BalrajDeol7ਬਿਨਾਂ ਵਜਾਹ ਮੰਤਰੀਆਂਸੰਤਰੀਆਂ ਅਤੇ ਸਮਰਥਕਾਂ ਦੀ ਫੌਜ ਇਕੱਠੀ ਕਰ ਕੇ ਨਾਲ ਲੈ ਜਾਣਾ ...
(4 ਮਾਰਚ 2018)

 

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਭਾਰਤ ਫੇਰੀ ਤੋਂ ਭਾਵੇਂ 25 ਫਰਬਰੀ ਨੂੰ ਵਾਪਸ ਪਰਤ ਆਏ ਸਨ ਪਰ ਵਿਵਾਦਾਂ ਦਾ ਅਜੇ ਵੀ ਅੰਤ ਨਹੀਂ ਹੋ ਰਿਹਾ। ਇਹ ਫੇਰੀ ਆਪਣੇ ਆਪ ਵਿੱਚ ਵਿਵਾਦਗ੍ਰਸਤ ਫੇਰੀ ਬਣ ਕੇ ਰਹਿ ਗਈ ਹੈ। ਕੈਨਡਾ, ਭਾਰਤ ਅਤੇ ਅਮਰੀਕਾ ਸਮੇਤ ਕੁਝ ਹੋਰ ਦੇਸ਼ਾਂ ਦੇ ਮੀਡੀਆ ਵਿੱਚ ਇਸ ਫੇਰੀ ਦੀ ਚਰਚਾ ਦਾ ਇੱਕ ਤਰ੍ਹਾਂ ਨਾਲ ਹੜ੍ਹ ਹੀ ਆ ਗਿਆ ਹੈ। ਘੋਖਵੀਂ ਨਜ਼ਰੇ ਵਿਖਾਈ ਦਿੰਦਾ ਹੈ ਕਿ ਟਰੂਡੋ ਸਰਕਾਰ ਇਸ ਫੇਰੀ ਨੂੰ ਕਾਰਗਰ ਢੰਗ ਨਾਲ ਵਿਉਂਤ ਹੀ ਨਹੀਂ ਸਕੀ ਸੀ। ਸਰਕਾਰੀ ਵੈਲਕਮ ਅਤੇ ਮਿਲਣੀਆਂ ਤੋਂ ਪਹਿਲਾਂ ਸੈਰ-ਸਪਾਟੇ ਤੇ ਤੀਰਥ ਯਾਤਰਾ ਤੇ ਨਿਕਲ ਪੈਣਾ ਇੱਕ ਵੱਡੀ ਗਲਤੀ ਸੀ, ਜਿਸ ਨੇ ‘ਪਰੋਟੋਕੋਲ’ ਸਬੰਧੀ ਕਈ ਤਰ੍ਹਾਂ ਦੀਆਂ ਅਫਵਾਹਾਂ ਨੂੰ ਜਨਮ ਦਿੱਤਾ। ਬਿਨਾਂ ਵਜਾਹ ਮੰਤਰੀਆਂ, ਸੰਤਰੀਆਂ ਅਤੇ ਸਮਰਥਕਾਂ ਦੀ ਫੌਜ ਇਕੱਠੀ ਕਰ ਕੇ ਨਾਲ ਲੈ ਜਾਣਾ ਵੀ ਕੋਈ ਸਿਆਣਪ ਨਹੀਂ ਸੀ, ਜਿਸ ਨਾਲ ਇਹ ਇੱਕ ਮਹਿਜ਼ ਡਰਾਮਾ ਹੀ ਬਣ ਗਿਆ ਸੀ।

ਪੀਐੱਮਓ (Prime Ministers Office) ਨੂੰ ਇਹ ਮਸਲਾ ਗਹਿਰਾਈ ਨਾਲ ਵਿਚਾਰਨਾ ਚਾਹੀਦਾ ਹੈ ਕਿ ਸਰਕਾਰੀ ਡੈਲੀਗੇਸ਼ਨ ਸਲਿੱਮ-ਟਰਿੱਮ ਅਤੇ ਬਿਜ਼ਨੈੱਸ-ਲਾਈਕ ਕਿਉਂ ਨਹੀਂ ਸੀ? ਜੋ ਵਾਧੂ ਲੋਕ ਕਮਰਸ਼ਲ ਉਡਾਣਾਂ ਰਾਹੀਂ ਭਾਰਤ ਪੁੱਜ ਕੇ ਇਸ ਫੇਰੀ ਦਾ ਹਿੱਸਾ ਬਣ ਗਏ ਸਨ, ਉਹਨਾਂ ਨੂੰ ਇਸ ਦੀ ਆਗਿਆ ਕਿਉਂ ਦਿੱਤੀ ਗਈ? ਉਹ ਭਾਵੇਂ ਲਿਬਰਲ ਪਾਰਟੀ, ਪ੍ਰਧਾਨ ਮੰਤਰੀ ਟਰੂਡੋ ਜਾਂ ਮੰਤਰੀਆਂ ਅਤੇ ਸੰਤਰੀਆਂ ਦੇ ਕਿੱਡੇ ਵੱਡੇ ਸਮਰਥਕ ਹੋਣ, ਉਹਨਾਂ ਨੂੰ ਨੇੜੇ ਢੁੱਕਣ ਦੇਣਾ ਇੱਕ ਵੱਡੀ ਭੁੱਲ ਸੀ। ਅਗਰ ਕੈਨੇਡਾ ਤੋਂ ਚੱਲ ਕੇ ਟੌਹਰ ਵਿਖਾਉਣ ਗਏ ਸੈਂਕੜੇ ਕਥਿਤ ਸਮਰਥਕਾਂ ਦਾ ਘਮਸਾਣ ਇਸ ਫੇਰੀ ਤੇ ਭਾਰੂ ਨਾ ਪੈਂਦਾ ਤਾਂ ਜਸਪਾਲ ਅਟਵਾਲ ਵਰਗੇ ਨੇੜੇ ਨਹੀਂ ਸਨ ਫਰਕ ਸਕਦੇ। ਪਰ ਜਸਪਾਲ ਅਟਵਾਲ ਵਰਗਿਆਂ ਨੂੰ ਦੂਰ ਰੱਖਣ ਵਾਸਤੇ ਮੰਤਰੀਆਂ ਅਤੇ ਸੰਤਰੀਆਂ ਦੇ ਨਜ਼ਦੀਕੀਆਂ ਨੂੰ ਵੀ ਦੂਰ ਰੱਖਣਾ ਪੈਣਾ ਸੀ।

ਪੀਐੱਮਓ ਨੂੰ ਇਹ ਵੀ ਵਿਚਾਰਨਾ ਚਾਹੀਦਾ ਹੈ ਕਿ ਕਿਸੇ ਹੋਰ ਦੇਸ਼ ਦੀ ਫੇਰੀ ਮੌਕੇ ਇੰਨੀ ਘਸਮਾਣਚੌਦੇ ਦੀ ਲੋੜ ਕਿਉਂ ਨਹੀਂ ਪੈਂਦੀ? ਕੈਨੇਡਾ ਵਿੱਚ ਚੀਨੀ ਪਿਛੋਕੜ ਦੇ ਕਨੇਡੀਅਨ ਵੀ ਬਹੁਤ ਗਿਣਤੀ ਵਿੱਚ ਰਹਿੰਦੇ ਹਨ ਪਰ ਚੀਨ ਦੀ ਫੇਰੀ ਮੌਕੇ ਡੈਲੀਗੇਸ਼ਨ ਬਿਜ਼ਨੈੱਸ-ਲਾਈਕ ਹੀ ਰਿਹਾ ਸੀ। ਭਾਰਤ ਦੀ ਫੇਰੀ ਮੌਕੇ ਵੀ ਅਜਿਹਾ ਹੀ ਹੋਣਾ ਚਾਹੀਦਾ ਸੀ ਅਤੇ ਰਾਸਧਾਰੀਆਂ ਦੀ ਫੌਜ ਦੀ ਕੋਈ ਲੋੜ ਲੋੜ ਨਹੀਂ ਸੀ।

ਟੋਰਾਂਟੋ ਸਟਾਰ ਵਰਗੇ ਲਿਬਰਲ ਪੱਖੀ ਅਖ਼ਬਾਰ ਵਿੱਚ ਵੀ ਇਸ ਫੇਰੀ ਦੀ ਨੁਕਤਾਚੀਨੀ ਵਾਲੇ ਲੇਖ ਪ੍ਰਕਾਸ਼ਤ ਹੋਏ ਹਨ। ਟੋਰਾਂਟੋ ਸਟਾਰ ਦੇ ਇੱਕ ਲੇਖ ਦਾ ਕੁਝ ਜ਼ਿਕਰ ਕਰਨਾ ਕੁਥਾਏਂ ਨਹੀਂ ਹੋਵੇਗਾ ਜਿਸ ਵਿੱਚ ਪ੍ਰਧਾਨ ਮੰਤਰੀ ਟਰੂਡੋ ਦੀ ਫੇਰੀ ਨੂੰ ‘ਪਾਰਸ਼ਲ-ਡੀਜ਼ਾਸਟਰ’ ਆਖਿਆ ਗਿਆ ਹੈ। ਕਾਲਮ ਨਵੀਸ ਥਾਮਸ ਵਾਲਕਮ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਦਾ ਟਰਿੱਪ ‘ਡੀਜ਼ਾਸਟਰ’ ਨਹੀਂ ਸੀ, ਇਸ ਨੂੰ ਵੱਧ ਤੋਂ ਵੱਧ ‘ਪਾਰਸ਼ਲ-ਡੀਜ਼ਾਸਟਰ’ ਆਖਿਆ ਜਾ ਸਕਦਾ ਹੈ ਕਿਉਂਕਿ ਇਸ ਨੇ ਆਪਣਾ ਮੰਤਵ ਪੂਰਾ ਕਰ ਲਿਆ ਹੈ। ਫੇਰੀ ਦੇ ‘ਮੰਤਵ’ ਬਾਰੇ ਕਾਲਮ ਨਵੀਸ ਲਿਖਦਾ ਹੈ ਕਿ ਮੰਤਵ ਅਗਲੀਆਂ ਚੋਣਾਂ ਵਾਸਤੇ ਵਧੀਆ ਤਸਵੀਰਾਂ ਖਿਚਵਾਉਣਾ ਸੀ ਜੋ ਪੂਰਾ ਹੋ ਗਿਆ ਹੈ। ਇਹ ਤਨਜ਼ ਭਰਿਆ ਵਿਸ਼ਲੇਸ਼ਣ ਅਸਲੀਅਤ ਦੇ ਬਹੁਤ ਨੇੜੇ ਜਾਪਦਾ ਹੈ।

ਇਹ ਵੱਖਰੀ ਗੱਲ ਹੈ ਕਿ ਅੱਜ ਪ੍ਰਧਾਨ ਮੰਤਰੀ ਦੀ ਬੱਲੇ ਬੱਲੇ ਉਹ ਲੋਕ ਕਰ ਰਹੇ ਹਨ ਜਿਹਨਾਂ ਦੀ ਵਿਚਾਰਧਾਰਾ ਕਾਰਨ ਇਹ ਫੇਰੀ ਗਹਿਰੇ ਵਿਵਾਦਾਂ ਵਿੱਚ ਘਿਰੀ ਹੈ। ਸੋਸ਼ਲ ਮੀਡੀਆ ਅਤੇ ਵੱਖਵਾਦ ਦੀ ਹਾਮੀ ਭਰਨ ਵਾਲੇ ਮੀਡੀਆ ਰਾਹੀਂ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪ੍ਰਧਾਨ ਮੰਤਰੀ ਦੀ ਫੇਰੀ ਨੂੰ ਜਾਣ ਬੁੱਝ ਕੇ ਵਿਵਾਦਗ੍ਰਸਤ ਬਣਾਇਆ ਗਿਆ ਹੈ। ਇਸ ਨੂੰ ਸਾਬਤ ਕਰਨ ਵਸਤੇ ਕੋਈ ਢੁੱਕਵਾਂ ਸਬੂਤ ਨਹੀਂ ਦਿੱਤਾ ਜਾ ਰਿਹਾ। ਕੋਈ ਆਖਦਾ ਹੈ ਮੋਦੀ ਏਅਰਪੋਰਟ ਤੇ ਨਹੀਂ ਪੁੱਜਾ, ਕੋਈ ਆਖਦਾ ਹੈ ਕਿ ਖਾਲਿਸਤਾਨ ਦਾ ਮੁੱਦਾ ਭੜਕਾਇਆ ਗਿਆ ਹੈ, ਕੋਈ ਆਖਦਾ ਹੈ ਕਿ ਜਸਪਾਲ ਅਟਵਾਲ ਨੂੰ ਭਾਰਤੀ ਏਜੰਸੀਆਂ ਨੇ ਪਲਾਂਟ ਕੀਤਾ ਹੈ ਅਤੇ ਕੋਈ ਆਖਦਾ ਹੈ ਭਾਰਤੀ ਮੀਡੀਆ ਨੇ ਅਟਵਾਲ ਵਾਲਾ ਮਾਮਲਾ ਜਾਣਬੁੱਝ ਕੇ ਭੜਕਾਇਆ ਹੈ। ਸੱਚ ਇਹ ਹੈ ਕਿ ਜਸਪਾਲ ਅਟਵਾਲ ਵਲੋਂ ਮੁੰਬਈ ਵਿੱਚ ਮੈਡਮ ਟਰੂਡੋ ਅਤੇ ਮੰਤਰੀ ਸੋਹੀ ਨਾਲ ਮੋਢੇ ਘਸਾਉਣ ਵਾਲੀਆਂ ਤਸਵੀਰਾਂ ਪਹਿਲਾਂ ਮੁੱਖਧਾਰਾ ਦੇ ਕਨੇਡੀਅਨ ਮੀਡੀਆ ਵਿੱਚ ਛਪੀਆਂ ਸਨ। ਇਹ ਤਸਵੀਰਾਂ ਨਾ ਭਾਰਤੀ ਮੀਡੀਆ ਨੇ ਖਿੱਚੀਆਂ ਸਨ ਅਤੇ ਨਾ ਕਿਸੇ ਭਾਰਤੀ ਏਜੰਸੀ ਨੇ ਖਿੱਚੀਆਂ ਸਨ। ਇਰਾਦਾ ਕਤਲ ਕੇਸ ਵਿੱਚ 20 ਸਾਲ ਕੈਦ ਦੀ ਸਜ਼ਾ ਪਾਉਣ ਵਾਲਾ ਅਟਵਾਲ, ਪ੍ਰਧਾਨ ਮੰਤਰੀ ਸਮੇਤ ਕਈ ਵੱਡੇ ਲਿਬਰਲਾਂ ਦਾ ਨੇੜੂ ਸੀ ਅਤੇ ਲਿਬਰਲ ਐੱਮਪੀ ਰਣਦੀਪ ਸਰਾਏ ਦੀ ਮਦਦ ਨਾਲ ਦੋ ਸਰਕਾਰੀ ਰੀਸੈਪਸ਼ਨਾਂ ਲਈ ਲਿਖਤੀ ਸੱਦਾ ਪੱਤਰ ਪ੍ਰਾਪਤ ਕਰਨ ਵਿੱਚ ਕਾਮਯਾਬ ਹੋਇਆ ਸੀ।

27 ਫਰਵਰੀ, ਦਿਨ ਮੰਗਲਵਾਰ ਨੂੰ ਕਨੇਡੀਅਨ ਸੰਸਦ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਵਿਰੋਧੀ ਧਿਰ ਦੇ ਸਖ਼ਤ ਹਮਲਿਆਂ ਦਾ ਸਾਹਮਣਾ ਕਰਨਾ ਪਿਆ। ਵਿਰੋਧੀ ਧਿਰ ਦੇ ਸਵਾਲਾਂ ਦੇ ਜਵਾਬ ਦਿੰਦੇ ਪ੍ਰਧਾਨ ਮੰਤਰੀ ਟਰੂਡੋ ਦੇ ਚਿਹਰੇ ਤੇ ਚਿੰਤਾ ਸਪਸ਼ਟ ਵੇਖੀ ਜਾ ਸਕਦੀ ਸੀ। ਇਸ ਸਵਾਲ-ਜਵਾਬ ਦੇ ਦੌਰ ਵਿੱਚ ਪ੍ਰਧਾਨ ਮੰਤਰੀ ਨੇ ਅਸਿੱਧੇ ਢੰਗ ਨਾਲ ਇੱਕ ਬਹੁਤ ਵੱਡੀ ਗੱਲ ਆਖ ਦਿੱਤੀ। ਉਹਨਾਂ ਆਖ ਦਿੱਤਾ ਕਿ ਕਨੇਡੀਅਨ ਡਿਪਲੋਮੈਟ ਅਤੇ ਏਜੰਸੀਆਂ ਦੇ ਅਫਸਰ ਜੋ ਪ੍ਰਤੀਕਰਮ ਦਿੰਦੇ ਹਨ, ਉਹ ਠੋਸ ਜਾਣਕਾਰੀ ਦੇ ਅਧਾਰ ਤੇ ਹੁੰਦੇ ਹਨ। ਪ੍ਰਧਾਨ ਮੰਤਰੀ ਟਰੂਡੋ ਬਿਨਾਂ ਨਾਮ ਲਏ ਕੌਮੀ ਸੁਰੱਖਿਆ ਸਲਾਹਕਾਰ ਡੈਨੀਅਲ ਜੀਨ ਦੇ ‘ਗੁਪਤ’ ਹਵਾਲੇ ਨਾਲ ਆਈਆਂ ਮੀਡੀਆ ਰਿਪੋਰਟਾਂ ਵੱਲ ਇਸ਼ਾਰਾ ਕਰ ਰਹੇ ਸਨ ਜਿਹਨਾਂ ਵਿੱਚ ਕਿਹਾ ਕਿ ਗਿਆ ਸੀ ਕਿ ਭਾਰਤੀ ਏਜੰਸੀਆਂ ਦੇ ਕੁਝ ਤੱਤ ਟਰੂਡੋ ਦੀ ਫੇਰੀ ਨੂੰ ਸਾਬੋਤਾਜ ਕਰਨ ਦੇ ਪਿੱਛੇ ਹਨ। ਉਂਝ ਕੈਨੇਡਾ ਸਰਕਾਰ ਦੋ ਦਿਨ ਪਹਿਲਾਂ ਇਸ ਨੂੰ ਗ਼ਲਤ ਆਖ ਚੁੱਕੀ ਸੀ।

ਪੁੱਛਣਾ ਬਣਦਾ ਹੈ ਕਿ ਅਗਰ ਫੇਰੀ ਨੂੰ ਸਾਬੋਤਾਜ ਕਰਨਾ ਭਾਰਤੀ ਏਜੰਸੀਆਂ ਦੇ ਕੁਝ ਤੱਤਾਂ ਦੀ ਸਾਜ਼ਿਸ਼ ਸੀ ਤਾਂ ਲਿਬਰਲ ਐੱਮਪੀ ਰਣਦੀਪ ਸਿੰਘ ਸਰਾਏ ਦੀ ਕੁਰਬਾਨੀ ਕਿਉਂ ਦਿੱਤੀ ਗਈ? ਫੇਰੀ ਦੌਰਾਨ ਜਸਪਾਲ ਅਟਵਾਲ ਦਾ ਵਿਵਾਦ ਭਖਦੇ ਸਾਰ ਹੀ ਪ੍ਰਧਾਨ ਮੰਤਰੀ ਨੇ ਉਸ ਨੂੰ ਸੱਦਾ ਦੇਣ ਨੂੰ ਇੱਕ ਵੱਡੀ ਗਲਤੀ ਕਰਾਰ ਦਿੱਤਾ ਸੀ ਅਤੇ ਸੱਦਾ ਦਿਵਾਉਣ ਵਾਲੇ ਐੱਮਪੀ ਸਰਾਏ ਦੀ ਕੈਨੇਡਾ ਪੁੱਜ ਕੇ ਕਲਾਸ ਲਗਉਣ ਦੀ ਗੱਲ ਵੀ ਆਖ ਦਿੱਤੀ ਸੀ। ਭਾਰਤ ਵਿੱਚ ਫੇਰੀ ਦੌਰਾਨ ਹੀ ਲਿਬਰਲ ਐੱਮਪੀ ਰਣਦੀਪ ਸਿੰਘ ਸਰਾਏ ਨੇ ਮੰਨ ਲਿਆ ਸੀ ਕਿ ਜਸਪਾਲ ਅਟਵਾਲ ਨੂੰ ਸੱਦਾ ਪੱਤਰ ਦਿਵਾਉਣਾ ਉਸ ਦੀ ਵੱਡੀ ਭੁੱਲ ਸੀ ਅਤੇ ਉਹ ਇਸ ਦੀ ਪੂਰੀ ਜ਼ਿੰਮੇਵਾਰੀ ਲੈਂਦਾ ਹੈ।

SaraiAplogy2ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨੇ ਇਕ ਪਾਸੇ ਸੰਸਦ ਵਿੱਚ ਕਨੇਡੀਅਨ ਡਿਪਲੋਮੈਟਾਂ ਤੇ ਏਜੰਸੀਆਂ ਦੇ ਅਧਿਕਾਰੀਆਂ ਦੇ ਪ੍ਰਗਟਾਵੇ ਵਿੱਚ ਵਿਸ਼ਵਾਸ ਪ੍ਰਗਟ ਕਰ ਦਿੱਤਾ ਅਤੇ ਦੂਜੇ ਪਾਸੇ ਐੱਮਪੀ ਸਰਾਏ ਦੀ ਕਲਾਸ ਲਗਾ ਕੇ ‘ਪੈਸੇਫਿਕ ਲਿਬਰਲ ਕਾਕਸ’ ਦੇ ਚੇਅਰਮੈਨ ਵਜੋਂ ਉਸ ਦਾ ਅਸਤੀਫਾ ਵੀ ਲੈ ਲਿਆ। ਐੱਮਪੀ ਰਣਦੀਪ ਸਿੰਘ ਸਰਾਏ ਨੇ ਇਸ ਵਿਵਾਦ ਦਾ ਕਾਰਨ ਬਣਨ ਲਈ ਫਿਰ ਮੁਆਫ਼ੀ ਮੰਗੀ ਅਤੇ ਨਾਲ ਹੀ ਮੁਆਫ਼ੀ ਮੰਗਦਿਆਂ ਟਵੀਟ ਵੀ ਕੀਤਾ। ਇਸ ਟਵੀਟ ਤੋਂ ਸਪਸ਼ਟ ਹੈ ਕਿ ਸਾਬਕਾ ਸਜਾਯਾਫ਼ਤਾ ਖਾਲਿਸਤਾਨੀ ਜਸਪਾਲ ਅਟਵਾਲ ਨੂੰ ਦੋ ਸਰਕਾਰੀ (ਕੈਨੇਡੀਅਨ) ਸਮਾਗਮਾਂ ਲਈ ਲਿਖਤੀ ਸੱਦਾ ਦਿਵਾਉਣ ਵਿੱਚ ਸਰਾਏ ਦਾ ਸਿੱਧਾ ਹੱਥ ਸੀ ਅਤੇ ਅਗਰ ਅਜਿਹਾ ਨਾ ਹੋਇਆ ਹੁੰਦਾ ਤਾਂ ਪ੍ਰਧਾਨ ਮੰਤਰੀ ਨੂੰ ਨਮੋਸ਼ੀ ਦਾ ਸਾਹਮਣਾ ਨਹੀਂ ਸੀ ਕਰਨਾ ਪੈਣਾ। ਆਪਣੇ ਪ੍ਰਤੀਕਰਮ ਵਿੱਚ ਭਾਰਤੀ ਵਿਦੇਸ਼ ਵਿਭਾਗ ਦੇ ਬੁਲਾਰੇ ਨੇ ਇਸ ਮਾਮਲੇ ਵਿੱਚ ਕਿਸੇ ਵੀ ਭੂਮਿਕਾ ਨੂੰ ਮੁੱਢੋਂ ਨਕਾਰ ਦਿੱਤਾ ਹੈ।

*****

(1042)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਬਲਰਾਜ ਦਿਓਲ

ਬਲਰਾਜ ਦਿਓਲ

Brampton, Ontario, Canada.
Email: (balrajdeol@rogers.com)

More articles from this author