HarjitBedi7“ਸਮਾਜ ਦੇ ਪਿਛਾਖੜੀ ਵਰਗ ਆਪਣੇ ਹਿਤਾਂ ਲਈ ਲੋਕਾਂ ਨੂੰ ਅਗਿਆਨਤਾ ਅਤੇ ...”
(15 ਅਪਰੈਲ 2017)

 

HarvinderDivana3ਫਰਵਰੀ 2 ਸੰਨ 1971 ਵਾਲੇ ਦਿਨ ਪਿਤਾ ਭੋਲਾ ਸਿੰਘ ਦੇ ਘਰ ਮਾਤਾ ਨਸੀਬ ਕੌਰ ਦੀ ਕੁੱਖੋਂ ਪੈਦਾ ਹੋਏ ਹਰਵਿੰਦਰ ਦਾ ਨਾਮ ਭਾਵੇਂ ਉਸ ਦੇ ਬਰਨਾਲਾ ਜ਼ਿਲ੍ਹੇ ਦੇ ਪਿੰਡ ਦੀਵਾਨਾ ਹੋਣ ਕਰ ਕੇ ਹੀ ਹਰਵਿੰਦਰ ਦੀਵਾਨਾ ਹੈ, ਪਰ ਹੈ ਉਹ ਸੱਚਮੁੱਚ ਹੀ ਦੀਵਾਨਾ, ਰੰਗਮੰਚ ਦਾ ਦੀਵਾਨਾ। ਉਸ ਵਰਗੇ 17-18 ਦੀ ਉਮਰ ਦੇ ਗਭਰੇਟ ਮੁੰਡੇ ਜਦੋਂ ਉੱਚੀਆਂ ਹਵਾਵਾਂ ਵਿੱਚ ਉੱਡਦੇ ਹਨ, ਕਿਸੇ ਹੋਰ ਹੀ ਖਿਆਲੀ ਦੁਨੀਆਂ ਵਿੱਚ ਵਿਚਰਨ ਲਗਦੇ ਹਨ ਤਦ ਉਹ ਜ਼ਮੀਨੀ ਹਕੀਕਤਾਂ ਨੂੰ ਸਮਝਦਾ ਹੋਇਆ ਆਪਣੇ ਪਿਆਰੇ ਮੁਲਕ ਦੇ ਪਿਆਰੇ ਲੋਕਾਂ ਦੀਆਂ ਮੁਸ਼ਕਲਾਂ ਬਾਰੇ ਚਿੰਤਤ ਹੋਣ ਲੱਗਾ। ਇਸ ਦਾ ਸਬੱਬ ਵੀ ਉਸ ਦੇ ਇਨਕਲਾਬੀ ਵਿਚਾਰਧਾਰਾ ਦੇ ਧਾਰਨੀ ਚਾਚਾ ਸੁਰਜੀਤ ਸਿੰਘ ਦੀ ਸੰਗਤ ਕਾਰਨ ਬਣਿਆ ਕਿਉਂਕਿ ਉਹ ਭਗਤ ਸਿੰਘ ਦੀ ਸੋਚ ਦੇ ਧਾਰਨੀ ਪੰਜਾਬੀ ਦੇ ਸਿਰਮੌਰ ਲੋਕ ਨਾਟਕਕਾਰ ਗੁਰਸ਼ਰਨ ਸਿੰਘ ਦੇ ਨਾਟਕ ਆਪਣੇ ਪਿੰਡ ਵਿੱਚ ਕਰਵਾਉਂਦੇ ਸਨ। ਬਚਪਨ ਵਿੱਚ ਹੀ ਭਾਅ ਜੀ ਗੁਰਸ਼ਰਨ ਸਿੰਘ ਦੇ ਨਾਟਕ ਦੇਖ ਕੇ ਉਸ ਦੇ ਬਾਲ-ਮਨ ਵਿੱਚ ਇਹ ਇੱਛਾ ਅੰਗੜਾਈਆਂ ਲੈਣ ਲੱਗੀ ਕਿ ਉਹ ਵੀ ਸਟੇਜ ਤੇ ਇਹੀ ਕੁੱਝ ਕਰੇ। ਉਹ ਛੋਟਾ ਜਿਹਾ ਬਾਲ ਪਿੰਡ ਵਿੱਚ ਨਾਟਕ ਕਰਨ ਆਏ ਗੁਰਸ਼ਰਨ ਸਿੰਘ ਦੇ ਨੇੜੇ ਨੇੜੇ ਹੋਣ ਦੀ ਕੋਸ਼ਿਸ਼ ਕਰਦਾ ਤੇ ਭੱਜ ਭੱਜ ਕੇ ਉਹਨਾਂ ਦੀ ਅਤੇ ਟੀਮ ਦੀ ਸੇਵਾ ਕਰਦਾ।

ਹਰਵਿੰਦਰ ਦੀਆਂ ਇਛਾਵਾਂ ਨੂੰ ਬੂਰ ਉਸ ਸਮੇਂ ਪਿਆ ਜਦ ਉਸ ਨੇ ਪੰਜਾਬ ਦੀ ਪ੍ਰਸਿੱਧ ਨਾਟਕ ਟੀਮ “ਲੋਕ ਕਲਾ ਮੰਚ ਮੁਲਾਂਪੁਰ" ਨਾਲ ਸੰਨ 1989 ਹਰਕੇਸ਼ ਚੌਧਰੀ ਦੀ ਨਿਰਦੇਸ਼ਨਾ ਵਿੱਚ ਨਾਟਕ “ਟੋਆ” ਖੇਡਿਆ। ਬੱਸ ,ਫਿਰ ਚੱਲ ਸੋ ਚੱਲ। ਹਰਵਿੰਦਰ ਹਰਵਿੰਦਰ ਨਾ ਰਹਿ ਕੇ ਰੰਗਮੰਚ ਦਾ ਦੀਵਾਨਾ ਹੋ ਗਿਆ। ਉਸ ਨੇ ਪੂਰੀ ਤਰ੍ਹਾਂ ਰੰਗਮੰਚ ਨੂੰ ਸਮਰਪਿਤ ਹੋ ਕੇ ਇਸ ਵਿਧਾ ਨੂੰ ਲੋਕਾਂ ਨੂੰ ਚੇਤਨ ਕਰਨ ਲਈ ਹਥਿਆਰ ਵਜੋਂ ਅਪਣਾ ਲਿਆ। ਉਸ ਸਮੇਂ ਇਲਾਕੇ ਵਿੱਚ ਸਰਗਰਮ “ਲੋਕ ਕਲਾ ਮੰਚ ਹਠੂਰ” ਦੀ ਟੀਮ ਨਾਲ ਰਲ ਕੇ ਬਹੁਤ ਸਾਰੇ ਨਾਟਕ ਇਲਾਕੇ ਵਿੱਚ ਕੀਤੇ। ਹਰਵਿੰਦਰ ਨੇ ਦੀਵਾਨਾ ਪਿੰਡ ਦੇ ਨੌਜਵਾਨਾਂ ਨਾਲ ਮਿਲ ਕੇ ਆਪਣੀ ਨਾਟਕ ਟੀਮ ਤਿਆਰ ਕੀਤੀ। ਪਰ ਛੇਤੀ ਹੀ ਬਰਨਾਲਾ ਨਿਵਾਸੀ ਮਾਸਟਰ ਰਾਮ ਸਰੂਪ ਸ਼ਰਮਾ ਦੀ ਇੱਛਾ ਅਤੇ ਸਲਾਹ ਮੁਤਾਬਕ ਬਰਨਾਲਾ ਨੂੰ ਆਪਣੀਆਂ ਸਰਗਰਮੀਆਂ ਦਾ ਕੇਂਦਰ ਬਣਾ ਕੇ “ਲੋਕ ਰੰਗਮੰਚ ਬਰਨਾਲਾ” ਦੀ ਸਥਾਪਨਾ ਕੀਤੀ, ਜਿਸ ਵਿੱਚ ਸ਼ਰਮਾ ਜੀ ਦੀ ਲੜਕੀ ਜਯੋਤੀ ਸ਼ਰਮਾ ਤੇ ਹੋਰ ਲੜਕੀਆਂ ਸ਼ਾਮਲ ਹੋ ਗਈਆਂਥੋੜ੍ਹੇ ਸਮੇਂ ਬਾਅਦ ਇਸ ਨਾਟਕ ਸੰਸਥਾ ਦਾ ਨਾਮ “ਚੇਤਨਾ ਕਲਾ ਕੇਂਦਰ ਬਰਨਾਲਾ” ਰੱਖਿਆ ਗਿਆ। ਹਰਵਿੰਦਰ ਦੀਵਾਨਾ ਦੀ ਟੀਮ ਪੰਜਾਬ ਲੋਕ ਸੱਭਿਆਚਾਰ ਮੰਚ ਦੀ ਇੱਕ ਸਿਰ ਕੱਢਵੀਂ ਟੀਮ ਹੈ ਤੇ ਹਰਵਿੰਦਰ ‘ਪ ਲ ਸ ਮੰਚ’ ਦਾ ਸੂਬਾ ਕਮੇਟੀ ਮੈਂਬਰ ਹੈ।

ਹਰਵਿੰਦਰ ਦੀਵਾਨਾ ਇਸ ਗੱਲੋਂ ਪੂਰਾ ਚੇਤੰਨ ਹੈ ਕਿ ਭਾਰਤ ਦੇ ਲੋਕ ਸਦੀਆਂ ਤੋਂ ਸਮਾਜਿਕ, ਆਰਥਿਕ ਅਤੇ ਰਾਜਨੀਤਕ ਸ਼ੋਸ਼ਣ ਦਾ ਸ਼ਿਕਾਰ ਹੋ ਰਹੇ ਹਨ। ਜਾਤ-ਪਾਤ, ਊਚ-ਨੀਚ, ਵਹਿਮ-ਭਰਮ, ਡੇਰਾਵਾਦ ਰਾਹੀਂ ਆਰਥਿਕ, ਮਾਨਸਿਕ, ਰਾਜਨੀਤਕ ਅਤੇ ਔਰਤਾਂ ਦਾ ਸ਼ੋਸ਼ਣ ਆਮ ਗੱਲ ਹੈ। ਸਿਆਸੀ ਸਰਪਰਸਤੀ ਹੇਠ ਗੈਂਗਾਂ ਦੁਆਰਾ ਕੀਤੀ ਜਾਂਦੀ ਗੁੰਡਾਗਰਦੀ ਨੇ ਲੋਕਾਂ ਨੂੰ ਡਰ ਦੇ ਸਾਏ ਹੇਠ ਜਿਉਣ ਲਈ ਮਜਬੂਰ ਕਰ ਰੱਖਿਆ ਹੈ। ਨਸ਼ੇ ਜਿੰਦਗੀ ’ਤੇ ਭਾਰੂ ਹੋ ਰਹੇ ਹਨ। ਬਹੁਤਾ ਮੀਡੀਆ ਇਨ੍ਹਾਂ ਅਲਾਮਤਾਂ ਵਿਰੁੱਧ ਲੋਕਾਂ ਨੂੰ ਚੇਤਨ ਕਰਨ ਦੀ ਥਾਂ ਸਗੋਂ ਉਨ੍ਹਾਂ ਦਾ ਸਰਪਰਸਤ ਹੋਣ ਦਾ ਰੋਲ ਨਿਭਾਅ ਰਿਹਾ ਹੈ। ਅਜਿਹੇ ਹਾਲਾਤ ਵਿੱਚ ਹਰਵਿੰਦਰ ਨੇ ਲੋਕਾਂ ਨੂੰ ਆਪਣੇ ਨਾਟਕਾਂ ਰਾਹੀਂ ਚੇਤੰਨ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ। ਉਹ ਚੰਗਾ ਸਮਾਜ ਸਿਰਜਨ ਦੀ ਤਾਂਘ ਰੱਖਦਾ ਹੈ ਅਤੇ ਹਰ ਉਸ ਸੰਘਰਸ਼ ਵਿੱਚ ਜਾ ਸ਼ਾਮਲ ਹੁੰਦਾ ਹੈ, ਜਿੱਥੇ ਲੋਕ ਚੰਗੀ ਜ਼ਿੰਦਗੀ ਜਿਉਣ ਲਈ ਆਪਣੇ ਹੱਕਾਂ ਖਾਤਰ ਲੜ ਰਹੇ ਹੁੰਦੇ ਹਨ। ਉਹ ਕਿਸਾਨ ਅੰਦੋਲਨ ਵਿੱਚ ਰੇਲਵੇ ਲਾਇਨਾਂ ਅਤੇ ਹੋਰ ਜਥੇਬੰਦੀਆਂ ਦੇ ਸੰਘਰਸ਼ ਵਾਲੇ ਥਾਂ ’ਤੇ ਹੀ ਆਪਣੀ ਨਾਟਕ ਟੀਮ ਲੈ ਕੇ ਪਹੁੰਚ ਜਾਂਦਾ ਹੈ ਅਤੇ ਉਸਦੀ ਟੀਮ ਸੰਘਰਸ਼ ਕਰ ਰਹੇ ਲੋਕਾਂ ਦਾ ਮਨੋਬਲ ਉੱਚਾ ਕਰਨ ਦਾ ਕਾਰਜ ਕਰਦੀ ਹੈ। ਇਸ ਵਾਸਤੇ ਉਸ ਨੂੰ ਬਹੁਤ ਵਾਰੀ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਕਿਸਾਨਾਂ ਦੇ ਟਰਾਈਡੈਂਟ ਕੰਪਨੀ ਵਿਰੁੱਧ ਘੋਲ ਸਮੇਂ ਉਸ ਨੂੰ ਰੂਹ-ਪੋਸ਼ ਵੀ ਹੋਣਾ ਪਿਆ।

ਉਸਦਾ ਕਾਰਜ ਖੇਤਰ ਸਿਰਫ ਪੰਜਾਬ ਤੱਕ ਹੀ ਸੀਮਤ ਨਹੀਂ। ਮਿਹਨਤਕਸ਼ ਲੋਕਾਂ ਵਿੱਚ ਉਸਦੀ ਨਾਟਕ ਟੀਮ ਦੀ ਮਕਬੂਲੀਅਤ ਦਾ ਪਤਾ ਇਸ ਗੱਲ ਤੋਂ ਲਗਦਾ ਹੈ ਕਿ ਨਾਟਕਾਂ ਦੀ ਪੇਸ਼ਕਾਰੀ ਲਈ ਸਿਰਫ ਪੰਜਾਬ ਹੀ ਨਹੀਂ ਸਗੋਂ ਹਰਿਆਣਾ, ਰਾਜਸਥਾਨਹਿਮਾਚਲ ਅਤੇ ਜੰਮੂ ਦੀਆਂ ਜਨਤਕ ਜਥੇਬੰਦੀਆਂ ਵਲੋਂ ਵੀ ਉਸ ਨੂੰ ਸੱਦਿਆ ਜਾਂਦਾ ਹੈ। ਇਸ ਦਾ ਕਾਰਣ ਉਸ ਦੀ ਲੋਕ ਪੱਖੀ ਨਾਟਕਾਂ ਦੀ ਚੋਣ ਅਤੇ ਨਾਟਕ ਰਾਹੀਂ ਸੰਦੇਸ਼ ਦੇਣ ਦੀ ਉਸ ਦੀ ਸਮਰੱਥਾ ਹੈ। ਮੈਂ ਰਿਹਰਸਲਾਂ ਦੌਰਾਨ ਉਸ ਨੂੰ ਬੜੀ ਹੀ ਸ਼ਿੱਦਤ ਨਾਲ ਕੰਮ ਕਰਦੇ ਦੇਖਿਆ ਹੈ। ਉਸਦਾ ਨਾਟਕਾਂ ਪ੍ਰਤੀ ਜਨੂੰਨ ਉਸਦੀ ਕਾਮਯਾਬੀ ਦਾ ਰਾਜ ਹੈ। ਹੁਣ ਤੱਕ ਉਹ ਲਗਪਗ 30 ਨਾਟਕਾਂ ਦੀਆਂ 500 ਤੋਂ ਵੱਧ ਪੇਸ਼ਕਾਰੀਆਂ ਕਰ ਚੁੱਕਾ ਹੈ।

ਹਰਵਿੰਦਰ ਵਧੀਆ ਨਾਟਕਾਂ ਦੀ ਚੋਣ ਹੀ ਨਹੀਂ ਕਰਦਾ, ਉਹ ਵਧੀਆ ਨਾਟਕ ਲੇਖਕ ਵੀ ਹੈ। ਉਸ ਦੀ ਕਲਮ ਨੇ “ਪਾਤਸ਼ਾਹ”,ਉੱਜੜੇ ਘਰਾਂ ਦੀ ਦਾਸਤਾਨ”,ਨਵੇਂ ਮਲਾਹ” ਅਤੇ “ਪੰਜਾਬ ਸਿਉਂ ਅਵਾਜਾਂ ਮਾਰਦਾ” ਵਰਗੇ ਵਧੀਆ ਨਾਟਕ ਸਿਰਜੇ ਹਨ। ਇਸ ਤੋਂ ਬਿਨਾਂ ਸੀਰੀਅਲ “ਤਰਕ ਦੀ ਸਾਣ ’ਤੇ” ਦਾ ਭਾਗ-2 ਡਾਇਰੈਕਰਟ ਕੀਤਾ ਹੈ। ਉਸ ਨੇ 10 ਤੋਂ ਵੱਧ ਫਿਲਮਾਂ, ਜਿਨ੍ਹਾਂ ਵਿੱਚ ਬਲੱਡੀ ਫੂਲ, ਮਾਵਾਂ ਦੇ ਦਿਲ, ਮੁੱਲ ਜਮੀਨਾਂ ਦੇ, ਫੌਜੀ ਪੁੱਤ ਪੰਜਾਬ ਦੇ, ਹਾਇ ਕਨੇਡਾ ਅਤੇ ਉੱਜੜੇ ਘਰਾਂ ਦੀ ਦਾਸਤਾਨ ਵੀ ਕੀਤੀਆਂ ਹਨ। ਉਸ ਨੂੰ ਕਮਰਸ਼ੀਅਲ ਫਿਲਮਾਂ ਦੀ ਪੇਸ਼ਕਸ਼ ਵੀ ਹੋਈ ਪਰ ਉਸ ਨੇ ਠੁਕਰਾ ਦਿੱਤੀ ਕਿਉਂਕਿ ਉਸਦੇ ਵਿਚਾਰ ਮੁਤਾਬਕ ਬਜ਼ਾਰੂ ਕਿਸਮ ਦੀਆਂ ਫਿਲਮਾਂ ਉਸ ਤਰ੍ਹਾਂ ਹਨ ਜਿਵੇਂ ਨਸ਼ਾ ਵਪਾਰੀ ਲੋਕਾਂ ਨੂੰ ਨਸ਼ੇ ’ਤੇ ਲਾ ਕੇ ਕਮਾਈ ਕਰਨਾ ਚਾਹੁੰਦੇ ਹਨ ਭਾਵੇਂ ਇਸ ਨਾਲ ਸਮਾਜ ਦਾ ਬੇੜਾ ਗਰਕ ਜਾਵੇ। ਸਮਾਜ ਦੇ ਪਿਛਾਖੜੀ ਵਰਗ ਆਪਣੇ ਹਿਤਾਂ ਲਈ ਲੋਕਾਂ ਨੂੰ ਅਗਿਆਨਤਾ ਅਤੇ ਪਿਛਾਖੜੀ ਕਦਰਾਂ ਕੀਮਤਾਂ ਵਿੱਚ ਹੀ ਫਸੇ ਰੱਖਣ ਲਈ ਅਜਿਹੀਆਂ ਫਿਲਮਾਂ ਤੇ ਹੋਰ ਸਾਹਿਤਕ ਰਚਨਾਵਾਂ ਅਤੇ ਕਲਾਵਾਂ ਨੂੰ ਵਰਤ ਰਹੇ ਹਨ। ਉਸਦਾ ਮਕਸਦ ਇਸ ਦੇ ਮੁਕਾਬਲੇ ਵਿੱਚ ਇਨਕਲਾਬੀ ਵਿਗਿਆਨਕ ਸੋਚ ਨੂੰ ਕਲਾ ਰਾਹੀਂ ਪੇਸ਼ ਕਰ ਕੇ ਸਮਾਜ ਨੂੰ ਅੱਗੇ ਵੱਲ ਤੋਰਨਾ ਹੈ। ਉਹ ਇਹ ਗੱਲ ਸਮਝਦਾ ਹੈ ਕਿ ਆਰਥਿਕ ਲੁੱਟ ਦੇ ਆਧਾਰ ’ਤੇ ਟਿਕੇ ਪਰਬੰਧ ਦੀ ਥਾਂ ਨਵੇਂ ਵਿਗਿਆਨਕ ਵਰਗ ਰਹਿਤ ਸਮਾਜ ਦੀ ਉਸਾਰੀ ਬਿਨਾਂ ਲੋਕਾਂ ਦੀਆਂ ਮੁਸ਼ਕਿਲਾਂ ਦਾ ਕੋਈ ਹੱਲ ਸੰਭਵ ਨਹੀਂ ਹੈ। ਇਹੀ ਭਗਤ ਸਿੰਘ ਹੋਰਾਂ ਦਾ ਸੁਪਨਾ ਸੀ ਤੇ ਸਾਨੂੰ ਭਗਤ ਸਿੰਘ ਦਾ ਇਹ ਸੁਨੇਹਾ ਘਰ ਘਰ ਪਹੁੰਚਾਉਣਾ ਪਵੇਗਾ।

ਹਰਵਿੰਦਸਰ ਨੇ ਭਾਅ ਜੀ ਗੁਰਸ਼ਰਨ ਸਿੰਘ ਦਾ ਇਹ ਕਥਨ ਕਿ “ਜੇ ਅਸੀਂ ਦਰਿਆਵਾਂ ਦਾ ਰੁਖ ਮੋੜ ਸਕਦੇ ਹਾਂ ਤਾਂ ਸਮਾਜ ਦਾ ਕਿਉਂ ਨਹੀਂ” ਆਪਣੇ ਲੜ ਬੰਨ੍ਹਿਆ ਹੋਇਆ ਹੈ। ਉਹ ਭਾਅ ਜੀ ਦੀ ਲਾਈ ਹੋਈ ਪਨੀਰੀ ਦਾ ਇੱਕ ਅਜਿਹਾ ਟਹਿਕਦਾ ਫੁੱਲ ਹੈ ਜੋ ਉਨ੍ਹਾਂ ਦੇ ਇਸ ਕਥਨ ਦੀ ਪੂਰਤੀ ਲਈ ਲਗਾਤਾਰ ਕੰਮ ਕਰ ਰਿਹਾ ਹੈ। ਉਸ ਨੂੰ “ਮਾਨਵਤਾ ਕਲਾ ਮੰਚ” ਨਗਰ ਵਲੋਂ ਗੁਰਸ਼ਰਨ ਸਿੰਘ ਯਾਦਗਾਰੀ ਸਨਮਾਨ,ਆਜ਼ਾਦ ਰੰਗਮੰਚ” ਚੱਕ ਦੇਸ ਰਾਜ ਕਲਾਂ ਵਲੋਂ ਗੁਰਸ਼ਰਨ ਸਿੰਘ ਨਾਟਕਕਾਰ ਅਵਾਰਡ,ਸੰਤ ਰਾਮ ਉਦਾਸੀ ਯਾਦਗਾਰੀ ਟਰੱਸਟ” ਰਾਇਸਰ ਵਲੋਂ ਗੁਰਸ਼ਰਨ ਸਿੰਘ ਯਾਦਗਾਰੀ ਸਨਮਾਨਾਂ ਤੋਂ ਬਿਨਾਂ ਅਖਬਾਰ “ਪਹਿਰੇਦਾਰ” ਵਲੋਂ ਵੀ ਸਨਮਾਨ ਮਿਲ ਚੁੱਕਾ ਹੈ

ਹਰਵਿੰਦਰ ਆਪਣੀ ਕਲਾ ਦੇ ਜੌਹਰ ਇੰਡੀਆ ਤੋਂ ਬਾਹਰ ਵੀ ਦਿਖਾ ਚੁੱਕਾ ਹੈ। ਉਹ ਕੁਵੈਤ ਵਿੱਚ ਲਗਾਤਾਰ ਚਾਰ ਸਾਲ ਨਾਟਕ ਖੇਡ ਆਇਆ ਹੈ। ਅੱਜ ਕੱਲ ਉਹ ਨਾਰਥ ਅਮੈਰਿਕਨ ਤਰਕਸ਼ੀਲ ਸੁਸਾਇਟੀ ਓਨਟਾਰੀਓ ਦੇ ਸੱਦੇ ’ਤੇ ਟੋਰਾਂਟੋ “ਤਰਕਸ਼ੀਲ ਨਾਟਕ ਮੇਲਾ ਵਿੱਚ ਨਾਟਕਾਂ ਦੀ ਤਿਆਰੀ ਲਈ ਆਇਆ ਹੋਇਆ ਹੈ। ਉਹ ਕੁੱਲਵਕਤੀ ਰੰਗਮੰਚ ਕਾਮਾ ਹੈ। ਪੰਜਾਬੀ ਰੰਗਮੰਚ ਨੂੰ ਉਸ ’ਤੇ ਬਹੁਤ ਆਸਾਂ ਹਨ। ਨਾਟਕਾਂ ਪ੍ਰਤੀ ਉਸਦੇ ਸਮਰਪਣ ਤੋਂ ਜਾਪਦਾ ਹੈ ਕਿ ਉਹ ਇਨ੍ਹਾਂ ਆਸਾਂ ਉੱਤੇ ਜਰੂਰ ਖਰਾ ਉੱਤਰੇਗਾ।

*****

(667)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਹਰਜੀਤ ਬੇਦੀ

ਹਰਜੀਤ ਬੇਦੀ

Brampton, Ontario, Canada.
Phone: (647 924 9087)
Email: (harjitbedi46@gmail.com)

More articles from this author