“ਮੁਹੰਮਦ ਰਫ਼ੀ ਦੀ ਸ਼ਖ਼ਸੀਅਤ ਬੜੀ ਸਰਲ, ਪਵਿੱਤਰ ਅਤੇ ਨਿਮਰ ਸੁਭਾਅ ਵਾਲੀ ਸੀ। ਉਸਨੂੰ ...”
(24 ਦਸੰਬਰ 2025)

ਹਿੰਦੋਸਤਾਨ ਦਾ ਸਭ ਤੋਂ ਸੁਰੀਲਾ ਗਾਇਕ ਹੋਣ ਦਾ ਸ਼ਰਫ ਰੱਖਣ ਵਾਲਾ ਮੁਹੰਮਦ ਰਫ਼ੀ 24 ਦਸੰਬਰ, ਸੰਨ 1924 ਨੂੰ ਪੰਜਾਬ ਦੀ ਧਰਤ ’ਤੇ ਘੁੱਗ ਵਸਦੇ ਪਿੰਡ ਕੋਟਲਾ ਸੁਲਤਾਨ ਸਿੰਘ ਵਿਖੇ ਵਸਦੇ ਜਨਾਬ ਹਾਜੀ ਅਲੀ ਦੇ ਘਰ ਜਨਮਿਆ ਸੀ ਤੇ ਅਤਿ ਦੀ ਗ਼ਰੀਬੀ ਹੰਢਾਉਣ ਵਾਲੇ ਰਫ਼ੀ ਨੇ ਆਪਣੇ ਕੁੱਲ 55 ਸਾਲ ਦੇ ਜੀਵਨ ਵਿੱਚ ਬੇਸ਼ੁਮਾਰ ਸ਼ੋਹਰਤ ਵੀ ਖੱਟੀ ਅਤੇ ਦੌਲਤ ਵੀ ਪਰ ਰਿਹਾ ਉਹ ਫਿਰ ਵੀ ਦਰਵੇਸ਼ ਗਾਇਕ ਹੀ। ਉਹ ਮਾਇਆ ਦੇ ਮੋਹ ਅਤੇ ਸ਼ੋਹਰਤ ਦੇ ਹੰਕਾਰ ਤੋਂ ਕੋਹਾਂ ਦੂਰ ਰਹਿਣ ਵਾਲਾ ‘ਸੰਤ’ ਬੰਦਾ ਸੀ। ਉਸਦੀ ਮਖ਼ਮਲੀ ਆਵਾਜ਼ ਵਿੱਚ ਗਾਏ ਹਜ਼ਾਰਾਂ ਨਗ਼ਮੇ ਅੱਜ ਵੀ ਸਰੋਤਿਆਂ ਦੇ ਦਿਲਾਂ ਅਤੇ ਰੂਹਾਂ ਦਾ ਹਿੱਸਾ ਬਣੇ ਹੋਏ ਹਨ ਅਤੇ ਸਦਾ ਹੀ ਬਣੇ ਰਹਿਣਗੇ। 31 ਜੁਲਾਈ, ਸੰਨ 1980 ਨੂੰ ਇਸ ਜਹਾਨ ਤੋਂ ਰੁਖ਼ਸਤ ਹੋ ਗਏ ਮੁੰਹਮਦ ਰਫ਼ੀ ਦੇ ਜੀਵਨ ਨਾਲ ਜੁੜੀਆਂ ਚੰਦ ਦਿਲਕਸ਼ ਬਾਤਾਂ ਇਸ ਤਰ੍ਹਾਂ ਹਨ:
ਫ਼ੀਕੋ ਉਰਫ ਮੁਹੰਮਦ ਰਫ਼ੀ ਨੂੰ ਪਿੰਡ ਦੀਆਂ ਗਲੀਆਂ ਵਿੱਚ ਗਾ ਕੇ ਮੰਗਦੇ ਇੱਕ ਫਕੀਰ ਦੀ ਮਿੱਠੀ ਆਵਾਜ਼ ਨੇ ਨਿੱਕੀ ਉਮਰੇ ਹੀ ਗਾਇਕੀ ਦਾ ਸ਼ੌਕ ਲਾ ਦਿੱਤਾ ਸੀ। ਗਿਆਰ੍ਹਾਂ ਸਾਲਾਂ ਦਾ ਸੀ ਰਫ਼ੀ ਜਦੋਂ ਉਸਦਾ ਪਰਿਵਾਰ ਲਾਹੌਰ ਦੇ ਨੂਰ ਮੁਹੱਲਾ ਵਿਖੇ ਸਥਿਤ ਭਾਟੀ ਗੇਟ ਨੇੜੇ ਜਾ ਵਸਿਆ ਸੀ। ਉਸਨੇ ਆਪਣੇ ਵੱਡੇ ਭਰਾ ਦੀ ਹੱਲਾਸ਼ੇਰੀ ਦੀ ਬਦੌਲਤ ਉਸਤਾਦ ਅਬਦੁਲ ਵਹੀਦ ਖਾਂ, ਪੰਡਿਤ ਜੀਵਨ ਲਾਲ ਅਤੇ ਫਿਰੋਜ਼ ਨਿਜ਼ਾਮੀ ਤੋਂ ਸੰਗੀਤ ਦੀ ਸਿੱਖਿਆ ਹਾਸਲ ਕੀਤੀ ਤੇ ਕੇਵਲ 13 ਸਾਲ ਦੀ ਉਮਰ ਵਿੱਚ ਕੇ.ਐੱਲ. ਸਹਿਗਲ ਦੇ ਇੱਕ ਸ਼ੋਅ ਦੀ ਸਟੇਜ ’ਤੇ ਜਾ ਚੜ੍ਹਿਆ। ਉੱਥੇ ਉਸਨੇ ਇਸ ਕਦਰ ਮਿੱਠਾ ਅਤੇ ਸੁਰੀਲਾ ਗੀਤ ਗਾਇਆ ਕਿ ਲੋਕ ਅਸ਼ ਅਸ਼ ਕਰ ਉੱਠੇ।
ਬੀਬੀ ਬਿਲਕੀਸ ਬਾਨੋ ਮੁਹੰਮਦ ਰਫ਼ੀ ਦੀ ਦੂਜੀ ਬੀਵੀ ਸੀ। ਰਫ਼ੀ ਦੀ ਪਹਿਲੀ ਸ਼ਾਦੀ ਬਚਪਨ ਵਿੱਚ ਹੋ ਗਈ ਸੀ ਪਰ ਮੁਕਲਾਵਾ ਨਹੀਂ ਆਇਆ ਸੀ। ਮੁਲਕ ਦੀ ਵੰਡ ਸਮੇਂ ਹੀ ਉਸਦੀ ਪਹਿਲੀ ਬੀਵੀ ਆਪਣੇ ਪਰਿਵਾਰ ਨਾਲ ਪਾਕਿਸਤਾਨ ਚਲੀ ਗਈ ਸੀ ਜਦੋਂ ਕਿ ਰਫ਼ੀ ਆਪਣੇ ਪਰਿਵਾਰ ਸਣੇ ਹਿੰਦੋਸਤਾਨ ਵਿੱਚ ਰਹਿ ਪਿਆ ਸੀ। ਉਹ ਫਿਲਮੀ ਗਾਇਕ ਬਣਨ ਤੋਂ ਪਹਿਲਾਂ ਆਪਣੀ ਪਤਨੀ ਬਿਲਕੀਸ ਨਾਲ ਮੁੰਬਈ ਦੇ ਭਿੰਡੀ ਬਜ਼ਾਰ ਇਲਾਕੇ ਵਿੱਚ ਜਾ ਕੇ ਇੱਕ ਕਿਰਾਏ ਦੇ ਕਮਰੇ ਵਿੱਚ ਰਹਿਣ ਲੱਗ ਪਿਆ ਸੀ। ਉਸਨੂੰ ਤੜਕੇ 4 ਵਜੇ ਉੱਠ ਕੇ ਰਿਆਜ਼ ਦੀ ਆਦਤ ਸੀ ਤੇ ਮੁੰਬਈ ਆ ਕੇ ਉਸਨੂੰ ਲੱਗਾ ਕਿ ਜੇ ਉਹ ਤੜਕੇ ਰਿਆਜ਼ ਕਰੇਗਾ ਤਾਂ ਆਂਢ-ਗੁਆਂਢ ਨੂੰ ਪ੍ਰੇਸ਼ਾਨੀ ਹੋਵੇਗੀ। ਇਸ ਲਈ ਉਹ ਹੋ ਸਵਖਤੇ ਉੱਠ ਕੇ ਪੈਦਲ ਹੀ ਮੈਰੀਨ ਡਰਾਈਵ ਚਲਾ ਜਾਂਦਾ ਤੇ ਸਮੁੰਦਰ ਕੰਢੇ ਰਿਆਜ਼ ਕਰਦਾ। ਉੱਥੇ ਨਜ਼ਦੀਕ ਹੀ ਗਾਇਕਾ ਅਤੇ ਅਦਾਕਾਰਾ ਸੁਰੱਈਆ ਦਾ ਘਰ ਸੀ ਤੇ ਉਸਨੇ ਇੱਕ ਦਿਨ ਰਫ਼ੀ ਨੂੰ ਸਮੁੰਦਰ ਕਿਨਾਰੇ ਰਿਆਜ਼ ਦਾ ਕਾਰਨ ਪੁੱਛ ਹੀ ਲਿਆ ਤੇ ਕਾਰਨ ਪਤਾ ਲੱਗਣ ’ਤੇ ਉਹ ਰਫ਼ੀ ਦੇ ਗਾਇਕੀ ਪ੍ਰਤੀ ਪ੍ਰੇਮ ਦੋਂ ਇੰਨੀ ਪ੍ਰਭਾਵਿਤ ਹੋਈ ਕਿ ਉਸਨੇ ਰਿਆਜ਼ ਲਈ ਰਫ਼ੀ ਨੂੰ ਆਪਣੇ ਘਰ ਦਾ ਇੱਕ ਕਮਰਾ ਹੀ ਦੇ ਦਿੱਤਾ।
ਮੁਹੰਮਦ ਰਫ਼ੀ ਦੀ ਸ਼ਖ਼ਸੀਅਤ ਬੜੀ ਸਰਲ, ਪਵਿੱਤਰ ਅਤੇ ਨਿਮਰ ਸੁਭਾਅ ਵਾਲੀ ਸੀ। ਉਸਨੂੰ ਨਾ ਪਾਰਟੀਆਂ ਵਿੱਚ ਜਾਣ ਦਾ ਸ਼ੌਕ ਸੀ ਅਤੇ ਨਾ ਸ਼ਰਾਬ ਜਾਂ ਸਿਗਰਟ ਪੀਣ ਅਤੇ ਜੂਆ ਖੇਡਣ ਦਾ। ਉਹ ਬਹੁਤ ਹੀ ਸ਼ਰਮੀਲੇ ਸੁਭਾਅ ਦਾ ਮਾਲਕ ਸੀ ਤੇ ਸੰਗੀਤਕਾਰ ਜਾਂ ਫਿਲਮ ਨਿਰਮਾਤਾ ਨਾਲ ਮਿਹਨਤਾਨਾ ਤੈਅ ਕਰਕੇ ਗੀਤ ਨਹੀਂ ਗਾਉਂਦਾ ਸੀ। ਉਹ ਕਲਾ ਦਾ ਪੁਜਾਰੀ ਸੀ, ਪੈਸੇ ਦਾ ਨਹੀਂ। ਉਸਨੇ ਕਈ ਗੀਤ ਕੇਵਲ ਇੱਕ ਰੁਪਇਆ ਮਿਹਨਤਾਨਾ ਲੈ ਕੇ ਵੀ ਗਾਏ ਸਨ। ਫ਼ੋਕੀ ਸ਼ੋਹਰਤ ਤੋਂ ਕੋਹਾਂ ਦੂਰ ਰਹਿਣ ਵਾਲਾ ਰਫ਼ੀ ਜਦੋਂ ਕਿਸੇ ਜਾਣਕਾਰ ਦੇ ਸ਼ਾਦੀ-ਵਿਆਹ ਵਿੱਚ ਜਾਂਦਾ ਸੀ ਤਾਂ ਕਾਰ ਵਿੱਚੋਂ ਉੱਤਰ ਕੇ ਸਿੱਧਾ ਸਟੇਜ ’ਤੇ ਜਾਂਦਾ, ਸ਼ਗਨ ਦੇ ਕੇ ਮੁੜਦੇ ਪੈਰੀਂ ਕਾਰ ਵਿੱਚ ਬੈਠਦਾ ਤੇ ਵਾਪਸ ਚਲਾ ਜਾਂਦਾ ਸੀ।
ਪੈਸੇ ਦੇ ਮੋਹ ਤੋਂ ਮੁਕਤ ਰਫ਼ੀ ਨੇ ਗੀਤਾਂ ਲਈ ਗਾਇਕ ਨੂੰ ਰਾਇਲਟੀ ਦਿੱਤੇ ਜਾਣ ਸਬੰਧੀ ਲਤਾ ਮੰਗੇਸ਼ਕਰ ਵੱਲੋਂ ਸ਼ੁਰੂ ਕੀਤੀ ਮੁਹਿੰਮ ਦਾ ਸਖ਼ਤ ਵਿਰੋਧ ਕੀਤਾ ਸੀ। ਉਸਦਾ ਮਤ ਸੀ ਕਿ ਜਦੋਂ ਗਾਇਕ ਨੇ ਗੀਤ ਗਾਉਣ ਲਈ ਆਪਣੀ ਤੈਅ ਰਕਮ ਇੱਕ ਵਾਰ ਲੈ ਲਈ ਤਾਂ ਫਿਰ ਰਾਇਲਟੀ ਮੰਗਣ ਦੀ ਕੋਈ ਤੁਕ ਨਹੀਂ ਬਣਦੀ। ਉਹ ਛੇ ਸਾਲ ਤਕ ਲਤਾ ਨਾਲ ਨਰਾਜ਼ ਰਿਹਾ ਸੀ ਤੇ ਇਸ ਦੌਰਾਨ ਦੋਵਾਂ ਨੇ ਕੋਈ ਗੀਤ ਇਕੱਠਿਆਂ ਨਹੀਂ ਗਾਇਆ ਸੀ। ਸੰਗੀਤਕਾਰ ਜੋੜੀ ਸ਼ੰਕਰ-ਜੈ ਕਿਸ਼ਨ ਨੇ ਅਖ਼ੀਰ ਦੋਵਾਂ ਦਰਮਿਆਨ ਸੁਲ੍ਹਾ ਕਰਵਾਈ ਸੀ ਤੇ ਉਪਰੰਤ ਸੰਗੀਤਕਾਰ ਐੱਸ.ਡੀ. ਬਰਮਨ ਵਲੋਂ ਆਯੋਜਿਤ ਇੱਕ ਮਿਊਜ਼ੀਕਲ ਨਾਈਟ ਵਿੱਚ ਇਨ੍ਹਾਂ ਦੋਵਾਂ ਗਾਇਕਾਂ ਨੇ ਮੁੜ ਇਕੱਠਿਆਂ ਗਾਉਣਾ ਸ਼ੁਰੂ ਕੀਤਾ ਸੀ।
ਸਭ ਜਾਣਦੇ ਹਨ ਕਿ ਫਿਲਮ ‘ਬੈਜੂ ਬਾਵਰਾ’ ਲਈ ਰਫ਼ੀ ਦਾ ਗਾਇਆ ਗੀਤ “ਓ ਦੁਨੀਆ ਕੇ ਰਖਵਾਲੇ” ਅਮਰ ਨਗ਼ਮਾ ਹੈ। ਇਸ ਗੀਤ ਲਈ ਰਫ਼ੀ ਨੇ ਕਈ ਦਿਨ ਸਖ਼ਤ ਰਿਆਜ਼ ਕੀਤਾ ਸੀ ਤੇ ਗੀਤ ਰਿਕਾਰਡ ਕਰਵਾਉਣ ਉਪਰੰਤ ਉਸਦੇ ਗਲੇ ਦੀ ਹਾਲਤ ਇੰਨੀ ਖਰਾਬ ਹੋ ਗਈ ਸੀ ਕਿ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਰਫ਼ੀ ਹੁਣ ਕਦੀ ਗਾ ਨਹੀਂ ਪਾਏਗਾ। ਮੁੰਬਈ ਦੀ ਹੀ ਜੇਲ੍ਹ ਵਿੱਚ ਕੈਦ ਇੱਕ ਕੈਦੀ ਨੂੰ ਜਦੋਂ ਫ਼ਾਂਸੀ ਦਿੱਤੀ ਜਾਣ ਦਾ ਸਮਾਂ ਆਇਆ ਸੀ ਤਾਂ ਉਸਨੇ ਆਖ਼ਰੀ ਇੱਛਾ ਵਜੋਂ ਰਫ਼ੀ ਦੇ ਇਸ ਗੀਤ ਨੂੰ ਸੁਣਾਏ ਜਾਣ ਦੀ ਇੱਛਾ ਪ੍ਰਗਟ ਕੀਤੀ ਸੀ। ਜੇਲ੍ਹ ਕਰਮਚਾਰੀਆਂ ਵੱਲੋਂ ਉਸਦੀ ਇਸ ਇੱਛਾ ਨੂੰ ਪੂਰਾ ਕਰਨ ਲਈ ਇੱਕ ਟੇਪ ਰਿਕਾਰਡ ਦਾ ਪ੍ਰਬੰਧ ਕੀਤਾ ਗਿਆ ਤੇ ਇਹ ਗੀਤ ਸੁਣਵਾਉਣ ਤੋਂ ਬਾਅਦ ਹੀ ਉਸ ਕੈਦੀ ਨੂੰ ਫ਼ਾਂਸੀ ਦਿੱਤੀ ਗਈ ਸੀ।
ਜਿਸ ਦਿਨ ਬਾਲੀਵੁੱਡ ਦੇ ਇਸ ਮਹਿਬੂਬ ਗਾਇਕ ਦਾ ਜਨਾਜ਼ਾ ਕਬਰਸਤਾਨ ਵੱਲ ਲਿਜਾਇਆ ਜਾ ਰਿਹਾ ਸੀ ਤਾਂ ਅੰਤਾਂ ਦੀ ਬਾਰਿਸ਼ ਹੋ ਰਹੀ ਸੀ ਤੇ ਇੰਜ ਲੱਗ ਰਿਹਾ ਸੀ ਜਿਵੇਂ ਖ਼ੁਦਾ ਵੀ ਹੰਝੂ ਵਹਾ ਰਿਹਾ ਹੋਵੇ। ਜਨਾਜ਼ੇ ਵਿੱਚ ਸ਼ਾਮਲ ਦਸ ਹਜ਼ਾਰ ਤੋਂ ਵੱਧ ਲੋਕਾਂ ਦੀਆਂ ਅੱਖਾਂ ਵਿੱਚੋਂ ਅੱਥਰੂ ਛਮ ਛਮ ਵਹਿ ਰਹੇ ਸਨ। ਇਸ ਮਹਾਨ ਗਾਇਕ ਦੇ ਸਨਮਾਨ ਵਿੱਚ ਸਰਕਾਰ ਵੱਲੋਂ ਦੋ ਦਿਨ ਦਾ ਸੋਗ ਵੀ ਰੱਖਿਆ ਗਿਆ ਸੀ। ਬੜੇ ਹੀ ਦੁੱਖ ਦੀ ਗੱਲ ਇਹ ਵੀ ਰਹੀ ਸੀ ਕਿ ਜਿਸ ਕਬਰ ਵਿੱਚ ਰਫ਼ੀ ਦੀ ਦੇਹ ਨੂੰ ਸਪੁਰਦੇ ਖ਼ਾਕ ਕੀਤਾ ਗਿਆ ਸੀ, ਕੁਝ ਸਾਲ ਬਾਅਦ ਕਬਰਸਤਾਨ ਦੀ ਦਿੱਖ ਬਦਲਣ ਦੇ ਨਾਂ ’ਤੇ ਉਹ ਕਬਰ ਅਤੇ ਉਸਦੇ ਨਾਲ ਲਗਦੀ ਅਦਾਕਾਰਾ ਮਧੂਬਾਲਾ ਦੀ ਕਬਰ ਵੀ ਢਾਹ ਦਿੱਤੀ ਗਈ ਸੀ।
ਕਿੰਨੀ ਵੱਡੀ ਗੱਲ ਹੈ ਕਿ ਫਿਲਮ ‘ਨੀਲ ਕਮਲ’ ਲਈ “ਬਾਬੁਲ ਕੀ ਦੁਆਏਂ ਲੇਤੀ ਜਾ?” ਨਾਮਕ ਗੀਤ ਜਦੋਂ ਰਿਕਾਰਡ ਕੀਤਾ ਗਿਆ ਸੀ ਤਾਂ ਰਫ਼ੀ ਸਾਹਿਬ ਦੀਆਂ ਆਪਣੀਆਂ ਅੱਖਾਂ ਵਿੱਚੋਂ ਹੰਝੂ ਨਹੀਂ ਸਨ ਰੁਕ ਰਹੇ ਅਤੇ ਹਰੇਕ ਸਾਜ਼ਿੰਦਾ ਵੀ ਜ਼ਾਰ ਜ਼ਾਰ ਰੋ ਰਿਹਾ ਸੀ। ਰਫ਼ੀ ਸੱਚਮੁੱਚ ਹੀ ਦਿਲ ਤੋਂ ਹੀ ਨਹੀਂ ਰੂਹ ਤੋਂ ਵੀ ਗਾਉਂਦਾ ਸੀ।
ਸੰਨ 1980 ਵਿੱਚ ਫਿਲਮ ‘ਆਸਪਾਸ’ ਲਈ “ਸ਼ਾਮ ਫਿਰ ਕਿਉਂ ਉਦਾਸ ਹੈ, ਤੂੰ ਕਹੀਂ ਆਸਪਾਸ ਹੈ।” ਨਾਮਕ ਗੀਤ ਰਿਕਾਰਡ ਕਰਵਾਉਣ ਦੇ ਕੁਝ ਘੰਟਿਆਂ ਬਾਅਦ ਹੀ ਮੁਹੰਮਦ ਰਫ਼ੀ ਇਸ ਸੰਸਾਰ ਤੋਂ ਸਦਾ ਲਈ ਰੁਖ਼ਸਤ ਹੋ ਗਿਆ ਸੀ ਪਰ ਉਸਦੇ ਗੀਤਾਂ ਦੀਆਂ ਬਾਤਾਂ ਰਹਿੰਦੀ ਦੁਨੀਆਂ ਤਕ ਪੈਂਦੀਆਂ ਰਹਿਣਗੀਆਂ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)











































































































