SRLadhar7ਬਸ ਇੰਨਾ ਕੁ ਖਿਆਲ ਰੱਖਣਾ ਕਿ ਜੇਕਰ ਮੈਂ ਕੋਈ ਸਿਫਾਰਸ਼ ਵਗੈਰਾ ਕਰ ਦੇਵਾਂ ਤਾਂ ...
(5 ਜਨਵਰੀ 2017)

 

“Government is a trust, and the officers of the Government are trustees.  And both the trust and trustees are created for the benefit of the people” --- Henry Clay


ਮੈਂ ਜਦੋਂ ਡੀਸੀ ਲੱਗਾ ਤਾਂ ਆਪਣੀ ਡਵੀਜ਼ਨ ਦੇ ਕਮਿਸ਼ਨਰ ਤੋਂ ਟਾਈਮ ਲੈ ਕੇ ਉਹਨਾਂ ਨੂੰ ਮਿਲਣ ਚਲਾ ਗਿਆ। ਇਹ ਰਵਾਇਤ ਹੈ ਕਿ ਜਦੋਂ ਵੀ ਡੀਸੀ ਆਪਣੀ ਕੁਰਸੀ ਸੰਭਾਲਦਾ ਹੈ ਤਾਂ ਇੱਕ ਅੱਧੇ ਦਿਨ ਦੇ ਅੰਦਰ-ਅੰਦਰ ਡਵੀਜ਼ਨ ਦੇ ਕਮਿਸ਼ਨਰ ਨੂੰ ਟਾਈਮ ਲੈ ਕੇ ਮਿਲਣ ਜਾਂਦਾ ਹੈ। ਜਿੱਥੇ ਜਾਣ-ਪਛਾਣ ਹੋ ਜਾਂਦੀ ਹੈ, ਉੱਥੇ ਕਈ ਵਾਰ ਕਈ ਤਰ੍ਹਾਂ ਦੀ ਸੇਧ ਵੀ ਮਿਲ ਜਾਂਦੀ ਹੈ। ਮੈਂ ਸ਼ਾਮ ਵੇਲੇ ਮਿਲਣ ਗਿਆ ਤਾਂ ਉਹ ਆਪਣੇ ਘਰ ਡਰਾਇੰਗ ਰੂਮ ਵਿੱਚ ਇੱਕ ਦੋ ਮਹਿਮਾਨਾਂ ਨਾਲ ਬੈਠੇ ਚਾਹ ਪੀ ਰਹੇ ਸਨ। ਨੌਕਰ ਮੈਨੂੰ ਵੀ ਪਾਣੀ ਤੋਂ ਬਾਅਦ ਚਾਹ ਦਾ ਕੱਪ ਦੇ ਗਿਆ। ਪਹਿਲਾਂ ਬੈਠੇ ਮਹਿਮਾਨ ਜਲਦੀ ਹੀ ਚਲੇ ਗਏ। ਮੈਂ ਪੁੱਛਿਆ, “ਸਰ ਦੱਸੋ, ਕੋਈ ਖ਼ਾਸ ਗੱਲਬਾਤ ਜੋ ਧਿਆਨ ਵਿੱਚ ਰੱਖਣ ਯੋਗ ਹੋਵੇ।”

ਕਹਿਣ ਲੱਗੇ, “ਨਹੀਂ, ਕੋਈ ਖ਼ਾਸ ਨਹੀਂਤੁਸੀਂ ਸਮਝਦਾਰ ਹੋ, ਬਸ ਇੰਨਾ ਕੁ ਖਿਆਲ ਰੱਖਣਾ ਕਿ ਜੇਕਰ ਮੈਂ ਕੋਈ ਸਿਫਾਰਸ਼ ਵਗੈਰਾ ਕਰ ਦੇਵਾਂ ਤਾਂ ਆਪਣੇ ਹੁਕਮਾਂ ਵਿੱਚ ਮੇਰਾ ਜ਼ਿਕਰ ਨਾ ਕਰ ਦੇਣਾ।”

ਮੈਂ ਬੜਾ ਸ਼ਰਮਿੰਦਾ ਜਿਹਾ ਹੋਇਆ ਤੇ ਪੁੱਛਿਆ, “ਸਰ ਤੁਸੀਂ ਇੰਜ ਕਿਉਂ ਕਹਿ ਰਹੇ ਹੋ?”

ੳਹ ਕਹਿਣ ਲੱਗੇ ਕਿ ਮੈਂ ਸੁਣਿਆ ਹੈ ਤੁਸੀਂ ਐੱਸਡੀਐੱਮ ਹੁੰਦਿਆਂ ਕਈ ਸਿਆਸੀ ਬੰਦਿਆਂ ਦੇ ਨਾਂ ਤੱਕ ਆਪਣੇ ਅਦਾਲਤੀ ਹੁਕਮਾਂ ਵਿੱਚ ਲਿਖ ਦਿੱਤੇ ਸਨ। ਕਮਿਸ਼ਨਰ ਸਾਹਿਬ ਦੀਆਂ ਇਨ੍ਹਾਂ ਗੱਲਾਂ ਨੇ ਸਾਰਾ ਕੇਸ ਫਿਰ ਮੇਰੀਆਂ ਅੱਖਾਂ ਸਾਹਮਣੇ ਲੈ ਆਂਦਾ।

ਹੋਇਆ ਇੰਜ ਕਿ ਜਦੋਂ ਮੈਂ ਲੁਧਿਆਣਾ ਐੱਸਡੀਐੱਮ ਸਾਂ, ਇੱਕ ਇੰਤਕਾਲ ਦਾ ਕੇਸ ਸੀ। ਮੇਰੇ ਉੱਤੇ ਸਿਆਸੀ ਦਬਾਅ ਪਾਇਆ ਗਿਆ ਕਿ ਮੈਂ ਫਲਾਂ-ਫਲਾਂ ਪਾਰਟੀ ਦੇ ਹੱਕ ਵਿੱਚ ਫੈਸਲਾ ਕਰਾਂ। ਭਾਵੇਂ ਮੈਂ ਉੱਪਰੋਂ-ਉੱਪਰੋਂ ਹਾਂ ਕਰ ਦਿੱਤੀ ਪਰ ਮਨ ਵਿੱਚ ਇਹ ਵਿਚਾਰ ਪੱਕਾ ਸੀ ਕਿ ਮੈਂ ਉਹੀ ਕਰਾਂਗਾ, ਜੋ ਸਹੀ ਹੈ। ਜ਼ਿਲ੍ਹੇ ਦੇ ਇੱਕ ਤਕੜੇ ਸਿਆਸੀ ਬੰਦੇ ਨੇ ਕਿਹਾ, ਸਰਦਾਰ ਜੀ ਵੱਲੋਂ ਹੁਕਮ ਹੈ ਕਿ ਫਲਾਂ ਆਦਮੀ ਦਾ ਕੰਮ ਕਰਨਾ ਹੈ। ਮੈਂ ਕਿਹਾ ਕਿ ਇਹ ਸਰਦਾਰ ਜੀ ਕੌਣ ਹੈ? ਕਹਿਣ ਲੱਗਾ, ਸਰਦਾਰ ਜੀ ਨੂੰ ਕੌਣ ਨਹੀਂ ਜਾਣਦਾ? ਮੈਂ ਕਿਹਾ ਕਿ ਠੀਕ ਹੈ, ਮੇਰੀ ਗੱਲ ਕਰਵਾ ਦਿਓਮੈਂ ਸ਼ਤ-ਪ੍ਰਤੀਸ਼ਤ ਕੰਮ ਕਰ ਦੇਵਾਂਗਾ। ਉਹ ਕਹਿਣ ਲੱਗਾ, ਜ਼ਿਲ੍ਹੇ ਵਿੱਚ ਉਹ ਸਾਰੇ ਕੰਮ ਮੈਨੂੰ ਹੀ ਦੱਸਦੇ ਹਨ, ਅੱਗੇ ਮੈਂ ਹੀ ਅਫ਼ਸਰਾਂ ਨੂੰ ਕੰਮ ਕਰਨ ਲਈ ਕਹਿੰਦਾ ਹਾਂ। ਮੈਂ ਕਿਹਾ, ਚੱਲੋ ਏਨਾ ਹੀ ਕਰ ਦਿਓ ਕਿ ਸਰਦਾਰ ਜੀ ਇਹ ਕਹਿ ਦੇਣ ਕਿ ਤੁਹਾਡੇ ਕਹੇ ਤੇ ਮੈਂ ਸਾਰੇ ਕੰਮ ਕਰਿਆ ਕਰਾਂ ਅਤੇ ਤੁਹਾਡੇ ਹੁਕਮ ਨੂੰ ਸਰਦਾਰ ਸਾਹਿਬ ਦਾ ਹੁਕਮ ਸਮਝਾਂ। ਉਹ ਕਹਿਣ ਲੱਗਾ, ਤੁਸੀਂ ਅਜੇ ਨਵੇਂ-ਨਵੇਂ ਅਫ਼ਸਰ ਬਣੇ ਹੋ। ਇੰਜ ਥੋੜ੍ਹੀ ਹੁੰਦਾ ਹੈ। ਮੈਂ ਕਿਹਾ ਕਿ ਚਲੋ ਕੋਈ ਇਸ਼ਾਰਾ ਮਾਤਰ ਤਾਂ ਲੈ ਦਿਓ ਖ਼ੈਰ ਇੰਤਕਾਲ ਦੀ ਤਰੀਕ ਤੋਂ ਹਫ਼ਤਾ ਪਹਿਲਾਂ ਮੈਂ ਮੌਕਾ ਰੱਖ ਲਿਆ, ਦਬਾਅ ਫਿਰ ਪੂਰਾ-ਪੂਰਾ ਪਿਆ। ਮੌਕੇ ’ਤੇ ਜਾ ਕੇ ਜੋ ਤਸਵੀਰ ਸਪਸ਼ਟ ਹੁੰਦੀ ਹੈ, ਉਹ ਵਕੀਲਾਂ ਵੱਲੋਂ ਤੁਹਾਨੂੰ ਦਿਖਾਈ ਗਈ ਤਸਵੀਰ ਤੋਂ ਕਈ ਵਾਰ ਬਿੱਲਕੁਲ ਵੱਖ ਹੁੰਦੀ ਹੈ। ਮੇਰੇ ਨਾਲ ਵੀ ਕੁੱਝ ਅਜਿਹਾ ਹੀ ਹੋਇਆ ਕਿ ਦਬਾਅ ਪਾਉਣ ਵਾਲਿਆਂ ਦਾ ਪੱਖ ਬਹੁਤ ਕਮਜ਼ੋਰ ਸੀ। ਮੇਰੇ ਵਿੱਚ ਅੱਜ ਵਾਲ਼ੀ ਪ੍ਰਪੱਕਤਾ ਨਹੀਂ ਸੀ। ਮੈਂ ਜ਼ਿਆਦਾ ਲਮ-ਲਪੇਟਾ ਕੀਤੇ ਬਿਨਾਂ ਮੌਕੇ ’ਤੇ ਹੀ ਕਹਿ ਦਿੱਤਾ ਕਿ ਤੁਸੀਂ ਤਾਂ ਗਲਤ ਹੀ ਝਗੜਾ ਕਰ ਰਹੇ ਹੋ, ਤੁਹਾਡਾ ਹੱਕ ਨਹੀਂ ਬਣਦਾ।

ਖ਼ੈਰ ਇਸ ਤੋਂ ਪਹਿਲਾਂ ਕਿ ਮੈਂ ਅਦਾਲਤ ਵਿੱਚ ਬੈਠ ਕੇ ਹੁਕਮ ਸੁਣਾਉਂਦਾ, ਮੇਰੀ ਬਦਲੀ ਦੇ ਹੁਕਮ ਆ ਗਏ। ਨਵੇਂ ਐੱਸਡੀਐੱਮ ਨੇ ਉਸੇ ਦਿਨ ਹੀ ਚਾਰਜ ਸੰਭਾਲ ਲਿਆ। ਉਸਨੇ ਭੋਰਾ ਵੀ ਸ਼ਿਸ਼ਟਾਚਾਰ ਨਾ ਦਿਖਾਇਆ ਕਿ ਮੈਂ ਚਾਰਜ ਛੱਡਾਂ ਤੇ ਫਿਰ ਉਹ ਚਾਰਜ ਸੰਭਾਲੇ। ਮੈਨੂੰ ਧੱਕਾ ਤਾਂ ਬਹੁਤ ਲੱਗਾ, ਪਰ ਕੀ ਹੋ ਸਕਦਾ ਸੀ? ਮੈਂ ਕਿਸੇ ਹੋਰ ਦਾ ਹੱਕ ਬਚਾਉਂਦਾ ਹੋਇਆ ਆਪਣੀ ਬਦਲੀ ਕਰਵਾ ਬੈਠਾ। ... ਖ਼ੈਰ ਜ਼ਿੰਦਗੀ ਦਾ ਤਜਰਬਾ ਵੀ ਇੰਜ ਹੀ ਹਾਸਲ ਹੁੰਦਾ ਹੈ।

ਰੀਡਰ ਨੇ ਪਿਛਲੇ ਜ਼ਿਮਨੀ ਆਰਡਰਾਂ ’ਤੇ ਦਸਤਖ਼ਤ ਕਰਵਾਉਣੇ ਸਨ। ਜਿਸ ਕੇਸ ਕਰਕੇ ਮੇਰੀ ਬਦਲੀ ਹੋਈ ਸੀ, ਉਹ ਫਾਈਲ ਮੇਰੇ ਕੋਲ਼ ਸੀ। ਉਸ ਦੀ ਤਰੀਕ ਅਗਲੇ ਹਫ਼ਤੇ ਸੀ। ਮੈਂ ਹੱਥ ਨਾਲ ਹੀ ਇੱਕ ਸਫ਼ੇ ਦਾ ਜ਼ਿਮਨੀ ਆਰਡਰ ਲਿਖ ਦਿੱਤਾ ਕਿ ਇਸ ਕੇਸ ਵਿੱਚ ਮੇਰੇ ’ਤੇ ਸਿਆਸੀ ਦਬਾਅ ਪਾਇਆ ਗਿਆਕਿਵੇਂ ਮੈਂ ਮੌਕਾ ਰੱਖ ਕੇ ਅਸਲੀਅਤ ਜਾਣਨ ਦੀ ਕੋਸ਼ਿਸ ਕੀਤੀ, ਕਿਵੇਂ ਮੇਰੀ ਅਗਲੀ ਤਰੀਕ ਤੋਂ ਪਹਿਲਾਂ-ਪਹਿਲਾਂ ਬਦਲੀ ਕਰਵਾ ਦਿੱਤੀ ਗਈ ਤਾਂ ਜੋ ਮੈਂ ਅਜਿਹਾ ਹੁਕਮ ਨਾ ਪਾਸ ਕਰ ਸਕਾਂ ਜਿਸ ਨਾਲ ਸਿਆਸੀ ਦਬਾਅ ਵਾਲ਼ੀ ਧਿਰ ਦਾ ਨੁਕਸਾਨ ਹੋਵੇ। ਮੈਂ ਇਹ ਜ਼ਿਮਨੀ ਆਰਡਰ ਮੌਕਾ ਦੇਖ ਕੇ ਇਸ ਲਈ ਲਿਖ ਰਿਹਾ ਹਾਂ ਕਿ ਆਉਣ ਵਾਲਾ ਨਵਾਂ ਅਫ਼ਸਰ ਦੂਜੀ ਪਾਰਟੀ ਨਾਲ ਧੱਕਾ ਨਾ ਕਰ ਸਕੇ ਅਤੇ ਸਿਆਸੀ ਆਦਮੀਆਂ ਨੂੰ ਇਹ ਅਹਿਸਾਸ ਵੀ ਰਹੇ ਕਿ ਹਰ ਅਫ਼ਸਰ ਵਿਕਾਊ ਨਹੀਂ ਹੁੰਦਾ। ਉਹਨਾਂ ਦਿਨਾਂ ਵਿੱਚ ਆਰਟੀਆਈ ਐਕਟ ਦਾ ਜ਼ਮਾਨਾ ਨਹੀਂ ਸੀ। ਮੈਂ ਆਪਣੀ ਮੋਹਰ ਲਾ ਕੇ ਅਤੇ ਦਸਤਖ਼ਤ ਕਰਕੇ ਆਪਣੇ ਜ਼ਿਮਨੀ ਆਰਡਰ ਦੀ ਫੋਟੋ ਸਟੇਟ ਕਰਵਾ ਕੇ ਇੱਕ ਕਾਪੀ ਦੂਜੀ ਧਿਰ ਨੂੰ ਰੀਡਰ ਦੇ ਸਾਹਮਣੇ ਦੇ ਦਿੱਤੀ। ਰੀਡਰ ਰਾਹੀਂ ਇੱਕ ਪਾਰਟੀ ਨੂੰ ਬੁਲਾਉਣ ਦਾ ਇਹ ਮਕਸਦ ਸੀ ਕਿ ਉਹ ਨਵੇਂ ਅਫ਼ਸਰ ਨੂੰ ਦੱਸ ਸਕੇ ਅਤੇ ਨਵਾਂ ਅਫ਼ਸਰ ਚਾਹੁੰਦੇ ਹੋਏ ਵੀ ਫਾਈਲ ਨਾਲ ਛੇੜ-ਛਾੜ ਨਾ ਕਰ ਸਕੇ। ਇਸ ਕੇਸ ਵਿੱਚ ਮੇਰੇ ਤੋਂ ਪਹਿਲਾਂ ਵਾਲ਼ੇ ਐੱਸਡੀਐੱਮ ਨੇ ਇਸ ਕੇਸ ਦਾ ਫੈਸਲਾ ਦੋ ਸਾਲ ਨਹੀਂ ਸੀ ਕੀਤਾ ਤੇ ਤਰੀਕਾਂ ਪਾ-ਪਾ ਕੇ ਹੀ ਸਮਾਂ ਕੱਢ ਦਿੱਤਾ ਸੀ। ਸ਼ਾਇਦ ਫੈਸਲਾ ਨਾ ਲੈਣ ਕਾਰਨ ਉਹ ਬਦਲੀ ਤੋਂ ਬਚਿਆ ਰਿਹਾ। ਕਈ ਸਾਲ ਤੱਕ ਮੈਂ ਉਸ ਰੀਡਰ ਨੂੰ ਪੁੱਛਦਾ ਰਿਹਾ ਕਿ ਉਸ ਕੇਸ ਦਾ ਕੀ ਬਣਿਆ? ਉਸਨੇ ਦੱਸਿਆ ਕਿ ਸਰ, ਤੁਹਾਡਾ ਫੈਸਲਾ ਨਾ ਕੋਈ ਉੱਪਰਲਾ ਅਫ਼ਸਰ ਤੋੜ ਸਕਿਆ ਅਤੇ ਨਾ ਹੀ ਕੋਈ ਅਦਾਲਤ।

ਮੇਰੇ ਹੁਣ ਤੱਕ ਦੇ ਲੰਬੇ ਕੈਰੀਅਰ ਵਿੱਚ ਮੈਂ ਇਹ ਮਹਿਸੂਸ ਕੀਤਾ ਕਿ ਕਈ ਅਫ਼ਸਰ ਸਿਆਸੀ ਬੰਦਿਆਂ ਲਈ ਜੁੱਤੀਆਂ ਸਾਫ਼ ਕਰਨ ਵਾਲਾ ਪਾਇਦਾਨ ਬਣ ਜਾਂਦੇ ਹਨ। ਜਣਾ-ਖਣਾ ਉਹਨਾਂ ’ਤੇ ਆਪਣੀ ਜੁੱਤੀ ਸਾਫ਼ ਕਰ ਕੇ ਅਗਾਂਹ ਲੰਘ ਜਾਂਦਾ ਹੈ। ਛੋਟੇ ਪੱਧਰ ਦੇ ਸਿਆਸੀ ਆਦਮੀ ਅਜਿਹੇ ਅਫ਼ਸਰਾਂ ’ਤੇ ਖੂਬ ਰੋਹਬ ਝਾੜ ਲੈਂਦੇ ਹਨ। ਮੈਂ ਸੁਣਿਆ ਕਿ ਇੱਕ ਜ਼ਿਲ੍ਹੇ ਦੇ ਸੀਨੀਅਰ ਪੁਲਿਸ ਅਫ਼ਸਰ ਤੋਂ ਜੇ ਕਿਸੇ ਸਿਪਾਹੀ ਨੇ ਵੀ ਬਦਲੀ ਕਰਵਾਉਣੀ ਹੁੰਦੀ ਸੀ ਤਾਂ ਇੱਕ ਖਾਸ ਰੰਗ ਦੀ ਪਗੜੀ ਬੰਨ੍ਹ ਕੇ ਅਤੇ ਦਾੜ੍ਹੀ ਖੁੱਲ੍ਹੀ ਛੱਡ ਕੇ ਉਸ ਅਫ਼ਸਰ ਨੂੰ ਮਿਲਣ ਚਲੇ ਜਾਣਾ। ਪੁਲਿਸ ਅਫ਼ਸਰ ਨੇ ਉਸ ਸਿਪਾਹੀ ਨੂੰ ਚਾਹ ਵੀ ਪਿਆਉਣੀ ਅਤੇ ਉਸਦਾ ਕੰਮ ਵੀ ਕਰ ਦੇਣਾ। ਕਈ ਛੋਟੋ-ਛੋਟੇ ਸਿਆਸੀ ਆਦਮੀਆਂ ਨੇ ਜਦੋਂ ਸ਼ਹਿਰ ਕਿਸੇ ਕੰਮ ਆਉਣਾ ਤਾਂ ਉਸ ਪੁਲਿਸ ਅਫ਼ਸਰ ਕੋਲ਼ ਦਫ਼ਤਰ ਜਾ ਬੈਠਣਾ। ਉਸ ਅਫ਼ਸਰ ਨੇ ਉਹਨਾਂ ਨੂੰ ਚਾਹ ਦੇ ਨਾਲ਼਼-ਨਾਲ਼਼ ਪਕੌੜੇ ਵੀ ਖੁਆਉਣੇ। ਇਸ ਤਰ੍ਹਾਂ ਦੀ ਸੇਵਾ ਕਰਨ ਕਾਰਨ, ਉਹ ਅਫ਼ਸਰ ਜ਼ਿਲ੍ਹੇ ਵਿੱਚ ਸਿਆਸੀ ਪਾਰਟੀ ਦਾ ਕਾਫ਼ੀ ਚਹੇਤਾ ਰਿਹਾ ਅਤੇ ਕਈ ਸਾਲ ਇੱਕ ਅਹਿਮ ਅਹੁਦੇ ’ਤੇ ਤਾਇਨਾਤ ਵੀ ਰਿਹਾ।

ਮੇਰੇ ਅਧੀਨ ਇੱਕ ਅਫ਼ਸਰ ਅਹਿਮ ਅਹੁਦੇ ’ਤੇ ਤਾਇਨਾਤ ਸੀ। ਉਸ ਬਾਰੇ ਸੁਣਿਆ ਸੀ ਕਿ ਉਹ ਨੇਮ ਨਾਲ ਮੰਤਰੀ ਜੀ ਦੇ ਪੀਏ ਨਾਲ ਸੈਰ ਕਰਦਾ ਹੁੰਦਾ ਸੀ। ਕੋਈ ਵੀ ਕੰਮ ਪੀਏ ਸਾਹਬ ਤੋਂ ਪੁੱਛੇ ਬਿਨਾਂ ਨਹੀਂ ਕਰਦਾ ਸੀ।

ਇੱਕ ਹੋਰ ਅਫ਼ਸਰ ਸੁਣਿਆ, ਜੋ ਬੜੇ ਅਹਿਮ ਜ਼ਿਲ੍ਹੇ ਦਾ ਮੁਖੀ ਲੱਗਾ ਹੋਇਆ ਸੀ, ਜਦੋਂ ਅਦਾਲਤ ਦਾ ਕੰਮ ਕਰਨਾ ਤਾਂ ਪੱਟ ਹੇਠਾਂ ਰੱਖੀ ਡਾਇਰੀ ਵਿੱਚੋਂ ਸਿਫਾਰਸ਼ ਪੜ੍ਹ ਕੇ ਫੈਸਲਾ ਕਰ ਦਿੰਦਾ ਸੀ। ਇੱਕ ਦਿਨ ਲੰਬੜਦਾਰੀ ਦੇ ਕੇਸ ਵਿੱਚ ਉਸਨੇ ਭਰੀ ਕਚਿਹਰੀ ਵਿੱਚ ਉਮੀਦਵਾਰਾਂ ਨੂੰ ਇਹ ਕਹਿ ਕੇ ਵਾਪਸ ਤੋਰ ਦਿੱਤਾ ਕਿ ਤੁਹਾਡੇ ਵਿੱਚੋਂ ਕੋਈ ਵੀ ਵਿਅਕਤੀ ਲੰਬੜਦਾਰ ਬਣਨ ਦੇ ਯੋਗ ਨਹੀਂ ਹੈ। ਵਕੀਲਾਂ ਨੇ ਕਿਹਾ ਕਿ ਸਰ, ਚੰਗੇ ਭਲੇ ਪੜ੍ਹੇ-ਲਿਖੇ ਉਮੀਦਵਾਰ ਹਨ, ਕਿਸੇ ਨੂੰ ਵੀ ਲੰਬੜਦਾਰ ਬਣਾਇਆ ਜਾ ਸਕਦਾ ਹੈ। ਉਹ ਅਫ਼ਸਰ ਕਹਿਣ ਲੱਗਾ ਕਿ ਪੜ੍ਹੇ-ਲਿਖੇ ਹੋਣਾ ਜ਼ਰੂਰੀ ਨਹੀਂ, ਇਹਨਾਂ ਵਿੱਚੋਂ ਕਿਸੇ ਇੱਕ ਦੀ ਵੀ ਸਿਫਾਰਸ਼ ਨਹੀਂ ਆਈ। ਉਸਨੇ ਆਪਣੇ ਹੁਕਮਾਂ ਵਿੱਚ ਮੁਨਾਦੀ ਕਰਵਾਉਣ ਦਾ ਹੁਕਮ ਕਰ ਦਿੱਤਾ ਕਿ ਪਿੰਡ ਵਿੱਚੋਂ ਉਮੀਦਵਾਰਾਂ ਦੀ ਸੂਚੀ ਦੁਬਾਰਾ ਭੇਜੀ ਜਾਵੇ।

ਫਿਰ ਵੀ ਮੈਂ ਸਮਝਦਾ ਹਾਂ ਕਿ ਪੰਜੇ ਉਂਗਲ਼ਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ। ਲੋਕ ਦੱਬਦਿਆਂ ਨੂੰ ਹੀ ਦਬਾਉਂਦੇ ਹਨ। ਆਮ ਲੋਕਾਂ ਨੂੰ ਖ਼ਾਸ ਕਰਕੇ ਸੀਨੀਅਰ ਅਫ਼ਸਰਾਂ ਤੋਂ ਇਨਸਾਫ਼ ਦੀ ਬਹੁਤ ਉਮੀਦ ਹੁੰਦੀ ਹੈ। ਜੇਕਰ ਉੱਚ-ਅਹੁਦਿਆਂ ’ਤੇ ਬੈਠੇ ਅਫ਼ਸਰ ਆਮ ਲੋਕਾਂ ਦੀ ਸੁਣਵਾਈ ਨਾ ਕਰਨ ਤਾਂ ਜਿੱਥੇ ਲੋਕਾਂ ਦਾ ਦਿਲ ਟੁੱਟ ਜਾਂਦਾ ਹੈ, ਉੱਥੇ ਉਹ ਸਰਕਾਰ ਦਾ ਅਕਸ ਵੀ ਖ਼ਰਾਬ ਕਰਨ ਲਈ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦੇ।

ਮੇਰਾ ਨਿੱਜੀ ਤਜ਼ਰਬਾ ਹੈ ਕਿ ਇਮਾਨਦਾਰ, ਮਿਲਣਸਾਰ ਅਤੇ ਸਾਫ਼-ਸੁਥਰੇ ਅਕਸ ਵਾਲਾ ਅਫ਼ਸਰ ਜਿੱਥੇ ਆਮ ਜਨਤਾ ਤੋਂ ਪਿਆਰ ਤੇ ਸਤਿਕਾਰ ਪਾਉਂਦਾ ਹੈ ਉੱਥੇ ਸਿਆਸੀ ਲੋਕ ਵੀ ਅਜਿਹੇ ਅਫ਼ਸਰ ਦੀ ਦਿੱਲੋਂ ਇੱਜ਼ਤ ਕਰਦੇ ਹਨ।

*****

(552)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਐੱਸ ਆਰ ਲੱਧੜ

ਐੱਸ ਆਰ ਲੱਧੜ

S R Ladhar I.A.S. (Principal Secretary N.R.I. Affairs)
Punjab Government.
Phone: (91 - 94175 - 00610)

Email: (srladhar@yahoo.com)

More articles from this author