TarlochanDupalpur7ਯਾਰ ਆਹ ਕੀ ਗੰਦ-ਮੰਦ ਜਿਹਾ ਪਿਆ ਐ ਕੜਾਹੀ ਵਿੱਚ?” ਉਹ ਸ਼ਰਾਰਤੀ ਜਿਹੀ ਹਾਸੀ ਹੱਸਦਿਆਂ ...
(25 ਅਪ੍ਰੈਲ 2019)

 

ਅਜੋਕੇ ਚੋਣ-ਪ੍ਰਚਾਰ ਦੇ ਭਖੇ ਹੋਏ ਮਾਹੌਲ ਵਿੱਚ ਸਿਆਸੀ ਪਾਰਟੀਆਂ ਦੀ ਦਲ ਦਲਵਾਲ਼ੀ ਸਥਿਤੀ ਤਾਂ ਭਾਵੇਂ ਸਾਰੇ ਦੇਸ਼ ਵਿੱਚ ਹੀ ਬਣੀ ਹੋਈ ਹੈ ਪਰ ਇਸ ਵਾਰ ਪੰਜਾਬ ਦਾ ਸਿਆਸੀ ਪਿੜ ਬਾਹਲ਼ਾ ਹੀ ਜਲੇਬੀ-ਨੁਮਾਵਿੰਗ- ਵਲ਼ੇਵਿਆਂ ਵਾਲ਼ਾ ਬਣਿਆ ਹੋਇਆ ਹੈ। ਵਿਧਾਨ ਸਭਾ ਵਿੱਚ ਮੁੱਖ ਵਿਰੋਧੀ ਪਾਰਟੀ ਆਪਦਾ ਹਾਲ ਦੇਖ ਲਉ। ਕੋਈ ਪਤਾ ਨਹੀਂ ਕਿ ਇਸ ਪਾਰਟੀ ਦੇ ਕਿੰਨੇ ਵਿਧਾਇਕ ਕਿਹਦੇ ਹਮਾਇਤੀ ਹਨ! ਫਿਲਹਾਲ ਇਸ ਪਾਰਟੀ ਬਾਰੇ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਇਹ ਕਾਂਗਰਸ ਵਿਰੋਧੀ ਰਹੇਗੀ, ਜਾਂ ਉਸ ਨਾਲ ਚੋਣ-ਗਠਬੰਧਨ ਕਰ ਲਵੇਗੀ। ਤੀਨ ਬੁਲਾਏ ਤੇਰਾਂ ਆਏ, ਦੇ ਦਾਲ ਮੇਂ ਪਾਣੀਵਾਲ਼ੇ ਮੁਹਾਵਰੇ ਵਾਂਗ ਸਿਰਫ ਤੇਰਾਂ ਸੀਟਾਂ ਵਾਸਤੇ ਕਾਂਗਰਸ, ਅਕਾਲੀ ਦਲ (ਬ) ਅਕਾਲੀ ਦਲ (ਅ) ਅਕਾਲੀ ਦਲ (ਟਕਸਾਲੀ) ਅਕਾਲੀ ਦਲ (1920) ਆਪ, ਭਾਜਪਾ ਪੰਜਾਬ ਏਕਤਾ ਪਾਰਟੀ, ਲੋਕ ਇਨਸਾਫ ਮੋਰਚਾ, ਪੰਜਾਬ ਫਰੰਟ ਵਗੈਰਾ ਵਗੈਰਾ ਦਲਾਂ ਦੇ ਦਰਜਨਾਂ ਉਮੀਦਵਾਰਾਂ ਨੇ ਘੜਮੱਸ ਜਿਹਾ ਪਾਇਆ ਹੋਇਆ ਹੈ। ਇਸ ਆਪਾ-ਧਾਪੀ ਨੂੰ ਦੇਖਦਿਆਂ ਕਿਹਾ ਜਾ ਸਕਦਾ ਹੈ ਕਿ ਇਹ ਲੋਕ ਸਭਾਈ ਚੋਣਾਂ ਪੰਜਾਬ ਵਾਸੀਆਂ ਲਈ ਬਹੁਤ ਔਖਾ ਪਰਚਾ ਲੈ ਕੇ ਆਈਆਂ ਹਨ। ਪੰਜਾਬ ਦੇ ਵੋਟਰਾਂ ਲਈ ਕੋਈ ਇੱਕ ਫੈਸਲਾ ਲੈਣਾ ਬਹੁਤ ਕਠਿਨ ਹੋ ਜਾਣਾ ਹੈ। ਪੰਜਾਬ ਵਿਚਲੇ ਇਸ ਸਿਆਸੀ ਰੌਲ-ਘਚੌਲ਼ੇ ਵਾਲ਼ੇ ਸਮੁੱਚੇ ਵਰਤਾਰੇ ਦੀ ਵਿਅੰਗਮਈ ਵਿਆਖਿਆ ਕਰਦਿਆਂ ਇੱਥੇ ਮੈਂ ਦੋ ਕਹਾਣੀਆਂ’ ਪੇਸ਼ ਕਰਨ ਜਾ ਰਿਹਾਂ। ਇਨ੍ਹਾਂ ਵਿੱਚੋਂ ਇੱਕ ਤਾਂ ਮੈਂ ਬਜ਼ੁਰਗਾਂ ਦੀ ਸੱਥ ਵਿਚੋਂ ਸੁਣੀ ਹੋਈ ਹੈ, ਤੇ ਦੂਜੀ ਹੈ ਮੇਰੀ ਅੱਖੀਂ ਦੇਖੀ ਵਾਰਤਾ ਹੈ।

ਪਹਿਲਾਂ ਇੱਕ ਸਿੱਖ ਵਿਦਵਾਨ ਮੂੰਹੋਂ ਸੁਣਿਆਂ ਹੋਇਆ ਲਤੀਫਾ ਹਾਜ਼ਰ ਹੈ! ਸ੍ਰੀ ਮਾਨ ਜੀ ਨੇ ਇੱਕ ਵੇਲੇ ਪੰਜਾਬ ਦੀ ਸਿੱਖ ਸਿਆਸਤ ਬਾਰੇ ਲੇਖ ਅਖਬਾਰ ਨੂੰ ਭੇਜਿਆ। ਚਾਰ ਪੰਜ ਦਿਨਾਂ ਬਾਅਦ ਅਖਬਾਰ ਦੇ ਦਫਤਰੋਂ ਲੇਖਕ ਨੂੰ ਫੋਨ ਗਿਆ। ਉਨ੍ਹਾਂ ਪੁੱਛਿਆ ਕਿ ਤੁਹਾਡੇ ਲੇਖ ਵਿਚ ਕੁੱਲ ਛੇ ਅਕਾਲੀ ਦਲਾਂ ਦਾ ਜ਼ਿਕਰ ਹੈ। ਕ੍ਰਿਪਾ ਕਰਕੇ ਅਕਾਲੀ ਦਲਾਂ ਦੀ ਗਿਣਤੀ ਕਨਫਰਮ’ ਕਰਕੇ ਸਾਨੂੰ ਸੂਚਿਤ ਕਰੋ ਕਿ ਹੁਣ ਤੱਕ’ ਇਹ ਗਿਣਤੀ ਕਿਤੇ ਵਧ ਘਟ ਤੇ ਨਹੀਂ ਗਈ?

ਹੁਣ ਪਹਿਲੀ ਕਹਾਣੀ:

ਕਹਿੰਦੇ ਪੁਰਾਣੇ ਵੇਲਿਆਂ ਵਿੱਚ ਕਿਸੇ ਪਿੰਡ ਵਿੱਚ ਇੱਕ ਪੰਡਿਤ ਰਹਿੰਦਾ ਸੀ। ਸੀ ਤਾਂ ਵਿਚਾਰਾ ਉਹ ਕੋਰਾ ਅਨਪੜ੍ਹ, ਪਰ ਬਹੁਤੇ ਅਨਪੜ੍ਹਾਂ ਵਾਲੇ ਪਿੰਡ ਵਿੱਚ ਸਵਾ ਲੱਖ’ ਪੰਡਿਤ ਹੋਣ ਸਦਕਾ ਉਹ ਸਾਰੇ ਪਿੰਡ ਵਾਸੀਆਂ ਨੂੰ ਲੋੜ ਪੈਣ ਤੇ ਤਿੱਥ-ਵਾਰ ਜਾਂ ਦਿਨ-ਦਿਹਾਰ ਦੱਸਣ ਦੀ ਸੇਵਾ ਕਰਕੇ ਦਾਨ-ਦੱਖਣਾ ਲੈ ਛੱਡਦਾ। ਜਦ ਵੀ ਕਿਸੇ ਮਾਈ ਭਾਈ ਨੇ ਤਿੱਥ ਤਰੀਕ ਪੁੱਛਣ ਆਉਣਾ ਤਾਂ ਪੰਡਿਤ ਜੀ ਨੇ ਜਜਮਾਨ ਨੂੰ ਬਾਹਰ ਹੀ ਡੱਠੇ ਮੰਜੇ ਤੇ ਬਿਠਾ ਕੇ ਆਪ ਅੰਦਰ ਵੜ ਜਾਣਾ। ਜਜਮਾਨਾਂ ਸੋਚਣਾ ਕਿ ਪੰਡਿਤ ਹੁਣੀ ਅੰਦਰ ਪੋਥੀ ਫੋਲਣ ਗਏ ਹੋਣਗੇ, ਪਰ ਤਿੱਥ ਦੇਖਣ ਦਾ ਉਹਦਾ ਆਪਣਾ ਹੀ’ ਹਿਸਾਬ ਕਿਤਾਬ ਸੀ! ਪੰਜ ਦਸ ਮਿੰਟ ਬਾਅਦ ਉਸਨੇ ਗੁਣ-ਗੁਣ ਮਿਣ-ਮਿਣ’ ਕਰਦਿਆਂ ਬਾਹਰ ਆ ਕੇ ਦੱਸ ਦੇਣਾ ਕਿ ਅੱਜ ਇੰਨੀ ਤਰੀਕ ਹੋ ਗਈ ਹੈ।

ਦਰਅਸਲ ਮੂੰਹ ਵਿੱਚ ਮੰਤਰ ਪੜ੍ਹਨ’ ਦਾ ਤਾਂ ਉਹ ਨਾਟਕ ਹੀ ਕਰਦਾ ਸੀ, ਤਾਂ ਕਿ ਪਿੰਡ ਵਾਲ਼ੇ ਉਸਨੂੰ ਵਿਦਵਾਨ ਸਮਝਣ। ਪਰ ਅੰਦਰ ਉਸਨੇ ਇੱਕ ਘੜਾ ਰੱਖਿਆ ਹੋਇਆ ਸੀ। ਜਿਸ ਵਿੱਚ ਉਹ ਸੰਗਰਾਂਦ ਵਾਲ਼ੇ ਦਿਨ ਤੋਂ ਸ਼ੁਰੂ ਕਰਕੇ ਆਪਣੀ ਪਾਲਤੂ ਬੱਕਰੀ ਦੀ ਇੱਕ ਮੀਂਗਣ ਰੋਜ਼ ਪਾ ਦਿੰਦਾ। ਜਦ ਵੀ ਕੋਈ ਤਰੀਕ ਪ੍ਰਵਿਸ਼ਟਾ ਪੁੱਛਣ ਆਉਂਦਾ ਤਾਂ ਉਹ ਘੜੇ ਵਿਚਲੀਆਂ ਮੀਂਗਣਾ ਗਿਣਕੇ ਦੱਸ ਦਿੰਦਾ ਕਿ ਕਿੰਨੇ ਦਿਨ ਮਹੀਨਾ ਚਲਾ ਗਿਆ ਹੈ।

ਕਿਸੇ ਦਿਨ ਉਨ੍ਹਾਂ ਦੀ ਇੱਕ ਗਵਾਂਢਣ ਮਾਈ ਤਰੀਕ ਪੁੱਛਣ ਆਈ। ਜਦ ਪੰਡਿਤ ਜੀ ਨੇ ਅੰਦਰ ਜਾ ਕੇ ਘੜੇ ਵਿੱਚ ਹੱਥ ਪਾਇਆ ਤਾਂ ਉਹ ਅੱਧਾ ਮੀਂਗਣਾ ਨਾਲ ਭਰਿਆ ਪਿਆ ਸੀ! ਅਸਲ ਵਿੱਚ ਹੋਇਆ ਇਹ ਸੀ ਕਿ ਪੰਡਿਤ ਦੇ ਕਿਸੇ ਬਾਲ-ਅੰਞਾਣੇ ਨੇ ਆਪਣੇ ਭਾਪੇ ਨੂੰ ਘੜੇ ਵਿੱਚ ਮੀਂਗਣ ਸੁੱਟਦਾ ਦੇਖ ਲਿਆ। ਉਹ ਭੋਲ਼ਾ ਕਈ ਦਿਨ ਬੱਕਰੀ ਦੀਆਂ ਸਾਰੀਆਂ ਹੀ ਮੀਂਗਣਾ ਘੜੇ ਵਿੱਚ ਸੁੱਟਦਾ ਰਿਹਾ! ਵਿਚਾਰੇ ਪੰਡਿਤ ਜੀ ਇਹ ਭਾਣਾ ਵਰਤਿਆ’ ਦੇਖ ਕੇ ਸ਼ਸ਼ੋਪੰਜ ਵਿੱਚ ਪੈ ਗਏ ਕਿ ਹੁਣ ਮੈਂ ਬਾਹਰ ਜਾ ਕੇ ਕਿੰਨੀ ਤਰੀਕ ਦੱਸਾਂ?

ਆਖਰ ਉਨ੍ਹਾਂ ਬਾਹਰ ਆ ਕੇ ਮਾਈ ਨੂੰ ਕਿਹਾ ਕਿ ਅੱਜ ਚਾਲ਼ੀ ਤਰੀਕ ਹੋ ਗਈ ਆ! ਇਹ ਨਵੇਕਲੀ ਜਿਹੀ ਤਰੀਕ ਸੁਣਕੇ ਮਾਈ ਸਿਰ ਖੁਰਕਦੀ ਕਹਿੰਦੀ ਕਿ ਪੰਡਿਤ ਜੀ, ਤਰੀਕ ਤਾਂ ਵੱਧ ਤੋਂ ਵੱਧ ਇੱਕ ਵੀਹੀ ਨਾਲ ਇੱਕ ਦਾਹਾ ਤੇ ਇੱਕ-ਅੱਧ ਦਿਨ ਉੱਪਰ ਤੱਕ ਹੀ ਸੁਣਦੇ ਆਏ ਹਾਂ ਹੁਣ ਤੱਕ। ਆਹ ਦੋ ਵੀਹੀਆਂ ਵਾਲ਼ੀ ਤਰੀਕ ਪਹਿਲੀ ਵਾਰ ਸੁਣੀ ਐਂ!

ਝੁੰਜਲਾਏ ਹੋਏ ਪੰਡਿਤ ਜੀ ਖਿਝ ਕੇ ਬੋਲੇ - ਬੀਬੀ, ਗਵਾਂਢਣ ਹੋਣ ਕਰਕੇ ਮੈਂ ਤੇਰੇ ਨਾਲ਼ ਲਿਹਾਜ ਕਰਦਿਆਂ ਚਾਲ਼ੀ ਤਰੀਕ ਹੀ ਦੱਸੀ ਐ। ਪਰ ਅੰਦਰ ਪੋਥੀ ਤੇ ਤਾਂ ਤਰੀਕ ਕਈ ਸੈਂਕੜਿਆਂ ਤੋਂ ਵੀ ਉੱਪਰ ਟੱਪੀ ਹੋਈ ਹੈ!

**

ਹੁਣ ਮੇਰੀ ਅੱਖੀਂ ਦੇਖੀ ਵਾਰਤਾ

ਬੱਸ ਅੱਡੇ ਉੱਤੇ ਸੜਕ ਕੰਢੇ ਬਣੇ ਇੱਕ ਹੋਟਲ ਵਾਲ਼ੇ ਮੇਰੇ ਮਿੱਤਰ ਸਨ। ਜਿੱਥੇ ਮੈਂ ਅਕਸਰ ਆਪਣਾ ਸਕੂਟਰ ਖੜ੍ਹਾ ਕਰਕੇ ਕਿਤੇ ਜਲੰਧਰ, ਅੰਮ੍ਰਿਤਸਰ, ਚੰਡੀਗੜ੍ਹ ਜਾਂ ਕਿਧਰੇ ਹੋਰ ਦੂਰ-ਦੁਰੇਡੇ ਜਾਣ ਲਈ ਬੱਸੇ ਬਹਿੰਦਾ ਹੁੰਦਾ ਸਾਂ। ਸਾਈਕਿਲ-ਸਕੂਟਰ ਤਾਂ ਹੋਰ ਲੋਕ ਵੀ ਉਨ੍ਹਾਂ ਦੇ ਹੋਟਲ ਬਾਹਰ ਖੜ੍ਹੇ ਕਰ ਜਾਂਦੇ ਸਨ ਪਰ ਜਾਣੂ ਹੋਣ ਕਰਕੇ ਮੇਰੇ ਸਕੂਟਰ ਦੀ ਰਾਖੀ ਰੱਖਣੀ ਉਹ ਆਪਣੀ ਜਿੰਮੇਵਾਰੀ ਸਮਝਦੇ ਸਨ।

ਇੱਕ ਵਾਰ ਮੈਂ ਸੁਵਖਤੇ ਹੀ ਉੱਥੇ ਜਾ ਪਹੁੰਚਾ। ਨੌਕਰ ਸਾਫ-ਸਫਾਈਆਂ ਕਰ ਹਟੇ ਸਨ ਤੇ ਮਾਲਕ ਧੂਫ-ਬੱਤੀ ਕਰਕੇ ਆਪਣੇ ਲਈ ਚਾਹ ਬਣਾ ਰਿਹਾ ਸੀ। ਮੈਂਨੂੰ ਦੇਖ ਕੇ ਉਸਨੇ ਚਾਹ ਪੀਣ ਲਈ ਅੰਦਰ ਬੁਲਾ ਲਿਆ। ਧੂੰਏਂ ਨਾਲ ਕਾਲ਼ੇ-ਪੀਲ਼ੇ ਹੋਏ ਪਏ ਜਿਸ ਕਮਰੇ ਵਿੱਚ ਉਹ ਭੱਠੀ ਉੱਤੇ ਸਮਾਨ ਬਣਾਉਂਦੇ ਸਨ, ਮੈਂ ਉੱਥੇ ਮਾਲਕ ਹਲਵਾਈ ਕੋਲ਼ ਜਾ ਬੈਠਾ। ਇੱਕ ਪਾਸੇ ਵੱਡੇ ਥਾਲ਼ ਵਿੱਚ ਬਰਫੀ ਤੇ ਲੱਡੂ-ਬੇਸਣ ਵਗੈਰਾ ਬਣੇ ਪਏ ਸਨ। ਜਿਵੇਂ ਇਹ ਸਮਾਨ ਰਾਤ ਦਾ ਤਿਆਰ ਕੀਤਾ ਪਿਆ ਹੋਵੇ, ਬਾਕੀ ਕੜਾਹੀਆਂ ਖੁਰਚਣੇ ਤੇ ਝਰਨੇ ਝਰਨੀਆਂ ਧੋ ਸਵਾਰ ਕੇ ਰੱਖੇ ਹੋਏ ਸਨ। ਪਰ ਇੱਕ ਕੜਾਹੀ ਵਿੱਚ ਕੁਝ ਅਜਿਹਾ ਪਦਾਰਥ ਪਿਆ ਸੀ ਜੋ ਰੰਗ ਪੱਖੋਂ ਇਉਂ ਭਾਅ ਮਾਰਦਾ ਸੀ ਜਿਵੇਂ ਖੋਆ ਹੋਵੇ। ਸਹਿਵਨ ਹੀ ਜਦ ਮੈਂ ਜਰਾ ਗਹੁ ਨਾਲ ਦੇਖਿਆ ਤਾਂ ਉਸ ਪਦਾਰਥ ਵਿੱਚ ਮਟਰੀ-ਸਮੋਸਿਆਂ ਦਾ ਭੂਰ-ਚੂਰ, ਜਲੇਬੀਆਂ ਦੇ ਟੁਕੜੇ ਜਿਹੇ ਤੇ ਵਿੱਚੇ ਹੀ ਕੀੜੇ-ਮਕੌੜੇ ਤੇ ਟਿੱਡੇ-ਪਤੰਗੇ ਜਿਹੇ ਮਰੇ ਪਏ ਦਿਸੇ!

ਯਾਰ ਆਹ ਕੀ ਗੰਦ-ਮੰਦ ਜਿਹਾ ਪਿਆ ਐ ਕੜਾਹੀ ਵਿੱਚ?” ਉਹ ਸ਼ਰਾਰਤੀ ਜਿਹੀ ਹਾਸੀ ਹੱਸਦਿਆਂ ਕਹਿੰਦਾ, ਤੂੰ ਆਪੇ ਈ ਦੇਖ ਲਈਂ ਹੁਣੇ ਕਿ ਇਹ ਗੰਦ-ਮੰਦ’ ਕੀ ਚੀਜ਼ ਆ!

ਇਹ ਕਹਿਕੇ ਉਸਨੇ ਇੱਕ ਨੌਕਰ ਨੂੰ ’ਵਾਜ ਮਾਰਕੇ ਕਿਹਾ ਕਿ ਚੰਡੀਗੜ੍ਹੋਂ ਆਉਣ ਵਾਲ਼ੀ ਬੱਸ ਦਾ ਟੈਮ’ ਹੋਣ ਵਾਲ਼ਾ ਈ ਐ, ਕਰ ਲਉ ਤਿਆਰੀ ਫਟਾਫਟ! ਲਉ ਜੀ, ਮੇਰੇ ਚਾਹ ਪੀਂਦਿਆਂ ਪੀਂਦਿਆਂ ਨੌਕਰ ਨੇ ਮਘਦੀ ਭੱਠੀ ਉੱਤੇ ਉਹੀ ਕੜਾਹੀ ਰੱਖ ਦਿੱਤੀ। ਕੜਾਹੀ ਵਿਚਲਾ ਪਦਾਰਥ ਪਿਘਲ ਗਿਆ ਤੇ ਛਲ਼ ਛਲ਼’ ਦੀ ਅਵਾਜ਼ ਆਉਣ ਲੱਗੀ। ਹਲਵਾਈ ਨੇ ਬਰੀਕ ਸੁਰਾਖਾਂ ਵਾਲ਼ਾ ਝਰਨਾ ਫੜਿਆ ਤੇ ਉਸ ਤਰਲ ਪਦਾਰਥ ਵਿੱਚ ਤੈਰਦਾ ਸਾਰਾ ਈ ਗੰਦ-ਮੰਦ ਚੁੱਕ ਕੇ ਕੂੜੇ ਵਾਲ਼ੇ ਪੀਪੇ ਵਿੱਚ ਸੁੱਟ ਮਾਰਿਆ। ਹਲਵਾਈ ਨੇ ਭੱਠੀ ਦੇ ਲਾਗੇ ਹੀ ਪਏ ਸੇਕ ਨਾਲ ਪਿਘਲੇ ਹੋਏ ਰਿਫਾਈਂਡ ਦੇ ਦੋ ਡੋਹਰੇ ਕੜਾਹੀ ਵਿੱਚ ਹੋਰ ਪਲਟ ਦਿੱਤੇ। ਨੌਕਰ ਰਾਤ ਦੇ ਭਰਕੇ ਰੱਖੇ ਹੋਏ ਕੱਚੇ ਸਮੋਸਿਆਂ ਦਾ ਥਾਲ਼ ਚੁੱਕ ਲਿਆਇਆ। ਤਲ਼ ਹੁੰਦੇ ਸਮੋਸੇ ਚਿੱਟਿਆਂ ਤੋਂ ਬਦਾਮੀ ਤੇ ਗੇਰੂਏ ਰੰਗੇ ਹੋਣ ਲੱਗੇ। ਇੰਨੇ ਨੂੰ ਬਾਹਰ ਬੱਸ ਆ ਕੇ ਰੁਕ ਗਈ। ਉਂਗਲ਼ਾਂ ਚੱਟ ਚੱਟ ਸਮੋਸੇ ਖਾਂਦੀਆਂ ਸਵਾਰੀਆਂ ਵੱਲ ਦੇਖ ਕੇ ਮੈਂ ਮਿੰਨ੍ਹਾ ਮਿੰਨ੍ਹਾ ਹੱਸਦਾ ਹਲਵਾਈ ਵਲੋਂ ਕੀਤੀ ਕੜਾਹੀ ਵਿਚਲੇ ਗੰਦ-ਮੰਦ ਦੀ ਸਫਾਈ’ ਅਤੇ ਤਾਜ਼ੇ ਸਮੋਸਿਆਂ’ ਬਾਰੇ ਸੋਚ ਰਿਹਾ ਸਾਂ!

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਆਪਣੀ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1562)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਤਰਲੋਚਨ ਸਿੰਘ ਦੁਪਾਲਪੁਰ

ਤਰਲੋਚਨ ਸਿੰਘ ਦੁਪਾਲਪੁਰ

San Jose, California, USA.
Phone: (408 - 915 - 1268)
Email: (tsdupalpuri@yahoo.com)