“ਸਰਕਾਰਾਂ ਨਵੇਂ ਨਿਯਮ ਬਣਾ ਕੇ ਮਘੋਰੇ ਬੰਦ ਕਰਦੀਆਂ ਹਨ ਪਰ ਚੋਰ ਫਿਰ ਨਵੀਂਆਂ ਮੋਰੀਆਂ ਕਰ ਲੈਂਦੇ ਹਨ ...”
(1 ਦਸੰਬਰ 2016)
ਭਾਰਤ ਸਰਕਾਰ ਨੇ 8 ਨਵੰਬਰ ਨੂੰ 500 ਅਤੇ 1000 ਰੁਪਏ ਦੇ ਨੋਟਾਂ ਦੀ ਨੋਟਬੰਦੀ ਦਾ ਐਲਾਨ ਕਰ ਕੇ ਭਰਿੰਡਾਂ ਦੇ ਖੱਖਰ ਨੂੰ ਹੱਥ ਪਾ ਲਿਆ ਹੈ। ਜੋ ਲੋਕ ਮੋਦੀ ਨੂੰ ਕਾਲੇ ਧੰਨ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕਰ ਰਹੇ ਸਨ, ਉਹ ਇਸ ਨੂੰ ਲੋਕ ਵਿਰੋਧੀ ਕਦਮ ਅਤੇ ਫਰਾਡ ਦੱਸ ਰਹੇ ਹਨ। ਭਾਰਤ ਵਿੱਚ ਕਾਲਾ ਧੰਨ ਕੈਸ਼ ਸਮੇਤ ਕਈ ਰੂਪਾਂ ਵਿੱਚ ਰੱਖਿਆ ਜਾਂਦਾ ਹੈ। ਇਸ ਨਾਲ ਮਹਿੰਗੀਆਂ ਚੀਜ਼ਾਂ, ਲਗਜ਼ਰੀ ਕਾਰਾਂ, ਲਗਜ਼ਰੀ ਘਰ, ਬੇਨਾਮੀਆਂ ਜ਼ਮੀਨਾਂ, ਮਹਿੰਗੀਆਂ ਅਜਾਸ਼ੀ ਭਰੀਆਂ ਛੁੱਟੀਆਂ, ਮਹਿੰਗੇ ਵਿਆਹ ਅਤੇ ਪਾਰਟੀਆਂ ਕੀਤੀਆਂ ਜਾਂਦੀਆਂ ਹਨ। ਜ਼ਮੀਨਾਂ ਅਤੇ ਮਕਾਨ ਖਰੀਦਣ ਵੇਲੇ ਅੱਧੀ ਤੋਂ ਵੱਧ ਰਕਮ ਬਾਹਰੋ ਬਾਹਰ ਕੈਸ਼ ਅਦਾ ਕੀਤੀ ਜਾਂਦੀ ਹੈ, ਜਿਸ ਨਾਲ ਟੈਕਸ ਚੋਰੀ ਹੁੰਦਾ ਹੈ ਅਤੇ ਕੀਮਤਾਂ ਵਿੱਚ ਭਾਰੀ ਵਾਧਾ ਹੁੰਦਾ ਹੈ।
ਹੁਣ ਜਦ ਨੋਟਬੰਦੀ ਕੀਤੀ ਗਈ ਹੈ ਤਾਂ ਧੰਨਕੁਬੇਰਾਂ ਨੇ ਨੋਟ ਬਦਲਣ ਵਾਸਤੇ ਗਰੀਬ ਲੋਕਾਂ ਨੂੰ ਵਰਤਣਾ ਸ਼ੁਰੂ ਕਰ ਦਿੱਤਾ ਹੈ ਜੋ ਅਮੀਰਾਂ ਵਾਸਤੇ ਲਾਈਨਾਂ ਵਿੱਚ ਲਗਦੇ ਹਨ ਅਤੇ ਕਮਿਸ਼ਨ ਲੈਂਦੇ ਹਨ। ਕਈ ਅਮੀਰਾਂ ਨੇ ਪਹਿਲੇ ਦਿਨੀਂ ਸੋਨਾ ਵੀ ਬਹੁਤ ਖਰੀਦਿਆ ਹੈ। ਜਨਧਨ ਯੋਜਨਾ ਅਧੀਨ ਖੋਲ੍ਹੇ ਗਏ ਕਈ ਗਰੀਬਾਂ ਦੇ ਖਾਤੇ ਵੀ ਭਰ ਗਏ ਹਨ। ਕਈਆਂ ਨੇ ਕੈਸ਼ ਦੇ ਕੇ ਪੋਸਟ ਡੇਟਿਡ ਚੈੱਕ ਲੈ ਲਏ ਹਨ ਅਤੇ ਕਈ ਨੇ 30 ਤੋਂ 50% ਤੱਕ ਕਮਿਸ਼ਨ ਦੇ ਰਹੇ ਹਨ। ਇੰਝ ਤਬਦੀਲ ਕਰਵਾਇਆ ਕਈਆਂ ਦਾ ਧੰਨ ਡੁੱਬ ਵੀ ਜਾਵੇਗਾ ਅਤੇ ਕਈਆਂ ਨੂੰ ਕਮਿਸ਼ਨਾਂ ਦੀ ਕਾਟ ਝੱਲਣੀ ਪਵੇਗੀ। ਉਂਝ ਇਸ ਤਰ੍ਹਾਂ ਨੋਟਬਦਲੀ ਕਰਨ ਨਾਲ ਗਰੀਬਾਂ ਨੂੰ ਲਾਭ ਹੀ ਹੋ ਰਿਹਾ ਹੈ ਜਿਹਨਾਂ ਨੂੰ ਮੋਟਾ ਕਮਿਸ਼ਨ ਮਿਲ ਰਿਹਾ ਹੈ। ਇਸ ਕਿਸਮ ਦੀ ਹੇਰਾਫੇਰੀ ਵੀ ਕੁਝ ਗਰੀਬਾਂ ਦਾ ਸਵਾਰ ਹੀ ਰਹੀ ਹੈ। ਜਿਹਨਾਂ ਅਮੀਰਾਂ ਨੇ ਸਰਕਾਰ ਦੇ ਕਾਲੇ ਧੰਨ ਨੂੰ ਚਿੱਟਾ ਕਰਨ ਵਾਸਤੇ ਪੇਸ਼ ਕੀਤੀ ਗਈ ਪਲਾਨ ਹੇਠ ਸਰਕਾਰ ਨੂੰ ਟੈਕਸ ਅਦਾ ਕਰਨ ਤੋਂ ਆਨਾਕਾਨੀ ਕੀਤੀ ਸੀ ਉਹ ਹੁਣ ਗਰੀਬਾਂ ਨੂੰ ਨੋਟਬਦਲੀ ਵਾਸਤੇ ਕਮਿਸ਼ਨ ਦੇ ਰਹੇ ਹਨ। ਦੇਰ ਆਏ ਦਰੁਸਤ ਆਏ, ਗੱਲ ਕਾਨੂੰਨੀ ਨਾ ਸਹੀ ਪਰ ਗਰੀਬਾਂ ਦਾ ਕੁਝ ਫਾਇਦਾ ਹੋ ਰਿਹਾ ਹੈ।
ਵਿਦੇਸ਼ ਬੈਠੇ ਕਈ ਲੋਕ ਬਹੁਤ ਫਜ਼ੂਲ ਦੀਆਂ ਗੱਲਾਂ ਕਰਦੇ ਹਨ, ਅਖੇ ਭਾਰਤੇ ਦੇ ਕਾਨੂੰਨ ਮਾੜੇ ਹਨ ਅਤੇ ਸਰਕਾਰਾਂ ਜਾਣ ਬੁੱਝ ਕੇ ਮਾੜੇ ਕਾਨੂੰਨ ਬਣਾਉਂਦੀਆਂ ਹਨ।
ਕੈਨੇਡਾ ਵਰਗੇ ਦੇਸ਼ਾਂ ਦੇ ਕਾਨੂੰਨ ਤਾਂ ਚੰਗੇ ਹਨ ਪਰ ਕੀ ਅਸਾਂ ਚੰਗੇ ਰਹਿਣ ਦਿੱਤੇ ਹਨ? ਭਾਰਤ ਦੇ ਰੱਦ ਕੀਤੇ ਵੱਡੇ ਨੋਟ ਇਸ ਦੇਸ਼ ਵਿੱਚ ਡੰਕੇ ਦੀ ਚੋਟ ’ਤੇ ਬਦਲੇ ਜਾ ਰਹੇ ਹਨ। ਪਹਿਲਾਂ 100 ਰੁਪਏ ਦਾ ਇਕ ਡਾਲਰ ਅਤੇ ਫਿਰ 120 ਰੁਪਏ ਦਾ ਇਕ ਡਾਲਰ ਰੇਟ ਹੋ ਗਿਆ। ਵੱਟੇ ਵਿੱਚ ਸੋਨਾ, ਗਹਿਣੇ, ਕੰਬਲ ਅਤੇ ਪੀਜ਼ਾ ਆਫ਼ਰ ਕੀਤੇ ਗਏ। ਫਿਰ ਭਾਰਤ ਵਿੱਚ ਪਏ ਪੁਰਾਣੇ ਨੋਟਾਂ (ਭਾਵੇਂ ਰਿਸ਼ਤੇਦਾਰਾਂ ਦੇ) ਨੂੰ ਇੱਥੇ ਡਾਲਰਾਂ ਵਿੱਚ ਬਦਲਣ ਦੀਆਂ ਐਡਾਂ ਰੇਡੀਓ ਪ੍ਰੋਗਰਾਮਾਂ ਵਿੱਚ ਲਗਾਈਆਂ ਗਈਆਂ। ਉਹ ਮੀਡੀਆਕਾਰ ਵੀ ਇਸ ਕਿਸਮ ਦੀਆਂ ਐਡਾਂ ਦਿੰਦੇ ਰਹੇ ਜੋ ਪੂਰੀ ਤਰ੍ਹਾਂ ਲੋਕ ਹਿਤਾਂ ਨੂੰ ਪਰਣਾਏ ਹੋਏ ਦੱਸਦੇ ਹਨ ਅਤੇ ਹਰ ਰੋਜ਼ ਭਾਰਤੀ ਸਿਸਟਮ ਦੀਆਂ ਖਾਮੀਆਂ ਗਿਣਾਉਣ ’ਤੇ ਹੀ ਸਾਰਾ ਸਮਾਂ ਲਾਉਂਦੇ ਹਨ। ਪਰ ਨੋਟ-ਬਦਲੀ ਵਾਸਤੇ ‘ਹਵਾਲਾ’ ਨੂੰ ਲੱਕ ਬੰਨ ਕੇ ਪ੍ਰੋਮੋਟ ਕਰਦੇ ਰਹੇ ਹਨ ਜੋ ਕਿ ਕੈਨੇਡੀਅਨ ਨਿਯਮਾਂ ਹੇਠ ਵੀ ਗੈਰ ਕਾਨੂੰਨੀ ਹੈ। ਕੁਝ ਮੀਡੀਆਕਾਰ ਅਜਿਹੇ ਹਵਾਲਾ ਵਪਾਰ ਵਿੱਚ ਹਿੱਸੇਦਾਰ ਹਨ ਅਤੇ ਕੁਝ ਖੁਦ ਪੁਰਾਣੇ ਨੋਟ ਅੱਧੀ ਕੀਮਤ ’ਤੇ ਖਰੀਦ ਕੇ ਭਾਰਤ ਲੈ ਗਏ ਹਨ। ਹੋਰ ਤਾਂ ਹੋਰ ਬਾਬੇ ਨਾਨਕ ਦੇ ਨਾਮ ’ਤੇ ‘ਸੇਵਾ ਫੂਡ ਬੈਂਕ ਨੇ ਰੇਡੀਓਥਾਨ’ ਮੌਕੇ ਬੰਦ ਕੀਤੀ ਗਈ ਭਾਰਤੀ ਕਰੰਸੀ ‘ਦਾਨ’ ਵਜੋਂ ਪ੍ਰਵਾਨ ਕੀਤੀ ਹੈ। ਇਸ ‘ਦਾਨ’ ਨੂੰ ਤਬਦੀਲ ਕਿਵੇਂ ਕੀਤਾ ਜਾਵੇਗਾ? ਇਹ ਤਾਂ ਉਹ ਹੀ ਜਾਣਦੇ ਹੋਣਗੇ ਪਰ ‘ਹਵਾਲਾ’ ਤੋਂ ਬਿਨਾਂ ਹੋਰ ਚਾਰਾ ਸ਼ਾਇਦ ਨਾ ਹੋਵੇ।
ਕਾਨੂੰਨ ਉੰਨੇ ਕੁ ਹੀ ਚੰਗੇ ਹੁੰਦੇ ਹਨ ਜਿੰਨੇ ਕੁ ਸ਼ਹਿਰੀ ਚੰਗੇ ਹੋਣ। ਭਾਰਤੀ ਕਾਨੂੰਨ ਮਾੜੇ ਅਤੇ ਵਿਦੇਸ਼ੀ ਕਾਨੂੰਨ ਚੰਗੇ ਦੀਆਂ ਗੱਲਾਂ ਸੁਣ ਕੇ ਵਿਦੇਸ਼ੀ ਕਾਨੂੰਨਾਂ ਦੀ ਦੁਰਵਰਤੋਂ ਦੀਆਂ ਕਈ ਉਦਾਹਰਣਾਂ ਅੱਖਾਂ ਸਾਹਮਣਿਓਂ ਫਿਲਮਾਂ ਵਾਂਗ ਚੱਲਣ ਲੱਗ ਜਾਂਦੀਆਂ ਹਨ।
ਭੈਣਾਂ, ਕਜ਼ਨਾਂ, ਭਤੀਜੀਆਂ ਅਤੇ ਇੱਥੋਂ ਤੱਕ ਕੇ ਧੀਆਂ ਨਾਲ ਵੀ ਵਿਆਹ ਕਰਵਾ ਕੇ ਲੋਕਾਂ ਨੇ ਕੈਨੇਡਾ ਸਮੇਤ ਕਈ ਪੱਛਮੀ ਦੇਸ਼ਾਂ ਵਿੱਚ ਇਮੀਗਰੇਸ਼ਨ ਲਈ ਹੈ। ਕੀ ਕੈਨੇਡਾ ਦੇ ਕਾਨੂੰਨ ਵਿੱਚ ਖੋਟ ਹੈ ਜਾਂ ਲਾਲਚ ਵੱਸ ਕੁਝ ਲੋਕਾਂ ਦੀ ਨੈਤਿਕਤਾ ਉਡਾਰੀ ਮਾਰ ਗਈ ਹੈ ਜਾਂ ਮਾਰ ਗਈ ਸੀ?
ਮੋਟੇ ਪੈਸੇ ਲੈ ਕੇ ਵੀ ਜਾਅਲੀ ਵਿਆਹ ਕੀਤੇ ਅਤੇ ਕਰਵਾਏ ਜਾਂਦੇ ਹਨ ਤਾਂ ਕਿ ਇਮੀਗਰੇਸ਼ਨ ਲਈ ਜਾਂ ਦਿਵਾਈ ਜਾ ਸਕੇ। ਕੀ ਇਹ ਕਨੇਡੀਅਨ ਇਮੀਗਰੇਸ਼ਨ ਕਾਨੂੰਨ ਦੀ ਖੋਟ ਹੈ ਜਾਂ ਹੇਰਾਫੇਰੀ ਕਰਨ ਵਾਲਿਆਂ ਦੀ ਨੈਤਿਕਤਾ ਦਾ ਦੀਵਾਲੀਆਪਨ ਹੈ?
ਬਕਾਇਦਾ ਰਿਸ਼ਤੇਦਾਰਾਂ ਦੀ ਵਿਚੋਲਗੀ ਨਾਲ ਧਾਰਮਿਕ ਮਰਿਯਾਦਾ ਨਾਲ ਅਸਲੀ ਵਿਅਹ ਕਰਵਾਏ ਜਾਂਦੇ ਹਨ ਅਤੇ ਫਿਰ ਵਿਦੇਸ਼ ਪੁੱਜਣ ’ਤੇ ਏਅਰਪੋਰਟ ਤੋਂ ਉਡਾਰੀ ਮਾਰੀ ਜਾਂਦੀ ਹੈ। ਕੀ ਇਹ ਕੈਨੇਡਾ ਦੇ ਇਮੀਗਰੇਸ਼ਨ ਕਾਨੂੰਨ ਦੀ ਖੋਟ ਹੈ ਜਾਂ ਇਸ ਲਈ ਵੀ ਮੋਦੀ ਸਰਕਾਰ ਜ਼ਿੰਮੇਵਾਰ ਹੈ?
ਕਈ ਕੈਨੇਡਾ ਵਸਦੇ ਵੱਖ ਵੱਖ ਦੇਸ਼ਾਂ ਦੇ ਪ੍ਰਵਾਸੀ ਆਪਣੇ ਦੇਸ਼ਾਂ ਵਿੱਚ ਮੋਟੀਆਂ ਪ੍ਰਾਪਰਟੀਆਂ ਦੇ ਮਾਲਕ ਹਨ ਜਿਹਨਾਂ ਤੋਂ ਚੋਖੀ ਆਮਦਨ ਹਰ ਸਾਲ ਆਉਂਦੀ ਹੈ। ਕਈ ਪ੍ਰਵਾਸੀ ਚੰਗੀਆਂ ਨੌਕਰੀਆਂ ਤੋਂ ਰੀਟਾਇਰ ਹੋ ਕੇ ਆਪਣੇ ਬੱਚਿਆਂ ਕੋਲ ਕੈਨੇਡਾ ਆਣ ਵਸੇ ਹਨ ਅਤੇ ਹਰ ਸਾਲ ਭਾਰਤ ਸਮੇਤ ਆਪਣੇ ਦੇਸ਼ਾਂ ਵਿੱਚ ਉਹਨਾਂ ਨੂੰ ਮੋਟੀਆਂ ਪੈਨਸ਼ਨਾਂ ਮਿਲਦੀਆਂ ਹਨ ਪਰ ਕੈਨੇਡਾ ਵਿੱਚ ਉਹ ਗਰੰਟੀਡ ਇੰਨਕਮ ਸਪਲੀਮੈਂਟ (ਬਜ਼ੁਰਗਾਂ ਦਾ ਗਰੀਬੀ ਭੱਤਾ) ਲੈ ਰਹੇ ਹਨ ਅਤੇ ਇੰਨਕਮ ਟੈਕਸ ਫਾਰਮਾਂ ਵਿੱਚ ਆਪਣੀ ਵਿਦੇਸ਼ੀ ਆਮਦਨ ਜ਼ਾਹਰ ਹੀ ਨਹੀਂ ਕਰਦੇ। ਕੀ ਇਹ ਕੈਨੇਡਾ ਦੇ ਕਾਨੂੰਨ ਦਾ ਕਸੂਰ ਹੈ ਜਾਂ ਝੂਠ ਬੋਲਣ ਵਾਲਿਆਂ ਦਾ ਹਾਜ਼ਮਾ ਹੀ ਬਹੁਤ ਬਲਵਾਨ ਹੈ। ਇਸ ਬਾਰੇ ਚਾਰ ਲਾਈਨਾਂ ਲਿਖ ਦਿਓ ਤਾਂ ਡਾਢੇ ਨਰਾਜ਼ ਹੋ ਜਾਂਦੇ ਹਨ ਅਤੇ ਸਵਾਲ ਕਰਦੇ ਹਨ ਕਿ ਅਸੀਂ ਕਹਿੜਾ ਤੁਹਾਡੇ ਤੋਂ ਡਾਲਰ ਮੰਗਦੇ ਹਾਂ, ਸਾਨੂੰ ਤਾਂ ਸਰਕਾਰ ਦਿੰਦੀ ਹੈ, ਤੁਹਾਡਾ ਢਿੱਡ ਕਿਉਂ ਦੁਖਦਾ ਹੈ? ਆਦਿ।
ਅੱਜ ਕੈਨੇਡਾ ਸਮੇਤ ਕਈ ਪੱਛਮੀ ਦੇਸ਼ਾਂ ਵਿੱਚ ਵੱਡੀ ਗਿਣਤੀ ਵਿੱਚ ਸਟੂਡੈਂਟ ਵੀਜੇ ’ਤੇ ਲੋਕ ਆ ਰਹੇ ਹਨ। ਕਈ ਲੋਕ ਜਾਅਲੀ ਸਕੂਲ ਅਤੇ ਕਾਲਜ ਖੋਲ੍ਹ ਕੇ ਸਟੂਡੈਂਟ ਵੀਜ਼ਾ ਦਿਵਾਉਣ ਦਾ ਕੰਮ ਕਰਦੇ ਹਨ। ਅਮਰੀਕਾ ਸਮੇਤ ਕਈ ਦੇਸ਼ਾਂ ਵਿੱਚ ਅਜਿਹੇ ਧੋਖੇਬਾਜ਼ ਫੜੇ ਵੀ ਗਏ ਹਨ। ਕੈਨੇਡਾ ਵਿੱਚ ਵੀ ਇਕ ਇਸ ਕਿਸਮ ਦੇ ਸਕੈਮ ਦੀ ਤਫਤੀਸ਼ ਚੱਲ ਰਹੀ ਹੈ। ਕੀ ਕੈਨੇਡਾ ਦੇ ਨੇਤਾਵਾਂ ਨੇ ਅਜਿਹੇ ਕਾਨੂੰਨ ਹੇਰਾਫੇਰੀ ਕਰਨ ਜਾਂ ਕਰਵਾਉਣ ਲਈ ਬਣਾਏ ਹੋਏ ਹਨ, ਜਿਹਨਾਂ ਹੇਠ ਇਹ ਹੇਰਾਫੇਰੀ ਹੋ ਰਹੀ ਹੈ?
ਹਰ ਦੇਸ਼ ਆਪਣੇ ਨਿਯਮ ਅਤੇ ਕਾਨੂੰਨ ਸਖਤ ਕਰਦਾ ਆ ਰਿਹਾ ਹੈ ਪਰ ਚੋਰ ਫਿਰ ਵੀ ਚੋਰ ਮੋਰੀਆਂ ਲੱਭ ਲੈਂਦੇ ਹਨ ਤੇ ਫਿਰ ਮੋਰੀਆਂ ਦਾ ਮਘੋਰੇ ਬਣਾ ਲੈਂਦੇ ਹਨ। ਸਰਕਾਰਾਂ ਨਵੇਂ ਨਿਯਮ ਬਣਾ ਕੇ ਮਘੋਰੇ ਬੰਦ ਕਰਦੀਆਂ ਹਨ ਪਰ ਚੋਰ ਫਿਰ ਨਵੀਂਆਂ ਮੋਰੀਆਂ ਕਰ ਲੈਂਦੇ ਹਨ। ਇਹ ਵਰਤਾਰਾ ਲਗਾਤਾਰ ਜਾਰੀ ਹੈ ਜਿਸ ਕਾਰਨ ਹਰ ਦੇਸ਼ ਵਿੱਚ ਨਿਯਮਾਂ ਅਤੇ ਕਾਨੂੰਨਾਂ ਦੀ ਪੰਡ ਭਾਰੀ ਹੁੰਦੀ ਜਾ ਰਹੀ ਹੈ।
ਕਦੇ ਓਨਟੇਰੀਓ ਸੂਬੇ ਦਾ ਓਹਿਮ (ਓਨਟੇਰੀਓ ਹੈਲਥ ਇਨਸ਼ੋਰੈਂਸ ਪਲਾਨ) ਛੇ ਇੰਚ ਲੰਬਾ ਅਤੇ ਦੋ ਇੰਚ ਚੌੜਾ ਕਾਗਜ਼ ਦਾ ਇੱਕ ਟੁਕੜਾ (ਐਵੇਂ ਕਾਤਰ) ਹੋਇਆ ਕਰਦਾ ਸੀ। ਜਦ ਦੇਸ਼ ਵਿਦੇਸ਼ ਦੇ ਲੋਕ ਇਸ ਕਾਤਰ ’ਤੇ ਲਿਖੇ ਨੰਬਰ ਨੂੰ ਵਰਤ ਕੇ ਆਪਣੀਆਂ ਮੁਫ਼ਤ ਹਾਰਟ ਸਰਜਰੀਆਂ ਓਨਟੇਰੀਓ ਆ ਕੇ ਮੁਫ਼ਤ ਕਰਵਾਉਣ ਲੱਗ ਪਏ ਤਾਂ ਸਰਕਾਰ ਨੇ ਬਕਾਇਦਾ ਇੱਕ ਪਲਸਾਟਿਕ ਦਾ ਕਾਰਡ (ਚਿੱਟਾ ਅਤੇ ਲਾਲ) ਬਣਾ ਦਿੱਤਾ ਜੋ ਕਰੈਡਿਟ ਕਾਰਡ ਵਰਗਾ ਸੀ ਪਰ ਤਸਵੀਰ ਤੋਂ ਬਿਨਾਂ ਸੀ। ਚੋਰਾਂ ਨੇ ਇਸ ਦਾ ਤੋੜ ਲੱਭ ਲਿਆ ਤਾਂ ਸਰਕਾਰ ਨੇ ਹੁਣ ਤਸਵੀਰ ਵਾਲਾ ਕਾਰਡ ਬਣਾ ਦਿੱਤਾ ਹੈ। ਲੋਕ ਇਸ ਨੂੰ ਨਵਿਆਉਣ ਵੇਲੇ ਤਸਵੀਰਾਂ ਦੀ ਹੇਰਾਫੇਰੀ ਕਰਨ ਲੱਗ ਪਏ ਤਾਂ ਸਰਕਾਰ ਨੇ ਹੋਰ ਸਖਤੀ ਕਰ ਦਿੱਤੀ। ਅੱਜ ਇਸ ਕਾਰਡ ਨੂੰ ਨਵਿਆਉਣ ਵਾਸਤੇ ਤਿੰਨ ਤਿੰਨ ਕਿਸਮਾਂ ਦੀ ਫੋਟੋ ਆਈਡੀ ਦੀ ਲੋੜ ਪੈਂਦੀ ਹੈ ਜਿਸ ਵਿੱਚ ਅਡਰੈੱਸ ਦੀ ਵੈਰੀਫੀਕੇਸ਼ਨ ਲਾਜ਼ਮੀ ਹੈ ਪਰ ਸਰਕਾਰ ਮੁਤਾਬਿਕ ਹੇਰਾਫੇਰੀ ਅਜੇ ਵੀ ਹੋ ਰਹੀ ਹੈ।
ਸੰਸਾਰ ਵਿੱਚ ਭਲੇ ਲੋਕ ਵੀ ਬਹੁਤ ਹਨ ਜੋ ਨੈਤਿਕਤਾ ਕਾਇਮ ਰੱਖ ਰਹੇ ਹਨ ਪਰ ਮਨੁੱਖ ਦਿਨੋ ਦਿਨ ਸ਼ੈਤਾਨ, ਮੱਕਾਰ, ਠੱਗ ਅਤੇ ਬਹੁਰੂਪੀਆ (ਜੋ ਜੋ ਕਿਆਸ ਲਓ) ਬਣਦਾ ਜਾ ਰਿਹਾ ਹੈ।
ਮੁੱਕਦੀ ਗੱਲ ਤਾਂ ਇਹ ਹੈ ਕਿ ਅਗਰ ਮਨੁੱਖ ਸ਼ੈਤਾਨ, ਲਾਲਚੀ ਅਤੇ ਮੱਕਾਰ ਨਾ ਹੁੰਦਾ ਤਾਂ ਇਸ ਨੇ ਕਦੇ ਸੱਭਿਅਕ ਨਹੀਂ ਸੀ ਹੋਣਾ ਅਤੇ ਅੱਜ ਤੱਕ ਬਾਂਦਰ ਦੇ ਨਾਲ ਹੀ ਕਿਸੇ ਦਰਖਤ ਦੀ ਟਾਹਣੀ ’ਤੇ ਬੈਠਾ ਹੋਣਾ ਸੀ। ਗਿਆਨ ਜਾਂ ਸਿਆਣਪ (ਇੰਟੈਲੀਜੈਂਸ) ਮਨੁੱਖ ਦੇ ਸੱਭਿਅਕ ਹੋਣ ਦਾ ਕਾਰਨ ਨਹੀਂ ਹੈ ਸਗੋਂ ਲਾਲਚ ਅਤੇ ਮਕਾਰੀ ਨੇ ਸਿਆਣਪ (ਇੰਟੈਲੀਜੈਂਸ) ਨੂੰ ਜਨਮ ਦਿੱਤਾ ਹੈ ਜਿਸ ਨੇ ਸੱਭਿਅਕ ਹੋਣ ਦਾ ਰਸਤਾ ਖੋਲ੍ਹਿਆ ਸੀ। ‘ਲਾਲਚ ਅਤੇ ਮਕਾਰੀ’ ਮਨੁੱਖ ਦੇ ਕਰੈਕਟਰ ਦੀ ਰੀੜ੍ਹ ਦੀ ਹੱਡੀ ਜਾਂ ਰੈਮ (ਰੈਂਡਮ ਮੈਮੋਰੀ) ਹੈ ਜਿਸ ਤੋਂ ਬਿਨਾਂ ਅੱਜ ਦਾ ਕੰਪਿਊਟਰ ਕੰਮ ਨਹੀਂ ਕਰ ਸਕਦਾ।
ਸੰਸਾਰ ਦੇ ਕਾਨੂੰਨ ਇਸ ‘ਲਾਲਚ ਅਤੇ ਮੱਕਾਰੀ’ ਨੂੰ ਕਾਬੂ ਰੱਖਣ ਵਾਸਤੇ ਬਣਾਏ ਗਏ ਸਨ ਅਤੇ ਬਣਾਏ ਜਾ ਰਹੇ ਹਨ। ਵੱਖ ਵੱਖ ਧਰਮ ਵੀ ਮਨੁੱਖ ਦੀ ਇਸ ਮਾਰੂ ਤਾਕਤ ਨੂੰ ਕਾਬੂ ਰੱਖਣ ਵਾਸਤੇ ਹੀ ਹੋਂਦ ਵਿੱਚ ਆਏ ਸਨ ਪਰ ਮਨੁੱਖ ਨੇ ਇਹਨਾਂ ਸੱਭ ਨੂੰ ਲਤਾੜ ਕੇ ਇਹਨਾਂ ਦਾ ਹੁਲੀਆ ਵਿਗਾੜ ਦਿੱਤਾ ਤੇ ਇਹ ਧਰਮ ਤਾਕਤਵਰ ਮਨੁੱਖ ਦਾ ਹਥਿਆਰ ਬਣ ਗਏ ਅਤੇ ਮਨੁੱਖ ਦੇ ਕਮਜ਼ੋਰ ਵਰਗ ਵਾਸਤੇ ਪੱਕੀ ਹੱਥਕੜੀ ਬਣ ਗਏ।
ਇਸ ਵਿਸ਼ੇ ’ਤੇ ਬਹਤ ਕੁਝ ਲਿਖਿਆ ਜਾ ਸਕਦਾ ਹੈ ਜੋ ਮਨੁੱਖ ਦੇ ਇਤਿਹਾਸ ਦਾ ਹਿੱਸਾ ਹੈ। ਵੱਖ ਵੱਖ ਧਰਮ ਮਨੁੱਖ ਨੂੰ ਦਸਵੰਧ, ਮਿਹਨਤ, ਇਮਾਨਦਾਰੀ, ਸੇਵਾ, ਪ੍ਰੇਮ ਅਤੇ ਪਿਆਰ ਦਾ ਸੰਦੇਸ਼ ਦਿੰਦੇ ਹਨ ਪਰ ਸੰਸਾਰ ਵਿੱਚ ਧਰਮਾਂ ਦੇ ਨਾਮ ’ਤੇ ਹੀ ਸੱਭ ਤੋਂ ਵੱਧ ਕਤਲੇਆਮ ਹੁੰਦਾ ਆਇਆ ਹੈ ਅਤੇ ਅੱਜ ਇਸਲਾਮਿਕ ਸਟੇਟ ਇਸ ਦੀ ਜਾਗਦੀ ਉਦਾਹਰਣ ਹੈ। ਈਸਾਈ ਮਿਸ਼ਨਰੀ ਅੱਜ ਸੰਸਾਰ ਵਿੱਚ ਸੱਭ ਤੋਂ ਵੱਧ ਵਿੱਦਿਆ, ਸਿਹਤ ਅਤੇ ਗਰੀਬਾਂ ਦੀ ਸੰਭਾਲ ਦਾ ਕੰਮ ਕਰਦੇ ਹਨ ਪਰ ਯੂਰਪੀਅਨ ਬਸਤੀਵਾਦੀਆਂ ਨੇ ਈਸਾਈ ਮਿਸ਼ਨਰੀਆਂ ਦੀ ਪਿੱਠ ’ਤੇ ਸੁਆਰ ਹੋ ਕੇ ਹੀ ਲੱਗਭੱਗ ਸਮੁੱਚੇ ਸੰਸਾਰ ਨੂੰ ਗੁਲਾਮ ਬਣਾ ਲਿਆ ਸੀ। ਮਾਰਕਸਵਾਦ, ਲੈਨਿਨਵਾਦ, ਮਾਓਵਾਦ ਅਤੇ ਸਮਾਜਵਾਦ ਵਰਗੇ ‘ਵਾਦ’ ਮਨੁੱਖ ਦੀ ਹਾਲਤ ਸੁਧਾਰਨ ਦਾ ਤਹੱਈਆ ਕਰ ਕੇ ਤੁਰੇ ਸਨ ਪਰ ਮਨੁੱਖ ਦੇ ‘ਲਾਲਚ ਅਤੇ ਮੱਕਾਰੀ’ ਨੇ ਉਹਨਾਂ ਨੂੰ ਕੱਖਾਂ ਵਾਂਗ ਰੋਲ ਦਿੱਤਾ।
ਮਨੁੱਖ ਦੇ ‘ਲਾਲਚ ਅਤੇ ਮਕਾਰੀ’ ਨੂੰ ਕਾਬੂ ਰੱਖਣ ਵਾਸਤੇ ਲਗਾਤਾਰ ਵੱਖ ਵੱਖ ਕਿਸਮ ਦੀ ਤਬਦੀਲੀਆਂ, ਇਨਕਲਾਬ, ਨਿਯਮ ਅਤੇ ਕਾਨੂੰਨ ਬਣਾਏ ਜਾਣ ਦੀ ਲੋੜ ਸਦਾ ਬਣੀ ਰਹੇਗੀ। ਨਵੀਆਂ ਚੋਰ ਮੋਰੀਆਂ, ਮਘੋਰੇ, ਉਹਨਾਂ ਨੂੰ ਭਰਨ ਦਾ ਸਿਲਸਿਲਾ ਅਤੇ ਫਿਰ ਨਵੀਆਂ ਚੋਰ ਮੋਰੀਆਂ ਦਾ ਸਿਲਸਿਲਾ ਉਸ ਸਮੇਂ ਤੱਕ ਜਾਰੀ ਰਹੇਗਾ ਜਦ ਤੱਕ ਹੱਡ-ਮਾਸ (ਬੋਨ & ਫਲੈੱਸ਼) ਦਾ ਮਨੁੱਖ ਇਸ ਧਰਤੀ (ਜਾਂ ਕਿਸੇ ਹੋਰ ਗ੍ਰਹਿ) ’ਤੇ ਜ਼ਿੰਦਾ ਰਹੇਗਾ।
ਮੋਦੀ ਸਰਕਾਰ ਦੀ ਨੋਟਬੰਦੀ ਵੀ ਇਸ ਵਰਤਾਰੇ ਦਾ ਹੀ ਹਿੱਸਾ ਹੈ ਜੋਕਿ ਇੱਕ ਵੱਡੇ ਮਘੋਰੇ ਨੂੰ ਕੁਝ ਸਮੇਂ ਵਾਸਤੇ ਭਰਨ ਦਾ ਕੰਮ ਕਰੇਗੀ ਪਰ ਇਸ ਦੇ ਨਾਲ ਹੀ ਨਵੀਂਆਂ ਚੋਰ ਮੋਰੀਆਂ ਵੀ ਵਿਉਂਤੀਆਂ ਅਤੇ ਬਣਾਈਆਂ ਜਾਂਦੀਆਂ ਰਹਿਣਗੀਆਂ। ਘਰ ਨੂੰ ਰਹਿਣਯੋਗ ਬਣਾਈ ਰੱਖਣ ਵਾਸਤੇ ਮਘੋਰੇ ਬੰਦ ਕਰਨ ਦਾ ਸਿਲਸਿਲਾ ਜਾਰੀ ਰੱਖਣਾ ਪਵੇਗਾ।
ਮੋਦੀ ਸਰਕਾਰ ਦੀ ਨੋਟਬੰਦੀ ਚਿਰਾਂ ਤੋਂ ਵਧਦੇ ਜਾ ਰਹੇ ਮਘੋਰੇ ਨੂੰ ਭਰਨ ਦਾ ਕੰਮ ਜ਼ਰੂਰ ਕਰੇਗੀ ਪਰ ਚੋਰ ਮੋਰੀਆਂ ਹੋਰ ਨਿਕਲਦੀਆਂ ਰਹਿਣਗੀਆਂ। ਕਿਸੇ ਕਾਨੂੰਨ, ਨਿਯਮ ਜਾਂ ਨੋਟਬੰਦੀ ਨਾਲ ਲੋਕਾਂ ਦਾ ਕਰੈਟਰ ਨਹੀਂ ਬਦਲਿਆ ਜਾ ਸਕਦਾ।
******
(515)
ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)