HarjitBedi7“ਵੀਹ ਹਜ਼ਾਰ ਲੋਕਾਂ ਦੇ ਭਰਵੇਂ ਇਕੱਠ ਵਿੱਚ ਉਸ ਨੂੰ “ਭਾਈ ਲਾਲੋ ਕਲਾ ਸਨਮਾਨ” ਮਿਲਣਾ ਆਪਣੇ ਆਪ ਵਿੱਚ ...”
(24 ਜੂਨ 2017)

 

AjmerAulakhA2ਆਪਣੇ ਨਾਟਕਾਂ ਰਾਹੀਂ ਆਮ ਲੋਕਾਂ ਦੇ ਦੁੱਖਾਂ-ਦਰਦਾਂ ਦੀ ਬਾਤ ਪਾਉਂਦੇ ਤੇ ਉਹਨਾਂ ਨੂੰ ਦੂਰ ਕਰਨ ਦਾ ਰਾਹ ਦਰਸਾਉਂਦੇ ਡਾ. ਅਜਮੇਰ ਔਲਖ ਭਾਵੇਂ ਸਰੀਰਕ ਤੌਰ ’ਤੇ ਸਾਨੂੰ ਛੱਡ ਗਏ ਹਨ ਪਰ ਉਹਨਾਂ ਦੀ ਕਲਮ ਵਿੱਚੋਂ ਨਿੱਕਲੇ ਸ਼ਬਦ ਅਤੇ ਉਹਨਾਂ ਦੀ ਜੀਵੰਤ ਨਾਟਕੀ ਪੇਸ਼ਕਾਰੀ ਨੂੰ ਲੋਕ ਕਦੇ ਨਹੀਂ ਭੁੱਲਣਗੇ। ਉਹਨਾਂ ਦੀ ਕਲਮ ਨੂੰ ਜਿੱਥੇ ਕਿਰਤੀਆਂ, ਮਜ਼ਦੂਰਾਂ, ਕਿਸਾਨਾਂ, ਔਰਤਾਂ ਤੇ ਦੱਬੇ ਕੁਚਲੇ ਲੋਕਾਂ ਦੀ ਗੱਲ ਕਰਦੀ ਹੋਣ ਕਾਰਨ ਲੋਕਾਂ ਦਾ ਬੇਸ਼ੁਮਾਰ ਪਿਆਰ ਹਾਸਲ ਹੋਇਆ, ਉੱਥੇ ਹੀ ਲੋਕ ਵਿਰੋਧੀ ਸ਼ਕਤੀਆਂ ਨੂੰ ਇਹ ਕਲਮ ਕੰਡੇ ਵਾਂਗੂ ਚੁੱਭਦੀ ਵੀ ਸੀ। ਇਸ ਕਾਰਣ ਡਾ. ਔਲਖ ਨੂੰ ਬਹੁਤ ਵਾਰ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪਿਆ ਇੱਥੋਂ ਤੱਕ ਕਿ ਜੇਲ੍ਹ ਵੀ ਜਾਣਾ ਪਿਆ। ਪਰ ਉਸ ਨੇ ਇਹਨਾਂ ਮੁਸੀਬਤਾਂ ਨੂੰ ਬੜੇ ਸਿਰੜ ਅਤੇ ਸਿਦਕਦਿਲੀ ਨਾਲ ਝੱਲਿਆ।

ਡਾ. ਔਲਖ ਦੇ ਨਾਟਕਾਂ ਦਾ ਵਿਸ਼ਾ ਆਮ ਤੌਰ ’ਤੇ ਪੇਂਡੂ ਜੀਵਣ ਨਾਲ ਸਬੰਧਤ ਹੈ। ਪਿੰਡਾਂ ਵਿੱਚ ਤਾਂ ਉਸਦੇ ਨਾਟਕ ਮਕਬੂ਼ਲ ਹੋਣੇ ਹੀ ਸਨ ਪਰ ਉਸ ਦੇ ਨਾਟਕਾਂ ਨੇ ਯੂਨੀਵਰਸਟੀਆਂ ਦੇ ਨਾਟਕ ਮੁਕਾਬਲਿਆਂ ਵਿੱਚ ਵੀ ਆਪਣੀ ਧਾਂਕ ਜਮਾਈ। ਪਹਿਲੀ ਵਾਰ ਉਸਦਾ ਅਜਿਹਾ ਮੁਕਾਬਲਾ ਚੰਡੀਗੜ੍ਹ ਵਿੱਚ ਹੋਇਆ ਜਿੱਥੇ ਸਥਾਪਤ ਨਾਟਕਕਾਰਾਂ ਨੇ ਵੱਡੇ ਵੱਡੇ ਸੈੱਟ ਲਾ ਕੇ ਆਪਣੇ ਨਾਟਕ ਖੇਡੇ। ਪਰ ਡਾ. ਔਲਖ ਦੀ ਟੀਮ ਦੁਆਰਾ ਸਿਰਫ ਇੱਕ ਖੁੰਢ ਰੱਖ ਕੇ ਕੀਤੀ ਸਟੇਜ ਸੱਜਾ ਨਾਲ ਖੇਡੇ ਨਾਟਕ ‘ਬਿਗਾਨੇ ਬੋਹੜ ਦੀ ਛਾਂ’ ਨੇ ਧੁੰਮਾਂ ਪਾ ਦਿੱਤੀਆਂਇਸਦੀ ਚਰਚਾ ਸਿਰਫ ਪੰਜਾਬੀ ਪਰੈੱਸ ਵਿੱਚ ਹੀ ਨਹੀਂ, ਸਗੋਂ ਕੌਮੀ ਪੱਧਰ ’ਤੇ ਹੋਈ। ਇਹ ਸੀ ਉਸ ਦੇ ਨਾਟਕਾਂ ਦੇ ਵਿਸ਼ੇ ਅਤੇ ਪੇਸ਼ਕਾਰੀ ਦਾ ਕਮਾਲ।

ਉਸ ਦੇ ਹੋਰ ਨਾਟਕ “ਇੱਕ ਰਮਾਇਣ ਹੋਰ” “ਕਿਹਰ ਸਿੰਘ ਦੀ ਮੌਤ”, “ਇੱਕ ਸੀ ਦਰਿਆ”, “ਸੁੱਕੀ ਕੁੱਖ”, “ਝਨਾਂ ਦੇ ਪਾਣੀ”, ਭੱਠ ਖੇੜਿਆਂ ਦਾ ਰਹਿਣਾ”, “ਬ੍ਰਹਮਭੋਜ”, “ਗਾਨੀ”, “ਐਸੇ ਜਨਾਂ ਵਿਰਲੇ ਸੰਸਾਰੇ”, “ਰਾਹਗੀਰ”, “ਅਰਬਦ ਨਰਬਦ ਧੁੰਦੂਕਾਰਾ”, “ਸੱਤ ਬਿਗਾਨੇ”, “ਅੰਨ੍ਹੇ ਨਿਸ਼ਾਨਚੀ”", ਅਤੇ ਸੰਨ 2006 ਵਿੱਚ ਸਾਹਿਤ ਅਕੈਡਮੀ ਅਵਾਰਡ ਜੇਤੂ ਨਾਟਕ “ਇਸ਼ਕ ਬਾਝ ਨਮਾਜ ਦਾ ਹੱਜ ਨਾਹੀ” ਬਹੁਤ ਹੀ ਜ਼ਿਆਦਾ ਸਲਾਹੁਣਯੋਗ ਕਿਰਤਾਂ ਹਨ। ਉਸ ਦੇ ਲਿਖੇ ਨਾਟਕ ਉਸਦੀ ਆਪਣੀ ਟੀਮ ਤੋਂ ਬਿਨਾਂ ਪੰਜਾਬ ਦੀ ਲਗਪਗ ਹਰ ਸਿਰ ਕੱਢਵੀਂ ਨਾਟਕ ਟੀਮ ਵਲੋਂ ਖੇਡੇ ਗਏ ਹਨ। ਡਾ. ਔਲਖ ਨਾਟਕ ਲੇਖਕ ਦੇ ਨਾਲ ਹੀ ਇੱਕ ਅਜਿਹਾ ਵਿਲੱਖਣ ਨਿਰਦੇਸ਼ਕ ਵੀ ਸੀ ਜੋ ਨਾਟਕ ਕਲਾਕਾਰੀ ਤੋਂ ਬਿਲਕੁਲ ਕੋਰੇ ਸਾਧਾਰਣ ਵਿਅਕਤੀਆਂ ਤੋਂ ਬਹੁਤ ਵਧੀਆ ਕਲਾਕਾਰੀ ਕਰਵਾ ਜਾਂਦਾ ਸੀ। ਕਨੇਡਾ ਵਿੱਚ ਨਾਰਥ ਅਮੈਰਿਕਨ ਤਰਕਸ਼ੀਲ ਸੁਸਾਇਟੀ ਦੇ ਸੱਦੇ ਤੇ ਆ ਕੇ ਉਸ ਦੇ ਅਜਿਹੇ ਕੁੱਝ ਨਵੇਂ ਕਲਾਕਾਰ ਲੈ ਕੇ ਖੇਡੇ ਨਾਟਕ ਇਸ ਗੱਲ ਦਾ ਸਬੂਤ ਹਨ। ਪੇਂਡੂ ਜੀਵਨ ਨਾਲ ਸਬੰਧਤ ਉਸ ਦੇ ਨਾਟਕ ਪੰਜਾਬ ਦੇ ਲੋਕਾਂ ਵਾਂਗ ਹੀ ਕਨੇਡਾ ਦੇ ਲੋਕਾਂ ਵਲੋਂ ਵੀ ਸਲਾਹੇ ਗਏ।

ਉਸ ਦੀ ਹਰੇਕ ਰਚਨਾ ਜ਼ਿੰਦਗੀ ਦੀਆਂ ਕਠੋਰ ਅਤੇ ਠੋਸ ਹਕੀਕਤਾਂ ਨਾਲ ਜੁੜੀ ਹੋਈ ਹੈ। ਉਸ ਦੇ ਨਾਟਕ ਅੱਤਕਥਨੀ ਤੋਂ ਰਹਿਤ ਜ਼ਿੰਦਗੀ ਦੇ ਅਨੇਕਾਂ ਅਸਲੀ ਰੰਗਾਂ ਨਾਲ ਭਰੇ ਹੋਏ ਹਨ। ਉਸ ਦੇ ਨਾਟਕਾਂ ਦੇ ਵਿਸ਼ੇ ਅਤੇ ਉਹਨਾਂ ਵਿੱਚ ਪੇਸ਼ ਵਿਚਾਰ ਲੋਕ-ਪੱਖੀ ਹਨ ਤੇ ਇਹਨਾਂ ਵਿਚਾਰਾਂ ਨੂੰ ਉਸਨੇ ਬਹੁਤ ਹੀ ਮਨੋਰੰਜਕ ਡਾਇਲਾਗਾਂ ਰਾਹੀਂ ਅਤੇ ਨਾਟਕੀ ਮੋੜਾਂ ਰਾਹੀਂ ਪੇਸ਼ ਕੀਤਾ ਹੈ। ਉਹ ਜੀਵਨ ਦਾ ਜ਼ਬਰਦਸਤ ਢੰਗ ਨਾਲ ਯਥਾਰਥ ਚਿੱਤਰਣ ਵਾਲਾ ਇੱਕ ਮਹਾਨ ਕਲਾਕਾਰ ਸੀਡਾ. ਔਲਖ ਭਾਅ ਜੀ ਗੁਰਸ਼ਰਨ ਸਿੰਘ ਵਾਂਗ ਹੀ ਲੋਕਾਂ ਦਾ ਇੱਕ ਯੋਧਾ ਨਾਟਕਕਾਰ ਸੀ ਜਿਹੜਾ ਆਪਣੀ ਮਿੱਟੀ ਦੇ ਲੋਕਾਂ ਦੇ ਅੰਗ ਸੰਗ ਜੀਵਿਆਇਸੇ ਕਾਰਣ ਹੀ ਉਸ ਦੀ ਹਰ ਰਚਨਾ ਅਤੇ ਸਮੁੱਚੀ ਸ਼ਖਸੀਅਤ ਉਸ ਮਿੱਟੀ ਦੀ ਮਹਿਕ ਨਾਲ ਭਰੇ ਹੋਏ ਹਨ। ਉਸਦੇ ਨਾਟ-ਸੰਸਾਰ, ਸਾਹਿਤ ਸਿਰਜਣਾ, ਲੋਕਾਂ ਦੇ ਹਾਣ ਦੀ ਸਰਲ ਪੇਸ਼ਕਾਰੀ, ਪ੍ਰਤੀਬੱਧਤਾ, ਸਿਰੜ, ਸਿਦਕਦਿਲੀ, ਸਰਗਰਮੀਆਂ ਅਤੇ ਦੱਬੇ ਕੁਚਲੇ ਲੋਕਾਂ ਲਈ ਸਮਰਪਤ ਜੀਵਨ ਨੇ ਉਸ ਨੂੰ ਲੋਕਾਂ ਦੇ ਧੜੇ ਦਾ ਮਕਬੂਲ ਨਾਟਕਕਾਰ ਅਤੇ ਰੰਗਮੰਚ ਦਾ ਬੁਲੰਦ ਸਿਤਾਰਾ ਬਣਾ ਦਿੱਤਾ ਹੈ। ਮਾਰਚ 2015 ਵਿੱਚ ਸਥਾਪਤੀ ਦੁਆਰਾ ਪਾਏ ਅੜਿੱਕਿਆਂ ਅਤੇ ਖਰਾਬ ਮੌਸਮ ਦੇ ਬਾਵਜੂਦ ਵੀਹ ਹਜ਼ਾਰ ਲੋਕਾਂ ਦੇ ਭਰਵੇਂ ਇਕੱਠ ਵਿੱਚ ਉਸ ਨੂੰ “ਭਾਈ ਲਾਲੋ ਕਲਾ ਸਨਮਾਨ” ਮਿਲਣਾ ਆਪਣੇ ਆਪ ਵਿੱਚ ਇੱਕ ਵਿਲੱਖਣ ਅਤੇ ਇਤਿਹਾਸਕ ਘਟਨਾ ਹੈ। ਉਹ ਲੋਕਾਂ ਲਈ ਜੀਵਿਆ। ਉਸ ਦੀ ਜਿੰਦ ਜਾਨ ਲੋਕਾਂ ਵਿੱਚ ਸੀਲੋਕ ਹੀ ਅਮਰ ਹੁੰਦੇ ਹਨ। ਇਸ ਲਈ ਜਿਨ੍ਹਾਂ ਦੀ ਜਾਨ ਲੋਕਾਂ ਵਿੱਚ ਹੁੰਦੀ ਹੈ ਉਹ ਵੀ ਅਮਰ ਹੁੰਦੇ ਹਨ।

*****

(742)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਹਰਜੀਤ ਬੇਦੀ

ਹਰਜੀਤ ਬੇਦੀ

Brampton, Ontario, Canada.
Phone: (647 924 9087)
Email: (harjitbedi46@gmail.com)

More articles from this author