TarlochanDupalpur7ਮੈਂ ਅਜਿਹਾ ਪਹਿਲੀ ਵਾਰ ਸੁਣਿਆ ਸੀ ਕਿ ਕਿਸੇ ਨਵ-ਜਨਮੇ ਬਾਲ ਦਾ ਨਾਂ ...
(ਜਨਵਰੀ 1, 2016)

 

ਆਮ ਨਾਵਾਂ ਨਾਲ਼ੋਂ ਹਟ ਕੇ ਅਜੀਬ ਜਿਹੇ ਨਾਂ ਵਾਲ਼ੇ ਇੱਕ ਸੱਜਣ ਨਾਲ਼ ਫੇਸਬੁਕ ਤੇ ਮੇਰੀ ਬਹਿਸ ਚੱਲ ਰਹੀ ਸੀ। ਮੇਰੀਆਂ ਆਸਤਿਕ ਦਲੀਲਾਂ ਨੂੰ ਉਹ ਨਾਸਤਿਕ ਵਿਚਾਰਾਂ ਦੀ ਤਿੱਖੀ ਕੈਂਚੀ ਨਾਲ਼ ਕੱਟੀ ਜਾ ਰਿਹਾ ਸੀ। ਚੱਲਦੀ ਬਹਿਸ ਵਿੱਚ ਉਸ ਦੀ ਸੁਰ ਨਾਲ਼ ਸੁਰ ਮਿਲਾਉਂਦਾ ਹੋਇਆ ਲਖਵਿੰਦਰ ਤਰਕਸ਼ੀਲਨਾਂ ਦਾ ਇੱਕ ਹੋਰ ਵਿਅਕਤੀ ਵੀ ਆਪਣੇ ਵਿਚਾਰ ਲਿਖਣ ਲੱਗ ਪਿਆ। ਹਮ ਕੋ ਹਮਾਰਾ ਖ਼ੂਬ, ਤੁਮ ਕੋ ਤੁਮਾਰਾ ਖ਼ੂਬਦੀ ਪਾਲਣਾ ਕਰਦਿਆਂ ਭਾਵੇਂ ਮੈਂ ਬਹਿਸ ਵਿੱਚ ਖੰਡਨ-ਮੰਡਨ ਕਰਨ ਤੋਂ ਗੁਰੇਜ਼ ਕਰ ਲਿਆ ਪਰ ਲਖਵਿੰਦਰ ਦੇ ਕਈ ਵਜ਼ਨਦਾਰ ਨੁਕਤਿਆਂ ਤੋਂ ਮੈਨੂੰ ਮਹਿਸੂਸ ਹੋਇਆ ਕਿ ਇਹ ਭਰਾ ਆਪਣੇ ਨਾਂ ਪਿੱਛੇ ਐਵੇਂ ਨਹੀਂ ਤਰਕਸ਼ੀਲਦਾ ਲੇਬਲ ਚਿਪਕਾਈ ਫਿਰਦਾ। ਸਗੋਂ ਇਹ ਵਾਕਿਆ ਹੀ ਪੜ੍ਹਿਆ-ਗੁੜ੍ਹਿਆ ਜਾਪਦਾ ਹੈ। ਇਸ ਦਾ ਅੱਗਾ-ਪਿੱਛਾ ਪੁੱਛਿਆ ਤਾਂ ਮੈਨੂੰ ਕੈਲੇਫੋਰਨੀਆਂ ਬੈਠੇ ਹੀ ਹੋਰ ਖ਼ੁਸ਼ੀ ਹੋਈ, ਕਿਉਂਕਿ ਇਹ ਨੌਜਵਾਨ ਮੇਰੇ ਇਲਾਕੇ ਦੇ ਪ੍ਰਸਿੱਧ ਰਾਹੋਂਕਸਬੇ ਦਾ ਵਸਨੀਕ ਨਿਕਲਿਆ।

ਫ਼ੋਨ ਤੇ ਗੱਲਬਾਤ ਕਰਦਿਆਂ ਉਸ ਨੇ ਸੰਖੇਪ ਜਿਹਾ ਦੱਸਿਆ ਕਿ ਜੀ ਮੈਂ ਪਲੱਸ-ਟੂ ਕਰਨ ਉਪਰੰਤ ਵੈੱਬ-ਡਿਜ਼ਾਈਨਿੰਗ ਦਾ ਕੰਪਿਊਟਰ ਕੋਰਸ ਵੀ ਕੀਤਾ ਹੋਇਆ ਹੈ। ਚੇਤਨਾ ਜਗਾਉਣ ਵਾਲ਼ਾ ਅਗਾਂਹਵਧੂ ਸਾਹਿਤ ਪੜ੍ਹਨਾ ਮੇਰੇ ਪ੍ਰਥਮ ਸ਼ੌਕ ਹੈ। ਜਦ ਮੈਂ ਉਸ ਨੂੰ ਪੁੱਛਿਆ ਕਿ ਅੱਜ-ਕੱਲ੍ਹ ਕੀ ਕਰਦੇ ਹੋ? ਤਾਂ ਉਸ ਨੇ ਬੇਝਿਜਕ ਦੱਸਿਆ ਕਿ ਮੇਰਾ ਬਾਪ ਰਾਹੋਂ ਦੇ ਬੱਸ ਅੱਡੇ ਵਿੱਚ ਜੁੱਤੀਆਂ ਗੰਢਣ ਦਾ ਕੰਮ ਕਰਦਾ ਹੁੰਦਾ ਸੀ। ਸੰਨ 1999 ਵਿੱਚ ਉਸ ਦੀ ਮੌਤ ਹੋ ਗਈ ਤਾਂ ਓਸੇ ਥਾਂ ਮੈਂ ਮੋਚੀ ਬਣ ਕੇ ਬਹਿ ਗਿਆ। ਇੰਝ ਘਰ ਦਾ ਰੋਟੀ-ਪਾਣੀ ਚਲਾ ਰਿਹਾ ਹਾਂ।

ਇਹ ਗੱਲ 2014 ਦੇ ਨਵੰਬਰ-ਦਸੰਬਰ ਦੀ ਹੈ, ਜਦੋਂ ਮੈਂ ਪੰਜਾਬ ਜਾਣ ਦਾ ਪ੍ਰੋਗਰਾਮ ਬਣਾ ਰਿਹਾ ਸਾਂ। ਮੈਂ ਉਸ ਨੂੰ ਇਹ ਜਾਣਕਾਰੀ ਦਿੱਤੀ ਤਾਂ ਉਸ ਨੇ ਖ਼ੁਸ਼ ਹੁੰਦਿਆਂ ਮੈਨੂੰ ਨਿਮਰਤਾ ਨਾਲ਼ ਪੁੱਛਿਆ ਕਿ ਤੁਸੀਂ ਮੇਰੇ ਵਿਆਹ ਤੇ ਆਉਣਾ ਪਸੰਦ ਕਰੋਗੇ, ਜੋ ਕਿ ਜਨਵਰੀ-ਫ਼ਰਵਰੀ ਚ ਹੋਣਾ ਹੈ? ਮੈਂ ਵੀ ਪ੍ਰਸੰਨਤਾ ਜ਼ਾਹਰ ਕਰਦਿਆਂ ਉਸ ਨੂੰ ਹਾਂਕਰ ਦਿੱਤੀ।

ਦਸੰਬਰ ਮਹੀਨੇ ਮੈਂ ਪਿੰਡ ਪਹੁੰਚ ਗਿਆ। ਉਸ ਦੇ ਵਿਆਹ ਤੋਂ ਕੁਝ ਹਫ਼ਤੇ ਪਹਿਲਾਂ ਹੀ ਬਿਨਾਂ ਅਗਾਊਂ ਸੂਚਿਤ ਕੀਤਿਆਂ ਉਸ ਨੂੰ ਸਰਪ੍ਰਾਈਜ਼ਦੇਣ ਲਈ ਮੈਂ ਇੱਕ ਦੁਪਹਿਰ ਆਪਣਾ ਸਕੂਟਰ ਚੁੱਕਿਆ ਤੇ ਰਾਹੋਂ ਬੱਸ ਸਟੈਂਡ ਉਸ ਦੇ ਅੱਡੇ ਤੇ ਜਾ ਖੜ੍ਹਾ ਹੋਇਆ। ਇੱਕ ਦੂਜੇ ਦੀ ਫ਼ੋਟੋ ਵੇਖੀ ਹੋਈ ਹੋਣ ਕਾਰਨ ਅਸੀਂ ਦੋਹਾਂ ਨੇ ਇੱਕ ਦੂਸਰੇ ਨੂੰ ਪਛਾਣ ਲਿਆ। ਹਥਲੇ ਬੂਟ ਨੂੰ ਟਾਂਕੇ ਲਾਉਣੇ ਛੱਡ ਕੇ ਉਹ ਮੇਰੇ ਸਤਿਕਾਰ ਵਜੋਂ ਇੱਕਦਮ ਹੱਥ ਜੋੜ ਕੇ ਖੜ੍ਹ ਗਿਆ। ਉਸ ਮੌਕੇ ਦਾ ਦ੍ਰਿਸ਼-ਚਿਤਰਣ ਉਸ ਦੇ ਆਪਣੇ ਹੀ ਸ਼ਬਦਾਂ ਵਿੱਚ ਬਿਆਨ ਕੀਤਾ ਹੋਇਆ ਪੜ੍ਹੋ। ਜੋ ਉਸ ਨੇ ਫੇਸਬੁੱਕ ਤੇ ਪੋਸਟ ਦੇ ਰੂਪ ਵਿੱਚ ਪਾਇਆ ਹੋਇਆ ਹੈ:

“... ਕੱਲ੍ਹ ਮੇਰੇ ਖੌਸੜੇ ਗੰਢਣ ਵਾਲ਼ੇ ਦਫ਼ਤਰਵਿੱਚ ... (ਮੇਰਾ ਨਾਂ) ਨੇ ਆਉਣਾ ਕੀਤਾ। ਸਾਡੀ ਕੋਈ ਰਿਸ਼ਤੇਦਾਰੀ ਨਹੀਂ, ਨਾ ਹੀ ਅਸੀਂ ਪਹਿਲਾਂ ਕਦੇ ਮਿਲ਼ੇ ਸੀ, ਸਿਰਫ਼ਅਖ਼ਬਾਰੀ ਲਿਖਤਾਂ ਅਤੇ ਫੇਸਬੁੱਕ ਰਾਹੀਂ ਹੀ ਸਾਂਝ ਸੀ ਸਾਡੀ ਅਤੇ ਦੂਜਾ ਇਨਸਾਨੀਅਤ ਦਾ ਜਜ਼ਬਾ ਸੀ। ਹਾਲਾਂਕਿ ਮੇਰਾ ਉਹਨਾਂ ਨਾਲ਼ ਫੇਸਬੁਕ ਤੇ ਹੋਇਆ ਪਹਿਲਾ ਰਾਬਤਾ ਕੋਈ ਬਹੁਤਾ ਹਾਂ-ਪੱਖੀ ਨਹੀਂ ਸੀ, ਪਰ ਉਹਨਾਂ ਦੀਆਂ ਲਿਖਤਾਂ ਜੋ ਅਲੱਗ-ਅਲੱਗ ਅਖ਼ਬਾਰਾਂ-ਰਸਾਲਿਆਂ ਵਿੱਚ ਛਪਦੀਆਂ ਰਹਿੰਦੀਆਂ ਨੇ, ਜੋ ਮੈਂ ਅਕਸਰ ਬੜੇ ਧਿਆਨ ਨਾਲ਼ ਪੜ੍ਹਦਾ ਸੀ ਤੇ ਹੁਣ ਵੀ ਬੜੀ ਰੀਝ ਨਾਲ਼ ਪੜ੍ਹੀਦੀਆਂ ਨੇ, ਕਾਫ਼ੀ ਕੁਝ ਸਿੱਖਿਆ ਹੈ ਮੈਂ ਇਹਨਾਂ ਤੋਂ।ਇਹਨਾਂ ਨੂੰ ਮਿਲ਼ਣ ਦੀ ਤਮੰਨਾ ਵੀ ਸੀ ਮੇਰੀ, ਪਰ ਮੈਂ ਕਦੇ ਵੀ ਇਹ ਨਹੀਂ ਸੋਚਿਆ ਸੀ ਕਿ ਉਹ ਮੈਨੂੰ ਇਸ ਤਰ੍ਹਾਂ ਮਿਲਣ ਆਉਣਗੇ।ਇਸ ਤਰ੍ਹਾਂ ਕਦੇ ਮੇਰੇ ਅਖੌਤੀ ਆਪਣਿਆਂਨੇ ਨਹੀਂ ਗਲ਼ੇ ਲਗਾਇਆ, ਜਿਵੇਂ ਦੁਪਾਲਪੁਰੀਜੀ ਨੇ ਖੌਸੜੇ ਗੰਢਦੇ ਨੂੰ ਲਾਇਆ, ਨਹੀਂ ਤਾਂ ਬਹੁਤਿਆਂ ਨੂੰ ਸ਼ਰਮ ਮਹਿਸੂਸ ਹੋਣ ਲੱਗ ਪੈਂਦੀ ਏ, ਮੇਰੇ ਵਰਗੇ ਕਿਰਤੀਆਂ ਕੋਲ਼ ਖੜ੍ਹਨ ਲੱਗਿਆਂ, ਸਮੇਤ ਅਗਾਂਹ ਵਧੂਆਂ ਦੇ। ਬਰਾਬਰ ਬਹਿ ਕੇ ਚਾਹ ਦੀ ਪਿਆਲੀ ਪੀਤੀ ਤੇ ਹੋਰ ਦੁੱਖ ਦੀਆਂ, ਸੁੱਖ ਦੀਆਂ ਗੱਲਾਂ ਸਾਂਝੀਆਂ ਕੀਤੀਆਂ, ਸਭ ਤੋਂ ਵੱਡੀ ਗੱਲ ਜੋ ਉਹਨਾਂ ਕੀਤੀ, ਉਹ ਮੇਰੇ ਦਿਲ ਦੀ ਗੱਲ ਪੂਰੀ ਕਰਕੇ। ਜੋ ਕਿ ਮੈਂ ਉਹਨਾਂ ਨਾਲ਼ ਕਦੇ ਕੀਤੀ ਵੀ ਨਹੀਂ ਸੀ, ਉਹਨਾਂ ਵੱਲੋਂ ਲਿਆਂਦਾ ਅਣਮੁੱਲਾ ਤੋਹਫ਼ਾ ਤੇ ਇਹ ਮਿਲਣੀ ਹਮੇਸ਼ਾ ਯਾਦ ਰਵ੍ਹੇਗੀ, ਅੰਤ ਵਿੱਚ ਮੈਂ ਸਲਾਮ ਕਰਦਾਂ ... ਜੀ ਨੂੰ ...।

(ਲਖਵਿੰਦਰ ਦੇ ਇਹਨਾਂ ਸ਼ਬਦਾਂ ਵਿੱਚ ਜਿਸ ਅਣਮੁੱਲੇ ਤੋਹਫ਼ੇਦਾ ਜ਼ਿਕਰ ਆਇਆ ਹੈ, ਉਹ ਸਿਰਫ਼ ਇੱਕ ਜੈਕਟ ਸੀ, ਜੋ ਸਰਦੀ ਦਾ ਮੌਸਮ ਹੋਣ ਕਰਕੇ ਮੈਂ ਉਹਦੇ ਲਈ ਲੈ ਗਿਆ ਸੀ।)

ਇਸ ਮੌਕੇ ਉਸ ਨੇ ਆਪਣੇ ਮਿੱਤਰ ਬਜ਼ੁਰਗ ਨਾਵਲਕਾਰ ਹਰਚੰਦ ਸਿੰਘ ਗਿੱਲ ਮਿਆਣੀ ਅਤੇ ਕਾਮਰੇਡ ਜਸਵੀਰ ਜੱਸਾ ਨੂੰ ਵੀ ਬੁਲਾ ਲਿਆ, ਜਿਸ ਕਰਕੇ ਇਸ ਬੈਠਕ ਨੂੰ ਸਾਹਿਤਕ ਰੰਗ ਵੀ ਚੜ੍ਹ ਗਿਆ।

ਹਰ ਤਰ੍ਹਾ ਦੇ ਨਸ਼ੇ-ਪੱਤੇ ਤੋਂ ਰਹਿਤ ਲਖਵਿੰਦਰ ਨੂੰ ਜਦੋਂ ਮੈਂ ਗਲ਼ਵਕੜੀ ਪਾ ਕੇ ਮਿਲ ਰਿਹਾ ਸਾਂ ਤਾਂ ਪਿੱਛਿਓਂ ਲੁਧਿਆਣਾ ਤੋਂ ਨਵਾਂ ਸ਼ਹਿਰ ਆ ਰਹੀ ਬੱਸ ਲੰਘੀ, ਜਿਸ ਵਿੱਚ ਸਫ਼ਰ ਕਰ ਰਹੇ ਸਾਡੇ ਪਿੰਡ ਦੇ ਇੱਕ ਸੱਜਣ ਅਤੇ ਉਸ ਦੀ ਘਰਵਾਲ਼ੀ ਨੇ ਮੈਨੂੰ ਵੇਖਿਆ ਹੋਵੇਗਾ। ਰਾਹੋਂ ਵਾਲ਼ੀ ਮਿਲ਼ਣੀ ਤੋਂ ਦੂਜੇ ਦਿਨ ਸ਼ਾਮ ਨੂੰ ਜਦ ਮੈਂ ਸੈਰ ਕਰਨ ਦਰਿਆ ਵੱਲ ਨਿਕਲ਼ਿਆ ਤਾਂ ਰਾਹ ਵਿੱਚ ਉਹ ਅੰਮ੍ਰਿਤਧਾਰੀ ਸੱਜਣ ਮੇਰੇ ਨਾਲ਼ ਬਹਿਸ-ਮੁਬਾਹਿਸਾ ਕਰਨ ਲੱਗ ਪਿਆ। ਅਖੇ, ਇੱਕ ਸਿੱਖ ਅਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਨੂੰ ਅਜਿਹੇ ਬੰਦਿਆਂਨਾਲ਼ ਮੇਲ-ਮਿਲਾਪ ਸੋਭਾ ਨਹੀਂ ਦਿੰਦਾ। ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਵਜੋਂ ਮੈਂ ਕਿਹਾ ਕਿ ਜੇ ਸਾਡਾ ਗੁਰੂ ਚਮੜੇ ਦਾ ਕੰਮ ਕਰਨ ਵਾਲ਼ੇ, ਕੱਪੜੇ ਬੁਣਨ ਜਾਂ ਰੰਗਣ ਵਾਲ਼ੇ ਅਤੇ ਕਸਾਈ ਦਾ ਕਿੱਤਾ ਕਰਨ ਵਾਲ਼ੇ ਕਿਰਤੀਆਂ ਨੂੰ ਆਪਣੇ ਬਰਾਬਰ ਬਹਾ ਕੇ, ਉਹਨਾਂ ਦੀ ਲਿਖੀ ਹੋਈ ਬਾਣੀ ਨੂੰ ਪੂਜਣਯੋਗ ਬਣਾ ਸਕਦਾ ਹੈ ਤਾਂ ਅਸੀਂ ਗੁਰੂ ਦੇ ਪੈਰੋਕਾਰ ਹੁੰਦਿਆਂ ਸਭ ਕੋ ਮੀਤ ਹਮ ਆਪਨ ਕੀਨਾਦੇ ਮਾਰਗ ਤੇ ਕਿਉਂ ਨਾ ਤੁਰੀਏ? ਪਰ ਉਹ ਹੂੜ੍ਹ-ਮੱਤੀਆ ਸੱਜਣ ਮੇਰੀਆਂ ਸਾਰੀਆਂ ਦਲੀਲਾਂ ਤੇ ਕਾਟਾ ਫੇਰਦਿਆਂ ਇਹ ਢੁੱਚਰ ਡਾਹ ਕੇ ਤੁਰਦਾ ਬਣਿਆ - ਗੁਰੂਆਂ ਦੀ ਰੀਸ ਅਸੀਂ ਥੋੜ੍ਹੀ ਕਰ ਸਕਦੇ ਆਂ ...?”

ਖ਼ੈਰ, ਲਖਵਿੰਦਰ ਨੇ ਫ਼ੋਨ ਤੇ ਦੱਸਿਆ ਕਿ ਮੇਰੇ ਵਿਆਹ ਤੇ ਬਰਾਤ ਵਿੱਚ ਤਾਂ ਪੰਜ-ਸੱਤ ਕੁ ਬੰਦੇ ਹੀ ਜਾਣਗੇ। ਤੁਸੀਂ ਇੱਕ ਦਿਨ ਪਹਿਲਾਂ ਚਾਹ-ਪਾਣੀ ਛਕ ਜਾਇਓ ਦਾਸਦੇ ਘਰ। ਹੋਰ ਕਈ ਰੁਝੇਵੇਂ ਹੋਣ ਦੇ ਬਾਵਜੂਦ ਮੈਂ ਵਿਆਹ ਤੋਂ ਇੱਕ ਦਿਨ ਪਹਿਲਾਂ ਰਾਹੋਂ ਉਸ ਦੇ ਘਰੇ ਗਿਆ। ਘਰ ਦੀ ਛੱਤ ਉੱਪਰ ਲੱਗੇ ਸ਼ਾਮਿਆਨੇ ਚ ਸ੍ਰੀ ਗੁਰੂ ਗਰੰਥ ਸਾਹਿਬ ਦਾ ਪ੍ਰਕਾਸ਼ ਹੋ ਰਿਹਾ ਵੇਖ ਕੇ ਮੈਂ ਹੈਰਾਨ ਜਿਹਾ ਹੋਇਆ। ਕਿਉਂਕਿ ਮੈਨੂੰ ਪਤਾ ਸੀ ਕਿ ਤਰਕਸ਼ੀਲ ਹੋਣ ਨਾਤੇ ਲਖਵਿੰਦਰ ਦਾ ਰੱਬ ਜਾਂ ਧਰਮ ਵਿੱਚ ਕੋਈ ਵਿਸ਼ਵਾਸ ਨਹੀਂ ਹੈ। ਫਿਰ ਇਹ ਸਭ ਕਿਵੇਂ ਹੋਵੇਗਾ? ਪਰ ਓਦੋਂ ਮੈਂ ਹੋਰ ਹੈਰਾਨ ਹੋ ਗਿਆ, ਜਦ ਉਸ ਨੇ ਚਾਹ ਪਿਲਾਉਣ ਵੇਲ਼ੇ ਮੇਰੀਆਂ ਅੱਖਾਂ ਚ ਤੈਰ ਰਹੇ ਸਵਾਲ ਦਾ ਆਪੇ ਉੱਤਰ ਦਿੰਦਿਆਂ ਦੱਸਿਆ - ਮੇਰੀ ਬੀਬੀ (ਮਾਂ) ਦੀ ਰੀਝ ਸੀ ਸੁਖਮਣੀ ਸਾਹਿਬ ਦਾ ਪਾਠ ਕਰਾਉਣ ਦੀ ...।ਬਿਨਾਂ ਕਿਸੇ ਲੁਕ-ਲੁਕਾ ਜਾਂ ਲਿਫਾਫੇਬਾਜ਼ੀ ਦੇ ਉਹਦੇ ਮੂੰਹੋਂ ਸੱਚ ਸੁਣ ਕੇ ਮੈਂ ਉਸ ਤੋਂ ਹੋਰ ਪ੍ਰਭਾਵਿਤ ਹੋਇਆ।

ਅੱਧਾ ਕੁ ਘੰਟਾ ਮੈਂ ਸੁਖਮਨੀ ਸਾਹਿਬ ਦਾ ਪਾਠ ਕਰਕੇ, ਆਪਣੇ ਘਰਦਿਆਂ ਵੱਲੋਂ ਭੇਜਿਆ ਗਿਆ ਨਿੱਕ-ਸੁੱਕ ਉਸ ਨੂੰ ਤੇ ਉਸ ਦੀ ਨਿੱਕੀ ਭੈਣ ਹੱਥ ਫੜਾਇਆ। ਥੋੜ੍ਹਾ ਚਿਰ ਹੋਰ ਹਾਜ਼ਰੀ ਭਰ ਕੇ ਮੈਂ ਓਥੋਂ ਕਿਸੇ ਹੋਰ ਪ੍ਰੋਗਰਾਮ ਤੇ ਚਲਾ ਗਿਆ।

ਹੁਣ ਸੁਣੋ ਸਦਭਾਵਨਾਨੂੰ ਸਾੜਨ ਵਾਲ਼ੀ ਕੱਟੜਤਾ ਦਾ ਅਗਲਾ ਦਿਲਚਸਪ ਕਿੱਸਾ।

ਦਸੰਬਰ 7, 2015 ਵਾਲੇ ਦਿਨ ਲਖਵਿੰਦਰ ਨੇ ਮੈਨੂੰ ਫ਼ੋਨ ਤੇ ਖ਼ੁਸ਼ਖ਼ਬਰੀ ਦਿੱਤੀ ਕਿ ਉਸ ਦੇ ਘਰ ਪੁੱਤਰ ਨੇ ਜਨਮ ਲਿਆ ਹੈ। ਵਧਾਈਆਂ ਦੇ ਅਦਾਨ-ਪ੍ਰਦਾਨ ਬਾਅਦ ਮੈਂ ਆਪਣੀ ਆਦਤ ਮੁਤਾਬਕ ਕਾਕੇ ਦਾ ਕੋਈ ਸੋਹਣਾ ਜਿਹਾ ਨਾਂ ਰੱਖਣ ਲਈ ਕਿਹਾ। ਖ਼ੁਸ਼ ਹੁੰਦਿਆਂ ਉਸ ਨੇ ਮੈਨੂੰ ਹੀ ਕੋਈ ਵਧੀਆ ਜਿਹਾ ਨਾਂ ਸੁਝਾਉਣ ਲਈ ਕਿਹਾ ਤੇ ਨਾਲ਼ੇ ਮਾਣ ਨਾਲ਼ ਦੱਸਿਆ ਕਿ ਸਾਡੇ ਘਰ ਦੇ ਬਜ਼ੁਰਗ ਤਾਇਆ ਜੀ ਗੁਰੂ ਗਰੰਥ ਸਾਹਿਬ ਵਿੱਚੋਂ ਇੱਕ ਸ਼ਬਦ ਲੈ ਕੇ ਆਏ ਨੇ। ਵਟਸਐਪਜ਼ਰੀਏ ਸ਼ਬਦ ਦੀਆਂ ਪਹਿਲੀਆਂ ਤੁਕਾਂ ਮੈਨੂੰ ਭੇਜ ਕੇ, ਲਖਵਿੰਦਰ ਨੇ ਕਿਹਾ ਕਿ ਪੱਪੇਅੱਖਰ ਤੋਂ ਸ਼ੁਰੂ ਹੁੰਦਾ ਕੋਈ ਪਾਪੂਲਰ ਜਿਹਾ ਨਾਂ ਲਿਖ ਭੇਜੋ। ਪ੍ਰਦੀਪ-ਪ੍ਰਤੀਕ-ਪਰਮਜੀਤਵਗੈਰਾ ਕੁਝ ਨਾ ਲਿਖ ਕੇ ਉਸ ਨੂੰ ਭੇਜ ਦਿੱਤੇ। ਪਰ ਕੁਝ ਘੰਟਿਆਂ ਬਾਅਦ ਉਸ ਨੇ ਮੈਨੂੰ ਫ਼ੋਨ ਤੇ ਦੱਸਿਆ ਕਿ ਸਾਡੇ ਤਾਇਆ ਜੀ ਨੇ ਹੀ ਲਿਖਾ-ਪੜ੍ਹੀ ਕਰਦਿਆਂ ਬਾਬੇ, ਤਾਏ, ਚਾਚੇ ਅਤੇ ਦਾਦੀ ਦੇ ਨਾਂਵਾਂ ਦਾ ਪਹਿਲਾਂ ਇੱਕ-ਇੱਕ ਅੱਖਰ ਲੈ ਕੇ ਨਾਲ਼ ਜੋੜ ਲਿਆ ਲਖਵਿੰਦਰ ਦਾ ਪਹਿਲਾ ਅੱਖਰ ਲੱਲਾ’.... ਇੰਝ ਨਵ-ਜਨਮੇ ਬੱਚੇ ਦਾ ਨਾਂ ਰੱਖਿਆ- ਪ੍ਰਬਜੋਤ ਕਮਲ

ਇਹ ਸਾਰਾ ਵੇਰਵਾ ਸੁਣ ਕੇ ਮੈਂ ਵਿਸਮਾਦਿਤ ਹੋ ਉੱਠਿਆ। ਮੈਂ ਅਜਿਹਾ ਪਹਿਲੀ ਵਾਰ ਸੁਣਿਆ ਸੀ ਕਿ ਕਿਸੇ ਨਵ-ਜਨਮੇ ਬਾਲ ਦਾ ਨਾਂ ਪੁਰਖਿਆਂ ਦੇ ਨਾਂਵਾਂ ਵਿੱਚੋਂ ਅੱਖਰ ਚੁਣ-ਚੁਣ ਕੇ ਰੱਖਿਆ ਗਿਆ ਹੋਵੇ। ਇਹ ਗੱਲ ਵੀ ਨੋਟ ਕਰਨ ਵਾਲ਼ੀ ਸੀ ਕਿ ਧਾਰਮਿਕ ਰਹੁ-ਰੀਤਾਂ ਵਿੱਚ ਆਪਣਾ ਕੋਈ ਵਿਸ਼ਵਾਸ ਨਾ ਹੋਣ ਦੇ ਬਾਵਜੂਦ ਵੀ ਲਖਵਿੰਦਰ ਨੇ ਆਪਣੇ ਤਾਇਆ ਜੀ ਦਾ ਮਾਣ ਰੱਖਿਆ। ਪ੍ਰਵਾਰਿਕ ਸਦਭਾਵਨਾ ਕਾਇਮ ਰੱਖੀ ਤੇ ਆਪਣਾ ਕੋਈ ਫਲਸਫ਼ਾਨਹੀਂ ਘੋਟਿਆ।

ਵੱਡੀ ਪ੍ਰਸੰਨਤਾ ਨਾਲ਼ ਮੈਂ ਇਸ ਸਾਰੇ ਬਿਰਤਾਂਤ ਦੀ ਇੱਕ ਸੰਖੇਪ ਜਿਹੀ ਖ਼ਬਰ ਬਣਾ ਕੇ ਲਖਵਿੰਦਰ ਤਰਕਸ਼ੀਲ ਨੂੰ ਵਧਾਈਆਂਦੀ ਸੁਰਖੀ ਹੇਠ ਦੇਸ਼-ਵਿਦੇਸ਼ ਦੀਆਂ ਕਈ ਅਖ਼ਬਾਰਾਂ ਵਿੱਚ ਛਪਵਾ ਦਿੱਤੀ। ਇਸ ਪ੍ਰਚਾਰ ਪਿੱਛੇ ਮੇਰੀ ਭਾਵਨਾ ਇਹੀ ਸੀ ਕਿ ਅਜੋਕੇ ਯੁੱਗ ਵਿੱਚ ਜਦੋਂ ਕਈ ਅਮੀਰਜ਼ਾਦੇ ਪੁੱਤ ਆਪਣੇ ਮਾਪਿਆਂ ਦਾ ਤ੍ਰਿਸਕਾਰ ਕਰਦੇ ਨੇ ਅਤੇ ਉਹਨਾਂ ਨੂੰ ਬੁਢਾਪਾ ਰੋਲ਼ਣ ਲਈ ਬਿਰਧ ਆਸ਼ਰਮਾਂ ਵਿੱਚ ਧੱਕ ਰਹੇ ਨੇ ਤਾਂ ਅਜਿਹੇ ਨਿਰਦਈ ਦੌਰ ਵਿੱਚ ਇੱਕ ਗ਼ਰੀਬ ਨੌਜਵਾਨ ਦੀ ਕਹਾਣੀ ਦਾ ਵੀ ਲੋਕਾਂ ਨੂੰ ਪਤਾ ਲੱਗੇ, ਜੋ ਇਸ ਕਦਰ ਵਡਿੱਕਿਆਂ ਦਾ ਮਾਣ-ਸਨਮਾਨ ਕਰਦਾ ਹੈ।

ਜਲੰਧਰੋਂ ਛਪਦੀ ਇੱਕ ਅਖ਼ਬਾਰ ਵਿੱਚ ਇਹ ਖ਼ਬਰ ਵੇਖ ਕੇ ਲਖਵਿੰਦਰ ਅਤੇ ਉਸ ਦਾ ਪਰਿਵਾਰ ਬਹੁਤ ਖ਼ੁਸ਼ ਹੋਏ। ਉਸ ਨੇ ਬੜੇ ਭਾਵ-ਪੂਰਤ ਸ਼ਬਦਾਂ ਵਿੱਚ ਮੇਰਾ ਧੰਨਵਾਦ ਵੀ ਕੀਤਾ। ਪਰ ਇਸ ਧੰਨਵਾਦੀ ਮੈਸਜ ਤੋਂ ਥੋੜ੍ਹਾ ਚਿਰ ਬਾਅਦ ਹੀ ਉਹਦਾ ਮੈਨੂੰ ਧੁੜਕੂ ਲਾਉਂਦਾ ਸੁਨੇਹਾ ਆ ਗਿਆ। ਅਖੇ ਭਾਅ ਜੀ, ਇੱਥੇ ਹੋਰ ਹੀ ਪੰਗਾ ਪੈ ਗਿਆ ਐ। ਉਸ ਨੇ ਫ਼ੋਨ ਤੇ ਦੱਸਿਆ ਕਿ ਕਈ ਤਰਕਸ਼ੀਲ ਦੋਸਤ ਨਰਾਜ਼ ਹੋ ਗਏ ਹਨ, ਉਹ ਕਹਿੰਦੇ ਕਿ ਤੂੰ ਨਾਂ ਰੱਖਣ ਲਈ ਗੁਰੂ ਗਰੰਥ ਸਾਹਿਬ ਦਾ ਸ਼ਬਦ ਕਿਉਂ ਵਰਤਿਆ? ਕੋਈ ਉਸ ਨੂੰ ਕਹਿ ਰਿਹਾ ਸੀ ਕਿ ਤੂੰ ਖ਼ਬਰ ਦੀ ਤਰਦੀਦ ਕਰ। ਕੋਈ ਤਰਕਸ਼ੀਲ ਲਹਿਰ ਤੋਂ ਅਲਹਿਦਾ ਹੋ ਜਾਣ ਦੇ ਆਦੇਸ਼ ਦੇਣ ਡਿਹਾ ਸੀ ...।

ਇਹ ਸੁਣ ਕੇ ਮੈਂ ਮੱਥਾ ਫੜ ਕੇ ਬਹਿ ਗਿਆ। ਵਾਹ! ਹੁਣ ਤਕ ਆਸਤਿਕ ਲੋਕਾਂ ਦੀ ਕੱਟੜਤਾ ਬਾਰੇ ਸੁਣਿਆ ਸੀ, ਪਰ ਆਹ ਸਾਡੇ ਨਾਸਤਿਕ ਭਰਾਵਾਂ ਦੀ ਕੱਟੜਤਾ, ਆਸਤਿਕਾਂ ਨਾਲ਼ੋਂ ਵੀ ਕਿਤੇ ਵੱਧ ਵੇਖੀ। ਲਖਵਿੰਦਰ ਨੂੰ ਧਰਵਾਸਾ ਦਿੰਦਿਆਂ ਮੈਂ ਕਿਹਾ ਕਿ ਜਿਹੜੇ ਦੁਖੀ ਤਰਕਸ਼ੀਲਤੈਨੂੰ ਫ਼ੋਨ ਕਰ ਰਹੇ ਨੇ, ਉਹਨਾਂ ਸਾਰਿਆਂ ਨੂੰ ਮੇਰਾ ਫ਼ੋਨ ਨੰਬਰ ਦੇਈ ਜਾਹ। ਇਸ ਮਾਮਲੇ ਬਾਰੇ ਮੈਂ ਤਰਕਸ਼ੀਲ ਲਹਿਰ ਦੇ ਲੰਬੇ ਅਰਸੇ ਤੋਂ ਪ੍ਰਚਾਰਕ ਸ੍ਰੀ ਮੇਘ ਰਾਜ ਮਿੱਤਰ ਜੀ ਨੂੰ ਫ਼ੋਨ ਮਿਲ਼ਾਇਆ। ਉਹਨਾਂ ਬੜੀ ਸੁਹਿਰਦਤਾ ਨਾਲ਼ ਮੈਨੂੰ ਜਵਾਬ ਦਿੱਤਾ ਕਿ ਇਹ ਕੋਈ ਐਡਾ ਗੰਭੀਰ ਮਸਲਾ ਨਹੀਂ ਹੈ। ਨਾਲ਼ੇ ਤਰਕਸ਼ੀਲਤਾ ਤਾਂ ਇੱਕ ਵਿਗਿਆਨਕ ਸੋਚ ਹੈ, ਇਹ ਕੋਈ ਸਿਆਸੀ ਪਾਰਟੀ ਨਹੀਂ, ਜੋ ਕਿਸੇ ਨੂੰ ਕਿਹਾ ਜਾਵੇ ਕਿ ਫਲਾਣਿਆਂ ਤੂੰ ਇਸ ਤੋਂ ਬਾਹਰ ਹੋ ਜਾ।

ਸ੍ਰੀ ਮੇਘ ਰਾਜ ਮਿੱਤਰ ਜੀ ਨੂੰ ਮੈਂ ਤਰਕਸ਼ੀਲਾਂ ਦੀ ਜਥੇਬੰਦੀ ਦਾ ਸਰਵੇ-ਸਰਵਾ ਸਮਝਦਾ ਹਾਂ। ਪਰ ਜਦੋਂ ਮੈਂ ਉਹਨਾਂ ਨਾਲ਼ ਹੋਈ ਸਾਰੀ ਗੱਲ ਬਾਰੇ ਲਖਵਿੰਦਰ ਨੂੰ ਜਾਣਕਾਰੀ ਦਿੱਤੀ ਤਾਂ ਉਸ ਤੋਂ ਪਤਾ ਲੱਗਾ ਕਿ ਇਹ ਲੋਕ ਵੀ ਸਿਆਸੀ ਦਲਾਂ ਵਾਂਗ ਦੋਫਾੜ ਹੋਏ ਪਏ ਨੇ। ਉਹ ਦੱਸ ਰਿਹਾ ਸੀ ਕਿ ਮੇਘ ਰਾਜ ਹੁਰਾਂ ਵਾਲ਼ੇ ਤਰਕਸ਼ੀਲ ਹੋਰ ਨੇ, ਜਿਹੜੇ ਮੇਰੇ ਮਗਰ ਪਏ ਹੋਏ ਨੇ, ਇਹ ਅਲੱਗ ਹਨ।

ਸਦਭਾਵਨਾਵਿਚਾਰੀ ਕਿਵੇਂ ਵਧੇ ਫੁੱਲੇ, ਜਦ ਉਸ ਨੂੰ ਕੱਟੜਤਾਹੀ ਸਾੜੀ-ਫੂਕੀ ਜਾਂਦੀ ਹੈ?

*****

(141)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਤਰਲੋਚਨ ਸਿੰਘ ਦੁਪਾਲਪੁਰ

ਤਰਲੋਚਨ ਸਿੰਘ ਦੁਪਾਲਪੁਰ

San Jose, California, USA.
Phone: (408 - 915 - 1268)
Email: (tsdupalpuri@yahoo.com)