਾ ਹੈ। ਉਂਜ ਭਾਰਤ ਵਿੱਚ ਭ੍ਰਿਸ਼ਟਾਚਾਰ ਬਾਰੇ ਅਧਿਕਤਰ ਭਾਰਤੀਆਂ ਦੀ ਆਮ ਧਾਰਨਾ ਹੈ ਕਿ ਰਿਸ਼ਵਤ ਲੈ ਕੇ ਕੰਮ ਕਰਨਾ ਹੀ ਭ੍ਰਿਸ਼ਟਾਚਾਰ ਹੁੰਦਾ ਹੈ।
15 ਅਗਸਤ, ਸੰਨ 1947 ਨੂੰ ਆਜ਼ਾਦ ਹੋਏ ਸਾਡੇ ਮੁਲਕ ਵਿੱਚ ਹੁਣ ਤੱਕ ਕਈ ਲੱਖ ਕਰੋੜ ਰੁਪਏ ਦੇ ਘੁਟਾਲੇ ਹੋ ਚੁੱਕੇ ਹਨ। ਵੱਡੇ ਘੁਟਾਲੇਬਾਜ਼ਾਂ ਵਿੱਚੋਂ ਇਕ ਜਾਂ ਦੋ ਨੂੰ ਛੱਡ ਕੇ ਬਾਕੀਆਂ ਨੂੰ ਕਾਨੂੰਨ ਵੱਲੋਂ ਕੋਈ ਵੱਡੀ ਸਜ਼ਾ ਮਿਲਣ ਦੇ ਪ੍ਰਮਾਣ ਮੌਜੂਦ ਨਹੀਂ ਹਨ। ਭ੍ਰਿਸ਼ਟਾਚਾਰ ਦੇ ਕੇਸਾਂ ਦਾ ਸਾਹਮਣਾ ਕਰ ਰਹੇ ਅਨੇਕਾਂ ਘੁਟਾਲੇਬਾਜ਼ ਸਾਲਾਂਬੱਧੀ ਚੱਲਦੀ ਕਾਨੂੰਨੀ ਪ੍ਰਕਿਰਿਆ ਦੇ ਪੂਰਾ ਹੋਣ ਤੋਂ ਪਹਿਲਾਂ ਹੀ ਇਸ ਫ਼ਾਨੀ ਸੰਸਾਰ ਤੋਂ ਜਾ ਵੀ ਚੁੱਕੇ ਹਨ। ਕਈ ਮਹਾਂਘੁਟਾਲੇਬਾਜ਼ ਤਾਂ ਭਾਰਤ ਛੱਡ ਕੇ ਵਿਦੇਸ਼ੀ ਮੁਲਕਾਂ ਵਿੱਚ ਐਸ਼ ਦੀ ਜ਼ਿੰਦਗੀ ਜੀਅ ਰਹੇ ਹਨ ਤੇ ‘ਨਾ ਖਾਵਾਂਗਾ ਤੇ ਨਾ ਖਾਣ ਦਿਆਂਗਾ’ ਦੇ ਨਾਅਰੇ ਦੇਣ ਵਾਲੇ ਵੱਡੇ ਰਾਜਨੇਤਾ ਅਜਿਹੇ ਘੁਟਾਲੇਬਾਜ਼ਾਂ ਦਾ ‘ਵਾਲ ਵੀ ਵਿੰਗਾ’ ਨਹੀਂ ਕਰ ਸਕੇ ਹਨ। ਭ੍ਰਿਸ਼ਟਾਚਾਰ ਰੋਕਣ ਵਾਲੀਆਂ ਸਰਕਾਰੀ ਏਜੰਸੀਆਂ ਦੇ ਦੁਰਉਪਯੋਗ ਦਾ ਰੌਲ਼ਾ ਪੂਰੇ ਦੇਸ਼ ਵਿੱਚ ਗੂੰਜਦਾ ਹੈ ਤੇ ਸੱਤਾਧਾਰੀ ਧਿਰ ਆਪਣੇ ਵਿਰੋਧੀ ਦਲਾਂ ਵਿੱਚ ਬੈਠੇ ‘ਵੱਡੇ ਭ੍ਰਿਸ਼ਟਾਚਾਰੀਆਂ’ ਨੂੰ ਆਪਣੀ ਧਿਰ ਵਿੱਚ ਸ਼ਾਮਿਲ ਕਰਨ ਪਿੱਛੋਂ ‘ਪਾਕ-ਸਾਫ਼ ਹੋਣ ਦਾ ਸਰਟੀਫ਼ਿਕੇਟ’ ਜਾਰੀ ਕਰ ਦਿੰਦੀ ਹੈ ਤੇ ਉਨ੍ਹਾਂ ਖ਼ਿਲਾਫ਼ ਚੱਲਦੀ ਹਰੇਕ ਜਾਂਚ ਠੰਢੇ ਬਸਤੇ ਵਿੱਚ ਪੈ ਜਾਂਦੀ ਹੈ। ਇਹ ਵਰਤਾਰਾ ਦੇਸ਼ ਨੂੰ ਇਕ ਬੇਹੱਦ ਵੱਡੇ ਸੰਕਟ ਵੱਲ ਲਗਾਤਾਰ ਧੱਕ ਰਿਹਾ ਹੈ।
ਬਹੁਤੇ ਭਾਰਤਵਾਸੀ ਇਹ ਆਖਦੇ ਹਨ ਕਿ ਇੱਥੇ ਸਰਕਾਰੀ ਅਧਿਕਾਰੀ ਜਾਂ ਮੰਤਰੀ ਲੋਕ ਬਿਨਾਂ ਕਮਿਸ਼ਨ ਜਾਂ ਲਏ ਕੰਮ ਨਹੀਂ ਕਰਦੇ ਹਨ। ਕੋਈ ਵੀ ਅਧਿਕਾਰੀ, ਮੰਤਰੀ ਜਾਂ ਕਿਸੇ ਮੰਤਰੀ ਦਾ ਰਿਸ਼ਤੇਦਾਰ ਜਦੋਂ ਰਿਸ਼ਵਤ ਲੈਂਦਿਆਂ ਹੋਇਆ ਪੁਲੀਸ ਜਾਂ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈ ਤਾਂ ਅਖ਼ਬਾਰਾਂ ਵਿੱਚ ਛਪੀਆਂ ਅਜਿਹੀਆਂ ਖ਼ਬਰਾਂ ਅਤੇ ਤਸਵੀਰਾਂ ਵੇਖ ਕੇ ਲੋਕ ਬਹੁਤ ਖ਼ੁਸ਼ ਹੁੰਦੇ ਹਨ ਅਤੇ ਕਾਨੂੰਨ ਦੇ ਸ਼ਿਕੰਜੇ ਵਿੱਚ ਆਏ ਭ੍ਰਿਸ਼ਟਾਚਾਰੀਆਂ ਨਾਲ ਆਪਣੀ ਤੁਲਨਾ ਕਰਕੇ ਆਮ ਲੋਕ ਆਪਣੇ ਆਪ ਨੂੰ ਈਮਾਨਦਾਰ, ਨਿਰਦੋਸ਼ ਤੇ ਭੋਲੇ-ਭਾਲੇ ਦੱਸਦੇ ਹਨ ਪਰ ਗੱਲ ਦਰਅਸਲ ਇਹ ਹੈ ਕਿ ਸਾਡੇ ਸਮਾਜ ਅਤੇ ਚੁਗਿਰਦੇ ਵਿੱਚ ਪਸਰੇ ਭ੍ਰਿਸ਼ਟਾਚਾਰ ਦੀ ਗੰਧਲੀ ਹਵਾ ਸਾਡੇ ਘਰਾਂ ਅਤੇ ਮੁਹੱਲਿਆਂ ਵਿੱਚੋਂ ਹੋ ਕੇ ਵੀ ਗੁਜ਼ਰਦੀ ਹੈ।
ਸਾਨੂੰ ਆਪਣੀ ਜ਼ਮੀਰ ਅੰਦਰ ਝਾਕ ਕੇ ਆਪਣੇ ਆਪ ਨੂੰ ਸਵਾਲ ਪੁੱਛਣਾ ਚਾਹੀਦਾ ਹੈ ਕਿ ਕੀ ਅਸੀਂ ਆਪਣੇ ਦੋ ਪਹੀਆ ਜਾਂ ਚਾਰ ਪਹੀਆ ਵਾਹਨ ਦੇ ਸਾਰੇ ਦਸਤਾਵੇਜ਼ ਸਦਾ ਪੂਰੇ ਰੱਖਦੇ ਹਾਂ? ਕੀ ਸੜਕ ਸੁਰੱਖਿਆ ਨਿਯਮਾਂ ਤਹਿਤ ਅਸੀਂ ਹੈਲਮਟ ਜਾਂ ਸੀਟ ਬੈਲਟ ਲਾ ਕੇ ਵਾਹਨ ਚਾਲਾਉਂਦੇ ਹਾਂ? ਕੀ ਵਿਦੇਸ਼ੀ ਨਾਗਰਿਕਾਂ ਦੀ ਤਰ੍ਹਾਂ ਅਸੀਂ ਟ੍ਰੈਫਿਕ ਦੇ ਸਾਰੇ ਨੇਮਾਂ ਦੀ ਪਾਲਣਾ ਪੂਰੀ ਦਿਆਨਦਾਰੀ ਨਾਲ ਕਰਦੇ ਹਾਂ? ਕੀ ਅਸੀਂ ਸੜਕ ਜਾਂ ਰੇਲ ਹਾਦਸੇ ਵਿੱਚ ਜ਼ਖ਼ਮੀ ਹੋਏ ਲੋਕਾਂ ਦੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉੱਤੇ ਪੋਸਟ ਕਰਨ ਦੀ ਥਾਂ ਉਨ੍ਹਾਂ ਨੂੰ ਸਮੇਂ ਸਿਰ ਹਸਪਤਾਲ ਲੈ ਕੇ ਜਾਣ ਨੂੰ ਤਰਜੀਹ ਦਿੰਦੇ ਹਾਂ? ਕੀ ਅਸੀਂ ਆਪਣੀਆਂ ਦੁਕਾਨਾਂ, ਘਰਾਂ ਜਾਂ ਕਾਰਖ਼ਾਨਿਆਂ ਦੇ ਬਾਹਰੋਂ ਲੰਘਦੀ ਸੜਕ ਉੱਤੇ ਆਪਣਾ ਨਿੱਜੀ ਸਮਾਨ ਰੱਖ ਕੇ ਨਜਾਇਜ਼ ਕਬਜ਼ਾ ਤਾਂ ਨਹੀਂ ਕਰ ਰੱਖਿਆ ਹੈ? ਇਨ੍ਹਾਂ ਸਵਾਲਾਂ ਦੇ ‘ਹਾਂ’ ਜਾਂ ‘ਨਾਂਹ’ ਵਿੱਚ ਦਿੱਤੇ ਗਏ ਜਵਾਬ ਹੀ ਸਾਬਿਤ ਕਰ ਦੇਣਗੇ ਕਿ ਅਸੀਂ ਖ਼ੁਦ ਭ੍ਰਿਸ਼ਟਾਚਾਰੀ ਹਾਂ ਜਾਂ ਨਹੀਂ।
ਜੇਕਰ ਇੱਕ ਅਧਿਆਪਕ ਜਮਾਤ ਵਿੱਚ ਜਾ ਕੇ ਆਪਣੇ ਵਿਦਿਆਰਥੀਆਂ ਨੂੰ ਚੰਗੀ ਤਰ੍ਹਾਂ ਪੜ੍ਹਾਉਂਦਾ ਨਹੀਂ ਹੈ ਤੇ ਨਾ ਹੀ ਖ਼ੁਦ ਸਕੂਲ ਅਤੇ ਨੌਕਰੀ ਦੇ ਅਨੁਸ਼ਾਸ਼ਨ ਦੀ ਪਾਲਣਾ ਕਰਦਾ ਹੈ, ਜੇਕਰ ਡਾਕਟਰ ਆਪਣੇ ਮਰੀਜ਼ਾਂ ਨੂੰ ਬੇਲੋੜੇ ਟੈਸਟ ਅਤੇ ਬੇਲੋੜੀਆਂ ਦਵਾਈਆਂ ਲਿਖ ਕੇ ਟੈਸਟ ਸੈਂਟਰ ਜਾਂ ਮੈਡੀਕਲ ਸਟੋਰ ਵਾਲੇ ਤੋਂ ਕਮਿਸ਼ਨ ਲੈਂਦਾ ਹੈ ਅਤੇ ਆਪਣੇ ਡਿਊਟੀ ਕਾਲ ਅੰਦਰ ਆਪਣੀ ਸੀਟ ’ਤੇ ਬੈਠ ਕੇ ਲੋੜਵੰਦ ਮਰੀਜ਼ਾਂ ਦਾ ਮੁਆਇਨਾ ਕਰਨ ਦੀ ਥਾਂ ਨਿੱਜੀ ਕੰਮਾਂ ਵਿੱਚ ਮਸਰੂਫ਼ ਰਹਿੰਦਾ ਹੈ, ਜੇਕਰ ਨਗਰ ਸਫ਼ਾਈ ਸੇਵਕ ਆਪਣੀ ਡਿਊਟੀ ਦੇ ਅੱਠ ਘੰਟਿਆਂ ਦੌਰਾਨ ਸਫ਼ਾਈ ਦਾ ਕੰਮ ਸਹੀ ਢੰਗ ਨਾਲ ਨਹੀਂ ਕਰਦਾ ਹੈ ਤੇ ਜੇਕਰ ਬੱਸ ਦਾ ਚਾਲਕ ਜਾਂ ਕੰਡਕਟਰ ਬੱਸ ਵਿੱਚੋਂ ਤੇਲ ਕੱਢ ਕੇ ਵੇਚਦਾ ਹੈ ਜਾਂ ਕੁਝ ਸਵਾਰੀਆਂ ਦੀਆਂ ਟਿਕਟਾਂ ਕੱਟਣ ਦੀ ਥਾਂ ਉਨ੍ਹਾਂ ਤੋਂ ਲਏ ਕਿਰਾਏ ਨੂੰ ਆਪਣੀ ਜੇਬ ਵਿੱਚ ਪਾ ਲੈਂਦਾ ਹੈ ਤਾਂ ਤੁਹਾਨੂੰ ਮੰਨਣਾ ਹੀ ਪਵੇਗਾ ਕਿ ਇਹ ਸਭ ‘ਭ੍ਰਿਸ਼ਟਾਚਾਰੀ’ ਹੀ ਹਨ ਤੇ ਖ਼ੁਦ ਭ੍ਰਿਸ਼ਟ ਹੁੰਦਿਆਂ ਹੋਇਆਂ ਇਨ੍ਹਾਂ ਨੂੰ ਭ੍ਰਿਸ਼ਟ ਅਫ਼ਸਰਾਂ ਜਾਂ ਰਾਜਨੇਤਾਵਾਂ ਨੂੰ ਭੰਡਣ ਦਾ ਕੋਈ ਹੱਕ ਨਹੀਂ ਹੈ।
ਜੇਕਰ ਅਸੀਂ ਆਮ ਲੋਕ ਹਰੇਕ ਜੀਵ ਅਤੇ ਸਮੁੱਚੇ ਵਾਤਾਵਰਣ ਲਈ ਹਾਨੀਕਾਰਕ ਅਤੇ ਸਰਕਾਰ ਵੱਲੋਂ ਪਾਬੰਦੀਸ਼ੁਦਾ ਪਲਾਸਟਿਕ ਜਾਂ ਪੋਲੀਥੀਨ ਤੋਂ ਬਣੇ ਲਿਫ਼ਾਫ਼ਿਆਂ ਦੀ ਵਰਤੋਂ ਕਰਦੇ ਹਾਂ, ਜੇਕਰ ਅਸੀਂ ਆਪਣੀ ਅਤੇ ਹੋਰਨਾਂ ਦੀ ਜਾਨ ਨੂੰ ਖ਼ਤਰੇ ਵਿੱਚ ਪਾਉਣ ਵਾਲੇ ਅਤੇ ਅਦਾਲਤ ਵੱਲੋਂ ਪਾਬੰਦੀਸ਼ੁਦਾ ਜੁਗਾੜੂ ਵਾਹਨਾਂ ਦੀ ਵਰਤੋਂ ਕਰਦੇ ਹਾਂ, ਜੇਕਰ ਅਸੀਂ ਘਰ ਦਾ ਕੂੜਾ-ਕਰਕਟ, ਨਗਰ ਨਿਗਮ ਜਾਂ ਪੰਚਾਇਤ ਵੱਲੋਂ ਨਿਰਧਾਰਤ ਥਾਂਵਾਂ ਅੱਤੇ ਸੁੱਟਣ ਦੀ ਥਾਂ ਆਪਣੀ ਮਨਮਰਜ਼ੀ ਵਾਲੀ ਥਾਂ ਉੱਤੇ ਸੁੱਟਦੇ ਹਾਂ, ਜੇਕਰ ਅਸੀਂ ਗ਼ੈਰਕਾਨੂੰਨੀ ਸ਼ਰਾਬ ਬਣਾਉਂਦੇ ਜਾਂ ਖ਼ਰੀਦਦੇ ਹਾਂ, ਜੇਕਰ ਅਸੀਂ ਸਰਕਾਰੀ ਜ਼ਮੀਨਾਂ ਜਾਂ ਦੂਜੇ ਲੋਕਾਂ ਦੀ ਮਾਲਕੀ ਵਾਲੀਆਂ ਜ਼ਮੀਨਾਂ ਉੱਤੇ ਨਜਾਇਜ਼ ਕਬਜ਼ੇ ਕਰਦੇ ਹਾਂ, ਜੇਕਰ ਅਸੀਂ ਕੱਚੀਆਂ ਸਬਜ਼ੀਆਂ ਅਤੇ ਫ਼ਲਾਂ ਨੂੰ ਟੀਕੇ ਜਾਂ ਜ਼ਹਿਰੀਲੀਆਂ ਦਵਾਈਆਂ ਲਗਾ ਕੇ ਪਕਾਉਂਦੇ ਹਾਂ, ਜੇਕਰ ਅਸੀਂ ਮਿਲਾਵਟੀ ਦੁੱਧ, ਮਠਿਆਈ, ਖੋਆ ਜਾਂ ਪਨੀਰ ਬਣਾ ਕੇ ਵੇਚਦੇ ਹਾਂ, ਜੇਕਰ ਅਸੀਂ ਬੁਢਾਪਾ ਪੈਨਸ਼ਨ ਜਾਂ ਨੀਲੇ ਕਾਰਡ ਦੇ ਯੋਗ ਨਾ ਹੁੰਦੇ ਹੋਏ ਵੀ ਇਨ੍ਹਾਂ ਸਹੂਲਤਾਂ ਨੂੰ ਲੈਂਦੇ ਹਾਂ, ਜੇਕਰ ਅਸੀਂ ਬਣਦਾ ਹੋਇਆ ਜੀ.ਐੱਸ.ਟੀ., ਰਜਿਸਟਰੀ ਫੀਸ ਜਾਂ ਆਮਦਨ ਕਰ ਇਮਾਨਦਾਰੀ ਨਾਲ ਅਦਾ ਨਹੀਂ ਕਰਦੇ ਹਾਂ ਅਤੇ ਜੇਕਰ ਪੱਤਰਕਾਰ ਜਾਂ ਸੰਪਾਦਕ ਹੁੰਦੇ ਹੋਏ ਅਸੀਂ ਕਿਸੇ ਰਾਜਸੀ ਜਾਂ ਵਿੱਤੀ ਦਬਾਅ ਤਹਿਤ ਲੋਕਾਂ ਨੂੰ ਭਰਮਾਊ, ਉਕਸਾਊ ਜਾਂ ਤੱਥਹੀਣ ਖ਼ਬਰਾਂ ਪਰੋਸਦੇ ਹਾਂ ਤਾਂ ਸਾਨੂੰ ਸਵੀਕਾਰ ਕਰਨਾ ਹੀ ਪਵੇਗਾ ਕਿ ਅਸੀਂ ਵੀ ‘ਭ੍ਰਿਸ਼ਟਾਚਾਰੀ’ ਹੀ ਹਾਂ ਤੇ ਵਿਜੀਲੈਂਸ ਜਾਂ ਈ.ਡੀ. ਵੱਲੋਂ ਫੜ੍ਹੇ ਗਏ ਭ੍ਰਿਸ਼ਟ ਅਫ਼ਸਰਾਂ ਜਾਂ ਮੰਤਰੀਆਂ ਅਤੇ ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਨਾਲੋਂ ਕਿਸੇ ਤਰ੍ਹਾਂ ਵੀ ਵੱਖ ਨਹੀਂ ਹਾਂ।
ਮੁੱਕਦੀ ਗੱਲ ਇਹ ਹੈ ਕਿ ਕਿਸੇ ਦੂਜੇ ਵੱਲ ਇੱਕ ਉਂਗਲ ਚੁੱਕਣ ਤੋਂ ਪਹਿਲਾਂ ਸਾਨੂੰ ਆਪਣੇ ਵੱਲ ਨੂੰ ਆਉਂਦੀਆਂ ਆਪਣੀਆਂ ਹੀ ਤਿੰਨ ਉਂਗਲਾਂ ਨੂੰ ਵਾਚ ਲੈਣਾ ਚਾਹੀਦਾ ਹੈ ਤੇ ਆਪਣੇ ਗਿਰੇਬਾਨ ਅੰਦਰ ਝਾਕ ਕੇ ਪੜਚੋਲ ਕਰ ਲੈਣੀ ਚਾਹੀਦੀ ਹੈ ਕਿ ਕਿਧਰੇ ਅਸੀਂ ਖ਼ੁਦ ਵੀ ਭ੍ਰਿਸ਼ਟਾਚਾਰੀ ਤਾਂ ਨਹੀਂ? ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜੇਕਰ ਅਸੀਂ ਖ਼ੁਦ ਹੀ ਬੇਈਮਾਨੀ ਵਾਲੇ ਜਾਂ ਗ਼ੈਰਕਾਨੂੰਨੀ ਕੰਮ ਕਰ ਰਹੇ ਹਾਂ ਤਾਂ ਸਾਨੂੰ ਪੁਲੀਸ ਵੱਲੋਂ ਫੜੇ ਗਏ ਭ੍ਰਿਸ਼ਟਾਚਾਰੀਆਂ ਉੱਤੇ ਤੰਜ ਕੱਸਣ ਜਾਂ ਟਿੱਪਣੀਆਂ ਕਰਨ ਦਾ ਕੋਈ ਹੱਕ ਨਹੀਂ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4534)
(ਸਰੋਕਾਰ ਨਾਲ ਸੰਪਰਕ ਲਈ: (