VijayKumarPr7ਭਗਵਾਨ, ਜੇਕਰ ਮੈਂ ਇਨ੍ਹਾਂ ਦੇ ਇਲਜ਼ਾਮਾਂ ਨੂੰ ਸੁਣਨ ਲੱਗ ਪੈਂਦਾ ਤਾਂ ਮੈਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਤੋਂ ...
(4 ਜਨਵਰੀ 2024)
ਇਸ ਸਮੇਂ ਪਾਠਕ: 700.


ਪੁਰਾਣੇ ਲੋਕ ਭਾਵਨਾ ਦੇ ਵਹਾ ਵਿੱਚ ਵਹਿਕੇ ਰਿਸ਼ਤਿਆਂ ਨੂੰ ਸੰਭਾਲ ਲੈਂਦੇ ਸਨ
, ਹੁਣ ਲੋਕ ਰਿਸ਼ਤਿਆਂ ਦਾ ਲਾਭ ਲੱਭਣ ਲੱਗ ਪਏ ਹਨਜੇਕਰ ਫਾਇਦਾ ਦਿਸਦਾ ਹੈ ਤਾਂ ਹੀ ਰਿਸ਼ਤਾ ਬਣਾਕੇ ਰੱਖਦੇ ਹਨਅਸੀਂ ਆਪਣੇ ਸਮਾਜਿਕ ਅਤੇ ਪਰਿਵਾਰਕ ਰਿਸ਼ਤਿਆਂ ਨੂੰ ਨਿਭਾ ਨਹੀਂ ਰਹੇ, ਸਗੋਂ ਢੋਹ ਰਹੇ ਹਾਂਸਾਡੇ ਰਿਸ਼ਤਿਆਂ ਵਿਚਲੀ ਖਿੱਚ ਬੀਤੇ ਸਮੇਂ ਦੀ ਕਹਾਣੀ ਬਣਕੇ ਰਹਿ ਗਈ ਹੈਸਾਡਾ ਇੱਕ ਦੂਜੇ ਨਾਲ ਆਪਣੇ ਹੋਣ ਦਾ ਅਹਿਸਾਸ ਸਾਡੇ ਮਨਾ ਵਿੱਚੋਂ ਮਨਫੀ ਹੁੰਦਾ ਜਾ ਰਿਹਾ ਹੈਸਾਡੇ ਰਿਸ਼ਤੇ ਬੌਨੇ ਹੁੰਦੇ ਜਾ ਰਹੇ ਹਨਅਸੀਂ ਇੱਕ ਛੱਤ ਥੱਲੇ ਇਕੱਠੇ ਜ਼ਿੰਦਗੀ ਗੁਜ਼ਾਰਦੇ ਹੋਏ ਅਤੇ ਇੱਕ ਪਰਿਵਾਰ ਦਾ ਹਿੱਸਾ ਹੁੰਦੇ ਹੋਏ ਵੀ ਇੱਕ ਦੂਜੇ ਲਈ ਅਜਨਬੀ ਹੁੰਦੇ ਹਾਂਅਸੀਂ ਦੁਨੀਆਦਾਰੀ ਲਈ ਇਕੱਠੇ ਹੋਣ ਦਾ ਢੌਂਗ ਰਚ ਰਹੇ ਹੁੰਦੇ ਹਾਂ ਪਰ ਸਾਡੇ ਮਨਾਂ ਅੰਦਰ ਇੱਕ ਦੂਜੇ ਪ੍ਰਤੀ ਅਣਗਿਣਤ ਸ਼ਿਕਵੇ ਸ਼ਿਕਾਇਤਾਂ ਹੁੰਦੀਆਂ ਹਨ

ਅੱਜ ਸਾਡੇ ਰਿਸ਼ਤਿਆਂ ਵਿਚਕਾਰ ਖਿੱਚੀਆਂ ਜਾ ਰਹੀਆਂ ਵਾਦ-ਵਿਵਾਦ ਦੀਆਂ ਤਲਵਾਰਾਂ ਅਤੇ ਇੱਕ ਦੂਜੇ ਨੂੰ ਨੀਵਾਂ ਵਿਖਾਉਣ ਦੇ ਖਿੱਚੇ ਜਾ ਰਹੇ ਤੀਰ ਬਿਰਧ ਆਸ਼ਰਮਾਂ ਵਿੱਚ ਬਜ਼ੁਰਗਾਂ ਦੀ ਅਤੇ ਅਦਾਲਤਾਂ ਵਿੱਚ ਸਾਡੇ ਝਗੜਿਆਂ ਦੀ ਗਿਣਤੀ ਲਗਾਤਾਰ ਵਧਾ ਰਹੇ ਹਨਪਰਿਵਾਰਾਂ ਦਾ ਇਕੱਠ ਬਣਾਕੇ ਰੱਖਣ ਲਈ ਅਤੇ ਆਪਣੇ ਸੰਬੰਧਾਂ ਨੂੰ ਬਣਾ ਕੇ ਰੱਖਣ ਲਈ ਸਮੇਂ ਦੀ ਨਜ਼ਾਕਤ ਨੂੰ ਵੇਖਦਿਆਂ ਸਾਨੂੰ ਗੂੰਗੇ ਬਣਕੇ ਯਾਨੀ ਕਿ ਚੁੱਪ ਰਹਿਕੇ ਇੱਕ ਦੂਜੇ ਦੀ ਗੱਲ ਬਰਦਾਸ਼ਤ ਕਰਨ ਦੀ ਕਲਾ ਆਉਣੀ ਚਾਹੀਦੀ ਹੈਮੋੜਵਾਂ ਜਵਾਬ ਦੇਣ ਦੀ ਬਜਾਏ ‘ਇੱਕ ਕਹਿ ਲਵੇ ਤੇ ਦੂਜਾ ਸਹਿ ਲਵੇ’ ਉੱਤੇ ਅਮਲ ਕਰਨਾ ਚਾਹੀਦਾ ਹੈਪਰ ਸਾਡੀ ਹਉਮੈਂ ਅਤੇ ਇੱਕ ਦੂਜੇ ਨੂੰ ਨੀਵਾਂ ਵਿਖਾਉਣ ਦੀ ਭਾਵਨਾ ਉਦੋਂ ਤਕ ਸਾਹ ਨਹੀਂ ਲੈਂਦੀ ਜਦੋਂ ਤਕ ਅਸੀਂ ਇੱਕ ਦੀਆਂ ਚਾਰ ਸੁਣਾ ਨਹੀਂ ਲੈਂਦੇ

ਆਪਣੇ ਮਹੱਲੇ ਦੀ ਇੱਕ ਬਜ਼ੁਰਗ ਔਰਤ ਦੇ ਘਰ ਚਾਹ ਦਾ ਕੱਪ ਪੀਂਦਿਆਂ ਮੈਂ ਉਸ ਨੂੰ ਸਵਾਲ ਕੀਤਾ, “ਤਾਈ ਜੀ, ਤੁਹਾਡੀ ਆਪਣੀਆਂ ਨੂੰਹਾਂ ਨਾਲ ਐਨੀ ਬਣਦੀ ਕਿਵੇਂ ਹੈ?” ਉਸ ਬਜ਼ੁਰਗ ਔਰਤ ਵੱਲੋਂ ਦਿੱਤੇ ਗਏ ਜਵਾਬ ਉੱਤੇ ਜੇਕਰ ਹਰ ਸੱਸ ਅਮਲ ਕਰ ਲਵੇ ਤਾਂ ਹਰ ਸੱਸ-ਨੂੰਹ ਦੇ ਸੰਬੰਧ ਚੰਗੇ ਬਣੇ ਰਹਿ ਸਕਦੇ ਹਨਉਸਨੇ ਜਵਾਬ ਦਿੱਤਾ, “ਪੁੱਤਰਾ, ਮੈਂਨੂੰ ਆਰਾਮ ਦੀ ਰੋਟੀ ਮਿਲ ਰਹੀ ਹੈਮੇਰੀਆਂ ਨੂੰਹਾਂ ਤਿੰਨ ਕਰਨ,ਤੇਰਾਂ ਕਰਨ, ਉਹ ਜੋ ਮਰਜ਼ੀ ਬੋਲੀ ਜਾਣ, ਮੈਂ ਆਪਣਾ ਮੂੰਹ ਬੰਦ ਰੱਖਦੀ ਹਾਂਹੁਣ ਘਰ ਵਿੱਚ ਰਾਜ ਪੁੱਤਾਂ ਅਤੇ ਨੂੰਹਾਂ ਦਾ ਹੈਪਰਿਵਾਰ ਦਾ ਮਾਹੌਲ ਚੰਗਾ ਬਣਾਕੇ ਰੱਖਣ ਲਈ ਮੂੰਹ ਬੰਦ ਹੀ ਰੱਖਣਾ ਪੈਂਦਾ ਹੈ।”

ਮੈਨੂੰ ਇੱਕ ਹੋਰ ਬਜ਼ੁਰਗ ਦੀ ਕਹੀ ਹੋਈ ਗੱਲ ਯਾਦ ਆ ਗਈ, “ਜੇਕਰ ਤੁਸੀਂ ਆਪਣਾ ਬੁਢਾਪਾ ਸੁਖੀ ਰੱਖਣਾ ਚਾਹੁੰਦੇ ਹੋ ਤਾਂ ਆਪਣਾ ਮੂੰਹ ਬੰਦ ਅਤੇ ਆਪਣੇ ਬਟੂਏ ਦਾ ਮੂੰਹ ਖੁੱਲ੍ਹਾ ਰੱਖੋ।” ਸਾਡੇ ਰਿਸ਼ਤਿਆਂ ਦੀ ਤ੍ਰਾਸਦੀ ਹੀ ਇਹ ਹੈ ਕਿ ਅਸੀਂ ਆਪਸੀ ਰਿਸ਼ਤੇ ਬਣਾਕੇ ਰੱਖਣ ਲਈ ਝੂਰਦੇ ਤਾਂ ਰਹਿੰਦੇ ਹਾਂ ਪਰ ਉਨ੍ਹਾਂ ਨੂੰ ਬਣਾਕੇ ਰੱਖਣ ਲਈ ਆਪਣੀ ‘ਮੈਂ’ ਨੂੰ ਮਾਰਨ ਲਈ ਤਿਆਰ ਨਹੀਂ ਹੁੰਦੇਆਪਣੀ ਹਿੰਡ ਪੁਗਾਉਣ ਵਿੱਚ ਕੋਈ ਕਸਰ ਨਹੀਂ ਛੱਡਦੇਸੁਣੇ ਨੂੰ ਅਣਸੁਣਿਆ ਕਰਨ ਲਈ ਤਿਆਰ ਨਹੀਂ ਹੁੰਦੇਵੇਖੇ ਨੂੰ ਅਣਵੇਖਿਆ ਕਰਨ ਦੀ ਸਾਨੂੰ ਆਦਤ ਨਹੀਂ ਹੁੰਦੀਅਸੀਂ ਸਮਝੌਤਾ ਕਰਨ ਵਿੱਚ ਆਪਣੀ ਹੇਠੀ ਸਮਝਦੇ ਹਾਂਸਾਡੇ ਪਰਿਵਾਰਾਂ ਵਿੱਚ ਇੱਕ ਮੁੰਡਾ ਵਿਆਹੇ ਜਾਣ ਤੋਂ ਬਾਅਦ ਹੀ ਛੋਟੀਆਂ ਮੋਟੀਆਂ ਗੱਲਾਂ ਨੂੰ ਲੈ ਕੇ ਸਾਡੇ ਪਰਿਵਾਰਾਂ ਵਿੱਚ ਭਾਂਡੇ ਖੜਕਣ ਦੀ ਅਵਾਜ਼ ਗਲੀ ਮਹੱਲੇ ਅਤੇ ਰਿਸ਼ਤੇਦਾਰਾਂ ਤਕ ਪਹੁੰਚਣ ਤੋਂ ਸ਼ੁਰੂ ਹੋ ਕੇ ਪਰਿਵਾਰ ਦੇ ਅੱਡ ਹੋਣ ਤਕ ਖਤਮ ਹੁੰਦੀ ਹੈਇੱਕ ਪਰਿਵਾਰ ਦੇ ਛੇ ਭੈਣ ਭਰਾਵਾਂ ਦੇ ਪਿਤਾ ਦੀ ਛੋਟੀ ਉਮਰ ਵਿੱਚ ਹੀ ਮੌਤ ਹੋ ਗਈਸਭ ਤੋਂ ਵੱਡੇ ਭਰਾ ਨੇ ਹੱਡ ਭੰਨਵੀਂ ਮਿਹਨਤ ਕਰਕੇ ਸਾਰੇ ਪਰਿਵਾਰ ਪ੍ਰਤੀ ਬਣਦੀ ਜ਼ਿੰਮੇਵਾਰੀ ਨਿਭਾਈਭੈਣਾਂ ਭਰਾਵਾਂ ਤੋਂ ਕੁਝ ਨਹੀਂ ਲੁਕਾਇਆਉਸਨੇ ਆਪਣੀ ਮਾਂ ਨੂੰ ਆਪਣੇ ਕੋਲ ਹੀ ਰੱਖਿਆਐਨਾ ਕਰਨ ਦੇ ਬਾਵਜੂਦ ਵੀ ਉਸਦੇ ਭਰਾਵਾਂ ਨੇ ਉਸ ਉੱਤੇ ਇਹ ਇਲਜ਼ਾਮ ਲਾਇਆ ਕਿ ਉਸਨੇ ਸਾਰਾ ਕੁਝ ਆਪਣਾ ਬਣਾ ਲਿਆ, ਸਾਡਾ ਉਸਨੇ ਕੀਤਾ ਹੀ ਕੀ ਹੈ! ਉਹ ਵੱਡਾ ਭਰਾ ਆਪਣੇ ਭਰਾਵਾਂ ਦੇ ਇਲਜ਼ਾਮ ਦਾ ਕੋਈ ਜਵਾਬ ਨਾ ਦਿੰਦਾਇੱਕ ਦਿਨ ਉਸਦੀ ਪਤਨੀ ਨੇ ਉਸ ਨੂੰ ਪੁੱਛਿਆ, “ਤੁਸੀਂ ਆਪਣੇ ਭਰਾਵਾਂ ਦਾ ਬਹੁਤ ਹੀ ਇਮਾਨਦਾਰੀ ਨਾਲ ਐਨਾ ਕੁਝ ਕੀਤਾ ਪਰ ਫੇਰ ਵੀ ਉਹ ਤੁਹਾਡੇ ਉੱਤੇ ਕੋਈ ਨਾ ਕੋਈ ਇਲਜ਼ਾਮ ਲਗਾਉਂਦੇ ਹੀ ਰਹਿੰਦੇ ਹਨ। ਤੁਸੀਂ ਉਨ੍ਹਾਂ ਨੂੰ ਜਵਾਬ ਕਿਉਂ ਨਹੀਂ ਦਿੰਦੇ?”

ਉਸ ਵੱਡੇ ਭਰਾ ਨੇ ਆਪਣੀ ਪਤਨੀ ਨੂੰ ਜਵਾਬ ਦਿੱਤਾ, “ਭਗਵਾਨ, ਜੇਕਰ ਮੈਂ ਇਨ੍ਹਾਂ ਦੇ ਇਲਜ਼ਾਮਾਂ ਨੂੰ ਸੁਣਨ ਲੱਗ ਪੈਂਦਾ ਤਾਂ ਮੈਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਤੋਂ ਵਾਂਝੇ ਰਹਿ ਜਾਣਾ ਸੀਜਦੋਂ ਇਹ ਬੋਲਦੇ ਹਨ, ਉਦੋਂ ਮੈਂ ਆਪਣੇ ਕੰਨ ਬੰਦ ਕਰ ਲੈਂਦਾ ਹਾਂ।”

ਸਾਡੇ ਉਨ੍ਹਾਂ ਪਰਿਵਾਰਾਂ ਵਿੱਚ ਵਿਆਹਾਂ ਤੋਂ ਬਾਅਦ ਬੱਚਿਆਂ ਅਤੇ ਮਾਪਿਆਂ ਵਿੱਚ ਛੇਤੀ ਹੀ ਮਹਾਂਭਾਰਤ ਇਸ ਲਈ ਹੋਣ ਲੱਗ ਪੈਂਦੀ ਹੈ ਜਿਨ੍ਹਾਂ ਵਿੱਚ ਬੱਚੇ ਆਪਣੇ ਮਾਪਿਆਂ ਦੀ ਕੀਤੀ ਭੁੱਲ ਜਾਂਦੇ ਹਨ; ਬਜ਼ੁਰਗ ਅੰਨ੍ਹੇ, ਬੋਲੇ ਅਤੇ ਗੂੰਗੇ ਬਣਕੇ ਆਪਣਾ ਬੁੱਢਾਪਾ ਜਿਊਣ ਦੇ ਆਦੀ ਨਹੀਂ ਹੁੰਦੇਜਿਹੜੇ ਬਜ਼ੁਰਗ ਇਸ ਗੱਲ ਨੂੰ ਨਜ਼ਰ ਅੰਦਾਜ਼ ਕਰਕੇ ਕਿ ਬੱਚਿਆਂ ਦੀ ਆਪਣੀ ਵੀ ਜ਼ਿੰਦਗੀ ਹੈ, ਉਨ੍ਹਾਂ ਦੀ ਜ਼ਿੰਦਗੀ ਵਿੱਚ ਦਖਲ ਅੰਦਾਜ਼ੀ ਕਰਦੇ ਰਹਿੰਦੇ ਹਨ ਅਤੇ ਟੋਕਾ ਟਾਕੀ ਕਰਦੇ ਹਨ, ਉਨ੍ਹਾਂ ਦੇ ਰਿਸ਼ਤਿਆਂ ਵਿੱਚ ਤਣਾਅ ਪੈਦਾ ਹੋਣ ਹੋ ਜਾਂਦਾ ਹੈ।

ਸਾਡੇ ਸ਼ਹਿਰ ਦੇ ਇੱਕ ਪਰਿਵਾਰ ਦੀਆਂ ਤਿੰਨ ਚਾਰ ਪੀੜ੍ਹੀਆਂ ਪਿਛਲੇ ਸਮੇਂ ਤੋਂ ਇਕੱਠੀਆਂ ਰਹਿ ਰਹੀਆਂ ਹਨਪਰਿਵਾਰ ਦਾ ਕੋਈ ਵੀ ਮੈਂਬਰ ਅੱਡ ਹੋਣ ਦਾ ਨਾਂ ਨਹੀਂ ਲੈਂਦਾਸ਼ਹਿਰ ਵਿੱਚ ਕਿਸੇ ਨੇ ਵੀ ਉਨ੍ਹਾਂ ਦਾ ਇੱਕ ਦੂਜੇ ਨਾਲ ਮਨ ਮੁਟਾਵ ਨਹੀਂ ਸੁਣਿਆਕਿਸੇ ਵਿਅਕਤੀ ਨੇ ਉਨ੍ਹਾਂ ਵਿੱਚੋਂ ਇੱਕ ਨੂੰ ਪੁੱਛਿਆ ਕਿ ਅੱਜਕਲ ਤਾਂ ਇੱਕ ਪੀੜ੍ਹੀ ਦੇ ਲੋਕ ਇਕੱਠੇ ਨਹੀਂ ਰਹਿੰਦੇ, ਤੁਸੀਂ ਚਾਰ ਪੀੜ੍ਹੀਆਂ ਦੇ ਲੋਕ ਇਕੱਠੇ ਕਿਵੇਂ ਰਹਿੰਦੇ ਹੋ? ਉਸ ਵਿਅਕਤੀ ਨੇ ਅੱਗੋਂ ਜਵਾਬ ਦਿੱਤਾ, “ਅਸੀਂ ਇੱਕ ਦੂਜੇ ਦੀਆਂ ਗਲਤੀਆਂ ਨੂੰ ਛੱਜ ਵਿੱਚ ਪਾ ਕੇ ਛੱਟਣ ਦੀ ਬਜਾਏ ਉਨ੍ਹਾਂ ਨੂੰ ਅਣਵੇਖੀਆਂ ਕਰ ਦਿੰਦੇ ਹਾਂਇੱਕ ਦੂਜੇ ਦੀ ਅਜ਼ਾਦੀ ਵਿੱਚ ਦਖਲ ਅੰਦਾਜ਼ੀ ਨਹੀਂ ਕਰਦੇਮੇਰੇ ਪਿਤਾ ਜੀ ਦਾ ਨਾ ਕੋਈ ਤਾਇਆ, ਚਾਚਾ ਸੀ ਅਤੇ ਨਾ ਹੀ ਨਾਲ ਦੇ ਜੰਮੇ ਭੈਣ ਭਰਾ ਪਰ ਫਿਰ ਵੀ ਸਾਡੇ ਘਰ ਪਿਤਾ ਜੀ ਦੇ ਦੂਰ ਦੇ ਰਿਸ਼ਤੇਦਾਰ ਕਈ ਕਈ ਦਿਨ ਰਹਿ ਜਾਂਦੇ ਸਨਮੇਰੀ ਮਾਂ ਨੇ ਉਨ੍ਹਾਂ ਨੂੰ ਆਇਆਂ ਵੇਖ ਕਦੇ ਮੱਥੇ ਵੱਟ ਨਹੀਂ ਪਾਇਆ। ਮੇਰੀ ਮਾਂ ਅਕਸਰ ਹੀ ਕਹਿੰਦੀ ਹੁੰਦੀ ਸੀ ਕਿ ਉਹ ਘਰ ਭਾਗਾਂ ਵਾਲਾ ਹੁੰਦਾ ਹੈ, ਜਿਸ ਘਰ ਵਿੱਚ ਰਿਸ਼ਤੇਦਾਰ ਆਉਂਦੇ ਰਹਿੰਦੇ ਹਨਰਿਸ਼ਤੇ ਨਿਭਾਉਣ ਲਈ ਵਕਤ ਅਤੇ ਇੱਜ਼ਤ ਦੀ ਲੋੜ ਹੁੰਦੀ ਹੈਅਜੋਕੀ ਨਵੀਂ ਪੀੜ੍ਹੀ ਦੇ ਬੱਚਿਆਂ ਕੋਲ ਨਾ ਵਕਤ ਹੈ ਤੇ ਨਾ ਹੀ ਸਲੀਕਾ, ਇਸੇ ਲਈ ਰਿਸ਼ਤੇ ਨਿਭਾਉਣ ਵਿੱਚ ਔਕੜਾਂ ਆ ਰਹੀਆਂ ਹਨਅੱਜ ਮਾਪਿਆਂ ਦੇ ਅੱਖਾਂ ਮੀਟਦਿਆਂ ਹੀ ਸਾਰੇ ਭੈਣ-ਭਰਾ ਰਿਸ਼ਤਿਆਂ ਤੋਂ ਮੂੰਹ ਮੋੜ ਲੈਂਦੇ ਹਨ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4598)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਪ੍ਰਿੰ. ਵਿਜੈ ਕੁਮਾਰ

ਪ੍ਰਿੰ. ਵਿਜੈ ਕੁਮਾਰ

Phone: (91 - 98726 - 27136)
Email: (vijaykumarbehki@gmail.com)

More articles from this author