“ਕੈਪਟਨ ਦਾ ਵਿਰੋਧ ਕਰਨ ਵਾਲਾ ਸੰਗਠਨ ਖੁਦ ਇੱਥੇ ਭਾਰਤੀ ਰਾਜਨੀਤੀ ਖੇਡਦਾ ਹੈ ਜਿਸ ਵਿੱਚ ...”
(ਮਈ 6, 2016)
ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਕੈਨੇਡਾ ਫੇਰੀ ਕਾਨੂੰਨੀ ਮੁਸ਼ਕਲਾਂ ਕਾਰਨ ਰੱਦ ਹੋ ਗਈ ਹੈ ਜਿਸ ਕਾਰਨ ਅਮਰਿੰਦਰ ਸਿੰਘ ਦੇ ਸ਼ੁਭਚਿੰਤਕਾਂ ਵਿੱਚ ਭਾਰੀ ਨਿਰਾਸ਼ਾ ਹੈ। ਪਹਿਲਾਂ ਅਮਰਿੰਦਰ ਸਿੰਘ ਦੀਆਂ ਰਾਜਸੀ ਰੈਲੀਆਂ ਰੱਦ ਹੋਣ ਦੀ ਖ਼ਬਰ ਆਈ ਸੀ ਅਤੇ ਫਿਰ ਫੇਰੀ ਹੀ ਰੱਦ ਕਰ ਦਿੱਤੀ ਗਈ।
ਪੰਜਾਬ ਵਿੱਚ ਧਰਮ ਦੇ ਅਧਾਰ ’ਤੇ ਵੱਖਰਾ ਸਿੱਖ ਸਟੇਟ ਕਾਇਮ ਕਰਨ ਦੀ ਮੁਹਿੰਮ ਚਲਾਉਣ ਵਾਲੇ ਇਕ ਸੰਗਠਨ ਨੇ 2011 ਦੇ ਇਕ ਕਾਨੂੰਨ ਦਾ ਹਵਾਲਾ ਦੇ ਕੇ ਕੈਨੇਡਾ ਦੇ ਵਿਦੇਸ਼ ਮੰਤਰੀ ਨੂੰ ਅਮਰਿੰਦਰ ਸਿੰਘ ਦੀਆਂ ਰੈਲੀਆਂ ਰੋਕਣ ਲਈ ਆਖਿਆ ਸੀ। ਕੈਨੇਡਾ ਦੇ ਵਿਦੇਸ਼ ਵਿਭਾਗ ਨੇ ਇਸਦੀ ਘੋਖ ਕਰ ਕੇ ਔਟਵਾ ਵਿੱਚ ਭਾਰਤ ਦੇ ਹਾਈਕਮਿਸ਼ਨ ਨੂੰ ਸੂਚਿਤ ਕੀਤਾ ਅਤੇ ਹਾਈਕਮਿਸ਼ਨ ਨੇ ਇਹ ਸੂਚਨਾ ਭਾਰਤ ਦੇ ਵਿਦੇਸ਼ ਵਿਭਾਗ ਨੂੰ ਭੇਜੀ। ਵਿਦੇਸ਼ ਸਕੱਤਰ ਜੈਸ਼ੰਕਰ ਨੇ ਇਹ ਸੂਚਨਾ ਟੈਲੀਫੋਨ ਰਾਹੀਂ ਅਮਰੀਕਾ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਤੀ। ਕੈਪਟਨ ਅਮਰਿੰਦਰ ਸਿੰਘ ਨੇ ਟੋਰਾਂਟੋ ਵਿੱਚ ਗਾਉਂਦਾ ਪੰਜਾਬ ਰੇਡੀਓ ਅਤੇ ਫਿਰ ਪੰਜਾਬ ਦੀ ਗੂੰਜ ਰੇਡੀਓ ’ਤੇ ਇਸ ਦੀ ਜਾਣਕਾਰੀ ਖੁਦ ਦਿੱਤੀ ਸੀ ਅਤੇ ਰੋਸ ਵੀ ਕੀਤਾ ਸੀ ਕਿ ਉਹਨਾਂ ਤੋਂ ਇਹ ਹੱਕ ਖੋਹਿਆ ਜਾ ਰਿਹਾ ਹੈ ਜੋ ਅਕਾਲੀ, ਭਾਜਪਾਈਏ ਅਤੇ ਆਮ ਆਦਮੀ ਪਾਰਟੀ ਦੇ ਆਗੂ ਵਰਤਦੇ ਰਹੇ ਹਨ।
ਕੈਪਟਨ ਦਾ ਇਹ ਤਰਕ ਸਹੀ ਹੈ ਕਿ ਕਈ ਪਾਰਟੀਆਂ ਦੇ ਆਗੂ ਇੱਥੇ ਰਾਜਸੀ ਪ੍ਰਚਾਰ ਅਤੇ ਫੰਡ ਰੇਜ਼ਿੰਗ ਬੇਰੋਕ ਕਰਦੇ ਰਹੇ ਹਨ। ਸਿਰਫ਼ ਭਾਰਤੀ ਹੀ ਨਹੀਂ, ਸਗੋਂ ਸੰਸਾਰ ਦੇ ਕਈ ਹੋਰ ਦੇਸ਼ਾਂ ਦੇ ਰਾਜਸੀ ਆਗੂ ਵੀ ਅਕਸਰ ਕੈਨੇਡਾ ਵਿੱਚ ਰਾਜਸੀ ਗਤੀਵਿਧੀਆਂ ਕਰਦੇ ਰਹੇ ਹਨ। ਪਿਛਲੇ ਸਾਲ ਕੁਝ ਵੱਖਵਾਦੀਆਂ ਨੇ ਅਕਾਲੀ ਮੰਤਰੀਆਂ ਦੀ ਕੈਨੇਡਾ ਫੇਰੀ ਅਤੇ ਪਬਲਿਕ ਮੀਟਿੰਗਾਂ ਦਾ ਵਿਰੋਧ ਕੀਤਾ ਸੀ। ਇਸ ਵਿਰੋਧ ਪਿੱਛੇ ਵੀ ਅਕਾਲੀਆਂ ਦੀ ਅੰਦਰੂਨੀ ਫੁੱਟ ਦਾ ਵੱਡਾ ਯੋਗਦਾਨ ਸੀ ਜਿਸ ਵਿੱਚ ਅਕਾਲੀ ਮੰਤਰੀਆਂ ਦੀ ਆਪਸੀ ਖਹਿਬਾਜ਼ੀ ਵੀ ਸ਼ਾਮਲ ਸੀ। ਪੰਜਾਬੀ ਮੀਡੀਆ ਦਾ ਇਕ ਵੱਡਾ ਹਿੱਸਾ ਵੀ ਕਈ ਸਾਲਾਂ ਤੋਂ ਅਕਾਲੀਆਂ ਖਿਲਾਫ਼ ਖਾਸਕਰ ਅਤੇ ਭਾਰਤੀਤਵ ਦੇ ਖਿਲਾਫ਼ ਆਮ ਕਰਕੇ ਸਰਗਰਮ ਭੂਮਿਕਾ ਅਦਾ ਕਰਦਾ ਰਿਹਾ ਹੈ। ਹਾਲਾਤ ਇਸ ਕਿਸਮ ਦੇ ਬਣੇ ਕਿ ਵੱਖਵਾਦੀ ਸੰਗਠਨ ਇਸ ਦਾ ਲਾਭ ਉਠਾਉਣ ਵਿੱਚ ਕਾਮਯਾਬ ਰਹੇ।
ਅਕਾਲੀਆਂ ਦੇ ਵਿਰੋਧ ਕਾਰਨ ਸਭ ਤੋਂ ਵੱਧ ਲਾਭ ਆਮ ਆਦਮੀ ਪਾਰਟੀ ਵਾਲਿਆਂ ਨੇ ਉਠਾਇਆ ਜਿਹਨਾਂ ਨੇ ਪਿਛਲੇ 2-3 ਸਾਲਾਂ ਵਿੱਚ ਕੈਨੇਡਾ ਅਤੇ ਹੋਰ ਪੱਛਮੀ ਦੇਸ਼ਾਂ ਵਿੱਚੋਂ ਮੋਟਾ ਫੰਡ ਇਕੱਠਾ ਕੀਤਾ ਹੈ। ਆਮ ਆਦਮੀ ਪਾਰਟੀ ਦਾ ਇਕ ਸਮਰਥਕ ਤਾਂ ਅਕਸਰ ਹੀ ਰੇਡੀਓ ’ਤੇ ਆਖ ਦਿੰਦਾ ਹੈ ਕਿ ਲੋਕ ਸਭਾ ਚੋਣਾਂ ਮੌਕੇ ਕੈਨੇਡਾ ਤੋਂ 10 ਕਰੋੜ ਰੁਪਈਆ ਆਮ ਆਦਮੀ ਪਾਰਟੀ ਦੇ ਕੇਂਦਰੀ ਦਫ਼ਤਰ ਨੂੰ ਭੇਜਿਆ ਗਿਆ ਸੀ। ਆਮ ਆਦਮੀ ਪਾਰਟੀ ਦੇ ਰੈਂਕਾਂ ਵਿੱਚ ਬਹੁਤ ਸਾਰੇ ਸਾਫ਼ਟ ਖਾਲਿਸਤਾਨੀ ਵੀ ਸ਼ਾਮਲ ਹੋ ਗਏ ਸਨ ਅਤੇ ਹੋਰਾਂ ਨੇ ਇਸਦਾ ਵਿਰੋਧ ਨਹੀਂ ਕੀਤਾ ਜਿਸ ਦੇ ਕਈ ਕਾਰਨ ਹਨ। ਆਮ ਆਦਮੀ ਪਾਰਟੀ ਦੇ ਆਗੂ ਸ਼ਰੇਆਮ ਕੈਨੇਡਾ ਵਿੱਚ ਵੱਡੀਆਂ ਵੱਡੀਆਂ ਰੈਲੀਆਂ ਅਤੇ ਫੰਡ ਰੇਜ਼ ਕਰਦੇ ਰਹੇ। ਕੇਜਰੀਵਾਲ ਦੀ ਕੈਨੇਡਾ ਫੇਰੀ ਦੀ ਵੀ ਕਈ ਸਮਰਥਕ ਉਡੀਕ ਕਰ ਰਹੇ ਹਨ। ਅਜਿਹੀ ਫੇਰੀ ਨੂੰ 2011 ਦੇ ਵਿਦੇਸ਼ੀ ਰਾਜਸੀ ਗਤੀਵਧੀ ਰੋਕਣ ਵਾਲੇ ਕਾਨੂੰਨ ਨਾਲ ਵੀ ਟਾਲਿਆ ਨਹੀਂ ਜਾ ਸਕਦਾ ਕਿਉਂਕਿ ਕੇਜਰੀਵਾਲ ਇਕ ਮੁੱਖ ਮੰਤਰੀ ਹੈ ਅਤੇ ਸਰਕਾਰੀ ਫੇਰੀ ’ਤੇ ਵੀ ਆ ਸਕਦਾ ਹੈ। ਕੈਥਲਿਨ ਵਿੰਨ ਸਮੇਤ ਕੈਨੇਡਾ ਦੇ ਕਈ ਪ੍ਰੀਮੀਅਰ ਉਸਦੀ ਸਰਕਾਰ ਨਾਲ ਗੱਲਬਾਤ ਕਰ ਆਏ ਹਨ। ਪਰ ਹੁਣ ਅਜਿਹੀ ਸਰਕਾਰੀ ਫੇਰੀ ਨੂੰ ਉਹ ਆਮ ਆਦਮੀ ਪਾਰਟੀ ਦੀ ਫੇਰੀ ਨਹੀਂ ਬਣਾ ਸਕੇਗਾ।
ਸਤੰਬਰ 2011 ਦੇ ਨਿਯਮ ਕੈਨੇਡਾ ਵਿੱਚ ਵਿਦੇਸ਼ੀ ਰਾਜਸੀ ਗਤੀਵਿਧੀਆਂ ਦੀ ਜ਼ਾਹਰਾ ਤੌਰ ’ਤੇ ਆਗਿਆ ਨਹੀਂ ਦਿੰਦੇ। ਵਿਦੇਸ਼ੀ ਰਾਜਸੀ ਰੈਲੀਆਂ, ਫੰਡਰੇਜ਼, ਵਿਦੇਸ਼ੀ ਚੋਣ ਗਤੀਵਿਧੀਆਂ, ਪੋਲਿੰਗ ਬੂਥ ਅਤੇ ਵਿਦੇਸ਼ੀ ਰਾਜਸੀ ਪਾਰਟੀਆਂ ਦੀਆਂ ਬਰਾਂਚਾਂ ਨਹੀਂ ਬਣਾਈਆਂ ਜਾ ਸਕਦੀਆਂ, ਜੋ ਕਿ ਅਜੇ ਵੀ ਬਣੀਆਂ ਹੋਈਆਂ ਹਨ ਅਤੇ ਇਸ ਹਮਾਮ ਵਿੱਚ ਸਭ ਨੰਗੇ ਹਨ। ਕਈ ਕਨੇਡੀਅਨ ਇਲੈਕਟਿਡ ਰਾਜਸੀ ਆਗੂ ਅਕਸਰ ਅਜਿਹੀਆਂ ਵਿਦੇਸ਼ੀ ਰਾਜਸੀ ਪਾਰਟੀਆਂ ਦੀਆਂ ਬਰਾਂਚਾਂ ਵਲੋਂ ਅਯੋਜਿਤ ਸਮਾਗਮਾਂ ਵਿੱਚ ਵੀ ਜਾਂਦੇ ਹਨ। ਇਹ ਵੀ ਧਿਆਨ ਰੱਖਣ ਵਾਲੀ ਗੱਲ ਹੈ ਕਿ ਕਿਸੇ ਸਮਾਗਮ ਨੂੰ ਵਿਦੇਸ਼ੀ ਗੈੱਸਟ ਦੀ ‘ਮੀਟ ਐਂਡ ਗਰੀਟ’ ਤੋਂ ਵਿਦੇਸ਼ੀ ਰਾਜਸੀ ਗਤੀਵਿਧੀ ਬਣਾਉਣ ਵਾਲੀ ਲਾਈਨ ਬਹੁਤ ਬਾਰੀਕ ਹੈ। ਅਕਸਰ ਵਿਦੇਸ਼ੀ ਆਗੂ ਕੈਨੇਡਾ ਵਿੱਚ ‘ਮੀਟ ਐਂਡ ਗਰੀਟ’ ਅਤੇ ਖਾਸ ਸੰਸਥਾ ਦੇ ਸੱਦੇ ’ਤੇ ਭਾਸ਼ਣ ਦੇਣ ਵੀ ਆਉਂਦੇ ਹਨ ਜਿਸ ਵਾਸਤੇ ਉਹ ਮੋਟੀ ਮਾਇਆ ਵੀ ਵਸੂਲ ਕਰਦੇ ਹਨ ਜੋ ਕਿਸੇ ਫੰਡਰੇਜ਼ ਤੋਂ ਘੱਟ ਨਹੀਂ ਹੁੰਦੀ।
ਕੀ ਹੁਣ ਵਿਦੇਸ਼ੀ ਰਾਜਸੀ ਪਾਰਟੀਆਂ ਦੀਆਂ ਬਰਾਂਚਾਂ ਭੰਗ ਕਰ ਦਿੱਤੀਆਂ ਜਾਣਗੀਆਂ ਜਾਂ ਕਰ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ? ਕੀ ਕੈਨੇਡਾ ਸਰਕਾਰ ਹੁਣ ਇਸ ਵੱਲ ਧਿਆਨ ਦੇਵੇਗੀ ਅਤੇ ਕੋਈ ਕਾਰਵਾਈ ਕਰੇਗੀ? ਇਸ ਮੌਕੇ ਆਮ ਆਦਮੀ ਪਾਰਟੀ ਦੇ ਨਰਾਜ਼ ਐਮਪੀ ਧਰਮਵੀਰ ਗਾਂਧੀ ਕੈਨੇਡਾ ਫੇਰੀ ’ਤੇ ਹਨ ਅਤੇ ਸਮਰਥਕ ਇਸ ਨੂੰ ਗੈਰ ਰਾਜਸੀ ਫੇਰੀ ਦੱਸ ਰਹੇ ਹਨ। ਇਸੇ ਪਾਰਟੀ ਦੇ ਇੱਕ ਆਗੂ ਪਿਛਲੇ ਦਿਨੀਂ ਅਮਰੀਕਾ ਵਿੱਚ ਸਨ, ਸ਼ਾਇਦ ਕੈਨੇਡਾ ਵੀ ਆਉਣ।
ਪਤਾ ਲੱਗਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਖਿਲਾਫ਼ ਸ਼ਿਕਾਇਤ ਕਰਨ ਵਾਲਾ ਸੰਗਠਨ ਹੁਣ ਆਮ ਆਦਮੀ ਪਾਰਟੀ ਦੇ ਆਗੂਆਂ ਦੀਆਂ ਸੰਭਾਵੀ ਰੈਲੀਆਂ ਖਿਲਾਫ਼ ਵੀ ਸ਼ਿਕਾਇਤ ਕਰ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਖਿਲਾਫ਼ ਤਾਂ ਉਹਨਾਂ ਨੇ ਕਥਿਤ ਤੌਰ ’ਤੇ ਕੋਈ ਕਰਿਮੀਨਲ ਕੇਸ ਦਰਜ ਕਰਵਾਉਣ ਦੀ ਵੀ ਕੋਸ਼ਿਸ਼ ਕੀਤੀ ਸੀ ਜਿਸ ਦੀ ਬਹੁਤੀ ਜਾਣਕਾਰੀ ਕਿਸੇ ਕਾਰਨ ਜਨਤਕ ਨਹੀਂ ਕੀਤੀ ਗਈ। ਭਾਰਤ ਤੋਂ ਹਫ਼ਤਾ ਦਸ ਦਿਨ ਦੀ ਫੇਰੀ ’ਤੇ ਆਇਆ ਕੋਈ ਵੀ ਆਗੂ ਇੱਥੇ ਕਿਸੇ ਕਾਨੂੰਨੀ ਉਲਝਣ ਵਿੱਚ ਨਹੀਂ ਪੈਣਾ ਚਾਹੇਗਾ ਅਤੇ ਕੈਪਟਨ ਨੇ ਕੈਨੇਡਾ ਨਾ ਆ ਕੇ ਸਹੀ ਫੈਸਲਾ ਕੀਤਾ ਹੈ। ਕੁਝ ਲੋਕ ਸਮਝਦੇ ਹਨ ਇਸ ਨਾਲ ਕੈਪਟਨ ਦਾ ਪੰਜਾਬ ਵਿੱਚ ਸਮਰਥਨ ਵਧ ਵੀ ਸਕਦਾ ਹੈ। ਕੈਪਟਨ ਦਾ ਵਿਰੋਧ ਕਰਨ ਵਾਲਾ ਸੰਗਠਨ ਖੁਦ ਇੱਥੇ ਭਾਰਤੀ ਰਾਜਨੀਤੀ ਖੇਡਦਾ ਹੈ ਜਿਸ ਵਿੱਚ ਸਾਲ 2020 ਵਿੱਚ ਰੈਫਰੈਂਡਮ ਵਾਸਤੇ ਕੈਨੇਡਾ ਸਮੇਤ ਸਿੱਖਾਂ ਦੀ ਅਬਾਦੀ ਵਾਲੇ ਦੇਸ਼ਾਂ ਵਿੱਚ ਪੋਲਿੰਗ ਬੂਥ ਕਾਇਮ ਕਰਨੇ ਸ਼ਾਮਲ ਹਨ ਤਾਂਕਿ ਸਿੱਖ ਰਾਜ ਕਾਇਮ ਕੀਤਾ ਜਾ ਸਕੇ। ਵਿਦੇਸ਼ੀ ਰਾਜਸੀ ਗਤੀਵਿਧੀਆਂ ਕਰਨ ’ਤੇ ਰੋਕ ਲਗਾਉਣ ਵਾਲਾ ਨਿਯਮ ਸਭ ’ਤੇ ਬਰਾਬਰ ਲਾਗੂ ਹੋਣਾ ਚਾਹੀਦਾ ਹੈ।
*****
(278)
ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)