“ਜੀ.ਬੀ.ਐੱਸ. ਸਿੱਧੂ ਇਸ ਕਿਤਾਬ ਵਿੱਚ ਬਹੁਤ ਸਨਸਨੀਖੇਜ਼ ਖੁਲਾਸੇ ਕਰਦਾ ਹੈ ਅਤੇ ਸਬੂਤ ਵੀ ...”
(27 ਜਨਵਰੀ 2021)
(ਸ਼ਬਦ 4900)
ਕਿਸੇ ਭਾਰਤੀ ਮਿਸ਼ਨ ਵਿੱਚ ਅਗਰ ਕੋਈ ਸਿੱਖ ਕਿਸੇ ਨਿੱਜੀ ਕੰਮ ਲਈ ਜਾ ਆਵੇ ਤਾਂ ਉਸ ਦੇ ਵਿਰੋਧੀ ਵੱਖਵਾਦੀ ਝੱਟ ‘ਗਦਾਰੀ’ ਦੇ ਇਲਜ਼ਾਮ ਲਗਾ ਦਿੰਦੇ ਹਨ। ਪੱਛਮੀ ਦੇਸਾਂ ਵਿੱਚ ਜੋ ਸਿੱਖ ਭਾਰਤੀ ਮਿਸ਼ਨਾਂ ਦੇ ਸਮਾਗਮਾਂ ਵਿੱਚ ਸ਼ਿਰਕਤ ਕਰ ਲੈਂਦੇ ਹਨ ਉਹਨਾਂ ਉੱਤੇ ਤਾਂ ਖਾਲਿਸਤਾਨੀ ਕੱਟੜਪੰਥੀ ਪੱਕਾ ਗਦਾਰੀ ਦਾ ਠੱਪਾ ਲਗਾ ਦਿੰਦੇ ਹਨ। ਕਈਆਂ ਨੂੰ ਤਾਂ ਜਨਤਕ ਤੌਰ ’ਤੇ ਜ਼ਲੀਲ ਵੀ ਕੀਤਾ ਜਾਂਦਾ ਹੈ। ਕਥਿਤ ਖਾਲਿਸਤਾਨੀ ਇਸ ਵਰਤਾਰੇ ਨੂੰ ਆਪਣਾ ਧਰਮ ਸਮਝਦੇ ਹਨ ਹਾਲਾਂਕਿ ਖਾਲਿਸਤਾਨ ਇੱਕ ਨਿਰੋਲ ਰਾਜਸੀ ਵਿਚਾਰਧਾਰਾ ਹੈ ਜਿਸ ਨੂੰ ਬਹੁਤ ਸ਼ੈਤਾਨੀ ਨਾਲ ਧਰਮ ਦਾ ਜੁਗਾੜ ਲਗਾ ਕੇ ਖੜ੍ਹਾ ਕੀਤਾ ਗਿਆ ਹੈ। ਖਾਲਿਸਤਾਨੀ ਕੱਟੜਪੰਥੀ ਸਮਝਦੇ ਹਨ ਕਿ ਹਰ ਸਿੱਖ ਨੂੰ ਖਾਲਿਸਤਾਨ ਦਾ ਸਮਰਥਨ ਕਰਨਾ ਚਾਹੀਦਾ ਹੈ, ਜਾਂ ਚੁੱਪ ਰਹਿਣਾ ਚਾਹੀਦਾ ਹੈ। ਉਹਨਾਂ ਦੀ ਇਹ ਮਨਸ਼ਾ ਜਨਤਕ ਤੌਰ ’ਤੇ ਕਾਫੀ ਹੱਦ ਤਕ ਪੂਰੀ ਹੁੰਦੀ ਰਹੀ ਹੈ। ਪਰ ਅੰਦਰਖਾਤੇ ਬਹੁਗਿਣਤੀ ਆਮ ਸਿੱਖਾਂ ਨੇ ਖਾਲਿਸਤਾਨ ਦੀ ਮੰਗ ਦਾ ਸਮਰਥਨ ਨਹੀਂ ਕੀਤਾ।
ਖਾਲਿਸਤਾਨੀ ਲਹਿਰ ਦੀ ਬਦਕਿਸਮਤੀ ਇਹ ਰਹੀ ਹੈ ਕਿ ਇਸ ਲਹਿਰ ਦੇ ਕਈ ਆਗੂਆਂ ਦੀ ਕਹਿਣੀ ਅਤੇ ਕਰਨੀ ਵਿੱਚ ਬਹੁਤ ਵੱਡਾ ਫਰਕ ਰਿਹਾ ਹੈ। ਨਾਹਰੇ ਖਾਲਿਸਤਾਨ ਦੇ ਲਗਾਓ ਪਰ ਅੰਦਰਖਾਤੇ ਕਰੋ ਜੋ ਮਰਜ਼ੀ, ਇੱਕ ਵਧੀਆ ਬਦਲ ਬਣਿਆ ਆ ਰਿਹਾ ਹੈ। ਵਿਰੋਧ ਭਾਵੇਂ ਸਿਧਾਂਤ, ਤਰਕ ਅਤੇ ਤਲਖ ਤਜਰਬੇ ਉੱਤੇ ਅਧਾਰਿਤ ਹੋਵੇ ,ਕਦਾਚਿੱਤ ਪ੍ਰਵਾਨ ਨਹੀਂ ਰਿਹਾ। ਇਮਾਨਦਾਰ ਰਾਜਸੀ ਵਿਰੋਧ ਦਾ ਫਲ ਸਦਾ ਗੋਲੀਆਂ, ਡਾਂਗਾਂ, ਧਮਕੀਆਂ ਅਤੇ ਗਦਾਰੀ ਦੇ ਫਤਵੇ ਰਿਹਾ ਹੈ। ਖਾਲਿਸਤਨੀ ਸਦਾ ਇਹ ਦਾਅਵੇ ਕਰਦੇ ਰਹੇ ਹਨ ਕਿ ਭਾਰਤ ਵਿੱਚ ਸਿੱਖਾਂ ਨੂੰ ਕੋਈ ਅਜ਼ਾਦੀ ਨਹੀਂ ਹੈ ਪਰ ਆਪ ਖਾਲਿਸਤਾਨੀ ਵਿਚਾਰਧਾਰਾ ਦੇ ਵਿਰੋਧੀਆਂ ਨੂੰ ਹਿੰਸਕ ਢੰਗ ਨਾਲ ਵੀ ਦਬਾਉਂਦੇ ਆ ਰਹੇ ਹਨ।
ਬੀਤੇ ਦੀਆਂ ਘਟਨਾਵਾਂ ਅਤੇ ਖਾਲਿਸਤਾਨ ਦੀ ਲਹਿਰ ਬਾਰੇ ਅਜੇ ਵੀ ਬਹੁਤ ਸਾਰੇ ਭੇਦ ਬਣੇ ਹੋਏ ਹਨ। ਇਹਨਾਂ ਵਿੱਚੋਂ ਕੁਝ ਭੇਦ ਜੱਗ ਜ਼ਾਹਰ ਕਰਨ ਵਾਲੀ ਇੱਕ ਕਿਤਾਬ ਪਿਛਲੇ ਸਾਲ 24 ਅਕਤੂਬਰ ਨੂੰ ਭਾਰਤ ਵਿੱਚ ਰੀਲੀਜ਼ ਕੀਤੀ ਗਈ ਹੈ, ਜਿਸਦਾ ਨਾਮ ਹੈ, “ਦਾ ਖਾਲਿਸਤਾਨ ਕਾਂਸਪਰੇਸੀ”। ਇਹ ਕਿਤਾਬ ਭਾਰਤ ਦੀ ਪ੍ਰਮੁੱਖ ਖੁਫੀਆ ਏਜੰਸੀ ਰਾਅ ਦੇ ਸਾਬਕਾ ਅਫਸਰ ਜੀ.ਬੀ.ਐੱਸ. ਸਿੱਧੂ ਦੀ ਲਿਖੀ ਹੋਈ ਹੈ। ਸਿੱਧੂ ਇੱਕ ਸਿੱਖ ਹੈ ਅਤੇ ਉਸ ਨੇ 26 ਕੁ ਸਾਲ ਰਾਅ ਵਿੱਚ ਕੰਮ ਕੀਤਾ ਹੈ। 1998 ਵਿੱਚ ਉਹ ਸਪੈਸ਼ਲ ਸੈਕਟਰੀ ਦੇ ਅਹੁਦੇ ਤੋਂ ਰੀਟਾਇਰ ਹੋਇਆ ਸੀ। ਸਿੱਧੂ ਨੇ ਕੁਝ ਕਿਤਾਬਾਂ ਪਹਿਲਾਂ ਵੀ ਲਿਖੀਆਂ ਹਨ ਜਿਹਨਾਂ ਵਿੱਚੋਂ “ਸਿਕਮ - ਡਾਅਨ ਆਫ ਡੈਮੌਕਰੇਸੀ” ਸ਼ਾਮਲ ਹੈ। ਸਿੱਧੂ 1973 ਵਿੱਚ ਸਿਕਮ ਦੀ ਰਾਜਧਾਨੀ ਗੈਂਗਟੌਕ ਵਿੱਚ ਰਾਅ ਅਫਸਰ ਵਜੋਂ ਤਾਇਨਾਤ ਹੋਇਆ ਸੀ ਅਤੇ ਇਸ ਦੌਰਾਨ ਹੀ ਸਿਕਮ ਦਾ ਭਾਰਤ ਵਿੱਚ ਕਾਮਯਾਬ ਰਲੇਵਾਂ ਹੋਇਆ ਸੀ।
ਜੀ.ਬੀ.ਐੱਸ. ਸਿੱਧੂ ਇਸ ਕਿਤਾਬ ਵਿੱਚ ਬਹੁਤ ਸਨਸਨੀਖੇਜ਼ ਖੁਲਾਸੇ ਕਰਦਾ ਹੈ ਅਤੇ ਸਬੂਤ ਵੀ ਪੇਸ਼ ਕਰਦਾ ਹੈ। ਸਿੱਧੂ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਖਾਲਿਸਤਾਨ ਦੀ ਲਹਿਰ ਕਿਸੇ ਖਾਸ ਮਕਸਦ ਨਾਲ ਖੜ੍ਹੀ ਕੀਤੀ ਗਈ ਸੀ ਅਤੇ ਇਸ ਨੂੰ ਉਭਾਰਨ ਵਾਲਿਆਂ ਨੂੰ ਨੰਬਰ 1 ਅਕਬਰ ਰੋਡ ਬੇਸਡ ਸੈੱਲ ਦਾ ਸਮਰਥਨ ਹਾਸਲ ਸੀ। ਨੰਬਰ 1 ਅਕਬਰ ਰੋਡ ਮੌਕੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਰਿਹਾਹਿਸ਼ ਨੰਬਰ 1 ਸਫਦਰਗੰਜ ਰੋਡ ਦੇ ਨਾਲ ਲਗਦਾ ਰੈਜ਼ੀਡੈਂਸ ਦਫਤਰ ਸੀ। 1 ਅਕਬਰ ਰੋਡ ਬੇਸਡ ਸੈੱਲ ਦਾ ਜ਼ਿਕਰ ਕਦੇ ਫਿਰ ਕਰਾਂਗੇ, ਇਸ ਲਿਖਤ ਵਿੱਚ ਕੁਝ ਅਹਿਮ ਖਾਲਿਸਤਾਨੀ ਆਗੂਆਂ ਦੇ ਭਾਰਤੀ ਏਜੰਸੀਆਂ, ਕਾਂਗਰਸ ਦੇ ਕੁਝ ਖਾਸ ਆਗੂਆਂ ਜਾਂ ਕਾਂਗਰਸ ਸਰਕਾਰ ਨਾਲ ਸਬੰਧਾਂ ਤਕ ਸੀਮਤ ਰਹਾਂਗੇ।
13 ਅਪਰੈਲ 1978 ਦੇ ਨਿਰੰਗਕਾਰੀ ਕਾਂਡ ਪਿੱਛੋਂ ਵੱਖਰੇ ਸਿੱਖ ਰਾਜ ਦੀ ਖੁੱਲ੍ਹ ਕੇ ਮੰਗ ਕਰਨ ਵਾਲਾ ਸੰਗਠਨ ਦਲ ਖਾਲਸਾ ਗਿਆਨੀ ਜ਼ੈਲ ਸਿੰਘ ਨੇ ਖੜ੍ਹਾ ਕਰਵਾਇਆ ਸੀ। ਇਸ ਲਈ ਪਹਿਲੀ ਮੀਟਿੰਗ ਚੰਡੀਗੜ੍ਹ ਦੇ ਹੋਟਲ ਅਰੋਮਾ ਵਿੱਚ ਕੀਤੀ ਗਈ ਸੀ। ਇਸ ਮੀਟਿੰਗ ਦਾ 600 ਰੁਪਏ ਦਾ ਬਿੱਲ ਗਿ. ਜ਼ੈਲ ਸਿੰਘ ਨੇ ਅਦਾ ਕੀਤਾ ਸੀ। 6 ਅਗਸਤ 1978 ਨੂੰ ਗੁਰਦਵਾਰਾ ਅਕਾਲਗੜ੍ਹ ਸੈਕਟਰ 35 ਵਿੱਚ ਕੀਤੀ ਪ੍ਰੈੱਸ ਕਾਨਫਰੰਸ ਵਿੱਚ ਦਲ ਖਾਲਸਾ ਦਾ ਟੀਚਾ ਅਜ਼ਾਦ ਸਿੱਖ ਰਾਜ ਦੱਸਿਆ ਗਿਆ ਸੀ। ਦਲ ਖਾਲਸਾ ਨੂੰ ਗਿਆਨੀ ਜ਼ੈਲ ਸਿੰਘ ਦੀ ਛਤਰ ਛਾਇਆ ਲਗਾਤਾਰ ਮਿਲਦੀ ਰਹੀ ਸੀ। ਜ਼ੈਲ ਸਿੰਘ ਜਨਵਰੀ 1980 ਵਿੱਚ ਕੇਂਦਰੀ ਗ੍ਰਹਿ ਮੰਤਰੀ ਅਤੇ ਜੁਲਾਈ 1982 ਵਿੱਚ ਰਾਸ਼ਟਰਪਤੀ ਬਣਿਆ ਸੀ। ਰਿਪੋਰਟਾਂ ਮੁਤਾਬਿਕ ਜ਼ੈਲ ਸਿੰਘ ਚੰਡੀਗੜ੍ਹ ਬੇਸਡ ਰਿਪੋਰਟਰਾਂ ਨੂੰ ਫੋਨ ਕਰਕੇ ਦਲ ਖਾਲਸਾ ਦੀਆਂ ਖਬਰਾਂ ਆਪਣੇ ਅਖ਼ਬਾਰਾਂ ਦੇ ਮੁੱਖ ਪੰਨਿਆਂ ’ਤੇ ਲਗਾਉਣ ਲਈ ਆਖਦਾ ਰਹਿੰਦਾ ਸੀ।
ਅਮਰੀਕਾ ਨਿਵਾਸੀ ਖਾਲਿਸਤਾਨੀ ਆਗੂ ਗੰਗਾ ਸਿੰਘ ਢਿੱਲੋਂ ਪਾਕਿ ਡਿਕਟੇਟਰ ਜ਼ਿਆਉਲ ਹੱਕ ਦੇ ਬਹੁਤ ਨੇੜੇ ਸੀ। ਅੱਧ ਮਾਰਚ 1981 ਵਿੱਚ ਗੰਗਾ ਸਿੰਘ ਢਿੱਲੋਂ ਚੰਡੀਗੜ੍ਹ ਵਿੱਚ ਚੀਫ ਖਾਲਸਾ ਦੀਵਾਨ ਕਾਨਫਰੰਸ ਦੀ ਸਦਾਰਤ ਕਰਦਾ ਹੈ ਜਿਸ ਵਿੱਚ ‘ਸਿੱਖ ਵੱਖਰੀ ਕੌਮ’ ਦਾ ਮਤਾ ਪਾਸ ਕੀਤਾ ਜਾਂਦਾ ਹੈ। ਗੰਗਾ ਸਿੰਘ ਢਿੱਲੋਂ ਸਿੱਖਾਂ ਨੂੰ ਯੂਐੱਨ ਵਿੱਚ ਅਸੋਸੀਏਟ ਮੈਂਬਰਸ਼ਿੱਪ ਦੇਣ ਦਾ ਮਤਾ ਪੇਸ਼ ਕਰਦਾ ਹੈ ਅਤੇ ਪਾਸ ਕਰਵਾਉਂਦਾ ਹੈ। ਢਿੱਲੋਂ ਦੀ ਫੇਰੀ ਪਿੱਛੋਂ ਬੀਜੇਪੀ ਆਗੂ ਅਟਲ ਬਿਹਾਰੀ ਬਾਜਪਾਈ ਲੋਕ ਸਭਾ ਵਿੱਚ ਪੰਜਾਬ ਦੇ ਮੁੱਖ ਮੰਤਰੀ ਦਰਬਾਰਾ ਸਿੰਘ ਦੇ ਹਵਾਲੇ ਨਾਲ ਸਵਾਲ ਪੁੱਛਦਾ ਹੈ ਕਿ ਗਿਆਨੀ ਜ਼ੈਲ ਸਿੰਘ ਨੇ ਕਰਨਾਲ ਵਿੱਚ ਢਿੱਲੋਂ ਨਾਲ ਮੁਲਾਕਾਤ ਕੀਤੀ ਸੀ। ਇਸ ਸਮੇਂ ਜ਼ੈਲ ਸਿੰਘ ਭਾਰਤ ਦਾ ਗ੍ਰਹਿ ਮੰਤਰੀ ਸੀ ਅਤੇ ਪਿੱਛੋਂ ਰਾਸ਼ਟਰਪਤੀ ਬਣਿਆ ਸੀ। ਢਿੱਲੋਂ ਨੂੰ ਐਸੀ ਕਾਨਫਰੰਸ ਲਈ ਭਾਰਤ ਵਿੱਚ ਇੰਟਰੀ ਕਿਉਂ ਦਿੱਤੀ ਗਈ? - ਦੇ ਜਵਾਬ ਵਿੱਚ 10 ਅਗਸਤ 1981 ਨੂੰ ਮਿਸਜ਼ ਗਾਂਧੀ ਨੇ ਕਿਹਾ ਸੀ ਕਿ ਖਾਲਿਸਤਾਨ ਦੀ ਮੰਗ ਕੈਨੇਡਾ ਅਤੇ ਅਮਰੀਕਾ ਤਕ ਹੀ ਸੀਮਤ ਹੈ।
ਕਿਤਾਬ ਦੇ ਸਫਾ 155 ਉੱਤੇ ਸਿੱਧੂ ਨੇ ਗੰਗਾ ਸਿੰਘ ਢਿੱਲੋਂ ਦਾ ਇੱਕ ਹੋਰ ਹਵਾਲਾ ਦਿੱਤਾ ਹੈ। ਪੰਜਾਬ ਵਿੱਚ ਜਦ ਹਾਲਤ ਖਰਾਬ ਹੋ ਗਈ ਅਤੇ ਜਰਨੈਲ ਸਿੰਘ ਭਿੰਡਰਾਵਾਲਾ ਨੇ ਅਕਾਲ ਤਖ਼ਤ ’ਤੇ ਡੇਰਾ ਲਗਾ ਲਿਆ ਤਾਂ ਜਨਵਰੀ-ਫਰਵਰੀ 1984 ਵਿੱਚ ਆਰ. ਐੱਨ. ਕਾਓ, ਬੀ. ਰਮਨ ਅਤੇ ਰਾਅ ਦੇ ਦੋ ਹੋਰ ਅਫਸਰਾਂ ਨੇ ਲੰਡਨ ਅਤੇ ਯੂਰਿਕ ਦਾ ਦੌਰਾ ਕੀਤਾ। ਆਰ. ਐੱਨ. ਕਾਵ (ਰਾਮੇਸ਼ਵਰ ਨਾਥ ਕਾਵ) ਨੂੰ 1969 ਵਿੱਚ ਰਾਅ ਦੀ ਕਾਇਮੀ ਸਮੇਂ ਪਹਿਲਾ ਮੁਖੀ ਬਣਾਇਆ ਗਿਆ ਸੀ ਅਤੇਂ ਸੇਵਾ ਮੁਕਤ ਹੋਣ ਪਿੱਛੋਂ ਮਿਸਜ਼ ਗਾਂਧੀ ਨੇ ਉਸ ਨੂੰ ਆਪਣਾ ਵਿਸ਼ੇਸ਼ ਸਲਾਹਕਾਰ ਨਿਯੁਕਤ ਕਰ ਲਿਆ ਸੀ। ਬੀ. ਰਮਨ ਰਾਅ ਦੇ ਕਾਊਂਟਰ ਟੈਰਰਿਜ਼ਮ ਯੂਨਿਟ ਦਾ ਮੌਕੇ ਮੁਖੀ ਸੀ। ਆਰ. ਐੱਨ. ਕਾਓ ਦਾ 1 ਅਕਬਰ ਰੋਡ ਬੇਸਡ ਸੈੱਲ ਵਿੱਚ ਵਿਸ਼ੇਸ਼ ਰੋਲ ਸੀ ਅਤੇ ਉਸ ਦਾ ਸਿੱਧਾ ਰਿਸਾਅ ਪ੍ਰਧਾਨ ਮੰਤਰੀ ਮਿਸਜ਼ ਗਾਂਧੀ ਤਕ ਸੀ। ਇਹ ਦੋਵੇਂ ਮਿਸਜ਼ ਗਾਂਧੀ ਦੇ ਪ੍ਰਿੰਸੀਪਲ ਸਕੱਤਰ ਪੀ. ਸੀ. ਅਲੈਗਜ਼ੈਂਡਰ ਦੇ ਲਗਾਤਾਰ ਸੰਪਰਕ ਵਿੱਚ ਰਹਿੰਦੇ ਸਨ। ਇਸ ਫੇਰੀ ਦਾ ਮਕਸਦ ਖਾਲਿਸਤਾਨੀ ਆਗੂਆਂ ਨੂੰ ਮਿਲ ਕੇ, ਭਿੰਡਰਾਵਾਲਾ ਨੂੰ ਦਰਬਾਰ ਸਾਹਿਬ ਸਮੂਹ ਤੋਂ ਬਾਹਰ ਨਿਕਲਣ ਲਈ ਮਨਾਉਣਾ ਸੀ। ਯੂਰਿਕ ਵਿੱਚ ਇਹਨਾਂ ਨੇ ਅਮਰੀਕਾ ਦੇ ਇੱਕ ਪ੍ਰਮੁੱਖ ਖਾਲਿਸਤਾਨੀ ਆਗੂ ਨਾਲ ਮੁਲਾਕਾਤ ਕੀਤੀ ਸੀ। ਇਸ ਸਿੱਖ ਆਗੂ ਨੇ ਇਹਨਾਂ ਨੂੰ ਦੱਸਿਆ ਕਿ ਉਹ ਮਦਦ ਕਰ ਸਕਦਾ ਹੈ ਅਗਰ ਉਸ ਨੂੰ ਭਾਰਤ ਆ ਕੇ ਭਿੰਡਰਾਵਾਲਾ ਨੂੰ ਸ੍ਰੀ ਦਰਬਾਰ ਸਾਹਿਬ ਵਿੱਚ ਮਿਲਣ ਦੀ ਆਗਿਆ ਦਿੱਤੀ ਜਾਵੇ। ਉਸ ਨੇ ਰਾਅ ਅਫਸਰਾਂ ਨੂੰ ਇਹ ਵੀ ਦੱਸਿਆ ਕਿ ਅਮਰੀਕਾ ਵਿੱਚ ਕੁਝ ਖਾਲਿਸਤਾਨੀ ਆਗੂ ਵਾਸ਼ਿੰਗਟਨ ਵਿੱਚ ਤਾਇਨਾਤ ਰਾਅ ਅਫਸਰ ਦਾ ਕਤਲ ਕਰਨਾ ਚਾਹੁੰਦੇ ਸਨ ਪਰ ਜਦ ਉਸ ਨੂੰ ਪਤਾ ਲੱਗਾ ਤਾਂ ਉਸ ਨੇ ਅਜਿਹਾ ਕਰਨ ਤੋਂ ਵਰਜ ਦਿੱਤਾ ਸੀ। ਸਿੱਧੂ ਨੇ ਦਾਅਵਾ ਕੀਤਾ ਹੈ ਕਿ ਇਹ ਆਗੂ ਗੰਗਾ ਸਿੰਘ ਢਿੱਲੋਂ ਸੀ। ਰਾਅ ਨੇ ਢਿੱਲੋਂ ਦੀ ਮਦਦ ਦੀ ਆਫਰ ਇਸ ਲਈ ਪ੍ਰਵਾਨ ਨਹੀਂ ਸੀ ਕੀਤੀ ਕਿਉਂਕਿ ਰਾਅ ਨੂੰ ਸ਼ੱਕ ਸੀ ਕਿ ਢਿੱਲੋਂ ਨੂੰ ਜਰਗਮਾਲ ਵਜੋਂ ਵਰਤਿਆ ਜਾ ਸਕਦਾ ਹੈ ਜਾਂ ਉਹ ਭਿੰਡਰਾਂਵਾਲੇ ਨਾਲ ਰਲ ਵੀ ਸਕਦਾ ਹੈ।
ਸਿੱਧੂ ਨੇ ਇਹ ਵੀ ਲਿਖਿਆ ਹੈ ਕਿ ਉੱਚ ਰਾਅ ਅਫਸਰਾਂ ਦਾ ਇਹ ਗਰੁੱਪ ਲੰਦਨ ਵਿੱਚ ਜਗਜੀਤ ਸਿੰਘ ਚੌਹਾਨ ਸਮੇਤ ਹੋਰ ਕਈ ਖਾਲਿਸਤਾਨੀ ਆਗੂਆਂ ਨੂੰ ਵੀ ਮਿਲਿਆ ਸੀ।
ਜੀ.ਬੀ.ਐੱਸ. ਸਿੱਧੂ ਦੀ ਨਵੀਂ ਕਿਤਾਬ ਕੌਂਸਲ ਆਫ ਖਾਲਿਸਤਾਨ ਦੇ ਕੈਨੇਡਾ ਵਿੱਚ ਪ੍ਰਮੁੱਖ ਆਗੂ ਮਰਹੂਮ ਕੁਲਦੀਪ ਸਿੰਘ ਸੋਢੀ ਦਾ ਵੀ ਚੋਖਾ ਜ਼ਿਕਰ ਕਰਦੀ ਹੈ ਜਿਸ ਨੇ ਆਪਣੇ ਆਪ ਨੂੰ ਕੈਨੇਡਾ ਵਿੱਚ ਖਾਲਿਸਤਾਨ ਦਾ ਸਫੀਰ ਐਲਾਨਿਆ ਹੋਇਆ ਸੀ। ਸਿੱਧੂ ਲਿਖਦਾ ਹੈ ਕਿ ਪ੍ਰਧਾਨ ਮੰਤਰੀ ਇੰਦਰਾ ਗਾਂਧੀ 27 ਜੁਲਾਈ 1982 ਦੇ ਦਿਨ ਅਮਰੀਕਾ ਦੀ 8 ਦਿਨਾਂ ਦੀ ਸਟੇਟ ਫੇਰੀ ਲਈ ਪੁੱਜੀ ਸੀ। ਭਾਰਤ ਦੇ ਖੁਫੀਆ ਵਿਭਾਗ ਦੇ ਡਰੈਕਟਰ ਐੱਨ ਐੱਫ ਸਨਟੂਕ ਨੇ ਇਸ ਫੇਰੀ ਤੋਂ ਦੋ ਕੁ ਹਫ਼ਤੇ ਪਹਿਲਾਂ ਰਾਅ ਅਫਸਰ ਸਿੱਧੂ ਨੂੰ ਕਾਲ ਕਰਕੇ ਦੱਸਿਆ ਸੀ ਕਿ ਗਾਂਧੀ ਨੂੰ ਅਮਰੀਕਾ ਅਤੇ ਕੈਨੇਡਾ ਵਿੱਚ ਵਸਦੇ ਖਾਲਿਸਤਾਨੀਆਂ ਤੋਂ ਖ਼ਤਰਾ ਹੈ ਜਿਸ ਲਈ ਚੇਤੰਨ ਰਹਿਣਾ ਪਵੇਗਾ। ਪਰ ਇਸ ਖ਼ਤਰੇ ਬਾਰੇ ਕਿਸੇ ਕੋਲ ਕੋਈ ਪੱਕੀ ਜਾਣਕਾਰੀ ਨਹੀਂ ਸੀ। ਗਾਂਧੀ ਦੀ ਫੇਰੀ ਤੋਂ ਦੋ ਕੁ ਦਿਨ ਪਹਿਲਾਂ ਸਿੱਧੂ ਨਿਊ ਯਾਰਕ ਪੁੱਜ ਗਿਆ ਸੀ ਅਤੇ ਇੱਕ ਹੋਟਲ ਵਿੱਚ ਕਮਰਾ ਬੁੱਕ ਕਰਵਾ ਲਿਆ ਸੀ ਜੋਕਿ ਇੰਦਰਾ ਗਾਂਧੀ ਦੇ ਸਟੇਅ ਵਾਲੇ ਹੋਟਲ ਦੇ ਨਜ਼ਦੀਕ ਸੀ। ਭਾਰਤੀ ਸੁਰੱਖਿਆ ਏਜੰਸੀਆਂ ਦੇ ਹੋਰ ਕਈ ਅਫਸਰ ਵੀ ਅਮਰੀਕਾ ਪੁੱਜ ਗਏ ਸਨ। ਸਿੱਧੂ ਨੇ ਅਮਰੀਕਾ ਪੁੱਜਦੇ ਸਾਰ ਹੀ ਕੈਨੇਡਾ ਅਤੇ ਅਮਰੀਕਾ ਵਿੱਚ ਆਪਣੇ ਨਜ਼ਦੀਕੀਆਂ ਅਤੇ ਸੰਪਰਕਾਂ ਨੂੰ ਫੋਨ ਕਰਨੇ ਸ਼ੁਰੂ ਕਰ ਦਿੱਤੇ ਸਨ ਤਾਂਕਿ ਕਿਸੇ ਸੰਭਾਵੀ ਖਤਰੇ ਦੀ ਸੂਹ ਲੱਗ ਸਕੇ। ਅਮਰੀਕੀ ਅਧਿਕਾਰੀਆਂ ਨਾਲ ਗੱਲਬਾਤ ਤੋਂ ਇਲਾਵਾ ਗਾਂਧੀ ਨੇ 31 ਜੁਲਾਈ ਨੂੰ ਹੋਟਲ ਵਿੱਚ ਭਾਰਤੀਆਂ ਨੂੰ ਮਿਲਣਾ ਸੀ ਅਤੇ ਪਹਿਲੀ ਅਗਸਤ ਨੂੰ ਰਿਚਮੰਡ ਹਿੱਲ ਗੁਰਦਵਾਰੇ ਜਾਣਾ ਸੀ। ਸਿੱਧੂ ਦੀ ਨਜ਼ਰ ਇਹਨਾਂ ਦੋ ਦਿਨਾਂ ਉੱਤੇ ਸੀ। ਪਹਿਲੀ ਅਗਸਤ ਨੂੰ ਜਦ ਮਿਸਜ਼ ਗਾਂਧੀ ਰਿਚਮੰਡ ਹਿੱਲ ਗੁਰਦਵਾਰੇ ਪੁੱਜੀ ਤਾਂ ਪ੍ਰਧਾਨ ਤਜਿੰਦਰ ਸਿੰਘ ਕਾਹਲੋਂ ਸਮੇਤ ਕਮੇਟੀ ਨੇ ਨਿੱਘਾ ਸਵਾਗਤ ਕੀਤਾ। ਗੁਰਦਵਾਰੇ ਅੰਦਰ ਮਿਸਜ਼ ਗਾਂਧੀ ਨੂੰ ਜੀ ਆਇਆਂ ਆਖ ਕੇ ਸਿਰੋਪਾ ਦੇਣ ਪਿੱਛੋਂ ਸੰਗਤ ਨੂੰ ਸੰਬੋਧਨ ਕਰਨ ਲਈ ਆਖਿਆ ਗਿਆ। ਸਿੱਧੂ ਹਾਲ ਵਿੱਚ ਅਜਿਹੀ ਥਾਂ ਖੜ੍ਹਾ ਸੀ ਜਿੱਥੋਂ ਸਾਰੇ ਹਾਲ ਉੱਤੇ ਬਾਜ਼ ਅੱਖ ਰੱਖੀ ਜਾ ਸਕਦੀ ਸੀ ਅਤੇ ਇੱਕ ਵਿੰਡੋ ਰਾਹੀਂ ਹਾਲ ਦੇ ਬਾਹਰ ਤੋਂ ਅੰਦਰ ਆ ਰਹੀ ਸੰਗਤ ਵੱਲ ਵੀ ਵੇਖਿਆ ਜਾ ਸਕਦਾ ਸੀ। ਜਦ ਗਾਂਧੀ ਬੋਲ ਰਹੀ ਸੀ ਤਾਂ ਵਿੰਡੋ ਰਾਹੀਂ ਸਿੱਧੂ ਦਾ ਧਿਆਨ ਹਾਲ ਦੇ ਬਾਹਰ ਚਾਰ ਸਿੱਖਾਂ ’ਤੇ ਪਿਆ ਜਿਹਨਾਂ ਵਿੱਚੋਂ ਇੱਕ ਕੁਲਦੀਪ ਸਿੰਘ ਸੋਢੀ ਸੀ ਜੋ ਤਦ ਆਪਣੇ ਆਪ ਨੂੰ ਖਾਲਿਸਤਾਨ ਦਾ ਕੌਂਸਲ ਜਨਰਲ ਦੱਸਿਆ ਕਰਦਾ ਸੀ। ਸੋਢੀ ਦੀ ਇੱਕ ਸਿੱਖ ਨਾਲ ਤਲਖਕਲਾਮੀ ਹੋ ਰਹੀ ਜਾਪਦੀ ਸੀ ਅਤੇ ਦੂਜੇ ਦੋ ਸੋਢੀ ਦੀ ਮਦਦ ਕਰ ਰਹੇ ਸਨ ਤਾਂਕਿ ਚੌਥੇ ਨੂੰ ਗੁਰਦਵਾਰੇ ਅੰਦਰ ਦਾਖਲ ਹੋਣ ਤੋਂ ਰੋਕਿਆ ਜਾ ਸਕੇ। ਸੋਢੀ ਉਸ ਨੂੰ ਰੋਕਣ ਵਿੱਚ ਕਾਮਯਾਬ ਰਿਹਾ ਅਤੇ ਤਦ ਤਕ ਗਾਂਧੀ ਦਾ ਭਾਸ਼ਣ ਖ਼ਤਮ ਹੋ ਗਿਆ ਅਤੇ ਉਸ ਨੂੰ ਪਾਸੇ ਦੇ ਦਰਵਾਜ਼ੇ ਰਸਤੇ ਵਿਦਾ ਕਰ ਦਿੱਤਾ ਗਿਆ। ਗਾਂਧੀ ਦੇ ਵਿਦਾ ਹੁੰਦੇ ਸਾਰ ਆਈਬੀ ਦੇ ਡਿਪਟੀ ਐੱਸ. ਡੀ. ਤਰਵੇਦੀ ਨੇ ਸਿੱਧੂ ਨੂੰ ਪੁੱਛਿਆ ‘ਤੇਰੇ ਗੰਨਮੈਨ ਕਿੱਥੇ ਹਨ?’ ਸਿੱਧੂ ਨੇ ਜਵਾਬ ਦਿੱਤਾ ਕਿ ਮੈਂ ਕਦੇ ਵੀ ਕਿਸੇ ਗੰਨਮੈਨ ਖ਼ਤਰੇ ਬਾਰੇ ਗੱਲ ਨਹੀਂ ਸੀ ਕੀਤੀ। ਤਰਵੇਦੀ ਨੇ ਕਿਹਾ ਕਿ ਤੇਰੇ ਵਿਭਾਗ (ਰਾਅ) ਨੇ ਤਾਂ ਆਈਬੀ ਨੂੰ ਇੰਦਰਾ ਗਾਂਧੀ ’ਤੇ ਹਮਲੇ ਬਾਰੇ ਚਿਤਾਵਣੀ ਦਿੱਤੀ ਹੋਈ ਸੀ। ਤਰਵੇਦੀ ਨਾਲ ਗੱਲ ਖ਼ਤਮ ਹੁੰਦੇ ਸਾਰ ਸਿੱਧੂ ਗੁਰਦਵਾਰੇ ਦੇ ਬਾਹਰ ਕੁਲਦੀਪ ਸਿੰਘ ਸੋਢੀ ਨੂੰ ਤਲਾਸ਼ਣ ਚਲੇ ਗਿਆ। ਸਿੱਧੂ ਮੁਤਾਬਿਕ ਉਹ ਕੁਲਦੀਪ ਸਿੰਘ ਸੋਢੀ ਨੂੰ ਮਾਰਚ 1979 ਵਿੱਚ ਟੋਰਾਂਟੋ ਦੇ ਇੱਕ ਹੋਟਲ ਵਿੱਚ ਇੱਕ ਸਿੱਖ ਕਾਨਫਰੰਸ ਵਿੱਚ ਮਿਲਿਆ ਸੀ। ਨਿਯੂ ਯਾਰਕ ਗੁਰਦਵਾਰੇ ਦੇ ਬਾਹਰ ਸੋਢੀ ਨੇ ਸਿੱਧੂ ਨੂੰ ਝੱਟ ਪਹਿਚਾਣ ਲਿਆ ਅਤੇ ਸਿੱਧੂ ਨੇ ਇੱਕ ਪਾਸੇ ਕਰਕੇ ਸੋਢੀ ਤੋਂ ਪਹਿਲਾਂ ਹੋਈ ਤਲਖਕਲਾਮੀ ਦੇ ਕਾਰਨ ਬਾਰੇ ਪੁੱਛਿਆ। ਸੋਢੀ ਨੇ ਕਿਹਾ, ਕੀ ਦੱਸਾਂ? ਸਾਡੇ ਗਰੁੱਪ ਵਿੱਚ ਟੋਰਾਂਟੋ ਤੋਂ ਆਏ ਇੱਕ ਸਿੱਖ ਕੋਲ ਪਸਤੌਲ ਸੀ ਅਤੇ ਉਹ ਗਾਂਧੀ ਨੂੰ ਗੁਰਦਵਾਰੇ ਵਿੱਚ ਮਾਰਨਾ ਚਾਹੁੰਦਾ ਸੀ। ਸੋਢੀ ਅਤੇ ਦੂਜੇ ਸੱਜਣ ਉਸ ਨੂੰ ਗੁਰਦਵਾਰੇ ਅੰਦਰ ਵੜਨੋ ਰੋਕ ਰਹੇ ਸਨ। ਸੋਢੀ, ਅਜਿਹਾ ਕੁਝ ਕੈਨੇਡਾ ਅਤੇ ਅਮਰੀਕਾ ਵਿੱਚ ਨਹੀਂ ਸੀ ਵਾਪਰਨ ਦੇਣਾ ਚਾਹੁੰਦਾ ਕਿਉਂਕਿ ਇਸ ਨਾਲ ਖਾਲਿਸਤਾਨੀਆਂ ਉੱਤੇ ਸ਼ਿਕੰਜਾ ਕੱਸਿਆ ਜਾਣਾ ਸੀ। ਸੋਢੀ ਨੇ ਗੰਨਮੈਨ ਦਾ ਨਾਮ ਨਹੀਂ ਦੱਸਿਆ ਪਰ ਇਹ ਕਿਹਾ ਕਿ ਉਹ ਟੋਰਾਂਟੋ ਤੋਂ ਆਇਆ ਸੀ। ਸੋਢੀ ਨੂੰ ਇਸ ਬੰਦੇ ਦੀ ਪਲਾਨ ਦਾ ਮਹੀਨਾ ਕੁ ਪਹਿਲਾਂ ਪਤਾ ਲੱਗਾ ਸੀ ਅਤੇ ਤਦ ਤੋਂ ਸੋਢੀ ਉਸ ਉੱਤੇ ਨਜ਼ਰ ਰੱਖ ਰਿਹਾ ਸੀ।
ਸਿੱਧੂ ਨੇ ਲਿਖਿਆ ਹੈ ਕਿ ਇਸ ਜਾਣਕਾਰੀ ਦੀ ਸੰਵੇਦਨਾਸ਼ੀਲਤਾ ਦਾ ਅਨੁਭਵ ਕਰਦਿਆਂ ਸਿੱਧੂ ਨੇ ਕੁਲਦੀਪ ਸਿੰਘ ਸੋਢੀ ਨੂੰ ਦੁਪਹਿਰ ਦੇ ਖਾਣੇ (ਲੰਚ) ਮੌਕੇ ਮਿਲਣ ਦੀ ਆਫਰ ਕੀਤੀ। ਗੁਰਦਵਾਰੇ ਅੰਦਰ ਆਈਬੀ ਦੇ ਡਿਪਟੀ ਐੱਸ. ਡੀ. ਤਰਵੇਦੀ ਵਲੋਂ ਮਾਰੇ ਨਹੋਰੇ ਦਾ ਜਵਾਬ ਦੇਣ ਲਈ ਸਿੱਧੂ ਨੇ ਸੋਢੀ ਨੂੰ ਇਹ ਵੀ ਦੱਸਿਆ ਕਿ ਲੰਚ ਮੌਕੇ ਉਸ ਨੂੰ ਕੁਝ ਅਹਿਮ ਬੰਦਿਆਂ ਨਾਲ ਮਿਲਾਇਆ ਜਾਵੇਗਾ। ਸੋਢੀ ਨੇ ਲੰਚ ਦੀ ਆਫਰ ਪ੍ਰਵਾਨ ਕਰ ਲਈ ਅਤੇ ਸਿੱਧੂ ਨੇ ਨਿਊ ਯਾਰਕ ਵਿੱਚ ਭਾਰਤੀ ਮਿਸ਼ਨ ਦੇ ਨਜ਼ਦੀਕ ਇੱਕ ਚਾਈਨੀਜ਼ ਰੈਸਟੋਰੈਂਟ ਵਿੱਚ ਪੰਜ ਬੰਦਿਆਂ ਲਈ ਇੱਕ ਟੇਬਲ ਬੁੱਕ ਕਰਵਾ ਲਿਆ।
ਸਿੱਧੂ ਨੇ ਆਈਬੀ ਦੇ ਅਫਸਰ ਸੁਭਾਸ਼ ਟੰਡਨ ਨਾਲ ਫੋਨ ਉੱਤੇ ਸੰਪਰਕ ਕਰਕੇ ਉਸ ਨੂੰ ਇੱਕ ਅਜਿਹੇ ਬੰਦੇ ਨਾਲ ਮੁਲਾਕਾਤ ਕਰਵਾਉਣ ਦੀ ਆਫਰ ਕੀਤੀ ਜੋ ਮਿਸਜ਼ ਗਾਂਧੀ ਦੀ ਜ਼ਿੰਦਗੀ ਨੂੰ ਖ਼ਤਰੇ ਬਾਰੇ ਜਾਣਕਾਰੀ ਰੱਖਦਾ ਸੀ। ਟੰਡਨ ਲੰਚ ਲਈ ਵਿਹਲਾ ਨਹੀਂ ਸੀ ਅਤੇ ਉਸ ਨੇ ਆਈਬੀ ਦੇ ਦੋ ਅਫਸਰ ਤਰਵੇਦੀ ਅਤੇ ਸਹਿਗਲ ਨੂੰ ਲੰਚ ਲਈ ਰੈਸਟੋਰੈਂਟ ਭੇਜ ਦਿੱਤਾ। ਰੈਸਟੋਰੈਂਟ ਜਾਂਦਿਆਂ ਸਿੱਧੂ ਨੇ ਸੋਢੀ ਨੂੰ ਦੱਸਿਆ ਕਿ ਉਸ ਦੀ ਦੋ ਸੀਨੀਅਰ ਆਈਬੀ ਅਫਸਰਾਂ ਨਾਲ ਮੁਲਾਕਾਤ ਕਰਵਾਈ ਜਾਵੇਗੀ ਜੋ ਮਿਸਜ਼ ਗਾਂਧੀ ਦੀ ਸਕਿਉਰਟੀ ਦਾ ਹਿੱਸਾ ਹਨ ਅਤੇ ਉਹ ਰਿਚਮੰਡ ਹਿੱਲ ਗੁਰਦਵਾਰੇ ਵੀ ਡਿਊਟੀ ਉੱਤੇ ਸਨ। ਜ਼ਾਹਰ ਹੈ ਕਿ ਸੋਢੀ ਅਤੇ ਸਿੱਧੂ ਰੈਸਟੋਰੈਂਟ ਨੂੰ ਇਕੱਠੇ ਗਏ ਸਨ ਅਤੇ ਇਸ ਦੌਰਾਨ ਦੋਵਾਂ ਵਿਚਕਾਰ ਹੋਰ ਬਹੁਤ ਵਿਚਾਰਿਆ ਗਿਆ ਹੋਵੇਗਾ। ਰੈਸਟੋਰੈਂਟ ਵਿੱਚ ਜਦ ਸਿੱਧੂ ਨੇ ਤਰਵੇਦੀ ਅਤੇ ਸਿਹਗਲ ਨਾਲ ਸੋਢੀ ਦੀ ਮੁਲਾਕਾਤ ਕਰਵਾਈ ਤਾਂ ਉਹ ਸੋਢੀ ਦੇ ਨਾਮ ਅਤੇ ਉਸ ਦੇ ਖਾਲਿਸਤਾਨੀ ਰੁਤਬੇ ਬਾਰੇ ਜਾਣਦੇ ਸਨ। ਸਿੱਧੂ ਮੁਤਾਬਿਕ ਸ਼ਕਲ ਸੂਰਤ ਤੋਂ ਸੋਢੀ ਖਾਲਿਸਤਾਨ ਪੱਖੀ ਨਹੀਂ ਸੀ ਜਾਪਦਾ। ਆਈਬੀ ਦੇ ਅਫਸਰ ਤਰਵੇਦੀ ਵੱਲ ਇਸ਼ਾਰਾ ਕਰਦਿਆਂ ਸਿੱਧੂ ਨੇ ਸੋਢੀ ਨੂੰ ਕਿਹਾ ਕਿ ਇਹ ਬੰਦਾ ਅੱਜ ਸਵੇਰੇ ਰਿਚਮੰਡ ਹਿੱਲ ਗੁਰਦਵਾਰੇ ਵਾਪਰੀ ਘਟਨਾ ’ਤੇ ਜਕੀਨ ਨਹੀਂ ਕਰਦਾ। ਸਿੱਧੂ ਨੇ ਸੋਢੀ ਨੂੰ ਉਹ ਜਾਣਕਾਰੀ ਸਾਂਝੀ ਕਰਨ ਲਈ ਆਖਿਆ ਜੋ ਉਸ ਨੇ ਰਿਚਮੰਡ ਹਿੱਲ ਗੁਰਦਵਾਰੇ ਸਿੱਧੂ ਨਾਲ ਕੀਤੀ ਸੀ। ਸਭ ਨੇ ਸੋਢੀ ਦੀ ਗੱਲ ਬਹੁਤ ਧਿਆਨ ਨਾਲ ਸੁਣੀ ਅਤੇ ਕਿਸੇ ਨੇ ਵੀ ਕੋਈ ਸਵਾਲ ਨਹੀਂ ਕੀਤਾ।
ਲੰਚ ਪਿੱਛੋਂ ਸਿੱਧੂ ਨੇ ਟੈਕਸੀ ਕੈਬ ਰਾਹੀਂ ਸੋਢੀ ਨੂੰ ਨਿਊ ਯਾਰਕ ਦੇ ਲਾਗਰਡੀਆ ਏਅਰਪੋਰਟ ਛੱਡ ਦਿੱਤਾ ਤਾਂਕਿ ਉਹ ਟੋਰਾਂਟੋ ਦੀ ਫਲਾਈਟ ਫੜ ਸਕੇ। ਏਅਰਪੋਰਟ ਜਾਂਦਿਆਂ ਰਸਤੇ ਵਿੱਚ ਜਦ ਸਿੱਧੂ ਨੇ ਸੋਢੀ ਤੋਂ ਪੁੱਛਿਆ ਕਿ ਵਪਾਰ ਕਿਵੇਂ ਚੱਲ ਰਿਹਾ ਹੈ ਤਾਂ ਸੋਢੀ ਨੇ ਕਿਹਾ ਮਿਸਜ਼ ਗਾਂਧੀ ਦਾ ਧੰਨਵਾਦ ਹੈ ਜਿਸ ਨੇ ਪੰਜਾਬ ਸਮੱਸਿਆ ਨੂੰ ਇੰਨਾ ਉਲਝਾ ਲਿਆ ਹੈ ਕਿ ਹੁਣ ਵਿਦੇਸ਼ੀ ਸਿੱਖ ਸੋਢੀ ਦੇ ਸੰਗਠਨ (ਕੌਂਸਲ ਆਫ ਖਾਲਿਸਤਾਨ) ਵਲੋਂ ਕੀਤੇ ਜਾਂਦੇ ਪ੍ਰਚਾਰ ਉੱਤੇ ਵਿਸ਼ਵਾਸ ਕਰਨ ਲੱਗ ਪਏ ਹਨ। ਸੋਢੀ ਦੇ ਕਥਨ ਵਿੱਚ ਸ਼ਰਾਰਤ ਸੀ ਅਤੇ ਸੋਢੀ ਨੇ ਉਸ ਵਲੋਂ ਮਿਸਜ਼ ਗਾਂਧੀ ਨੂੰ ਖਾਸ ਧੰਨਵਾਦ ਭੇਜਣ ਲਈ ਆਖਿਆ।
ਕਿਤਾਬ ‘ਦਾ ਖਾਲਿਸਤਾਨ ਕੰਸਪਰੇਸੀ’ ਦੇ ਸਫਾ 120 ’ਤੇ ਸਿੱਧੂ ਲਿਖਦੇ ਹਨ ਕਿ ਸਤੰਬਰ 1983 ਦੇ ਅੱਧ ਵਿੱਚ ਮੌਕੇ ਦੇ ਰਾਅ ਮੁਖੀ ਗਰੀਸ਼ (ਗੈਰੀ) ਸਕਸੈਨਾ ਨੇ ਉਸ ਨੂੰ ਫੋਨ ਕਰਕੇ ਦੱਸਿਆ ਕਿ ਪ੍ਰਧਾਨ ਮੰਤਰੀ ਮਿਸਜ਼ ਗਾਂਧੀ 26 ਸਤੰਬਰ 1983 ਤੋਂ 2 ਅਕਤੂਬਰ ਤਕ ਨਿਊ ਯਾਰਕ ਜਾ ਰਹੇ ਹਨ ਜਿੱਥੇ ਗਾਂਧੀ ਨੇ ਸੰਯੁਕਤ ਰਾਸ਼ਟਰ ਦੀ ਜਨਰਲ ਅਸੰਬਲੀ ਨੂੰ ਸੰਬੋਧਨ ਕਰਨਾ ਹੈ। ਸਕਸੈਨਾ ਨੇ ਕਿਹਾ ਕਿ ਕੈਨੇਡਾ ਅਤੇ ਅਮਰੀਕਾ ਵਿੱਚ ਹਾਲਤ ਖਰਾਬ ਹੋ ਗਈ ਹੈ ਅਤੇ ਅੱਤਵਾਦੀਆਂ ਤੋਂ ਗਾਂਧੀ ਦੀ ਜ਼ਿੰਦਗੀ ਨੂੰ ਖ਼ਤਰਾ ਵਧ ਗਿਆ ਹੈ। ਸਕਸੈਨਾ ਨੇ ਕਿਹਾ ਕਿ ਮਿਸਜ਼ ਗਾਂਧੀ ਦੀ ਸੁਰੱਖਿਆ ਜ਼ਰੂਰੀ ਹੈ ਅਤੇ ਹੋ ਸਕੇ ਤਾਂ ਸੰਭਵ ਬਣਾਇਆ ਜਾਵੇ ਕਿ ਮਿਸਜ਼ ਗਾਂਧੀ ਖਿਲਾਫ ਯੂਐਨ ਸਾਹਮਣੇ ਕੋਈ ਰੋਸ ਪ੍ਰਦਰਸ਼ਨ ਨਾ ਹੋਵੇ। ਅਗਰ ਹੋਵੇ ਤਾਂ ਬਹੁਤ ‘ਲੋਅ-ਕੀ’ (ਹਲਕਾ) ਹੋਵੇ। ਸਿੱਧੂ ਨੇ ਗੈਰੀ ਸਕਸੈਨਾ ਨੂੰ ਕਿਹਾ ਕਿ ਇਸ ਬਾਰੇ ਉਹ ਕੋਈ ਗਰੰਟੀ ਨਹੀਂ ਦੇ ਸਕਦਾ ਅਤੇ ਵਿਭਾਗ ਵਿੱਚ ਸਿੱਧੂ ਦੀ ਮਜੂਦਾ ਜ਼ਿੰਮੇਵਾਰੀ ਵੀ ਵੱਖਰੀ ਹੈ। ਪਰ ਸਕੈਸਨਾ ਨਾਲ ਚੰਗੇ ਸਬੰਧਾਂ ਕਾਰਨ ਸਿੱਧੂ ਨੇ ਅਮਰੀਕਾ ਜਾਣਾ ਪ੍ਰਵਾਨ ਕਰ ਲਿਆ ਅਤੇ ਪਿੱਛੋਂ ਸਾਰਾ ਪ੍ਰੋਗਰਾਮ ਵੀ ਸਾਂਝਾ ਕੀਤਾ।
ਸਿੱਧੂ 21 ਸਤੰਬਰ 1983 ਨੂੰ ਔਟਵਾ ਪੁੱਜ ਗਿਆ ਅਤੇ ਮੌਕੇ ਦੇ ਭਾਰਤੀ ਹਾਈ ਕਮਿਸ਼ਨਰ ਅਤੇ ਤਾਇਨਾਤ ਰਾਅ ਅਫਸਰ ਨੂੰ ਮਿਲਿਆ ਤੇ ਸਥਿਤੀ ਬਾਰੇ ਵਿਚਾਰ ਵਟਾਂਦਰਾ ਕੀਤਾ। ਦੋਵੇਂ ਸਮਝਦੇ ਸਨ ਕਿ ਖਾਲਿਸਤਾਨੀ ਗਤੀਵਿਧੀਆਂ ਵਧ ਗਈਆਂ ਹਨ ਪਰ ਉਹਨਾਂ ਨੂੰ ਮਿਸਜ਼ ਗਾਂਧੀ ਦੀ ਜਾਨ ਨੂੰ ਕਿਸੇ ਖ਼ਤਰੇ ਦੀ ਜਾਣਕਾਰੀ ਨਹੀਂ ਸੀ ਅਤੇ ਸਮਝਦੇ ਸਨ ਕਿ ਕੈਨੇਡਾ ਅਤੇ ਅਮਰੀਕਾ ਦੇ ਵੱਖਵਾਦੀ ਸਿੱਖ ਨਿਊ ਯਾਰਕ ਵਿੱਚ ਰੋਸ ਪ੍ਰਦਰਸ਼ਨ ਕਰਨਗੇ। ਸਿੱਧੂ ਨੇ ਕੈਨੇਡਾ ਅਤੇ ਅਮਰੀਕਾ ਵਿੱਚ ਕਈ ਜਾਣਕਾਰਾਂ ਨਾਲ ਫੋਨ ਉੱਤੇ ਸੰਪਰਕ ਕਰਕੇ ਖਾਲਿਸਤਾਨੀ ਗਤੀਵਿਧੀਆਂ ਬਾਰੇ ਜਾਣਕਾਰੀ ਹਾਸਲ ਕੀਤੀ। ਸਿੱਧੂ ਨੇ ਟੋਰਾਂਟੋ ਵਿੱਚ ਕੁਲਦੀਪ ਸਿੰਘ ਸੋਢੀ ਅਤੇ ਕੁਝ ਹੋਰ ਜਾਣਕਾਰਾਂ ਨੂੰ ਮਿਲਣਾ ਵੀ ਜ਼ਰੂਰੀ ਸਮਝਿਆ ਅਤੇ 24 ਸਤੰਬਰ ਨੂੰ ਔਟਵਾ ਤੋਂ ਟੋਰਾਂਟੋ ਆ ਗਿਆ। ਟੋਰਾਂਟੋ ਪੁੱਜ ਕੇ ਜਦ ਸਿੱਧੂ ਨੇ ਸੋਢੀ ਨੂੰ ਇੱਕ ਰੈਸਟੋਰੈਂਟ ਵਿੱਚ ਮਿਲਣ ਲਈ ਫੋਨ ਕੀਤਾ ਤਾਂ ਸੋਢੀ ਨਿੱਜੀ ਤੌਰ ’ਤੇ ਮਿਲਣ ਤੋਂ ਇਹ ਆਖ ਕੇ ਇਨਕਾਰ ਕਰ ਗਿਆ ਕਿ ਉਸ ਦੀ ਸਿਹਤ ਠੀਕ ਨਹੀਂ ਹੈ। ਸਿੱਧੂ ਨੂੰ ਵਿਸ਼ਵਾਸ ਹੋ ਗਿਆ ਕਿ ਸੋਢੀ ਨੂੰ ਲੰਦਨ ਵਿੱਚ ਬੈਠੇ ਉਸ ਦੇ ਬੌਸ ਤੋਂ ਗਰੀਨ ਲਾਈਟ ਨਹੀਂ ਮਿਲੀ ਜਿਸਦਾ ਕਾਰਨ 1982 ਵਿੱਚ ਨਿਊ ਯਾਰਕ ਦੇ ਰਿਚਮੰਡ ਹਿੱਲ ਗੁਰਦਵਾਰੇ ਸੋਢੀ ਵਲੋਂ ਉਸ ਨਾਲ ਕੀਤੀ ਮੁਲਾਕਾਤ ਹੋ ਸਕਦੀ ਹੈ। ਹੋ ਸਕਦਾ ਹੈ ਕਿ ਸੋਢੀ ਔਟਵਾ ਵਿੱਚ ਮਜੂਦਾ ਰਾਅ ਅਫਸਰ ਦੇ ਸੰਪਰਕ ਵਿੱਚ ਹੋਵੇ ਜਿਸ ਨੇ ਸੋਢੀ ਨੂੰ ਸਿੱਧੂ ਨਾਲ ਮਿਲਣ ਦੀ ਆਗਿਆ ਨਾ ਦਿੱਤੀ ਹੋਵੇ ਜੋ ਅਕਸਰ ਅਜਿਹੇ ਕੇਸਾਂ ਵਿੱਚ ਹੁੰਦਾ ਹੈ।
ਚੰਗੀ ਗੱਲ ਇਹ ਸੀ ਕਿ ਸੋਢੀ ਫੋਨ ’ਤੇ ਸਿੱਧੂ ਨਾਲ ਹੋਰ ਗੱਲ ਕਰਨ ਲਈ ਤਿਆਰ ਸੀ। ਸੋਢੀ ਨੇ ਦੱਸਿਆ ਕਿ ਉਸ ਦੀ ਜਾਣਕਾਰੀ ਮੁਤਾਬਿਕ ਮਿਸਜ਼ ਗਾਂਧੀ ਦੀ ਜ਼ਿੰਗਦੀ ਨੂੰ ਕੋਈ ਖ਼ਤਰਾ ਨਹੀਂ ਹੈ ਪਰ ਸਿੱਖ ਯੂਐਨ ਸਾਹਮਣੇ 28 ਸਤੰਬਰ ਨੂੰ ਰੋਸ ਪ੍ਰਦਰਸ਼ਨ ਜ਼ਰੂਰ ਕਰਨਗੇ ਅਤੇ ਇਸ ਲਈ ਟੋਰਾਂਟੋ ਤੋਂ 2-3 ਬੱਸਾਂ ਜਾਣਗੀਆਂ। ਸੋਢੀ ਨੇ ਦੱਸਿਆ ਕਿ ਉਹ ਅਜੇ ਇਹ ਨਹੀਂ ਜਾਣਦਾ ਕਿ ਉਹ ਇਸ ਰੋਸ ਪ੍ਰਦਰਸ਼ਨ ਲਈ ਨਿਊ ਯਾਰਕ ਜਾਵੇਗਾ ਜਾਂ ਨਹੀਂ?
ਸਿੱਧੂ 25 ਸਤੰਬਰ ਨੂੰ ਟੋਰਾਂਟੋ ਤੋਂ ਨਿਊ ਯਾਰਕ ਪੁੱਜ ਗਿਆ ਅਤੇ ਹੋਟਲ ਵਿੱਚ ਕਮਰਾ ਬੁੱਕ ਕਰਵਾ ਲਿਆ। ਸਿੱਧੂ ਨੇ ਅਮਰੀਕਾ ਵਿੱਚ ਕਈ ਜਾਣਕਾਰਾਂ ਨਾਲ ਫੋਨ ਰਾਹੀਂ ਗੱਲਬਾਤ ਕੀਤੀ ਅਤੇ 27 ਸਤੰਬਰ ਨੂੰ ਨਿਊ ਯਾਰਕ ਸਥਿਤ ਭਾਰਤੀ ਕੌਂਸਲਖਾਨੇ ਵੀ ਗਿਆ। ਮਿਸਜ਼ ਗਾਂਧੀ ਦੀ ਫੇਰੀ ਮੌਕੇ ਉਹ ਉਸ ਦੇ ਹੋਟਲ ਦੀ ਲਾਬੀ ਦੇ ਆਸਪਾਸ ਨਿਗਾਹ ਰੱਖਦਾ ਰਿਹਾ ਅਤੇ 28 ਸਤੰਬਰ ਨੂੰ ਯੂਐੱਨ ਪਹੁੰਚ ਗਿਆ ਜਿੱਥੇ ਮਿਸਜ਼ ਗਾਂਧੀ ਨੇ ਭਾਸ਼ਣ ਦੇਣਾ ਸੀ। ਅੰਦਰ ਦੀ ਸਥਿਤੀ ਵੇਖਣ ਪਿੱਛੋਂ ਉਹ ਬਾਹਰ ਆ ਗਿਆ ਜਿੱਥੇ ਮਿਸਜ਼ ਗਾਂਧੀ ਖਿਲਾਫ਼ ਰੋਸ ਪ੍ਰਦਰਸ਼ਨ ਹੋਣਾ ਸੀ। ਸਿੱਧੂ ਨੇ ਯੂਐੱਨ ਬਿਲਡਿੰਗ ਦੇ ਬਾਹਰ ਸੜਕ ’ਤੇ ਦੋ ਸਿੱਖਾਂ ਨਾਲ ਭਰੀਆਂ ਬੱਸਾਂ ਪਾਰਕ ਕੀਤੀਆਂ ਵੇਖੀਆਂ ਜਿਹਨਾਂ ਉੱਤੇ ਕੈਨੇਡਾ ਦੀ ਨੰਬਰ ਪਲੇਟਾਂ ਸਨ। ਮਿਸਜ਼ ਗਾਂਧੀ ਦੇ ਯੂਐੱਨ ਪੁੱਜਣ ਵਿੱਚ ਅਜੇ ਕੁਝ ਸਮਾਂ ਬਾਕੀ ਸੀ ਅਤੇ ਸਿੱਧੂ ਇਹਨਾਂ ਬੱਸਾਂ ਰਾਹੀਂ ਆਏ ਸਿੱਖਾਂ ਨੂੰ ਮਿਲਣ ਚਲੇ ਗਏ। ਇਹਨਾਂ ਵਿੱਚ ਕੁਲਦੀਪ ਸਿੰਘ ਸੋਢੀ ਨਹੀਂ ਸੀ ਜਿਸ ਨੇ ਟੋਰਾਂਟੋ ਵਿੱਚ ਫੋਨ ਗੱਲਬਾਤ ਦੌਰਾਨ ਇਸ ਰੋਸ ਪ੍ਰਦਰਸ਼ਨ ਲਈ ਟੋਰਾਂਟੋ ਤੋਂ 2-3 ਬੱਸਾਂ ਜਾਣ ਦੀ ਗੱਲ ਦੱਸੀ ਸੀ।
ਸਿੱਧੂ ਨੇ ਰੋਸਕਾਰੀ ਸਿੱਖਾਂ ਕੋਲ ਜਾ ਕੇ ਦੱਸਿਆ ਕਿ ਉਹ ਆਟਵਾ ਵਿੱਚ ਭਾਰਤੀ ਅੰਬੈਸੀ ਵਿੱਚ ਫਸਟ ਸੈਕਟਰੀ ਰਿਹਾ ਹੈ ਅਤੇ ਹੁਣ ਮਿਸਜ਼ ਗਾਂਧੀ ਦੇ ਡੈਲੀਗੇਸ਼ਨ ਦਾ ਹਿੱਸਾ ਹੈ ਤੇ ਉਹਨਾਂ ਨੂੰ ਮਿਲਣ ਲਈ ਹੀ ਬਾਹਰ ਆਇਆ ਹੈ। ਸਿੱਧੂ ਨੇ ਰੋਸਕਾਰੀਆਂ ਨੂੰ ਕਿਹਾ ਕਿ ਉਹ ਨਿਊ ਯਾਰਕ ਵਿੱਚ ਹਨ ਜਿੱਥੇ ਸਿੱਖ ਹੋਣ ਕਾਰਨ ਉਹਨਾਂ ਦੀ ਹਰ ਹਰਕਤ ਨੋਟਿਸ ਕੀਤੀ ਜਾਵੇਗੀ ਜਿਸਦਾ ਪ੍ਰਭਾਵ ਸਿੱਖ ਭਾਈਚਾਰੇ ਦੀ ਪ੍ਰਤਿਭਾ ਉੱਤੇ ਪਵੇਗਾ। ਉਹਨਾਂ ਨੂੰ ਬੁਰੀ ਭਾਸ਼ਾ ਨਹੀਂ ਵਰਤਣੀ ਚਾਹੀਦੀ ਅਤੇ ਇੱਕ ਔਰਤ ਨੂੰ ਜਨਤਕ ਤੌਰ ’ਤੇ ਜ਼ਲੀਲ ਕਰਨ ਵਾਲੇ ਸ਼ਬਦ ਨਹੀਂ ਵਰਤਣੇ ਚਾਹੀਦੇ ਭਾਵੇਂ ਉਹ ਪ੍ਰਧਾਨ ਮੰਤਰੀ ਹੈ ਜਿਸ ਖਿਲਾਫ਼ ਉਹ ਰੋਸ ਪ੍ਰਦਰਸ਼ਨ ਕਰਨ ਆਏ ਹਨ।
ਕੁਝ ਅੜੀ ਪਿੱਛੋਂ ਉਹਨਾਂ ਮੰਨ ਲਿਆ ਕਿ ਉਹ ਗਾਲੀ-ਗਲੋਚ ਵਾਲੀ ਭਾਸ਼ਾ ਨਹੀਂ ਵਰਤਣਗੇ। ਇਸ ਪਿੱਛੋਂ ਉਹ ਯੂਐੱਨ ਬਿਲਡਿੰਗ ਦੇ ਅੰਦਰ ਚਲੇ ਗਿਆ ਜਿੱਥੇ ਗਾਂਧੀ ਨੇ ਭਾਸ਼ਣ ਦੇਣਾ ਸੀ। ਇਸ ਪਿੱਛੋਂ ਸਿੱਧੂ ਨੂੰ ਪਤਾ ਲੱਗਾ ਕਿ ਰੋਸਕਾਰੀਆਂ ਨੇ ਬੁਰੀ ਭਾਸ਼ਾ ਵਰਤਣ ਤੋਂ ਗੁਰੇਜ਼ ਕਰਕੇ ਆਪਣਾ ਵਾਅਦਾ ਪੂਰਾ ਕਰ ਦਿੱਤਾ ਸੀ। ਭਾਰਤ ਪਰਤਣ ਸਮੇਂ ਜਹਾਜ਼ ਵਿੱਚ ਬੈਠਾ ਸਿੱਧੂ ਸੋਚ ਰਿਹਾ ਸੀ ਕਿ ਦੋਸਤਾਨਾ ਅੰਦਾਜ਼ ਅਤੇ ਸਾਦੀ ਭਾਸ਼ਾ ਵਿੱਚ ਰੋਸਕਾਰੀਆਂ ਨਾਲ ਗੱਲ ਕਰਨੀ ਕਿੰਨੀ ਅਸਰਦਾਰ ਰਹੀ ਸੀ।
ਪੰਜਾਬ ਦਾ ਸਾਬਕਾ ਮੰਤਰੀ ਡਾ. ਜਗਜੀਤ ਸਿੰਘ ਚੌਹਾਨ 1971 ਵਿੱਚ ਇੰਗਲੈਂਡ ਚਲੇ ਗਿਆ ਜਿੱਥੋਂ ਉਹ ਪਾਕਿਸਤਾਨ ਅਤੇ ਅਮਰੀਕਾ ਵੀ ਗਿਆ ਤੇ ਅਜ਼ਾਦ ਸਿੱਖ ਰਾਜ ਦਾ ਪ੍ਰਚਾਰ ਕਰਦਾ ਰਿਹਾ। 1977 ਵਿੱਚ ਡਿਸਾਈ ਦੀ ਸਰਕਾਰ ਬਣਨ ਪਿੱਛੋਂ ਉਹ ਭਾਰਤ ਪਰਤ ਗਿਆ ਪਰ 1979 ਵਿੱਚ ਵਾਪਸ ਲੰਦਨ ਚਲੇ ਗਿਆ। 13 ਜੂਨ 1984 ਨੂੰ ਲੰਦਨ ਵਿੱਚ ਖਾਲਿਸਤਾਨ ਦੀ ਜ਼ਲਾਵਤਨ ਸਰਕਾਰ ਬਣਾਉਣ ਵਾਲੇ ਜਗਜੀਤ ਸਿੰਘ ਚੌਹਾਨ ਨੂੰ ਰਾਜੀਵ ਗਾਂਧੀ ਦੀ ਸਰਕਾਰ ਨੇ 1989 ਵਿੱਚ ਭਾਰਤ ਆਉਣ ਦੇ ਦਿੱਤਾ ਸੀ। ਭਾਰਤ ਫੇਰੀ ਦੌਰਾਨ ਆਨੰਦਪੁਰ ਸਾਹਿਬ ਵਿੱਚ ਖਾਲਿਸਤਾਨ ਦਾ ਝੰਡਾ ਝੁਲਾਉਣ ਪਿੱਛੋਂ ਚੌਹਾਨ ਬਿਨਾਂ ਕਿਸੇ ਰੋਕ ਦੇ ਬਰਤਾਨੀਆਂ ਵਾਪਸ ਪਰਤ ਗਿਆ। 1971 ਤੋਂ 1989 ਤਕ ਉਸ ਕੋਲ ਭਾਰਤੀ ਪਾਸਪੋਰਟ ਸੀ ਜਿਸ ਨੂੰ 24 ਅਪਰੈਲ 1989 ਨੂੰ ਰੱਦ ਕੀਤਾ ਗਿਆ ਸੀ। ਸਾਲ 2001 ਵਿੱਚ ਉਹ ਫਿਰ ਭਾਰਤ ਪਰਤ ਗਿਆ ਅਤੇ 4 ਅਪਰੈਲ 2007 ਨੂੰ ਉਸ ਦੀ ਮੌਤ ਹੋ ਗਈ।
ਸਿੱਧੂ ਨੇ ਕਿਤਾਬ ਦੇ ਸਫਾ 155 ’ਤੇ ਲਿਖਿਆ ਹੈ ਕਿ ਜਨਵਰੀ-ਫਰਵਰੀ 1984 ਵਿੱਚ ਰਾਅ ਦੇ ਚਾਰ ਉੱਚ ਅਫਸਰਾਂ ਨੇ ਲੰਦਨ ਅਤੇ ਯੂਰਿਕ ਦਾ ਦੌਰਾ ਕੀਤਾ ਸੀ ਅਤੇ ਡਾ. ਚੌਹਾਨ ਸਮੇਤ ਕਈ ਖਾਲਿਸਤਾਨੀ ਆਗੂਆਂ ਨਾਲ ਮੁਲਾਕਾਤਾਂ ਕੀਤੀਆਂ ਸਨ। ਇਹਨਾਂ ਮੁਲਾਕਾਤਾਂ ਨੂੰ ਪਰਦੇ ਨਾਲ ਰੀਕਾਰਡ ਵੀ ਕੀਤਾ ਗਿਆ ਸੀ। ਅਜਿਹਾ ਤਦ ਹੀ ਸੰਭਵ ਹੋ ਸਕਦਾ ਸੀ ਅਗਰ ਇਹ ਆਗੂ ਰਾਅ ਦੇ ਸੰਪਰਕ ਵਿੱਚ ਸਨ ਜਾਂ ਇਹਨਾਂ ਆਗੂਆਂ ਦੇ ਨਜ਼ਦੀਕੀ ਰਾਅ ਦੇ ਸੰਪਰਕ ਵਿੱਚ ਸਨ। ਜੀ. ਬੀ. ਐੱਸ. ਸਿੱਧੂ ਨੇ ਇਸ ਕਿਸਮ ਦੇ ਕਈ ਖੁਲਾਸੇ “ਦਾ ਖਾਲਿਸਤਾਨ ਕਾਂਸਪਰੇਸੀ” ਵਿੱਚ ਕੀਤੇ ਹਨ ਅਤੇ ਇਹ ਕਿਤਾਬ ਪੜ੍ਹਨਯੋਗ ਹੈ।
**
ਜਦ ਔਟਵਾ ਵਿੱਚ ਤਾਇਨਾਤ ‘ਰਾਅ ਅਫਸਰ’ ਕਨੇਡੀਅਨ ਖੁਫੀਆ ਏਜੰਸੀ ਨਾਲ ਜਾ ਰਲਿਆ
ਭਾਰਤੀ ਖੁਫੀਆ ਏਜੰਸੀ ਰਾਅ ਦਾ ਅਫਸਰ ਜੀ. ਬੀ. ਐੱਸ. ਸਿੱਧੂ ਆਟਵਾ ਵਿੱਚ ਸਥਿਤ ਭਾਰਤੀ ਹਾਈ ਕਮਿਸ਼ਨ ਵਿੱਚ ਸਤੰਬਰ 1976 ਤੋਂ ਅਕਤੂਬਰ 1979 ਤਕ ਤਾਇਨਾਤ ਰਿਹਾ ਸੀ। ਸਿੱਧੂ ਨੇ ਰਾਅ ਵਿੱਚ 26 ਸਾਲ ਦੇ ਕਰੀਬ ਸਰਵਿਸ ਕੀਤੀ ਹੈ ਅਤੇ 1998 ਵਿੱਚ ਉਹ ਸਪੈਸ਼ਲ ਸੈਕਟਰੀ ਦੇ ਅਹੁਦੇ ਤੋਂ ਰੀਟਾਇਰ ਹੋਇਆ ਸੀ। ਸਿੱਧੂ ਦੀ ਲਿਖੀ ਕਿਤਾਬ “ਦਾ ਖਾਲਿਸਤਾਨ ਕਾਂਸਪਰੇਸੀ” 24 ਅਕਤੂਬਰ 2020 ਨੂੰ ਭਾਰਤ ਵਿੱਚ ਰੀਲੀਜ਼ ਕੀਤੀ ਗਈ ਹੈ ਜਿਸ ਵਿੱਚ ਉਸ ਨੇ ਕਈ ਖੁਲਾਸੇ ਕੀਤੇ ਹਨ।
1973 ਵਿੱਚ ਸਿੱਧੂ ਸਿਕਮ ਦੀ ਰਾਜਧਾਨੀ ਗੈਂਗਟੌਕ ਵਿੱਚ ਰਾਅ ਅਫਸਰ ਵਜੋਂ ਤਾਇਨਾਤ ਹੋਇਆ ਸੀ ਅਤੇ ਇਸ ਦੌਰਾਨ ਹੀ ਸਿਕਮ ਦਾ ਭਾਰਤ ਵਿੱਚ ਕਾਮਯਾਬ ਰਲੇਵਾਂ ਹੋਇਆ ਸੀ।
ਫਰਵਰੀ 1976 ਵਿੱਚ ਸਿੱਧੂ ਸਿਕਮ ਦੀ ਰਾਜਧਾਨੀ ਗੈਂਗਟੌਕ ਤੋਂ ਦਿੱਲੀ ਪਰਤ ਆਇਆ ਸੀ ਅਤੇ ਉਸ ਦੀ ਨਵੀਂ ਪੋਸਟਿੰਗ ਕੈਨੇਡਾ ਦੀ ਰਾਜਧਾਨੀ ਆਟਵਾ ਵਿੱਚ ਰਾਅ ਅਫਸਰ ਵਜੋਂ ਹੋ ਗਈ ਸੀ। ਆਟਵਾ ਹਾਈ ਕਮਿਸ਼ਨ ਵਿੱਚ ਉਸ ਨੂੰ ‘ਫਸਟ ਸੈਕਟਰੀ’ ਵਜੋਂ ਤਾਇਨਾਤ ਕੀਤਾ ਗਿਆ ਸੀ ਅਤੇ ਉਸ ਨੇ ਟਰਮ ਪੂਰੀ ਕਰ ਚੁੱਕੇ ‘ਫਸਟ ਸੈਕਟਰੀ’ ਸ਼ਮਸ਼ੇਰ ਸਿੰਘ ਦੀ ਥਾਂ ਲੈਣੀ ਸੀ। ਸ਼ਮਸ਼ੇਰ ਸਿੰਘ ਵੀ ਰਾਅ ਅਫਸਰ ਸੀ ਅਤੇ 1957 ਦੇ ਰਾਜਸਥਾਨ ਆਈਪੀਐਸ ਕੇਡਰ ਵਿੱਚੋਂ ਸੀ।
ਇਹ ਉਹ ਸਮਾਂ ਸੀ ਜਦ ਦੋ ਸੁਪਰ ਪਾਵਰਾਂ ਦੇ ਟਕਰਾਅ ਕਾਰਨ ਸੰਸਾਰ ਸੀਤ-ਯੁੱਧ ਦੀ ਗ੍ਰਿਫਤ ਵਿੱਚ ਸੀ। ਇੱਕ ਬਲੌਕ ਦੀ ਅਗਾਵਾਈ ਅਮਰੀਕਾ ਕਰ ਰਿਹਾ ਸੀ ਅਤੇ ਦੂਜੇ ਦੀ ਅਗਵਾਈ ਸੋਵੀਅਤ ਯੂਨੀਅਨ ਕਰ ਰਿਹਾ ਸੀ। ਕੈਨੇਡਾ ਅਮਰੀਕੀ ਬਲੌਕ ਦਾ ਪ੍ਰਮੁੱਖ ਮੈਂਬਰ ਸੀ ਜਦਕਿ ਭਾਰਤ ਦੀ ਸੋਵੀਅਤ ਯੂਨੀਅਨ ਨਾਲ ਚੋਖੀ ਨੇੜਤਾ ਸੀ ਜਿਸ ਤੋਂ ਕੈਨੇਡਾ ਸਮੇਤ ਅਮਰੀਕੀ ਬਲੌਕ ਦੇ ਦੇਸ਼ ਨਾਖੁਸ਼ ਸਨ। ਔਟਵਾ ਸਮੇਤ ਪੱਛਮੀ ਦੇਸ਼ਾਂ ਵਿੱਚ ਸਥਿਤ ਭਾਰਤੀ ਮਿਸ਼ਨਾਂ ਉੱਤੇ ਸਖ਼ਤ ਨਿਗਾਹ ਰੱਖੀ ਜਾਂਦੀ ਸੀ।
ਸਿੱਧੂ ਨੇ ਆਟਵਾ ਵਿੱਚ ਸ਼ਮਸ਼ੇਰ ਸਿੰਘ ਤੋਂ ਆਪਣੇ ਅਹੁਦੇ ਦਾ ਚਾਰਜ ਜੂਨ 1976 ਵਿੱਚ ਲੈਣਾ ਸੀ ਅਤੇ ਸ਼ਮਸ਼ੇਰ ਸਿੰਘ ਨੇ ਚਾਰਜ ਦੇਣ ਪਿੱਛੋਂ ਦਿੱਲੀ ਪਰਤ ਜਾਣਾ ਸੀ। ਸ਼ਮਸ਼ੇਰ ਸਿੰਘ ਨੇ ਦਿੱਲੀ ਪਰਤਣ ਦਾ ਸਮਾਂ ਅੱਗੇ ਪਾ ਦਿੱਤਾ ਸੀ ਅਤੇ ਇਸ ਲਈ ਮਾਂਟਰੀਅਲ ਵਿੱਚ 17 ਜੁਲਾਈ ਤੋਂ 1 ਅਗਸਤ 1976 ਤਕ ਹੋਣ ਵਾਲੀਆਂ ਓਲੰਪਿਕ ਖੇਡਾਂ ਵਿੱਚ ਆਪਣੇ ਆਪ ਲਈ ਇੱਕ ਮਾਮੂਲੀ ਰੋਲ ਦਾ ਬਹਾਨਾ ਬਣਾ ਲਿਆ ਸੀ। ਸਿੱਧੂ ਦਿੱਲੀ ਤੋਂ ਔਟਵਾ ਜਾਣ ਦੀ ਤਰੀਕ ਉਡੀਕ ਰਿਹਾ ਸੀ ਤਾਂਕਿ ਸ਼ਮਸ਼ੇਰ ਸਿੰਘ ਤੋਂ ਚਾਰਜ ਲੈ ਸਕੇ ਪਰ ਅਚਾਨਕ ਸ਼ਮਸ਼ੇਰ ਸਿੰਘ ਦਿੱਲੀ ਪੁੱਜ ਗਿਆ ਸੀ।
ਦਿੱਲੀ ਪੁੱਜਣ ਤੋਂ ਹਫ਼ਤੇ ਦੇ ਵਿੱਚ ਵਿੱਚ ਸ਼ਮਸ਼ੇਰ ਸਿੰਘ ਨੇ ਖੁਫੀਆ ਏਜੰਸੀ ਦੀ ਸਰਵਿਸ ਤੋਂ ਅਸਤੀਫ਼ਾ ਦਾਖ਼ਲ ਕਰ ਦਿੱਤਾ ਸੀ। ਸਰਵਿਸ ਤੋਂ ਅਸਤੀਫ਼ਾ ਦੇਣ ਨਾਲ ਉਸ ਨੇ ਪੈਨਸ਼ਨ ਦੀ ਪ੍ਰਵਾਹ ਨਹੀਂ ਸੀ ਕੀਤੀ ਜੋ ਘੱਟੋ ਘੱਟ 20 ਸਾਲ ਸਰਵਿਸ ਕਰਨ ਨਾਲ ਮਿਲਦੀ ਹੈ ਅਤੇ ਇੱਕ ਸਾਲ ਹੋਰ ਸਰਵਿਸ ਕਰਨ ਨਾਲ ਸ਼ਮਸ਼ੇਰ ਸਿੰਘ ਨੇ 20 ਦੀ ਸਰਵਿਸ ਪੂਰੀ ਕਰਨੀ ਸੀ। ਅਸਤੀਫੇ ਦੇ ਨਾਲ ਹੀ ਉਸ ਨੇ ਆਪਣਾ ਡਿਪਲੋਮੈਟਿਕ ਪਾਸਪੋਰਟ ਵੀ ਸੁਰੈਂਡਰ ਕਰ ਦਿੱਤਾ ਸੀ।
ਸਰਵਿਸ ਤੋਂ ਅਸਤੀਫਾ ਦੇਣ ਤੋਂ ਕੁਝ ਦਿਨ ਪਿੱਛੋਂ ਹੀ ਉਹ ਕੈਨੇਡਾ ਵਾਪਸ ਪਰਤ ਗਿਆ ਸੀ। ਸਰਕਾਰੀ ਵਿਭਾਗ ਹੈਰਾਨ ਸਨ ਕਿ ਉਸ ਨੇ ਕੈਨੇਡਾ ਪਰਤਣ ਲਈ ਕਿਸ ਪਾਸਪੋਰਟ ਦੀ ਵਰਤੋਂ ਕੀਤੀ ਹੋਵੇਗੀ ਕਿਉਂਕਿ ਉਹ ਆਪਣਾ ਡਿਪਲੋਮੈਟਿਕ ਪਾਸਪੋਰਟ ਸੁਰੈਂਡਰ ਕਰ ਚੁੱਕਾ ਸੀ। ਭਾਰਤ ਦੇ ਵਿਦੇਸ਼ ਵਿਭਾਗ ਨੇ ਤਫਤੀਸ਼ ਕਰਨ ਪਿੱਛੋਂ ਜਾਣਿਆ ਕਿ ਸ਼ਮਸ਼ੇਰ ਸਿੰਘ ਕੋਲ ਇੱਕ ਸਧਾਰਨ ਭਾਰਤੀ ਪਾਸਪੋਰਟ ਵੀ ਸੀ ਜਿਸ ਨੂੰ ਉਸ ਨੇ ਕੈਨੇਡਾ ਵਾਪਸ ਪਰਤਣ ਲਈ ਵਰਤਿਆ ਸੀ। ਇਹ ਪਾਸਪੋਰਟ ਉਸ ਨੇ ਔਟਵਾ ਹਾਈ ਕਮਿਸ਼ਨ ਤੋਂ ਕੁਝ ਮਹੀਨੇ ਪਹਿਲਾਂ ਭਾਰਤੀ ਹਾਈ ਕਮਿਸ਼ਨਰ ਓਮਾ ਸ਼ੰਕਰ ਬਾਜਪਾਈ ਦੀ ਸਹਿਮਤੀ ਨਾਲ ਪ੍ਰਾਪਤ ਕੀਤਾ ਸੀ। ਸ਼ਮਸ਼ੇਰ ਨੇ ਬਹਾਨਾ ਲਗਾਇਆ ਸੀ ਕਿ ਉਸ ਨੂੰ ਅਮਰੀਕਾ ਦੇ ਸ਼ਾਨ ਫਰਾਂਸਿਸਕੋ ਅਤੇ ਲਾਸ ਏਂਜਲਸ ਸ਼ਹਿਰਾਂ ਦੇ ਦੌਰੇ ਲਈ ਸਧਾਰਨ ਪਾਸਪੋਰਟ ਦੀ ਜ਼ਰੂਰਤ ਹੈ ਤਾਂਕਿ ਉਹ ਬਿਨਾਂ ਕਿਸੇ ਸ਼ੱਕ ਦੇ ਆਪਣੇ ਸੰਪਰਕਾਂ ਨਾਲ ਰਾਬਤਾ ਕਰ ਸਕੇ। ਹਾਈ ਕਮਿਸ਼ਨਰ ਬਾਜਪਾਈ ਨੂੰ ਨਹੀਂ ਸੀ ਪਤਾ ਕਿ ਸ਼ਮਸ਼ੇਰ ਸਿੰਘ ਕੀ ਪਲਾਨ ਬਣਾ ਚੁੱਕਾ ਸੀ। ਆਪਣਾ ਡਿਪਲੋਮੈਟਿਕ ਪਾਸਪੋਰਟ ਸੁਰੈਂਡਰ ਕਰਨ ਪਿੱਛੋਂ ਸ਼ਮਸ਼ੇਰ ਨੇ ਦਿੱਲੀ ਸਥਿਤ ਕਨੇਡੀਅਨ ਹਾਈ ਕਮਿਸ਼ਨ ਤੋਂ ਸਧਾਰਨ ਪਾਸਪੋਰਟ ’ਤੇ ਕਨੇਡੀਅਨ ਵੀਜ਼ਾ ਲਗਾ ਲਿਆ ਸੀ ਜਿਸ ਦੀ ਪਲੈਨਿੰਗ ਉਹ ਕੈਨੇਡਾ ਵਿੱਚ ਕਰਕੇ ਭਾਰਤ ਪਰਤਿਆ ਸੀ। ਉਸ ਦੀ ਸੀਟੀ ਕੈਨੇਡਾ ਦੀ ਖੁਫੀਆ ਏਜੰਸੀ ਆਰ ਸੀ ਐੱਮ ਪੀ ਨਾਲ ਰਲ ਗਈ ਸੀ। ਯਾਦ ਰਹੇ ਉਸ ਸਮੇਂ ਕੈਨੇਡਾ ਕੋਲ ਸੀਸਸ ਖੁਫੀਆ ਏਜੰਸੀ ਨਹੀਂ ਸੀ ਅਤੇ ਸਾਰਾ ਕੰਮ ਆਰ ਸੀ ਐੱਮ ਪੀ ਕੋਲ ਹੀ ਸੀ।
ਸਿੱਧੂ ਲਿਖਦਾ ਹੈ ਕਿ ਸ਼ਮਸ਼ੇਰ ਸਿੰਘ ਨੇ ਕੈਨੇਡਾ ਸੈਟਲ ਹੋਣ ਲਈ ਆਰ ਸੀ ਐੱਮ ਪੀ ਨੂੰ ਭਾਰਤੀ ਏਜੰਸੀ ਰਾਅ ਬਾਰੇ ਹਰ ਸੰਭਵ ਜਾਣਕਾਰੀ ਦਿੱਤੀ ਹੋਵੇਗੀ ਜਿਸ ਨਾਲ ਸਿੱਧੂ ਨੂੰ ਆਟਵਾ ਪੁੱਜਣ ਪਿੱਛੋਂ ਨਵੇਂ ਸੰਪਰਕ ਬਣਾਉਣੇ ਪਏ ਸਨ। ਜਦ ਸਿੱਧੂ ਮਾਂਟਰੀਅਲ ਦੇ ਮੀਰਾਬਿੱਲ ਇੰਟਰਨੈਸ਼ਨਲ ਏਅਰਪੋਰਟ ’ਤੇ ਪੁੱਜਾ ਤਾਂ ਕਨੇਡੀਅਨ ਇੰਮੀਗਰੇਸ਼ਨ ਵਿਭਾਗ ਨੇ ਉਸ ਕੋਲ ਡਿਪਲੋਮੈਟਿਕ ਪਾਸਪੋਰਟ ਹੋਣ ਦੇ ਬਾਵਜੂਦ ਉਸ ਤੋਂ ਗੈਰਵਾਜਿਬ ਪੁੱਛਗਿੱਛ ਕੀਤੀ ਸੀ। ਕਨੇਡੀਅਨ ਸ਼ਾਇਦ ਇਹ ਘੋਖਣਾ ਚਾਹੁੰਦੇ ਸਨ ਕਿ ਕੀ ਉਹ ਵੀ ਸ਼ਮਸ਼ੇਰ ਸਿੰਘ ਵਾਂਗ ਉਹਨਾਂ ਨਾਲ ਸਹਿਯੋਗ ਕਰ ਸਕਦਾ ਹੋਵੇਗਾ। ਭਾਰਤੀ ਹਾਈ ਕਮਿਸ਼ਨ ਨੇ ਕੈਨੇਡਾ ਦੇ ਫਾਰਨ ਆਫਿਸ ਕੋਲ ਇਸਦੀ ਸ਼ਿਕਾਇਤ ਵੀ ਕੀਤੀ ਸੀ। ਉੱਧਰ ਭਾਰਤ ਦੇ ਵਿਦੇਸ਼ ਵਿਭਾਗ ਨੇ ਹਾਈ ਕਮਿਸ਼ਨਰ ਬਾਜਪਾਈ ਤੋਂ ਪੁੱਛਿਆ ਸੀ ਕਿ ਸ਼ਮਸ਼ੇਰ ਸਿੰਘ ਨੂੰ ਵਿਦੇਸ਼ ਵਿਭਾਗ ਦੀ ਆਗਿਆ ਬਿਨਾਂ ਸਧਾਰਨ ਸ਼ਹਿਰੀਆਂ ਵਾਲਾ ਪਾਸਪੋਰਟ ਕਿਉਂ ਦਿੱਤਾ ਗਿਆ ਸੀ?
**
ਅਪਰੇਸ਼ਨ ‘ਸੰਨਡਾਊਨ’ ਅਤੇ ਅਪਰੇਸ਼ਨ ‘ਬਲੂਅ ਸਟਾਰ’ ਦਾ ਭੰਬਲਭੂਸਾ
ਜਦ ਇੰਦਰਾ ਗਾਂਧੀ ਨੇ ਐੱਸ ਐੱਫ ਐੱਫ ਕਮਾਂਡੋਜ਼ ਵਲੋਂ ਭਿੰਡਰਾਵਾਲਾ ਨੂੰ ਅਗਵਾ ਕਰਨ ਦਾ ਅਪਰੇਸ਼ਨ ਰੱਦ ਕੀਤਾ
ਖਾਲਿਸਤਾਨੀ ਆਗੂਆਂ ਅਤੇ ਸਮਰਥਕਾਂ ਵਲੋਂ ਇਹ ਗੱਲ ਬਹੁਤ ਜ਼ੋਰ ਨਾਲ ਪ੍ਰਚਾਰੀ ਜਾਂਦੀ ਹੈ ਕਿ ਇੰਦਰਾ ਗਾਂਧੀ ਦੀ ਸਰਕਾਰ ਨੇ ਜੂਨ 1984 ਤੋਂ ਕਈ ਸਾਲ ਪਹਿਲਾਂ ਤੋਂ ਸਿੱਖਾਂ ਨੂੰ ਸਬਕ ਸਿਖਾਉਣ ਦਾ ਮਨ ਬਣਾਇਆ ਹੋਇਆ ਸੀ। ਇਸਦਾ ਇੱਕ ਸਬੂਤ ਇਹ ਦਿੱਤਾ ਜਾਂਦਾ ਹੈ ਕਿ ਚਕਰਾਤਾ ਹਿੱਲਜ਼, ਜੋ ਹੁਣ ਉਤਰਾਖੰਡ ਵਿੱਚ ਪੈਂਦਾ ਹੈ, ਵਿਖੇ ਸ੍ਰੀ ਦਰਬਾਰ ਸਾਹਿਬ ਦਾ ਮਾਡਲ ਬਣਾ ਕੇ ਭਾਰਤੀ ਫੌਜ ਨੂੰ ਅਪਰੇਸ਼ਨ ਬਲੂਅ ਸਟਾਰ ਦੀ ਟ੍ਰੇਨਿੰਗ ਦਿੱਤੀ ਗਈ ਸੀ। ਜੀ.ਬੀ.ਐੱਸ. ਸਿੱਧੂ ਨੇ ਆਪਣੀ ਕਿਤਾਬ ‘ਦ ਖਾਲਿਸਤਾਨ ਕੰਨਸਪਰੇਸੀ’ ਵਿੱਚ ਇਸਦਾ ਜ਼ਿਕਰ ਬਹੁਤ ਵਿਸਥਾਰ ਵਿੱਚ ਦਿੱਤਾ ਹੈ ਅਤੇ ਕਈ ਸਬੂਤ ਵੀ ਪੇਸ਼ ਕੀਤੇ ਹਨ। ਚਕਰਾਤਾ ਦੇ ਨਜ਼ਦੀਕ ਸਰਸਾਵਾ ਨਾਮ ਦੇ ਥਾਂ ’ਤੇ ਇੱਕ ਏਅਰਬੇਸ ਹੈ। ਇੱਥੇ ਏਵੀਏਸ਼ਨ ਰੀਸਰਚ ਵਿੰਗ ਹੈ ਜੋ ਰਾਅ (ਰੀਸਰਚ ਐਂਡ ਅਨੇਲੇਸਿਜ਼ ਵਿੰਗ) ਦਾ ਹਿੱਸਾ ਹੈ। ਇੱਥੇ ਨਾ ਕੋਈ ਫੌਜੀ ਛਾਉਣੀ ਹੈ ਅਤੇ ਨਾ ਹੀ ਇੱਥੇ ਫੌਜ ਦੀ ਕੋਈ ਇੰਨਸਟਾਲੇਜ਼ਨ (ਸਥਾਪਤੀ) ਹੈ।
14 ਨਵੰਬਰ 1962 ਨੂੰ ਸਪੈਸ਼ਲ ਫਰੰਟੀਅਰ ਫੋਰਸ (ਐੱਸ ਐੱਫ ਐੱਫ) ਨਾਮ ਦੀ ਈਲੀਟ ਕਮਾਂਡੋ ਫੋਰਸ ਦਾ ਗਠਨ ਕੀਤਾ ਗਿਆ ਸੀ ਜਿਸਦਾ ਬੇਸ ਚਕਰਾਤਾ ਵਿੱਚ ਹੈ। ਇਸ ਕਮਾਂਡੋ ਫੋਰਸ ਵਿੱਚ 150 ਜਵਾਨਾਂ ਦਾ ਦਸਤਾ ਕਿਸੇ ਵੀ ਵਿਸ਼ੇਸ਼ ਕਮਾਂਡੋ ਅਪਰੇਸ਼ਨ ਲਈ ਸਦਾ ਤਿਆਰ ਰਹਿੰਦਾ ਹੈ। ਇਹ ਜਵਾਨ ਸੀਆਰਪੀ ਸਮੇਤ ਵੱਖ ਵੱਖ ਫੋਰਸਾਂ ਤੋਂ ਲਏ ਜਾਂਦੇ ਹਨ ਅਤੇ ਆਪਣੀ ਭਰ ਜਵਾਨੀ ਦੇ ਤਿੰਨ ਸਾਲ ਹੀ ਇਸ ਦਸਤੇ ਵਿੱਚ ਰੱਖੇ ਜਾਂਦੇ ਹਨ ਅਤੇ ਫਿਰ ਆਪਣੀ ਪੇਰੈਂਟ ਫੋਰਸ ਨੂੰ ਭੇਜ ਦਿੱਤੇ ਜਾਂਦੇ ਹਨ। ਇਸ ਕਮਾਂਡੋ ਫੋਰਸ ਕੋਲ ਆਪਣੇ ਦੋ ਹੈਲੀਕਪਟਰ ਹਨ ਪਰ ਲੋੜ ਪੈਣ ’ਤੇ ਇਹ ਫੋਰਸ ਏਵੀਏਸ਼ਨ ਰੀਸਰਚ ਵਿੰਗ ਤੋਂ ਹੋਰ ਹੈਲੀਕਪਟਰ ਜਾਂ ਜਹਾਜ਼ ਹੁਦਾਰੇ ਲੈ ਸਕਦੀ ਹੈ। ਇਹ ਫੋਰਸ ਅਸਲ ਵਿੱਚ ਚੀਨ ਦੇ ਬਾਰਡਰ ’ਤੇ ਖਾਸ ਅਪਰੇਸ਼ਨਾਂ ਲਈ ਬਣਾਈ ਗਈ ਸੀ ਜਿਸ ਵਿੱਚ ਪਹਿਲਾਂ ਬਹੁਤੇ ਤਿਬਤੀ ਜਵਾਨ ਭਰਤੀ ਕੀਤੀ ਗਏ ਸਨ। ਇਸ ਫੋਰਸ ਦੀ ਕਮਾਂਡ ਇੱਕ ਇਨਸਪੈਕਟਰ ਜਨਰਲ ਦੇ ਹੱਥ ਵਿੱਚ ਹੁੰਦੀ ਹੈ ਜੋ ਸਿੱਧਾ ਕੈਬਨਿਟ ਸਕੱਤਰੇਤ ਹੇਠ ਹੁੰਦਾ ਹੈ।
ਸਾਲ 1982 ਦੇ ਅੱਧ ਵਿੱਚ ਜਦ ਪੰਜਾਬ ਦੇ ਹਾਲਾਤ ਵਿਗੜਨ ਲੱਗੇ ਤਾਂ ਪ੍ਰਧਾਨ ਮੰਤਰੀ ਦੇ ਸੁਰੱਖਿਆ ਸਲਾਹਕਾਰ ਆਰ ਐੱਨ ਕਾਵ ਨੇ ਐੱਸ ਐੱਫ ਐੱਫ ਨੂੰ ਕਮਾਂਡੋ ਅਪਰੇਸ਼ਨ ਦੀ ਤਿਆਰੀ ਕਰਨ ਲਈ ਆਖਿਆ, ਜਿਸਦਾ ਮੰਤਵ ਜਰਨੈਲ ਸਿੰਘ ਭਿੰਡਰਾਵਾਲਾ ਨੂੰ ਕਿੱਡਨੈਪ (ਅਗਵਾਹ) ਕਰਨਾ ਮਿੱਥਿਆ ਗਿਆ। ਪਹਿਲਾਂ ਇਹ ਅਪਰੇਸ਼ਨ ਚੌਕ ਮਹਿਤਾ ਵਿਖੇ ਕੀਤਾ ਜਾਣਾ ਸੀ ਅਤੇ ਫਿਰ ਜਦ ਜਰਨੈਲ ਸਿੰਘ ਨੇ ਨਾਨਕ ਨਿਵਾਸ ਵਿੱਚ ਡੇਰਾ ਲਗਾ ਲਿਆ ਤਾਂ ਇਹ ਨਾਨਕ ਨਿਵਾਸ ’ਤੇ ਕੇਂਦਰਤ ਕਰ ਦਿੱਤਾ ਗਿਆ। ਅਕਾਲ ਤਖ਼ਤ ਨੂੰ ਬੇਸ ਬਣਾ ਲੈਣ ਉਪਰੰਤ ਇਸਦਾ ਨਿਸ਼ਾਨਾ ਲੰਗਰ ਹਾਲ ਦੀ ਛੱਤ ਬਣਾ ਲਿਆ ਗਿਆ ਜਿੱਥੇ ਜਰਨੈਲ ਸਿੰਘ ਭਿੰਡਰਾਵਾਲਾ ਦਾ ਜਨਤਕ ਦਰਬਾਰ ਲੱਗਦਾ ਸੀ।
ਐੱਸ ਐੱਫ ਐੱਫ ਕਮਾਂਡੋ ਫੋਰਸ ਦੇ ਇਸ ਅਪਰੇਸ਼ਨ ਦਾ ਨਾਮ ‘ਸੰਨਡਾਊਨ’ ਰੱਖਿਆ ਗਿਆ ਸੀ ਜਿਸਦਾ ਜ਼ਿਕਰ ਸਿੱਧੂ ਨੇ ਆਪਣੀ ਕਿਤਾਬ ਦੇ ਸਫਾ 64, 132, 134, 140 ਤੋਂ 144 ਤਕ ਕੀਤਾ ਹੈ। ਇਸ ਅਪਰੇਸ਼ਨ ਨੂੰ ‘ਹੈਲੀ ਅਪਰੇਸ਼ਨ’ ਦਾ ਨਾਮ ਵੀ ਦਿੱਤਾ ਗਿਆ ਹੈ ਕਿਉਂਕਿ ਇਹ ਦੋ ਹੈਲੀਕੌਪਟਰਾਂ ਨਾਲ ਕੀਤਾ ਜਾਣਾ ਸੀ। ਇਸ ਅਪਰੇਸ਼ਨ ਦਾ ਮੰਤਵ ਘੱਟੋ ਘੱਟ ਜਾਨੀ ਨੁਕਸਾਨ ਨਾਲ ਭਿੰਡਰਾਵਾਲਾ ਨੂੰ ਅਗਵਾ ਕਰਨਾ ਸੀ।
ਜ਼ਿਕਰ ਕਰਨਾ ਬਣਦਾ ਹੈ ਕਿ ਜਦ ਅਪਰੇਸ਼ਨ ਬਲੂਅ ਸਟਾਰ ਤੋਂ 30 ਕੁ ਸਾਲ ਬਾਅਦ ਬਰਤਾਨੀਆਂ ਦੇ ਸਿੱਖਾਂ ਵਿੱਚ ਇਹ ਰੌਲਾ ਪੈ ਗਿਆ ਕਿ ਬਰਤਾਨੀਆ ਦੀ ਮੌਕੇ ਦੀ ਸਰਕਾਰ ਨੇ ਅਪਰੇਸ਼ਨ ਬਲੂਅ ਸਟਾਰ ਅਪਰੇਸ਼ਨ ਵਿੱਚ ਭਾਰਤ ਸਰਕਾਰ ਦੀ ਮਦਦ ਕੀਤੀ ਸੀ ਤਾਂ ਬਰਤਾਨਵੀ ਸਰਕਾਰ ਬਹੁਤ ਦਬਾਅ ਹੇਠ ਆ ਗਈ ਸੀ। ਦਰਅਸਲ ਖੋਜੀ ਪੱਤਰਕਾਰ ਫਿਲ ਮਿਲਰ ਨੇ ਜਦ ਬ੍ਰਿਟਿਸ਼ ਆਰਕਾਈਵਜ਼ ਦੀ ਸ਼੍ਰੀਲੰਕਾ ਵਿੱਚ ਬ੍ਰਿਟਿਸ਼ ਕਮਾਂਡੋਜ਼ ਦੇ ਰੋਲ ਬਾਰੇ ਜਾਣਕਾਰੀ ਹਾਸਲ ਕਰਨ ਲਈ ਛਾਣਬੀਣ ਕੀਤੀ ਤਾਂ ਇਸ ਵਿੱਚੋਂ ਭਾਰਤ ਨਾਲ ਸਹਿਯੋਗ ਦੇ ਦਸਤਾਵੇਜ਼ ਨਿਕਲ ਆਏ ਸਨ। ਫਿਲ ਮਿਲਰ ਨੇ 13 ਜਨਵਰੀ 2014 ਨੂੰ ਆਪਣਾ ਬਲਾਗ ‘ਰਿਵੀਲਡ ਐੱਸ ਏ ਐੱਸ ਅਡਵਾਈਜ਼ਡ ਅੰਮ੍ਰਿਤਸਰ ਰੇਡ’ ਪ੍ਰਕਾਸ਼ਿਤ ਕਰ ਦਿੱਤਾ ਤਾਂ ਰੌਲਾ ਪੈ ਗਿਆ। ਦਬਾਅ ਹੇਠ ਆਈ ਬਰਤਾਨਵੀ ਸਰਕਾਰ ਨੇ ਇਸਦੀ ਤਫਤੀਸ਼ ਕਰਵਾਉਣ ਪਿੱਛੋਂ ਦੱਸਿਆ ਕਿ ਬ੍ਰਿਟਿਸ਼ ਕਮਾਂਡੋਜ਼ ਦਾ ਅਪਰੇਸ਼ਨ ਬਲੂਅ ਸਟਾਰ ਵਿੱਚ ਕੋਈ ਰੋਲ ਨਹੀਂ ਸੀ ਪਰ ‘ਹੈਲੀ ਅਪਰੇਸ਼ਨ’ ਲਈ ਬ੍ਰਿਟਿਸ਼ ਖੁਫੀਆ ਏਜੰਸੀ ਦੇ ਦੋ ਮਾਹਰਾਂ ਨੇ ਭਾਰਤ ਦਾ ਦੌਰਾ ਕੀਤਾ ਸੀ। ਜਿਸ ‘ਹੈਲੀ ਅਪਰੇਸ਼ਨ’ ਲਈ ਬਰਤਾਨੀਆਂ ਦੀ ਖੁਫੀਆ ਏਜੰਸੀ ਨੇ ਸਲਾਹ ਦਿੱਤੀ ਸੀ ਉਹ ਪਲੈਨਿੰਗ ਤਕ ਹੀ ਸੀਮਤ ਰਿਹਾ ਸੀ ਤੇ ਬਲੂਅ ਸਟਾਰ ਨਾਲ ਬਰਤਾਨੀਆ ਦਾ ਕੋਈ ਲੈਣ ਦੇਣ ਨਹੀਂ ਸੀ। ਸਿੱਧੂ ਨੇ ਲਿਖਿਆ ਹੈ ਕਿ ਨਵੰਬਰ 1983 ਵਿੱਚ ਆਰ ਐੱਨ ਕਾਵ ਨੇ ਦਿੱਲੀ ਵਿੱਚ ਬ੍ਰਿਟਿਸ਼ ਏਜੰਸੀ ਐੱਮ ਆਈ-6 (ਸੀਕਰਟ ਇੰਟੈਲੀਜੈਂਸ ਸਰਵਿਸ) ਦੇ ਅਫਸਰ ਨੂੰ ਮਿਲਣ ਦਾ ਪ੍ਰਬੰਧ ਕਰਨ ਲਈ ਆਖਿਆ ਸੀ। ਰਵਾਇਤ ਮੁਤਾਬਿਕ ਸਿੱਧੂ ਬ੍ਰਿਟਿਸ਼ ਏਜੰਸੀ ਦੇ ਅਫਸਰ ਦੇ ਸੰਪਰਕ ਵਿੱਚ ਸੀ ਅਤੇ ਉਸ ਨੂੰ ਬਰਤਾਨਵੀ ਹਾਈ ਕਮਿਸ਼ਨ ਤੋਂ ਆਰ ਐੱਨ ਕਾਵ ਦੇ ਦਫਤਰ ਲਿਆਇਆ ਸੀ। ਉਸ ਨਾਲ ਗੱਲਬਾਤ ਕਰਨ ਵਕਤ ਕਾਵ ਨੇ ਸਿੱਧੂ ਨੂੰ ਸ਼ਾਮਲ ਨਹੀਂ ਸੀ ਕੀਤਾ। ਕਾਵ ਨਾਲ ਇਸ ਮੁਲਾਕਾਤ ਤੋਂ ਹੀ ਬ੍ਰਿਟਿਸ਼ ਏਜੰਸੀ ਦੀ ਸਲਾਹ ਲੈਣ ਦਾ ਮੁੱਢ ਬੱਝਾ ਸੀ।
ਭਾਰਤ ਦੀ ਐੱਸ ਐੱਫ ਐੱਫ ਕਮਾਂਡੋ ਫੋਰਸ ਦੀ ਕਮਾਂਡ 1928 ਵਿੱਚ ਜਨਮੇ ਆਰ. ਟੀ. ਨਾਗਰਾਨੀ ਦੇ ਹੱਥ ਵਿੱਚ ਸੀ ਜੋ ਅਜੇ ਵੀ ਦਿੱਲੀ ਵਿੱਚ ਰਹਿੰਦੇ ਹਨ। ਸਿੱਧੂ ਨੇ ਇਸ ਅਪਰੇਸ਼ਨ ਬਾਰੇ ਲਿਖਣ ਤੋਂ ਪਹਿਲਾਂ ਆਰ. ਟੀ. ਨਾਗਰਾਨੀ (ਪੂਰਾ ਨਾਮ ਰਾਮ ਟੇਕਚੰਦ ਨਿਗਾਰਾਨੀ) ਨਾਲ 16 ਅਪਰੈਲ 2019 ਨੂੰ ਵਿਸਤਾਰਤ ਗੱਲਬਾਤ ਕਰ ਕੇ ਜਾਣਕਾਰੀ ਹਾਸਲ ਕੀਤੀ। ਉਂਜ ਸਿੱਧੂ ਨੂੰ ਇਸ ਅਪਰੇਸ਼ਨ ਬਾਰੇ ਪਹਿਲਾਂ ਵੀ ਪਤਾ ਸੀ ਅਤੇ 31 ਜਨਵਰੀ 2014 ਨੂੰ ਇੰਡੀਆ ਟੂਡੇ ਨੇ ਵੀ ਇਸ ਅਪਰੇਸ਼ਨ ਬਾਰੇ ਲਿਖਿਆ ਸੀ ਜਿਸ ਵਿੱਚ ਕੁਝ ਊਣਤਾਈਆਂ ਸਨ। ਨਿਗਰਾਨੀ ਨੇ ਸਿੱਧੂ ਨੂੰ ਦੱਸਿਆ ਕਿ 1983 ਵਿੱਚ ਦਸੰਬਰ ਦੇ ਅੰਤ ਵਿੱਚ ਕਾਵ ਨੇ ਨਿਗਰਾਨੀ ਨਾਲ ਸੰਪਰਕ ਕਰਕੇ ਐੱਸ ਐੱਫ ਐੱਫ ਰਾਹੀਂ ਭਿੰਡਰਾਵਾਲਾ ਨੂੰ ਲੰਗਰ ਹਾਲ ਦੀ ਛੱਤ ਤੋਂ ਹੈਲੀਕੌਪਟਰ ਅਪਰੇਸ਼ਨ ਰਾਹੀਂ ਚੁੱਕਣ ਦੀ ਪਲਾਨ ਬਣਾਉਣ ਲਈ ਕਿਹਾ। ਇਸ ਛੱਤ ਤੋਂ ਹਰ ਰੋਜ਼ ਸ਼ਾਮ ਨੂੰ ਭਿੰਡਰਾਂਵਾਲਾ ਵਲੋਂ ਭਾਸ਼ਣ ਦਿੱਤਾ ਜਾਂਦਾ ਸੀ। ਇਸ ਅਪਰੇਸ਼ਨ ਵਿੱਚ ਦੋ ਐੱਮ ਆਈ-4 ਹੈਲੀਕਪਟਰਾਂ ਰਾਹੀਂ ਅਚਾਨਕ ਲੰਗਰ ਹਾਲ ਦੀ ਛੱਤ ’ਤੇ ਉੱਤਰ ਕੇ ਭਿੰਡਰਾਵਾਲਾ ਨੂੰ ਚੁੱਕਿਆ ਜਾਣਾ ਸੀ ਅਤੇ ਇੱਕ ਬੁਲਟ ਪਰੂਫ ਵਹੀਕਲ ਰਾਹੀਂ ਕੰਪਲੈਕਸ ਤੋਂ ਬਾਹਰ ਲੈਜਾਇਆ ਜਾਣਾ ਸੀ। ਸੁਰੱਖਿਆ ਲਈ ਜ਼ਮੀਨੀ ਪੱਧਰ ’ਤੇ ਸੀ ਆਰ ਪੀ ਐੱਫ ਵਲੋਂ ਤਿੰਨ ਲੇਅਰ ਦੀ ਘੇਰਾਬੰਦੀ ਕੀਤੀ ਜਾਣੀ ਸੀ। ਇਸ ਕੰਮ ਲਈ ਕੰਪਲੈਕਸ ਦੀ ਰੈਕੀ ਕਰ ਲਈ ਗਈ ਸੀ ਅਤੇ ਚਕਰਾਤਾ ਵਿੱਚ ਬਣਾਏ ਮਾਡਲ ਵਿੱਚ ਪ੍ਰੈਕਟਿਸ ਟ੍ਰੇਨਿੰਗ ਕੀਤੀ ਗਈ ਸੀ। ਬਰਤਾਨਵੀ ਏਜੰਸੀ ਦੀ ਆਖਰੀ ਸਲਾਹ ਮਾਰਚ ਅੰਤ 1984 ਵਿੱਚ ਲਈ ਗਈ ਸੀ। 1984 ਅਪਰੈਲ ਦੇ ਸ਼ੁਰੂ ਵਿੱਚ ਕਾਵ ਨੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਅਪਰੇਸ਼ਨ ਸੰਨਡਾਊਨ ਲਈ ਬਰੀਫ ਕਰਨ ਵਾਸਤੇ ਨਿਗਰਾਨੀ ਨਾਲ ਮੁਲਾਕਾਤ ਕਰਵਾਈ। ਇਹ ਮੁਲਾਕਤ 1 ਅਕਬਰ ਰੋਡ ਵਿੱਚ ਗਾਂਧੀ ਦੇ ਪ੍ਰਾਈਵੇਟ ਦਫਤਰ ਵਿੱਚ ਹੋਈ ਅਤੇ ਨਿਗਰਾਨੀ ਨੇ ਸਾਰੀ ਪਲਾਨ ਦੱਸ ਦਿੱਤੀ। ਗਾਂਧੀ ਨੇ ਫੋਰਸ ਦੇ ਸੰਭਾਵੀ ਨੁਕਸਾਨ ਬਾਰੇ ਪੁੱਛਿਆ ਤਾਂ ਨਿਗਰਾਨੀ ਨੇ ਕਿਹਾ ਕਿ 20% ਕਮਾਂਡੋ ਮਰ ਸਕਦੇ ਹਨ ਅਤੇ ਦੋਵੇਂ ਹੈਲੀਕਪਟਰ ਤਬਾਹ ਹੋ ਸਕਦੇ ਹਨ। ਫਿਰ ਗਾਂਧੀ ਨੇ ਆਮ ਲੋਕਾਂ ਦੀਆਂ ਮੌਤਾਂ ਬਾਰੇ ਪੁੱਛਿਆ ਤਾਂ ਨਿਗਰਾਨੀ ਨੇ ਕਿਹਾ ਸਾਡੇ ਰਸਤੇ ਵਿੱਚ ਆਉਣ ਵਾਲੇ 20% ਸਿਵਲੀਅਨ ਮਰ ਸਕਦੇ ਹਨ। ਇਹ ਸੁਣ ਕੇ ਗਾਂਧੀ ਨੇ ਕਿਹਾ ਕਿ ਉਹ ਇੰਨੀਆਂ ਸਿਵਲੀਅਨ ਮੌਤਾਂ ਦਾ ਰਿਸਕ ਨਹੀਂ ਲੈ ਸਕਦੀ। ਇਸ ਕਰਕੇ ਇਹ ਅਪਰੇਸ਼ਨ ਮੌਕੇ ’ਤੇ ਹੀ ਰੱਦ ਹੋ ਗਿਆ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2550)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)