“ਆਸ ਕੀਤੀ ਜਾਂਦੀ ਹੈ ਕਿ ਅਖ਼ੀਰ ਇੱਕ ਉਹ ਦਿਨ ਵੀ ਆਏਗਾ ਜਦੋਂ ਹਰ ਬੱਚੇ ਨੂੰ ਆਪਣਾ ਬਚਪਨ ਹੰਢਾਉਣ ਦਾ ਮੌਕਾ ...”
(13 ਜੂਨ 2024)
ਇਸ ਸਮੇਂ ਪਾਠਕ: 310.
ਕਿਸੇ ਵੀ ਬੱਚੇ ਦਾ ਸਕੂਲ ਜਾਣ ਜਾਂ ਖੇਡਣ-ਮੱਲ੍ਹਣ ਦੀ ਉਮਰੇ ਕਿਸੇ ਖੇਤ, ਕਾਰਖਾਨੇ ਜਾਂ ਦੁਕਾਨ ਆਦਿ ਵਿੱਚ ਮਜ਼ਦੂਰੀ ਕਰਨ ਜਾਣਾ ਇਸ ਤੱਥ ਦੀ ਗਵਾਹੀ ਭਰਦਾ ਹੈ ਕਿ ਉਸਦੇ ਪਰਿਵਾਰ ਦੀ ਮਾਲੀ ਹਾਲਤ ਇਸ ਕਦਰ ਪੇਤਲੀ ਹੈ ਕਿ ਉਸ ਨੂੰ ਹੱਥਾਂ ਵਿੱਚ ਛਾਲੇ ਤੇ ਪੈਰਾਂ ਵਿੱਚ ਪਾਟੀਆਂ ਬਿਆਈਆਂ ਲੈ ਕੇ ਨਿੱਕੀ ਉਮਰੇ ਹੀ ਆਪਣੇ ਪਰਿਵਾਰ ਦਾ ਸਹਾਰਾ ਬਣਨਾ ਪੈਂਦਾ ਹੈ। ਅਜੋਕੇ ਸਮੇਂ ਵਿੱਚ ਵੀ ਬੇਕਾਰੀ ਅਤੇ ਮਹਿੰਗਾਈ ਵਿੱਚ ਵੱਡਾ ਵਾਧਾ ਹੋਣ ਕਰਕੇ ਗ਼ਰੀਬ ਅਤੇ ਮੱਧਵਰਗ ਦੇ ਲੋਕਾਂ ਦਾ ਤਾਂ ਲੱਕ ਹੀ ਟੁੱਟ ਗਿਆ ਹੈ। ਮਜ਼ਦੂਰ ਪਰਿਵਾਰਾਂ ਵੱਲੋਂ ਗ਼ੁਜ਼ਾਰੇ ਲਈ ਆਪਣੇ ਬੱਚਿਆਂ ਤਕ ਤੋਂ ਮਜ਼ਦੂਰੀ ਕਰਵਾਉਣਾ ਇੱਕ ਵੱਡੀ ਮਜਬੂਰੀ ਬਣ ਚੁੱਕਿਆ ਹੈ।
ਦੁਨੀਆਂ ਭਰ ਵਿੱਚ 5 ਸਾਲ ਤੋਂ ਲੈ ਕੇ 15 ਸਾਲ ਦੀ ਉਮਰ ਦੇ ਕਰੋੜਾਂ ਹੀ ਅਣਭੋਲ ਬਾਲਾਂ ਨੂੰ ਕਠਿਨ ਮਜ਼ਦੂਰੀ ਦੇ ਪਿੜ ਵਿੱਚ ਉੱਤਰਨਾ ਪੈਂਦਾ ਹੈ ਤੇ ਫਿਰ ਆਖ਼ਰੀ ਸਾਹ ਤਕ ਮਜ਼ਦੂਰੀ ਹੀ ਉਨ੍ਹਾਂ ਦਾ ਮੁਕੱਦਰ ਹੋ ਨਿੱਬੜਦੀ ਹੈ। ਸਾਲ 2021 ਵਿੱਚ ਸਮੁੱਚੇ ਵਿਸ਼ਵ ਵਿੱਚ 18 ਸਾਲ ਤੋਂ ਛੋਟੀ ਉਮਰ ਦੇ ਲਗਭਗ 190 ਕਰੋੜ ਬੱਚੇ ਸਨ, ਜਿਨ੍ਹਾਂ ਵਿੱਚੋਂ 16 ਕਰੋੜ ਬੱਚਿਆਂ ਦਾ ਬਚਪਨ ਬਾਲ ਮਜ਼ਦੂਰੀ ਦੀਆਂ ਬੇੜੀਆਂ ਵਿੱਚ ਬੜੀ ਬੁਰੀ ਤਰ੍ਹਾਂ ਜਕੜਿਆ ਪਿਆ ਸੀ। ਬੜੇ ਹੀ ਦੁੱਖ ਅਤੇ ਅਫ਼ਸੋਸ ਦੀ ਗੱਲ ਹੈ ਕਿ ਅਧਿਕਤਰ ਬਾਲ ਮਜ਼ਦੂਰ ਬੇਹੱਦ ਖ਼ਤਰਨਾਕ ਕਿਸਮ ਦੇ ਉਦਯੋਗਾਂ ਵਿੱਚ ਆਪਣੀ ਸਿਹਤ ਅਤੇ ਜਾਨ ਤਲੀ ’ਤੇ ਰੱਖ ਕੇ ਕੰਮ ਕਰਦੇ ਹਨ। ਘੋਰ ਗ਼ਰੀਬੀ ਕਾਰਨ ਈਥੋਪੀਆ ਵਿੱਚ 48 ਫ਼ੀਸਦੀ ਅਤੇ ਘਾਨਾ ਵਿੱਚ 21 ਫ਼ੀਸਦੀ ਬੱਚੇ ਬਾਲ ਮਜ਼ਦੂਰੀ ਹੰਢਾਉਂਦੇ ਹਨ। ਸਾਲ 2023 ਵਿੱਚ ਭਾਰਤ ਬਾਲ ਉਮਰ ਤੋਂ 18 ਸਾਲ ਦੀ ਉਮਰ ਦੇ 44 ਕਰੋੜ ਦੇ ਕਰੀਬ ਬੱਚੇ ਸਨ ਜਿਨ੍ਹਾਂ ਵਿੱਚੋਂ 11.5 ਕਰੋੜ ਤੋਂ ਵੱਧ ਬੱਚੇ 5 ਸਾਲ ਤੋਂ ਘੱਟ ਉਮਰ ਦੇ ਸਨ। ‘ਕੈਂਪੇਨ ਅਗੇਨਸਟ ਚਾਈਲਡ ਲੇਬਰ’ ਨਾਮਕ ਸੰਗਠਨ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਭਾਰਤ ਵਿੱਚ ਬਾਲ ਮਜ਼ਦੂਰਾਂ ਦੀ ਸੰਖਿਆ 1 ਕਰੋੜ 27 ਲੱਖ ਦੇ ਕਰੀਬ ਹੈ ਜਦੋਂ ਕਿ ‘ਕੈਲਾਸ਼ ਸਤਿਆਰਥੀਫਾਊਂਡੇਸ਼ਨ’ ਵੱਲੋਂ ਦਿੱਤੇ ਗਏ ਅੰਦਾਜ਼ੇ ਅਨੁਸਾਰ ਸਾਲ 2023 ਵਿੱਚ ਭਾਰਤ ਵਿੱਚ 78 ਲੱਖ ਦੇ ਕਰੀਬ ਬਾਲ ਮਜ਼ਦੂਰ ਸਨ, ਜਿਨ੍ਹਾਂ ਵਿੱਚੋਂ 57 ਫ਼ੀਸਦੀ ਲੜਕੇ ਅਤੇ 43 ਫ਼ੀਸਦੀ ਲੜਕੀਆਂ ਸਨ। ਇਹ ਵੀ ਜ਼ਿਕਰਯੋਗ ਹੈ ਕਿ ਵਿਸ਼ਵ ਬਾਲ ਮਜ਼ਦੂਰੀ ਸੂਚਕ ਅੰਕ ਵਿਚਲੇ 176 ਮੁਲਕਾਂ ਵਿੱਚ ਭਾਰਤ ਦਾ ਸਥਾਨ 113ਵਾਂ ਹੈ।
ਖੇਤੀ ਖੇਤਰ ਦੀ ਜੇ ਗੱਲ ਕੀਤੀ ਜਾਵੇ ਤਾਂ ਅੰਕੜੇ ਦੱਸਦੇ ਹਨ ਕਿ ਸੰਸਾਰ ਪੱਧਰ ’ਤੇ 5 ਤੋਂ 17 ਸਾਲ ਦੀ ਉਮਰ ਦੇ ਕੁੱਲ ਬਾਲ ਮਜ਼ਦੂਰਾਂ ਦੀ ਸੱਤਰ ਫ਼ੀਸਦੀ ਸੰਖਿਆ ਤਾਂ ਖੇਤੀ ਖੇਤਰ ਵਿੱਚ ਹੀ ਪਾਈ ਜਾਂਦੀ ਹੈ। ਇੱਥੇ ਖੇਤੀ ਖੇਤਰ ਵਿੱਚ ਖੇਤੀਬਾੜੀ, ਬਾਗ਼ਬਾਨੀ, ਪਸ਼ੂ ਪਾਲਣ, ਮੁਰਗੀ ਪਾਲਣ ਅਤੇ ਮੱਛੀ ਪਾਲਣ ਆਦਿ ਸਮੇਤ ਕੁਝ ਹੋਰ ਕਿੱਤੇ ਸ਼ਾਮਿਲ ਕੀਤੇ ਗਏ ਹਨ। ਉਕਤ ਸਮੇਤ ਖੇਤੀ ਖੇਤਰ ਵਿੱਚ ਬਾਲ ਮਜ਼ਦੂਰਾਂ ਦੀ ਸੰਖਿਆ 11 ਕਰੋੜ ਤੋਂ ਵੱਧ ਹੈ ਤੇ ਇਨ੍ਹਾਂ ਵਿੱਚੋਂ ਅਧਿਕਤਰ ਤਾਂ ਕਿਸਾਨਾਂ ਦੇ ਆਪਣੇ ਹੀ ਬੱਚੇ ਹਨ ਜਿਨ੍ਹਾਂ ਨੂੰ ਮਜ਼ਦੂਰੀ ਦੇ ਇਵਜ਼ ਵਿੱਚ ਕੋਈ ਵੀ ਮਜ਼ਦੂਰੀ ਅਦਾ ਨਹੀਂ ਕੀਤੀ ਜਾਂਦੀ ਹੈ। ਮਾਹਿਰਾਂ ਦਾ ਵਿਚਾਰ ਹੈ ਕਿ ਕੰਮ ਦੌਰਾਨ ਹਾਦਸਾ ਵਾਪਰਨ ਕਰਕੇ ਜ਼ਖ਼ਮੀ ਹੋ ਜਾਣ ਜਾਂ ਕਿਸੇ ਰੋਗ ਦੀ ਪਕੜ ਵਿੱਚ ਆ ਜਾਣ ਵਾਲੇ ਤਿੰਨ ਖ਼ਤਰਨਾਕ ਖੇਤਰਾਂ ਵਿੱਚੋਂ ਇੱਕ ਖੇਤਰ ਖੇਤੀਬਾੜੀ ਵੀ ਹੈ। ਖ਼ਤਰਨਾਕ ਅਤੇ ਜਾਨਲੇਵਾ ਧੰਦਿਆਂ ਵਿੱਚ ਲੱਗੇ ਕੁੱਲ ਬੱਚਿਆਂ ਵਿੱਚੋਂ 59 ਫ਼ੀਸਦੀ ਬੱਚੇ ਤਾਂ ਖੇਤੀ ਖੇਤਰ ਵਿੱਚ ਹੀ ਪਾਏ ਜਾਂਦੇ ਹਨ। ‘ਇੰਟਰਨੈਸ਼ਨਲ ਲੇਬਰ ਆਰਗੇਨਾਈਜ਼ੇਸ਼ਨ’ ਭਾਵ ‘ਕੌਮਾਂਤਰੀ ਮਜ਼ਦੂਰ ਸੰਘ’ ਨੇ ਬਾਲ ਮਜ਼ਦੂਰੀ ਵੱਲ ਵੱਖ-ਵੱਖ ਮੁਲਕਾਂ ਦਾ ਧਿਆਨ ਦਿਵਾਉਣ ਦੇ ਨਾਲ-ਨਾਲ ਬਾਲ ਮਜ਼ਦੂਰੀ ਖ਼ਿਲਾਫ਼ ਜਾਗਰੂਕਤਾ ਪੈਦਾ ਕਰਨ ਤੇ ਇਸਦੇ ਖ਼ਾਤਮੇ ਲਈ ਯਤਨ ਕਰਨ ਦੇ ਮੰਤਵ ਨਾਲ ਸੰਨ 2002 ਵਿੱਚ 12 ਜੂਨ ਦੇ ਦਿਨ ਨੂੰ ‘ਕੌਮਾਂਤਰੀ ਬਾਲ ਮਜ਼ਦੂਰੀ ਵਿਰੋਧੀ ਦਿਵਸ’ ਵਜੋਂ ਮਨਾਉਣਾ ਅਰੰਭ ਕੀਤਾ ਸੀ। ਆਈ.ਐੱਲ.ਓ. ਦਾ ਮੰਨਣਾ ਹੈ ਕਿ ਵਿਸ਼ਵ ਪੱਧਰ ’ਤੇ ਕਰੋੜਾਂ ਬੱਚੇ-ਬੱਚੀਆਂ ਬਾਲ ਮਜ਼ਦੂਰੀ ਕਰਨ ਲਈ ਮਜਬੂਰ ਹਨ, ਜਿਸ ਕਰਕੇ ਉਨ੍ਹਾਂ ਨੂੰ ਸਿੱਖਿਆ, ਸਿਹਤ, ਆਰਾਮ ਅਤੇ ਆਜ਼ਾਦੀ ਨਹੀਂ ਮਿਲ ਪਾਉਂਦੇ ਹਨ ਜਿਸ ਕਰਕੇ ਉਨ੍ਹਾਂ ਨੂੰ ਹਾਸਿਲ ਕਈ ਮੂਲ ਅਧਿਕਾਰਾਂ ਦੀ ਉਲੰਘਣਾ ਹੁੰਦੀ ਹੈ। ਕਾਰਖ਼ਾਨਿਆਂ ਅਤੇ ਦੁਕਾਨਾਂ ਆਦਿ ਵਿੱਚ ਕੰਮ ਕਰਨ ਤੋਂ ਇਲਾਵਾ ਮਾਸੂਮ ਬਾਲਾਂ ਨੂੰ ਗ਼ੁਲਾਮੀ, ਬੰਧੂਆ ਮਜ਼ਦੂਰੀ ਅਤੇ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ ਜਾਂ ਵੇਸਵਾਗਮਨੀ ਜਿਹੇ ਗ਼ੈਰ-ਕਾਨੂੰਨੀ ਕੰਮਾਂ ਵਿੱਚ ਵਰਤ ਕੇ ਉਨ੍ਹਾਂ ਦਾ ਬਚਪਨ ਹੀ ਨਹੀਂ ਸਗੋਂ ਸਮੁੱਚਾ ਜੀਵਨ ਬਰਬਾਦ ਕਰ ਦਿੱਤਾ ਜਾਂਦਾ ਹੈ। ਕੁਝ ਮੁਲਕਾਂ ਵਿੱਚ ਅੱਤਵਾਦੀ ਸੰਗਠਨਾਂ ਵੱਲੋਂ ਖ਼ੂਨੀ ਸੰਘਰਸ਼ਾਂ ਵਿੱਚ ਬੱਚਿਆਂ ਨੂੰ ਇਸਤੇਮਾਲ ਕਰਨ ਤੋਂ ਗੁਰੇਜ਼ ਨਹੀਂ ਕੀਤਾ ਜਾ ਰਿਹਾ ਹੈ ਜੋ ਕਿ ਇੱਕ ਬੇਹੱਦ ਖ਼ਤਰਨਾਕ ਤੇ ਵਿਨਾਸ਼ਕਾਰੀ ਰੁਝਾਨ ਹੈ।
ਭਾਰਤ ਵਿੱਚ ਸਤਾਰ੍ਹਾਂ ਸਾਲ ਤੋਂ ਘੱਟ ਉਮਰ ਦੇ ਕਿਸੇ ਵੀ ਬੱਚੇ ਕੋਲੋਂ ਪੈਸੇ ਅਦਾ ਕਰ ਕੇ ਜਾਂ ਬਿਨਾਂ ਪੈਸੇ ਦਿੱਤਿਆਂ ਸਰੀਰਕ ਜਾਂ ਦਿਮਾਗੀ ਕੰਮ ਕਰਵਾਉਣ ਨੂੰ ਬਾਲ ਮਜ਼ਦੂਰੀ ਮੰਨਿਆ ਜਾਂਦਾ ਹੈ। ਭਾਰਤ ਦਾ ਫੈਕਟਰੀ ਐਕਟ-1948 ਤਾਂ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕਿਸੇ ਵੀ ਫੈਕਟਰੀ ਵਿੱਚ ਕੰਮ ਕਰਨ ਤੋਂ ਮਨ੍ਹਾ ਕਰਦਾ ਹੈ। ਇਸੇ ਤਰ੍ਹਾਂ ਮਾਈਨਜ਼ ਐਕਟ-1952 ਤਹਿਤ 18 ਸਾਲ ਤੋਂ ਘੱਟ ਉਮਰ ਦੇ ਬੱਚੇ ਕੋਲੇ, ਲੋਹੇ ਜਾਂ ਹੀਰੇ ਆਦਿ ਦੀਆਂ ਖਾਣਾ ਵਿੱਚ ਕੰਮ ਨਹੀਂ ਕਰ ਸਕਦੇ ਹਨ। ‘ਚਾਈਲਡ ਐਂਡ ਐਡੋਲਸੈਂਟ ਲੇਬਰ ਐਕਟ-1986’ ਅਨੁਸਾਰ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਘਰੇਲੂ ਨੌਕਰ ਵਜੋਂ ਵਰਤਣਾ ਅਤੇ 14 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਨੂੰ ਖ਼ਤਰੇ ਵਾਲੇ ਉਦਯੋਗਾਂ ਜਾਂ ਕੰਮਾਂ ਵਿੱਚ ਵਰਤਣਾ ਗ਼ੈਰਕਾਨੂੰਨੀ ਹੈ। ‘ਜੁਵਿਨਾਈਲ ਜਸਟਿਸ ਐਕਟ ਆਫ ਚਿਲਡਰਨ ਐਕਟ-2015’ ਤਾਂ ਮਜ਼ਦੂਰੀ ਖ਼ਾਤਿਰ ਕਿਸੇ ਬੱਚੇ ਨੂੰ ਬੰਧੂਆ ਬਣਾ ਕੇ ਰੱਖਣ ਨੂੰ ਸਜ਼ਾਯੋਗ ਅਪਰਾਧ ਮੰਨਦਾ ਹੈ। ‘ਮੁਫ਼ਤ ਅਤੇ ਲਾਜ਼ਮੀ ਸਿੱਖਿਆ ਦਾ ਅਧਿਕਾਰ-2009’ ਤਾਂ 6 ਤੋਂ 14 ਸਾਲ ਦੀ ਉਮਰ ਦੇ ਹਰੇਕ ਬੱਚੇ ਲਈ ਮਜ਼ਦੂਰੀ ਦੀ ਥਾਂ ਲਾਜ਼ਮੀ ਤੇ ਮੁਫ਼ਤ ਸਿੱਖਿਆ ਪ੍ਰਦਾਨ ਕਰਨ ਦੀ ਗੱਲ ਕਰਦਾ ਹੈ।
ਸੰਨ 1979 ਵਿੱਚ ‘ਗੁਰੂਪਦ ਸੁਆਮੀ ਕਮੇਟੀ’ ਦਾ ਗਠਨ ਕੀਤਾ ਗਿਆ ਸੀ ਤਾਂ ਜੋ ਬਾਲ ਮਜ਼ਦੂਰੀ ਦੇ ਵੱਖ-ਵੱਖ ਕਾਰਨਾਂ ਅਤੇ ਪ੍ਰਭਾਵਾਂ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਖ਼ਤਮ ਕਰਨ ਦੇ ਮਕਸਦ ਨਾਲ ਲੋੜੀਂਦੇ ਕਦਮ ਚੁੱਕੇ ਜਾ ਸਕਣ। ਸੰਨ 1986 ਵਿੱਚ ਇਸ ਕਮੇਟੀ ਵੱਲੋਂ ਦਿੱਤੇ ਗਏ ਸੁਝਾਵਾਂ ਦੇ ਆਧਾਰ ’ਤੇ ਹੀ ‘ਚਾਈਲਡ ਲੇਬਰ ਐਂਡ ਰੈਗੂਲੇਸ਼ਨ ਐਕਟ’ ਤਿਆਰ ਕੀਤਾ ਗਿਆ ਸੀ। ਖ਼ਤਰੇ ਵਾਲੇ ਉਦਯੋਗਾਂ ਅਤੇ ਹੋਰ ਧੰਦਿਆਂ ਵਿੱਚ ਲੱਗੇ ਬਾਲ ਮਜ਼ਦੂਰਾਂ ਦੇ ਮੁੜ-ਵਸੇਬੇ ਲਈ ਸੰਨ 1987 ਵਿੱਚ ਕੌਮੀ ਨੀਤੀ ਵੀ ਤਿਆਰ ਕੀਤੀ ਗਈ ਸੀ। ਇਸ ਤੋਂ ਇਲਾਵਾ ਕਈ ਗ਼ੈਰ-ਸਰਕਾਰੀ ਸੰਗਠਨ ਜਿਵੇਂ ਕਿ ‘ਬਚਪਨ ਬਚਾਓ ਅੰਦੋਲਨ’, ‘ਚਾਈਲਡ ਫੰਡ’, ‘ਕੇਅਰ’, ‘ਤਲਾਸ਼’, ‘ਚਾਈਲਡ ਰਾਈਟਸ ਐਂਡ ਯੂ’, ‘ਗਲੋਬਲ ਮਾਰਚ ਅਗੇਂਸਟ ਚਾਈਲਡ ਲੇਬਰ’, ‘ਰਾਈਡ ਇੰਡੀਆ’ ਅਤੇ ‘ਚਾਈਲਡਹੁੱਡ’ ਆਦਿ ਸੰਗਠਨ ਨਿਰੰਤਰ ਹੀ ਬਾਲ ਮਜ਼ਦੂਰਾਂ ਦੀ ਭਲਾਈ ਲਈ ਕਾਰਜਸ਼ੀਲ ਹਨ।
ਦੁਨੀਆ ਭਰ ਵਿੱਚ ਬਾਲ ਮਜ਼ਦੂਰੀ ਖ਼ਤਮ ਕਰਨ ਲਈ ਗੰਭੀਰ ਯਤਨ ਕੀਤੇ ਜਾ ਰਹੇ ਹਨ ਤੇ ਅੰਕੜਿਆਂ ਮੁਤਾਬਕ ਬਾਲ ਮਜ਼ਦੂਰਾਂ ਦੀ ਸੰਖਿਆ ਵਿੱਚ ਗਿਰਾਵਟ ਆ ਵੀ ਰਹੀ ਹੈ। ਸੰਨ 2000 ਵਿੱਚ 246 ਮਿਲੀਅਨ ਬਾਲ ਮਜ਼ਦੂਰ ਸਨ ਤੇ ਸੰਨ 2016 ਵਿੱਚ ਇਹ ਸੰਖਿਆ 152 ਮਿਲੀਅਨ ਰਹਿ ਗਈ ਸੀ ਭਾਵ 94 ਮਿਲੀਅਨ ਬੱਚੇ ਬਾਲ ਮਜ਼ਦੂਰੀ ਦੇ ਚੁੰਗਲ ਤੋਂ ਮੁਕਤ ਹੋ ਗਏ ਸਨ। ਸਮੂਹ ਸਰਕਾਰੀ ਅਤੇ ਗ਼ੈਰ ਸਰਕਾਰੀ ਸੰਗਠਨਾਂ ਨੇ ਸਾਲ 2025 ਤਕ ਵਿਸ਼ਵ ਵਿੱਚੋਂ ਬਾਲ ਮਜ਼ਦੂਰੀ ਖ਼ਤਮ ਕਰਨ ਦਾ ਨਿਸ਼ਾਨਾ ਮਿਥਿਆ ਹੋਇਆ ਹੈ ਤੇ ਆਸ ਕੀਤੀ ਜਾਂਦੀ ਹੈ ਕਿ ਅਖ਼ੀਰ ਇੱਕ ਉਹ ਦਿਨ ਵੀ ਆਏਗਾ ਜਦੋਂ ਹਰ ਬੱਚੇ ਨੂੰ ਆਪਣਾ ਬਚਪਨ ਹੰਢਾਉਣ ਦਾ ਮੌਕਾ ਮਿਲੇਗਾ ਤੇ ਬਾਲ ਮਨਾਂ ਦੇ ਸੁਪਨੇ ਪੂਰੇ ਹੋ ਸਕਣਗੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5049)
ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)