BalrajDeol7ਜੀਡੀਪੀ ਵਾਧਾ ਅਤੇ ਅਬਾਦੀ ਵਾਧਾ ਰੋਕਿਆ ਜਾਵੇ ...
(21 ਅਪਰੈਲ 2020)

 

ਮਨੁੱਖ ਹੋਰ ਜੀਵਾਂ ਲਈ ਧਰਤੀ ਅਤੇ ਸਰੋਤਾਂ ਦਾ ਬਣਦਾ ਢੁੱਕਵਾਂ ਹਿੱਸਾ ਰਾਖਵਾਂ ਛੱਡੇ!!

ਗਲੋਬਲ ਵਿਲੇਜ ਬਨਾਮ ਗਲੋਬਲਾਈਜੇਸ਼ਨ ਬੁਰੀ ਤਰ੍ਹਾਂ ਫੇਲ ਹੋ ਗਿਆ ਹੈ ਅਤੇ ਇਸਦੇ ਨਾਲ ਹੀ ਲਾਲਚ, ਲੋਭ, ਮੁਨਾਫ਼ੇ, ਐਸ਼-ਅਰਾਮ ਅਤੇ ਵਿਅਕਤੀਵਾਦੀ ਜੀਵਨਜਾਚ ਵੀ ਫੇਲ ਹੋ ਗਈ ਹੈ। ਵਾਇਰਸ ਨੇ ਕਥਿਤ ਗਲੋਬਲ ਸਪਲਾਈ ਚੇਨ ਅਤੇ ਆਦਤਾਂ ਭੰਨਤੋੜ ਦਿੱਤੀਆਂ ਹਨ। ਪ੍ਰਾਫਿਟ ਭਾਵ ਲਾਭ ਕਮਾਉਣ ਦੀ ਚੇਨ ਵੀ ਟੁੱਟ ਗਈ ਹੈ। ਸਰਕਾਰਾਂ, ਵੱਡੀਆਂ ਕਾਰਪੋਰੇਸ਼ਨਾਂ ਅਤੇ ਲੋਕ ਇਸ ‘ਵਪਾਰ, ਲਾਭ, ਪਸਾਰ ਅਤੇ ਆਰਮ’ ਦੀ ਚੇਨ ਕਮਜ਼ੋਰ ਪੈਣ ਤੋਂ ਡਰਦੇ ਸਨ ਤੇ ਇਸ ਨੂੰ ਹੋਰ ਮਜ਼ਬੂਤ ਕਰ ਰਹੇ ਸਨ ਅਤੇ ਹਰ ਪਾਸੇ ਉਤਪਾਦਨ - ਜੀਡੀਪੀ ਵਧਾਉਣ ਲਈ ਹੱਥ ਪੈਰ ਮਾਰੇ ਜਾ ਰਹੇ ਸਨ। ਕੋਰੋਨਾ ਨੇ ਇਹ ਸਭ ਭੰਨਤੋੜ ਦਿੱਤਾ ਹੈ ਅਤੇ ਹੁਣ ਇਸਦੇ ਟੁੱਟਣ ਦਾ ਭੈਅ ਖ਼ਤਮ ਹੋ ਗਿਆ। ਅੱਜ ਮਨੁੱਖ ਨੂੰ ਫਿਕਰ ਇਹ ਕਰਨਾ ਚਾਹੀਦਾ ਹੈ ਕਿ ਨਵਾਂ ਸਿਲਸਿਲਾ ਕਿਹੋ ਜਿਹਾ ਉਸਾਰਨਾ ਹੈ? ਇੱਕ ਚੋਣ ਇਹ ਹੈ ਕਿ ਟੁੱਟ ਚੁੱਕੇ ਵਰਤਾਰੇ ਦੀ ਜਲਦੀ ਮੁੜ ਉਸਾਰੀ ਕੀਤੀ ਜਾਵੇ। ਬਹੁਤੇ ਦੇਸ਼ ਅਤੇ ਆਗੂ ਇਸ ਪਾਸੇ ਹੀ ਭੱਜਣਗੇ। ਪਰ ਇਹ ਵੱਡੀ ਭੁੱਲ ਹੋਵੇਗੀ ਕਿਉਂਕਿ ਅੱਜ ਅਜਿਹੀ ਮੁੜ ਉਸਾਰੀ ਕਰਨ ਦੀ ਲੋੜ ਹੈ ਜੋ ਨੇਚਰ ਫਰੈਂਡਲੀ (ਕੁਦਰਤ ਨਾਲ ਦੋਸਤਾਨਾ) ਹੋਵੇ। ਤਬਦੀਲੀ ਲਈ ਹੁਣ ਢੁੱਕਵਾਂ ਸਮਾਂ ਹੈ। ਪਸਾਰ, ਲਾਭ ਅਤੇ ਆਰਾਮ ਪੱਖੀ ਮੁੜ ਉਸਾਰੀ ਮਨੁੱਖ ਨੂੰ ਉਸੇ ਗਧੀਗੇੜ ਵਿੱਚ ਪਾ ਦੇਵੇਗੀ, ਜਿਸ ਨੇ ਧਰਤੀ ’ਤੇ ਹਰ ਪੱਖੋਂ ਤਬਾਹੀ ਮਚਾਈ ਹੈ। ਹਵਾ, ਮਿੱਟੀ ਅਤੇ ਪਾਣੀ ਨੂੰ ਪ੍ਰਦੂਸ਼ਤ ਕੀਤਾ ਹੈ ਤੇ ਕੁਦਰਤ ਦਾ ਸੰਤੁਲਨ ਵਿਗਾੜ ਦਿੱਤਾ ਹੈ। ਮੌਜੂਦਾ ਜੀਵਨ-ਜਾਚ, ਵਿਅਕਤੀਗਤ ਪੱਧਰ ਤੋਂ ਖੇਤਰੀ ਅਤੇ ਅੰਤਰਰਾਸ਼ਟਰੀ ਪੱਧਰ ਤੱਕ ਖਹਿਬਾਜ਼ੀ ਨੂੰ ਹੁਲਾਰਾ ਦੇਣ ਵਾਲੀ ਹੈ। ਇਨਸਾਨ ਵਿਚਕਾਰ ਬੇਲੋੜੀ ਖਹਿਬਾਜ਼ੀ ਤੋਂ ਇਲਾਵਾ ਮਜੂਦਾ ਸਿਸਟਮ ਕਾਦਰ ਦੀ ਕੁਦਰਤ ਦੇ ਹਰ ਜੀਵ ਅਤੇ ਕਣ ਨੂੰ ਨੁਕਸਾਨ ਪਹੁੰਚਾਣ ਵਾਲਾ ਹੈ।

ਮਾਹਰ ਮੰਨਦੇ ਹਨ ਕਿ ਵਾਰਿੲਸ ਦੀ ਮਾਰ ਕਾਰਨ ਜਦ ਤੋਂ ਮਨੁੱਖ ਜਾਤੀ ਘਰਾਂ ਵਿੱਚ ਕੈਦ ਹੋਈ ਹੈ ਤਦ ਤੋਂ ਪ੍ਰਦੂਸ਼ਣ ਲਗਾਤਾਰ ਘਟਦਾ ਜਾ ਰਿਹਾ ਹੈ ਅਤੇ ਕੁਦਰਤ ਫਿਰ ਨਿੱਖਰ ਰਹੀ ਹੈ। ਸਾਫ਼ ਹੋ ਰਹੇ ਵਾਤਾਵਰਣ ਦੀਆਂ ਪੁਲਾੜ ਵਿੱਚੋਂ ਲਈਆਂ ਤਸਵੀਰਾਂ ਇਸਦੀ ਗਵਾਹੀ ਭਰਦੀਆਂ ਹਨ। ਜੀਵ-ਜੰਤੂ ਰਾਹਤ ਮਹਿਸੂਸ ਕਰਦੇ ਹਨ ਅਤੇ ਹੁਣ ਉਹਨਾਂ ਖੇਤਰਾਂ ਵਿੱਚ ਵੀ ਘੁੰਮ ਜਾਂ ਉਡਾਰੀਆਂ ਭਰ ਰਹੇ ਹਨ ਜੋ ਖੇਤਰ ਮਨੁੱਖ ਨੇ ਉਹਨਾਂ ਤੋਂ ਖੋਹ ਲਏ ਸਨ। ਮਾਹਰ ਮੰਨਦੇ ਹਨ ਕਿ ਸੈਲਾਨੀ, ਵਪਾਰੀ ਅਤੇ ਮਾਈਗਰੰਟ ਇਸ ਵਾਰਿੲਸ ਦੇ ਫੈਲਾਅ ਦੇ ਮੁੱਖ ਸੂਤਰਧਾਰ ਬਣੇ ਹਨ। ਇਹਨਾਂ ਤਿੰਨ ਵਰਗਾਂ ਰਾਹੀਂ ਹੀ ਵਾਇਰਸ ਇੱਕ ਦੇਸ਼ ਤੋਂ ਦੂਜੇ ਦੇਸ਼ ਪੁੱਜਾ ਹੈ। ਸੈਲਾਨੀ ਵੱਖ ਵੱਖ ਦੇਸ਼ਾਂ ਵਿੱਚ ਇਤਿਹਸਕ ਥਾਵਾਂ ਵੇਖਣ, ਘੁੰਮਣ ਜਾਂ ਐਸ਼-ਅਰਾਮ ਕਰਨ ਜਾਂਦੇ ਹਨ। ਸਮੁੰਦਰਾਂ ਵਿੱਚ ‘ਪਿੰਡ-ਨੁਮਾ’ ਕਰੂਜ਼ ਸ਼ਿੱਪ ਸੈਲਾਨੀਆਂ ਨਾਲ ਭਰੇ ਫਿਰਦੇ ਪ੍ਰਦੂਸ਼ਣ ਫੈਲਾਉਂਦੇ ਹਨ। ਹਵਾ ਵਿੱਚ ਹਜ਼ਾਰਾਂ ਹਵਾਈ ਜਹਾਜ਼ ਕੁਦਰਤ ਦੇ ਸੰਤੁਲਨ ਨੂੰ ਪੁੱਠਾ ਗੇੜਾ ਦੇਣ ਅਤੇ ਲਾਭ ਕਮਾਉਣ ਲਈ ਉਡਾਰੀਆਂ ਭਰਦੇ ਹਨ। ਸੈਲਾਨੀਆਂ ਨੇ ਵੀ ਕੋਰੋਨਾ ਫੈਲਾਇਆ ਹੈ। ਕੰਪਨੀਆਂ ਦੇ ਵੱਡੇ ਵੱਡੇ ਅਹੁਦੇਦਾਰ, ਸਮੇਤ ਵਪਾਰੀ ਵਰਗ, ਇੱਕ ਤੋਂ ਦੂਜੇ ਦੇਸ਼ ਨੂੰ ਵਪਾਰ ਵਧਾਉਣ ਲਈ ਜਾਂਦੇ ਹਨ ਅਤੇ ਹਵਾਈ ਜਹਾਜ਼ਾਂ, ਹੋਟਲਾਂ ਅਤੇ ਕੰਨਵੈਨਸ਼ਨ ਸੈਂਟਰਾਂ ਨੂੰ ਭਾਗ ਲਗਾਉਂਦੇ ਹਨ, ਜੋ ਸਭ ਪ੍ਰਦੂਸ਼ਣ ਪੈਦਾ ਕਰਦੇ ਹਨ ਤੇ ਕੋਰੋਨਾ ਫੈਲਾਉਣ ਵਿੱਚ ਵੀ ਸਹਾਈ ਹੋਏ ਹਨ। ਇੱਕ ਤੋਂ ਦੂਜੇ ਦੇਸ਼ ਵਸਣ ਜਾਣ ਵਾਲੇ ਜਾਂ ਵੱਸ ਜਾਣ ਪਿੱਛੋਂ ਪਿੱਤਰੀ ਦੇਸ਼ਾਂ ਦੇ ਗੇੜੇ ਲਗਾਉਣ ਵਾਲੇ ‘ਮਾਈਗਰੰਟ’ ਵੀ ਪ੍ਰਦੂਸ਼ਣ ਫੈਲਾਉਂਦੇ ਹਨ ਅਤੇ ਹੁਣ ਕੋਰੋਨਾ ਫੈਲਾਉਣ ਦਾ ਵੀ ਸਾਧਨ ਬਣੇ ਹਨ। ‘ਮਾਈਗਰੰਟਾਂ’ ਦੇ ਪਿੱਛੇ ਜਾਣ ਵਾਲੇ ਵੱਖ ਵੱਖ ਧਰਮਾਂ ਦੇ ਧਰਮ ਪ੍ਰਚਾਰਕ ਵੀ ਕੋਰੋਨਾ ਦੇ ਵਹੀਕਲ ਬਣੇ ਹਨ। ‘ਮਾਈਗਰੰਟਾਂ’ ਦੇ ਪਿੱਛੇ ਪਿੱਛੇ ਉਹਨਾਂ ਦੀ ਵਰਤੋਂ ਦਾ ਖਾਣ-ਪਹਿਨਣ ਦਾ ਵਾਪਰ ਵੀ ਚੱਲ ਪੈਂਦਾ ਹੈ। ਲਾਭ ਕਮਾਉਣ ਲਈ ਉਤਪਾਦਨ ਕਿਤੇ ਹੁੰਦਾ ਹੈ ਅਤੇ ਖਪਤ ਕਿਤੇ ਹੋਰ ਹੁੰਦੀ ਹੈ, ਜਿਸ ਦੀ ਢੋਆ ਢੁਆਈ ਪ੍ਰਦੂਸ਼ਣ ਪੈਦਾ ਕਰਦੀ ਹੈ। ਸਬਕ ਸਿੱਖਣ ਦਾ ਵੇਲਾ ਹੈ। ਜੀਡੀਪੀ ਅਤੇ ਅਬਾਦੀ ਵਿੱਚ ਵਾਧਾ ਰੋਕਿਆ ਜਾਵੇ। ਉਤਪਾਦਨ ਨੂੰ ਖਪਤ ਦੇ ਨੇੜੇ ਰੱਖਿਆ ਜਾਵੇ ਤਾਂ ਕਿ ਢੋਆ ਢੁਆਈ ਘੱਟ ਤੋਂ ਘੱਟ ਹੋਵੇ ਅਤੇ ਲੋਕਲ ਉਤਪਾਦਨ/ਖ਼ਪਤ, ਲੋਕਲ ਨੌਕਰੀਆਂ ਪੈਦਾ ਕਰੇ।

ਘਰਾਂ ਪਰਿਵਾਰਾਂ ਅਤੇ ਜਾਇਦਾਦਾਂ ਦੇ ਵਟਵਾਰੇ ਹੁੰਦੇ ਆਏ ਹਨ। ਧਰਤੀ ਨਾਮ ਦੇ ਇਸ ਵੱਡੇ ਘਰ ਵਿੱਚ ਇਨਸਾਨ ਤੋਂ ਇਲਾਵਾ ਲੱਖਾਂ ਹੋਰ ਛੋਟੇ-ਵੱਡੇ ਜੀਵ ਵਸਦੇ ਹਨ ਅਤੇ ਉਹ ਵੀ ਇਸ ਘਰ ਵਿੱਚ ਬਰਾਬਰ ਦੇ ਹਿੱਸੇਦਾਰ ਹਨ। ਉਹਨਾਂ ਦਾ ਈਕੋ ਸਿਸਟਮ (ਕੁਦਰਤ ਦੇ ਸੰਤੁਲਨ) ਵਿੱਚ ਅਹਿਮ ਰੋਲ ਹੈ। ਇਨਸਾਨ ਨੇ ਉਹਨਾਂ ਨੂੰ ਖੂੰਜੇ ਲੱਗਾ ਦਿੱਤਾ ਹੈ ਅਤੇ ਉਹਨਾਂ ਦਾ ਹਰ ਢੰਗ ਨਾਲ ਸ਼ੋਸ਼ਣ ਕੀਤਾ ਜਾ ਰਿਹਾ ਹੈ। ਇਨਸਾਨ ਉਹਨਾਂ ਦੀ ਕਦਰ ਕਰਨੀ ਸਿੱਖੇ ਤੇ ਹੋਰ ਜੀਵਾਂ ਨੂੰ ਧਰਤੀ ਅਤੇ ਸਰੋਤਾਂ ਦਾ ਬਣਦਾ ਢੁੱਕਵਾਂ ਹਿੱਸਾ ਰਾਖਵਾਂ ਛੱਡੇ ਤਾਂਕਿ ਸਹਿਹੋਂਦ ਦਾ ਸੰਤੁਲਨ ਬਹਾਲ ਹੋਵੇ।

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2073)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਬਲਰਾਜ ਦਿਓਲ

ਬਲਰਾਜ ਦਿਓਲ

Brampton, Ontario, Canada.
Email: (balrajdeol@rogers.com)

More articles from this author