“ਇਹ ਉਹੀ ਸਹਿ-ਕਾਮੇ ਸਨ ਜਿਹਨਾਂ ਉੱਤੇ ਪਤੀ ਪਤਨੀ ਨੇ ਮਾਰੂ ਹਮਲਾ ਕਰਕੇ ...”
(ਦਸੰਬਰ 7, 2015)
ਅਮਰੀਕਾ ਦੇ ਕੈਲੀਫੋਰਨੀਆਂ ਸੂਬੇ ਦੇ ਸ਼ਹਿਰ ਸੈਨ ਬਰਨਾਰਡੀਨੋ ਵਿਚ ਇੱਕ ਕਮਿਊਨਟੀ ਸੈਂਟਰ ਦੇ ਸਮਾਗਮ ’ਤੇ ਕੀਤੇ ਗਏ ਹਮਲੇ ਵਿੱਚ 14 ਵਿਅਕਤੀ ਮਾਰੇ ਗਏ ਹਨ ਅਤੇ 21 ਜਖ਼ਮੀ ਹੋਏ ਹਨ। ਹਮਲਾਵਰ ਇਸ ਪਾਰਟੀ ਦਾ ਹਿੱਸਾ ਸੀ ਅਤੇ ਕਿਸੇ ਨਾਲ ਹੋਏ ਤਕਰਾਰ ਕਾਰਨ ਪਾਰਟੀ ਵਿੱਚੋਂ ਉੱਠ ਕੇ ਚਲਾ ਗਿਆ ਸੀ। ਕੁਝ ਸਮਾਂ ਬਾਅਦ ਜਦ ਉਹ ਵਾਪਸ ਪਰਤਿਆ ਤਾਂ ਉਸ ਨਾਲ ਇਕ ਔਰਤ ਵੀ ਸੀ ਅਤੇ ਦੋਵਾਂ ਨੇ ਪਾਰਟੀ ਹਾਲ ਵਿੱਚ ਗੋਲੀਆਂ ਦਾ ਮੀਂਹ ਵਰ੍ਹਾ ਦਿੱਤਾ। ਇਸ ਘਟਨਾ ਤੋਂ ਬਾਅਦ ਉਹ ਭੱਜਣ ਵਿੱਚ ਕਾਮਯਾਬ ਹੋ ਗਏ ਪਰ ਵੱਡੀ ਗਿਣਤੀ ਵਿੱਚ ਪੁਲਿਸ ਨੇ ਉਹਨਾਂ ਦੀ ਤਲਾਸ਼ ਆਰੰਭ ਦਿੱਤੀ। ਪੁਲਿਸ ਨਾਲ ਹੋਏ ਹਥਿਆਰਬੰਦ ਮੁਕਾਬਲੇ ਵਿੱਚ ਦੋਵੇਂ ਹਮਲਾਵਰ ਮਾਰੇ ਗਏ ਜਦਕਿ ਦੋ ਪੁਲਿਸ ਕਰਮਚਾਰੀ ਜ਼ਖ਼ਮੀ ਹੋ ਗਏ।
ਪੁਲਿਸ ਵਲੋਂ ਹੁਣ ਤੱਕ ਜਾਰੀ ਕੀਤੀ ਗਈ ਜਾਣਕਾਰੀ ਮੁਤਾਬਿਕ ਦੋਵੇਂ ਹਮਲਾਵਰ ਪਤੀ ਪਤਨੀ ਸਨ ਅਤੇ ਉਹਨਾਂ ਦਾ ਸਬੰਧ ਪਾਕਿਸਤਾਨ ਨਾਲ ਹੈ। ਪਤੀ 28 ਸਾਲਾ ਸਈਦ ਰਿਜ਼ਵਾਨ ਫਾਰੂਕ ਪਾਕਿਸਤਾਨੀ ਪਿਛੋਕੜ ਦਾ ਅਮਰੀਕੀ ਜੰਮਪਲ ਸ਼ਹਿਰੀ ਹੈ ਜਿਸ ਨੇ 27 ਸਾਲਾ ਪਾਕਿਸਤਾਨੀ ਔਰਤ ਤਸ਼ਫੀਨ ਮਾਲਿਕ ਨਾਲ ਦੋ ਸਾਲ ਪਹਿਲਾਂ ਵਿਆਹ ਕਰਵਾਇਆ ਸੀ ਅਤੇ ਇਸ ਜੋੜੇ ਦੀ 6 ਕੁ ਮਹੀਨੇ ਦੀ ਇੱਕ ਬੇਟੀ ਵੀ ਹੈ ਜਿਸ ਨੂੰ ਹਮਲੇ ਤੋਂ ਪਹਿਲਾਂ ਉਹ ਰਿਸ਼ੇਦਾਰਾਂ ਦੇ ਘਰ ਛੱਡ ਆਏ ਸਨ।
ਮੁਢਲੀਆਂ ਰਿਪੋਰਟਾਂ ਤੋਂ ਜਾਪਦਾ ਸੀ ਕਿ ਹਮਲੇ ਦਾ ਕਾਰਨ ਹਮਲਾਵਰ ਦੀ ਕੰਪਨੀ ਵਿੱਚ ਕੋਈ ਨਿੱਜੀ ਰੰਜਿਸ਼ ਇਸ ਹਮਲੇ ਦਾ ਕਾਰਨ ਹੋ ਸਕਦੀ ਹੈ। ਪਾਰਟੀ ਦੌਰਾਨ ਕਿਸੇ ਨਾਲ ਹੋਇਆ ਤਕਰਾਰ ਇਸ ਨੂੰ ਭਿਆਨਕ ਹਮਲੇ ਤੱਕ ਲੈ ਗਿਆ। ਪਰ ਹੁਣ ਅਮਰੀਕੀ ਰਾਸ਼ਟਰਪਤੀ ਅਤੇ ਸੁਰੱਖਿਆ ਅਧਿਕਾਰੀ ਇਸ ਨੂੰ ਦੱਬਵੀਂ ਅਵਾਜ਼ ਵਿੱਚ ਦਹਿਸ਼ਤਗਰਦ ਹਮਲਾ ਸਮਝ ਰਹੇ ਹਨ ਪਰ ਖੁੱਲ੍ਹ ਕੇ ਕਹਿਣਾ ਨਹੀਂ ਚਾਹੁੰਦੇ ਕਿਉਂਕਿ ਇਸ ਨਾਲ ਅਮਰੀਕਾ ਵਿੱਚ ਮੁਸਲਮਾਨਾਂ ਖਿਲਾਫ਼ ਲੋਕਾਂ ਦੀਆਂ ਭਾਵਨਾਵਾਂ ਭੜਕ ਸਕਦੀਆਂ ਹਨ ਜੋ ਪਹਿਲਾਂ ਹੀ ਅਸ਼ਾਂਤ ਬਣੀਆਂ ਹੋਈਆਂ ਹਨ।
ਪੁਲਿਸ ਇਹ ਮੰਨਦੀ ਹੈ ਕਿ ਦੋਵੇਂ ਹਮਲਾਵਰ ਪੂਰੀ ਤਿਆਰੀ ਵਿੱਚ ਆਏ ਸਨ ਅਤੇ ਉਹਨਾਂ ਹਮਲੇ ਵਾਲੀ ਥਾਂ ’ਤੇ ਪਾਈਪ ਬੰਬ ਵੀ ਸੁੱਟੇ ਸਨ। ਗੋਲੀਬਾਰੀ ਪਿੱਛੋਂ ਉਹ ਭੱਜ ਗਏ ਸਨ ਅਤੇ ਕਿਸੇ ਹੋਰ ਹਮਲੇ ਦੀ ਤਾਕ ਵਿੱਚ ਸਨ ਪਰ ਪੁਲਿਸ ਵਲੋਂ ਪਿੱਛਾ ਕੀਤੇ ਜਾਣ ਕਾਰਨ ਅਜਿਹਾ ਸੰਭਵ ਨਹੀਂ ਹੋਇਆ। ਇਸ ਜੋੜੇ ਦੇ ਘਰੋਂ ਪੁਲਿਸ ਨੂੰ ਭਾਰੀ ਹਥਿਆਰ, ਹਜ਼ਾਰਾਂ ਗੋਲੀਆਂ ਅਤੇ ਬੰਬ ਬਣਾਉਣ ਦੀ ਸਮਗਰੀ ਵੀ ਮਿਲੀ ਹੈ, ਜਿਸ ਤੋਂ ਜ਼ਾਹਰ ਹੁੰਦਾ ਹੈ ਕਿ ਇਹ ਕਿਸੇ ਕੰਪਨੀ ਵਿੱਚ ਕੰਮ ਕਰਦੇ ਵਿਅਕਤੀ ਦੇ ਨਿੱਜੀ ਤਕਰਾਰ ਨਾਲ ਨਜਿੱਠਣ ਦਾ ਪ੍ਰਬੰਧ ਨਹੀਂ ਸੀ ਸਗੋਂ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਤਿਆਰੀ ਵਾਸਤੇ ਸੀ। ਆਮ ਲੋਕਾਂ ’ਤੇ ਹਮਲਾ ਕਰਕੇ 14 ਨੂੰ ਕਤਲ ਕਰਨ ਅਤੇ 21 ਨੂੰ ਜਖ਼ਮੀ ਕਰਨ ਵਿੱਚ ਇਹ ਦੋਵੇਂ ਹਮਲਾਵਰ ਕਾਮਯਾਬ ਹੋ ਗਏ ਸਨ ਜੋ ਕਿ ਕਿਸੇ ਵੀ ਪੈਮਾਨੇ ਨਾਲ ਛੋਟੀ ਘਟਨਾ ਨਹੀਂ ਹੈ। ਉਹਨਾਂ ਦੇ ਕੋਲ ਅਤੇ ਘਰ ਵਿੱਚ ਪਿਆ ਗੋਲਾ-ਬਾਰੂਦ ਕਿਸੇ ਹੋਰ ਵੱਡੇ ਹਮਲੇ ਦੀ ਤਿਆਰੀ ਦਾ ਹਿੱਸਾ ਹੋ ਸਕਦਾ ਹੈ।
6 ਕੁ ਮਹੀਨੇ ਦੀ ਬੇਟੀ ਦੀ ਸਧਾਰਨ ਮਾਂ ਆਪਣੀ ਬੱਚੀ ਨੂੰ ਰਿਸ਼ਤੇਦਾਰਾਂ ਦੇ ਘਰ ਛੱਡ ਕੇ ਆਪਣੇ ਪਤੀ ਨਾਲ ਹਥਿਆਰਬੰਦ ਹੋ ਕੇ ਲੋਕਾਂ ਦੀਆਂ ਜਾਨਾਂ ਲੈਣ ਨਹੀਂ ਨਿਕਲ ਸਕਦੀ। 27 ਸਾਲਾ ਔਰਤ ਤਸ਼ਫੀਨ ਮਾਲਿਕ ਸਧਾਰਨ ਮਾਂ ਨਹੀਂ ਹੋ ਸਕਦੀ। ਨਾ ਹੀ 28 ਸਾਲਾ ਸਈਦ ਰਿਜ਼ਵਾਨ ਫਾਰੂਕ ਸਧਾਰਨ ਵਿਅਕਤੀ ਮੰਨਿਆ ਜਾ ਸਕਦਾ ਹੈ। ਪਾਕਿਸਤਾਨ ਦੀ ਜੰਮਪਲ ਔਰਤ ਤਸ਼ਫੀਨ ਮਾਲਿਕ ਪਾਕਿਸਤਾਨ ਤੋਂ ਕੁਝ ਸਮਾਂ ਸਾਊਦੀ ਅਰਬ ਰਹੀ ਸੀ ਅਤੇ ਸਾਊਦੀ ਅਰਬ ਤੋਂ ਹੀ ਅਮਰੀਕਾ ਆਈ ਸੀ।
ਸਈਦ ਫਾਰੂਕ ਅਮਰੀਕਾ ਦਾ ਜੰਮਪਲ ਹੀ ਨਹੀਂ ਸੀ ਸਗੋਂ ਉਸ ਕੋਲ ਇਕ ਚੰਗੀ ਨੌਕਰੀ ਵੀ ਸੀ। ਸ਼ਹਿਰ ਦੇ ਸਿਹਤ ਵਿਭਾਗ ਵਿੱਚ ਉਹ ਰੈਸਟੋਰੈਂਟ ਇਨਸਪੈਕਟਰ ਦੀ ਨੌਕਰੀ ਪਿਛਲੇ ਪੰਜ ਕੁ ਸਾਲਾਂ ਤੋਂ ਕਰ ਰਿਹਾ ਸੀ। ਉਹ ਦੀ ਤਨਖਾਹ $70 ਹਜ਼ਾਰ ਸਾਲਾਨਾ ਅਤੇ ਚੋਖੇ ਬੈਨੀਫਿਟ ਵੀ ਸਨ। ਉਸ ਨੂੰ ਆਪਣੇ ਕੰਮ ਦੇ ਦੌਰਾਨ ਨਿਮਾਜ਼ ਪੜ੍ਹਨ ਦੀ ਬਰੇਕ ਕਰਨ ਦੀ ਵੀ ਖੁੱਲ੍ਹ ਸੀ ਅਤੇ ਇਸ ਸਾਲ ਦੇ ਸ਼ੁਰੂ ਵਿੱਚ ਉਹ ਆਪਣੀ ਛੁੱਟੀਆਂ ਦੀ ਤਨਖਾਹ ਲੈ ਕੇ ਇਕ ਮਹੀਨਾ ਸਾਊਦੀ ਅਰਬ ਵੀ ਗਿਆ ਸੀ।
ਮਿਲੀ ਜਾਣਕਾਰੀ ਮੁਤਾਬਿਕ ਜਦ ਉਸ ਦੇ ਘਰ ਬੇਟੀ ਨੇ ਜਨਮ ਲਿਆ ਤਾਂ ਉਸ ਦੇ ਸਹਿ-ਕਾਮਿਆਂ ਨੇ ਉਸ ਵਾਸਤੇ ਬੇਬੀ ਸ਼ਾਵਰ ਪਾਰਟੀ ਦਾ ਪ੍ਰਬੰਧ ਵੀ ਕੀਤਾ। ਇਹ ਉਹੀ ਸਹਿ-ਕਾਮੇ ਸਨ ਜਿਹਨਾਂ ਉੱਤੇ ਪਤੀ ਪਤਨੀ ਨੇ ਮਾਰੂ ਹਮਲਾ ਕਰਕੇ 14 ਮੌਤ ਦੇ ਘਾਟ ਉਤਾਰ ਦਿੱਤੇ ਅਤੇ 21 ਜ਼ਖ਼ਮੀ ਕਰ ਦਿੱਤੇ। ਉਸ ਵਲੋਂ ਹਮਲੇ ਸਮੇਂ ਸੁੱਟੇ ਗਏ ਪਾਈਪ ਬੰਬ ਫਟ ਜਾਂਦੇ ਤਾਂ ਹੋਰ ਵੀ ਜਾਨੀ ਨੁਕਸਾਨ ਹੋਣਾ ਸੀ। ਇਹ ਕਿਸੇ ਨਿੱਜੀ ਵਿਵਾਦ ਕਾਰਨ ਖਫ਼ਾ ਹੋਏ ਵਰਕਰ ਦਾ ਕੰਮ ਨਹੀਂ ਹੈ ਸਗੋਂ ਇਹ ਘਟਨਾ ਰੈਡੀਕਲ ਇਸਲਾਮ ਵੱਲ ਇਸ਼ਾਰਾ ਕਰਦੀ ਹੈ ਜਿਸ ਦੀ ਜੜ੍ਹ ਨਫ਼ਤਰ ਅਤੇ ਹਿੰਸਾ ਵਿੱਚ ਹੈ।
ਅਜੇ ਹੁਣੇ ਹੀ ਪੈਰਿਸ ਵਿੱਚ ਵੱਡਾ ਦਹਿਸ਼ਤਗਰਦ ਹਮਲਾ ਹੋਇਆ ਹੈ ਜਿਸ ਵਿੱਚ 130 ਸ਼ਹਿਰੀ ਮਾਰੇ ਗਏ ਸਨ, ਬੈਲਜੀਅਮ ਦੀ ਰਾਜਧਾਨੀ ਬਰਸਲਜ਼ ਹਫ਼ਤਾ ਭਰ ਦਹਿਸ਼ਤਗਰਦਾਂ ਦੇ ਹਮਲੇ ਦੇ ਭੈਅ ਕਾਰਨ ਤਕਰੀਬਨ ਬੰਦ ਰਹੀ ਹੈ।
ਬਰਤਾਨੀਆਂ ਦੇ ਜੰਮਪਲ 700 ਦੇ ਕਰੀਬ ਮੁਲਿਮ ਨੌਜਵਾਨ ਜਹਾਦੀਆਂ ਦੀ ਕਤਾਰ ਵਿੱਚ ਸ਼ਾਮਲ ਹੋ ਚੁੱਕੇ ਹਨ। ਯੂਰਪ, ਅਮਰੀਕਾ, ਰੂਸ, ਕੈਨੇਡਾ, ਆਸਟਰੇਲੀਆ ਅਤੇ ਭਾਰਤ ਤੋਂ ਵੀ ਕਈ ਮੁਸਲਿਮ ਨੌਜਵਾਨ ਰੈਡੀਕਲ ਇਸਲਾਮ ਦੇ ਪ੍ਰਭਾਵ ਹੇਠ ਆ ਕੇ ਦਹਿਸ਼ਤਗਰਦ ਬਣੇ ਹਨ। ਪਿਛਲੇ ਸਾਲ ਕੈਨੇਡਾ ਵਿੱਚ ਦੋ ਦਹਿਸ਼ਤਗਰਦ ਹਮਲੇ ਹੋਏ ਸਨ ਜਿਹਨਾਂ ਵਿੱਚ ਦੋ ਫੌਜੀ ਸ਼ਹੀਦ ਹੋਏ ਸਨ ਅਤੇ ਇਕ ਜ਼ਖ਼ਮੀ ਹੋ ਗਿਆ ਸੀ। ਇਹਨਾਂ ਦੋਵਾਂ ਹਮਲਿਆਂ ਪਿੱਛੇ ‘ਹੋਮ ਗਰੋਨ’ ਦਹਿਸ਼ਤਗਰਦ ਸਨ ਜੋ ਰੈਡੀਕਲ ਇਸਲਾਮ ਦੀ ਲਪੇਟ ਵਿੱਚ ਆ ਗਏ ਸਨ।
‘ਹੋਮ-ਗਰੋਨ’ ਜਹਾਦੀਆਂ ਦਾ ਖ਼ਤਰਾ ਲਗਾਤਾਰ ਵਧਦਾ ਜਾ ਰਿਹਾ ਹੈ, ਟਰੂਡੋ ਸਰਕਾਰ ਖਬਰਦਾਰ ਰਹੇ!
*****
ਤਸਵੀਰ: ਧੰਨਵਾਦ ਸਹਿਤ ‘ਲੌਸ ਐਂਜਲਸ ਟਾਈਮਜ਼’ ਵਿੱਚੋਂ।
(130)
ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)