BalrajDeol7“ਮੁਸਲਿਮ ਭਾਈਚਾਰੇ ਨੇ ਇਸਲਾਮਿਕ ਕੱਟੜਪੰਥੀਆਂ ਖਿਲਾਫ਼ ਖੜ੍ਹਨ ਵਾਸਤੇ ...”
(15 ਅਪਰੈਲ 2017)

TariqFateh2

 ਬੀਤੇ ਸਨਿੱਚਰਵਾਰ ‘ਮੁਸਲਿਮਜ਼ ਅਗੇਂਸਟ ਐੱਮ-103’ ਦੇ ਨਾਮ ਹੇਠ ਕੀਤੇ ਗਏ ਇਕ ਭਰਵੇਂ ਇਕੱਠ ਵਿੱਚ ਉਦਾਰਵਾਦੀ ਮੁਸਲਮਾਨਾਂ ਨੇ ਲਿਬਰਲ ਐੱਮਪੀ ਇਕਰਾ ਖਾਲਿਦ ਦੇ ‘ਇਲਾਮੋਫੀਆ ਬਿੱਲ’ ਦਾ ਸਖ਼ਤ ਵਿਰੋਧ ਕੀਤਾ। ਰਾਇਲ ਬੈਂਕੁਇਟ ਹਾਲ ਵਿੱਚ ਹੋਏ ਇਸ ਇਕੱਠ ਵਿੱਚ 400 ਦੇ ਕਰੀਬ ਲੋਕਾਂ ਨੇ ਚਾਰ ਮੁਸਲਿਮ ਬੁਲਾਰਿਆਂ ਨੂੰ ਇਕ ਸਾਹ ਹੋ ਕੇ ਸੁਣਿਆ। ਇਹਨਾਂ ਚਾਰੇ ਬੁਲਾਰਿਆਂ ਨੇ ਇਸ ਬਿੱਲ ਨੂੰ ਕੈਨੇਡਾ ਵਿੱਚ ਸ਼ਰੀਆ ਦਾ ਰਸਤਾ ਸਾਫ਼ ਕਰਨ ਦੀ ਸ਼ੁਰੂਆਤ ਦੱਸਦਿਆਂ ਇਸ ਦੀ ਸਖ਼ਤ ਨਿੰਦਾ ਕੀਤੀ।

ਬੁਲਾਰਿਆਂ ਵਿੱਚ ਪ੍ਰਸਿੱਧ ਮੀਡੀਆਕਾਰ ਆਸਿਫ਼ ਜਾਵੇਦ, ਬਲੋਚ ਭਾਈਚਾਰੇ ਦੀ ਆਗੂ ਬੀਬੀ ਕਾਰੀਮਾ ਬਲੋਚ, ਪ੍ਰਸਿੱਧ ਲੇਖਕ, ਪੱਤਰਕਾਰ ਅਤੇ ਟਿੱਪਣੀਕਾਰ ਤਾਰਿਕ ਫਤਹਿ ਅਤੇ ਕਨੇਡੀਅਨ ਥਿੰਕਰਜ਼ ਫੋਰਮ ਦੇ ਆਗੂ ਡਾ. ਤਾਹਿਰ ਅਸਲਮ ਗੋਰਾ ਸਨ। ਚਾਰੇ ਬੁਲਾਰਿਆਂ ਨੇ ਬਹੁਤ ਸਾਹਸ ਨਾਲ ਲਿਖਣ ਅਤੇ ਬੋਲਣ ਦੀ ਅਜ਼ਾਦੀ ਦੀ ਵਕਾਲਤ ਕਰਦਿਆਂ ਕਿਹਾ ਕਿ ਕਥਿਤ ‘ਇਸਲਾਮੋਫੋਬੀਆ’ ਦਾ ਰੌਲਾ ਜਹਾਦੀਆਂ ਅਤੇ ਟੱਕੜਪੰਥੀਆਂ ਦੀ ਨੁਕਤਾਚੀਨੀ ਰੋਕਣ ਲਈ ਹਥਿਆਰ ਵਜੋਂ ਵਰਤਿਆ ਜਾ ਰਿਹਾ ਹੈ। ਇਸ ਮੌਕੇ ਬੋਲਦਿਆਂ ਤਾਰਿਕ ਫਤਹਿ ਨੇ ਕਿਹਾ ਕਿ ਜੋ ਲੋਕ ਇਸਲਾਮ ਦਾ ਅੰਨ੍ਹਾ ਵਿਰੋਧ ਕਰਦੇ ਹਨ ਉਹ ਇਸਲਾਮਿਕ ਕੱਟੜਪੰਥੀਆਂ ਦੀ ਨਾ ਜਾਣਦੇ ਹੋਏ ਵੀ ਮਦਦ ਕਰ ਰਹੇ ਹਨ। ਫਤਹਿ ਨੇ ਕਿਹਾ ਕਿ ਲਫ਼ਜ਼ ‘ਇਸਲਾਮੋਫੋਬੀਆ’ ਨੂੰ ‘ਇਲਾਮੋਫਾਸ਼ਿਜ਼ਮ’ ਨਾਲ ਬਦਲਿਆ ਜਾਣਾ ਚਾਹੀਦਾ ਹੈ। ਫਤਹਿ ਨੇ ਅੱਗੇ ਕਿਹਾ ਕਿ ਇਕਰਾ ਖਾਲਿਦ ‘ਮੁਸਲਿਮ ਸਟੂਟੈਂਡ ਅਸੋਸੀਏਸ਼ਨ’ ਦੀ ਕਾਰਕੁਨ ਰਹੀ ਹੈ ਜੋ ਕੱਟੜਪੰਥੀਆਂ ਦਾ ਸੰਗਠਨ ਹੈ। ਉਹਨਾਂ ਅੱਗੇ ਕਿਹਾ ਕਿ ਇੱਕ ਪਾਸੇ ਅੱਲ੍ਹਾ ਦਾ ਇਸਲਾਮ ਹੈ ਅਤੇ ਦੂਜੇ ਪਾਸੇ ਮੁੱਲਾਂ ਦਾ ਇਸਲਾਮ ਹੈ। ਫਤਹਿ ਨੇ ਕਿਹਾ ਕਿ ਉਹ ਕੈਨੇਡਾ ਵਿੱਚ ਸ਼ਰੀਆ ਕਦੇ ਵੀ ਪਰਵਾਨ ਨਹੀਂ ਕਰਨਗੇ ਅਤੇ ਇਸ ਦੇ ਖਿਲਾਫ਼ ਅੰਤ ਤੱਕ ਲੜਨਗੇ।

ਬੁਲਾਰਿਆਂ ਨੇ ਕਿਹਾ ਕਿ ਅਗਰ ਕੈਨੇਡਾ ਵਿੱਚ ‘ਇਸਲਾਮੋਫੋਬੀਆ’ ਹੁੰਦਾ ਤਾਂ ਫੈਡਰਲ ਚੋਣਾਂ ਵਿੱਚ ਇਕਰਾ ਖਾਲਿਦ ਸਮੇਤ ਦਰਜਨ ਦੇ ਕਰੀਬ ਮੁਸਲਮਾਨ ਐੱਮਪੀ ਨਹੀਂ ਸਨ ਚੁਣੇ ਜਾਣੇ। ਅਗਰ ਕੈਨੇਡਾ ਵਿੱਚ ‘ਇਸਲਾਮੋਫੋਬੀਆ’ ਦਾ ਡਰ ਹੁੰਦਾ ਤਾਂ ਦਰਜਨਾਂ ਮੁਸਲਮਾਨ ਦੇਸ਼ਾਂ ਨੂੰ ਛੱਡ ਕੇ ਲੱਖਾਂ ਮੁਸਲਮਾਨਾਂ ਨੇ ਕੈਨੇਡਾ ਨਹੀਂ ਸੀ ਆਉਣਾ। ਫਤਹਿ ਨੇ ਤਾਂ ਇਹ ਵੀ ਕਿਹਾ ਕਿ ਕੁਰਾਨ ਇਸ ਦੀ ਅਸਲੀ ਹਾਲਤ ਵਿੱਚ ਨਹੀਂ ਹੈ ਅਤੇ ਇਸ ਵਿੱਚ ਬਹੁਤ ਰਲਾ ਕੀਤਾ ਗਿਆ ਹੈ। ਕੀ ਮੁਸਲਮਾਨ ਦੇਸ਼ਾਂ ਤੋਂ ਭੱਜ ਕੇ ਕੈਨੇਡਾ ਸਮੇਤ ਪੱਛਮੀ ਦੇਸ਼ਾਂ ਨੂੰ ਆ ਰਹੇ ਮੁਸਲਮਾਨ ‘ਇਸਲਾਮੋਫੋਬ’ ਹਨ?

ਆਸਿਫ਼ ਜਾਵੇਦ ਨੇ ਕਿਹਾ ਕਿ ਇਕਰਾ ਦਾ ਮੋਸ਼ਨ ਪਾਸ ਹੋਣ ਨਾਲ ਮਾਮਲਾ ਖ਼ਤਮ ਨਹੀਂ ਹੋਇਆ ਸਗੋਂ ਲੜਾਈ ਅਜੇ ਸ਼ੁਰੂ ਹੋਈ ਹੈ। ਤਾਹਿਰ ਗੋਰਾ ਸਮੇਤ ਬੁਲਾਰਿਆਂ ਨੇ ਕਿਹਾ ਕਿ ਕੈਨੇਡਾ ਵਿੱਚ ਇਸਲਾਮਿਕ ਕੱਟੜਪੰਥੀ ਬਹੁ-ਸ਼ਾਦੀਆਂ, ਟਰਿੱਪਲ ਤਲਾਕ, ਚਾਇਲਡ ਮੈਰਿਜ ਅਤੇ ਲੜਕੀਆਂ ਦੀ ਸੁੰਨਤ ਵਰਗੇ ਕੁਕਰਮ ਕਰ ਰਹੇ ਹਨ ਪਰ ਇਕਰਾ ਖਾਲਿਦ ਵਰਗੇ ਖਾਮੋਸ਼ ਹਨ। ਬਲੋਚ ਭਾਈਚਾਰੇ ਦੀ ਆਗੂ ਬੀਬੀ ਕਾਰੀਮਾ ਬਲੋਚ ਨੇ ਦੋਸ਼ ਲਗਾਇਆ ਕਿ ਕੈਨੇਡਾ ਵਿੱਚ ਪਾਕਿਸਤਾਨੀ ਏਜੰਸੀ ਸਰਗਰਮ ਹੈ ਅਤੇ ਕੱਟੜਵਾਦ ਨੂੰ ਉਭਾਰ ਰਹੀ ਹੈ। ਕਰੀਮਾ ਨੇ ਪਾਕਿਸਤਨੀ ਫੌਜ ਤੇ ਬਲੋਚਾਂ ਦਾ ਜੈਨੋਸਾਈਡ ਕਰਨ ਦਾ ਦੋਸ਼ ਵੀ ਲਗਾਇਆ ਅਤੇ ਹਾਜ਼ਰੀਨ ਨੂੰ ਲਿਖਣ, ਬੋਲਣ ਅਤੇ ਵਿਸ਼ਵਾਸ ਦੀ ਅਜ਼ਾਦੀ ਦੇ ਹੱਕ ਵਿੱਚ ਖੜ੍ਹਨ ਦਾ ਸੱਦਾ ਦਿੱਤਾ। ਕਰੀਮਾ ਨੇ ਕਿਹਾ ਕਿ ਜਿਸ ਕਿਸਮ ਦਾ ਇਸਲਾਮ ਕੈਨੇਡਾ ਵਿੱਚ ਪ੍ਰੋਮੇਟ ਕੀਤਾ ਜਾ ਰਿਹਾ ਹੈ, ਉਸ ਹੇਠ ਪਾਕਿਸਤਾਨ ਅੰਦਰ ਬਲੋਚਾਂ ਸਮੇਤ ਘੱਟ ਗਿਣਤੀ ਫਿਰਕੇ ਸੁਰੱਖਿਅਤ ਨਹੀਂ ਹਨ।

ਇਸ ਇਕੱਠ ਨੇ ਬੁਲਾਰਿਆਂ ਵਲੋਂ ਉਠਾਏ ਜਾ ਰਹੇ ਨੁਕਤਿਆਂ ਦਾ ਵਾਰ ਵਾਰ ਤਾੜੀਆਂ ਨਾਲ ਸਵਾਗਤ ਕੀਤਾ। ਮੁਸਲਿਮ ਭਾਈਚਾਰੇ ਨੇ ਇਸਲਾਮਿਕ ਕੱਟੜਪੰਥੀਆਂ ਖਿਲਾਫ਼ ਖੜ੍ਹਨ ਵਾਸਤੇ ਬਹੁਤ ਹੌਸਲਾ ਵਿਖਾਇਆ ਹੈ ਜਿਸ ਦਾ ਸਵਾਗਤ ਕਰਨਾ ਬਣਦਾ ਹੈ। ਇਸਲਾਮਿਕ ਜਹਾਦੀਆਂ ਦੇ ਟਾਕਰੇ ਵਾਸਤੇ ਕੈਨੇਡਾ ਨੂੰ ਅਜਿਹੇ ਸਾਹਸੀ, ਜਮਹੂਰੀ ਅਤੇ ਸੈਕੂਲਰ ਸੋਚ ਦੇ ਮੁਸਲਮਾਨਾਂ ਦੀ ਲੋੜ ਹੈ।

*****

(668)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਬਲਰਾਜ ਦਿਓਲ

ਬਲਰਾਜ ਦਿਓਲ

Brampton, Ontario, Canada.
Email: (balrajdeol@rogers.com)

More articles from this author