TarlochanDupalpur7ਉਸ ਕਬੀਲੇ ਦੇ ਬੰਦਿਆਂ, ਜਨਾਨੀਆਂ ਅਤੇ ਗਭਰੇਟ ਮੁੰਡਿਆਂ ਉੱਤੇ ਬਹੁਤ ਤਸ਼ੱਦਦ ਹੋਇਆ ...
(8 ਅਪਰੈਲ 2019)

 

ਘਟਨਾ ਭਾਵੇਂ ਇਹ ਅੰਗਰੇਜਾਂ ਦੇ ਰਾਜ ਵੇਲੇ ਦੀ ਹੈ, ਪਰ ਹੈ ਇਹ ਵਰਤਮਾਨ ਦੌਰ ਵਿਚ ਵੀ ਦਿਲਚਸਪੀ ਨਾਲ਼ ਪੜ੍ਹਨ ਸੁਣਨ ਵਾਲ਼ੀ ਜਿਸ ਖੂਬਸੂਰਤ ਅੰਦਾਜ਼ੇ-ਪੇਸ਼ਕਾਰੀ ਨਾਲ ਮੈਂ ਇਹ ਪਿੰਡ ਦੇ ਬਜੁਰਗਾਂ ਅਤੇ ਖਾਸ ਕਰਕੇ ਆਪਣੇ ਬਾਪ ਦੇ ਮੂੰਹੋਂ ਸੁਣਦਾ ਰਿਹਾ ਹਾਂ, ਉਹ ਰੰਗ ਸ਼ਾਇਦ ਮੈਥੋਂ ਇਸਦੇ ਲਿਖਤੀ ਰੂਪ ਵਿੱਚ ਨਾ ਭਰਿਆ ਜਾ ਸਕੇ, ਕਿਉਂਕਿ ਉਹ ਸਾਰੇ ਉਸ ਵਾਕਿਆ ਦੇ ਤਕਰੀਬਨ ਚਸ਼ਮਦੀਦ ਗਵਾਹ ਹੀ ਸਨ ਇਸ ਲਈ ਅੱਖੀਂ ਦੇਖੇ ਵੇਰਵੇ ਸੁਣਾਉਣ ਵੇਲੇ ਉਨ੍ਹਾਂ ਦੇ ਚਿਹਰਿਆਂ ਦੇ ਹਾਵ-ਭਾਵ ਕਹਾਣੀ ਦੇ ਕਥਾ-ਰਸ ਨੂੰ ਹੋਰ ਰੌਚਕ ਬਣਾ ਦਿੰਦੇ ਸਨ

ਸਾਡੇ ਲਾਗਲੇ ਪਿੰਡ ਸ਼ਾਹ ਪੁਰ ਵਿਚ ਹੋਰ ਕਈ ਬਰਾਦਰੀਆਂ ਦੇ ਨਾਲ਼ ਨਾਲ਼ ਵੱਡੀ ਗਿਣਤੀ ਮੁਸਲਿਮ ਪ੍ਰਵਾਰਾਂ ਦੀ ਵੀ ਸੀ, ਜਿਨ੍ਹਾਂ ਵਿਚ ਇਕ ਸੱਈਅਦ ਖਾਨਦਾਨ ਦਾ ਭਰਿਆ ਭਕੁੰਨਾ ਵੱਡਾ ਪ੍ਰਵਾਰ ਵੀ ਵਸਦਾ ਸੀ ਜਿਵੇਂ ਸਿੱਖ ਸਮਾਜ ਵਿਚ ਸੋਢੀ ਜਾਂ ਬੇਦੀ ਪ੍ਰਵਾਰਾਂ ਨੂੰ ਗੁਰੂ ਸਾਹਿਬਾਨ ਦੀ ਅੰਸ-ਬੰਸ ਜਾਣ ਕੇ ਸਤਿਕਾਰ ਦੀ ਨਜ਼ਰ ਨਾਲ਼ ਦੇਖਿਆ ਜਾਂਦਾ ਹੈ, ਇਵੇਂ ਹੀ ਮੁਸਲਿਮ ਸਮਾਜ ਵਿਚ ਸੱਈਅਦ ਪ੍ਰਵਾਰਾਂ ਨੂੰ ਉਚੇਚਾ ਮਾਣ ਅਦਬ ਮਿਲਦਾ ਹੈ ਸੱਈਅਦਾਂ ਦੇ ਅਦਬ ਸਤਿਕਾਰ ਬਾਰੇ ਇੱਥੇ ਇਹ ਦੱਸਣਾ ਕੁਥਾਂਹ ਨਹੀਂ ਹੋਵੇਗਾ ਕਿ ਮੁਗਲ ਬਾਦਸ਼ਾਹਾਂ ਵੇਲੇ ਉਨ੍ਹਾਂ ਦੀ ਅਸਵਾਰੀ ਲਈ ਵਰਤੇ ਜਾਂਦੇ ਹਾਥੀਆਂ ਦੇ ਮਹਾਵਤ ਕੇਵਲ ਸੱਈਅਦ ਹੀ ਹੋ ਸਕਦੇ ਸਨ ਕਾਰਨ ਇਹ ਕਿ ਹਾਥੀ ਦੇ ਸਿਰ ’ਤੇ ਬੈਠਣ ਵਾਲ਼ੇ ਮਹਾਵਤ ਦੀ ਪਿੱਠ ਬਾਦਸ਼ਾਹ ਵੱਲ ਹੋ ਜਾਂਦੀ ਸੀ, ਤੇ ਬਾਦਸ਼ਾਹ ਵੱਲ ਪਿੱਠ ਕਰਕੇ ਕੋਈ ਆਮ ਫਹਿਮ ਬੰਦਾ ਨਹੀਂ, ਸਿਰਫ ਉੱਚੇ ਖਾਨਦਾਨ ਵਾਲ਼ਾ ਸੱਈਅਦ ਹੀ ਬਹਿ ਸਕਦਾ ਸੀ

ਸੋ ਪੂਰੇ ਇਲਾਕੇ ਵਿਚ ਸਤਿਕਾਰੇ ਜਾਂਦੇ ਸ਼ਾਹ ਪੁਰੀਏ ਸੱਈਅਦਾਂ ਦੇ ਘਰੇ ਇਕ ਵਾਰ ਚੋਰੀ ਹੋ ਗਈ ਟੱਬਰ ਦੇ ਕਈ ਜੀਅ ਦੂਰ-ਨੇੜੇ ਕਿਤੇ ਵਿਆਹ ਸ਼ਾਦੀ ’ਤੇ ਚਲੇ ਗਏ, ਮਗਰੋਂ ਕੋਈ ਕੱਪੜੇ ਲੱਤੇ ਅਤੇ ਇਕ ਦੋ ਗਹਿਣਿਆਂ ਸਮੇਤ ਥੋੜ੍ਹੀ ਬਹੁਤ ਨਕਦੀ ਨੂੰ ਵੀ ਹੱਥ ਮਾਰ ਗਿਆ ਸਰਕਾਰੇ ਦਰਬਾਰੇ ਵੀ ਚੋਖਾ ਅਸਰ ਰਸੂਖ ਰੱਖਦੇ ਇਸ ਟੱਬਰ ਵਿਚ ਚੋਰੀ ਦੀ ਖਬਰ ਸੁਣ ਕੇ ਸਾਰੇ ਇਲਾਕੇ ਵਿਚ ਸੁੰਨ ਜਿਹੀ ਪਸਰ ਗਈ ਕਿ ਕਿਹੜਾ ਮਾਈ ਦਾ ਲਾਲ ਹੋਵੇਗਾ ਜਿਸਨੇ ਐਡੀ ਜੁਰਅਤ ਦਿਖਾਉਂਦਿਆਂ ਇਕ ਤਰ੍ਹਾਂ ਨਾਲ ਹਾਕਮ ਦੇ ਘਰ ਨੂੰ ਹੀ ਜਾ ਸੰਨ੍ਹ ਲਾਈ! ਸੱਈਅਦਾਂ ਨੇ ਵੀ ਇਸ ਵਾਰਦਾਤ ਨੂੰ ਆਪਣੇ ਮਾਣ ਮਰਾਤਬੇ ਉੱਤੇ ਵੱਡੀ ਸੱਟ ਸਮਝਿਆ ਕਿੱਥੇ ਸਾਰਾ ਇਲਾਕਾ ਉਨ੍ਹਾਂ ਅੱਗੇ ਝੁਕ ਝੁਕ ਸਲਾਮਾਂ ਕਰਦਾ ਸੀ ਤੇ ਕਿੱਥੇ ਕਿਸੇ ਚੋਰ ਨੇ ਉਨ੍ਹਾਂ ਨੂੰ ਕੱਖੋਂ ਹੌਲ਼ੇ ਕਰ ਛੱਡਿਆ ਸੀ

ਉਸ ਦੌਰ ਵਿਚ ਸਾਡੇ ਇਲਾਕੇ ਦਾ ਮੰਨਿਆਂ ਦੰਨਿਆਂ ਜਿਮੀਦਾਰ ਰਾਹੋਂ ਵਾਲ਼ਾ ਚੌਧਰੀ ਇੱਜਤ ਖਾਂਹ ਸੀ, ਜੋ ਇਸ ਸੱਈਅਦ ਪ੍ਰਵਾਰ ਦਾ ਬਹੁਤ ਇਹਤਰਾਮ ਕਰਦਾ ਸੀ ਦੱਸਦੇ ਨੇ ਉਹ ਚੋਰੀ ਦੀ ਗੱਲ ਸੁਣਕੇ ਰਾਹੋਂ ਠਾਣੇ ਤੋਂ ਠਾਣੇਦਾਰ ਨੂੰ ਵੀ ਸ਼ਾਹ ਪੁਰ ਨਾਲ਼ੇ ਲੈ ਆਇਆ ਇੱਥੋਂ ਮੁੜਨ ਵੇਲੇ ਉਹ ਠਾਣੇਦਾਰ ਨੂੰ ਸਖਤ ਹਦਾਇਤ ਕਰ ਗਿਆ ਕਿ ਉਹ ਚੋਰ ਲੱਭੇ ਤੋਂ ਹੀ ਵਾਪਸ ਪਰਤੇ

ਲਉ ਜੀ ਹੋ ਗਈ ਪੁਲਸੀਆ ਤਫਤੀਸ਼ ਸ਼ੁਰੂ! ਪਹਿਲਾਂ ਤਾਂ ਸ਼ਾਹ ਪੁਰ ਪਿੰਡ ਦੇ ਹੀ ਸ਼ੱਕੀ ਜਿਹੇ ਸਮਝੇ ਜਾਂਦੇ ਬੰਦਿਆਂ ਦੀ ਰੱਜ ਕੇ ਛਿੱਤਰ-ਕੁੱਟ ਹੋਈਕੋਈ ਸੁਰਾਗ ਨਾ ਹੱਥ ਲੱਗਾ ਫਿਰ ਵਾਰੋ ਵਾਰੀ ਲਾਗ ਪਾਸ ਦੇ ਪਿੰਡਾਂ ਦੇ ਮਸ਼ਕੂਕ ਬੰਦੇ ਸ਼ਾਹ ਪੁਰ ਦੇ ਪਿੜ ਵਿਚ ਥਾਪੜਨੇ ਸ਼ੁਰੂ ਹੋਏ ਉਨ੍ਹਾਂ ਦਿਨਾਂ ਵਿਚ ਸਾਡੇ ਇਲਾਕੇ ਦੇ ਇਕ ਪਿੰਡ ਵਿਚ ਡਾਕੇ-ਚੋਰੀਆਂ ਲਈ ਇਕ ਬਦਨਾਮ ਕਬੀਲਾ ਰਹਿੰਦਾ ਸੀ ਕਹਿੰਦੇ ਹਨ ਉਸ ਕਬੀਲੇ ਦੇ ਬੰਦਿਆਂ, ਜਨਾਨੀਆਂ ਅਤੇ ਗਭਰੇਟ ਮੁੰਡਿਆਂ ਉੱਤੇ ਬਹੁਤ ਤਸ਼ੱਦਦ ਹੋਇਆ, ਪਰ ਸੱਈਅਦਾਂ ਦੀ ਚੋਰੀ ਦਾ ਕੋਈ ਲੜ-ਸਿਰਾ ਨਾ ਹੱਥ ਲੱਗਿਆ

ਠਾਣੇਦਾਰ ਅਤੇ ਉਹਦੇ ਨਾਲ਼ ਦੇ ਦੋ ਚਾਰ ਸਿਪਾਹੀਆਂ ਦਾ ਟਿਕਾਣਾ ਸ਼ਾਹ ਪੁਰ ਦੇ ਸਕੂਲ ਵਿਚ ਕੀਤਾ ਹੋਇਆ ਸੀ ਸ਼ੱਕੀਆਂ ਦੀ ਛਿੱਤਰ-ਪ੍ਰੇਡ ਹੁੰਦੀ ਨੂੰ ਜਦ ਤਿੰਨ ਚਾਰ ਦਿਨ ਹੋ ਗਏ ਤਾਂ ਸੂਰਤੇ ਹਵਾਲ ਦਾ ਪਤਾ ਲੈਣ ਵਾਸਤੇ ਚੌਧਰੀ ਇੱਜਤ ਖਾਂਹ ਫਿਰ ਸ਼ਾਹ ਪੁਰ ਪਹੁੰਚਿਆ ਨਿਰਾਸ਼ ਹੋਏ ਨੇ ਠਾਣੇਦਾਰ ਨੂੰ ਸੱਈਅਦਾਂ ਦੇ ਘਰੇ ਬੁਲਾਇਆ ਅਤੇ ਕਿਸੇ ਅਗਲੀ ਰਣਨੀਤੀ ਉੱਤੇ ਵਿਚਾਰ ਹੋਣ ਲੱਗੀ ਦੁਪਹਿਰ ਦੀ ਰੋਟੀ ਦਾ ਵੇਲਾ ਹੋ ਗਿਆ ਸੱਈਅਦਾਂ ਦੇ ਨੌਕਰ-ਚਾਕਰ ਸਾਰੇ ਅਮਲੇ ਫੈਲੇ ਨੂੰ ਰੋਟੀ ਖਿਲਾਉਣ ਲੱਗ ਪਏ ਪਾਣੀ ਦਾ ਗਲਾਸ ਲੈ ਕੇ ਆਏ ਇਕ ਨੌਕਰ ਤੋਂ ਪਾਣੀ ਫੜਦਿਆਂ ਠਾਣੇਦਾਰ ਨੇ ਉਹਦੇ ਵੱਲ ਗਹੁ ਨਾਲ ਦੇਖਿਆ! ਠਾਣੇਦਾਰ ਨੇ ਸਹਿਵਨ ਹੀ ਘਰ ਦੇ ਇਕ ਬੰਦੇ ਨੂੰ ਪੁੱਛਿਆ ਕਿ ਮੀਆਂ ਜੀ ਆਹ ਪਾਣੀ ਦਾ ਵਰਤਾਵਾ ਕੌਣ ਹੈ ਤੇ ਕਿੱਥੋਂ ਦਾ ਰਹਿਣ ਵਾਲ਼ਾ ਐ?

ਜਿਵੇਂ ਆਪਾਂ ਕਿਸੇ ਬਹੁਤ ਵਿਸ਼ਵਾਸ਼ ਪਾਤਰ ਜਾਣੂ ਵਿਅਕਤੀ ਬਾਰੇ ਦਿਲ-ਪਸੀਜਵੇਂ ਲਫਜ਼ ਬੋਲ ਕੇ ਭਰੋਸਾ ਪ੍ਰਗਟਾਈਦਾ ਹੈ, ਇਵੇਂ ਠਾਣੇਦਾਰ ਦੇ ਇਸ ਸ਼ੱਕੀ ਜਿਹੇ ਸਵਾਲ ਦੇ ਜਵਾਬ ਵਿਚ ਸੱਈਅਦ ਬੋਲਿਆ, “ਖਾਨ ਸਾਬ੍ਹ, ਇਹ ਤਾਂ ਵਿਚਾਰਾ ਸਾਡੇ ਪਿੰਡ ਦਾ ਸਾਊ ਸ਼ਰੀਫ ਚੌਕੀਦਾਰ ਐ, ਜੋ ਸਾਡੀ ਹਵੇਲੀ ਪਸ਼ੂਆਂ ਨੂੰ ਪੱਠੇ-ਦੱਥੇ ਪਾਉਣ ਦੇ ਨਾਲ਼ ਨਾਲ਼ ਸਾਡੇ ਘਰੇ ਪਾਣੀ ਵੀ ਭਰ ਛੱਡਦਾ ਹੈ (ਉਦੋਂ ਖੂਹ ਵਿੱਚੋਂ ਘੜੇ ਭਰ ਭਰ ਘਰੇ ਰੱਖੇ ਜਾਂਦੇ ਸਨ)

ਕਹਿੰਦੇ ਇਹ ਗੱਲ ਸੁਣਕੇ ਮੁੱਛਾਂ ’ਤੇ ਹੱਥ ਫੇਰਦਿਆਂ ਠਾਣੇਦਾਰ ਕਹਿੰਦਾ ਕਿ ਮੈਂ ਇਸਵਿਚਾਰੇਨੂੰ ਜਰਾ ਬਾਹਰ ਲੈ ਜਾਨਾ ਵਾਂ

ਰੋਟੀ-ਪਾਣੀ ਖਾਣ ਉਪਰੰਤ ਇੱਜਤ ਖਾਂਹ ਚੌਧਰੀ ਤੇ ਸੱਈਅਦ ਭਰਾ ਹਾਲੇ ਕੋਈ ਸੋਚ ਵਿਚਾਰ ਹੀ ਕਰ ਰਹੇ ਸਨ ਕਿਚੌਕੀਦਾਰ ਵਿਚਾਰੇਨੂੰ ਧੌਣ ਤੋਂ ਫੜਕੇ ਠਾਣੇਦਾਰ ਧੂਹ ਕੇ ਅੰਦਰ ਲੈ ਆਇਆ! ਤਿੰਨ ਚਾਰ ਦਿਨ ਛਿੱਤਰ-ਕੁੱਟ ਹੁੰਦੀ ਤੋਂ ਅੜਾਟ ਪੈਂਦਾ ਸੁਣਦਾ ਰਿਹਾ ਹੋਣ ਕਰਕੇ ਚੌਕੀਦਾਰ ਨੇ ਪਟੇ ਚਾਰ ਨਾ ਸਹੇ ਕਿ ਡਰਦੇ ਨੇ ਠਾਣੇਦਾਰ ਨੂੰ ਸਭ ਕੁੱਝ ਦੱਸ ਦਿੱਤਾ! ਉਸੇ ਵੇਲੇ ਸਿਪਾਹੀਆਂ ਨੂੰ ਉਹਦੇ ਨਾਲ ਘਰੇ ਭੇਜ ਕੇ ਚੋਰੀ ਦਾ ਸਮਾਨ ਵੀ ਲੈ ਆਂਦਾ ਗਿਆ! ਚੌਕੀਦਾਰ ਹੀ ਚੋਰ ਨਿਕਲ਼ਿਆ ਜੋ ਨਿਰਦੋਸ਼ ਲੋਕਾਂ ਦੇ ਕੁੱਟ ਪੁਆਈ ਗਿਆ!!

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਆਪਣੀ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1545)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਤਰਲੋਚਨ ਸਿੰਘ ਦੁਪਾਲਪੁਰ

ਤਰਲੋਚਨ ਸਿੰਘ ਦੁਪਾਲਪੁਰ

San Jose, California, USA.
Phone: (408 - 915 - 1268)
Email: (tsdupalpuri@yahoo.com)

More articles from this author