HarjitBedi7“ਊਧਮ ਸਿੰਘ ਨੇ ਨੌਜਵਾਨ ਭਾਰਤ ਸਭਾ ਦੀ ਕਾਨਫਰੰਸ ਵਿੱਚ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਸੀ ...”
(31 ਜੁਲਾਈ 2017)

 

UdhamSingh2ਸ਼ਹੀਦ ਊਧਮ ਸਿੰਘ ਸਿਰਫ ਮਾਈਕਲ ਓਡਵਾਇਰ ਨੂੰ ਮਾਰ ਕੇ ਬਦਲਾ ਲੈਣ ਵਾਲਾ ਸੂਰਮਾ ਹੀ ਨਹੀਂ ਸੀ ਸਗੋਂ ਉਹ ਵਿਚਾਰਧਾਰਕ ਤੌਰ ’ਤੇ ਪਰਪੱਕ ਇਨਕਲਾਬੀ ਯੋਧਾ ਸੀ ਜੋ ਬ੍ਰਿਟਿਸ਼ ਸਾਮਰਾਜ ਦੇ ਖਿਲਾਾਫ ਸੀ ਤੇ ਭਾਰਤ ਦੇ ਲੋਕਾਂ ਦੇ ਗਲੋਂ ਗੁਲਾਮੀ ਦਾ ਜੂਲਾ ਲਾਹੁਣਾ ਚਾਹੁੰਦਾ ਸੀ। ਉਹ ਆਪਣੇ ਪਿਆਰੇ ਮੁਲਕ ਨੂੰ ਅੰਗਰੇਜ਼ੀ ਸਾਮਰਾਜ ਤੋਂ ਮੁਕਤ ਕਰਾ ਕੇ ਇੱਕ ਆਜ਼ਾਦ, ਜਮਹੂਰੀ, ਸਮਾਜਿਕ ਬਰਾਬਰੀ ਅਤੇ ਇਨਸਾਫਪਸੰਦ ਦੇਸ਼ ਦੇ ਤੌਰ ’ਤੇ ਦੇਖਣਾ ਲੋਚਦਾ ਸੀ ਉਹ ਬਦੇਸ਼ੀ ਸਾਮਰਾਜ ਦੀ ਲੁੱਟ ਖਸੁੱਟ ਤੋਂ ਰਹਿਤ ਇੱਕ ਐਸਾ ਰਾਜਨੀਤਕ ਢਾਂਚਾ ਚਾਹੁੰਦਾ ਸੀ ਜਿੱਥੇ ਸਾਧਾਰਨ ਤੋਂ ਸਾਧਾਰਨ ਵਿਅਕਤੀ ਵੀ ਆਪਣੀ ਕਿਸਮਤ ਖੁਦ ਘੜਨ ਵਾਲਾ ਬਣ ਸਕੇ

26 ਦਸੰਬਰ 1899 ਨੂੰ ਸੁਨਾਮ ਵਿੱਚ ਪੈਦਾ ਹੋਏ ਊਧਮ ਸਿੰਘ ਦੇ ਸਿਰ ਤੋਂ ਮਾਂ ਦਾ ਸਾਇਆ ਤਾਂ ਬਚਪਨ ਵਿੱਚ ਹੀ ਉੱਠ ਗਿਆ ਤੇ ਕੁੱਝ ਸਮੇਂ ਬਾਦ ਉਸਦੇ ਸਿਰ ’ਤੇ ਪਿਤਾ ਦਾ ਹੱਥ ਵੀ ਨਾ ਰਿਹਾ ਸੈਂਟਰਲ ਯਤੀਮਖਾਨਾ ਪੁਤਲੀ ਘਰ ਅੰਮ੍ਰਿਤਸਰ ਵਿੱਚ ਪਲੇ ਇਸ ਗਭਰੇਟ ’ਤੇ ਸੰਤ ਗੁਲਾਬ ਸਿੰਘ ਦਾ ਬਹੁਤ ਅਸਰ ਸੀ ਜੋ ਮਨੁੱਖੀ ਹਮਦਰਦੀ ਦਾ ਪੁੰਜ ਤੇ ਬ੍ਰਿਟਿਸ਼ ਸਰਕਾਰ ਦੇ ਜ਼ੁਲਮਾਂ ਦੇ ਖਿਲਾਫ ਸੀ ਜਲ੍ਹਿਆਂ ਵਾਲੇ ਬਾਗ ਦੀ ਘਟਨਾ ਨਾਲ ਉਸਦਾ ਕੋਮਲ ਹਿਰਦਾ ਵਲੂੰਧਰਿਆ ਗਿਆ ਤੇ ਉਸਦੇ ਦਿਲ ਵਿੱਚ ਗੋਰੀ ਸਰਕਾਰ ਵਿਰੁੱਧ ਗੁੱਸੇ ਦੇ ਭਾਂਬੜ ਬਲਣ ਲੱਗੇ ਇੱਕ ਪਾਸੇ ਊਧਮ ਸਿੰਘ ਤੇ ਹੋਰ ਅਨੇਕਾਂ ਲੋਕਾਂ ਅੰਦਰ ਰੋਹ ਪੈਦਾ ਹੋਇਆ, ਦੂਜੇ ਪਾਸੇ ਸਰਕਾਰ ਦੇ ਥਾਪੇ ਉਸ ਸਮੇਂ ਸਿੱਖ ਕੌਮ ਦੇ ਸਰਬਰਾਹ ਅਰੂੜ ਸਿੰਘ ਵਲੋਂ ਅੰਗਰੇਜ਼ ਹਕੂਮਤ ਦੀ ਚਾਪਲੂਸੀ ਕਰਨ ਲਈ ਜਨਰਲ ਡਾਇਰ ਤੇ ਉਸਦੇ ਸਾਥੀ ਬ੍ਰਿਗਜ਼ ਨੂੰ ਦਰਬਾਰ ਸਾਹਿਬ ਸੱਦ ਕੇ ਸਿਰੋਪਿਆਂ ਨਾਲ ਨਿਵਾਜਿਆ ਗਿਆ ਤੇ ਕ੍ਰਿਪਾਨਾਂ ਭੇਟ ਕੀਤੀਆਂ ਗਈਆਂ। ਅਰੂੜ ਸਿੰਘ ਦੀ ਆਪਣੇ ਲੋਕਾਂ ਨਾਲ ਇਹ ਪਹਿਲੀ ਗਦਾਰੀ ਨਹੀਂ ਸੀ, ਇਸ ਤੋਂ ਪਹਿਲਾਂ ਵੀ ਉਹਨੇ ਕਾਮਾਗਾਟਾਮਾਰੂ ਦੇ ਮੁਸਾਫਰਾਂ ਉੱਤੇ ਕੀਤੇ ਜ਼ੁਲਮ ਨੂੰ ਨਿੰਦਣ ਦੀ ਥਾਂ ’ਤੇ ਉਹਨਾਂ ਨੂੰ ਅਸਿੱਖ, ਕੁਰਾਹੀਏ ਤੇ ਗਦਾਰ ਆਦਿ ਕਹਿਕੇ ਅੰਗਰੇਜ਼ੀ ਸਰਕਾਰ ਦੀ ਪਿੱਠ ਪੂਰੀ ਸੀ

ਊਧਮ ਸਿੰਘ ਨੇ ਜਲ੍ਹਿਆਂ ਵਾਲੇ ਬਾਗ ਦੀ ਘਟਨਾ ਤੋਂ ਬਾਅਦ ਸਰਹਾਲੀ ਜਾ ਕੇ ਗਰੁਦਿੱਤ ਸਿੰਘ ਕਾਮਾ-ਗਾਟਾਮਾਰੂ ਨਾਲ ਮੁਲਾਕਾਤ ਕੀਤੀ ਇਸ ਮੁਲਾਕਾਤ ਵਿੱਚ ਉਹਨਾਂ ਆਪਸ ਵਿੱਚ ਹਿੰਦੁਸਤਾਨ ਦੀ ਆਜ਼ਾਦੀ ਬਾਰੇ ਕਾਫੀ ਵਿਚਾਰ ਵਟਾਂਦਰਾ ਕੀਤਾ ਉਹ ਪੂਰੀ ਤਰ੍ਹਾਂ ਆਜ਼ਾਦੀ ਦੀ ਲੜਾਈ ਦਾ ਸਿਪਾਹੀ ਬਣ ਗਿਆ ਊਧਮ ਸਿੰਘ 1920 ਵਿੱਚ ਅਮਰੀਕਾ ਚਲਿਆ ਗਿਆ ਜਿੱਥੇ ਉਹ ਗ਼ਦਰ ਪਾਰਟੀ ਦੇ ਸੰਪਰਕ ਵਿੱਚ ਆਇਆ ਉਸਨੇ ਗ਼ਦਰ ਪਾਰਟੀ ਵਲੋਂ ਛਾਪਿਆ ਸਾਹਿਤ ਪੜ੍ਹਿਆ ਉਸ ਵਿੱਚ ਆਜ਼ਾਦੀ ਲਈ ਤੜਪ ਅਤੇ ਸਾਮਰਾਜ ਵਿਰੁੱਧ ਗੁੱਸਾ ਭਾਂਬੜ ਬਣ ਗਿਆ ਗ਼ਦਰ ਪਾਰਟੀ ਜਿਹੜੀ ਕਿ ਹਥਿਆਰਬੰਦ ਇਨਕਲਾਬ ਰਾਹੀਂ ਭਾਰਤ ਨੂੰ ਅੰਗਰੇਜ਼ੀ ਸਾਮਰਾਜ ਤੋਂ ਆਜ਼ਾਦ ਕਰਵਾ ਕੇ ਕੌਮੀ ਜ਼ਮਹੂਰੀਅਤ ਕਾਇਮ ਕਰਨਾ ਚਾਹੁੰਦੀ ਸੀ ਦੇ ਕਾਰਕੁੰਨ ਦੇ ਤੌਰ ’ਤੇ ਕੰਮ ਕਰਦਾ ਰਿਹਾ। ਅਮਰੀਕਾ ਵਿੱਚ ਗ਼ਦਰ ਪਾਰਟੀ ਵਲੋਂ ਉਸਦੀ ਡਿਉਟੀ ਗੈਰ ਕਾਨੂੰਨੀ ਪਰਵਾਸੀਆਂ ਨੂੰ ਗ਼ਦਰੀਆਂ ਦੇ ਗੁਪਤ ਟਿਕਾਣੇ ’ਤੇ ਪਹੁੰਚਾਉਣ ਅਤੇ ਫੰਡ ਇਕੱਠਾ ਕਰਨ ਲਈ ਲਾਈ ਗਈ ਸੀ

ਭਗਤ ਸਿੰਘ ਦੀ ਸਲਾਹ ’ਤੇ ਊਧਮ ਸਿੰਘ 27 ਜੁਲਾਈ 1927 ਨੂੰ ਭਾਰਤ ਮੁੜ ਆਇਆ ਕਰਾਚੀ ਵਿੱਚ ਉਸ ਕੋਲੋਂ ਗ਼ਦਰ ਪਾਰਟੀ ਦਾ ਸਾਹਿਤ ਫੜੇ ਜਾਣ ’ਤੇ ਉਸ ਨੂੰ ਜੁਰਮਾਨਾ ਹੋਇਆ ਉਸ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖੀ ਜਾਣ ਲੱਗੀ 30 ਅਗਸਤ 1927 ਨੂੰ ਅੰਮ੍ਰਿਤਸਰ ਵਿੱਚ ਊਧਮ ਸਿੰਘ ਨੁੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਸ ਤੋਂ ਅਸਲਾ ਅਤੇ ਗ਼ਦਰ ਲਹਿਰ ਸਬੰਧੀ ਸਾਹਿਤ “ਗ਼ਦਰ ਦੀ ਗੂੰਜ”, ਪੈਂਫਲਿਟ “ਗੁਲਾਮੀ ਦੀ ਜ਼ਹਿਰ”, “ਗ਼ਦਰ ਦੀ ਦੂਰੀ”, “ਦੇਸ਼ ਭਗਤਾਂ ਦੀ ਜਾਨ”, “ਰੂਸੀ ਗ਼ਦਰ ਗਿਆਨ ਸਮਾਚਾਰ” ਬਰਾਮਦ ਹੋਏ। ਉਸ ’ਤੇ ਅਸਲਾ ਕਾਨੂੰਨ ਅਧੀਨ ਮੁਕੱਦਮਾ ਚਲਾ ਕੇ ਪੰਜ ਸਾਲ ਦੀ ਸਖਤ ਸਜਾ ਦਿੱਤੀ ਗਈ। ਇਸ ਕੇਸ ਦੌਰਾਨ ਉਸ ਨੇ ਬਿਆਨ ਦਿਤਾ ਕਿ ਪਿਸਤੌਲ ਉਸਨੇ ਗੋਰਿਆਂ ਨੂੰ ਮਾਰਨ ਲਈ ਰੱਖਿਆ ਸੀ ਜਿਹੜੇ ਸਾਡੇ ’ਤੇ ਰਾਜ ਕਰਦੇ ਹਨ ਕਿਉਂਕਿ ਉਸਦਾ ਉਦੇਸ਼ ਭਾਰਤ ਨੂੰ ਅੰਗਰੇਜ਼ਾ ਤੋਂ ਆਜ਼ਾਦ ਕਰਾਉਣਾ ਹੈ

ਉਸ ਲਈ ਇਨਕਲਾਬ, ਆਜ਼ਾਦੀ ਤੇ ਗੁਲਾਮੀ ਦੇ ਕੀ ਅਰਥ ਸਨ ਇਸ ਗੱਲ ਦਾ ਪਤਾ ਉਸ ਦੇ ਵਿਚਾਰਾਂ ਤੋਂ ਲਗਦਾ ਹੈ। ਊਧਮ ਸਿੰਘ ਨੇ ਨੌਜਵਾਨ ਭਾਰਤ ਸਭਾ ਦੀ ਕਾਨਫਰੰਸ ਵਿੱਚ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਸੀ, “ਇਨਕਲਾਬ ਦੇ ਅਰਥ ਹਨ, ਬਦੇਸ਼ੀ ਖੂਨੀ ਜਬਾੜ੍ਹਿਆਂ ਤੋਂ ਛੁਟਕਾਰਾ ਲੁੱਟ-ਖਸੁੱਟ ਅਤੇ ਉਸ ਨਿਜ਼ਾਮ ਦਾ ਅੰਤ ਜੋ ਅਮੀਰ ਨੂੰ ਹੋਰ ਅਮੀਰ ਬਣਾਉਣ ਅਤੇ ਗਰੀਬ ਨੂੰ ਕੰਗਾਲੀ ਦੇ ਪੁੜਾਂ ਵਿੱਚ ਪੀਸੇ ਜਾਣ ਲਈ ਮਜਬੂਰ ਕਰਦਾ ਹੈ ਸਾਮਰਾਜੀ ਨਿਜ਼ਾਮ ਕਾਰਨ ਲੱਖਾਂ ਕਿਰਤੀ ਕੁੱਲੀ, ਗੁੱਲੀ, ਜੁੱਲੀ, ਵਿੱਦਿਆ ਅਤੇ ਇਲਾਜ ਤੱਕ ਦੀਆਂ ਬੁਨਿਆਦੀ ਲੋੜਾਂ ਦੇ ਮੁਹਤਾਜ ਹਨ ਕਿਹੜਾ ਐਸਾ ਪੱਥਰ ਦਿਲ ਮਨੁੱਖ ਹੈ ਕਿਰਤੀਆਂ ਕਿਸਾਨਾਂ ਦੀ ਬੇਵਸੀ ਅਤੇ ਲਾਚਾਰੀ ਵੇਖ ਕੇ ਜਿਸਦਾ ਖੂਨ ਉੱਬਲ ਨਹੀਂ ਪੈਂਦਾ ਕਹਿਰ ਹੈ ਯਾਰੋ। ਜਿਹੜਾ ਆਪਣੀ ਜ਼ਿੰਦਗੀ ਅਤੇ ਖੂਨ ਨਾਲ ਸਰਮਾਏਦਾਰੀ ਦੇ ਮਹਿਲ ਉਸਾਰਦਾ ਹੈ ਉਹ ਆਪ ਰਾਤ ਨੂੰ ਢਿੱਡੋਂ ਭੁੱਖਾ ਤੇ ਕੇਵਲ ਆਕਾਸ਼ ਦੀ ਛੱਤ ਥੱਲੇ ਸੌਵੇਂ।” ਉਸਦੇ ਵਿਚਾਰ ਮੁਤਾਬਕ,ਆਜ਼ਾਦੀ ਦੀ ਬੁਨਿਆਦ ਇਨਕਲਾਬ ਹੈ ਗੁਲਾਮੀ ਦੇ ਵਿਰੁੱਧ ਇਨਕਲਾਬ ਕਰਨਾ ਮਨੁੱਖ ਦਾ ਧਰਮ ਹੈ ਇਹ ਮਨੁੱਖ ਦੀ ਮਨੁੱਖਤਾ ਦਾ ਆਦਰਸ਼ ਹੈ ਜਿਹੜੀ ਕੌਮ ਅਧੀਨਗੀ ਕਬੂਲ ਕਰਕੇ ਸਿਰ ਨਿਵਾ ਦਿੰਦੀ ਹੈ, ਉਹ ਮੌਤ ਨੂੰ ਪਰਵਾਨ ਕਰਦੀ ਹੈ ਕਿਉਂਕਿ ਆਜ਼ਾਦੀ ਜੀਵਨ ਅਤੇ ਗੁਲਾਮੀ ਮੌਤ ਹੈ ਆਜ਼ਾਦੀ ਸਾਡਾ ਜਮਾਂਦਰੂ ਹੱਕ ਹੈ ਅਸੀਂ ਇਸ ਨੂੰ ਪ੍ਰਾਪਤ ਕਰਕੇ ਹੀ ਰਹਾਂਗੇ ਅਸੀਂ ਇਨਕਲਾਬ ਲਈ ਆਪਣੀਆਂ ਜਵਾਨੀਆਂ ਦੀਆਂ ਬਹਾਰਾਂ ਵਾਰਨ ਲਈ ਤਤਪਰ ਹੋ ਗਏ ਹਾਂ ਇਸ ਮਹਾਨ ਆਦਰਸ਼ ਦੀ ਭੇਂਟ ਆਪਣੀ ਜਵਾਨੀ ਤੋਂ ਬਿਨਾਂ ਹੋਰ ਹੋ ਵੀ ਕੀ ਸਕਦਾ ਹੈ?”

ਉਸਨੇ ਇੰਗਲੈਂਡ ਜਾਣ ਤੋਂ ਪਹਿਲਾਂ ਬੰਬਈ ਵਿਖੇ ਮੁਸਲਮਾਨੀ ਭੇਸ ਵਿੱਚ ਮਜ਼ਦੂਰ ਜਥੇਬੰਦੀਆਂ ਵਿੱਚ ਕੰਮ ਕੀਤਾ ਉੱਥੋਂ ਅਦਨ ਰਾਹੀਂ ਹੁੰਦਾ ਹੋਇਆ ਲੰਡਨ ਦੀ ਬੰਦਰਗਾਹ ਟਿਲਬਰੀ ਜਾ ਪਹੁੰਚਿਆ ਉਹ ਜਰਮਨ ਸਮੇਤ ਯੂਰਪ ਦੇ ਕਈ ਮੁਲਕਾਂ ਵਿਚ ਘੁੰਮਿਆ ਉਸਦੀ ਮੁਲਾਕਾਤ ਬਾਬ ਕੋਨੈਲੋ ਨਾਲ ਹੋਈ ਜਿਸਨੇ ਉਸਨੂੰ ਡਬਲਿਨ ਦੀਆਂ ਉਹ ਕੰਧਾਂ ਦਿਖਾਈਆ ਜਿਨ੍ਹਾਂ ਵਿੱਚ ਗੋਲੀਆਂ ਦੇ ਨਿਸ਼ਾਨ ਸਨ ਉਸ  ਇਹ ਦੇਖ ਕੇ “ਈਸਟਰ ਕਤਲੇਆਮ” ਅਤੇ “ਜਲ੍ਹਿਆਂ ਵਾਲਾ ਬਾਗ” ਦੀਆਂ ਘਟਨਾਵਾਂ ਇੱਕੋ ਜਿਹੀਆਂ ਪ੍ਰਤੀਤ ਹੋਈਆਂ ਜਿੱਥੇ ਮਨੁੱਖਤਾ ਦਾ ਘਾਣ ਹੋਇਆ ਸੀ

ਜਲ੍ਹਿਆਂ ਵਾਲੇ ਬਾਗ ਵਿੱਚ ਗੋਲੀ ਚਲਾਉਣ ਵਾਲਾ ਡਾਇਰ ਤਾਂ ਪਹਿਲਾਂ ਹੀ ਅਧਰੰਗ ਨਾਲ ਮਰ ਚੁੱਕਾ ਸੀ। ਊਧਮ ਸਿੰਘ ਨੂੰ ਪਤਾ ਲੱਗਾ ਕਿ 13 ਮਾਰਚ 1940 ਨੂੰ ਲੰਡਨ ਦੇ ਕੈਕਸਟਨ ਹਾਲ ਵਿੱਚ ਈਸਟ ਇੰਡੀਆ ਐਸੋਸੀਏਸ਼ਨ ਅਤੇ ਸੈਂਟਰਲ ਏਸ਼ੀਅਨ ਸੁਸਾਇਟੀ ਦੀ ਮੀਟਿੰਗ ਹੋ ਰਹੀ ਹੈ ਜਿਸ ਵਿੱਚ ਮਾਈਕਲ ਓਡਵਾਇਰ ਅਤੇ ਭਾਰਤ ਵਿੱਚ ਰਹਿ ਚੁੱਕੇ ਹੋਰ ਅਫਸਰਾਂ ਨੇ ਆਉਣਾ ਹੈ ਮਾਈਕਲ ਓਡਵਾਇਰ ਨੇ ਗ਼ਦਰ ਲਹਿਰ ਨੂੰ ਕੁਚਲਣ ਲਈ ਪੂਰਾ ਜ਼ੋਰ ਲਾਇਆ ਸੀ। ਗਦਰੀਆਂ ਨੂੰ ਫੜ੍ਹਨ ’ਤੇ ਨਾਕਾਮ ਕਰਨ ਲਈ ਉਸਨੇ ਪਿੱਠੂਆਂ ਨੂੰ ਸਰਗਰਮ ਕੀਤਾ ਤੇ ਅਕਾਲ ਤਖਤ ਤੋਂ ਉਹਨਾਂ ਉਲਟ ਹੁਕਮਨਾਮਾ ਜਾਰੀ ਕਰਵਾਇਆ ਕਿ ਇਹ ਸਿੱਖ ਨਹੀਂ ਹਨ ਉਸ ਨੇ ਪੰਜਾਬ ਦੇ ਲੈਫਟੀਨੈਂਟ ਗਵਰਨਰ ਹੁੰਦੇ ਹੋਏ ਵਿਸ਼ੇਸ਼ ਅਦਾਲਤਾਂ ਰਾਹੀਂ ਗ਼ਦਰ ਲਹਿਰ ਦੇ ਮਹਾਨ ਸ਼ਹੀਦਾਂ ਕਰਤਾਰ ਸਿੰਘ ਸਰਾਭਾ, ਵਿਸ਼ਨੂੰ ਗਣੇਸ਼ ਪਿੰਗਲੇ, ਭਾਈ ਜਗਤ ਸਿੰਘ ਸੁਰ ਸਿੰਘ, ਹਰਨਾਮ ਸਿੰਘ ਸਿਆਲਕੋਟੀ, ਇੱਕੋ ਪਿੰਡ ਗਿੱਲਵਾਲੀ ਦੇ ਬਖਸ਼ੀਸ਼ ਸਿੰਘ, ਸੂਰੈਣ ਸਿੰਘ ਪੁੱਤਰ ਬੂੜ ਸਿੰਘ ਅਤੇ ਸੁਰੈਣ ਸਿੰਘ ਪੁੱਤਰ ਈਸ਼ਰ ਸਿੰਘ, ਡਾ. ਮਥਰਾ ਦਾਸ ਅਤੇ ਹੋਰਨਾਂ ਨੂੰ ਫਾਂਸੀਆਂ ਅਤੇ ਹੋਰ ਬਹੁਤ ਸਾਰਿਆਂ ਨੂੰ ਉਮਰ ਕੈਦ, ਕਾਲੇ ਪਾਣੀਆਂ ਦੀਆਂ ਸਜ਼ਾਵਾਂ ਦਿਵਾਈਆਂ ਅਤੇ ਜਾਇਦਾਦਾਂ ਕੁਰਕ ਕਰਵਾਈਆਂ ਊਧਮ ਸਿੰਘ ਅਜਿਹੇ ਮੌਕੇ ਦੀ ਤਾਕ ਵਿੱਚ ਹੀ ਸੀ ਤੇ ਉਹ ਭੇਸ ਵਟਾ ਕੇ ਰਿਵਾਲਵਰ ਲਿਜਾਣ ਵਿੱਚ ਸਫਲ ਹੋ ਗਿਆ। ਜਿਉਂ ਹੀ ਮਾਈਕਲ ਐਡਵਾਇਰ ਮੀਟਿੰਗ ਨੂੰ ਸੰਬੋਧਨ ਕਰਨ ਲੱਗਾ ਤਾਂ ਉਸਨੇ ਇਕੱਲੇ ਓਡਵਾਇਰ ’ਤੇ ਹੀ ਨਹੀਂ ਸਗੋਂ ਜੈੱਟਲੈਂਡ, ਲੂਈਸ ਡੇਨ ਅਤੇ ਲਾਰਡ ਲੈਮਿੰਗਟਨ ’ਤੇ ਛੇ ਗੋਲੀਆਂ ਚਲਾਈਆਂ ਓਡਵਾਇਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਲਾਰਡ ਲੈਮਿੰਗਟਨ ਦੇ ਸੱਜੇ ਹੱਥ, ਜੈੱਟਲੈਂਡ ਦੇ ਸਰੀਰ ਦੇ ਖੱਬੇ ਪਾਸੇ ਤੇ ਲੁਈਸ ਡੇਨ ਦੀ ਸੱਜੀ ਬਾਂਹ ’ਤੇ ਜ਼ਖ਼ਮ ਆਏ ਇਹ ਸਾਰੇ ਭਾਰਤ ਦੀ ਆਜ਼ਾਦੀ ਦੇ ਕੱਟੜ ਵਿਰੋਧੀ ਅਤੇ ਜ਼ਾਲਮ ਅਧਿਕਾਰੀ ਸਨ ਜਦ ਊਧਮ ਸਿੰਘ ਗਿਰਫਤਾਰ ਕੀਤਾ ਗਿਆ ਤਾਂ ਉਸਨੇ ਪੁੱਛਿਆ ਕਿ ਕੀ ਜੈੱਟਲੈਂਡ ਮਰ ਗਿਆ? ਉਸਨੂੰ ਵੀ ਮਰਨਾ ਚਾਹੀਦਾ ਸੀ ਮੈਂ ਉਸ ਦੇ ਦੋ ਗੋਲੀਆਂ ਠੋਕੀਆਂ ਸਨ

ਮਾਈਕਲ ਓਡਵਾਇਰ ਦਾ ਕਤਲ ਕਰਨ ਪਿੱਛੋਂ ਆਪਣੇ ਜੁਰਮ ਦਾ ਇਕਬਾਲ ਕਰਨਾ ਉਸਦੀ ਬਹਾਦਰੀ ਦੀ ਨਿਸ਼ਾਨੀ ਹੈ ਗ੍ਰਿਫਤਾਰੀ ਸਮੇਂ ਊਧਮ ਸਿੰਘ ਇਹ ਕਹਿ ਰਿਹਾ ਸੀ ਕਿ ਉਸ ਨੇ ਦੇਸ਼ ਪ੍ਰਤੀ ਆਪਣਾ ਫ਼ਰਜ ਨਿਭਾਇਆ ਹੈ ਵਿਚਾਰਧਾਰਕ ਤੌਰ ’ਤੇ ਪਰਪੱਕ ਮਨੁੱਖ ਮੌਤ ਤੋਂ ਕਦੇ ਨਹੀਂ ਡਰਦੇ ਉਹ ਵੀ ਮੌਤ ਤੋਂ ਬਿਲਕੁੱਲ ਨਹੀਂ ਸੀ ਡਰਦਾ ਉਸਦੇ ਬਿਆਨ ਮੁਤਾਬਕ “ਮੈਂ ਮੌਤ ਦੀ ਸਜ਼ਾ ਤੋਂ ਡਰਦਾ ਨਹੀਂ ਰੱਤੀ ਭਰ ਵੀ ਨਹੀਂ ਮੈਨੂੰ ਮਰ ਜਾਣ ਦੀ ਕੋਈ ਪਰਵਾਹ ਨਹੀਂ ਮੈਨੂੰ ਭੋਰਾ ਵੀ ਫਿਕਰ ਨਹੀਂ ਹੈ। ਮੈਂ ਕਿਸੇ ਮਕਸਦ ਲਈ ਮਰ ਰਿਹਾ ਹਾਂ।” ਅੰਗਰੇਜ਼ੀ ਸਾਮਰਾਜ ਦੇ ਭ੍ਰਿਸ਼ਟ ਤਾਣੇ ਬਾਣੇ ਤੇ ਉਹਨਾਂ ਰਾਹੀਂ ਗੁਲਾਮ ਕੀਤੇ ਲੋਕਾਂ ਦੀ ਗੁਰਬਤ ਭਰੀ ਜ਼ਿੰਦਗੀ ਬਾਰੇ ਨਿਰਣਾ ਕਰਦਾ ਹੋਇਆ ਉਹ ਬਿਆਨ ਦਿੰਦਾ ਹੈ, “ਤੁਸੀਂ ਕਹਿੰਦੇ ਹੋ ਹਿੰਦੁਸਤਾਨ ਵਿੱਚ ਸਾਂਤੀ ਨਹੀਂ ਹੈ ਤੁਸੀਂ ਤਾਂ ਸਾਡੇ ਪੱਲੇ ਸਿਰਫ ਗੁਲਾਮੀ ਹੀ ਪਾਈ ਹੈ ਤੁਹਾਡੀ ਪੁਸ਼ਤਾਂ ਦੀ ਸੱਭਿਅਤਾ ਨੇ ਸਾਨੂੰ ਤਾਂ ਭ੍ਰਿਸ਼ਟਾਚਾਰ ਤੇ ਗੁਰਬਤ ਹੀ ਦਿੱਤੀ ਹੈ ਜੋ ਇਨਸਾਨੀਅਤ ਵਿੱਚ ਕਿਧਰੇ ਹੋਰ ਨਹੀਂ ਆਈ।”

ਉਸਦੀ ਲੜਾਈ ਕਿਸੇ ਧਰਮ ਜਾਂ ਫਿਰਕੇ ਜਾਂ ਦੇਸ਼ ਦੇ ਲੋਕਾਂ ਨਾਲ ਨਹੀਂ ਸੀ ਸਗੋਂ ਸਾਮਰਾਜ ਨਾਲ ਸੀ ਇਸ ਬਾਰੇ ਉਸਦਾ ਬਿਆਨ ਸੀ,ਜਿੱਥੇ ਕਿਤੇ ਵੀ ਤੁਹਾਡੀ ਅਖੌਤੀ ਜਮਹੂਰੀਅਤ ਦਾ ਝੰਡਾ ਹੈ, ਉੱਥੇ ਤੁਹਾਡੀਆਂ ਮਸ਼ੀਨ ਗੰਨਾਂ ਹਜ਼ਾਰਾਂ ਨਿਹੱਥੇ ਔਰਤਾਂ ਤੇ ਬੱਚਿਆਂ ਦੇ ਸੱਥਰ ਵਿਛਾਉਂਦੀਆਂ ਹਨ। ਇਹ ਨੇ ਤੁਹਾਡੇ ਕੁਕਰਮ ਮੈਂ ਅੰਗਰੇਜ਼ ਸਾਮਰਾਜ ਦੀ ਗੱਲ ਕਰ ਰਿਹਾ ਹਾਂ ਮੇਰੀ ਅੰਗਰੇਜ਼ ਲੋਕਾਈ ਨਾਲ ਕੋਈ ਦੁਸ਼ਮਣੀ ਨਹੀਂ ਹੈ ਸਗੋਂ ਹਿੰਦੀਆਂ ਨਾਲੋਂ ਗੋਰੇ ਮੇਰੇ ਵਧੇਰੇ ਦੋਸਤ ਹਨ ਅਤੇ ਗੋਰੇ ਮਜ਼ਦੂਰਾਂ ਨਾਲ ਮੇਰੀ ਵਧੇਰੇ ਹਮਦਰਦੀ ਹੈ ਮੈਂ ਤਾਂ ਸਿਰਫ ਅੰਗਰੇਜ਼ੀ ਸਾਮਰਾਜ ਦੇ ਖਿਲਾਫ ਹਾਂ।”

ਫਾਂਸੀ ਦੀ ਸਜ਼ਾ ਸੁਣਾਈ ਜਾਣ ਮਗਰੋਂ ਊਧਮ ਸਿੰਘ ਦੇ ਦੋਸਤਾਂ ਮਿੱਤਰਾਂ, ਹਿੰਦੁਸਤਾਨੀ ਕਿਰਤੀਆਂ, ਬਾਬ ਕੋਨੇਲੇ ਤੇ ਉਸਦੇ ਨਾਲ ਦੇ ਆਇਰਸ਼ ਮਜ਼ਦੂਰਾਂ ਨੇ ਉਸ ਨੂੰ ਦੱਸੇ ਬਿਨਾਂ ਹੀ ਪੌਂਡ ਇਕੱਠੇ ਕਰਕੇ ਕ੍ਰਿਸ਼ਨਾ ਮੈਨਨ ਰਾਹੀਂ ਜੌਹਨ ਹਚਨਸਨ ਵਕੀਲ ਕਰ ਲਿਆ। ਉਸਨੂੰ ਪਤਾ ਲੱਗਣ ’ਤੇ ਉਸ ਨੇ ਆਪਣੇ ਮਿੱਤਰ ਜੌਹਨ ਨੂੰ ਅਪੀਲ ਨਾ ਕਰਨ ਲਈ ਲਿਖਿਆ। “ਮੈਂ ਨਹੀਂ ਜਾਣਦਾ ਉਹ ਲੋਕ ਕੌਣ ਹਨ ਜੋ ਪੌਂਡ ਇਕੱਠੇ ਕਰਕੇ ਅਪੀਲ ਕਰ ਰਹੇ ਹਨ ਜੋ ਪੌਂਡ ਇਕੱਠੇ ਕੀਤੇ ਨੇ ਉਹ ਲੋਕਾਂ ਨੂੰ ਵਿੱਦਿਆ ਦੇਣ ’ਤੇ ਖਰਚੋ।” ਇਸ ਤਰ੍ਹਾਂ ਉਹ ਆਪਣੇ ਨਾਲੋਂ ਆਪਣੇ ਦੇਸ਼ ਤੇ ਉਸ ਤੋਂ ਵੀ ਵੱਧ ਆਪਣੇ ਲੋਕਾਂ ਨੂੰ ਪਿਆਰ ਕਰਦਾ ਸੀ ਅਤੇ ਚਾਹੁੰਦਾ ਸੀ ਕਿ ਉਹਨਾਂ ਵਿੱਚ ਚੇਤਨਾ ਆਵੇ ਇਸੇ ਸੰਦਰਭ ਵਿੱਚ ਉਸ ਨੇ ਕਿਹਾ ਸੀ,ਮੈਂ ਮਰਨ ਨੂੰ ਤਿਆਰ ਹਾਂ, ਮੈਂ ਆਪਣੇ ਵਤਨ ਦਾ ਇੱਕ ਸਿਪਾਹੀ ਹਾਂ ਮੈਂ ਫਾਂਸੀ ਨੂੰ ਜੱਫੀ ਪਾਉਣ ਦੀ ਉਡੀਕ ਵਿੱਚ ਹਾਂ ਦਸ ਸਾਲ ਹੋ ਗਏ ਨੇ ਮੇਰਾ ਸੱਚਾ ਮਿੱਤਰ ਭਗਤ ਸਿੰਘ ਮੈਨੂੰ ਪਿੱਛੇ ਛੱਡ ਗਿਆ ਸੀ ਮੈਂ ਸ਼ਹੀਦੀ ਪਿੱਛੋਂ ਉਸ ਨੂੰ ਜਾ ਮਿਲਾਂਗਾ।”

ਜੱਜ ਦੁਆਰਾ ਓਡਵਾਇਰ ਦੇ ਕਤਲ ਦਾ ਕਾਰਣ ਪੁੱਛੇ ਜਾਣ ’ਤੇ ਉਸ ਨੇ ਜਵਾਬ ਦਿੱਤਾ ਕਿ ਉਹ ਸਾਡੇ ਦੇਸ਼ ਦਾ ਪੁਰਾਣਾ ਦੁਸ਼ਮਣ ਸੀ ਤੇ ਇਸ ਸਜ਼ਾ ਦਾ ਹੱਕਦਾਰ ਸੀ ਜੱਜ ਨੇ ਇਸ ਪਿੱਛੋਂ ਉਸ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਅੰਤ 31 ਜੁਲਾਈ 1940 ਨੂੰ ਊਧਮ ਸਿੰਘ ਫਾਂਸੀ ਦਾ ਰੱਸਾ ਚੁੰਮ ਕੇ ਮਦਨ ਲਾਲ ਢੀਂਗਰਾ, ਕਰਤਾਰ ਸਿੰਘ ਸਰਾਭਾ ਤੇ ਭਗਤ ਸਿੰਘ ਦੀ ਕਤਾਰ ਵਿੱਚ ਜਾ ਸ਼ਾਮਲ ਹੋਇਆ

ਊਧਮ ਸਿੰਘ ਦੁਆਰਾ ਓਡਵਾਇਰ ਨੂੰ ਮਾਰਨ ਤੋਂ ਬਾਅਦ ਅਲੱਗ ਅਲੱਗ ਤਰ੍ਹਾਂ ਦੇ ਪ੍ਰਤੀਕਰਮ ਸਾਹਮਣੇ ਆਏ ਬਹੁਤ ਸਾਰੇ ਭਾਰਤੀ ਲੋਕਾਂ ਨੇ ਊਧਮ ਸਿੰਘ ਦੀ ਇਸ ਲਈ ਸ਼ਲਾਘਾ ਕੀਤੀ ਤੇ ਕਿਹਾ ਕਿ ਅੰਗਰੇਜ਼ੀ ਹਕੂਮਤ ਦੇ ਸਾਮਰਾਜ ਤੋਂ ਭਾਰਤ ਨੂੰ ਆਜ਼ਾਦ ਕਰਾਉਣ ਲਈ ਇਹ ਇੱਕ ਮਹੱਤਵ ਪੂਰਨ ਕਦਮ ਸੀ ਗਾਂਧੀ ਨੇ ਇਸ ਦੀ ਨਿੰਦਿਆ ਕਰਦੇ ਹੋਏ ਕਿਹਾ, “ਇਸ ਹਿੰਸਾਤਮਕ ਕਾਰਵਾਈ ਨੇ ਮੈਨੂੰ ਅਤੀ ਦੁੱਖ ਪਹੁੰਚਾਇਆ ਹੈ ਅਤੇ ਮੈਂ ਇਸ ਨੂੰ ਇੱਕ ਮੂਰਖਤਾ ਭਰਿਆ ਕਦਮ ਸਮਝਦਾ ਹਾਂ।” ਹਿੰਦੁਸਤਾਨ ਸੋਸ਼ਲਿਸਟ ਪਾਰਟੀ ਨੇ ਗਾਂਧੀ ਦੇ ਬਿਆਨ ਦੀ ਨਿੰਦਾ ਕਰਦੇ ਕਿਹਾ ਕਿ ਇਹ ਭਾਰਤ ਦੀ ਜਵਾਨੀ ਲਈ ਇੱਕ ਵੰਗਾਰ ਹੈ। ਜਵਾਹਰ ਲਾਲ ਨਹਿਰੂ ਨੇ ਨੈਸ਼ਨਲ ਹੈਰਾਲਡ ਵਿੱਚ ਲਿਖਿਆ ਕਿ ਇਹ ਹੱਤਿਆ ਖੇਦ ਪ੍ਰਗਟ ਕਰਨ ਯੋਗ ਹੈ ਤੇ ਇਹ ਭਾਰਤੀ ਸਿਆਸਤ ਉੱਤੇ ਮੋੜਵੇਂ ਰੂਪ ਵਿੱਚ ਅਸਰ ਪਾਵੇਗੀ ਉਸੇ ਨਹਿਰੂ ਨੇ ਆਜ਼ਾਦੀ ਤੋਂ ਬਾਦ ਆਪਣੇ ਲਿਖਤੀ ਬਿਆਨ ਵਿੱਚ ਉਸਦੀ ਪਰਸੰਸਾ ਕਰਦੇ ਹੋਏ ਕਿਹਾ ਸੀ,ਮੈਂ ਊਧਮ ਸਿੰਘ ਨੂੰ ਆਦਰ ਪੂਰਬਕ ਪ੍ਰਣਾਮ ਕਰਦਾ ਹਾਂ, ਜਿਸਨੇ ਸਾਡੀ ਆਜ਼ਾਦੀ ਲਈ ਫਾਂਸੀ ਦਾ ਰੱਸਾ ਚੁੰਮਿਆ।”

ਟਾਈਮਜ਼ ਆਫ ਲੰਡਨ ਨੇ ਊਧਮ ਸਿੰਘ ਨੂੰ ਆਜ਼ਾਦੀ ਘੁਲਾਟੀਆ ਦੱਸਦੇ ਹੋਏ ਕਿਹਾ ਕਿ ਇਹ ਹਿੰਦੁਸਤਾਨ ਦੇ ਦੱਬੇ ਕੁਚਲੇ ਲੋਕਾਂ ਦੇ ਭਿਅੰਕਰ ਗੁੱਸੇ ਦਾ ਪ੍ਰਗਟਾਵਾ ਹੈ ਬੰਗਾਲੀ ਅਖਬਾਰ ਅੰਮ੍ਰਿਤ ਬਾਜ਼ਾਰ ਪੱਤਰਿਕਾ ਨੇ ਆਪਣੇ 18 ਮਾਰਚ 1940 ਦੇ ਅੰਕ ਵਿੱਚ ਲਿਖਿਆ ਕਿ ਓਡਵਾਇਰ ਦਾ ਨਾਂ ਪੰਜਾਬ ਦੀਆਂ ਉਹਨਾਂ ਘਟਨਾਵਾਂ ਨਾਲ ਜੁੜਿਆ ਹੈ ਜਿਹਨਾਂ ਨੂੰ ਭਾਰਤ ਕਦੇ ਨਹੀਂ ਭੁੱਲੇਗਾ ਦੀਵਾਨ ਚੰਦ ਦੀ ਅਗਵਾਈ ਵਾਲੀ ਪੰਜਾਬ ਕਾਂਗਰਸ ਦੀ ਸ਼ਾਖਾ ਨੇ ਪ੍ਰੀਮੀਅਰ ਦੇ ਇਸ ਹੱਤਿਆ ਦੀ ਨਿਖੇਧੀ ਦੇ ਮਤੇ ਦੇ ਹੱਕ ਵਿੱਚ ਵੋਟ ਪਾਉਣ ਤੋਂ ਨਾਂਹ ਕਰ ਦਿੱਤੀ 1940 ਵਿੱਚ ਜਲ੍ਹਿਆਂ ਵਾਲੇ ਕਾਂਡ ਦੀ 21ਵੀਂ ਬਰਸੀ ’ਤੇ ਕੁੱਲ ਹਿੰਦ ਕਾਂਗਰਸ ਕਮੇਟੀ ਦੇ ਯੁਵਕ ਵਿੰਗ ਨੇ ਇਨਕਲਾਬੀ ਨਾਹਰੇ ਲਾਏ ਜਿਨ੍ਹਾਂ ਵਿੱਚ ਊਧਮ ਸਿੰਘ ਦੇ ਕਾਰਜ ਨੂੰ ਸਲਾਹਿਆ ਗਿਆ ਤੇ ਇਸ ਨੂੰ ਦੇਸ਼ ਭਗਤੀ ਭਰਪੂਰ ਤੇ ਬਹਾਦਰੀ ਵਾਲਾ ਕਾਰਨਾਮਾ ਕਿਹਾ ਗਿਆ

ਅਜੇ ਊਧਮ ਸਿੰਘ ਤੇ ਸਾਡੇ ਹੋਰ ਸ਼ਹੀਦਾਂ ਦੇ ਸੁਪਨੇ ਪੂਰੇ ਨਹੀਂ ਹੋਏ ਅੱਜ ਜਦੋਂ ਅਸੀਂ ਸੰਸਾਰ ਪੱਧਰ ’ਤੇ ਨਜ਼ਰ ਮਾਰਦੇ ਹਾਂ ਤਾਂ ਹਰ ਪਾਸੇ ਮਨੁੱਖਤਾ ਦਾ ਘਾਣ ਹੋ ਰਿਹਾ ਨਜ਼ਰ ਆਉਂਦਾ ਹੈ ਅੱਜ ਵਿਸ਼ਵ ਪੱਧਰ ਦਾ ਸਾਮਰਾਜ ਵਿਸ਼ਵੀ-ਪੂੰਜੀਵਾਦ ਦੇ ਨਵੇਂ ਰੂਪ ਵਿੱਚ ਲੁੱਟ ਨੂੰ ਹੋਰ ਵੀ ਤਿੱਖੇ ਰੂਪ ਵਿੱਚ ਜਾਰੀ ਰੱਖ ਰਿਹਾ ਹੈ ਧਰਮ, ਜਾਤ, ਖਿੱਤੇ, ਨਸਲ ਆਦਿ ਦੇ ਆਧਾਰ ’ਤੇ ਮਨੁੱਖ ਨੂੰ ਮਨੁੱਖ ਤੋਂ ਦੂਰ ਕੀਤਾ ਜਾ ਰਿਹਾ ਤਾਂ ਕਿ ਲੁੱਟ ਸੁਖਾਲੀ ਹੋ ਸਕੇ ਤੇ ਉਸ ਲੁੱਟ ਵਿਰੁੱਧ ਮੋਰਚਾਬੰਦੀ ਨਾ ਹੋ ਸਕੇ ਡਾਇਰ ਤੇ ਓਡਵਾਇਰ ਦੇ ਵਾਰਿਸ ਥਾਂ ਥਾਂ ਅਰਾਜਕਤਾ, ਅਸਹਿਣਸ਼ੀਲਤਾ, ਫਿਰਕਾਪ੍ਰਸਤੀ, ਬੇਰੋਜ਼ਗਾਰੀ ਅਤੇ ਕੁਰੱਪਸ਼ਨ ਆਦਿ ਹਥਿਆਰ ਆਪਣੀ ਲੋੜ ਅਨੁਸਾਰ ਵਰਤ ਰਹੇ ਹਨ, ਜਿਸ ਦੇ ਨਤੀਜੇ ਦੇ ਤੌਰ ’ਤੇ ਥਾਂ ਥਾਂ ਕਤਲੇਆਮ ਰਚੇ ਜਾ ਰਹੇ ਹਨ ਉਹਨਾਂ ਦੀ ਚਾਪਲੂਸੀ ਕਰਨ ਵਾਲੇ ਅਰੂੜ ਸਿੰਘ ਦੇ ਵਾਰਸਾਂ ਦੀ ਵੀ ਕੋਈ ਕਮੀ ਨਹੀਂ ਪਰ ਊਧਮ ਸਿੰਘ ਦੇ ਵਾਰਸ ਵੀ ਜਿਉਂਦੇ ਹਨ ਜੋ ਮਨੁੱਖੀ ਹੱਕਾਂ, ਆਜ਼ਾਦੀ ਅਤੇ ਇਨਸਾਨੀਅਤ ਦੀ ਰਾਖੀ ਲਈ ਘੋਲ ਕਰ ਰਹੇ ਹਨ ਤੇ ਆਪਣੀਆਂ ਜਾਨਾਂ ਵਾਰ ਰਹੇ ਹਨ ਪਰ ਆਖਰ ਨੂੰ ਜਿੱਤ ਤਾਂ ਸੱਚ ਅਤੇ ਮਨੁੱਖਤਾ ਦੀ ਹੀ ਹੋਣੀ ਹੈ।

*****

(782)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਹਰਜੀਤ ਬੇਦੀ

ਹਰਜੀਤ ਬੇਦੀ

Brampton, Ontario, Canada.
Phone: (647 924 9087)
Email: (harjitbedi46@gmail.com)