TarlochanDupalpur7ਇਸ ਗੱਲ ਦਾ ਰਾਜ਼ ਦਰਿਆ ਸਤਲੁਜ ’ਤੇ ਆ ਕੇ ਖੁੱਲ੍ਹਿਆਜਿੱਥੇ ਅਸੀਂ ਰਾਹੋਂ ਵੱਲ ਨੂੰ ਆਉਣ ਲਈ ...
(25 ਦਸੰਬਰ 2017)

 

ਸ਼ਹਿਰ ਸਰਹਿੰਦ ਵਿੱਚ ਵਾਪਰੇ ਛੋਟੇ ਸਾਹਿਬਜ਼ਾਦਿਆਂ ਦੇ ਖ਼ੂਨੀ ਸਾਕੇ ਨੂੰ ਭਾਵੇਂ ਤਿੰਨ ਸਦੀਆਂ ਤੋਂ ਕੁਝ ਸਾਲ ਉੱਤੇ ਬੀਤ ਗਏ ਹਨ, ਪਰ ਸਿੱਖ ਇਤਿਹਾਸ ਬਾਬਤ ਥੋੜ੍ਹੀ-ਬਹੁਤ ਜਾਣਕਾਰੀ ਰੱਖਣ ਵਾਲੇ ਕਿਸੇ ਵੀ ਵਿਅਕਤੀ ਮੋਹਰੇ ਜਦੋਂ ਪੰਜਾਬ ਦੇ ਇਸ ਸ਼ਹਿਰ ਦਾ ਜ਼ਿਕਰ ਹੋਵੇ ਤਾਂ ਉਸ ਦੇ ਦਿਲ-ਦਿਮਾਗ਼ ਵਿੱਚ ਸੁੱਤੇ ਹੀ ਸਰਹਿੰਦ ਦੀਆਂ ਖ਼ੂਨੀ ਨੀਂਹਾਂ ਆ ਜਾਂਦੀਆਂ ਹਨ ਅਤੇ ਉੱਥੇ ਹੋਏ ਘੋਰ ਜ਼ੁਲਮ ਵਿਰੁੱਧ ਗੁੱਸੇ ਦੀਆਂ ਚਿਣਗਾਂ ਫੁੱਟਣ ਲੱਗ ਪੈਂਦੀਆਂ ਹਨ। ਵਧੇ ਹੋਏ ਆਵਾਜਾਈ ਦੇ ਸਾਧਨਾਂ ਸਦਕਾ ਬੇਸ਼ੱਕ ਸ੍ਰੀ ਫਤਹਿਗੜ੍ਹ ਸਾਹਿਬ ਦੇ ਅਸਥਾਨ ਉੱਤੇ ਲੱਗਦੇ ਸ਼ਹੀਦੀ ਜੋੜ ਮੇਲਿਆਂ ਵਿੱਚ ਸੰਗਤਾਂ ਦੇ ਪਹਿਲੇ ਸਮਿਆਂ ਨਾਲੋਂ ਵੱਧ ਇਕੱਠ ਜੁੜਦੇ ਹਨ, ਪਰ ਜਿੱਥੇ ਸਾਡੇ ਵਿੱਚ ਸ਼ਰਧਾ ਤੇ ਜਜ਼ਬਾ ਘਟਦੇ ਜਾ ਰਹੇ ਹਨ, ਉੱਥੇ ਅਸੀਂ ਸੀਨਾ-ਬਸੀਨਾ ਤੁਰੀਆਂ ਆ ਰਹੀਆਂ ਰੀਤਾਂ-ਰਿਵਾਇਤਾਂ ਤੋਂ ਵੀ ਅਣਜਾਣ ਹੁੰਦੇ ਜਾ ਰਹੇ ਹਾਂ।

ਦਸੰਬਰ ਦਾ ਸ਼ਹੀਦੀ ਹਫ਼ਤਾ ਸ਼ੁਰੂ ਹੁੰਦਿਆਂ ਹੀ ਮੇਰੇ ਜ਼ਿਹਨ ਵਿੱਚ ਸਰਹਿੰਦ ਪ੍ਰਤੀ ਗੁੱਸੇ ਦੀ ਇੱਕ ਅੱਖੀਂ ਦੇਖੀ ਮਿਸਾਲ ਘੁੰਮਣ ਲੱਗ ਪੈਂਦੀ ਹੈ। ਅੰਦਾਜ਼ਨ ਸੰਨ 1970-71 ਤੋਂ ਪਹਿਲੇ ਕਿਸੇ ਦਸੰਬਰ ਮਹੀਨੇ ਦੀ ਗੱਲ ਹੈ। ਮੈਂ ਆਪਣੇ ਭਾਈਆ ਜੀ ਨਾਲ ਸਾਈਕਲ ’ਤੇ ਬਹਿ ਕੇ ਸਰਹਿੰਦ ਦੇ ਸ਼ਹੀਦੀ ਜੋੜ ਮੇਲੇ ਵਿੱਚ ਸ਼ਾਮਲ ਹੋਇਆ ਸਾਂ। ਸਭਾ ਦੀ ਸਮਾਪਤੀ ਉਪਰੰਤ ਜਦੋਂ ਅਸੀਂ ਸ਼ਹਿਰ ਵਿੱਚੋਂ ਥੋੜ੍ਹਾ ਜਿਹਾ ਬਾਹਰ ਨਿਕਲੇ ਤਾਂ ਭਾਈਆ ਜੀ ਨੇ ਵਿਹਲੇ ਜਿਹੇ ਥਾਂ ਸਾਈਕਲ ਖੜ੍ਹਾ ਕੀਤਾ। ਦੂਰੋਂ ਝੂਲਦੇ ਦਿਖਾਈ ਦੇ ਰਹੇ ਸ਼ਹੀਦੀ ਅਸਥਾਨ ਦੇ ਨਿਸ਼ਾਨ ਸਾਹਿਬ ਵੱਲ ਤੱਕਦਿਆਂ ਉਹਨਾਂ ਦਿਲ ਹੀ ਦਿਲ ਅਰਦਾਸ ਕੀਤੀ ਅਤੇ ਲਾਗੇ ਪਏ ਮਲਬੇ ਵਿੱਚੋਂ ਇੱਕ-ਦੋ ਨਿੱਕੀਆਂ ਇੱਟਾਂ ਚੁੱਕੀਆਂ, ਥੋੜ੍ਹਾ ਝਾੜ ਕੇ ਹੈਂਡਲ ਨਾਲ ਟੰਗੇ ਝੋਲੇ ਵਿੱਚ ਪਾ ਲਈਆਂ। ਇੰਜ ਮਿੱਟੀ-ਘੱਟੇ ਵਿੱਚੋਂ ਦੋ ਇੱਟਾਂ ਝੋਲੇ ਵਿੱਚ ਪਾਉਣ ਤੋਂ ਮੈਂ ਹੈਰਾਨ ਤਾਂ ਹੋਇਆ, ਪਰ ਸਾਰੀ ਵਾਟ ਉਹਨਾਂ ਤੋਂ ਪੁੱਛਣ ਦਾ ਹੀਆ ਨਾ ਕਰ ਸਕਿਆ।

ਮੇਰੇ ਲਈ ਭੇਤ ਬਣੀ ਹੋਈ ਇਸ ਗੱਲ ਦਾ ਰਾਜ਼ ਦਰਿਆ ਸਤਲੁਜ ’ਤੇ ਆ ਕੇ ਖੁੱਲ੍ਹਿਆ, ਜਿੱਥੇ ਅਸੀਂ ਰਾਹੋਂ ਵੱਲ ਨੂੰ ਆਉਣ ਲਈ ਬੇੜੀ ਰਾਹੀਂ ਦਰਿਆ ਪਾਰ ਕਰਨਾ ਸੀ। ਪਿੰਡ ਈਸਾਪੁਰ ਦੇ ਪੱਤਣ ਤੋਂ ਅਸੀਂ ਬੇੜੀ ਵਿੱਚ ਬੈਠ ਗਏ। ਸਤਲੁਜ ਦੇ ਕਲ-ਕਲ ਵਗਦੇ ਨੀਲੇ ਸ਼ਫਾਕ ਠੰਢੇ ਯੱਖ ਪਾਣੀ ਵਿੱਚ ਜਦੋਂ ਬੇੜੀ ਅੱਧ-ਵਿਚਕਾਰ ਪਹੁੰਚੀ ਤਾਂ ਭਾਈਆ ਜੀ ਨੇ ਨਾਲੇ ਰੋਹ ਵਿੱਚ ‘ਬੋਲੇ ਸੋ ਨਿਹਾਲ’ ਦਾ ਜੈਕਾਰਾ ਛੱਡਿਆ ਤੇ ਨਾਲੇ ਝੋਲੇ ਵਿੱਚੋਂ ਉਹ ਦੋਵੇਂ ਇੱਟਾਂ ਕੱਢ ਕੇ ਪਾਣੀ ਵਿੱਚ ਵਗਾਹ ਮਾਰੀਆਂ।

ਫਿਰ ਉਨ੍ਹਾਂ ਕੁੰਠਿਤ ਗਲੇ ਨਾਲ ਵੈਰਾਗ ਮਈ ਸ਼ਬਦਾਵਲੀ ਵਿੱਚ ਦੱਸਿਆ ਕਿ ਪੁਰਾਤਨ ਸਿੰਘ ਸਰਹਿੰਦ ਵਿੱਚ ਵਾਪਰੇ ਸਾਹਿਬਜ਼ਾਦਿਆਂ ਦੇ ਦਰਦਨਾਕ ਖ਼ੂਨੀ ਸਾਕੇ ਦੇ ਰੋਸ ਵਿੱਚ ਸਰਹਿੰਦ ਨੂੰ ਉਜਾੜਨ ਦੇ ਪ੍ਰਤੀਕ ਵਜੋਂ ਇੱਕ-ਇੱਕ, ਦੋ-ਦੋ ਇੱਟਾਂ ਇੰਜ ਚੁੱਕ ਲਿਆਇਆ ਕਰਦੇ ਸਨ। ਮੈਨੂੰ ਯਾਦ ਹੈ ਕਿ ਬੇੜੀ ਵਿੱਚ ਹੱਥ ਜੋੜੀ ਬੈਠੀਆਂ ਹੋਰ ਸਵਾਰੀਆਂ ਨੇ ਬੜੀ ਸ਼ਿੱਦਤ ਤੇ ਨਿਹਚਾ ਨਾਲ ਭਾਈਆ ਜੀ ਦੇ ਮੂੰਹੋਂ ਬਿਰਤਾਂਤ ਸੁਣਿਆ ਸੀ।

ਸਮੇਂ ਬਦਲ ਗਏਨਾ ਉਹ ਸ਼ਰਧਾ ਰਹੀ, ਨਾ ਉਹ ਜਜ਼ਬਾ ਰਿਹਾ। ਸਾਡੇ ਵਡਾਰੂ ਪੈਦਲ ਜਾਂ ਸਾਈਕਲਾਂ ’ਤੇ ‘ਸਭਾ’ ਦੇ ਨਾਂਅ ਹੇਠ ਜੁੜਦੇ ਇਹਨਾਂ ਜੋੜ ਮੇਲਿਆਂ ਵਿੱਚ ਬਿਨਾਂ ਨਾਗਾ ਹਾਜ਼ਰੀਆਂ ਭਰਦੇ ਰਹੇ। ਅੱਜ ਸਾਡੇ ਕੋਲ ਤੇਜ਼-ਤਰਾਰ ਸਾਧਨ ਤਾਂ ਹੋ ਗਏ, ਪਰ ...!

ਚਲੋ, ਹੁਣ ਘੁੱਗ ਵਸਦੇ ਸ਼ਹਿਰ ਸਰਹਿੰਦ ਤੋਂ ਇੱਟਾਂ ਚੁੱਕ ਕੇ ਲਿਆਉਣ ਦੀ ਬਜਾਏ ਆਪਣੇ ਦਿਲਾਂ ਵਿੱਚ ਪਈਆਂ ਨਫ਼ਰਤ, ਸਾੜੇ, ਅਗਿਆਨਤਾ, ਅੰਧ-ਵਿਸ਼ਵਾਸ ਅਤੇ ਖ਼ੁਦਗਰਜ਼ੀ ਵਗੈਰਾ ਦੀਆਂ ਅਤਿ ਮਲੀਨ ਇੱਟਾਂ ਨੂੰ ਬਾਹਰ ਵਗਾਹ ਮਾਰਦਿਆਂ ਸ਼ਹੀਦਾਂ ਨੂੰ ਸਿਜਦਾ ਕਰੀਏ!

*****

(942) 

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਤਰਲੋਚਨ ਸਿੰਘ ਦੁਪਾਲਪੁਰ

ਤਰਲੋਚਨ ਸਿੰਘ ਦੁਪਾਲਪੁਰ

San Jose, California, USA.
Phone: (408 - 915 - 1268)
Email: (tsdupalpuri@yahoo.com)

More articles from this author