ParamjitSNikkeGhuman7ਵਿਸ਼ਵ ਪੱਧਰ ’ਤੇ ਬਜ਼ੁਰਗਾਂ ਲਈ ਕੋਈ ਦਿਨ ਮਨਾਉਣ ਦੀ ਗੱਲ ਸੰਨ 1990 ਵਿੱਚ ਸੰਯੁਕਤ ਰਾਸ਼ਟਰ ...
(17 ਨਵੰਬਰ 2025)

 

ਸਿਆਣੇ ਆਖਦੇ ਹਨ ਕਿ ਉਹ ਜੀਵ ਬਹੁਤ ਹੀ ਕਰਮਾਂ ਵਾਲੇ ਹੁੰਦੇ ਹਨ, ਜਿਹੜੇ ਬੁਢਾਪੇ ਦੀ ਅਵਸਥਾ ਤਕ ਪੁੱਜ ਜਾਂਦੇ ਹਨ ਤੇ ਆਪਣੀਆਂ ਸਾਰੀਆਂ ਸਮਾਜਿਕ ਜ਼ਿੰਮੇਵਾਰੀਆਂ ਨੂੰ ਪੂਰਨ ਕਰਕੇ ਅਤੇ ਆਪਣਾ ਬੁਢਾਪਾ ਵਧੀਆ ਗੁਜ਼ਾਰ ਕੇ ਇਸ ਜਹਾਨ ਨੂੰ ਅਲਵਿਦਾ ਆਖ ਜਾਂਦੇ ਹਨ। ਪਰ ਕੌੜਾ ਸੱਚ ਇਹ ਵੀ ਹੈ ਕਿ ਹਰੇਕ ਬਜ਼ੁਰਗ ਦੇ ਹਿੱਸੇ ਸ਼ਾਨਦਾਰ ਅਤੇ ਸੁਖਦਾਇਕ ਬੁਢਾਪਾ ਨਹੀਂ ਆਉਂਦਾ। ਆਪਣੇ ਧੀਆਂ-ਪੁੱਤਾਂ ਵੱਲੋਂ ਤਿਆਗੇ ਕਈ ਬਜ਼ੁਰਗ ਬਿਰਧ ਆਸ਼ਰਮਾਂ ਵਿੱਚ ਆਪਣੇ ਜੀਵਨ ਦੇ ਅੰਤਿਮ ਦਿਨ ਬਿਤਾਉਂਦੇ ਹਨ ਅਤੇ ਕਈ ਕਰਮਾਂ ਮਾਰੇ ਕਿਸੇ ਵੱਡੇ ਰੋਗ ਤੋਂ ਗ੍ਰਸਤ ਹੋ ਕੇ ਘਰ ਜਾਂ ਹਸਪਤਾਲ ਵਿੱਚ ਅੱਡੀਆਂ ਰਗੜ-ਰਗੜ ਕੇ ਪ੍ਰਾਣ ਤਿਆਗ ਜਾਂਦੇ ਹਨ।

ਇਸ ਸੱਚ ਤੋਂ ਤਾਂ ਕੋਈ ਵੀ ਮੁਨਕਰ ਨਹੀਂ ਹੋ ਸਕਦਾ ਹੈ ਕਿ ਬਜ਼ੁਰਗਾਂ ਕੋਲ ਗਿਆਨ ਅਤੇ ਤਜਰਬੇ ਦਾ ਵੱਡਾ ਭੰਡਾਰ ਹੁੰਦਾ ਹੈ। ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਆਏ ਉਤਰਾਵਾਂ-ਚੜ੍ਹਾਵਾਂ ਨੂੰ ਬੜਾ ਹੀ ਨੇੜਿਉਂ ਤੱਕਿਆ ਹੁੰਦਾ ਹੈ ਅਤੇ ਆਪਣੇ ਪਿੰਡੇ ਉੱਤੇ ਹੰਢਾਇਆ ਹੁੰਦਾ ਹੈ। ਇਸੇ ਤਰ੍ਹਾਂ ਕਿਸੇ ਵੀ ਮੁਲਕ ਜਾਂ ਕੌਮ ਦੇ ਬਜ਼ੁਰਗ ਉਸ ਮੁਲਕ ਜਾਂ ਕੌਮ ਦੇ ਸੱਭਿਆਚਾਰ ਅਤੇ ਵਿਰਸੇ ਦੇ ਵਾਹਕ ਵੀ ਹੁੰਦੇ ਹਨ ਅਤੇ ਲੋੜ ਪੈਣ ’ਤੇ ਘਰਾਂ ਦੇ ਜੰਦਰੇ ਵੀ ਸਾਬਤ ਹੁੰਦੇ ਹਨ। ਆਪਣੇ ਜਾਂ ਦੂਜਿਆਂ ਦੇ ਬਜ਼ੁਰਗਾਂ ਨੂੰ ਮਾਣ-ਸਨਮਾਨ ਦੇਣਾ ਉਨ੍ਹਾਂ ਉੱਤੇ ਕੋਈ ਅਹਿਸਾਨ ਨਹੀਂ ਹੈ ਸਗੋਂ ਇਹ ਸਾਡਾ ਸਭ ਦਾ ਨੈਤਿਕ ਕਰਤਵ ਹੈ। ਘਰ ਦੇ ਬਜ਼ੁਰਗਾਂ ਨੂੰ ਦੁਰਕਾਰ ਕੇ ਦੇਵੀ-ਦੇਵਤਿਆਂ ਜਾਂ ਗੁਰੂਆਂ-ਪੀਰਾਂ ਨੂੰ ਖੁਸ਼ ਕਰਨ ਲਈ ਵੱਡੇ-ਵੱਡੇ ਆਯੋਜਨ ਕਰਨ ਵਾਲੇ ਮਨੁੱਖਾਂ ਨੂੰ ਪਰਮਾਤਮਾ ਕਦੇ ਮੁਆਫ਼ ਨਹੀਂ ਕਰਦਾ ਹੈ ਤੇ ਉਨ੍ਹਾਂ ਦੁਆਰਾ ਭੇਂਟ ਕੀਤੀ ਕੋਈ ਵੀ ਸ਼ੈਅ ਪਰਮੇਸ਼ਰ ਦੇ ਦਰ ’ਤੇ ਪਰਵਾਨ ਨਹੀਂ ਹੁੰਦੀ। ਬੇਸ਼ਕ ਭਾਰਤ ਵਿੱਚ ‘ਪਿੱਤਰ ਰਿਣ’ ਚੁਕਾਉਣ ਲਈ ਕਈ ਪ੍ਰਕਾਰ ਦੇ ਕਰਮ-ਕਾਂਡ ਕਰਨ ਦੀ ਪਿਰਤ ਹੈ ਪ੍ਰੰਤੂ ਅੰਤਿਮ ਸੱਚ ਇਹੋ ਹੈ ਕਿ ਆਪਣਾ ਸਾਰਾ ਕੁਝ ਅਰਪਣ ਕਰਕੇ ਵੀ ਮਾਪਿਆਂ ਦਾ ਜਾਂ ਘਰ ਦੇ ਵੱਡੇ ਬਜ਼ੁਰਗਾਂ ਦੇ ਅਹਿਸਾਨਾਂ ਦਾ ਰਿਣ ਭਾਵ ਕਰਜ਼ਾ ਕਦੇ ਵੀ ਨਹੀਂ ਉਤਾਰਿਆ ਜਾ ਸਕਦਾ ਹੈ।

ਵਿਸ਼ਵ ਪੱਧਰ ’ਤੇ ਬਜ਼ੁਰਗਾਂ ਲਈ ਕੋਈ ਦਿਨ ਮਨਾਉਣ ਦੀ ਗੱਲ ਸੰਨ 1990 ਵਿੱਚ ਸੰਯੁਕਤ ਰਾਸ਼ਟਰ ਸੰਘ ਦੀ ਆਮ ਸਭਾ ਵਿੱਚ 14 ਦਸੰਬਰ ਨੂੰ ਚੱਲੀ ਸੀ ਤੇ ਸਰਬਸੰਮਤੀ ਨਾਲ ਮਤਾ ਪ੍ਰਵਾਨ ਕੀਤਾ ਗਿਆ ਸੀ ਕਿ ਦੁਨੀਆਂ ਭਰ ਦੇ ਬਜ਼ੁਰਗਾਂ ਦੇ ਸਤਿਕਾਰ ਵਿੱਚ ਹਰ ਸਾਲ 1 ਅਕਤੂਬਰ ਦੇ ਦਿਨ ‘ਕੌਮਾਂਤਰੀ ਬਜ਼ੁਰਗ ਦਿਵਸ’ ਵਜੋਂ ਮਨਾਇਆ ਜਾਵੇਗਾ ਤੇ ਇਸ ਦਿਨ ਨੂੰ ਮਨਾਏ ਜਾਣ ਦੀ ਸ਼ੁਰੂਆਤ ਸੰਨ 1991 ਵਿੱਚ ਹੋਈ ਸੀ। ਅਸਲ ਵਿੱਚ ਇਸ ਦਿਨ ਨੂੰ ਮਨਾਉਣ ਦਾ ਮੁੱਖ ਮਕਸਦ ਇਸ ਮੌਕੇ ਬਜ਼ੁਰਗਾਂ ਨੂੰ ਦਰਪੇਸ਼ ਮੁਸ਼ਕਿਲਾਂ ਅਤੇ ਸਮੱਸਿਆਵਾਂ ਪ੍ਰਤੀ ਲੋਕਾਂ ਦਾ ਧਿਆਨ ਦੁਆਉਣਾ ਅਤੇ ਬਜ਼ੁਰਗਾਂ ਵੱਲੋਂ ਜੀਵਨ ਵਿੱਚ ਕੀਤੀਆਂ ਪ੍ਰਾਪਤੀਆਂ ਅਤੇ ਸਮਾਜ ਜਾਂ ਦੇਸ਼ ਦੀ ਤਰੱਕੀ ਵਿੱਚ ਪਾਏ ਯੋਗਦਾਨ ਨੂੰ ਸਲਾਮ ਕਰਨਾ ਹੈ। ਸੰਯੁਕਤ ਰਾਸ਼ਟਰ ਸੰਘ ਇਹ ਮੰਨਦਾ ਹੈ ਕਿ ਇਸ ਦਿਨ ਨੂੰ ਮਨਾਉਣ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਇਸ ਦਿਨ ਆਪਣੇ ਘਰ, ਗਲੀ, ਮੁਹੱਲੇ ਜਾਂ ਕਿਸੇ ਬਿਰਧ ਆਸ਼ਰਮ ਵਿੱਚ ਮੌਜੂਦ ਕਿਸੇ ਬਜ਼ੁਰਗ ਨਾਲ ਸਮਾਂ ਬਿਤਾਇਆ ਜਾਵੇ, ਉਸਦੀਆਂ ਗੱਲਾਂ ਸੁਣੀਆਂ ਜਾਣ ਤੇ ਉਸਦੀਆਂ ਉਸਦੀਆਂ ਲੋੜਾਂ ਪੂਰੀਆਂ ਕੀਤੀਆਂ ਜਾਣ ਤੇ ਉਸਦਾ ਮਨ ਹਰ ਹਾਲ ਵਿੱਚ ਖ਼ੁਸ਼ ਕੀਤਾ ਜਾਵੇ।

ਬਜ਼ੁਰਗ ਹੋ ਚੁੱਕੇ ਵਿਅਕਤੀ ਦੀਆਂ ਅਸਲ ਵਿੱਚ ਕਈ ਪ੍ਰਕਾਰ ਦੀਆਂ ਸਰੀਰਕ, ਮਾਨਸਿਕ, ਭਾਵਨਾਤਮਕ ਜਾਂ ਆਰਥਿਕ ਪ੍ਰੇਸ਼ਾਨੀਆਂ ਹੁੰਦੀਆਂ ਹਨ। ਕੁਝ ਇੱਕ ਪੱਛਮੀ ਮੁਲਕਾਂ ਵਿੱਚ ਵਸਦੇ ਬਜ਼ੁਰਗਾਂ ਦਾ ਬੁਢਾਪਾ ਵਧੀਆ ਢੰਗ ਨਾਲ ਅਤੇ ਬਿਨਾਂ ਕਿਸੇ ਧੀ-ਪੁੱਤ ਦੀ ਮਦਦ ਦੇ ਬਿਤਾਉਣ ਦਾ ਜ਼ਿੰਮਾ ਸਰਕਾਰ ਦੇ ਸਿਰ ਹੈ ਅਤੇ ਹਰੇਕ ਬਜ਼ੁਰਗ ਨੂੰ ਲੋੜੀਂਦੀ ਮਦਦ ਸਰਕਾਰੀ ਤੌਰ ’ਤੇ ਉਪਲਬਧ ਹੈ। ਪਰ ਭਾਰਤ, ਪਾਕਿਸਤਾਨ, ਬੰਗਲਾਦੇਸ਼ ਜਾਂ ਹੋਰ ਏਸ਼ੀਆਈ ਅਤੇ ਅਫ਼ਰੀਕੀ ਮੁਲਕਾਂ ਵਿੱਚ ਗ਼ਰੀਬ ਅਤੇ ਬੇਸਹਾਰਾ ਬਜ਼ੁਰਗਾਂ ਦੀ ਹਾਲਤ ਕਾਫ਼ੀ ਮੰਦੀ ਅਤੇ ਤਰਸਯੋਗ ਹੈ। ਪ੍ਰਾਪਤ ਅੰਕੜਿਆਂ ਅਨੁਸਾਰ ਦੁਨੀਆਂ ਭਰ ਵਿੱਚ ਹਰ ਰੋਜ਼ 1 ਲੱਖ 50 ਹਜ਼ਾਰ ਦੇ ਕਰੀਬ ਲੋਕ ਵੱਖ-ਵੱਖ ਕਾਰਨਾਂ ਕਰਕੇ ਪ੍ਰਾਣ ਤਿਆਗਦੇ ਹਨ, ਜਿਨ੍ਹਾਂ ਵਿੱਚੋਂ ਤਕਰੀਬਨ 1 ਲੱਖ ਵਿਅਕਤੀ ਭਾਵ 75 ਫ਼ੀਸਦੀ ਵਿਅਕਤੀ ਬੁਢਾਪੇ ਜਾਂ ਬੁਢਾਪੇ ਨਾਲ ਸਬੰਧਿਤ ਰੋਗਾਂ ਅਤੇ ਸਮੱਸਿਆਵਾਂ ਕਰਕੇ ਜਾਨ ਗੁਆਉਂਦੇ ਹਨ। ਉਦਯੋਗਿਕ ਮੁਲਕਾਂ ਵਿੱਚ ਤਾਂ ਕੁੱਲ ਮੌਤਾਂ ਵਿੱਚੋਂ ਬਜ਼ਰਗਾਂ ਦੀ ਮੌਤ ਦਾ ਅੰਕੜਾ 90 ਫ਼ੀਸਦੀ ਹੈ।

ਬਜ਼ਰੁਗ ਅਵਸਥਾ ਵਿੱਚ ਕਿਸੇ ਆਰਥਿਕ ਜਾਂ ਸਮਾਜਿਕ ਲੋੜ ਕਰਕੇ ਕਿਸੇ ਬਜ਼ੁਰਗ ਦਾ ਰੁਲਦਾ ਬੁਢਾਪਾ ਉਸ ਸਬੰਧਿਤ ਪਰਿਵਾਰ ਜਾਂ ਸਮਾਜ ਦੇ ਮੱਥੇ ’ਤੇ ਕਲੰਕ ਹੈ। ਭਾਰਤ ਵਿੱਚ ਤੇ ਖ਼ਾਸ ਕਰਕੇ ਪੰਜਾਬ ਵਿੱਚ ਬਜ਼ੁਰਗਾਂ ਨੂੰ ਦਿੱਤੀ ਜਾਣ ਵਾਲੀ ਮਹੀਨਾਵਾਰ ਸਰਕਾਰੀ ਮਦਦ ਬਹੁਤ ਹੀ ਨਿਗੂਣੀ ਅਤੇ ਨਾਕਾਫ਼ੀ ਹੈ ਤੇ ਉਹ ਮਦਦ ਵੀ ਨਿਰੰਤਰ ਨਾ ਮਿਲਣਾ ਲੋੜਵੰਦ ਬਜ਼ੁਰਗਾਂ ਲਈ ਵੱਡੀ ਪ੍ਰੇਸ਼ਾਨੀ ਦਾ ਸਬੱਬ ਬਣਦਾ ਹੈ। ਇੱਕ ਸਰਵੇ ਅਨੁਸਾਰ ਬਜ਼ੁਰਗਾਂ ਨੂੰ ਹੋਣ ਵਾਲੀਆਂ ਪ੍ਰਮੁੱਖ ਬਿਮਾਰੀਆਂ ਵਿੱਚ ਹੱਡੀਆਂ, ਅੱਖਾਂ ਅਤੇ ਦਿਲ ਸਬੰਧੀ ਰੋਗ ਹਨ। ਡਾਇਬਿਟੀਜ਼ ਭਾਵ ਸ਼ੂਗਰ ਸਬੰਧੀ ਰੋਗ, ਹਾਈ ਬਲੱਡ ਪ੍ਰੈੱਸ਼ਰ, ਅਲਜ਼ਾਈਮਰ, ਪਾਰਕਿਨਸਨ, ਅਤੇ ਕੈਂਸਰ ਆਦਿ ਰੋਗ ਬਿਰਧਾਂ ਲਈ ਕਾਫ਼ੀ ਘਾਤਕ ਸਾਬਤ ਹੁੰਦੇ ਹਨ। 85 ਸਾਲ ਦੀ ਉਮਰ ਤਕ ਪੁੱਜਣ ਵਾਲੇ ਕੁੱਲ ਬਜ਼ੁਰਗਾਂ ਵਿੱਚੋਂ 30 ਫ਼ੀਸਦੀ ਬਜ਼ੁਰਗ ਕੈਂਸਰ ਦੀ ਮਾਰ ਹੇਠ ਆ ਜਾਂਦੇ ਹਨ ਤੇ ਦੂਜਾ ਵੱਡਾ ਹਮਲਾ ਇਨ੍ਹਾਂ ਉੱਤੇ ‘ਬਰੇਨ ਸਟ੍ਰੋਕ’ ਦੇ ਰੂਪ ਵਿੱਚ ਹੁੰਦਾ ਹੈ। ਕੈਂਸਰ ਰੋਗ ਸਬੰਧਿਤ ਖੋਜੀ ਰਾਬਰਟ ਵੇਨਬਰਗ ਨੇ ਕਿਹਾ ਸੀ, “ਜੇਕਰ ਅਸੀਂ ਲੰਮੀ ਉਮਰ ਭੋਗਦੇ ਹਾਂ ਤਾਂ ਚਾਹੇ ਛੇਤੀ ਤੇ ਚਾਹੇ ਦੇਰ ਨਾਲ ਅਸੀਂ ਕੈਂਸਰ ਦੇ ਸ਼ਿਕਾਰ ਜ਼ਰੂਰ ਬਣਾਂਗੇ।”

ਮੈਡੀਕਲ ਮਾਹਿਰਾਂ ਦਾ ਮੰਨਣਾ ਹੈ ਕਿ ਉਂਜ ਤਾਂ ਸਟ੍ਰੋਕ ਕਿਸੇ ਵੀ ਉਮਰ ਵਿੱਚ ਮਨੁੱਖੀ ਸਰੀਰ ’ਤੇ ਹਮਲਾ ਕਰ ਸਕਦਾ ਹੈ ਪਰ ਦੁਨੀਆਂ ਭਰ ਵਿੱਚ ਆਉਣ ਵਾਲੇ ਸਟ੍ਰੋਕ ਦੇ ਕੁੱਲ ਮਾਮਲਿਆਂ ਵਿੱਚੋਂ 95 ਫ਼ੀਸਦੀ ਸਟ੍ਰੋਕ 45 ਸਾਲ ਦੀ ਉਮਰ ਤੋਂ ਬਾਅਦ ਅਤੇ 67 ਫ਼ੀਸਦੀ ਸਟ੍ਰੋਕ 65 ਜਾਂ ਇਸ ਤੋਂ ਵੱਧ ਦੀ ਉਮਰ ਵਿੱਚ ਆਉਂਦੇ ਹਨ। ਇੱਕ ਹੈਰਾਨੀਜਨਕ ਅੰਕੜਾ ਇਹ ਵੀ ਹੈ ਕਿ ਬਜ਼ੁਰਗਾਂ ਦੀ ਦੇਖਭਾਲ ਕਰਨ ਵਾਲਿਆਂ ਵਿੱਚੋਂ 59 ਤੋਂ ਲੈ ਕੇ 75 ਫ਼ੀਸਦੀ ਤਕ ਮਹਿਲਾਵਾਂ ਹੀ ਹੁੰਦੀਆਂ ਹਨ ਜੋ ਕਿ ਬਹੁਤ ਹੀ ਮਾਣ ਦੀ ਗੱਲ ਹੈ। ਇਹ ਤੱਥ ਵੀ ਪ੍ਰਸ਼ੰਸਾਯੋਗ ਪਾਇਆ ਗਿਆ ਹੈ ਕਿ ਬਜ਼ੁਰਗਾਂ ਦੀ ਦੇਖਭਾਲ ਕਰਨ ਵਾਲੇ ਅਮਲੇ ਵਿੱਚ ਸ਼ਾਮਲ ਮਹਿਲਾ ਕਰਮਚਾਰੀਆਂ ਨੇ ਪੁਰਸ਼ ਕਰਮਚਾਰੀਆਂ ਦੀ ਬਨਿਸਪਤ 50 ਫ਼ੀਸਦੀ ਵੱਧ ਸਮਾਂ ਬਜ਼ੁਰਗਾਂ ਦੀ ਸੇਵਾ ਜਾਂ ਦੇਖਭਾਲ ਵਿੱਚ ਬਿਤਾਇਆ ਸੀ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ

ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ

Batala, Gurdaspur, Punjab, India.
Phone: (91 - 97816-46008)
Email: (paramjeetsingh1973@gmail.com)

More articles from this author