TarlochanDupalpur7ਬੱਸ ਏਨੀ ਗੱਲ ਉਹਦੇ ਕੰਨੀਂ ਪਾ ਆਫਿਰ ਮੈਂ ਜਾਣਾ, ਮੇਰਾ ਕੰਮ ਜਾਣੇ! ਟਾਹਲੀ ਤੇਰੀ ਰਹੀ ...
(11 ਦਸੰਬਰ 2016)


TreeCuttingA2ਨੇੜਿਉਂ ਦੇਖੀ ਹੋਈ ਇਹ ਘਟਨਾ ਤਿੰਨ ਕੁ ਦਹਾਕੇ ਪੁਰਾਣੀ ਹੈ। ਸਾਡੇ ਇਲਾਕੇ ਦੇ ਇੱਕ ਪਿੰਡ ਦਾ ਬੜਾ ਸਾਊ-ਸ਼ਰੀਫ਼ ਬੰਦਾ ਹੁੰਦਾ ਸੀ ਰਤੀ ਰਾਮ। ਘਰੋਂ ਗ਼ਰੀਬ
, ਪਰ ਮਿੱਠ-ਬੋਲਾ ਰੱਜ ਕੇ ਅਤੇ ਇਮਾਨਦਾਰ ਵੀ। ਪਿੰਡਾਂ ਵਿੱਚ ਗ਼ੈਰ-ਜ਼ਮੀਨੇ ਲੋਕਾਂ ਨੂੰ ਢੇਰ-ਕੂੜਾ ਸੁੱਟਣ ਲਈ ਥੋੜ੍ਹਾ-ਥੋੜ੍ਹਾ ਥਾਂ ਪਿੰਡੋਂ ਬਾਹਰਵਾਰ ਦਿੱਤਾ ਹੋਇਆ ਹੁੰਦਾ ਹੈ, ਜਿਸ ਨੂੰ ਆਮ ਬੋਲ-ਚਾਲ ਵਿੱਚ ‘ਆਬਾਦੀਆਂ’ ਕਹਿ ਲਿਆ ਜਾਂਦਾ ਹੈ। ਇਸ ਥਾਂ ਵਿੱਚ ਗ਼ੈਰ-ਕਾਸ਼ਤਕਾਰ ਪਰਵਾਰ ਆਪਣੇ ਪਸ਼ੂਆਂ ਲਈ ਪੱਠੇ-ਦੱਥੇ ਰੱਖ ਲੈਂਦੇ ਹਨ ਅਤੇ ਤੂੜੀ ਦੇ ਕੁੱਪ ਜਾਂ ਗੁਹਾੜੀ ਵਗੈਰਾ ਬੰਨ੍ਹ ਲੈਂਦੇ ਹਨ। ਇੰਜ ਇਸ ਰਤੀ ਰਾਮ ਦੇ ਟੱਬਰ ਦੀ ਆਬਾਦੀ ਪਿੰਡ ਦੇ ਇੱਕ ਪਾਸੇ ਕੁਝ ਉੱਚੇ-ਨੀਵੇਂ ਟੋਏ-ਟਿੱਬਿਆਂ ਵਿੱਚ ਵਾਕਿਆ ਸੀ।

ਇਸ ਥਾਂ ਦੇ ਇੱਕ ਖੂੰਜੇ ’ਤੇ ਬੜਾ ਭਾਰਾ ਪੁਰਾਣਾ ਟਾਹਲੀ ਦਾ ਇੱਕ ਦਰਖ਼ਤ ਸੀ। ਘਰ ਦੀਆਂ ਪਾਲ਼ੀਆਂ ਕੱਟੀਆਂ-ਵੱਛੀਆਂ ਵੇਚ ਕੇ ਗੁਜ਼ਾਰਾ ਕਰ ਰਹੇ ਰਤੀ ਰਾਮ ਨੇ ਸੋਚਿਆ ਹੋਇਆ ਸੀ ਕਿ ਇਸ ਟਾਹਲੀ ਦੇ ਚਾਰ ਪੈਸੇ ਵੱਟ ਕੇ ਉਹ ਕੋਈ ਘਰੇਲੂ ਗਰਜ਼ ਸਾਰ ਲਵੇਗਾ, ਪਰ ਵਿਚਾਰੇ ਗ਼ਰੀਬ ਦੀ ਟਾਹਲੀ ਨੂੰ ਅਚਾਨਕ ਇੱਕ ਖ਼ਤਰਾ ਆ ਖੜ੍ਹਾ ਹੋਇਆ।

ਰਤੀ ਰਾਮ ਦੀ ਬਦਕਿਸਮਤੀ ਕਹਿ ਲਉ ਕਿ ਉਸਦੀ ਇਸ ਆਬਾਦੀ ਦੇ ਇੱਕ ਪਾਸੇ ਪਿੰਡ ਦੇ ਉਸ ਬੰਦੇ ਦੀ ਜ਼ਮੀਨ ਸੀ, ਜਿਹੜਾ ਸਾਰੇ ਪਿੰਡ ਵਿੱਚ ਸਿਰੇ ਦਾ ਲੜਾਕਾ ਅਤੇ ਅੜਬੰਗ ਮੰਨਿਆ ਜਾਂਦਾ ਸੀ। ਉਹ ਆਪਣੀ ਉੱਚੀ-ਨੀਵੀਂ ਜ਼ਮੀਨ ਨੂੰ ਬੁੱਲਡੋਜ਼ਰ ਨਾਲ ਪੱਧਰੀ ਕਰਵਾਉਣ ਲੱਗ ਪਿਆ। ਧੱਕੇਸ਼ਾਹੀ ਨਾਲ ਉਸ ਨੇ ਰਤੀ ਰਾਮ ਦੇ ਥਾਂ ਵੱਲ ਦੇ ਪਾਸੇ ਮਿੱਟੀ ਕਰਾਹੁੰਦਿਆਂ ਕੁਝ ਏਸ ਢੰਗ ਨਾਲ ਵੱਡਾ ਸਾਰਾ ਬੰਨ੍ਹ ਜਿਹਾ ਬਣਾ ਦਿੱਤਾ ਕਿ ਰਤੀ ਰਾਮ ਦੀ ਟਾਹਲੀ ਉਸ ਨੇ ਆਪਣੇ ਥਾਂ ਵਿੱਚ ਕਰ ਲਈ। ਵਿਚਾਰੇ ਰਤੀ ਰਾਮ ਨੇ ਉਸ ਕੋਲ ਜਾ ਕੇ ਹਾਲ-ਪਾਹਰਿਆ ਕੀਤੀ, ਪਰ ਉਸ ਹੰਕਾਰੇ ਹੋਏ ਬੰਦੇ ਨੇ ਪੁੱਠਾ-ਸਿੱਧਾ ਬੋਲਦਿਆਂ ਰਤੀ ਰਾਮ ਦੀ ਬੇਇੱਜ਼ਤੀ ਕਰਕੇ ਉੱਥੋਂ ਭਜਾ ਦਿੱਤਾ।

ਗ਼ਰੀਬ ਰਤੀ ਰਾਮ ਪਿੰਡ ਵਿੱਚ ਵਿਲਕਦਾ ਫਿਰਿਆ। ਗੱਲੀਂ-ਬਾਤੀਂ ਤਾਂ ਸਾਰੇ ਉਸ ਨਾਲ ਹਮਦਰਦੀ ਜਿਤਾਈ ਜਾਣ ਤੇ ਟਾਹਲੀ ਉੱਤੇ ਉਸੇ ਦਾ ਹੱਕ ਦੱਸੀ ਜਾਣ, ਪਰ ਇਹ ਹਿੰਮਤ ਕੋਈ ਵੀ ਨਾ ਕਰੇ ਕਿ ਧੱਕੇਸ਼ਾਹੀ ਕਰ ਰਹੇ ਅੜਬੰਗ ਨੂੰ ਰੋਕਿਆ ਜਾਵੇ। ਇਨਸਾਫ਼ ਲਈ ਗੁਹਾਰ ਲਾਉਣ ਲਈ ਰਤੀ ਰਾਮ ਪੰਚਾਇਤ ਕੋਲ ਗਿਆ, ਪਰ ਪਿੰਡ ਦੇ ਹੈਂਕੜਬਾਜ਼ ਹੱਥੋਂ ਬੇਇੱਜ਼ਤੀ ਕਰਾਉਣ ਦੇ ਡਰੋਂ ਪੰਚਾਇਤੀਆਂ ਨੇ ਵੀ ਗੋਂਗਲੂਆਂ ਤੋਂ ਮਿੱਟੀ ਝਾੜ ਦਿੱਤੀ।

ਕਈ ਹੀਲੇ-ਵਸੀਲੇ ਕਰਨ ਤੋਂ ਬਾਅਦ ਨਿਰਾਸ਼ ਅਤੇ ਉਦਾਸ ਹੋਇਆ ਰਤੀ ਰਾਮ ਇੱਕ ਦਿਨ ਆਪਣੇ ਵਿਹੜੇ ਵਿਚ ਬੈਠਾ ਸੀ ਕਿ ਗਲੀ ਵਿੱਚੋਂ ਪਿੰਡ ਦਾ ਹੀ ਇੱਕ ਹੋਰ ਉਹ ਬੰਦਾ ਲੰਘਦਾ ਜਾਵੇ, ਜਿਹੜਾ ਸੁਭਾਅ ਦਾ ਤਾਂ ਭਾਵੇਂ ਕੁਰਖ਼ਤ ਸੀ, ਪਰ ਉਹ ਐਵੇਂ ਕਿਸੇ ਦੇ ਗਲ਼ ਨਹੀਂ ਸੀ ਪੈਂਦਾ। ਸਗੋਂ ਉਸ ਦੀ ਫਿਤਰਤ ਅਜਿਹੀ ਸੀ ਕਿ ਇਹ ਫੰਨੇ ਖ਼ਾਂ ਬਣੇ ਫਿਰਦੇ ਵੱਡੇ ਤੋਂ ਵੱਡੇ ਨਾਢੂ ਖ਼ਾਂ ਨੂੰ ਵੀ ਕਿਸੇ ਗ਼ਲਤ ਗੱਲ ਤੋਂ ਮੂੰਹ ’ਤੇ ਹੀ ਝਾੜ ਦਿੰਦਾ ਸੀ। ਕਿਸੇ ਦੇ ਗਿੱਟੇ ਲੱਗੇ, ਗੋਡੇ ਲੱਗੇ, ਇਹ ਸੱਚੀ ਗੱਲ ਕਹਿਣੋਂ ਕਦੇ ਨਹੀਂ ਸੀ ਝਕਦਾ ਜਾਂ ਡਰਦਾ।

ਸਹਿਵਨ ਹੀ ਇਸ ਨੇ ਗਲੀ ਵਿੱਚੋਂ ਗੁਜ਼ਰਦਿਆਂ ਰਤੀ ਰਾਮ ਨੂੰ ਪੁੱਛ ਲਿਆ ਕਿ ਚੌਧਰੀ ਤੂੰ ਨਿੰਮੋਝੂਣਾ ਜਿਹਾ ਕਾਹਤੋਂ ਹੋਇਆ ਬੈਠਾਂ?

ਆ ਜਾ, ਬਹਿ ਜਾ ਮੱਲਾ!” ਕਹਿੰਦਿਆਂ ਰਤੀ ਰਾਮ ਨੇ ਉਸ ਨੂੰ ਨਾਲ ਡਹੇ ਮੰਜੇ ’ਤੇ ਬਹਾ ਲਿਆ। ਆਪਣੀ ਟਾਹਲੀ ਜਬਰਨ ਮੱਲੇ ਜਾਣ ਦੀ ਸਾਰੀ ਕਹਾਣੀ ਸੁਣਾਉਣ ਤੋਂ ਬਾਅਦ ਘਿਗਿਆਈ ਬੋਲੀ ਬੋਲਦਿਆਂ ਹਾਲੇ ਰਤੀ ਰਾਮ ਨੇ ਆਪਣੀ ਮਦਦ ਲਈ ਕੋਈ ‘ਵਾਸਤਾ’ ਵੀ ਨਹੀਂ ਸੀ ਪਾਇਆ ਕਿ ਉਹ ਬੰਦਾ ਬੜੇ ਇਤਮੀਨਾਨ ਨਾਲ ਰਤੀ ਰਾਮ ਦੇ ਨੰਗੇ ਗੋਡਿਆਂ ’ਤੇ ਹੱਥ ਰੱਖ ਕੇ ਬੋਲਿਆ, ਰਤੀ ਰਾਮਾ! ਤੂੰ ਐਉਂ ਕਰ ... ਅੱਜ ਈ ਸ਼ਾਮ ਨੂੰ ‘ਅੜਬੰਗ’ ਕੋਲ ਜਾ ਕੇ ਮੇਰਾ ਨਾਂਅ ਲੈਂਦਿਆਂ ਕਹਿ ਦੇਈਂ ਕਿ ਸਰਦਾਰਾ, ਉਹ ਟਾਹਲੀ ਮੈਂ ‘ਫਲਾਣਾ ਸੋਂਹ’ ਨੂੰ ਵੇਚ ਦਿੱਤੀ ਐ! ਬੱਸ ਏਨੀ ਗੱਲ ਉਹਦੇ ਕੰਨੀਂ ਪਾ ਆ, ਫਿਰ ਮੈਂ ਜਾਣਾ, ਮੇਰਾ ਕੰਮ ਜਾਣੇ! ਟਾਹਲੀ ਤੇਰੀ ਰਹੀਜਦ ਵੀ ਕੋਈ ਗਾਹਕ ਆਵੇ, ਜਿੰਨਾ ਚਾਹੇਂ, ਉੰਨਾ ਮੁੱਲ ਪਾ ਕੇ ਵੇਚ ਲਈਂ ਭਰਾਵਾ!”

ਥੋੜ੍ਹੇ ਦਿਨਾਂ ਬਾਅਦ ਸਾਰੇ ਪਿੰਡ ਨੇ ਦੇਖਿਆ ਕਿ ਰਤੀ ਰਾਮ ਦੇ ਬਣੇ ਰਖਵਾਲੇ ਨੇ ਕੋਲ ਖੜ੍ਹ ਕੇ ਟਾਹਲੀ ਵੱਢਵਾਈ, ਪੈਸੇ ਅਸਲ ਮਾਲਕ ਦੇ ਖੀਸੇ ਪਾਏ ਤੇ ਅੜਬੰਗ ਹੱਥ ਮਲਦਾ ਰਹਿ ਗਿਆ।

*****

(526)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਤਰਲੋਚਨ ਸਿੰਘ ਦੁਪਾਲਪੁਰ

ਤਰਲੋਚਨ ਸਿੰਘ ਦੁਪਾਲਪੁਰ

San Jose, California, USA.
Phone: (408 - 915 - 1268)
Email: (tsdupalpuri@yahoo.com)

More articles from this author