TarlochanSDupalpur6ਠਹਾਕੇ ਮਾਰ ਮਾਰ ਹੱਸਦਿਆਂ ਬੁੜ੍ਹਿਆਂ ਨੇ ਉਸ ਸੰਦੂਕ ਦੀ ਹੋਣੀ ਦੱਸ ਕੇ ਗੱਲ ਨਬੇੜਨੀ ...
(20 ਮਾਰਚ 2022)
ਮਹਿਮਾਨ: 302.

 

ਬਜ਼ੁਰਗ ਆਗੂ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੇ ਵਿਧਾਨ ਸਭਾ ਚੋਣਾਂ ਵਿੱਚ ਹੋਈ ‘ਰਿਕਾਰਡ ਤੋੜ’ ਹਾਰ ਮਗਰੋਂ ਜੋ ਹੁਣ ਪੈਨਸ਼ਨ ਲੈਣ ਤੋਂ ਇਨਕਾਰ ਕੀਤਾ ਹੈ, ਉਸਨੇ ਲੱਦੇ ਊਠ ਤੋਂ ਛਾਨਣੀ ਲਾਹੁਣ ਵਾਲ਼ਾ ਮੁਹਾਵਰਾ ਚੇਤੇ ਕਰਵਾ ਦਿੱਤਾ ਹੈ ਚੰਡੀਗੜ੍ਹੋਂ ਛਪਦੀ ‘ਪੰਜਾਬੀ ਟ੍ਰਿਬਿਊਨ’ ਦੇ 18 ਮਾਰਚ 2022 ਵਾਲ਼ੇ ਅੰਕ ਵਿੱਚ ਪੰਜਾਬ ਰਾਜ ਦੇ ਵਿਧਾਨਕਾਰਾਂ ਨੂੰ ਮਿਲਦੀ ਪੈਨਸ਼ਨ ਬਾਰੇ ਛਪੀ ਇੱਕ ਰਿਪੋਰਟ ਵਿੱਚ ਲਿਖਿਆ ਹੋਇਆ ਹੈ:

… ਭਾਵੇਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਸਾਬਕਾ ਵਿਧਾਇਕ ਵਾਲੀ ਪੈਨਸ਼ਨ ਲੈਣ ਤੋਂ ਇਨਕਾਰ ਕਰ ਦਿੱਤਾ ਹੈ ਪਰ ਉਹ 5.26 ਲੱਖ ਪ੍ਰਤੀ ਮਹੀਨਾ ਪੈਨਸ਼ਨ ਲੈਣ ਦੇ ਹੱਕਦਾਰ ਬਣ ਗਏ ਸਨ

ਇਸ ਤੋਂ ਇਲਾਵਾ ਐੱਮ.ਐੱਲ਼ਏ ਸਾਹਿਬਾਨ ਦੀਆਂ ਪੈਨਸ਼ਨਾਂ ਬਾਰੇ ਇਹ ਜਾਣਕਾਰੀ ਵੀ ਇਸੇ ਖਬਰ ਵਿੱਚ ਦਰਜ ਹੈ:

“ਨਿਯਮਾਂ ਅਨੁਸਾਰ ਜੋ ਇੱਕ ਵਾਰ ਵਿਧਾਇਕ ਬਣ ਜਾਂਦਾ ਹੈ ਉਹ ਸਭ ਭੱਤਿਆਂ ਸਮੇਤ 75, 150 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਾ ਹੱਕਦਾਰ ਬਣ ਜਾਂਦਾ … ਜੇ ਦੋ ਵਾਰ ਵਿਧਾਇਕ ਬਣਦਾ ਤਾਂ ਸਵਾ ਲੱਖ ਰੁਪਏ, ਤਿੰਨ ਵਾਰੀ ਬਣਨ ’ਤੇ ਪੌਣੇ ਦੋ ਲੱਖ ਪ੍ਰਤੀ ਮਹੀਨਾ …!”

ਇਹ ਵੇਰਵੇ ਪੜ੍ਹ ਕੇ ਮਨ ਵਿੱਚ ਸਵਾਲ ਉੱਠਦਾ ਹੈ ਕਿ ਸੰਨ ਸਤਵੰਜਾ ਵਿੱਚ ਪਹਿਲੀ ਵਾਰ ਐੱਮ.ਐੱਲ.ਏ ਬਣ ਕੇ 95-96 ਸਾਲ ਦੀ ਉਮਰ ਤਕ ‘ਖੁਸ਼ੀ ਖੁਸ਼ੀ’ ਪੈਨਸ਼ਨਾਂ ਦੀਆਂ ਰਕਮਾਂ ਲੈਣ ਵਾਲ਼ੇ ਕਰੋੜਾਂ ਅਰਬਾਂ ਪਤੀ ਸ੍ਰੀ ਬਾਦਲ ਨੂੰ ਪੈਨਸ਼ਨ ਰੂਪੀ ‘ਘਰੇ ਆਉਂਦੀ ਲੱਛਮੀ’ ਅਚਾਨਕ ਹੁਣੇ ਹੀ ਕਿਉਂ ‘ਬੁਰੀ’ ਲੱਗਣ ਲੱਗ ਪਈ ਹੋਵੇਗੀ? ਬਾਰਾਂ ਵਾਰ ਚੋਣਾਂ ਲੜ ਕੇ ਸਦਾ ਜੇਤੂ ਰਹਿਣ ਵਾਲ਼ੇ ਬਜ਼ੁਰਗ ਬਾਦਲ ਨੂੰ ਹੁਣ ਅਖੀਰੀ ਉਮਰੇ ਤੇਰ੍ਹਵੀਂ ਚੋਣ ਵਿੱਚ ਇੱਕ ਸਧਾਰਨ ਜਿਹੇ ਕਿਸਾਨ ਹੱਥੋਂ ਬੁਰੀ ਤਰ੍ਹਾਂ ਹਾਰਨ ਬਾਅਦ ਪੈਨਸ਼ਨ ‘ਦਾਨ ਕਰਨ’ ਦਾ ਫੁਰਨਾ ਚਾਣਚੱਕ ਕਿਉਂ ਫੁਰਿਆ ਹੋਊ? ਇਨ੍ਹਾਂ ਸਵਾਲਾਂ ਦੇ ਜਵਾਬ, ਅਗਲੀਆਂ ਕੁਝ ਸਤਰਾਂ ਵਿੱਚ ਹਨ।

ਸੰਨ 70-71 ਵਿੱਚ ਜਦ ਮੈਂ ਸਕੂਲੇ ਪੜ੍ਹਨ ਲੱਗ ਪਿਆ ਤਾਂ ਸਾਡੇ ਪਿੰਡ ਬੋਹੜ ਥੱਲੇ ਖੇਡਣ ਵੇਲੇ ਉੱਥੇ ਬਹਿਣ ਵਾਲ਼ੇ ਬਜ਼ੁਰਗ ਬਾਪੂਆਂ ਦੀਆਂ ਗੱਲਾਂ ਸੁਣਨ ਦਾ ਭੁਸ ਵੀ ਪੈ ਗਿਆ ਮੈਂਨੂੰ! ਸਾਡੇ ਇਲਾਕੇ ਦੇ ਇੱਕ ਕਜੂੰਸ ਬੰਦੇ ਦੀ ਗੱਲ ਕਰਕੇ ਉਹ ਬੜਾ ਹੱਸਦੇ! ਕਹਿੰਦੇ ਉਸ ਕੰਜੂਸ ਦੀ ਘਰ ਵਾਲੀ ਭੱਜ ਗਈਜਦ ਲੋਕ ਉਹਦੇ ਕੋਲ਼ ਅਫਸੋਸ ਕਰਨ ਜਾਣ ਤਾਂ ਉੁਹ ਅੱਗਿਉਂ ਅੰਦਰ ਪਏ ਸੰਦੂਕ ਵੱਲ ਹੱਥ ਕਰਕੇ ਕਿਹਾ ਕਰੇ, “ਭਰਾਵੋ, ਅੰਦਰ ਵੜਨ ਨੂੰ ਮੇਰੀ ਵੱਢੀ ਰੂਹ ਨ੍ਹੀ ਕਰਦੀ … ਸੰਦੂਕ ਦੇਖ ਕੇ ਸੱਲ ਪੈਂਦਾ ਐ ਮੇਰੇ ਕਾਲ਼ਜੇ … ਜੇ ‘ਕੰਜਰੀ’ ਨੇ ਜਾਣਾ ਈ ਤੀ, ਤਾਂ ਆਹ ਲੱਕੜੀ (ਸੰਦੂਕ) ਨੂੰ ਤਾਂ ਅੱਗ ਲਾ ਜਾਂਦੀ ਜਾਣ ਲੱਗੀ …!”

ਠਹਾਕੇ ਮਾਰ ਮਾਰ ਹੱਸਦਿਆਂ ਬੁੜ੍ਹਿਆਂ ਨੇ ਉਸ ਸੰਦੂਕ ਦੀ ਹੋਣੀ ਦੱਸ ਕੇ ਗੱਲ ਨਬੇੜਨੀ, ਅਖੇ ਛੜੇ ਰਹਿ ਗਏ ਉਸ ਕੰਜੂਸ ਨੇ ‘ਸੱਲ ਲਾਉਣਾ ਸੰਦੂਕ’ ਕਿਸੇ ਲਾਂਭ ਦੇ ਪਿੰਡ ਦੇ ਬੰਦੇ ਨੂੰ ਮੁਫਤੋ ਮੁਫਤੀ ਚੁਕਾ ਦਿੱਤਾ ਸੀ।

ਹੁਣ ਜ਼ਰਾ ਬਜ਼ੁਰਗ ਬਾਦਲ ਦੀ ਪੈਨਸ਼ਨ ਬਾਰੇ ਸੋਚੋਜਿਸ ਵਿਧਾਨ ਸਭਾ ਵਿੱਚ ਹੁਣ ਨਾ ਉਹ ਖੁਦ ਆਪ, ਨਾ ਉਨ੍ਹਾਂ ਦੇ ਹੱਥੀਂ ਲਾਏ ਬੂਟਿਆਂ ਵਿੱਚੋਂ ਉਨ੍ਹਾਂ ਦਾ ਪੁੱਤ, ਨਾ ਪੁੱਤ ਦਾ ਸਾਲ਼ਾ ਸਾਹਿਬ, ਨਾ ਨੂੰਹ, ਨਾ ਜਵਾਈ ਅਤੇ ਨਾ ਹੀ ਕੋਈ ਹੋਰ ਅੰਗ-ਸਾਕ ਬੈਠਾ ਹੋਵੇ … ਸਾਰਿਆਂ ਨੂੰ ‘ਝਾੜੂ’ ਨੇ ਮੱਖਣ ਵਿੱਚੋਂ ਵਾਲ਼ ਵਾਂਗ ਕੱਢ ਮਾਰਿਆ ਹੋਵੇ, ਉਸ ਵਿਧਾਨ ਸਭਾ ਤੋਂ ਆਉਣ ਵਾਲੀ ਪੈਨਸ਼ਨ ਨੇ ਉਕਤ ਵਾਰਤਾ ਵਿਚਲੇ ਸੰਦੂਕ ਵਾਂਗ ਸ੍ਰੀ ਬਾਦਲ ਦੇ ਕਾਲ਼ਜੇ ਸੱਲ ਹੀ ਪਾਉਣਾ ਸੀ; ਸੋ ਉਨ੍ਹਾਂ ਨੇ ਚੜ੍ਹਦੇ ਮਹੀਨੇ ਕਾਲ਼ਜੇ ਪੈਣ ਵਾਲ਼ੇ ਸੱਲ ਦਾ ਇਲਾਜ ਕਰ ਲਿਆ!

ਜਾਂ ਫਿਰ ਉਨ੍ਹਾਂ ਵੱਲੋਂ ਪੈਨਸ਼ਨ ‘ਦਾਨ ਵਜੋਂ’ ਮੋੜਨ ਦਾ ਇੱਕ ਕਾਰਨ ਹੋਰ ਇਹ ਵੀ ਹੋ ਸਕਦਾ ਹੈ:

ਕਹਿੰਦੇ ਦੋ ਦੋਸਤ ਕਿਸੇ ਸੁੰਨਮਸਾਨ ਜਗ੍ਹਾ ਇਕੱਠੇ ਤੁਰੇ ਜਾ ਰਹੇ ਸਨਝਾੜੀਆਂ ’ਚ ਲੁਕਿਆ ਬੈਠਾ ਇੱਕ ਲੁਟੇਰਾ ਅਚਾਨਕ ਉਨ੍ਹਾਂ ਮੋਹਰੇ ਆ ਖੜ੍ਹਾ ਹੋਇਆ! ਕਹਿੰਦਾ, ਕੱਢ ਦਿਉ ਜੋ ਜੋ ਕੁਝ ਜੇਬਾਂ ਵਿੱਚ ਹੈਗਾ। ਦੋਹਾਂ ਵਿੱਚੋਂ ਇੱਕ ਜਣਾ ਬਹੁਤ ਚੁਸਤ ਚਲਾਕ ਸੀਉਸਨੇ ਫੁਰਤੀ ਨਾਲ ਆਪਣੀ ਜੇਬ ਵਿੱਚੋਂ ਸੌ ਰੁਪਏ ਦਾ ਨੋਟ ਕੱਢ ਕੇ ਆਪਣੇ ਦੋਸਤ ਨੂੰ ਫੜਾਉਂਦਿਆਂ ਕਿਹਾ, “ਲੈ ਫੜ ਭਰਾਵਾ ਆਪਣਾ ਉਧਾਰ!” ਨਾਲ਼ੇ ਚੋਰ ਨੂੰ ਕਹਿੰਦਾ, “ਜੀ ਮੇਰੇ ਕੋਲ਼ ਤਾਂ ਆਹੀ ਇੱਕੋ ਨੋਟ ਸੀਗਾ … ਉਹ ਵੀ ਮੈਂ ਉਧਾਰਾ ਲਿਆ ਫੜਿਆ ਹੋਇਆ ਸੀ ਇਹਤੋਂ …!”

ਦੋਹਾਂ ਮਿਸਾਲਾਂ ਵਿੱਚੋਂ ਤੁਹਾਨੂੰ ਜ਼ਿਆਦਾ ਕਿਹੜੀ ਢੁਕਵੀਂ ਲੱਗੀ? ਇਹ ਤੁਹਾਡੀ ਮਰਜ਼ੀ!

*****

About the Author

ਤਰਲੋਚਨ ਸਿੰਘ ਦੁਪਾਲਪੁਰ

ਤਰਲੋਚਨ ਸਿੰਘ ਦੁਪਾਲਪੁਰ

San Jose, California, USA.
Phone: (408 - 915 - 1268)
Email: (tsdupalpuri@yahoo.com)

More articles from this author