“‘ਲਉ ਜੀ’ ਕਹਿ ਕੇ ਐਸੀ ਪਾਣੀ ਵਿੱਚ ਮਧਾਣੀ ਪਾਉਣੀ ਕਿ ਆਪਣੀਆਂ ਡੀਂਗਾਂ ਨੂੰ ...”
(25 ਅਕਤੂਬਰ 2017)
ਅਸਲ ਗੱਲ ਵੱਲ ਆਉਣ ਤੋਂ ਪਹਿਲਾਂ ਇੱਕ ਦਿਲਚਸਪ ਮਿਸਾਲ ਸੁਣ ਲਉ, ਜੋ ‘ਅਸਲ ਗੱਲ’ ਦਾ ਅੰਤ੍ਰੀਵ ਭਾਵ ਸਮਝਣ ਲਈ ਸਹਾਇਤਾ ਕਰੇਗੀ। ਬਚਪਨ ਵੇਲੇ ਪਿੰਡ ਦੇ ਬਾਹਰਵਾਰ ਪੈਂਦੇ ਸਾਡੇ ਘਰ ਦੇ ਆਂਢ-ਗੁਆਂਢ ਵਿੱਚ ਬਰਸਾਤ ਮੌਕੇ ਸੱਪ-ਸਪੋਲੀਏ ਬਹੁਤ ਨਿਕਲਦੇ ਹੁੰਦੇ ਸਨ। ਅਕਸਰ ਰੋਜ਼ਾਨਾ ਸ਼ਾਮ ਪੈਂਦਿਆਂ ਕਿਸੇ ਨਾ ਕਿਸੇ ਘਰੋਂ ‘ਸੱਪ ਓਏ ... ਸੱਪ ਓਏ’ ਦਾ ਰੌਲਾ ਪੈ ਜਾਂਦਾ। ਅਜੋਕੇ ਸ਼ੋਰ ਪ੍ਰਦੂਸ਼ਣ ਤੋਂ ਮੁਕਤ ਉਦੋਂ ਦੇ ਸ਼ਾਂਤ ਪੇਂਡੂ ਮਾਹੌਲ ਵਿੱਚ ‘ਸੱਪ ਓਏ’ ਦੀਆਂ ਕਿਲਕਾਰੀਆਂ ਇੱਕਦਮ ਸਾਰੇ ਪਿੰਡ ਵਿੱਚ ਫੈਲ ਜਾਂਦੀਆਂ ਅਤੇ ਲਾਗ-ਪਾਸ ਮੁੰਡਿਆਂ-ਬੁੱਢਿਆਂ ਨੇ ਝੱਟ ਲਾਠੀਆਂ-ਸੋਟੇ ਲੈ ਕੇ ਰੌਲੇ ਦੇ ਰੁਖ ਭੱਜ ਪੈਣਾ ਤੇ ਨਾਲ ਹੀ ਤਮਾਸ਼ਬੀਨ ਨਿਆਣਿਆਂ-ਸਿਆਣਿਆਂ ਨੇ ਦਬੀੜਾਂ ਚੱਕ ਦੇਣੀਆਂ।
ਭੈ-ਭੀਤ ਹੋਏ ਖੜ੍ਹੇ ਘਰ ਦੇ ਜੀਆਂ ਪਾਸੋਂ ਸੱਪ ਦੀ ਨਿਸ਼ਾਨਦੇਹੀ ਲੈ ਕੇ ਇਸ ਸੱਪ-ਮਾਰ ਬਿਗ੍ਰੇਡ ਨੇ ਕਦੇ-ਕਦੇ ਸੱਪ ਚੁੰਡ ਵੀ ਦੇਣਾ ਤੇ ਕਈ ਵਾਰ ਧਰਤੀ ‘ਵਿਹਲ’ ਵੀ ਦੇ ਦਿੰਦੀ ਸੀ ਸੱਪ ਨੂੰ। ਇੰਜ ਜਿਸ ਵੇਲੇ ਸੱਪ ਮਾਰਿਆ ਜਾਂਦਾ, ਉਸ ਦੇ ਦੁਆਲੇ ਦਰਸ਼ਕਾਂ ਦੀ ਭੀੜ ਜੁੜ ਜਾਂਦੀ। ਸਾਡੇ ਗੁਆਂਢ ਇੱਕ ਗਪੌੜੀ ਜਿਹਾ ਬੰਦਾ ਹੁੰਦਾ ਸੀ, ਜੋ ਹਮੇਸ਼ਾ ਸੱਪ ਮਰੇ ਤੋਂ ਹੀ ਸੋਟਾ ਲੈ ਕੇ ਭੱਜਾ ਆਉਂਦਾ।
ਲੰਮ-ਸਲੰਮੇ ਮਰੇ ਪਏ ਸੱਪ ਦੁਆਲੇ ਜੁੜੇ ਹੋਏ ਝੁਰਮਟ ਵਿੱਚ ਧੁੱਸ ਦੇ ਕੇ ਘੁਸਦਿਆਂ ਹੋਇਆਂ ਉਸ ਨੇ ‘ਹਟੀਂ ਓਏ ... ਦੇਖੀਂ ਓਏ’ ਕਰਦੇ ਨੇ ਪੁੱਛੀ ਜਾਣਾ, ‘ਕਿੱਥੇ ਆ ... ਕਿੱਥੇ ਆ ਸੱਪ?’ ਮੁੰਡਿਆਂ-ਖੁੰਡਿਆਂ ਨੇ ਹੱਸਦਿਆਂ ਹੋਇਆਂ ਇਸ਼ਾਰਾ ਕਰਨਾ, “ਤਾਇਆ ਸਿਆਂ, ਔਹ ਦੇਖ, ਬੜੀ ਮੁਸ਼ਕਲ ਨਾਲ ਮਾਰਿਆ ਅਸੀਂ!”
ਸੱਪ ਅਜਿਹਾ ਅਜੀਬ ਜਾਨਵਰ ਹੈ ਕਿ ਅੱਗਿਉਂ ਭਾਵੇਂ ਇਹ ਸਾਰਾ ਚਿੱਥਿਆ ਪਿਆ ਹੋਵੇ, ਪਰ ਇਸ ਦੀ ਪੂਛ ਕਿੰਨਾ ਚਿਰ ਪਲਸੇਟੇ ਜਿਹੇ ਮਾਰਦੀ ਰਹਿੰਦੀ ਹੈ। ਇੰਜ ਲਾਠੀਆਂ ਨਾਲ ਭੰਨੇ-ਚਿੱਥੇ ਪਏ ਸੱਪ ਦੀ ਪੂਛ ਹਿੱਲਦੀ ਦੇਖ ਕੇ ਉਸ ਗਪੌੜੀ ਤਾਏ ਨੇ ਇੱਕ ਦਮ ਭੁੜਕ ਪੈਣਾ, ਹਿੱਲਦੀ ਪੂਛ ਉੱਤੇ ਉੱਪਰੋਥਲੀ ਸੋਟੇ ਮਾਰਦੇ ਨੇ ਕਹਿਣਾ, “ਹੂੰਅ! ਅੰਨ੍ਹੇ ਆਂ ਤੁਸੀਂ? ਕੌਣ ਕਹਿੰਦੈ ਇਹਨੂੰ ਮਰਿਆ ਵਾ? ਏ ... ਏ ਆਹ ਦੇਖੋ, ਹੁਣ ਮਰਿਆ ਐ।”
ਮਰੇ ਸੱਪ ਨੂੰ ਮਾਰਨ ਦੀ ‘ਬਹਾਦਰੀ’ ਦਿਖਾ ਕੇ ‘ਤੀਸ ਮਾਰ ਖ਼ਾਂ’ ਬਣਦਿਆਂ ਉਸ ਨੇ ਘਰ ਵਾਲਿਆਂ ਦੇ ਬਿਨਾਂ ਕਹੇ ਹੀ ਮੰਜੇ ’ਤੇ ਸਜ ਕੇ ਬਹਿ ਜਾਣਾ। ਮੁੰਡਿਆਂ ਨੂੰ ਸੱਪ ਦੱਬਣ ਦੀਆਂ ਬਿਨ-ਮੰਗੀਆਂ ‘ਹਦਾਇਤਾਂ’ ਦੇ ਕੇ ਉਸ ਨੇ ਸੱਪ ਮਾਰਨ ਦੀਆਂ ਆਪਣੀਆਂ ਪੁਰਾਣੀਆਂ ਗੱਪ-ਕਥਾਵਾਂ ਇਉਂ ਛੋਹ ਲੈਣੀਆਂ, ਜਿਵੇਂ ਸਾਬਕਾ ਫ਼ੌਜੀ ਖੁੰਢ ’ਤੇ ਬੈਠੇ ਆਪਣੇ ਜੰਗੀ ਕਾਰਨਾਮੇ ਸੁਣਾਉਂਦੇ ਹੁੰਦੇ ਨੇ।
ਵਿੱਚੋਂ ਗੱਲ ਇਹ ਹੁੰਦੀ ਸੀ ਕਿ ਗਪੌੜੀ ਤਾਇਆ ਮੁਫ਼ਤ ਦੀਆਂ ਛਕਣ-ਛਕਾਉਣ ਦਾ ਬੜਾ ਸ਼ੁਕੀਨ ਸੀ। ਆਨੇ-ਬਹਾਨੇ ਅਣ-ਸੱਦਿਆ ਪ੍ਰਾਹੁਣਾ ਬਣਨਾ ਉਸ ਦਾ ਨਿੱਤ ਦਾ ਕਰਮ ਸੀ। ਘਰਦਿਆਂ ਨੇ ਸੋਚਣਾ ਕਿ ਇਹ ਦਫ਼ਾ ਹੋਵੇ ਇੱਥੋਂ, ਪਰ ਉਸ ਨੇ ਆਪਣਾ ਤਕੀਆ ਕਲਾਮ ‘ਲਉ ਜੀ’ ਕਹਿ ਕੇ ਐਸੀ ਪਾਣੀ ਵਿੱਚ ਮਧਾਣੀ ਪਾਉਣੀ ਕਿ ਆਪਣੀਆਂ ਡੀਂਗਾਂ ਨੂੰ ਮੋਹਰਲੇ ਰੋਟੀ-ਟੁੱਕ ਕਰਨ ਦੇ ਵੇਲੇ ਤੱਕ ਖਿੱਚ ਕੇ ਲੈ ਜਾਣਾ!
ਹੁਣ ਇਸ ਮਿਸਾਲ ਵਿੱਚ ਮੱਲੋ-ਮੱਲੀ ਬਣਦੇ ‘ਨਾਇਕ’ ਨੂੰ ਧਿਆਨ ਵਿੱਚ ਰੱਖ ਕੇ ਜ਼ਰਾ ਸੁੱਚਾ ਸਿੰਘ ਲੰਗਾਹ ਨੂੰ ਪੰਥ ਵਿੱਚੋਂ ਖਾਰਜ ਕਰਨ ਵਾਲਾ ‘ਸਖ਼ਤ ਅਤੇ ਫੁਰਤੀਲਾ ਐਕਸ਼ਨ’ ਲੈਣ ਵਾਲੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਦਾ ਵਿਅਕਤੀਤਵ ਵਿਚਾਰੋ। ਲੰਮੇ ਅਰਸੇ ਤੋਂ ਆਪਣੀ ਪਦ-ਪਦਵੀ ਨੂੰ ਭੁੱਲ ਕੇ ਜਾਰੀ ਕੀਤੇ ਗਏ ਹੁਕਮਨਾਮਿਆਂ ਤੇ ‘ਮੁਆਫ਼ੀ-ਨਾਮਿਆਂ’ ਕਾਰਨ ਉਹ ਸਿੱਖ ਜਗਤ ਵਿੱਚ ‘ਅਣਚਾਹਿਆ ਮਹਿਮਾਨ’ ਨਹੀਂ ਬਣੇ ਹੋਏ?
ਸੁੱਚਾ ਸਿੰਘ ਲੰਗਾਹ ਵਾਲੀ ਹੱਦ ਸਿਰੇ ਦੀ ਬਦਇਖਲਾਕੀ ਕਰਤੂਤ ਦੇਖ-ਸੁਣ ਕੇ ਬੱਚਾ-ਬੱਚਾ ਥੂਹ-ਥੂਹ ਕਰ ਰਿਹਾ ਹੈ। ਮੁਤਵਾਜ਼ੀ ਜਥੇਦਾਰਾਂ ਨੇ ਪਹਿਲੋਂ ਹੀ ਲੰਗਾਹ ਨੂੰ ਸਿੱਖੀ ਵਿੱਚੋਂ ਖਾਰਜ ਕਰ ਦਿੱਤਾ ਸੀ। ਵਿੱਚੇ ਸ਼੍ਰੋਮਣੀ ਕਮੇਟੀ ਅਤੇ ਪੰਥਕ ਪਾਰਟੀ ਕਹਾਉਂਦੇ ਅਕਾਲੀ ਦਲ ਤੱਕ ਨੂੰ ਸਾਰੇ ਲੋਕ ਦੁਰ-ਦੁਰ ਕਰ ਰਹੇ ਹਨ। ਸਿੱਖ ਜਗਤ ਲਈ ਬੇਹੱਦ ਸ਼ਰਮਿੰਦਗੀ ਦਿਵਾਉਣ ਵਾਲੇ ਇਸ ਮਾਹੌਲ ਵਿੱਚ ਗਿਆਨੀ ਗੁਰਬਚਨ ਸਿੰਘ ਨੇ ਉਤਲੇ ਮਾਲਕਾਂ ਵੱਲੋਂ ਆਏ ਫ਼ੈਸਲੇ ’ਤੇ ਮੋਹਰ ਲਾ ਕੇ ਭਲਾ ਕਿਹੜਾ ਕੱਦੂ ਵਿੱਚ ਤੀਰ ਮਾਰਿਆ ਹੈ?
ਆਪਣੀ ਰਿਜ਼ਕ-ਰੋਟੀ ਦੀ ਚਿੰਤਾ, ਦੂਜੇ ਲਫ਼ਜ਼ਾਂ ਵਿੱਚ ਅਹੁਦੇ ’ਤੇ ਬਣੇ ਰਹਿਣ ਦੀ ਲਾਲਸਾ ਤੇ ਉਸ ਦੀ ਸਲਾਮਤੀ ਖ਼ਾਤਰ ‘ਮਰ ਜਾਉ ਚਿੜੀਉ, ਜੀਅ ਪਉ ਚਿੜੀਉ’ ਵਾਂਗ ਮਾਲਕਾਂ ਦਾ ਹੁਕਮ ਵਜਾਉਂਦੇ ਆ ਰਹੇ ਜਥੇਦਾਰ ਨੇ ਬੱਚੇ-ਬੱਚੇ ਦੀ ਨਜ਼ਰ ਵਿੱਚ ਗਿਰ ਚੁੱਕੇ ਲੰਗਾਹ ਦੇ ਮਾਮਲੇ ਵਿੱਚ ਉਪਰੋਕਤ ਗਪੌੜੀ ਤਾਏ ਵਾਂਗ ਮਰੇ ਹੋਏ ਸੱਪ ਦੇ ਸੋਟੀਆਂ ਨਹੀਂ ਮਾਰੀਆਂ?
*****
(874)
ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)