BalrajDeol7ਸਪਸ਼ਟਤਾ ਵਾਸਤੇ ਪੁੱਛੇ ਗਏ ਸਵਾਲਾਂ ਦੇ ਜਵਾਬ ਵਿੱਚ ਕਿਹਾ ਗਿਆ ਕਿ ...
(27 ਜਨਵਰੀ 2018)

 

ਗਰੇਟਰ ਟੋਰਾਂਟੋ ਏਰੀਆ (ਜੀਟੀਏ) ਦੇ ਦੋ ਗਰਦਵਾਰਿਆਂ ਤੋਂ 31 ਦਸੰਬਰ 2017 ਦੀ ਰਾਤ ਨੂੰ ਭਾਰਤੀ ਅਧਿਕਾਰੀਆਂ ਤੇ ਲਗਾਈ ਗਈ ਪਾਬੰਦੀ ਦਾ ਮਾਮਲਾ ਭਾਰਤ ਦੀ ਸੰਸਦ ਵਿੱਚ ਵੀ ਉਠਾਇਆ ਗਿਆ ਸੀ ਅਤੇ ਕੈਨੇਡਾ ਸਮੇਤ ਕਈ ਪੱਛਮੀ ਦੇਸ਼ਾਂ ਦੇ ਗੁਰਦਵਾਰਾ ਸਮੂਹਾਂ ਵਲੋਂ ਇਸ ਪਾਬੰਦੀ ਦਾ ਸਮਰਥਨ ਕਰਦਿਆਂ ਆਪਣੇ ਵਲੋਂ ਪਾਬੰਦੀਆਂ ਦੇ ਐਲਾਨ ਕੀਤੇ ਗਏ ਸਨ। ਇਹਨਾਂ ਵਿੱਚੋਂ ਕਈ ਐਲਾਨ ਲਿਖਤੀ ਸਨ ਅਤੇ ਕਈ ਮੀਡੀਆ ਬਿਆਨਾਂ ਵਜੋਂ ਸਾਹਮਣੇ ਆਏ ਹਨ।

ਹੁਣ ਜੀਟੀਏ ਦੇ ਤਿੰਨ ਗੁਰਦਵਾਰਿਆਂ ਦੇ 9 ਡਰੈਕਟਰਾਂ ਨੇ ਦੋ ਵੱਖ ਵੱਖ ਲਿਖਤੀ ਬਿਆਨਾਂ ਵਿੱਚ ਇਸ ਪਾਬੰਦੀ ਉੱਤੇ ਦੋ ਮੁੱਖ ਇਤਰਾਜ਼ ਉਠਾਏ ਹਨ। ਇਕ ਦਿਨ ਦੇ ਵਕਫ਼ੇ ਨਾਲ ਜਾਰੀ ਕੀਤੇ ਗਏ ਇਹਨਾਂ ਵੱਖ ਵੱਖ ਪਰੈੱਸ ਬਿਆਨਾਂ ਵਿੱਚ ਇਹ ਦੋਵੇਂ ਨੁਕਤੇ ਪ੍ਰਮੁੱਖ ਹਨ। ਪਹਿਲਾ ਨੁਕਤਾ ਹੈ ਕਿ ਸਬੰਧਿਤ ਗੁਰਦਵਾਰਿਆਂ ਦੀਆਂ ਕਮੇਟੀਆਂ ਵਿੱਚ ਇਹ ਮਸਲਾ ਕਦੇ ਵਿਚਾਰਿਆ ਹੀ ਨਹੀਂ ਗਿਆ ਅਤੇ ਦੂਜਾ ਪ੍ਰਮੁੱਖ ਨੁਕਤਾ ਹੈ ਕਿ ਕਿਸੇ ਦੇ ਗੁਰਦਵਾਰੇ ਆਉਣ ਤੇ ਪਾਬੰਦੀ ਲਗਾਉਣਾ ਸਿੱਖ ਸਿਧਾਂਤ ਦੇ ਉਲਟ ਹੈ। ਇਹ ਦੋਵੇਂ ਨੁਕਤੇ ਵਜ਼ਨਦਾਰ ਹਨ। ਕਮੇਟੀਆਂ ਦੇ ਅੰਦਰ ਵਿਚਾਰ ਕਰਨ ਜਾਂ ਨਾ ਕਰਨ ਦਾ ਮਾਮਲਾ ਸਬੰਧਿਤ ਗੁਰਦਵਾਰੇ ਦੀ ਕਮੇਟੀ ਜਾਂ ਸੰਗਤ (ਅਸਲ ਵਿੱਚ ਕਾਰਪੋਰੇਟ ਮੈਂਬਰਾਂ) ਦਾ ਅੰਦਰੂਨੀ ਮਾਮਲਾ ਹੈ ਪਰ ਸਿੱਖੀ ਸਿਧਾਂਤ ਦਾ ਨੁਕਤਾ ਸਾਰੇ ਸਿੱਖ ਜਗਤ ਵਾਸਤੇ ਬਹੁਤ ਮਹੱਤਤਾ ਰੱਖਦਾ ਹੈ। ਉਂਝ ਕਿਉਂਕਿ ਪੱਛਮੀ ਜਗਤ ਵਿੱਚ ਗੁਰਦਵਾਰੇ (ਜਾਂ ਹੋਰ ਧਾਰਮਿਕ ਅਦਾਰੇ) ਕਾਰਪੋਰੇਟ ਕਾਨੂੰਨ ਹੇਠ ਆਉਂਦੇ ਹਨ ਅਤੇ ਕਾਰਪੋਰੇਸ਼ਨਾਂ ਖਾਸ ਹਾਲਤਾਂ ਵਿੱਚ ਕਿਸੇ ਤੇ ਪਾਬੰਦੀ ਵੀ ਲਗਾ ਸਕਦੀਆਂ ਹਨ ਅਤੇ ਬੀਤੇ ਵਿੱਚ ਗੁਰਦਵਾਰਿਆਂ ਦੀ ਅੰਦਰੂਨੀ ਲੜਾਈ ਕਾਰਨ ਅਜਿਹੀਆਂ ਪਾਬੰਦੀਆਂ ਲਗਾਈਆਂ ਵੀ ਜਾਂਦੀਆਂ ਰਹੀਆਂ ਹਨ।

ਪਰ ਕਿਸੇ ਅਦਾਰੇ ਦੇ ਅੰਦਰੂਨੀ ਝਗੜੇ ਤੋਂ ਦੂਰ ਰਹਿਣ ਵਾਲੇ ਵਿਅਕਤੀ ਨਿੱਜੀ ਤੌਰ ਤੇ ਕਦੇ ਅਜਿਹੀ ਪਾਬੰਦੀ ਦੀ ਮਾਰ ਹੇਠ ਨਹੀਂ ਆਏ। ਇਸ ਪੱਖੋਂ ਭਾਰਤੀ ਅਧਿਕਾਰੀਆਂ ਤੇ ਲਗਾਈ ਗਈ ਪਾਬੰਦੀ ਬੇਲੋੜੀ ਅਤੇ ਨਿਰਅਧਾਰ ਜਾਪਦੀ ਹੈ। ਕੁਝ ਲੋਕ ਸਮਝਦੇ ਹਨ ਇਸ ਦਾ ਵਿਰੋਧ ਹੋਣ ਦਾ ਇਕ ਕਾਰਨ ਕੁਝ ਗੁਰਦਵਾਰਿਆਂ ਦੀ ਅੰਦਰੂਨੀ ਧੜੇਬੰਦੀ ਹੈ। ਸੰਭਵ ਹੈ ਕਿ ਇਹ ਵੀ ਇੱਕ ਕਾਰਨ ਹੋਵੇ ਪਰ ਅਗਰ ਇਸ ਨੂੰ ਨਜ਼ਰਅੰਦਾਜ਼ ਵੀ ਕਰ ਦਿੱਤਾ ਜਾਵੇ ਤਾਂ ਇਸ ਪਾਬੰਦੀ ਵਿੱਚ ਦੋ ਖਾਮੀਆਂ ਪ੍ਰਮੁੱਖ ਹਨ। ਇੱਕ ਤਾਂ ਇਹ ਪਾਬੰਦੀ ਗੈਰ-ਸਿਧਾਂਤਿਕ ਹੈ ਤੇ ਦੂਜਾ ਇਹ ਪਾਬੰਦੀ ਅਸਪਸ਼ਟ ਹੈ।

6 ਜਨਵਰੀ 2018 ਨੂੰ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਦੀ ਪ੍ਰੈੱਸ ਕਾਨਫਰੰਸ ਵਿੱਚ ਪਾਬੰਦੀ ਲਗਾਉਣ ਵਾਲੀ ਧਿਰ ਦੇ ਨੁਮਾਇੰਦੇ ਵੀ ਇਹਨਾਂ ਦੋ ਨੁਕਤਿਆਂ ਨੂੰ ਸਪਸ਼ਟ ਨਹੀਂ ਸਨ ਕਰ ਸਕੇ। ਉਹ ਇਹ ਗੱਲ ਆਪ ਹੀ ਆਖ ਦਿੰਦੇ ਸਨ ਕਿ ਸਿੱਖ ਸਿਧਾਂਤ ਮੁਤਾਬਿਕ ਕਿਸੇ ਨੂੰ ਵੀ ਗੁਰਦਵਾਰੇ ਆਉਣ ਤੋਂ ਰੋਕਿਆ ਨਹੀਂ ਜਾ ਸਕਦਾ ਅਤੇ ਇਹ ਪਾਬੰਦੀ ਨਿੱਜੀ ਪੱਧਰ ਤੇ ਨਹੀਂ ਹੈ। ਸਪਸ਼ਟਤਾ ਵਾਸਤੇ ਪੁੱਛੇ ਗਏ ਸਵਾਲਾਂ ਦੇ ਜਵਾਬ ਵਿੱਚ ਕਿਹਾ ਗਿਆ ਕਿ ਭਾਰਤੀ ਅਧਿਕਾਰੀ ਆਪਣੇ ਟਾਈਟਲ ਨਾਲ ਗੁਰਦਵਾਰੇ ਨਹੀਂ ਆ ਸਕਦੇ। ਪਰ ਨਾਲ ਹੀ ਕਹਿ ਦਿੱਤਾ ਗਿਆ ਕਿ ਕੌਂਸਲੇਟ ਜਨਰਲ ਕਦੇ ਵੀ ਟਾਈਟਲ ਤੋਂ ਬਿਨਾਂ ਹੋ ਹੀ ਨਹੀਂ ਸਕਦਾ, ਭਾਵ ਉਹ ਆ ਹੀ ਨਹੀਂ ਸਕਦਾ ਕਿਉਂਕਿ ਟਾਈਟਲ ਕਾਰਨ ਉਸ ਦਾ ਨਿੱਜੀ ਰੂਪ ਹੈ ਹੀ ਨਹੀਂ ਹੈ। ਪਾਬੰਦੀ ਲਗਾਉਣ ਵਾਲੀ ਧਿਰ ਇਸ ਪਾਬੰਦੀ ਦਾ ਵਿਸਥਾਰ ਕਰਦਿਆਂ ਇਸ ਨੂੰ ਸਾਰੇ ਚੁਣੇ ਹੋਏ ਭਾਰਤੀ ਰਾਜਸੀ ਆਗੂਆਂ ਤੱਕ ਵੀ ਲੈ ਗਈ। ਅਤੇ ਇਕ ਖਾਲਿਸਤਾਨੀ ਜਥੇਬੰਦੀ ਨੇ ਭਵਿੱਖ ਵਿੱਚ ਪੰਜਾਬ ਪੁਲਿਸ ਦੇ ਉਹਨਾਂ ਅਫਸਰਾਂ ਤੇ ਪਰਿਵਾਰਾਂ ਸਮੇਤ ਪਾਬੰਦੀ ਲਗਾਉਣ ਦੀ ਵਿਉਂਤ ਵੀ ਜਨਤਕ ਕਰ ਦਿੱਤੀ, ਜਿਹਨਾਂ ਨੇ ਉਹਨਾਂ ਮੁਤਾਬਿਕ ਸਿੱਖਾਂ ਤੇ ਜ਼ੁਲਮ ਕੀਤੇ ਹਨ।

ਸਰੀ ਦੇ ਦਸਮੇਸ਼ ਦਰਬਾਰ ਗੁਰਦਵਾਰੇ ਵਿੱਚ ਪਾਬੰਦੀ ਦਾ ਐਲਾਨ ਕਰਦਿਆਂ ਖਾਲਿਸਤਾਨੀ ਆਗੂ ਮੋਨਿੰਦਰ ਸਿੰਘ ਨੇ ਵੀ ਆਖਿਆ ਕਿ ਗੁਰਦਵਾਰੇ ਸਭ ਵਾਸਤੇ ਖੁੱਲ੍ਹੇ ਹਨ ਅਤੇ ਪਾਬੰਦੀ ਸਰਕਾਰੀ ਟਾਈਟਲ ਤੇ ਲਗਾਈ ਗਈ ਹੈ। ਭਾਵ ਨਿੱਜੀ ਤੌਰ ਤੇ ਕੋਈ ਵੀ ਸਿੱਖ ਸਿਧਾਂਤ ਮੁਤਾਬਿਕ ਗੁਰਦਵਾਰੇ ਆ ਸਕਦਾ ਹੈ ਪਰ ਨਾਲ ਹੀ ਆਖ ਦਿੱਤਾ ਕਿ ਸੰਗਤ ਨਿੱਜੀ ਤੌਰ ਤੇ ਆਏ ਭਾਰਤੀ ਅਧਿਕਾਰੀਆਂ ਨੂੰ ਘੇਰ ਸਕਦੀ ਹੈ, ਸਵਾਲ ਪੁੱਛ ਸਕਦੀ ਹੈ ਅਤੇ ਖੂੰਜੇ ਲਗਾ ਸਕਦੀ ਹੈ। ਸਿੱਖੀ ਸਿਧਾਂਤ ਵਿੱਚ ‘ਸੰਵਾਦ’ ਤਾਂ ਸੁਣਿਆ ਹੈ, ਜਿਸ ਦਾ ਜ਼ਿਕਰ ‘ਸਿੱਧ ਗੋਸ਼ਟ’ ਵਿੱਚ ਮਿਲਦਾ ਹੈ ਪਰ ਨਿੱਜੀ ਸ਼ਰਧਾ ਨਾਲ ਗੁਰਦਵਾਰੇ ਆਏ ਕਿਸੇ ਵਿਅਕਤੀ ਨੂੰ ਘੇਰਨ ਅਤੇ ਖੂੰਜੇ ਲਗਾਉਣ ਵਾਲੀ ਗੱਲ ਕਿਸੇ ਸਿਧਾਂਤ ਵਿੱਚ ਫਿੱਟ ਨਹੀਂ ਬੈਠਦੀ। ਸਵਾਲ ਕਰਨਾ ਵੀ ‘ਸੰਵਾਦ’ ਦੀ ਹੱਦ ਤੱਕ ਹੀ ਹੋ ਸਕਦਾ ਹੈ, ਅਗਰ ਦੂਜੀ ਧਿਰ ਇਸ ਵਾਸਤੇ ਸਹਿਮਤ ਹੋਵੇ, ਸੰਵਾਦ ਠੋਸਿਆ ਨਹੀਂ ਜਾ ਸਕਦਾ।

ਉਂਝ ਇਹ ਕਹਿਣਾ ਵੀ ਬਣਦਾ ਹੈ ਕਿ ਅਗਰ ਸਵਾਲ ਪੁੱਛਣ ਦਾ ਮਕਸਦ ਸੰਵਾਦ ਹੈ ਤਾਂ ਜਦ ਭਾਰਤ ਸਰਕਾਰ ਜਾਂ ਅਧਿਕਾਰੀ, ਗੱਲਬਾਤ ਲਈ ਸਿੱਖ ਆਗੂਆਂ ਨੂੰ ਮਿਲਣ ਦੀ ਇੱਛਾ ਪ੍ਰਗਟ ਕਰਦੇ ਹਨ ਤਾਂ ਨਾਂਹ ਕਿਉਂ ਕੀਤੀ ਜਾਂਦੀ ਹੈ?

ਇਹ ਸਾਰਾ ਘਟਨਾਕ੍ਰਮ ਭਾਰਤੀ ਪਬਲਿਕ ਡਿਪਲੋਮੇਸੀ ਦੀਆਂ ਖਾਮੀਆਂ ਵੀ ਉਜਾਗਰ ਕਰਦਾ ਹੈ। ਮਸਲਨ ਟੋਰਾਂਟੋ ਦੇ ਭਾਰਤੀ ਕੌਂਸਲੇਟ ਜਨਰਲ ਵਲੋਂ ਅਗਸਤ 2016 ਵਿੱਚ ਦੋ ਗੁਰਦਵਾਰਿਆਂ ਵਿੱਚ ਦੋ ਵਿਆਹ ਨਿੱਜੀ ਸੱਦੇ ਤੇ ਅਟੈਂਡ ਕੀਤੇ ਗਏ ਅਤੇ ਤਸਵੀਰਾਂ ਖਿਚਵਾਈਆਂ। ਇਸ ਤੋਂ ਅਗਲੇ ਕੁਝ ਮਹੀਨਿਆਂ ਵਿੱਚ ਡਿਕਸੀ ਗੁਰਦਵਾਰੇ ਦੋ ਮਰਗ ਦੇ ਸਮਾਗਮ ਅਟੈਂਡ ਕੀਤੇ ਅਤੇ ਤੀਜਾ ਅਟੈਂਡ ਕਰਨ ਤੋਂ ਪਹਿਲਾਂ ਵਿਰੋਧ ਕਾਰਨ ਰੱਦ ਕਰਨਾ ਪਿਆ। ਜੋ ਅਟੈਂਡ ਕੀਤੇ, ਉਹਨਾਂ ਵਿੱਚੋਂ ਇੱਕ ਸਮੇਂ ਉਸਦੇ ਆਪਣੇ ਗਾਰਡ ਅਤੇ ਕੈਮਰਾਮੈਨ ਨਾਲ ਸੀ ਜਿਸ ਨੂੰ ਪ੍ਰਬੰਧਕਾਂ ਨੇ ਤਸਵੀਰਾਂ ਲੈਣ ਤੋਂ ਰੋਕਿਆ। 8 ਫਰਵਰੀ 2017 ਨੂੰ ਮਰਗ ਦਾ ਪਾਠ ਅਟੈਂਡ ਕਰਨ ਵਾਸਤੇ ਆਰਸੀਐੱਮਪੀ ਦੇ ਦੋ ਅਧਿਕਾਰੀ ਗੁਰਦਵਾਰੇ ਲਿਆਉਣ ਦਾ ਪਤਾ ਲੱਗਣ ਤੇ ਵਿਰੋਧ ਹੋਇਆ। ਫਿਰ 14 ਫਰਵਰੀ 2017 ਨੂੰ ਅਖਬਾਰ ਹਿੰਦੋਸਤਾਨ ਟਾਈਮਜ਼ ਵਿੱਚ ਇਹਨਾਂ ਫੇਰੀਆਂ ਨੂੰ ਅਧਾਰ ਬਣਾ ਕੇ ਲਗਾਈ ਗਈ ਖ਼ਬਰ ਵਿੱਚ ਤਸਵੀਰਾਂ ਅਤੇ ਤੱਥਾਂ ਦੀ ਗਲਤ ਬਿਆਨੀ ਕੀਤੀ ਗਈ।

ਇਹ ਵਤੀਰਾ ਮਿਆਰੀ ਪਬਲਿਕ ਡਿਪਲੋਮੇਸੀ ਦੇ ਮੇਚ ਦਾ ਨਹੀਂ ਮੰਨਿਆ ਜਾ ਸਕਦਾ। ਚੰਗਾ ਹੁੰਦਾ ਅਗਰ ਇਹ ਫੇਰੀਆਂ ਨਿੱਜੀ ਅਤੇ ‘ਫੋਟੋ ਰਹਿਤ’ ਹੁੰਦੀਆਂ ਤੇ ਇਹਨਾਂ ਪਿੱਛੋਂ ‘ਸਾਈਲੈਂਟ ਡਿਪਲੋਮੇਸੀ’ ਨੂੰ ਤਰਜੀਹ ਦਿੱਤੀ ਜਾਂਦੀ। ਕੁਝ ਲੋਕਾਂ ਵਾਸਤੇ ਤਸਵੀਰਾਂ ਅਤੇ ਮੀਡੀਆ ਰਿਪੋਰਟਾਂ ਚਣੌਤੀ ਵਾਂਗ ਸਨ ਅਤੇ ਚਣੌਤੀ ‘ਸੰਵਾਦ’ ਦਾ ਰਸਤਾ ਨਹੀਂ ਹੈ।

*****

(988)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਬਲਰਾਜ ਦਿਓਲ

ਬਲਰਾਜ ਦਿਓਲ

Brampton, Ontario, Canada.
Email: (balrajdeol@rogers.com)

More articles from this author