HarjitBedi7ਮੇਰੇ ਸੁਪਨਿਆਂ ਦੇ ਗਣਰਾਜ ਦਾ ਮੂਲ ਸਿਧਾਂਤ ਆਮ ਵੋਟ ਅਧਿਕਾਰ ਅਤੇ ...
(23 ਮਾਰਚ 2018)

 

BhagatSinghShaheedB1

 

ਜਿਹੜਾ ਵਿਅਕਤੀ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਹੋਇਆਂ ਭੈੜੇ ਰਾਜ-ਪਰਬੰਧ, ਮਨੁੱਖੀ ਹੱਕਾਂ ਨੂੰ ਕੁਚਲਦੀ ਸਥਾਪਤੀ ਅਤੇ ਸਮਾਜਕ ਨਾ-ਬਰਾਬਰੀ ਵਿਰੁੱਧ ਸੰਘਰਸ਼ ਕਰਦਾ ਹੈ, ਉਹ ਇਨਕਲਾਬੀ ਹੁੰਦਾ ਹੈ ਉਹ ਆਪਣੀਆਂ ਨਿੱਜੀ ਖਾਹਿਸ਼ਾਂ, ਭਾਵਨਾਵਾਂ ਅਤੇ ਜਾਇਦਾਦ ਦੀ ਪਰਵਾਹ ਨਹੀਂ ਕਰਦਾ ਸ਼ਹੀਦ ਭਗਤ ਸਿੰਘ ਇੱਕ ਅਜਿਹਾ ਹੀ ਇਨਕਲਾਬੀ ਸੀ ਬਾਰਾਂ ਕੁ ਸਾਲਾਂ ਦਾ ਭਗਤ ਸਿੰਘ ਜਲ੍ਹਿਆਂ ਵਾਲੇ ਬਾਗ ਦੇ ਖੂਨੀ ਸਾਕੇ ਪਿੱਛੋਂ ਉੱਥੇ ਗਿਆ ਤਾਂ ਖੂਨ ਨਾਲ ਭਿੱਜੀ ਮਿੱਟੀ ਲੈ ਆਇਆ ਆਪਣੇ ਪਿੰਡ ਵਿੱਚ ਜੈਤੋ ਦੇ ਮੋਰਚੇ ਤੇ ਜਾ ਰਹੇ ਸਿੰਘਾਂ ਦੀ ਸੇਵਾ ਕੀਤੀ ਇਸ ਤੋਂ ਪਤਾ ਲਗਦਾ ਹੈ ਕਿ ਬਚਪਨ ਵਿੱਚ ਹੀ ਉਸ ਵਿੱਚ ਦੇਸ਼ ਭਗਤੀ ਦਾ ਜਜ਼ਬਾ ਪੈਦਾ ਹੋ ਗਿਆ ਸੀ

ਇਹ ਤਾਂ ਸਾਰੇ ਜਾਣਦੇ ਹਨ ਕਿ ਭਗਤ ਸਿੰਘ ਇੱਕ ਮਹਾਨ ਇਨਕਲਾਬੀ ਸੀ, ਪਰ ਉਹ ਮਹਾਨ ਇਨਕਲਾਬੀ ਦੇ ਨਾਲ ਨਾਲ ਮਹਾਨ ਚਿੰਤਕ ਵੀ ਸੀ, ਇਸ ਗੱਲ ਦਾ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਰਾਜਨੀਤੀ ਅਤੇ ਧਰਮ ਬਾਰੇ ਉਸਨੇ ਆਪਣੇ ਵਿਚਾਰ ਬੜੇ ਸਪਸ਼ਟ ਰੂਪ ਵਿੱਚ ਪੇਸ਼ ਕੀਤੇ ਹਨ। ਭਗਤ ਸਿੰਘ ਕਿਹੋ ਜਿਹੀ ਸਿਆਸੀ ਪਾਰਟੀ ਅਤੇ ਬਰਾਬਰੀ ਵਾਲਾ ਕਿਹੋ ਜਿਹਾ ਸਮਾਜ ਚਾਹੁੰਦਾ ਸੀ, ਇਹ ਉਸਦੀ ਇਸ ਲਿਖਤ ਤੋਂ ਪਤਾ ਲਗਦਾ ਹੈ ਉਸਦੇ ਸ਼ਬਦਾਂ ਅਨੁਸਾਰ “ਮੇਰੇ ਸੁਪਨਿਆਂ ਦੇ ਗਣਰਾਜ ਦਾ ਮੂਲ ਸਿਧਾਂਤ ਆਮ ਵੋਟ ਅਧਿਕਾਰ ਅਤੇ ਲੁੱਟ ਤੇ ਅਧਾਰਤ ਕੁੱਲ ਵਿਵਸਥਾਵਾਂ ਦੇ ਖਾਤਮੇ ’ਤੇ ਅਧਾਰਤ ਹੋਵੇਗਾ, ਜੋ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਨੂੰ ਸੰਭਵ ਬਣਾਉਂਦੀਆਂ ਹਨ ਇਸ ਗਣਰਾਜ ਵਿੱਚ ਵੱਡੇ ਉਦਯੋਗਾਂ ਦਾ ਕੌਮੀਕਰਨ ਕੀਤਾ ਜਾਵੇਗਾ। ਇਸ ਗਣਰਾਜ ਵਿੱਚ ਵੋਟਰਾਂ ਕੋਲ ਆਪਣੇ ਨੁਮਾਇੰਦਿਆਂ ਨੂੰ ਵਾਪਸ ਬੁਲਾਉਣ ਦਾ ਅਧਿਕਾਰ ਹੋਵੇਗਾ।” ਉਸਨੇ ਯੂਰਪ ਦੀਆਂ ਕਰਾਂਤੀਕਾਰੀ ਜੱਦੋਜਹਿਦਾਂ ਦਾ ਡੂੰਘਾ ਅਧਿਅਨ ਕੀਤਾ ਉਸਦਾ ਵਿਚਾਰ ਸੀ ਕਿ ਅੰਗਰੇਜ਼ੀ ਰਾਜ ਦੇ ਖਾਤਮੇ ਦਾ ਠੀਕ ਰਾਹ ਸੋਸ਼ਲਿਸਟ ਵਿਚਾਰਧਾਰਾ ਹੀ ਹੈ ਜਿਸ ਨਾਲ ਭਾਰਤੀ ਸਮਾਜ ਦੀ ਪੁਨਰ ਉਸਾਰੀ ਕੀਤੀ ਜਾ ਸਕਦੀ ਹੈ।

ਭਗਤ ਸਿੰਘ ਵਿਅਕਤੀਗਤ ਅੱਤਵਾਦ ਦੇ ਵਿਰੁੱਧ ਸੀ ਉਸਦੇ ਖਿਆਲ ਮੁਤਾਬਿਕ ਇਸ ਤਰ੍ਹਾਂ ਕੋਈ ਪ੍ਰਾਪਤੀ ਨਹੀਂ ਹੋ ਸਕਦੀ ਉਸ ਮੁਤਾਬਿਕ ਪਾਰਟੀ ਲਈ ਜਰੂਰੀ ਹੈ ਕਿ ਕਿਸਾਨਾਂ ਤੇ ਕਿਰਤੀਆਂ ਨੂੰ ਲਾਮਬੰਦ ਕੀਤਾ ਜਾਵੇ, ਤਾਂ ਹੀ ਰਾਜਨੀਤਕ ਲੜਾਈ ਜਿੱਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਪਾਰਟੀ ਨੂੰ ਆਪਣਾ ਮਿਲਟਰੀ ਵਿੰਗ ਵੀ ਬਣਾਉਣਾ ਚਾਹੀਦਾ ਹੈ ਤਾਂ ਜੋ ਲੋੜ ਸਮੇਂ ਇਸ ਦੀ ਵਰਤੋਂ ਕੀਤੀ ਜਾ ਸਕੇ ਉਹ ਤਾਂ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਵੀ ਬਰਦਾਸ਼ਤ ਨਹੀਂ ਸੀ ਕਰਦਾ ਤੇ ਫਿਰ ਭਲਾ ਉਹ ਮਨੁਖ ਹੱਥੋਂ ਮਨੁੱਖ ਦੀ ਜਾਨ ਲੈਣ ਨੂੰ ਕਿਵੇਂ ਚੰਗਾ ਸਮਝ ਸਕਦਾ ਸੀ ਅਸੈਂਬਲੀ ਵਿੱਚ ਬੰਬ ਸੁੱਟਣ ਤੋਂ ਬਾਅਦ ਉਸਨੇ ਬਿਆਨ ਦਿੱਤਾ ਸੀ ਕਿ ਅਸੀਂ ਮਨੁੱਖ ਦੇ ਜੀਵਨ ਨੂੰ ਬੜਾ ਪਵਿੱਤਰ ਮੰਨਦੇ ਹਾਂ ਅਤੇ ਉਸਦੇ ਦੇ ਸੁਨਹਿਰੀ ਭਵਿੱਖ ਦਾ ਸੁਪਨਾ ਦੇਖਦੇ ਹਾਂ ਉਸਦਾ ਕਥਨ ਸੀ, “ਸਾਡੇ ਵਿਚਾਰਾਂ ਵਾਲੇ ਲੋਕ ਕਦੇ ਵੀ ਆਪਣੇ ਮਾਸੂਮ ਲੋਕਾਂ ਉੱਤੇ ਬੰਬ ਨਹੀਂ ਸੁੱਟਦੇ।”

ਭਗਤ ਸਿੰਘ ਆਮ ਲੋਕਾਂ ਦਾ ਹੀਰੋ ਹੈ ਲੋਕਪ੍ਰਿਅਤਾ ਵਿੱਚ ਕੋਈ ਵੀ ਉਸਦਾ ਮੁਕਾਬਲਾ ਨਹੀਂ ਕਰ ਸਕਦਾ ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਕੋਈ ਭਗਤ ਸਿੰਘ ਨੂੰ ਪੱਗ ਵਾਲਾ ਸਰਦਾਰ ਤੇ ਕੋਈ ਟੋਪ ਵਾਲਾ ਸਿੱਧ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਉਸ ਪੱਗ ਜਾਂ ਟੋਪ ਥੱਲੇ ਦਿਮਾਗ ਵਿੱਚ ਕੀ ਵਿਚਾਰ ਸਨ, ਇਸ ਬਾਰੇ ਕੋਈ ਘੱਟ ਹੀ ਗੱਲ ਕਰਦਾ ਹੈ ਉਹਨਾਂ ਨੇ ਤਾਂ ਉਸ ਨੂੰ ਕਿਸੇ ਨਾ ਕਿਸੇ ਤਰੀਕੇ ਆਪਣੇ ਧਰਮ ਦੇ ਘੇਰੇ ਵਿੱਚ ਲਿਆ ਕੇ ਆਪਣੀ ਸਿਆਸੀ ਚੌਧਰ ਲਈ ਉਸਦਾ ਨਾਂ ਵਰਤ ਕੇ ਲੋਕਾਂ ਨੂੰ ਗੰਮਰਾਹ ਕਰਨਾ ਹੁੰਦਾ ਹੈ

ਧਰਮ ਬਾਰੇ ਭਗਤ ਸਿੰਘ ਨੇ ਆਪਣੇ ਵਿਚਾਰ ਬੜੇ ਹੀ ਸਪਸ਼ਟ ਤੌਰ ’ਤੇ ਆਪਣੀ ਲਿਖਤ “ਮੈਂ ਨਾਸਤਕ ਕਿਉਂ ਹਾਂ” ਵਿੱਚ ਦਿੱਤੇ ਹਨ ਭਗਤ ਸਿੰਘ ਅਨੁਸਾਰ ਜਿਹੜਾ ਵੀ ਮਨੁੱਖ ਪ੍ਰਗਤੀ ਦਾ ਹਾਮੀ ਹੈ, ਉਸ ਨੂੰ ਲਾਜ਼ਮੀ ਤੌਰ ’ਤੇ ਪ੍ਰਚਲਤ ਵਿਸ਼ਵਾਸ ਦੀ ਪੁਣਛਾਣ ਕਰਨੀ ਹੋਵੇਗੀ ਤਰਕਸ਼ੀਲਤਾ ਜਿੰਦਗੀ ਦਾ ਧਰੂ ਤਾਰਾ ਹੁੰਦੀ ਹੈ ਪਰ ਨਿਰਾ ਵਿਸ਼ਵਾਸ ਜਾਂ ਅੰਧ ਵਿਸ਼ਵਾਸ ਖਤਰਨਾਕ ਹੁੰਦਾ ਹੈ ਇਹ ਦਿਮਾਗ ਨੂੰ ਪਿਛਾਂਹ ਖਿੱਚੂ ਬਣਾ ਦਿੰਦਾ ਹੈ। ਧਰਮਾਂ ਬਾਰੇ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦੀ ਪੁਸ਼ਟੀ ਉਸਦੇ ਇਸ ਕਥਨ ਤੋਂ ਹੁੰਦੀ ਹੈ, ਉਸਨੇ ਕਿਹਾ ਸੀ, “ਜਿਹੜਾ ਧਰਮ ਇਨਸਾਨ ਨੂੰ ਇਨਸਾਨ ਤੋਂ ਵੱਖ ਕਰੇ, ਮੁਹੱਬਤ ਦੀ ਥਾਂ ਉਹਨਾਂ ਨੂੰ ਇੱਕ ਦੂਜੇ ਨਾਲ ਨਫ਼ਰਤ ਕਰਨੀ ਸਿਖਾਵੇ, ਅੰਧ-ਵਿਸ਼ਵਾਸਾਂ ਨੂੰ ਉਤਸ਼ਾਹਿਤ ਕਰਕੇ ਲੋਕਾਂ ਦੇ ਬੌਧਿਕ ਵਿਕਾਸ ਵਿੱਚ ਰੁਕਾਵਟ ਬਣੇ, ਦਿਮਾਗਾਂ ਨੂੰ ਖੁੰਢਾ ਕਰੇ ਉਹ ਧਰਮ ਮੇਰਾ ਧਰਮ ਨਹੀਂ ਹੋ ਸਕਦਾ

ਕਿਸਮਤ ਉੱਤੇ ਭਰੋਸਾ ਰੱਖਣ ਵਾਲੇ ਲੋਕਾਂ ਬਾਰੇ ਭਗਤ ਸਿੰਘ ਕਹਿੰਦਾ ਹੈ, “ਤੁਸੀਂ ਹਰ ਗੱਲ ਲਈ ਰੱਬ ਵੱਲ ਦੇਖਦੇ ਹੋ, ਇਸ ਲਈ ਤੁਸੀਂ ਕਿਸਮਤਵਾਦੀ ਤੇ ਨਿਰਾਸ਼ਾਵਾਦੀ ਹੋ। ਕਿਸਮਤਵਾਦ ਮਿਹਨਤ ਤੋਂ ਭੱਜਣ ਦਾ ਇੱਕ ਰਸਤਾ ਹੈਕਮਜ਼ੋਰ, ਕਾਇਰ ਤੇ ਭਗੌੜੇ ਲੋਕਾਂ ਦੀ ਆਖਰੀ ਪਨਾਹ।” ਉਹ ਇਹ ਸਵਾਲ ਵੀ ਕਰਦਾ ਹੈ ਕਿ ਮੈਨੂੰ ਦੱਸੋ ਕਿ ਤੁਹਾਡਾ ਸਰਬ-ਸ਼ਕਤੀਮਾਨ ਰੱਬ ਹਰ ਕਿਸੇ ਬੰਦੇ ਨੂੰ ਕਸੂਰ ਜਾਂ ਪਾਪ ਕਰਨੋਂ ਰੋਕਦਾ ਕਿਉਂ ਨਹੀਂ? ਉਹਦੇ ਲਈ ਤਾਂ ਇਹ ਕੰਮ ਬਹੁਤ ਸੌਖਾ ਹੈ ਉਹਨੇ ਜੰਗਬਾਜ਼ਾਂ ਨੂੰ ਕਿਉਂ ਨਾ ਮਾਰਿਆ ਜਾਂ ਉਨ੍ਹਾਂ ਦੇ ਜੰਗੀ ਪਾਗਲਪਨ ਨੂੰ ਮਾਰ ਕੇ ਵੱਡੀ ਜੰਗ ਨਾਲ ਮਨੁੱਖਤਾ ਉੱਤੇ ਆਈ ਪਰਲੋ ਨੂੰ ਕਿਉਂ ਨਾ ਬਚਾਇਆ? ਉਹ ਅੰਗਰੇਜ਼ ਲੋਕਾਂ ਦੇ ਮਨਾਂ ਵਿੱਚ ਕੋਈ ਐਹੋ ਜਿਹਾ ਜਜ਼ਬਾ ਕਿਉਂ ਨਹੀਂ ਪਾ ਦਿੰਦਾ ਕਿ ਉਹ ਹਿੰਦੁਸਤਾਨ ਛੱਡ ਕੇ ਚਲੇ ਜਾਣ? ਉਹ ਸਾਰੇ ਸਰਮਾਏਦਾਰਾਂ ਦੇ ਦਿਲਾਂ ਵਿੱਚ ਇਹ ਜਜ਼ਬਾ ਕਿਉਂ ਨਹੀਂ ਭਰ ਦਿੰਦਾ ਕਿ ਉਹ ਪੈਦਾਵਾਰੀ ਸਾਧਨਾਂ ਦੀ ਸਾਰੀ ਨਿੱਜੀ ਜਾਇਦਾਦ ਨੂੰ ਛੱਡ ਦੇਣ ਤੇ ਸਾਰੇ ਮਿਹਨਤਕਸ਼ ਤਬਕੇ ਨੂੰ ਹੀ ਨਹੀਂ ਸਗੋਂ ਸਾਰੇ ਮਨੁੱਖੀ ਸਮਾਜ ਨੂੰ ਪੂੰਜੀਵਾਦ ਦੇ ਬੰਧਨ ਤੋਂ ਛੁਟਕਾਰਾ ਪਾ ਦੇਣ

ਅੱਗੇ ਚੱਲ ਕੇ ਉਸ ਨੇ ਕਿਹਾ, “ਮੈਂ ਤੁਹਾਨੂੰ ਦੱਸਦਾ ਹਾਂ ਹਿੰਦੁਸਤਾਨ ਉੱਤੇ ਜੋ ਬਰਤਾਨਵੀ ਹਕੂਮਤ ਹੈ, ਇਹ ਰੱਬ ਦੀ ਮਰਜ਼ੀ ਕਾਰਨ ਨਹੀਂ ਹੈ, ਸਗੋਂ ਇਸ ਦਾ ਕਾਰਨ ਹੈ ਕਿ ਸਾਡੇ ਵਿੱਚ ਇਸ ਦਾ ਵਿਰੋਧ ਕਰਨ ਦੀ ਹਿੰਮਤ ਨਹੀਂ ਹੈ ਉਹ ਰੱਬ ਦੀ ਮਦਦ ਨਾਲ ਸਾਨੂੰ ਗੁਲਾਮ ਨਹੀਂ ਰੱਖ ਰਹੇ, ਸਗੋਂ ਉਹਨਾਂ ਨੇ ਬੰਦੂਕਾਂ, ਤੋਪਾਂ, ਗੋਲੀਆਂ, ਬੰਬਾਂ, ਪੁਲਿਸ ਅਤੇ ਫੌਜ ਦੀ ਮਦਦ ਨਾਲ ਸਾਨੂੰ ਗੁਲਾਮ ਬਣਾਇਆ ਹੋਇਆ ਹੈ ਅਤੇ ਇਹ ਸਾਡਾ ਹੀ ਕਸੂਰ ਹੈ ਕਿ ਉਹ ਮਨੁੱਖੀ ਸਮਾਜ ਵਿਰੁੱਧ ਸਭ ਤੋਂ ਵੱਧ ਘਿਨਾਉਣਾ ਗੁਨਾਹ ਕਰ ਰਹੇ ਹਨ ਕਿ ਇੱਕ ਕੌਮ ਹੱਥੋਂ ਦੂਜੀ ਕੌਮ ਲੁੱਟੀ ਜਾ ਰਹੀ ਹੈ ਕਿੱਥੇ ਹੈ ਤੁਹਾਡਾ ਰੱਬ? ਉਹ ਕੀ ਕਰ ਰਿਹਾ ਹੈ?

ਭਗਤ ਸਿੰਘ ਦੇ ਵਿਚਾਰ ਮੁਤਾਬਿਕ ਹੁਣ ਤੀਕ ਪੂੰਜੀਦਾਰਾਂ ਤੇ ਖੁਦਗਰਜ਼ ਲੋਕਾਂ ਨੇ ਮਜ਼ਹਬ ਨੂੰ ਆਪਣੇ ਮਤਲਬ ਸਿੱਧ ਕਰਨ ਖਾਤਰ ਹਮੇਸ਼ਾ ਇਸਤੇਮਾਲ ਕੀਤਾ ਹੈ। ਇਤਿਹਾਸ ਇਸਦਾ ਗਵਾਹ ਹੈ ਸਬਰ ਕਰੋ, ਆਪਣੇ ਕਰਮਾਂ ਨੂੰ ਬੈਠ ਕੇ ਰੋਵੋ ਇਹੋ ਜਿਹੀ ਫਿਲੌਸਫੀ ਨੇ ਜੋ ਕਹਿਰ ਕੀਤਾ ਹੈ, ਉਹ ਸਭ ਨੂੰ ਪਤਾ ਹੀ ਹੈ

ਪਾਸ਼ ਨੇ ਭਗਤ ਸਿੰਘ ਦੀ ਸ਼ਖਸੀਅਤ ਅਤੇ ਵਿਚਾਰਾਂ ਦੀ ਆਪਣੇ ਸ਼ਬਦਾਂ ਅਨੁਸਾਰ ਵਿਆਖਿਆ ਇਸ ਤਰ੍ਹਾਂ ਕੀਤੀ ਹੈ, “ਭਗਤ ਸਿੰਘ ਪੰਜਾਬ ਦਾ ਪਹਿਲਾ ਵਿਚਾਰਕ ਸੀ, ਜਿਸ ਨੇ ਸਮਾਜ ਦੀ ਬਣਤਰ ਬਾਰੇ ਵਿਗਿਆਨਕ ਢੰਗ ਨਾਲ ਵਿਚਾਰ ਕੀਤਾ ਉਹ ਪਹਿਲਾ ਬੁੱਧੀਮਾਨ ਸੀ, ਜਿਸਨੇ ਦੁੱਖਾਂ ਅਤੇ ਸਮਾਜਿਕ ਸਮੱਸਿਆਵਾਂ ਦੀ ਧੁਰ ਡੁੰਘਿਆਈ ਤੱਕ ਪਈਆਂ ਉਲਝਣਾਂ ਦੀ ਪਹਿਚਾਣ ਕੀਤੀ ਉਹ ਪਹਿਲਾ ਦੇਸ਼ ਭਗਤ ਸੀ, ਜਿਸ ਦੇ ਮਨ ਵਿੱਚ ਸਮਾਜ ਸੁਧਾਰ ਦਾ ਇੱਕ ਨਿਸ਼ਚਤ ਦ੍ਰਿਸ਼ਟੀਕੋਣ ਸੀ। ਉਹ ਪਹਿਲਾ ਪੰਜਾਬੀ ਮਹਾਂਪੁਰਸ਼ ਸੀ ਜਿਸ ਨੇ ਭਾਵਨਾਵਾਂ ਅਤੇ ਸੋਝੀ ਦੇ ਸੁਮੇਲ ਲਈ ਧੁੰਦਲੀਆਂ ਮਾਨਤਾਵਾਂ ਦਾ ਸਹਾਰਾ ਨਹੀਂ ਸੀ ਲਿਆ। ਉਹ ਪਹਿਲਾ ਪੰਜਾਬੀ ਸੀ ਜੋ ਦੇਸ਼ ਭਗਤੀ ਦੇ ਪ੍ਰਦਰਸ਼ਨਕਾਰੀ ਵਿਚਾਰਾਂ ਤੋਂ ਪੂਰੀ ਤਰ੍ਹਾਂ ਮੁਕਤ ਹੋ ਚੁੱਕਿਆ ਸੀ ਉਹ ਪਹਿਲਾ ਪੰਜਾਬੀ ਸੀ ਜਿਸਨੇ ਗਾਂਧੀਵਾਦ ਦੇ ਥੋਥੇ ਅਤੇ ਖੋਖਲੇ ਮਾਨਵਵਾਦ ਅਤੇ ਆਦਰਸ਼ਵਾਦ ਨੂੰ ਵੰਗਾਰਿਆ ਸੀ ਪੰਜਾਬ ਦੀ ਵਿਚਾਰਧਾਰਾ ਨੂੰ ਉਸਦੀ ਦੇਣ ਸਾਂਡਰਸ ਦੀ ਹੱਤਿਆ, ਅਸੰਬਲੀ ਵਿੱਚ ਬੰਬ ਸੁੱਟਣ, ਫਾਂਸੀ ਦੇ ਫੰਦੇ ’ਤੇ ਲਟਕ ਜਾਣ ਤੋਂ ਕਿਤੇ ਜ਼ਿਆਦਾ ਹੈ ਭਗਤ ਸਿੰਘ ਨੇ ਪਹਿਲੀ ਵਾਰ ਪੰਜਾਬ ਨੂੰ ਜਹਾਲਤ ਤੋਂ ਬੁੱਧੀਵਾਦ ਵੱਲ ਮੋੜਿਆ ਉਸਦੀ ਵਿਚਾਰਧਾਰਾ ਤੇ ਸਮਝ ਨੂੰ ਅੱਗੇ ਵਧਾਉਣ ਦੀ ਲੋੜ ਹੈ।”

*****

(1072)

About the Author

ਹਰਜੀਤ ਬੇਦੀ

ਹਰਜੀਤ ਬੇਦੀ

Brampton, Ontario, Canada.
Phone: (647 924 9087)
Email: (harjitbedi46@gmail.com)

More articles from this author