ParamjitSNikkeGhuman7ਸਾਡੇ ਮੁਲਕ ਵਿੱਚ ਪਸਰੀ ਗ਼ਰੀਬੀ, ਬੇਰੁਜ਼ਗਾਰੀ, ਮਹਿੰਗਾਈ, ਭ੍ਰਿਸ਼ਟਾਚਾਰ, ਸੰਪ੍ਰਦਾਇਕਤਾ ਅਤੇ ਨਿਠੱਲੇਪਨ ਲਈ ਸਾਡੇ ...
(24 ਨਵੰਬਰ 2023)
ਇਸ ਸਮੇਂ ਪਾਠਕ: 190.


ਜਿਸ ਪ੍ਰਕਾਰ ਮਨੁੱਖੀ ਸਰੀਰ ਦੇ ਕਿਸੇ ਅੰਗ ਨੂੰ ਚੰਬੜਿਆ ਕੈਂਸਰ ਕੇਵਲ ਸਬੰਧਿਤ ਅੰਗ ਦੀ ਹੀ ਨਹੀਂ ਸਗੋਂ ਸਾਰੇ ਸਰੀਰ ਦੁਰਦਸ਼ਾ ਕਰ ਦਿੰਦਾ ਹੈ
, ਉਸੇ ਤਰ੍ਹਾਂ ਸਾਡੇ ਮੁਲਕ ਭਾਰਤ ਨੂੰ ਵੀ ਸਿਆਸੀ ਕੈਂਸਰ ਨੇ ਬੁਰੀ ਤਰ੍ਹਾਂ ਜਕੜਿਆ ਹੋਇਆ ਹੈ ਤੇ ਇਹ ਸਿਆਸੀ ਕੈਂਸਰ ਸਾਡੇ ਮੁਲਕ ਨੂੰ ਬੜੀ ਬੇਦਰਦੀ ਨਾਲ ਚੂੰਡ ਰਿਹਾ ਹੈਸਿਆਸੀ ਕੈਂਸਰ ਦਾ ਸ਼ਿਕਾਰ ਹੋ ਕੇ ਸਾਡਾ ਮੁਲਕ ਹੌਲੀ-ਹੌਲੀ ਬਰਬਾਦੀ ਵੱਲ ਨੂੰ ਵਧ ਰਿਹਾ ਹੈਕਿਸੇ ਵਿਦਵਾਨ ਨੇ ਸਹੀ ਕਿਹਾ ਕਿ ‘ਭਾਰਤੀ ਲੋਕਤੰਤਰ ਅਸਲ ਵਿੱਚ ਲੋਕਾਂ ਦਾ ਨਹੀਂ ਸਗੋਂ ਜੋਕਾਂ ਦਾ ਹੈ’ ਇਥੇ ਸਾਡੇ ਸਿਆਸੀ ਆਗੂ ਜੋਕਾਂ ਬਣ ਕੇ ਸਾਡੇ ਲੋਕੰਤਤਰ ਨੂੰ ਚੰਬੜੇ ਹੋਏ ਹਨ ਤੇ ਇਸਦਾ ਖ਼ੂਨ ਚੂਸ ਕੇ ਦੇਸ਼ ਨੂੰ ਅੰਦਰੋਂ ਖੋਖਲਾ ਕਰ ਰਹੇ ਹਨ

ਸਾਡੇ ਸਿਆਸੀ ਆਗੂ ਆਪਣੇ ਅਤੇ ਆਪਣੀ ਪਾਰਟੀ ਦੇ ਨਿੱਜੀ ਮੁਫ਼ਾਦਾਂ ਲਈ ਆਮ ਲੋਕਾਂ ਨੂੰ ਆਪਣੇ ਸ਼ਬਦਜਾਲ਼ ਵਿੱਚ ਉਲਝਾ ਕੇ ਕਈ ਹਿੰਸਕ ਕਾਰਵਾਈਆਂ ਕਰਵਾ ਦਿੰਦੇ ਹਨਚਾਹੇ ਸੰਨ 1984 ਵਿੱਚ ਦਿੱਲੀ ਦੇ ਦੰਗੇ ਹੋਣ ਜਾਂ ਗੁਜਰਾਤ, ਮੁਜ਼ੱਫ਼ਰਨਗਰ ਤੇ ਭਾਗਲਪੁਰ ਵਿੱਚ ਵਾਪਰੇ ਭਿਆਨਕ ਦੰਗੇ, ਹਰੇਕ ਦੰਗੇ ਦੇ ਪਿੱਛੇ ਕੋਈ ਨਾ ਕੋਈ ਸਿਆਸੀ ਪਾਰਟੀ ਜਾਂ ਸਿਆਸੀ ਨੇਤਾ ਮੌਜੂਦ ਸੀਦੇਸ਼ ਨੇ ਵੇਖਿਆ ਹੈ ਕਿ ਕਿਵੇਂ ਕਦੇ ਮੰਦਰ-ਮਸਜਿਦ ਦੇ ਨਾਂ ’ਤੇ ਅਤੇ ਕਦੇ ‘ਦਲਿਤ ਅਤੇ ਕੁਲੀਨ ਜਾਤੀ’ ਦੇ ਨਾਂ ’ਤੇ ਸਾਡੇ ਸਿਆਸੀ ਆਗੂਆਂ ਨੇ ਹਮੇਸ਼ਾ ਆਮ ਲੋਕਾਂ ਨੂੰ ਆਪਸ ਵਿੱਚ ਲੜਵਾਇਆ ਹੈ ਤੇ ਵੋਟ ਸੰਖਿਆ ਨੂੰ ਆਪਣੇ ਹੱਕ ਵਿੱਚ ਉਲਾਰ ਕੇ ਆਪਣੀਆਂ ਸਰਕਾਰਾਂ ਬਣਾਈਆਂ ਹਨਭਾਰਤੀ ਵੋਟਰ ਵਿਚਾਰਾ ਤਾਂ ਕਦੇ ਆਪਣੀ ਮਰਜ਼ੀ ਅਤੇ ਆਪਣੀ ਸਮਝ ਨਾਲ ਆਪਣੀ ਵੋਟ ਦਾ ਇਸਤੇਮਾਲ ਕਰ ਹੀ ਨਹੀਂ ਸਕਿਆ ਹੈ, ਸਗੋਂ ਵੋਟਾਂ ਲਈ ਉਸਦਾ ਇਸਤੇਮਾਲ ਸਿਆਸੀ ਆਗੂਆਂ ਨੇ ਬੜੀ ਚਾਲਾਕੀ ਨਾਲ ਸਦਾ ਹੀ ਕੀਤਾ ਹੈ

ਸਾਡੇ ਸਿਆਸੀ ਆਗੂਆਂ ਨੇ ਸਾਡੀ ਭਾਰਤ ਦੀ ਭੋਲੀ ਭਾਲੀ ਜਨਤਾ ਨੂੰ ਕਿਰਤ ਕਰਨ ਦੇ ਰਾਹ ਪਾਉਣ ਦੀ ਥਾਂ ‘ਮੁਫ਼ਤਖ਼ੋਰੀ’ ਦਾ ਠੂਠਾ ਫੜਾ ਕੇ ‘ਕਿਰਤੀਆਂ’ ਤੋਂ ‘ਮੰਗਤੇ’ ਬਣਾ ਛੱਡਿਆ ਹੈਭਾਰਤ ਵਿੱਚ ਪੰਜਾਬ ਸਮੇਤ ਵਿੱਤੀ ਪੱਖੋਂ ਕਈ ਹੋਰ ਵੀ ਸੂਬੇ ਹਨ ਜੋ ਠੀਕਠਾਕ ਹਾਲਤ ਵਿੱਚ ਹਨ ਤੇ ਜਿੱਥੇ ਕਦੇ ਵੀ ਕਿਸੇ ਜਥੇਬੰਦੀ ਨੇ ਅਜਿਹਾ ਧਰਨਾ, ਰੋਸ ਮੁਜ਼ਾਹਰਾ ਜਾਂ ਅੰਦੋਲਨ ਨਹੀਂ ਕੀਤਾ ਹੈ, ਜਿਸ ਵਿੱਚ ‘ਮੁਫ਼ਤ ਅਨਾਜ, ਮੁਫ਼ਤ ਬਿਜਲੀ ਜਾਂ ਮੁਫ਼ਤ ਬੱਸ ਸਫ਼ਰ’ ਦੀ ਮੰਗ ਰੱਖੀ ਗਈ ਹੋਵੇ। ਪਰ ਫਿਰ ਵੀ ਲੋਕਾਂ ਨੂੰ ਮਿਹਨਤੀ ਦੀ ਥਾਂ ਨਿਠੱਲੇ ਬਣਾਉਣ ਦੀ ਸੋਚ ਰੱਖਣ ਵਾਲੀਆਂ ਪਾਰਟੀਆਂ ‘ਮੁਫ਼ਤ-ਮੁਫ਼ਤ’ ਦਾ ਰਾਗ ਅਲਾਪਦੀਆਂ ਰਹਿੰਦੀਆਂ ਹਨ ਤੇ ਲੋਕਾਂ ਦੀ ਆਮਦਨ ਵਧਾਉਣ ਤੇ ਵਿਦੇਸ਼ਾਂ ਦੀ ਤਰ੍ਹਾਂ ਹਰੇਕ ਹੱਥ ਨੂੰ ਹੁਨਰ ਤੇ ਰੁਜ਼ਗਾਰ ਦੇ ਕੇ ਦੇਸ਼ ਅਤੇ ਦੇਸ਼ਵਾਸੀਆਂ ਨੂੰ ਖ਼ੁਸ਼ਹਾਲ ਬਣਾਉਣ ਦੀ ਥਾਂ ਹੋਰ ਨਿਕੰਮੇ ਤੇ ਹੋਰ ਨਕਾਰਾ ਬਣਾ ਰਹੀਆਂ ਹਨਇਸ ਹਮਾਮ ਵਿੱਚ ਸਾਰੇ ਸਿਆਸੀ ਦਲ ‘ਨੰਗੇ’ ਹਨ ਤੇ ਕੋਈ ਇੱਕ ਵੀ ਵੱਖਰੀ ਸੋਚ ਵਾਲਾ ਨਹੀਂ ਹੈਸਾਡੇ ਸਿਆਸੀ ਦਲ ਜਨਤਾ ਨੂੰ ਇਹ ਸਮਝ ਨਹੀਂ ਆਉਣ ਦਿੰਦੇ ਹਨ ਕਿ ਮੁਫ਼ਤਖ਼ੋਰੀ ਵਾਲੀਆਂ ਯੋਜਨਾਵਾਂ ਨਿੱਤ ਦਿਨ ਵਧ ਰਹੀਆਂ ਹਨ ਤੇ ਸੂਬਿਆਂ ਦੀ ਆਮਦਨ ਨਿੱਤ ਦਿਨ ਘਟ ਰਹੀ ਹੈ, ਜਿਸ ਕਰਕੇ ਹਰੇਕ ਸੂਬੇ ਅਤੇ ਸੂਬੇ ਦੇ ਪ੍ਰਤੀ ਵਿਅਕਤੀ ’ਤੇ ਕਰਜ਼ੇ ਦਾ ਬੋਝ ਨਿਰੰਤਰ ਵਧ ਰਿਹਾ ਹੈ ਜੋ ਸਬੰਧਿਤ ਸੂਬੇ ਦਾ ਦੀਵਾਲਾ ਕੱਢ ਰਿਹਾ ਹੈ। ਪਰ ਸੱਤਾ ਪ੍ਰਾਪਤੀ ਲਈ ਸਿਆਸੀ ਦਲ ਸਬੰਧਿਤ ਕਿਸੇ ਸੂਬੇ ਦਾ ਤਾਂ ਕੀ ਪੂਰੇ ਦੇਸ਼ ਦਾ ਹੀ ਦੀਵਾਲਾ ਕੱਢਣ ਲਈ ਵੀ ਤਿਆਰ ਹਨ

ਸਾਡੀ ਆਮ ਜਨਤਾ ਨੂੰ ਸਿਆਸੀ ਆਗੂਆਂ ਨੇ ਇਸ ਕਦਰ ਅੰਨ੍ਹੀ ਤੇ ਬੋਲ਼ੀ ਕਰ ਛੱਡਿਆ ਹੈ, ਜਨਤਾ ਸੱਤਾਧਾਰੀ ਧਿਰ ਤੋਂ ਇਹ ਸਵਾਲ ਕਦੇ ਨਹੀਂ ਪੁੱਛਦੀ ਹੈ ਕਿ ਤੁਸੀਂ ਤਾਂ ‘450 ਰੁਪਏ’ ਦਾ ਗੈਸ ਸਿਲੰਡਰ ਅਤੇ ‘50 ਰੁਪਏ ਪ੍ਰੀਤ ਲੀਟਰ ਪੈਟਰੋਲ’ ਵੀ ਬੜਾ ‘ਮਹਿੰਗਾ’ ਆਖ਼ਦੇ ਹੁੰਦੇ ਸੀ ਤੇ ਆਖ਼ਦੇ ਹੁੰਦੇ ਸੀ ਕਿ ਸੱਤਾ ਵਿੱਚ ਆਉਣ ’ਤੇ ਸਭ ਕੁਝ ‘ਸਸਤਾ’ ਕਰ ਦਿਆਂਗੇ ਪਰ ਹੁਣ 10 ਸਾਲ ਸੱਤਾ ਵਿੱਚ ਰਹਿਣ ਪਿੱਛੋਂ ਵੇਖੋ, ਗੈਸ ਸਿਲੰਡਰ ਤੇ ਪੈਟਰੋਲ ਪਹਿਲਾਂ ਨਾਲੋਂ ‘ਦੁੱਗਣੇ’ ਮੁੱਲ ’ਤੇ ਨਹੀਂ ਮਿਲ ਰਹੇ ਹਨ? ਜਨਤਾ ਨਹੀਂ ਪੁੱਛਦੀ ਹੈ ਕਿ ਰੇਲ ਸਫ਼ਰ ਵਿੱਚ ਯਾਤਰੀਆਂ ਨੂੰ ਪਹਿਲਾਂ ਕਈ ਰਿਆਇਤਾਂ ਸਨ ਤੇ ਰੇਲਵੇ ਫਿਰ ਵੀ ਫ਼ਾਇਦੇ ਵਿੱਚ ਸੀ ਪਰ ਹੁਣ ਸਹੂਲਤਾਂ ਘਟਾ ਦਿੱਤੀਆਂ ਹਨ ਤੇ ਰੇਲਵੇ ਫਿਰ ਵੀ ਘਾਟੇ ਵਿੱਚ ਕਿਉਂ ਹੈ? ਜਨਤਾ ਨਹੀਂ ਪੁੱਛਦੀ ਹੈ ਕਿ ਸਭ ਤੋਂ ਜ਼ਰੂਰੀ ਕਹੇ ਜਾਂਦੇ ਆਟੇ ਅਤੇ ਦੁੱਧ ਆਦਿ ’ਤੇ ਵੀ ‘ਜੀ.ਐੱਸ.ਟੀ.’ ਲਗਾ ਕੇ ਸਰਕਾਰਾਂ ਨੇ ਕਿਸਦਾ ਭਲਾ ਕੀਤਾ ਹੈ? ਜਨਤਾ ਨਹੀਂ ਪੁੱਛਦੀ ਹੈ ਕਿ ‘ਨੋਟਬੰਦੀ’ ਨਾਲ ਕਿੰਨਾ ਕੁ ‘ਕਾਲਾ ਧਨ’ ਸਾਹਮਣੇ ਆਇਆ ਸੀ? ਜਨਤਾ ਨਹੀਂ ਪੁੱਛਦੀ ਹੈ ਕਿ ਦੇਸ਼ ਦੇ ਬੈਂਕਾਂ ਦਾ ਅਰਬਾਂ ਰੁਪਇਆਂ ਡਕਾਰ ਕੇ ਵਿਦੇਸ਼ ਭੱਜ ਜਾਣ ਵਾਲੇ ਕਈ ‘ਠੱਗ’ ਅਜੇ ਤਕ ਵੀ ਸਲਾਖ਼ਾਂ ਪਿੱਛੇ ਕਿਉਂ ਨਹੀਂ ਹਨ? ਜਨਤਾ ਨਹੀਂ ਪੁੱਛਦੀ ਹੈ ਕਿ ਦੇਸ਼ ਦੇ ਇੱਕ ਵੱਡੇ ਕਾਰੋਬਾਰੀ ਦੇ ਸ਼ੇਅਰ ਮਾਰਕੀਟ ਘੁਟਾਲੇ ਸਬੰਧੀ ਸਿਆਸੀ ਦਲ ਹਾਲ ਪਾਹਰਿਆ ਮਚਾ ਰਹੇ ਹਨ ਪਰ ਉਸਦੇ ਖ਼ਿਲਾਫ਼ ਜਾਂਚ ਤਕ ਵੀ ਕਿਉਂ ਨਹੀਂ ਕੀਤੀ ਜਾ ਰਹੀ ਹੈ? ਜਨਤਾ ਨਹੀਂ ਪੁੱਛਦੀ ਹੈ ਕਿ ਉਸਦੀ ਕਮਾਈ ਦੇ ਇੱਕ ਇੱਕ ਪੈਸੇ ਦਾ ਹਿਸਾਬ ਤਾਂ ਪੁੱਛਿਆ ਜਾਂਦਾ ਹੈ ਪਰ ਸਿਆਸੀ ਪਾਰਟੀਆਂ ਨੂੰ ਮਿਲਦੇ ‘ਚੰਦੇ’ ਦਾ ਹਿਸਾਬ ਦੱਸਣ ਦੀ ਮਨਾਹੀ ਹੈ, ਅਜਿਹਾ ਕਿਉਂ?

ਸਾਡੇ ਮੁਲਕ ਨੂੰ ਘੁਣ ਦੇ ਕੀੜੇ ਵਾਂਗ ਚੰਬੜੇ ਸਿਆਸੀ ਦਲਾਂ ਨੇ ਦੇਸ਼ ਦੀਆਂ ਕਈ ਸੁਰੱਖਿਆ ਏਜੰਸੀਆਂ, ਜਨਤਕ ਸੰਸਥਾਵਾਂ ਅਤੇ ਰਾਜਪਾਲ ਜਿਹੇ ਉੁੱਚ ਅਹੁਦਿਆਂ ਦਾ ਘਾਣ ਕਰਕੇ ਰੱਖ ਦਿੱਤਾ ਹੈਕਿੰਨੇ ਸਿਤਮ ਦੀ ਗੱਲ ਹੈ ਕਿ ਪ੍ਰਧਾਨ ਮੰਤਰੀ ਜਿਹੇ ਜ਼ਿੰਮੇਵਾਰ ਅਹੁਦੇ ’ਤੇ ਬਿਰਾਜਮਾਨ ਇੱਕ ਸਤਿਕਾਰਤ ਆਗੂ ਕਿਸੇ ਦੂਜੀ ਪਾਰਟੀ ਦੇ ਆਗੂ ਉੱਤੇ 70 ਹਜ਼ਾਰ ਕਰੋੜ ਰੁਪਏ ਦਾ ਘਪਲਾ ਕਰਨ ਦਾ ਦੋਸ਼ ਜਨਤਕ ਸਮਾਗਮ ਦੌਰਾਨ ਲਗਾਉਂਦਾ ਹੈ ਤੇ ਫਿਰ ਜਦੋਂ ਉਹੀ ‘ਭ੍ਰਿਸ਼ਟਾਚਾਰੀ’ ਆਗੂ, ਸੱਤਾ ਧਿਰ ਨਾਲ ਗਠਜੋੜ ਕਰਕੇ ਸੱਤਾ ਵਿੱਚ ਆ ਜਾਂਦਾ ਹੈ ਤਾਂ ਉਸਦੇ ਖਿਲਾਫ਼ ਕਿਸੇ ਤਰ੍ਹਾਂ ਦੀ ਜਾਂਚ ਦਾ ਰੌਲ਼ਾ ਪ੍ਰਧਾਨ ਮੰਤਰੀ ਵੱਲੋਂ ਨਹੀਂ ਪਾਇਆ ਜਾਂਦਾ ਹੈ ਤੇ ਈ.ਡੀ. ਅਤੇ ਸੀ.ਬੀ.ਆਈ. ਵੀ ਸਬੰਧਿਤ ਸ਼ਖ਼ਸ ਖ਼ਿਲਾਫ਼ ਕੋਈ ‘ਕਾਰਵਾਈ’ ਨਹੀਂ ਕਰਦੇ ਹਨ ਜਦੋਂ ਕਿ ਵਿਰੋਧੀ ਧਿਰ ਵਿੱਚ ਸ਼ਾਮਿਲ ਕੁਝ ਸਿਆਸੀ ਦਲਾਂ ਦੇ ਤਾਂ ਹਰੇਕ ਵੱਡੇ ਆਗੂ ਨੂੰ ‘ਭ੍ਰਿਸ਼ਟਾਚਾਰ’ ਦੇ ਦੋਸ਼ ਹੇਠ ਈ.ਡੀ. ਦੀ ਰੇਡ ਅਤੇ ਕਾਰਵਾਈ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਜਾਂਚ ਪੂਰੀ ਹੋਣ ਤੋਂ ਪਹਿਲਾਂ ਹੀ ਜੇਲ੍ਹ ਦੀ ਹਵਾ ਖਾਣੀ ਪੈ ਰਹੀ ਹੈ, ਜਦੋਂ ਕਿ ਸੱਤਾਧਾਰੀ ਧਿਰ ਵਿੱਚ ਆਣ ਸ਼ਾਮਿਲ ਹੋਏ ਕਈ ‘ਭ੍ਰਿਸ਼ਟਾਚਾਰੀ’ ਆਗੂ ‘ਸੱਤਾ ਦੀ ਮਲਾਈ’ ਖਾ ਰਹੇ ਹਨ

‘ਮਜ਼ਹਬੀ ਨਫ਼ਰਤ’ ਫ਼ੈਲਾਅ ਕੇ ਸੱਤਾ ਦੀਆਂ ਰੋਟੀਆਂ ਸੇਕਣਾ ਹੁਣ ਤਕਰੀਬਨ ਹਰੇਕ ਸਿਆਸੀ ਪਾਰਟੀ ਦਾ ਧੰਦਾ ਬਣ ਗਿਆ ਹੈਹੁਣ ਹਾਲਾਤ ਇਹ ਹਨ ਕਿ ਕਈ ‘ਰੰਗਾਂ’ ਅਤੇ ‘ਟੋਪੀਆਂ’ ਨੂੰ ਫ਼ਿਰਕੂ ਰੰਗਤ ਦੇ ਦਿੱਤੀ ਗਈ ਹੈਸਿਆਸੀ ਦਲਾਂ ਦੀ ਸ਼ਹਿ ’ਤੇ ‘ਮੌਬ ਲਿੰਚਿੰਗ’ ਅਤੇ ‘ਧਰਮ ਗ੍ਰੰਥਾਂ ਦੀ ਬੇਅਦਬੀ’ ਜਿਹੇ ਘਿਨਾਉਣੇ ਕਾਂਡ ਵਾਪਰ ਰਹੇ ਹਨ, ਵਰਨਾ ਆਮ ਲੋਕ ਤਾਂ ਆਪੋ ਆਪਣੇ ਮਹੱਲਿਆਂ, ਪਿੰਡਾਂ ਅਤੇ ਸ਼ਹਿਰਾਂ ਵਿੱਚ ਆਪਸੀ ਸਦਭਾਵਨਾ ਅਤੇ ਪ੍ਰੇਮ ਨਾਲ ਵਸਦੇ ਹਨ। ਇੱਕ ਦੂਜੇ ਦੇ ਦਿਨ ਤਿਉਹਾਰ ਮਨਾਉਂਦੇ ਹਨ। ਇੱਕ ਦੂਜੇ ਦੇ ਦੁੱਖ ਸੁਖ ਵਿੱਚ ਸ਼ਰੀਕ ਹੁੰਦੇ ਹਨ। ਪਰ ਸਿਆਸੀ ਆਗੂਆਂ ਦੀ ਆਮਦ ਹੁੰਦਿਆਂ ਹੀ ਸਬੰਧਿਤ ਇਲਾਕਿਆਂ ਵਿੱਚ ਨਫ਼ਰਤੀ ਭਾਸ਼ਣ ਸ਼ੁਰੂ ਹੋ ਜਾਂਦੇ ਹਨ। ਫਿਰ ਇੱਕ ਦੂਜੇ ਦੇ ਧਰਮ ਜਾਂ ਖ਼ਿਲਾਫ਼ ਨਫ਼ਰਤੀ ਗਤੀਵਿਧੀਆਂ ਅਰੰਭ ਹੋ ਜਾਂਦੀਆਂ ਹਨ। ਕਤਲੋਗ਼ਾਰਤ ਅਤੇ ਅੱਗਜ਼ਨੀ ਜਾਂ ਪੱਥਰਬਾਜ਼ੀ ਦਾ ਦੌਰ ਸ਼ੁਰੂ ਹੋ ਜਾਂਦਾ ਹੈ, ਜੋ ਕਈ ਨਿਰਦੋਸ਼ਾਂ ਦੀਆਂ ਜਾਨਾਂ ਨਾਲ ਖ਼ਤਮ ਹੁੰਦਾ ਹੈ। ਪਰ ਇਸ ਦੌਰਾਨ ਕਿਸੇ ਵੀ ਸਿਆਸੀ ਦਲ ਦੇ ਆਗੂ ਨੂੰ ‘ਆਂਚ’ ਤਕ ਨਹੀਂ ਆਉਂਦੀ।

ਮੁੱਕਦੀ ਗੱਲ ਹੈ ਕਿ ਸਾਡੇ ਮੁਲਕ ਵਿੱਚ ਪਸਰੀ ਗ਼ਰੀਬੀ, ਬੇਰੁਜ਼ਗਾਰੀ, ਮਹਿੰਗਾਈ, ਭ੍ਰਿਸ਼ਟਾਚਾਰ, ਸੰਪ੍ਰਦਾਇਕਤਾ ਅਤੇ ਨਿਠੱਲੇਪਨ ਲਈ ਸਾਡੇ ਸਾਰੇ ਸਿਆਸੀ ਦਲ ਅਤੇ ਉਨ੍ਹਾਂ ਨੂੰ ਚਲਾਉਣ ਵਾਲੇ ਸਿਆਸੀ ਨੇਤਾ ਹੀ ਜ਼ਿੰਮੇਵਾਰ ਹਨ ਜੋ ਗ਼ਲਤ ਨੀਤੀਆਂ ਬਣਾ ਕੇ ਦੇਸ਼ ਦਾ ਪੂਰਾ ‘ਸੱਤਿਆਨਾਸ’ ਪਰ ਆਪਣਾ ‘ਭਰਪੂਰ ਵਿਕਾਸ’ ਕਰ ਰਹੇ ਹਨ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4499)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ

ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ

Batala, Gurdaspur, Punjab, India.
Phone: (91 - 97816-46008)
Email: (paramjeetsingh1973@gmail.com)

More articles from this author