“ਧਰਤੀ ਉਤਲੇ ਕਰੋੜਾਂ ਜੀਵਾਂ ਵਿੱਚ ਮਨੁੱਖ ਹੀ ਇਕ ਅਜਿਹਾ ਜੀਵ ਹੈ ਜਿਸ ਨੇ ...”
(1 ਜਨਵਰੀ 2018)
ਜਦੋਂ ਦੀ ਧਰਤੀ ਬਣੀ ਹੈ, ਆਪਸੀ ਕਸ਼ਿਸ਼ ਦੇ ਕਾਰਣ ਲਗਾਤਾਰ ਸੂਰਜ ਦੁਆਲੇ ਚੱਕਰ ਲਾ ਰਹੀ ਹੈ ਅਤੇ ਲੱਗਭਗ 365 ਦਿਨਾਂ ਵਿਚ ਚੱਕਰ ਪੂਰਾ ਕਰ ਲੈਂਦੀ ਹੈ। ਧਰਤੀ ਉਤਲੇ ਕਰੋੜਾਂ ਜੀਵਾਂ ਵਿੱਚ ਮਨੁੱਖ ਹੀ ਇਕ ਅਜਿਹਾ ਜੀਵ ਹੈ ਜਿਸ ਨੇ ਇਸ ਅੰਤਰ-ਕਾਲ ਨੂੰ ਸਾਲ ਜਾਂ ਵਰ੍ਹੇ ਦਾ ਨਾਂ ਦਿੱਤਾ ਹੈ। ਭਾਰਤ ਦਾ ਦੇਸੀ ਸਾਲ ਚੇਤ ਮਹੀਨੇ, ਚੀਨੀ ਸਾਲ (ਸਪਰਿੰਗ ਫੈਸਟੀਵਲ, ਜਨਵਰੀ 21-ਫਰਵਰੀ 21), ਜਿਊਅਸ਼ ਸਾਲ ਹੈਬਰਿਊ 7ਵੇਂ ਮਹੀਨੇ, ਇਸਲਾਮਿਕ ਸਾਲ ਨਵੰਬਰ ਵਿੱਚ ਮੁਹੱਰਮ ਤੋਂ, ਥਾਈ ਸਾਲ ਸੌਂਗਕਰਾਨ (ਅਪਰੈਲ 13-15) ਅਤੇ ਗਰੈਗੋਰੀਅਨ ਕੈਲੰਡਰ ਮੁਤਾਬਿਕ ਸਾਲ ਜੋ ਅੰਤਰਰਾਸ਼ਟਰੀ ਪੱਧਰ ’ਤੇ ਮਨਾਇਆ ਜਾਂਦਾ ਹੈ ਇਕ ਜਨਵਰੀ ਤੋਂ ਸ਼ੁਰੂ ਹੁੰਦਾ ਹੈ। ਜਦ ਸਾਲ ਦਾ ਨੰਬਰ ਬਦਲਦਾ ਹੈ ਤਾਂ ਅਸੀਂ ਸਾਰੇ ਰੀਸੋ ਰੀਸ ਇੱਕ ਦੂਜੇ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੰਦੇ ਹਾਂ। ਇਹ ਵੱਖਰੀ ਗੱਲ ਹੈ ਕਿ ਨਵੇਂ ਵਰ੍ਹੇ ਵਿੱਚ ਕੋਈ ਅਜਿਹੇ ਹਾਲਤ ਪੈਦਾ ਹੋਣ ਜਾਂ ਨਾ, ਜੋ ਮਨੁੱਖਤਾ ਲਈ ਲਾਹੇਵੰਦ ਹੋਣ। ਜੁਬਾਨੀ ਵਧਾਈਆਂ ਦੇ ਨਾਲ ਨਾਲ ਨਵੇਂ ਸਾਲ ਦੀਆਂ ਪਾਰਟੀਆਂ ਅਤੇ ਤੋਹਫੇ ਦੇਣ ਦਾ ਸਿਲਸਲਾ ਵੀ ਚਲਦਾ ਹੈ।
ਬਦਲਾਅ ਕੁਦਰਤ ਦਾ ਨਿਯਮ ਹੈ। ਪੁਰਾਣੇ ਸਮੇਂ ਨਾਲੋਂ ਅੱਜ ਤਬਦੀਲੀ ਦੀ ਗਤੀ ਬਹੁਤ ਤੇਜ਼ ਹੈ। ਪਿਛਲੀ ਇੱਕ ਸਦੀ ਵਿੱਚ ਹੋਈ ਗਿਆਨ ਅਤੇ ਵਿਗਿਆਨ ਦੀ ਉਨਤੀ ਨੇ ਪਿਛਲੀਆਂ ਸਾਰੀਆਂ ਸਦੀਆਂ ਦੇ ਜੋੜ ਦੇ ਰਿਕਾਰਡ ਤੋੜ ਦਿੱਤੇ ਹਨ ਪਰ ਮਨੁੱਖੀ ਰਿਸ਼ਤਿਆਂ ਦੀ ਤਰੱਕੀ ਦੀ ਥਾਂ ਅੱਧੋਗਤੀ ਹੋਈ ਨਜ਼ਰ ਆਉਂਦੀ ਹੈ। ਜੇ ਪਿਛਲੀਆਂ ਦੋ ਤਿੰਨ ਸਦੀਆਂ ਦੇ ਇਤਿਹਾਸ ’ਤੇ ਝਾਤ ਮਾਰੀਏ ਤਾਂ ਦੇਖਦੇ ਹਾਂ ਕਿ ਸਾਮਰਾਜ ਨੇ ਧਰਤੀ ਦੇ ਬਹੁਤੇ ਹਿੱਸੇ ’ਤੇ ਜਕੜ ਮਾਰ ਲਈ ਸੀ ਪਰ ਸਮੇਂ ਦੇ ਗੇੜ ਨਾਲ ਉਹ ਸਾਮਰਾਜ ਢਹਿ ਢੇਰੀ ਹੋ ਗਿਆ। ਅੱਜ ਸਾਮਰਾਜ ਦਾ ਨਵਾਂ ਰੂਪ ਸਰਮਾਏਦਾਰੀ ਸਾਮਰਾਜ ਸਾਡੇ ਸਨਮੁੱਖ ਖੜ੍ਹਾ ਹੈ। ਇਸ ਨੇ ਮਨੁੱਖਤਾ ਲਈ ਸਾਮਰਾਜ ਤੋਂ ਵੀ ਵੱਡਾ ਜਾਲ ਵਿਛਾ ਛੱਡਿਆ ਹੈ। ਲੋਕਾਂ ਦੀ ਕਿਰਤ ਨੁੰ ਲੁੱਟਣ ਲਈ ਅਨੇਕਾਂ ਹੀ ਢੰਗ ਲੱਭ ਲਏ ਹਨ, ਜਿਨ੍ਹਾਂ ਦਾ ਆਮ ਆਦਮੀ ਨੂੰ ਪਤਾ ਹੀ ਨਹੀਂ ਲਗਦਾ। ਇਹ ਨਵਾਂ ਸਾਮਰਾਜ, ਲੋਕਤੰਤਰੀ ਕਹਾਉਂਦੀਆਂ ਸਰਕਾਰਾਂ ਨੂੰ ਆਪਣੀ ਮਰਜ਼ੀ ਦੀਆਂ ਚੁਣਨ ਦੇ ਜੁਗਾੜ ਬਣਾ ਲੈਂਦਾ ਹੈ, ਜਿਹੜੀਆਂ ਲੋਕਾਂ ਦੀ ਥਾਂ ਉਸ ਦੇ ਹੱਕਾਂ ਦੀ ਪੂਰਤੀ ਕਰਦੀਆਂ ਹਨ। ਲੋਕਾਂ ਤੋਂ ਤਾਂ ਕਈ ਤਰ੍ਹਾਂ ਦੇ ਹੱਥਕੰਡੇ ਅਪਣਾ ਕੇ ਮੋਹਰ ਹੀ ਲਵਾਈ ਹੁੰਦੀ ਹੈ। ਸਗੋਂ ਲੋਕਾਂ ਨੂੰ ਤਾਂ ਇਸ ਭੁਲੇਖੇ ਵਿੱਚ ਰੱਖਿਆ ਜਾਂਦਾ ਹੈ ਕਿ ਇਹ ਉਹਨਾਂ ਦੀ ਆਪਣੀ ਸਰਕਾਰ ਹੈ ਹਾਲਾਂਕਿ ਗੱਲ ਇਸ ਤੋਂ ਉਲਟ ਹੁੰਦੀ ਹੈ। ਲੋਕ-ਰਾਜੀ ਕਹਾਉਂਦੇ ਲਗਭਗ ਸਾਰੇ ਮੁਲਕਾਂ ਵਿੱਚ ਪ੍ਰਮੁੱਖ ਤੌਰ ’ਤੇ ਦੋ ਪਾਰਟੀਆਂ ਹੁੰਦੀਆਂ ਹਨ ਜਿਹੜੀਆਂ ਲੋਕਾਂ ਦੀ ਅਸੰਤੁਸ਼ਟੀ ਦੇ ਕਾਰਣ ਵਾਰੀ ਵਾਰੀ ਰਾਜ ਭਾਗ ਸੰਭਾਲ ਲੈਂਦੀਆਂ ਹਨ ਤੇ ਉੰਨੀ ਇੱਕੀ ਦੇ ਫਰਕ ਨਾਲ ਹਿੱਤ ਕਾਰਪੋਰੇਟ ਸੈਕਟਰ ਦੇ ਹੀ ਪੂਰਦੀਆਂ ਹਨ। ਲੋਕ ਕੋਹਲੂ ਦੇ ਬੈਲ ਬਣ ਕੇ ਦਿਨ ਰਾਤ ਕੰਮ ਕਰੀ ਜਾਂਦੇ ਹਨ। ਉਨ੍ਹਾਂ ਕੋਲ ਆਪਣੀ ਹਾਲਤ ਬਾਰੇ ਡੁੰਘਿਆਈ ਨਾਲ ਸੋਚਣ ਦੀ ਵਿਹਲ ਹੀ ਨਹੀਂ।
ਇਹ ਠੀਕ ਹੈ ਕਿ ਸਰਮਾਏਦਾਰੀ ਸਿਸਟਮ ਦੇ ਕਾਫੀ ਮੁਲਕਾਂ ਵਿੱਚ ਕਾਮਿਆਂ ਨੂੰ ਢਿੱਡ ਭਰਵੀਂ ਰੋਟੀ ਅਤੇ ਥੋੜ੍ਹੀਆਂ ਬਹੁਤ ਸਹੂਲਤਾਂ ਕੰਮ ਕਰਨ ਬਦਲੇ ਮਿਲ ਜਾਂਦੀਆਂ ਹਨ। ਇਹ ਸਭ ਆਪਣੀ ਜ਼ਰੂਰਤ ਵਾਸਤੇ ਕਾਮਿਆਂ ਦੀ ਲੋੜ ਪੂਰੀ ਕਰਨ ਲਈ ਉਹਨਾਂ ਨੂੰ ਸਿਰਫ ਜਿਉਂਦਾ ਰੱਖਣ ਲਈ ਕੀਤਾ ਜਾਂਦਾ ਹੈ। ਵਰਕਰਾਂ ਉੱਤੇ ਕੰਮ ਦਾ ਤਣਾਅ, ਕਿਸੇ ਵੀ ਸਮੇਂ ਬੇਰੋਜ਼ਗਾਰ ਹੋ ਜਾਣ ਦੀ ਲਟਕਦੀ ਤਲਵਾਰ ਉਹਨਾਂ ਨੂੰ ਤਣਾਅ ਵਿੱਚ ਰਹਿਣ ਲਈ ਮਜ਼ਬੂਰ ਕਰ ਕੇ ਇੱਕ ਤਰ੍ਹਾਂ ਦੇ ਮਾਨਸਿਕ ਰੋਗੀ ਬਣਾਅ ਦਿੰਦਾ ਹੈ ਅਤੇ ਰਿਟਾਇਰਮੈਂਟ ਦੀ ਉਮਰ ਤੱਕ ਜਾਂਦੇ ਜਾਂਦੇ ਕਾਮੇ ਬਹੁਤ ਸਾਰੀਆਂ ਸਰੀਰਕ ਬਿਮਾਰੀਆਂ ਦਾ ਵੀ ਸ਼ਿਕਾਰ ਹੋ ਜਾਂਦੇ ਹਨ। ਮਲਟੀਨੈਸ਼ਨਲ ਕੰਪਨੀ ਦੇ ਸੀ ਈ ਓ ਅਤੇ ਕਾਮੇ ਦੀ ਉਜਰਤ ਵਿੱਚ ਹਜ਼ਾਰਾਂ ਗੁਣਾਂ ਦਾ ਪਾੜਾ ਹੈ।
ਲੋਕਾਈ ਨੂੰ ਨਾ ਹਥਿਆਰਾਂ ਅਤੇ ਨਾ ਹੀ ਨਸ਼ਿਆਂ ਦੀ ਲੋੜ ਹੈ। ਸੰਸਾਰ ਦੇ ਲੋਕਾਂ ਸਾਹਮਣੇ ਵੱਡੇ ਖਤਰੇ ਹਥਿਆਰਾਂ ਅਤੇ ਨਸ਼ਿਆਂ ਦੇ ਤੇਜੀ ਨਾਲ ਵਧ ਰਹੇ ਵਿਉਪਾਰ ਹਨ। ਹਥਿਆਰਾਂ ਅਤੇ ਨਸ਼ਿਆਂ ਨਾਲ ਮਨੁੱਖਤਾ ਦਾ ਘਾਣ ਹੋਣਾ ਲਾਜ਼ਮੀ ਹੈ। ਆਪਣੇ ਅੰਨ੍ਹੇ ਮੁਨਾਫੇ ਲਈ ਕਈ ਦੇਸ਼ ਹਥਿਆਰਾਂ ਦਾ ਉਤਪਾਤਦਨ ਧੜਾ ਧੜ ਕਰ ਰਹੇ ਹਨ ਤੇ ਉਹਨਾਂ ਦੀ ਵਿਕਰੀ ਯਕੀਨੀ ਬਣਾਉਣ ਲਈ ਵੱਖ ਵੱਖ ਢੰਗ ਵਰਤਕੇ ਆਪਸੀ ਗੁਆਂਢੀ ਮੁਲਕਾਂ ਵਿੱਚ ਲੜਾਈ ਪਵਾ ਕੇ ਆਪਣਾ ਮਕਸਦ ਪੂਰਾ ਕਰ ਰਹੇ ਹਨ। ਉਨ੍ਹਾਂ ਦੇ ਕੁਦਰਤੀ ਖਜ਼ਾਨਿਆਂ ਦੀ ਬੇਕਿਰਕੀ ਨਾਲ ਲੁੱਟ ਕਰ ਰਹੇ ਹਨ। ਅੱਤਵਾਦੀ ਸੰਗਠਨ, ਜਿਨ੍ਹਾ ਦੇ ਸਹਿਮ ਤੋਂ ਸਾਰਾ ਸੰਸਾਰ ਡਰਿਆ ਹੋਇਆ ਹੈ ਵੀ ਇਸੇ ਗੱਲ ਦੀ ਪੈਦਾਵਾਰ ਹਨ। ਅੱਜ ਸਾਰੀ ਧਰਤੀ ਹੀ ਕੁਰੂਕਸ਼ੇਤਰ ਦਾ ਮੈਦਾਨ ਬਣੀ ਹੋਈ ਹੈ। ਮਨੁੱਖਤਾ ਸਿਰਫ ਹਥਿਆਰਾਂ ਨਾਲ ਹੀ ਨਹੀਂ, ਨਸ਼ਿਆਂ ਨਾਲ ਵੀ ਤਬਾਹ ਹੋ ਰਹੀ ਹੈ। ਨਸ਼ਿਆਂ ਦੇ ਗੈਂਗਾਂ ਦੇ ਆਪਣੇ ਸਾਮਰਾਜ ਉਸਾਰੇ ਹੋਏ ਹਨ ਜਿਹੜੇ ਹਰੇਕ ਮਨੁੱਖ ਨੂੰ ਹੀ ਆਪਣੀ ਜਕੜ ਵਿੱਚ ਲੈਣ ਲਈ ਯਤਨਸ਼ੀਲ ਹਨ।
ਲੋਕਾਂ ਨੂੰ ਪਿੱਛੇ ਲਿਜਾਣ ਵਾਲਾ ਇੱਕ ਹੋਰ ਕਾਰਕ ਅੰਧ-ਵਿਸ਼ਵਾਸ ਹੈ। ਇਹ ਉਮੀਦ ਕੀਤੀ ਜਾਂਦੀ ਸੀ ਕਿ ਸਿੱਖਿਆ ਦੇ ਫੈਲਾਅ ਨਾਲ ਅੰਧ-ਵਿਸ਼ਵਾਸ ਖਤਮ ਹੋ ਜਾਵੇਗਾ। ਅਫਸੋਸ ਦੀ ਗੱਲ ਇਹ ਹੈ ਕਿ ਜਿੱਥੇ ਮਨੁੱਖ ਧਰਤੀ ਦੀ ਖਿੱਚ ਤੋਂ ਦੂਰ ਚੰਨ ਅਤੇ ਮੰਗਲ ਤੱਕ ਪਹੁੰਚ ਗਿਆ ਹੈ, ਉੱਥੇ ਅਰਬਾਂ ਲੋਕ ਅਜੇ ਵੀ ਅੰਧ-ਵਿਸ਼ਵਾਸ ਦੇ ਪਾਤਾਲ ਵਿੱਚ ਨਿੱਘਰੇ ਜਿਉਂ ਰਹੇ ਹਨ। ਮੀਡੀਏ ਦਾ ਵੱਡਾ ਹਿੱਸਾ, ਜਿਸਦਾ ਫਰਜ਼ ਲੋਕਾਂ ਨੂੰ ਇਸ ਵਿੱਚੋਂ ਕੱਢਣ ਦਾ ਹੈ, ਇਸ ਨੂੰ ਫੈਲਾਉਣ ਦਾ ਰੋਲ ਨਿਭਾਅ ਰਿਹਾ ਹੈ। ਬਹੁਤ ਸਾਰੇ ਟੀ ਵੀ ਚੈਨਲ ਅਜਿਹੇ ਹਨ ਜੋ ਦਿਨ ਰਾਤ ਅਜਿਹੇ ਪ੍ਰੋਗਰਾਮ ਪ੍ਰਸਾਰਤ ਕਰ ਰਹੇ ਹਨ, ਜਿਨ੍ਹਾਂ ਦੇ ਪ੍ਰਭਾਵ ਕਾਰਣ ਸਾਧਾਰਨ ਲੋਕ ਇਸ ਦਲਦਲ ਵਿੱਚ ਫਸਾ ਰਹੇ ਹਨ। ਵਿਚਾਰੇ ਲੋਕ ਬਾਬਿਆਂ, ਤਾਂਤਰਿਕਾਂ, ਜੋਤਸ਼ੀਆਂ ਤੇ ਅਖੌਤੀ ਸੰਤਾਂ ਦੇ ਜਾਲ ਵਿੱਚ ਫਸ ਕੇ ਆਪਣਾ ਸਮਾਂ ਤੇ ਧਨ ਨਸ਼ਟ ਕਰ ਰਹੇ ਹਨ। ਪਿਛਲੇ ਜਨਮਾਂ ਦੇ ਫਲ ਤੇ ਕਿਸਮਤ ਦੇ ਅਖੌਤੀ ਚੱਕਰ ਵਿੱਚ ਫਸੇ ਲੋਕ ਆਪਣੇ ਹੱਕਾਂ ਪ੍ਰਤੀ ਜਾਗਰਿਤ ਨਹੀਂ ਹੋ ਰਹੇ, ਧਾਰਮਿਕ ਤੇ ਰਾਜਨੀਤਕ ਲੋਕਾਂ ਵਲੋਂ ਦੂਹਰੇ ਸ਼ੋਸ਼ਣ ਦਾ ਸ਼ਿਕਾਰ ਹੋ ਰਹੇ ਹਨ। ਬੱਚੇ ਮਨੋ-ਕਲਪਿਤ ਕਹਾਣੀਆਂ ਵਾਲੇ ਕਾਰਟੂਨ ਦੇਖ ਦੇਖ ਕੇ ਸੁਤੇ-ਸਿੱਧ ਹੀ ਅੰਧ-ਵਿਸ਼ਵਾਸੀ ਬਣ ਰਹੇ ਹਨ।
ਜਿੱਥੇ ਅੰਧ ਵਿਸ਼ਵਾਸ ਫੈਲਾਉਣ ਵਾਲੇ ਚੈਨਲ ਦਿਨ ਰਾਤ ਬੇਰੋਕ-ਟੋਕ ਚੱਲ ਰਹੇ ਹਨ, ਉੱਥੇ ਬੁੱਧੀਜੀਵੀਆਂ ਅਤੇ ਪੱਤਰਕਾਰਾਂ ਉੱਤੇ ਵੱਖ ਵੱਖ ਤਰੀਕਿਆਂ ਨਾਲ ਹੱਲੇ ਬੋਲੇ ਜਾ ਰਹੇ ਹਨ। ਇਹ ਵਰਤਾਰਾ ਖਾਸ ਤੌਰ ’ਤੇ ਜਾਗਦੀ ਅੱਖ ਅਤੇ ਜਿਉਂਦੀ ਜ਼ਮੀਰ ਵਾਲੇ ਬੁੱਧੀਜੀਵੀਆਂ ਤੇ ਪੱਤਰਕਾਰਾਂ ਨਾਲ ਹੋ ਰਿਹਾ ਹੈ। ਲੋਕਾਂ ਨੂੰ ਜਾਗਰਤ ਕਰਨ ਦੇ ਰਹਿੰਦੇ ਖੂੰਹਦੇ ਸਹਾਰੇ ਨੂੰ ਵੀ ਚੁੱਪ ਕਰਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਪਿਛਲੇ ਵਰ੍ਹੇ 47 ਪੱਤਰਕਾਰਾਂ ਦੇ ਕਤਲ ਹੋਏ ਅਤੇ 199 ਪੱਤਰਕਾਰਾਂ ਨੁੰ ਜੇਲ੍ਹ ਦੀ ਸਜ਼ਾ ਦਿੱਤੀ ਗਈ। ਮਨੁੱਖਤਾ ਲਈ ਇਹ ਸਭ ਕੁਝ ਆਉਣ ਵਾਲੇ ਸਮੇਂ ਲਈ ਸ਼ੁਭ ਸੰਕੇਤ ਨਹੀਂ ਹਨ।
ਨਵੇਂ ਸਾਲ ਦੀਆਂ ਸ਼ੁਭ ਇਛਾਵਾਂ ਇਸ ਆਸ ਨਾਲ ਦੇਈਏ ਅਤੇ ਲਈਏ ਕਿ ਆਉਣ ਵਾਲਾ ਸਾਲ ਆਮ ਲੋਕਾਈ ਲਈ ਸੱਚਮੁੱਚ ਹੀ ਨਵਾਂ ਬਣ ਕੇ ਆਵੇ ਸ਼ਾਲਾ! ਆਉਣ ਵਾਲੇ ਸਮੇਂ ਵਿੱਚ ਲੋਕਾਂ ਦੀ ਕਿਰਤ ਨੂੰ ਲੁੱਟਣ ਵਾਲ ਸਾਰੇ ਘਾਲੇ ਮਾਲੇ ਮੁੱਕਣ। ਅੰਧ-ਵਿਸ਼ਵਾਸਾਂ ਦੀ ਦਲਦਲ ਵਿੱਚ ਫਸੇ ਲੋਕਾਂ ਦੇ ਮਨਾਂ ਵਿੱਚੋਂ ਵਹਿਮਾਂ-ਭਰਮਾਂ ਦੇ ਜਾਲੇ ਟੁੱਟਣ। ਮੂੰਹਾਂ ਤੋਂ ਸੱਚ ਬੋਲਣ ਤੋਂ ਰੋਕਣ ਵਾਲੇ ਲੱਗੇ ਤਾਲੇ ਟੁੱਟਣ। ਜੰਗ ਦੇ ਬੱਦਲ ਬਣਾਉਣ ਵਾਲੇ ਸਾਰੇ ਨਦੀਆਂ ਨਾਲੇ ਸੁੱਕਣ। ਫਿਰ ਹੀ ਸਾਰੇ ਰਲ ਮਿਲ ਕਹੀਏ, ਨਵਾਂ ਸਾਲ ਮੁਬਾਰਕ, ਬੇਲੀਓ ਨਵਾਂ ਸਾਲ ਮੁਬਾਰਕ!
*****
(952)
ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)