TarlochanDupalpur7ਕੈਦ ਵਿੱਚੋਂ ਛੁੱਟਣ ਦੀ ਚਾਹਤ ਵਿੱਚ ਹੁਣ ਉਹ ਵਿਅਕਤੀ ਜਿਸ ਦਰਵਾਜ਼ੇ ’ਤੇ ਪਹੁੰਚਿਆ ...
(14 ਜੁਲਾਈ 2018)

 

ਚੇਲੇ ਬਾਲਕਿਆਂ ਦੇ ਵਿਚਕਾਰ ਬੈਠੇ ਸੰਤ ਜੀ ਨਸ਼ਿਆਂ ਵਿਰੁੱਧ ਪ੍ਰਵਚਨ ਕਰ ਰਹੇ ਸਨ। ਧਰਮ ਪੋਥੀਆਂ ਦੀਆਂ ਲਿਖਤਾਂ ਦੇ ਹਵਾਲੇ ਦਿੰਦਿਆਂ ਉਹ ਦੱਸ ਰਹੇ ਸਨ ਕਿ ਵੈਸੇ ਤਾਂ ਸਾਰੇ ਬੁਰੇ ਕੰਮਾਂ ਦਾ ਵੀ ਇੱਕ ਤਰ੍ਹਾਂ ਦਾ ਨਸ਼ਾ ਹੀ ਹੁੰਦਾ ਹੈ। ਇਹ ਜਿਸ ਦੇ ਸਿਰ ਨੂੰ ਚੜ੍ਹ ਜਾਵੇ, ਉਸਦੀ ਅਕਲ ’ਤੇ ਪਰਦੇ ਹੀ ਪਾ ਦਿੰਦਾ ਹੈ। ਪਰ ਸ਼ਰਾਬ ਦਾ ਨਸ਼ਾ ਸਭ ਬੁਰਾਈਆਂ ਦੀ ਜੜ੍ਹ ਮੰਨਿਆ ਜਾਂਦਾ ਹੈ। ਸ਼ਰ+ਆਬ, ਭਾਵ ਸ਼ਰਾਰਤ ਦਾ ਪਾਣੀ ਜਿਸਦੇ ਅੰਦਰ ਚਲੇ ਜਾਂਦਾ ਹੈ, ਉਹ ਹੋਰ ਭੈੜੀਆਂ ਵਾਦੀਆਂ ਨੂੰ ’ਵਾਜਾਂ ਮਾਰਨ ਲੱਗ ਜਾਂਦਾ ਹੈ।

ਤਾਜ਼ੀ ਤਾਜ਼ੀ ਸ਼ਰਾਬ ਛੱਡ ਕੇ ਆਇਆ ਇੱਕ ਨਵਾਂ ਚੇਲਾ ਸੰਤਾਂ ਨੂੰ ਕਹਿਣ ਲੱਗਾ ਕਿ ਬਾਬਾ ਜੀ ਕੋਈ ਦ੍ਰਿਸ਼ਟਾਂਤ ਦੇ ਕੇ ਸਮਝਾਓ, ਐਵੇਂ ਨਹੀਂ ਇਹ ਗੱਲ ਮੰਨਣ ਵਿਚ ਆਉਂਦੀ। ਕਿਉਂਕਿ ਜ਼ਰੂਰੀ ਨਹੀਂ ਕਿ ਚੋਰੀਆਂ ਡਾਕੇ ਤੇ ਹੋਰ ਬਦਮਾਸ਼ੀਆਂ ਸ਼ਰਾਬ ਪੀ ਕੇ ਹੀ ਕੀਤੀਆਂ ਜਾਣ। ਬਥੇਰੇ ਚੋਰ ਲੁਟੇਰੇ ਬਿਨਾਂ ਸ਼ਰਾਬ ਸੇਵਨ ਕਰਨ ਦੇ ਇਹ ਧੰਦੇ ਕਰਦੇ ਹੋਣਗੇ। ਦਿਲਚਸਪ ਮਿਸਾਲਾਂ ਰਾਹੀਂ ਆਪਣੀ ਗੱਲ ਸਿੱਧ ਕਰਨ ਵਿਚ ਮਾਹਰ ਸੰਤ ਜੀ ਨੇ ਇੱਕ ‘ਸਾਖੀ’ ਛੋਹ ਲਈ-

ਭਗਤੋ, ਇੱਕ ਭਲਾ ਪੁਰਸ਼ ਕਿਸੇ ਅਜਨਬੀ ਇਲਾਕੇ ਵਿੱਚ ਚਲਾ ਗਿਆ। ਓਪਰਾ ਬੇਗਾਨਾ ਦੇਖ ਕੇ ਸਥਾਨਕ ਲੋਕਾਂ ਨੇ ਉਸਨੂੰ ਇੱਕ ਵਿਸ਼ਾਲ ਕਿਲਾ ਨੁਮਾ ਚਾਰ ਦੀਵਾਰੀ ਵਿੱਚ ਬੰਦ ਕਰ ਦਿੱਤਾ। ਕੰਧਾਂ ਇੰਨੀਆਂ ਉੱਚੀਆਂ ਸਨ ਕਿ ਉਹ ਟੱਪ ਕੇ ਬਾਹਰ ਨਹੀਂ ਸੀ ਭੱਜ ਸਕਦਾ। ਸੋ ਅਜ਼ਾਦ ਹੋਣ ਲਈ ਉਹ ਚਾਰਦੀਵਾਰੀ ਦੇ ਅੰਦਰ ਕੰਧ ਦੇ ਨਾਲ-ਨਾਲ ਚੱਕਰ ਮਾਰਨ ਲੱਗਾ ਤਾਂ ਕਿ ਕਿਸੇ ਦਰਵਾਜ਼ੇ ਥਾਣੀ ਬਾਹਰ ਨਿੱਕਲ ਸਕੇ। ਘੁੰਮਦਾ-ਘੁੰਮਦਾ ਉਹ ਇੱਕ ਦਰਵਾਜ਼ੇ ’ਤੇ ਪਹੁੰਚਿਆ। ਉੱਥੇ ਦੋਹੀਂ ਪਾਸੀਂ ਸੋਨੇ ਚਾਂਦੀ ਦੀਆਂ ਮੋਹਰਾਂ ਨਾਲ ਬੋਰੀਆਂ ਖੁੱਲ੍ਹੀਆਂ ਪਈਆਂ ਸਨ। ਉੱਤੇ ਲਿਖਿਆ ਹੋਇਆ ਸੀ ਕਿ ਇਸ ਚਾਰਦੀਵਾਰੀ ਦਾ ਕੈਦੀ ਜੇ ਬਾਹਰ ਜਾਣਾ ਚਾਹਵੇ ਤਾਂ ਬੋਰੀਆਂ ਵਿੱਚੋਂ ਮੋਹਰਾਂ ਚੋਰੀ ਕਰ ਲਵੇ ਤਾਂ ਜਾ ਸਕਦਾ ਹੈ।

ਚੋਰੀ ਦਾ ਨਾਂ ਸੁਣ ਕੇ ਵਿਚਾਰਾ ਨੇਕ ਆਦਮੀ ਠਠ੍ਹੰਬਰ ਗਿਆ। ਉਹ ਕਦੇ ਚੋਰੀ-ਚਕਾਰੀ ਦੇ ਨੇੜੇ ਨਹੀਂ ਸੀ ਗਿਆ। ਇਸ ਕਰਕੇ ਉਹ ਇਹ ਦਰਵਾਜ਼ਾ ਛੱਡ ਕੇ ਕਿਸੇ ਹੋਰ ਦਰਵਾਜ਼ੇ ਦੀ ਭਾਲ ਵਿੱਚ ਅੱਗੇ ਚੱਲ ਪਿਆ। ਤੁਰਦੇ-ਤੁਰਦੇ ਨੂੰ ਅੱਗੇ ਇੱਕ ਦਰਵਾਜ਼ਾ ਹੋਰ ਆ ਗਿਆ। ਬੰਦ ਦਰਵਾਜ਼ੇ ਦੇ ਇੱਕ ਪਾਸੇ ਬੱਕਰਾ ਬੰਨ੍ਹਿਆ ਹੋਇਆ ਸੀ ਤੇ ਦੂਜੇ ਪਾਸੇ ਮੇਜ਼ ਉੱਤੇ ਨੰਗੀ ਤਲਵਾਰ ਪਈ ਸੀ। ਇੱਥੇ ਲਿਖਿਆ ਹੋਇਆ ਸੀ ਕਿ ਬਾਹਰ ਜਾਣ ਦਾ ਕੋਈ ਇੱਛਕ, ਬੱਕਰਾ ਝਟਕਾ ਕੇ ਜਾ ਸਕਦਾ ਹੈ। ਉਸ ਸਾਧੂ ਬਿਰਤੀ ਬੰਦੇ ਨੇ ਤਾਂ ਕਰਦੇ ਕੁੱਤੇ ਦੇ ਡੰਡਾ ਨਹੀਂ ਸੀ ਮਾਰਿਆ, ਬੱਕਰਾ ਕਿਹੜੇ ਜਿਗਰੇ ਨਾਲ ਵੱਢ ਦਿੰਦਾ? ਨਿਰਾਸ਼ ਜਿਹਾ ਹੋ ਕੇ ਉਹ ਤੀਜੇ ਪਾਸੇ ਦੀ ਕੰਧ ਦੇ ਨਾਲ-ਨਾਲ ਕੋਈ ਹੋਰ ਦਰਵਾਜ਼ਾ ਲੱਭਣ ਲੱਗਾ।

ਤੀਸਰੇ ਦਰਵਾਜ਼ੇ ਵਾਲਾ ਕੌਤਕ ਦੇਖ ਕੇ ਉਹਦੇ ਹੋਸ਼ ਹੀ ਉੱਡ ਗਏ! ਉੱਥੇ ਇੱਕ ਅਰਧ-ਨਗਨ ਜਿਹੀ ਨੌਜਵਾਨ ਲੜਕੀ ਕਾਮੁਕ ਇਸ਼ਾਰੇ ਕਰ ਰਹੀ ਸੀ। ਉੱਥੇ ਬੜੀ ਅਜੀਬ ਜਿਹੀ ਸ਼ਰਤ ਲਿਖੀ ਹੋਈ ਸੀ ਕਿ ਬਾਹਰ ਜਾਣ ਦਾ ਚਾਹਵਾਨ ਇਸ ਵੇਸਵਾ ਦੀ ਮੰਗ ਪੂਰੀ ਕਰ ਕੇ ਅਜ਼ਾਦ ਹੋ ਸਕਦਾ ਹੈ। ‘ਤੋਬਾ-ਤੋਬਾ’ ਕਰਦਾ ਹੋਇਆ ਧਰਮੀ ਬੰਦਾ ਉੱਥੋਂ ਛੇਤੀ ਹੀ ਅੱਗੇ ਖਿਸਕ ਗਿਆ।

ਵਿਆਕੁਲ ਹੋਇਆ ਜਦ ਉਹ ਬੰਦਾ ਅੱਗੇ ਚੌਥੇ ਦਰਵਾਜ਼ੇ ’ਤੇ ਪਹੁੰਚਿਆ, ਉੱਥੇ ਇਕ ਵੱਡੇ ਦੇਗੇ ਵਿੱਚੋਂ ਭਾਫਾਂ ਉੱਡ ਰਹੀਆਂ ਸਨ ਅਤੇ ਤੁੜਕੇ ਮਸਾਲੇ ਦੀਆਂ ਮਨ-ਲੁਭਾਉਣੀਆਂ ਲਪਟਾਂ ਉੱਠ ਰਹੀਆਂ ਸਨ, ਜਿਨ੍ਹਾਂ ਨੂੰ ਸੁੰਘਦਿਆਂ ਹੀ ਉਹਦੀ ਥੱਕੇ ਹਾਰੇ ਦੀ ਭੁੱਖ ਹੋਰ ਚਮਕ ਪਈ। ਦੇਗੇ ਦੇ ਕੋਲ ਹੀ ਪਏ ਕੌਲੇ ਚਮਚੇ ਦੇਖ ਕੇ ਉਹ ਕਾਹਲਾ ਪੈਣ ਲੱਗਾ ਕਿ ਚਲੋ ਪਹਿਲਾਂ ਪੇਟ ਪੂਜਾ ਤਾਂ ਕਰ ਲਵਾਂ। ਪਰ ਜਦ ਉਹ ਉੱਥੇ ਲਿਖੀ ਹਦਾਇਤ ਪੜ੍ਹਨ ਲੱਗਾ ਤਾਂ ਉਸਦੀ ਭੁੱਖ ਹੀ ਉੱਡ ਗਈ। ਲਿਖਿਆ ਹੋਇਆ ਸੀ ਕਿ ਗਰਮਾ ਗਰਮ ਮੀਟ ਦਾ ਕੌਲਾ ਛਕੋ ਤੇ ਇੱਥੋਂ ਨਿਜਾਤ ਪਾਓ! ਲਸਣ-ਗੰਢੇ ਤੋਂ ਵੀ ਪ੍ਰਹੇਜ਼ ਕਰਨ ਵਾਲਾ ਇਹ ਸ਼ਾਕਾਹਾਰੀ ਸੱਜਣ ਨੱਕ ਮੂੰਹ ਵੱਟ ਕੇ ਅੱਗੇ ਤੁਰ ਪਿਆ।

ਕੈਦ ਵਿੱਚੋਂ ਛੁੱਟਣ ਦੀ ਚਾਹਤ ਵਿੱਚ ਹੁਣ ਉਹ ਵਿਅਕਤੀ ਜਿਸ ਦਰਵਾਜ਼ੇ ’ਤੇ ਪਹੁੰਚਿਆ, ਉੱਥੇ ਲਿਖਿਆ ਹੋਇਆ ਸੀ ‘ਆਖ਼ਰੀ ਦਰਵਾਜ਼ਾ! ਬੜੀ ਉਤਸੁਕਤਾ ਨਾਲ ਉਸਨੇ ਇਸ ਦਰਵਾਜ਼ੇ ਲਾਗੇ ਪਏ ਸਮਾਨ ਵੱਲ ਨਜ਼ਰ ਮਾਰੀ। ਲੁਭਾਵਣਾ ਜਿਹਾ ਕੱਚ ਦਾ ਮਰਦਬਾਨ ਪਿਆ ਸੀ, ਵਿੱਚ ਸੀ ਉਹਦੇ ਸੁਨਹਿਰੀ ਭਾਅ ਮਾਰਦਾ ਪਾਣੀ। ਲਾਗੇ ਹੀ ਪਏ ਸਨ ਦੋ ਪਿਆਲੇ ਅਤੇ ਉੱਪਰ ਇਬਾਰਤ ਵਿੱਚ ਲਿਖਿਆ ਸੀ ਕਿ ਮਰਦਬਾਨ ’ਚੋਂ ਪਿਆਲਾ ਸ਼ਰਾਬ ਦਾ ਪੀਉ ਤੇ ਛੁੱਟੀ ਪਾਉ ਇੱਥੋਂ।

ਮੱਥੇ ’ਤੇ ਹੱਥ ਮਾਰਕੇ ਉਸਨੇ ਇਸ ਆਖ਼ਰੀ ਦਰਵਾਜ਼ੇ ’ਤੇ ਪਏ ਸਮਾਨ ਦੀ ਪਿਛਲੇ ਦਰਵਾਜ਼ਿਆਂ ਨਾਲ ਮਨ ਹੀ ਮਨ ਤੁਲਨਾ ਕੀਤੀ। ਹੈ ਤਾਂ ਪੀਣੀ ਮਾੜੀ, ਪਰ ਪਿਛਲੇ ਗੁਨਾਹਾਂ ਨਾਲੋਂ ਇਹ ਕੋਈ ਵੱਡਾ ਗੁਨਾਹ ਨਹੀਂ, ਸਗੋਂ ਮਾਮੂਲੀ ਹੈ ... ਇੱਕ ਗਲਾਸ ਪੀ ਲੈਂਦਾ ਹਾਂ ... ਇੱਥੋਂ ਤਾਂ ਛੁਟਕਾਰਾ ਹੋਊ! ਇਹ ਸੋਚਦਿਆਂ ਉਸਨੇ ਮਰਦਬਾਨ ਵਿੱਚੋਂ ਇੱਕ ਪਿਆਲਾ ਭਰ ਕੇ ਔਖੇ ਸੌਖੇ ਅੰਦਰ ਸੁੱਟ ਲਿਆ। ਕਦੇ ਪੀਤੀ ਨਾ ਹੋਣ ਕਰਕੇ ਉਸ ਨੂੰ ਪੀਂਦਿਆਂ ਸਾਰ ‘ਸਰੂਰ’ ਜਿਹਾ ਆਉਣਾ ਸ਼ੁਰੂ ਹੋ ਗਿਆ। ਪਲਾਂ ਵਿੱਚ ਹੀ ਉਸਨੂੰ ਨਸ਼ਾ ਚੜ੍ਹਨ ਲੱਗਾ ਤੇ ਉਹਦੇ ਪੈਰ ਚੱਕ ਹੋਣ ਲੱਗੇ। ਪਤਾ ਹੀ ਨਾ ਲੱਗਾ ਉਸਨੇ ਖੜ੍ਹੇ-ਖੜ੍ਹੇ ਕਦੋਂ ਇੱਕ ਹੋਰ ਪਿਆਲਾ ਭਰ ਕੇ ਪੀ ਲਿਆ।

ਭਲੇ ਲੋਕ ਦੇ ਅੰਦਰ ਜਦੋਂ ਸ਼ਰਾਬ ਗਈ ਤਾਂ ਉਸਨੂੰ ਪਿਛਲੇ ਦਰਵਾਜ਼ੇ ਵਾਲੇ ‘ਕਬਾਬ’ ਦੀਆਂ ਲਪਟਾਂ ਵੀ ਚੇਤੇ ਆ ਗਈਆਂ। ਲੜਖੜਾਉਂਦੇ ਜਾਂਦੇ ਨੇ ਪਿਛਲੇ ਦਰਵਾਜ਼ੇ ’ਤੇ ਜਾ ਕੇ ਮੀਟ ਦੀ ਬਾਟੀ ਵੀ ਖਾ ਲਈ। ਸ਼ਰਾਬ ਤੇ ਕਬਾਬ ਦੋਵੇਂ ਇਕੱਠੇ ਹੋਏ ਤਾਂ ‘ਸ਼ਬਾਬ’ ਦੀ ਵੀ ਤਲਬ ਜਾਗ ਪਈ। ਗੱਲ ਮੁੱਕਦੀ, ਸ਼ਰਾਬ, ਕਬਾਬ ਤੇ ਸ਼ਬਾਬ ਭੋਗਣ ਬਾਅਦ, ਉਸਦੇ ਮਸਤਕ ਵਿਚ ਵਿਕਾਰ ਉਡਾਰੀਆਂ ਮਾਰਨ ਲੱਗੇ। ਆਪਣੇ ਕਿਸੇ ‘ਦੁਸ਼ਮਣ’ ਨੂੰ ਮਾਰ-ਮੁਕਾਉਣ ਦੀ ਸੋਚ ਸੋਚਦਿਆਂ ਬੱਕਰਾ ਵੱਢ ਕੇ ‘ਦਿਲ ਮਜ਼ਬੂਤ’ ਬਣਾਉਣ ਲਈ, ਉਸਨੇ ਲਗਦੇ ਹੱਥ ਉਹਦਾ ਵੀ ਫਸਤਾ ਵੱਡ ਦਿੱਤਾ। ਫਿਰ ਉਸਨੂੰ ਸੋਨੇ ਚਾਂਦੀ ਦੀਆਂ ਮੋਹਰਾਂ ਦਾ ਲਾਲਚ ਵੀ ਜਾਗ ਪਿਆ। ਜਿੰਨੀਆਂ ਕੁ ਜੇਬਾਂ ਵਿੱਚ ਤੁੰਨ੍ਹ ਹੋਈਆਂ, ਤੁੰਨ ਕੇ ਬਾਹਰ ਆ ਗਿਆ।

ਸੰਤਾਂ ਨੇ ਹਾਲੇ ਇਹ ਕਥਾ ਮੁਕਾਈ ਹੀ ਸੀ ਕਿ ਨਵੇਂ ਚੇਲੇ ਦੇ ਮਨ ਵਿੱਚ ਪਤਾ ਨਹੀਂ ਕੀ ਆਇਆ, ਉੱਠ ਕੇ ਕਹਿੰਦਾ ਕਿ ਬਾਬਾ ਜੀ ਮੈਂ ਗੁੜ ਖਾ ਲਿਆ ਕਰਾਂ? ‘ਹਾਂ’ ਵਿੱਚ ਜਵਾਬ ਮਿਲਣ ’ਤੇ ਬੋਲਿਆ, ਅਖੇ ਜੀ ਮੈਂ ਰੋਜ਼ ਸੁਬ੍ਹਾ ਸਵੇਰ ਕਿੱਕਰ ਦੀ ਦਾਤਣ ਕਰਦਾ ਹਾਂ, ਇਹ ਕੋਈ ਮਾੜੀ ਤਾਂ ਨਹੀਂ? ਜਵਾਬ ਮਿਲਿਆ ਕਿ ਕਿੱਕਰ ਦੀ ਦਾਤਣ ਵਿਚ ਕਾਹਦਾ ਮਾੜਾ-ਪਣ ਹੋਇਆ? ਚੇਲਾ ਚਹਿਕਦਾ ਹੋਇਆ ਸੰਤਾਂ ਨੂੰ ਕਹਿੰਦਾ ਕਿ ਗੁੜ ਅਤੇ ਕਿੱਕਰ ਦੇ ਸੱਕ ਨਾਲ ਹੀ ਤਾਂ ਸ਼ਰਾਬ ਬਣਦੀ ਐ। ਜੇ ਇਹ ਦੋਵੇਂ ਵਰਤੇ ਜਾ ਸਕਦੇ ਆ, ਤਾਂ ਫਿਰ ਸ਼ਰਾਬ ਮਾੜੀ ਕਿਵੇਂ ਹੋ ਗਈ?

ਕਾਕਾ, ਹੈ ਤਾਂ ਤੇਰੀ ਇਹ ‘ਢੁੱਚਰ’ ਹੀ, ਪਰ ਇਹਦਾ ਉੱਤਰ ਵੀ ਸੁਣ ਲੈ!” ਸੰਤਾਂ ਨੇ ਇਹ ਕਹਿਕੇ ਥੋੜ੍ਹੀ ਮਿੱਟੀ ਪੁੱਟ ਕੇ ਹੱਥ ਵਿਚ ਲਈ। ਥੋੜ੍ਹੀ ਦੂਰ ਖੜ੍ਹੇ ਚੇਲੇ ਨੂੰ ਕਿਹਾ ਕਿ ਜੇ ਮੈਂ ਇਹ ਤੇਰੇ ਮਾਰਾਂ, ਤਾਂ ਤੈਨੂੰ ਸੱਟ ਲੱਗੂ? ਚੇਲਾ ਕਹਿੰਦਾ, ਨਹੀਂ ਜੀ। ਉਸ ਮਿੱਟੀ ਵਿਚ ਥੋੜ੍ਹਾ ਪਾਣੀ ਪਾ ਕੇ ਪੇੜਾ ਜਿਹਾ ਬਣਾਉਂਦਿਆਂ ਸੰਤ ਕਹਿੰਦੇ, ਜੇ ਹੁਣ ਮਾਰਾਂ, ਫੇਰ? ਚੇਲਾ ਕਹਿੰਦਾ ਜੀ ਹੋਣਾ-ਹਵਾਣਾ ਤਾਂ ਕੁੱਝ ਨਹੀਂ, ਬਸ ਮੇਰੇ ਕੱਪੜੇ ਹੀ ਖ਼ਰਾਬ ਹੋਣਗੇ। ਮੁਸਕਰਾਉਂਦਿਆਂ ਹੋਇਆਂ ਸੰਤ ਬੋਲੇ - ਜੇ ਇਹੀ ਮਿੱਟੀ ਦਾ ਪੇੜਾ ਅੱਗ ਵਿਚ ਪਕਾ ਕੇ ਲਾਲ ਸੂਰਖ ਹੋਇਆ ਵਗਾਹ ਕੇ ਤੇਰੀ ਪੁੜਪੁੜੀ ਵਿੱਚ ਮਾਰਾਂ, ਫੇਰ ...?

*****

(1228)

About the Author

ਤਰਲੋਚਨ ਸਿੰਘ ਦੁਪਾਲਪੁਰ

ਤਰਲੋਚਨ ਸਿੰਘ ਦੁਪਾਲਪੁਰ

San Jose, California, USA.
Phone: (408 - 915 - 1268)
Email: (tsdupalpuri@yahoo.com)

More articles from this author