“ਭਾਰਤ ਦਾ ਸਭ ਤੋਂ ਵੱਧ ਪੜ੍ਹਿਆ ਲਿਖਿਆ ਆਈ.ਏ.ਐੱਸ ਅਧਿਕਾਰੀ ਅਤੇ ਸਿਆਸਤਦਾਨ: ਸ਼੍ਰੀਕਾਂਤ ਜਿਚਕਰ ...”
(27 ਨਵੰਬਰ 2025)
ਅੰਗਰੇਜ਼ੀ ਕਵੀ ਡੀ.ਐਚ ਲਾਰੈਂਸ ਦੀ ਮੌਤ ਤੋਂ ਬਾਅਦ ਜਦੋਂ ਉਨ੍ਹਾਂ ਦੀ ਪਤਨੀ ਨੂੰ ਪੁੱਛਿਆ ਗਿਆ ਕਿ ਤੁਸੀਂ ਆਪਣੇ ਪਤੀ ਬਾਰੇ ਕੀ ਕਹਿਣਾ ਚਾਹੁੰਦੇ ਹੋ, ਤਾਂ ਉਸਨੇ ਕਿਹਾ ਕਿ ਮੇਰੇ ਪਤੀ ਬਾਰੇ ਮੇਰੇ ਨਾਲੋਂ ਸਾਡੇ ਕੋਠੇ ਦੇ ਛੱਜੇ ’ਤੇ ਬੈਠਣ ਵਾਲੀ ਚਿੜੀ ਜ਼ਿਆਦਾ ਜਾਣਦੀ ਹੈ। ਇਹੋ ਜਿਹਾ ਪੰਛੀਆਂ ਪ੍ਰਤੀ ਪ੍ਰੇਮ ਸਲੀਮ ਅਲੀ ਦਾ ਵੀ ਸੀ। 12 ਨਵੰਬਰ 1896 ਨੂੰ ਮੁੰਬਈ ਵਿੱਚ ਜਨਮੇ ਮਾਤਾ ਜੀਨਤ ਅਤੇ ਪਿਤਾ ਮੁਇਜ-ਉਦ-ਦੀਨ ਦੇ ਪੁੱਤਰ ਸਲੀਮ ਅਲੀ, ਜਿਸ ਨੂੰ ਭਾਰਤ ਦਾ ‘ਬਰਡ ਮੈਨ’ ਵੀ ਕਿਹਾ ਜਾਂਦਾ ਹੈ, ਦਾ ਕੁਦਰਤ ਅਤੇ ਪੰਛੀਆਂ ਪ੍ਰਤੀ ਸਮਰਪਣ ਆਪਣੇ ਆਪ ਵਿੱਚ ਇੱਕ ਇਤਿਹਾਸ ਸਾਂਭੀ ਬੈਠਾ ਹੈ। ਇੱਕ ਚਿੜੀ ਦੀ ਮੌਤ ਨੇ ਉਸ ਨੂੰ ਇੰਨਾ ਭਾਵੁਕ ਕਰ ਦਿੱਤਾ ਕਿ ਉਸਨੇ ‘ਫਾਲ ਆਫ ਏ ਸਪੈਰੋ’ ਆਤਮ ਕਥਾ ਅਤੇ ਪੰਛੀਆਂ ਉੱਤੇ ਕਈ ਪੁਸਤਕਾਂ ਲਿਖ ਦਿੱਤੀਆਂ। ਉਨ੍ਹਾਂ ਨੇ ਕੇਰਲ ਦੀ ਸਾਇਲੈਂਟ ਵੈਲੀ ਦੇ ਕੁਦਰਤੀ ਨਜ਼ਾਰਿਆਂ ਨੂੰ ਬਚਾਉਣ ਲਈ ਮਰਹੂਮ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਨੂੰ ਡੈਮ ਨਾ ਬਣਾਉਣ ਲਈ ਬੇਨਤੀ ਕੀਤੀ। ਪ੍ਰਧਾਨ ਮੰਤਰੀ ਉਨ੍ਹਾਂ ਦੀ ਬੇਨਤੀ ਸੁਣਕੇ ਭਾਵੁਕ ਹੋ ਗਏ। ਸਲੀਮ ਅਲੀ ਦਾ ਜੀਵਨ ਬਹੁਤ ਹੀ ਦਿਲਚਸਪ ਅਤੇ ਉਨ੍ਹਾਂ ਦਾ ਪੰਛੀਆਂ ਪ੍ਰਤੀ ਪ੍ਰੇਮ ਬਹੁਤ ਹੀ ਪ੍ਰੇਰਨਾਦਾਇਕ ਹੈ। ਉਹ ਬਚਪਨ ਵਿੱਚ ਹੀ ਅਨਾਥ ਹੋ ਗਏ। ਉਨ੍ਹਾਂ ਦਾ ਪਾਲਣ ਪੋਸਣ ਉਨ੍ਹਾਂ ਦੇ ਚਾਚਾ ਅਮੀਰੂ ਉਦ-ਦੀਨ-ਤਿਸਮਬਜੀ ਨੇ ਕੀਤਾ। ਚਾਚਾ ਜੀ ਕੋਲ ਰਹਿੰਦੇ ਹੋਏ ਉਨ੍ਹਾਂ ਨੂੰ ਸ਼ਿਕਾਰ ਕਰਨ ਅਤੇ ਕੁਦਰਤ ਨੂੰ ਜਾਣਨ ਦਾ ਮੌਕਾ ਮਿਲਿਆ। ਉਨ੍ਹਾਂ ਦੇ ਚਾਚਾ ਜੀ ਨੇ ਉਨ੍ਹਾਂ ਨੂੰ ਗੋਰੇਈਆ ਪੰਛੀ ਦੀ ਪਛਾਣ ਕਰਨ ਲਈ ਬੰਬਈ ਨੈਚਰੁਲ ਹਿਸਟਰੀ ਸੋਸਾਇਟੀ (ਬੀ.ਐੱਨ.ਐੱਚ.ਐੱਸ) ਜਾਣ ਲਈ ਪ੍ਰੇਰਿਆ। ਸਨ 1908 ਵਿੱਚ ਸ਼ਿਕਾਰ ਕਰਦਿਆਂ ਪੀਲੇ ਰੰਗ ਦੇ ਗਲੇ ਵਾਲੀ ਚਿੜੀ ਦੀ ਮੌਤ ਦੀ ਘਟਨਾ ਨੇ ਉਨ੍ਹਾਂ ਨੂੰ ਪੰਛੀਆਂ ਪ੍ਰਤੀ ਸਮਰਪਿਤ ਕਰ ਦਿੱਤਾ।
ਉਹ ਪੰਛੀਆਂ ਦੇ ਸੰਗਠਿਤ ਢੰਗ ਨਾਲ ਸਰਵੇਖਣ ਕਰਨ ਵਾਲੇ ਪਹਿਲੇ ਭਾਰਤੀ ਵਿਗਿਆਨੀ ਬਣ ਗਏ। ਪੇਸ਼ਾਵਰ ਅਤੇ ਸ਼ੌਕੀਨ ਪੰਛੀ ਵਿਗਿਆਨੀ ਵਜੋਂ ਉਨ੍ਹਾਂ ਦਾ ਪੰਛੀ ਵਿਗਿਆਨ ਨੂੰ ਪ੍ਰਚਲਿਤ ਕਰਨ ਅਤੇ ਇਸਦੇ ਵਿਕਾਸ ਲਈ ਯੋਗਦਾਨ ਬੇਮਿਸਾਲ ਹੈ। 1947 ਤੋਂ ਬਾਅਦ ਉਹ ਬੰਬਈ ਨੈਚਰੁਲ ਹਿਸਟਰੀ ਸੋਸਾਇਟੀ ਦੇ ਪ੍ਰਮੁੱਖ ਵਿਅਕਤੀ ਬਣ ਗਏ ਤੇ ਉਨ੍ਹਾਂ ਨੇ ਇਸ ਸੋਸਾਇਟੀ ਲਈ ਸਰਕਾਰ ਤੋਂ ਵਿੱਤੀ ਸਹਾਇਤਾ ਪ੍ਰਾਪਤ ਕਰਨ ਲਈ ਪੁਰਜ਼ੋਰ ਯਤਨ ਕੀਤੇ। ਉਨ੍ਹਾਂ ਨੇ ਭਰਤਪੁਰ ਪੰਛੀ ਅਭਿਅਰਣ, ਕੇਵਲਾਦੇਵ ਰਾਸ਼ਟਰੀ ਅਭਿਅਰਣ ਦੇ ਨਿਰਮਾਣ ਲਈ ਮਹੱਤਵਪੂਰਨ ਭੂਮਿਕਾ ਨਿਭਾਈ। ਉਨ੍ਹਾਂ ਨੇ ਭਰਤਪੁਰ ਵਿੱਚ ਸੰਗਠਿਤ ਢੰਗ ਨਾਲ ਪੰਛੀ ਸਰਵੇਖਣ ਦਾ ਕੰਮ ਕੀਤਾ। ਉਹ ਭਾਰਤ ਵਿੱਚ ਪੰਛੀ ਵਿਗਿਆਨ ਦੇ ਵਿਕਾਸ ਲਈ ਜਰਮਨੀ ਦੇ ਡਾਕਟਰ ਸਟਰੈਸਮੈਨ ਨਾਲ ਰਹੇ। ਉਨ੍ਹਾਂ ਨੇ ਪੰਛੀ ਵਿਗਿਆਨ ਉੱਤੇ ਮਹੱਤਵ ਪੂਰਨ ਪੁਸਤਕਾਂ ਲਿਖੀਆਂ। ‘ਹੈਂਡ ਬੁੱਕ ਆਫ ਦੀ ਬਰਡ ਆਫ ਇੰਡੀਆ ਐਂਡ ਪਾਕਿਸਤਾਨ, ਕਾਮਨ ਇੰਡੀਆ ਬਰਡ ਅਤੇ ਫਾਲ ਆਫ ਏ ਸਪੈਰੋ ਉਨ੍ਹਾਂ ਦੀਆਂ ਚਰਚਿਤ ਪੁਸਤਕਾਂ ਹਨ। ਉਨ੍ਹਾਂ ਦਾ
1918 ਵਿੱਚ ਤਹਿਮੀਨਾ ਨਾਂ ਦੀ ਔਰਤ ਨਾਲ ਨਿਕਾਹ ਹੋਇਆ। 20 ਜੂਨ 1987 ਨੂੰ ਉਹ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਦੇਸ਼ਵਾਸੀਆਂ ਲਈ ਪੰਛੀ ਵਿਗਿਆਨ ਦੇ ਵਿਕਾਸ ਲਈ ਸੁਨੇਹਾ ਦੇਕੇ ਇਸ ਸੰਸਾਰ ਤੋਂ ਵਿਦਾ ਹੋ ਗਏ। ਅੱਜ ਜਦੋਂ ਸਾਡੇ ਦੇਸ਼ ਵਿੱਚੋਂ ਕਾਂ, ਚਿੜੀਆਂ, ਗਟਾਰਾਂ, ਘੁੱਗੀਆਂ ਅਤੇ ਹੋਰ ਕਈ ਪੰਛੀ ਅਲੋਪ ਹੁੰਦੇ ਜਾ ਰਹੇ ਹਨ, ਸਾਡਾ ਕੁਦਰਤੀ ਵਾਤਾਵਰਣ, ਬਨਸਪਤੀ,ਅਤੇ ਮੌਸਮ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ ਤਾਂ ਸਾਡੀਆਂ ਸਰਕਾਰਾਂ ਅਤੇ ਦੇਸ਼ ਵਾਸੀਆਂ ਦਾ ਫਰਜ਼ ਬਣ ਜਾਂਦਾ ਹੈ ਕਿ ਅਸੀਂ ਸਲੀਮ ਅਲੀ ਵੱਲੋਂ ਪੰਛੀਆਂ ਨੂੰ ਬਚਾਉਣ ਦੇ ਸੱਦੇ ਉੱਤੇ ਅਮਲ ਕਰੀਏ।
* * * * *
ਭਾਰਤ ਦਾ ਸਭ ਤੋਂ ਵੱਧ ਪੜ੍ਹਿਆ ਲਿਖਿਆ ਆਈ.ਏ.ਐੱਸ ਅਧਿਕਾਰੀ ਅਤੇ ਸਿਆਸਤਦਾਨ: ਸ਼੍ਰੀਕਾਂਤ ਜਿਚਕਰ
ਕੁਝ ਲੋਕ ਆਪਣੇ ਵਿਲੱਖਣ ਸ਼ੌਕ ਅਤੇ ਜਨੂੰਨ ਸਦਕੇ ਕੁਝ ਅਜਿਹੀਆਂ ਪੈੜਾਂ ਸਿਰਜ ਜਾਂਦੇ ਹਨ ਜੋ ਕਿ ਆਪਣੇ ਆਪ ਵਿੱਚ ਇਤਿਹਾਸ ਬਣ ਜਾਂਦਾ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਲੋਕ ਉਸ ਇਤਿਹਾਸ ਤੋਂ ਸੇਧ ਲੈਕੇ ਕੁਝ ਉਸ ਤਰ੍ਹਾਂ ਦਾ ਹੀ ਕਰਨ ਦੀ ਸੋਚ ਨੂੰ ਲੈਕੇ ਨਾਮਣਾ ਖੱਟਣ ਲਈ ਯਤਨਸ਼ੀਲ ਹੋ ਜਾਂਦੇ ਹਨ। ਅਜਿਹੇ ਕਰਮਯੋਗੀ ਦਾ ਉਹ ਸ਼ੋਕ, ਜੋਸ਼ ਅਤੇ ਜਨੂੰਨ ਆਉਣ ਵਾਲੀਆਂ ਪੀੜ੍ਹੀਆਂ ਤਕ ਪਹੁੰਚਣਾ ਚਾਹੀਦਾ ਹੈ। ਭਾਰਤ ਦੇ ਸਭ ਤੋਂ ਵੱਧ ਪੜ੍ਹੇ ਲਿਖੇ ਆਈ.ਏ.ਐੱਸ ਅਧਿਕਾਰੀ, ਸਿਆਸਤਦਾਨ, ਚਿੱਤਰਕਾਰ, ਅਦਾਕਾਰ ਅਤੇ ਪੇਸ਼ਾਵਰ ਫੋਟੋਗਰਾਫਰ ਸ਼੍ਰੀਕਾਂਤ ਜਿਚਕਰ ਦਾ ਜਨਮ 14 ਸਤੰਬਰ 1954 ਨੂੰ ਮਹਾਰਾਸ਼ਟਰ ਦੇ ਜ਼ਿਲ੍ਹੇ ਨਾਗਪੁਰ ਦੇ ਪਿੰਡ ਅਜਨਗਊ ਦੇ ਨਿਵਾਸੀ ਰਾਮਚੰਦਰਾ ਦੇ ਕਿਸਾਨ ਪਰਿਵਾਰ ਵਿੱਚ ਹੋਇਆ। ਉਸਦੇ ਪੜ੍ਹਾਈ ਪ੍ਰਤੀ ਜਨੂੰਨ ਅਤੇ ਦਿਲਚਸਪੀ ਨੂੰ ਪੜ੍ਹਕੇ ਅਤੇ ਸੁਣਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਉਸਨੇ ਵੱਖ-ਵੱਖ ਯੂਨੀਵਰਸਟੀਆਂ ਤੋਂ 20 ਤੋਂ ਵੱਧ ਡਿਗਰੀਆਂ ਹਾਸਲ ਕਰ ਕੇ ਲਿਮਕਾ ਬੁੱਕ ਆਫ ਰਿਕਾਰਡਜ਼ ਵਿੱਚ ਸਭ ਤੋਂ ਵੱਧ ਪੜ੍ਹੇ ਲਿਖੇ ਹੋਣ ਵਾਲੇ ਵਿਅਕਤੀ ਵਜੋਂ ਆਪਣਾ ਨਾਮ ਦਰਜ ਕਰਵਾਇਆ। ਉਸ ਨੂੰ ਕਈ ਖੇਤਰਾਂ ਵਿੱਚ ਮੁਹਾਰਤ ਹਾਸਲ ਸੀ। ਉਸਨੇ ਮੈਡੀਕਲ, ਕਾਨੂੰਨ, ਪ੍ਰਬੰਧਨ, ਸਾਹਿਤ, ਵੱਖ-ਵੱਖ ਵਿਸ਼ਿਆਂ ਵਿੱਚ ਮਾਸਟਰ ਡਿਗਰੀਆਂ ਹਾਸਲ ਕੀਤੀਆਂ। ਉਸਨੇ 1973 ਤੋਂ 1990 ਦੇ ਸਮੇਂ ਵਿਚਕਾਰ ਅਨੇਕਾਂ ਪ੍ਰੀਖਿਆਵਾਂ ਪਾਸ ਕੀਤੀਆਂ। ਉਸਨੇ ਮੈਡੀਕਲ ਦੇ ਖੇਤਰ ਵਿੱਚ ਐੱਮ.ਬੀ.ਬੀ.ਐੱਸ ਅਤੇ ਐੱਮ.ਡੀ ਦੀਆਂ ਡਿਗਰੀਆਂ ਹਾਸਲ ਕੀਤੀਆਂ।
ਸ਼੍ਰੀਕਾਂਤ ਜਿਚਕਰ ਨੇ ਕਾਨੂੰਨ ਦੇ ਖੇਤਰ ਵਿੱਚ ਐੱਲ.ਐੱਲ.ਬੀ ਅਤੇ ਅੰਤਰਰਾਸ਼ਟਰੀ ਕਾਨੂੰਨ ਵਿੱਚ ਐੱਲ.ਐੱਲ.ਐੱਮ ਦੀਆਂ ਪ੍ਰੀਖਿਆਵਾਂ ਪਾਸ ਕੀਤੀਆਂ। ਪ੍ਰਬੰਧਨ ਦੇ ਖੇਤਰ ਵਿੱਚ ਉਸਨੇ ਡਿਪਲੋਮਾ ਇਨ ਮੈਨੇਜਮੈਂਟ ਅਤੇ ਐੱਮ.ਬੀ.ਏ ਦੀਆਂ ਡਿਗਰੀਆਂ ਪ੍ਰਾਪਤ ਕੀਤੀਆਂ। ਪੱਤਰਕਾਰਿਤਾ ਵਿੱਚ ਉਸਨੇ ਬੈਚਲਰ ਆਫ ਜਰਨਲਿਜ਼ਮ ਦੀ ਡਿਗਰੀ ਹਾਸਲ ਕੀਤੀ। ਉਸਨੇ ਲੋਕ ਪ੍ਰਸ਼ਾਸਨ, ਸਮਾਜ ਸ਼ਾਸਤਰ, ਅਰਥ ਸ਼ਾਸਤਰ, ਸੰਸਕ੍ਰਿਤ, ਇਤਿਹਾਸ, ਅੰਗਰੇਜ਼ੀ, ਰਾਜਨੀਤੀ ਸ਼ਾਸਤਰ, ਮਨੋਵਿਗਿਆਨ,ਪ੍ਰਾਚੀਨ ਭਾਰਤੀ ਇਤਿਹਾਸ, ਸਭਿਆਚਾਰ ਅਤੇ ਪੁਰਾਤਤਵ ਵਿਸ਼ਿਆਂ ਵਿੱਚ ਮਾਸਟਰ ਡਿਗਰੀਆਂ ਪ੍ਰਾਪਤ ਕੀਤੀਆਂ। ਉਸਨੇ ਸੰਸਕ੍ਰਿਤ ਵਿਸ਼ੇ ਵਿੱਚ ਡੀ.ਲਿਟ ਦੀ ਡਿਗਰੀ ਪ੍ਰਾਪਤ ਕੀਤੀ। 1978 ਵਿੱਚ ਉਹ ਆਈ.ਪੀ.ਐੱਸ ਕਰਕੇ ਪੁਲਿਸ ਅਧਿਕਾਰੀ ਚੁਣਿਆ ਗਿਆ। ਪਰ 1980 ਵਿੱਚ ਉਹ ਆਈ.ਏ.ਐੱਸ ਦੀ ਪ੍ਰੀਖਿਆ ਪਾਸ ਕਰਕੇ ਪ੍ਰਸ਼ਾਸਨਿਕ ਸੇਵਾਵਾਂ ਵਿੱਚ ਆ ਗਿਆ।
ਚਾਰ ਮਹੀਨੇ ਬਾਅਦ ਸ਼੍ਰੀਕਾਂਤ ਜਿਚਕਰ ਆਈ.ਏ.ਐੱਸ ਅਧਿਕਾਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਕੇ 1980 ਵਿੱਚ ਮਹਾਰਾਸ਼ਟਰ ਵਿਧਾਨ ਸਭਾ ਲਈ ਚੋਣ ਲੜਕੇ 26 ਸਾਲ ਦੀ ਉਮਰ ਵਿੱਚ ਸਭ ਤੋਂ ਛੋਟੀ ਉਮਰ ਦਾ ਵਿਧਾਇਕ ਚੁਣਿਆ ਗਿਆ। ਉਸਨੇ ਕਈ ਵਿਭਾਗਾਂ ਦੇ ਮੰਤਰੀ ਵਜੋਂ ਸੇਵਾ ਵੀ ਨਿਭਾਈ। 1992 ਤੋਂ 1998 ਤਕ ਉਹ ਰਾਜ ਸਭਾ ਦਾ ਮੈਂਬਰ ਵੀ ਰਿਹਾ। ਉਹ ਇੱਕ ਵਧੀਆ ਚਿੱਤਰਕਾਰ, ਪੇਸ਼ੇਵਰ ਫੋਟੋਗਰਾਫਰ, ਸਟੇਜ ਅਦਾਕਾਰ ਵੀ ਸੀ। ਉਸਦੀ ਆਪਣੀ ਨਿੱਜੀ ਲਾਇਬਰੇਰੀ ਵਿੱਚ 52 ਹਜ਼ਾਰ ਪੁਸਤਕਾਂ ਸਨ। ਉਸਨੇ 1993 ਵਿੱਚ ਨਾਗਪੁਰ ਵਿੱਚ ਸੰਦੀਪਨੀ ਸਕੂਲ ਵੀ ਖੋਲ੍ਹਿਆ। 2 ਜੂਨ 2004 ਵਿੱਚ ਇੱਕ ਦੁਰਘਟਨਾ ਵਿੱਚ ਉਸਦੀ ਮੌਤ ਹੋ ਗਈ। ਉਹ 49 ਸਾਲ ਦੀ ਉਮਰ ਵਿੱਚ ਐਨੀਆਂ ਵੱਡੀਆਂ ਪ੍ਰਾਪਤੀਆਂ ਕਰਕੇ ਆਉਣ ਵਾਲੀਆਂ ਪੀੜ੍ਹੀਆਂ ਲਈ ਮਿਸਾਲ ਛੱਡ ਗਿਆ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (