SRLadhar6ਦਲਿਤ ਅਫਸਰ ਆਪਣੀਆਂ ਜੜ੍ਹਾਂ ਨਾਲੋਂ ਟੁੱਟ ਕੇ ਪੂਜਾ-ਪਾਠ, ਬਾਬੇ ਦੇ ਲੜ ਲੱਗ ...
(17 ਮਾਰਚ 2020)

 

ਪੰਜਾਬ ਦੇ ਵਧੇਰੇ ਸੀਨੀਅਰ ਦਲਿਤ ਅਧਿਕਾਰੀ ਸੇਵਾ-ਮੁਕਤੀ ਤੋਂ ਬਾਅਦ ਪੰਜਾਬ ਦੇ ਅਤਿ ਅਧੁਨਿਕ ਸ਼ਹਿਰ ਮੋਹਾਲੀ ਵਿੱਚ ਵਸੇ ਹੋਏ ਹਨ। ਕੁਝ ਕੁ ਚੰਡੀਗੜ੍ਹ ਅਤੇ ਪੰਚਕੁਲਾ ਵਿੱਚ ਵੀ ਵਸੇ ਹੋਏ ਹਨ। ਜ਼ਿਆਦਾਤਰ ਅਫਸਰ ਆਪਣੇ ਘਰਾਂ ਵਿੱਚ ਟੀ.ਵੀ. ਦੇਖਣ, ਤਾਸ਼ ਖੇਡਣ ਅਤੇ ਸ਼ਾਮ ਨੂੰ ਦਾਰੂ ਪੀਣ ਵਿੱਚ ਮਸਤ ਦੇਖੇ ਗਏ ਹਨ। ਇਹ ਹਾਲ ਪੰਜਾਬ ਦੇ ਰਿਟਾਇਰਡ ਦਲਿਤ ਅਫਸਰਾਂ ਦਾ ਹੀ ਨਹੀਂ, ਪੂਰੇ ਭਾਰਤ ਵਿੱਚ ਇਹੀ ਹਾਲ ਹੈ। ਜੇਕਰ ਕੁਝ ਲੋਕ ਸਰਗਰਮ ਹਨ ਤਾਂ ਉਹ ਸਮੇਂ ਦੀਆਂ ਸਰਕਾਰਾਂ ਵਿੱਚ ਕੋਈ ਨਾ ਕੋਈ ਜੁਗਾੜ ਲਾ ਕੇ ਸੇਵਾ-ਮੁਕਤੀ ਤੋਂ ਬਾਅਦ ਅਹੁਦੇ ਦੀ ਝਾਕ ਰੱਖਦੇ ਹਨ। ਕਈ ਰਾਜਨੀਤੀ ਵਿੱਚ ਐੱਮ.ਐੱਲ.ਏ. ਅਤੇ ਐੱਮ.ਪੀ. ਬਣਨਾ ਲੋਚਦੇ ਹਨ। ਜੇਕਰ ਇਹੋ ਜਿਹਾ ਕੋਈ ਵਿਅਕਤੀ ਚੁਣਿਆ ਵੀ ਜਾਂਦਾ ਹੈ ਤਾਂ ਸਮਾਜ ਭਲਾਈ ਦਾ ਕੰਮ ਕਰਦਾ ਕਿਧਰੇ ਵੀ ਨਜ਼ਰ ਨਹੀਂ ਆਉਂਦਾ। ਡਾ. ਐੱਮ.ਐੱਲ. ਪ੍ਰੀਹਾਰ ਨੇ ਜੈਪੁਰ ਤੋਂ ਦੱਸਿਆ ਕਿ ਬਹੁਤ ਸਾਰੇ ਸੇਵਾ-ਮੁਕਤ ਅਫਸਰ ਅੰਬੇਡਕਰ ਪਾਰਕ ਵਿੱਚ ਵੀਹ-ਵੀਹ ਲੋਕਾਂ ਦੇ ਝੁੰਡ ਵਿੱਚ ਤਾਸ਼ ਖੇਲਦੇ ਨਜ਼ਰ ਆਉਂਦੇ ਹਨ। ਸਮਾਜਿਕ ਸਰੋਕਾਰਾਂ ਤੋਂ ਦੂਰ ਇਨ੍ਹਾਂ ਲੋਕਾਂ ਦੀ ਦੁਨੀਆਂ ਤਾਸ਼ ਦੇ ਪੱਤਿਆਂ ਦੁਆਲੇ ਘੁੰਮਦੀ ਰਹਿੰਦੀ ਹੈ। ਇਹ ਦਾਸਤਾਨ ਇਕੱਲੇ ਜੈਪੁਰ ਦੀ ਨਹੀਂ ਹੈ, ਭਾਰਤ ਦੇ ਬਹੁਤ ਸਾਰੇ ਸ਼ਹਿਰਾਂ ਦੀ ਹੈ।

ਕੋਈ ਸਮਾਂ ਸੀ ਜਦੋਂ ਡਾ. ਅੰਬੇਡਕਰ ਵਰਗੇ ਸ਼ਖਸ ਨੂੰ ਵੀ ਕਲਾਸ ਰੂਮ ਦੇ ਦਰਵਾਜੇ ਕੋਲ ਬੈਠ ਕੇ ਬਾਕੀ ਵਿਦਿਆਰਥੀਆਂ ਤੋਂ ਦੂਰ ਵਿੱਦਿਆ ਗ੍ਰਹਿਣ ਕਰਨੀ ਪਈ ਸੀ। ਵੀਹਵੀਂ ਸਦੀ ਦੇ ਪਹਿਲੇ ਦਹਾਕੇ ਵਿੱਚ ਬਾਬਾ ਸਾਹਿਬ ਡਾ. ਅੰਬੇਡਕਰ ਪੂਰੇ ਭਾਰਤ ਵਿੱਚ ਦਸਵੀਂ ਪਾਸ ਕਰਨ ਵਾਲੇ ਪਹਿਲੇ ਦਲਿਤ ਵਿਦਿਆਰਥੀ ਬਣੇ। ਤੰਗੀਆਂ-ਤੁਰਸ਼ੀਆਂ, ਵਿਤਕਰਾ, ਛੂਆ-ਛਾਤ ਅਤੇ ਥੋੜਾਂ ਸਹਿੰਦਿਆਂ ਬਾਲਕ ਭੀਮ ਰਾਓ ਅੰਬੇਡਕਰ ਸਕੂਲ, ਕਾਲਜ ਅਤੇ ਵਿਦੇਸ਼ੀ ਯੂਨੀਵਰਸਿਟੀਆਂ ਤੋਂ ਅਜਿਹੀ ਵਿੱਦਿਆ ਹਾਸਲ ਕਰਨ ਵਿੱਚ ਕਾਮਯਾਬ ਹੋ ਗਿਆ, ਜਿਹੋ ਜਿਹੀ ਪੂਰੇ ਭਾਰਤ ਵਿੱਚ ਕਿਸੇ ਸਵਰਨ ਜਾਤੀ ਦਿਦਿਆਰਥੀ ਕੋਲ ਵੀ ਨਹੀਂ ਸੀ। ਫਿਰ ਸਿਲਸਿਲਾ ਸ਼ੁਰੂ ਹੋਇਆ ਸਮਾਜ ਸੁਧਾਰ ਦਾ, ਦੇਸ਼ ਦੇ ਸੰਵਿਧਾਨ ਲਿਖਣ ਦਾ, ਦੇਸ਼ ਵਿੱਚ ਅਨੇਕਾਂ ਕਾਨੂੰਨੀ ਸੁਧਾਰ ਲਿਆਉਣ ਦਾ, ਔਰਤਾਂ ਦੀ ਅਜ਼ਾਦੀ ਦਾ ਅਤੇ ਅਛੂਤਾਂ ਦੀ ਅਜ਼ਾਦੀ ਦਾ। ਬਾਬਾ ਸਾਹਿਬ ਨੇ ਇਕੱਲਿਆਂ ਹੀ ਮਾਨਵਤਾ, ਔਰਤਾਂ ਅਤੇ ਅਛੂਤਾਂ ਲਈ ਇੰਨਾ ਕੁਝ ਕਰ ਦਿਖਾਇਆ ਜਿੰਨਾ ਸਾਰੇ ਅਜ਼ਾਦੀ ਘੁਲਾਟੀਏ ਮਿਲ ਕੇ ਵੀ ਨਾ ਕਰ ਪਾਏ।

ਬਾਬਾ ਸਾਹਿਬ ਨੇ ਹਿੰਦੂ ਬਨਾਰਸ ਯੂਨੀਵਰਸਿਟੀ ਅਤੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਪੈਟਰਨ ਤੇ ਦਲਿਤਾਂ ਲਈ ਯੂਨੀਵਰਸਿਟੀ ਖੋਲ੍ਹਣ ਦੀ ਬਜਾਏ ਦੋ ਬੈਚ ਦਲਿਤ ਵਿਦਿਆਰਥੀਆਂ ਦੇ ਵਿਦੇਸ਼ ਪੜ੍ਹਨ ਭੇਜੇ ਤਾਂ ਜੋ ਉਹ ਸਾਰੇ ਵਾਪਸ ਆ ਕੇ ਆਪਣੇ ਸਮਾਜ ਨੂੰ ਜਿੱਲ੍ਹਣ ਵਿੱਚੋਂ ਕੱਢਣ ਲਈ ਕੰਮ ਕਰਨ। ਬਹੁਤੇ ਦਲਿਤ ਵਿਦਿਆਰਥੀ ਪੜ੍ਹ ਕੇ ਵਿਦੇਸ਼ਾਂ ਵਿੱਚ ਹੀ ਸੈਟਲ ਹੋ ਗਏ ਜਾਂ ਵਾਪਸ ਆ ਕੇ ਕਾਂਗਰਸ ਨੇ ਉਨ੍ਹਾਂ ਨੂੰ ਲਪਕ ਲਿਆ ਅਤੇ ਉਹ ਆਪਣੇ ਸੁਖ ਅਰਾਮ ਵਿੱਚ ਮਸਤ ਹੋ ਗਏ। ਡਾ. ਅੰਬੇਡਕਰ ਨੇ ਸੋਚਿਆ ਸੀ ਕਿ ਜੇਕਰ ਉਹ ਵਿਦੇਸ਼ਾਂ ਦੀ ਅਜ਼ਾਦ ਫਿਜ਼ਾ ਵਿੱਚ ਜਾਤੀਵਾਦੀ ਅਤੇ ਮਨੂੰਵਾਦੀ ਸਿਸਟਮ ਤੋਂ ਦੂਰ ਰਹਿ ਕੇ, ਪੜ੍ਹ ਕੇ ਆਪਣੇ ਸਮਾਜ ਲਈ ਇੰਨਾ ਕੁਝ ਕਰ ਸਕਦਾ ਹੈ ਤਾਂ ਦਸ-ਵੀਹ ਦਲਿਤ ਵਿਦਿਆਰਥੀ ਤਾਂ ਸਮਾਜਿਕ ਪ੍ਰੀਵਰਤਨ ਦਾ ਹੜ੍ਹ ਲੈ ਆਉਣਗੇ। ਪਰ ਬਾਬਾ ਸਾਹਿਬ ਦੀ ਇਸ ਉਮੀਦ ਨੂੰ ਬੂਰ ਨਾ ਪਿਆ ਅਤੇ ਉਨ੍ਹਾਂ ਨੂੰ ਭਰੇ ਮਨ ਨਾਲ ਕਹਿਣਾ ਪਿਆ ਸੀ ਕਿ “ਮੈਨੂੰ ਮੇਰੇ ਪੜ੍ਹੇ-ਲਿਖੇ ਲੋਕਾਂ ਨੇ ਧੋਖਾ ਦਿੱਤਾ ਹੈ।”

ਇਹੀ ਹਾਲ ਅੱਜ ਦਲਿਤ ਅਫਸਰਾਂ ਦਾ ਹੈ। ਨੌਕਰੀਆਂ ਵਿੱਚ ਰਹਿੰਦਿਆਂ ਉਹ ਆਪਣੀ ਜਾਤ ਛੁਪਾਉਣ ਵਿੱਚ ਲੱਗੇ ਰਹਿੰਦੇ ਹਨ। ਭਾਵੇਂ ਉਨ੍ਹਾਂ ਦੀ ਜਾਤੀ ਬਾਰੇ ਉੱਪਰ ਥੱਲੇ ਸਭ ਨੂੰ ਪਤਾ ਹੁੰਦਾ ਹੈ ਪਰ ਉਹ ਭਰਮ ਪਾਲਦੇ ਰਹਿੰਦੇ ਹਨ ਕਿ ਕਿਸੇ ਨੂੰ ਨਹੀਂ ਪਤਾ। ਕਈ ਤਾਂ ਆਪਣੇ ਸਮਾਜ ਦੇ ਹੋਰ ਅਫਸਰਾਂ ਨਾਲ ਵੀ ਘੁਲਦੇ ਮਿਲਦੇ ਨਹੀਂ। ਕਈ ਜਾਤੀ ਅਧਾਰਤ ਵਿਸ਼ਿਆਂ ’ਤੇ ਚੁੱਪ ਰਹਿੰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਟਿੱਪਣੀ ਤੋਂ ਗੁਰੇਜ਼ ਕਰਦੇ ਹਨ ਤਾਂ ਕਿ ਉਨ੍ਹਾਂ ਦੀ ਜਾਤੀ ਨਸ਼ਰ ਨਾ ਹੋ ਜਾਵੇ। ਪੰਜਾਬ ਵਿੱਚ ਪੈਦਾ ਹੋਏ ਦਲਿਤ ਸਿੱਖ ਬਾਹਰਲੇ ਸੂਬਿਆਂ ਵਿੱਚ ‘ਸਿੰਘ ਸਾਹਿਬ’ ਦੇ ਨਾਂ ਨਾਲ ਜਾਣੇ ਜਾਣਾ ਵਧੇਰੇ ਪਸੰਦ ਕਰਦੇ ਹਨ। ਇੱਕ ਸਨੀਅਰ ਰਿਟਾਇਰਡ ਅਧਿਕਾਰੀ ਨੇ ਬੜੇ ਫਖ਼ਰ ਨਾਲ ਦੱਸਿਆ ਕਿ ਕਈ ਦੱਖਣ ਭਾਰਤ ਦੇ ਮੰਦਰਾਂ ਵਿੱਚ ਜਦੋਂ ਉਸ ਦੀ ਜਾਤ ਪੁੱਛੀ ਗਈ ਤਾਂ ਉਸ ਨੇ ਸਿਰਫ ਇਹੀ ਕਿਹਾ ਕਿ ਉਸ ਦੀ ਜਾਤੀ ਸਿੰਘ ਹੈ। ਅਜਿਹੇ ਅਫਸਰਾਂ ਦੀ ਮਾਨਸਿਕਤਾ ਦੇਖ ਕੇ ਗੁਰੂ ਰਵਿਦਾਸ ਜੀ ਦੀ ਦਲੇਰੀ ਅਤੇ ਸਚਾਈ ਵਾਰ ਵਾਰ ਸਾਹਮਣੇ ਆਉਂਦੀ ਹੈ ਜਦੋਂ ਉਹ ਗੁਰਬਾਣੀ ਵਿੱਚ ਕਹਿੰਦੇ ਹਨ, ਕਹਿ ਰਵਿਦਾਸ ਚਮਾਰਾ, ਮੇਰੀ ਜਾਤ ਕੁਟ ਬਾਂਢਲਾ ਢੋਰ ਢਵੰਤਾ, ਕਹਿ ਰਵਿਦਾਸ ਖਲਾਸ ਚਮਾਰਾ ਆਦਿ॥ ਕੀ ਬਾਬਾ ਸਾਹਿਬ ਦੀ ਜਾਤ ਬਾਰੇ ਡਾ. ਸਵਿਤਾ ਭਾਰਦਵਾਜ ਨੂੰ ਨਹੀਂ ਸੀ ਪਤਾ ਜਦੋਂ ਉਨ੍ਹਾਂ 1948 ਵਿੱਚ ਬਾਬਾ ਸਾਹਿਬ ਨਾਲ ਵਿਆਹ ਕਰਵਾ ਲਿਆ। ਡਾ. ਸਵਿਤਾ ਅੰਬੇਡਕਰ (ਵਿਆਹ ਤੋਂ ਬਾਅਦ) ਜਨਮ ਤੋਂ ਇੱਕ ਉੱਚ ਜਾਤੀ ਬ੍ਰਾਹਮਣ ਸੀ।

ਦਲਿਤ ਸਮਾਜ ਵਿੱਚ ਜਨਮੇ ਅਫਸਰਾਂ ਦਾ ਫਰਜ਼ ਬਣਦਾ ਸੀ ਕਿ ਉਹ ਧੰਨ ਦੌਲਤ ਦਾ ਸੁਖ, ਕੋਠੀਆਂ ਦਾ ਸੁਖ, ਕਾਰਾਂ ਦਾ ਸੁਖ ਅਤੇ ਹੋਰ ਸੁਖ ਸੁਵਿਧਾਵਾਂ ਵਿੱਚ ਨਾ ਫਸ ਕੇ ਸਮਾਜ ਦੇ ਲੋਕਾਂ ਦੀ ਉਂਗਲੀ ਫੜਦੇ। ਉਨ੍ਹਾਂ ਨੂੰ ਅਨਪੜ੍ਹਤਾ, ਅੰਧ-ਵਿਸ਼ਵਾਸ, ਗਰੀਬੀ ਅਤੇ ਬੇਰੁਜ਼ਗਾਰੀ ਵਿੱਚੋਂ ਕੱਢਦੇ। ਅੱਜ ਵੀ ਦਲਿਤਾਂ ਨਾਲ ਸਕੂਲਾਂ, ਕਾਲਜਾਂ ਅਤੇ ਦਫਤਰਾਂ ਵਿੱਚ ਬੇ-ਇਨਸਾਫੀ ਅਤੇ ਅਨਿਆਂ ਹੋ ਰਿਹਾ ਹੈ। ਦਲਿਤ ਅਫਸਰ ਅਜਿਹੇ ਅਨਿਆਂ ਖਿਲਾਫ ਅਵਾਜ਼ ਨਹੀਂ ਉਠਾਉਂਦੇ ਅਤੇ ਨਾ ਹੀ ਆਪਣੇ ਸਮਾਜ ਨਾਲ ਖੜ੍ਹਦੇ ਹਨ। ਕਈ ਦਲਿਤ ਅਫਸਰ ਤਾਂ ਆਪਣੇ ਸਮਾਜ ਦੇ ਮੁਲਾਜ਼ਮਾਂ ਅਤੇ ਮਤਾਹਿਤ ਅਫਸਰਾਂ ਦਾ ਨੁਕਸਾਨ ਜਾਣ ਬੁੱਝ ਕੇ ਕਰਦੇ ਹਨ ਤਾਂ ਜੋ ਉਨ੍ਹਾਂ ਉੱਤੇ ਦਲਿਤ ਹਮਾਇਤੀ ਹੋਣ ਦਾ ਠੱਪਾ ਨਾ ਲੱਗੇ। ਅਜਿਹੇ ਅਫਸਰਾਂ ਹੱਥੋਂ ਕਈ ਉੱਚ ਸਿਆਸਤਦਾਨ ਦਲਿਤ ਵਿਰੋਧੀ ਫੈਸਲੇ ਵੀ ਕਰਵਾਉਂਦੇ ਹਨ ਜਿਵੇਂ ਕਿ ਪੰਜਾਬ ਵਿੱਚ ਹਾਲੇ ਤੱਕ 85ਵੀਂ ਸੰਵਿਧਾਨਿਕ ਸੋਧ ਲਾਗੂ ਨਾ ਕਰਨਾ, 35 ਪ੍ਰਤੀਸ਼ਤ ਦਲਿਤ ਵਸੋਂ ਨੂੰ 25 ਪ੍ਰਤੀਸ਼ਤ ਨੌਕਰੀਆਂ ਅਤੇ ਦਾਖਲਿਆਂ ਵਿੱਚ ਪ੍ਰਤੀਨਿਧਤਾ ਦੇਣੀ, 20 ਪ੍ਰਤੀਸ਼ਤ ਅਤੇ 14 ਪ੍ਰਤੀਸ਼ਤ ਤਰੱਕੀਆਂ ਵਿੱਚ ਪ੍ਰਤੀਨਿਧਤਾ ਦੇਣੀ ਸ਼ਾਮਲ ਹਨ। ਇਹ ਸਭ ਸਮੇਂ ਦੀਆਂ ਸਰਕਾਰਾਂ ਨੇ ਦਲਿਤ ਅਫਸਰਾਂ ਦੇ ਹੱਥੋਂ ਹੀ ਕਰਵਾਇਆ ਜਦੋਂ ਕਿ ਦੇਸ਼ ਦਾ ਸੰਵਿਧਾਨ ਵਸੋਂ ਮੁਤਾਬਿਕ ਪ੍ਰਤੀਨਿਧਤਾ ਦੇਣ ਦੀ ਗੱਲ ਕਰਦਾ ਹੈ। ਦਲਿਤ ਅਫਸਰ ਆਪਣੀਆਂ ਜੜ੍ਹਾਂ ਨਾਲੋਂ ਟੁੱਟ ਕੇ ਪੂਜਾ-ਪਾਠ, ਬਾਬੇ ਦੇ ਲੜ ਲੱਗ ਕੇ, ਸ਼ਰਾਬ ਪੀ ਕੇ, ਕ੍ਰਿਕਟ ਮੈਚ ਦੇਖ ਕੇ, ਗੋਲਫ ਖੇਡ ਕੇ, ਤੀਰਥ ਯਾਤਰਾ ਕਰਕੇ ਜਾਂ ਤਾਸ਼ ਖੇਲ ਕੇ ਆਪਣਾ ਕੀਮਤੀ ਵਕਤ ਜ਼ਾਇਆ ਕਰਦੇ ਹਨ।

ਜਿਨ੍ਹਾਂ ਜਾਤੀਆਂ ਨੂੰ ਅਸੀਂ ਦਿਨ ਰਾਤ ਕੋਸਦੇ ਹਾਂ, ਉਨ੍ਹਾਂ ਦੇ ਰਿਟਾਇਰਡ ਲੋਕ ਸਮਾਜਿਕ, ਵਿੱਦਿਅਕ, ਆਰਥਿਕ ਅਤੇ ਧਾਰਮਿਕ ਗਤੀਵਿਧੀਆਂ ਵਿੱਚ ਵਿਅਸਤ ਨਜ਼ਰ ਆਉਂਦੇ ਹਨ। ਕਈ ਤਾਂ ਆਪਣੇ ਪਰਿਵਾਰ, ਆਪਣੇ ਪੁੱਤਰ ਦੇ ਬਿਜ਼ਨਸ ਵਿੱਚ ਹੱਥ ਵਟਾਉਂਦੇ ਹਨ। ਕਈ ਸਮਾਜਿਕ ਸੰਗਠਨ ਜਾਂ ਧਾਰਮਿਕ ਸੰਗਠਨ ਵਿੱਚ ਬਹੁਤ ਕ੍ਰਿਆਸ਼ੀਲ ਹਨ। ਪਿੱਛੇ ਜਿਹੇ ਇੱਕ ਸੰਘੀ ਨੂੰ ਅੱਤਵਾਦੀਆਂ ਨੇ ਗੋਲੀ ਮਾਰ ਦਿੱਤੀ। ਅਖਬਾਰ ਤੋਂ ਪਤਾ ਲੱਗਾ ਕਿ ਉਹ ਆਰਮੀ ਦਾ ਰਿਟਾਇਰ ਬ੍ਰਿਗੇਡੀਅਰ ਸੀ। ਮੇਰਾ ਇੱਕ ਕਾਲਜ ਦਾ ਸਹਿਪਾਠੀ ਚੀਫ ਇੰਜਨੀਅਰ ਰਿਟਾਇਰ ਹੋਣ ਤੋਂ ਬਾਅਦ ਆਪਣੇ ਬੇਟੇ ਦੇ ਰੈਸਟੋਰੈਂਟ ’ਤੇ ਬੈਠ ਕੇ ਉਸ ਦਾ ਬਿਜ਼ਨਸ ਦੇਖਦਾ ਹੈ। ਇੱਕ ਡਾਇਰੈਕਟਰ ਲੈਵਲ ਦਾ ਡਾਕਟਰ ਰਿਟਾਇਰ ਹੋ ਕੇ ਆਪਣੇ ਬੇਟੇ ਦੀ ਗਹਿਣਿਆਂ ਦੀ ਦੁਕਾਨ ’ਤੇ ਬੈਠ ਕੇ ਗਾਹਕਾਂ ਨੂੰ ਅਟੈਂਡ ਕਰਦਾ ਹੈ। ਲੈ ਦੇ ਕੇ ਦਲਿਤ ਸਮਾਜ ਦੇ ਰਿਟਾਇਰਡ ਅਫਸਰ ਸਮਾਜ ਨੂੰ ਦਿਸ਼ਾ ਦੇਣ ਦੀ ਬਜਾਏ ਘਰਾਂ ਵਿੱਚ ਬੈਠ ਜਾਂਦੇ ਹਨ।

ਮੇਰਾ ਇੱਕ ਰਿਸ਼ਤੇਦਾਰ ਮਹਾਰਾਸ਼ਟਰ ਵਿੱਚ ਇੱਕ ਉੱਚ ਅਧਿਕਾਰੀ ਰਿਟਾਇਰ ਹੋਇਆ ਹੈ। ਇੱਕ ਦਿਨ ਉਹ ਮੋਹਾਲੀ ਆਇਆ ਅਤੇ ਮੈਂਨੂੰ ਲੈ ਕੇ ਇੱਕ ਰਿਟਾਇਰਡ ਅਫਸਰ ਦੀ ਕੋਠੀ ਮਿਲਣ ਚਲਾ ਗਿਆ। ਅਸੀਂ ਪਹੁੰਚੇ ਤਾਂ ਨੌਕਰਾਣੀ ਨੇ ਗੇਟ ਖੋਲ੍ਹਿਆ। ਅਸੀਂ ਡਰਾਇੰਗ ਰੂਮ ਵਿੱਚ ਪਹੁੰਚੇ ਤਾਂ ਉਹ ਰਿਟਾਇਰਡ ਅਫਸਰ ਇੱਕ ਹੋਰ ਅਫਸਰ ਨੂੰ ਲੈ ਕੇ ਰੰਮੀ (ਤਾਸ਼) ਖੇਲ ਰਿਹਾ ਸੀ। ਉਸ ਨੇ ਇਸ਼ਾਰਾ ਕੀਤਾ, ਅਸੀਂ ਬੈਠ ਗਏ। ਉਸ ਨੇ ਆਪਣੀ ਗੇਮ ਖਤਮ ਕਰਕੇ, ਆਪਣੇ ਦੋਸਤ ਨੂੰ ਅਲਵਿਦਾ ਕਹਿ ਕੇ ਸਾਨੂੰ ਹੈਲੋ ਕੀਤੀ। ਇਹ ਵਾਕਿਆ ਸਵੇਰੇ ਗਿਆਰਾਂ ਵਜੇ ਦਾ ਸੀ। ਸਾਰਾ ਦਿਨ ਇਹ ਲੋਕ ਕੀ ਕਰਦੇ ਹੋਣਗੇ, ਭਲੀਭਾਂਤ ਅੰਦਾਜ਼ਾ ਲਾਇਆ ਜਾ ਸਕਦਾ ਹੈ।

ਦਲਿਤ ਸਮਾਜ ਦੇ ਅਫਸਰ ਸਮਾਜ ਸੇਵਾ ਤੋਂ ਬਹੁਤ ਦੂਰ ਭੱਜਦੇ ਹਨ। ਰਿਟਾਇਰਡ ਅਧਿਕਾਰੀ ਬਾਬਾ ਸਾਹਿਬ ਡਾ.ਅੰਬੇਡਕਰ ਬਾਰੇ ਕਾਫੀ ਗੱਲਾਂ ਕਰਦੇ ਹਨ ਪਰ ਪ੍ਰੈਕਟੀਕਲੀ ਕੁਝ ਨਹੀਂ ਕਰਦੇ। ਮੋਹਾਲੀ, ਚੰਡੀਗੜ੍ਹ ਤੋਂ ਬਾਹਰ ਪੰਜਾਬ ਵਿੱਚ ਜੇਕਰ ਕਿਧਰੇ ਉਨ੍ਹਾਂ ਨੂੰ ਕਿਸੇ ਸਮਾਜਿਕ ਸਮਾਗਮ ਵਿੱਚ ਜਾਣ ਲਈ ਬੇਨਤੀ ਕੀਤੀ ਜਾਵੇ ਤਾਂ ਉਹ ਮੁਫਤ ਦੀ ਸਵਾਰੀ ਭਾਲਦੇ ਹਨ। ਜੇਕਰ ਉਨ੍ਹਾਂ ਨੂੰ ਦੱਸਿਆ ਜਾਵੇ ਕਿ ਜਾਣ ਵਾਲੀ ਕਾਰ ਵਿੱਚ ਪਹਿਲਾਂ ਹੀ ਸਵਾਰੀਆਂ ਪੂਰੀਆਂ ਹਨ ਤਾਂ ਉਹ ਪਿੱਠ ਦਰਦ ਦਾ ਬਹਾਨਾ ਜਾਂ ਕੋਈ ਪਰਿਵਾਰਕ ਸੋਸ਼ਲ ਫੰਕਸ਼ਨ ਦਾ ਬਹਾਨਾ ਬੜੀ ਸਫਾਈ ਨਾਲ ਲਾ ਦਿੰਦੇ ਹਨ। ਜੇਕਰ ਕੋਈ ਕੋਈ ਸਮਾਜ ਵਿੱਚ ਜਾਂਦਾ ਹੈ ਤਾਂ ਉਹ ਇਸ ਉਮੀਦ ਨਾਲ ਕਿ ਉਸ ਨੂੰ ਮੁੱਖ ਮਹਿਮਾਨ ਬਣਾਇਆ ਜਾਵੇ ਅਤੇ ਸਾਰੇ ਉਸ ਦੀ ਗੱਲ ਬੜੇ ਧਿਆਨ ਨਾਲ ਸੁਣਨ। ਰਿਟਾਇਰਡ ਅਫਸਰਾਂ ਨੂੰ ਧੰਨ, ਦੌਲਤ, ਤਜਰਬੇ ਅਤੇ ਸਮੇਂ ਦੀ ਕੋਈ ਘਾਟ ਨਹੀਂ ਹੈ। ਕਈਆਂ ਨੂੰ ਜ਼ਮੀਨਾਂ, ਫਲੈਟਾਂ, ਦੁਕਾਨਾਂ ਅਤੇ ਕੋਠੀਆਂ ਤੋਂ ਵਾਹਵਾ ਕਿਰਾਇਆ ਆ ਜਾਂਦਾ ਹੈ। ਕਈਆਂ ਦੇ ਬੱਚੇ ਉੱਚੇ ਅਹੁਦਿਆਂ ਉੱਤੇ ਬਿਰਾਜਮਾਨ ਹਨ। ਕਈ ਵਿਦੇਸ਼ਾਂ ਵਿੱਚ ਸੈਟਲ ਹਨ ਪਰ ਸਮਾਜ ਲਈ ਉਹ ਕੁਝ ਵੀ ਨਹੀਂ ਕਰਦੇ। ਜੋ ਥੋੜ੍ਹੇ ਜਾਗਰੂਕ ਹਨ, ਉਹ ਐੱਮ.ਪੀ. ਅਤੇ ਐੱਮ.ਐੱਲ.ਏ. ਬਣ ਕੇ, ਜਾਤੀਵਾਦੀ ਲੋਕਾਂ ਦੀ ਜਮਾਤ ਦਾ ਹਿੱਸਾ ਬਣ ਕੇ ਆਪਣੇ ਲੋਕਾਂ ਉੱਤੇ ਜ਼ੁਲਮ ਦਾ ਹਿੱਸਾ ਬਣਦੇ ਹਨ ਅਤੇ ਆਪਣੇ ਸਮਾਜ ਦੇ ਜਾਇਜ਼ ਕੰਮ ਵੀ ਨਹੀਂ ਕਰਦੇ।

ਸਮਾਜ ਨੂੰ ਇਨ੍ਹਾਂ ਤੋਂ ਕਾਫੀ ਆਸ ਸੀ। ਇਨ੍ਹਾਂ ਨੂੰ ਨੌਕਰੀ ਦੌਰਾਨ ਸੁਨਹਿਰੀ ਮੌਕਾ ਵੀ ਮਿਲਿਆ ਸੀ ਪਰ ਇਨ੍ਹਾਂ ਸਰਕਾਰੀ ਨੌਕਰੀ ਦੌਰਾਨ ਸਮੇਂ ਦੀ ਕਮੀ ਦੱਸੀ ਅਤੇ ਸੇਵਾ-ਮੁਕਤੀ ਬਾਅਦ ਅੱਖਾਂ ਦੀ ਰੋਸ਼ਨੀ ਘੱਟ ਹੋ ਗਈ ਹੈ ਦਾ ਬਹਾਨਾ, ਗੋਡੇ ਜਵਾਬ ਦੇ ਗਏ ਹਨ ਦਾ ਬਹਾਨਾ, ਬੱਚੇ ਅਜੇ ਸੈਟਲ ਨਹੀਂ ਹੋਏ ਦਾ ਬਹਾਨਾ, ਮੈਂਨੂੰ ਗੱਡੀ ਚਲਾਉਣੀ ਨਹੀਂ ਆਉਂਦੀ ਦਾ ਬਹਾਨਾ, ਸਮਾਜ ਦਾ ਕੁਝ ਨਹੀਂ ਹੋ ਸਕਦਾ, ਵਰਗੀਆਂ ਟਿੱਪਣੀਆਂ ਦੇ ਕੇ ਪੱਲਾ ਝਾੜ ਲੈਂਦੇ ਹਨ।

ਖੈਰ, ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ। ਬਾਬਾ ਸਾਹਿਬ ਅੰਬੇਡਕਰ ਦੀ ਵਿਚਾਰਧਾਰਾ ਨੂੰ ਅੱਜ ਦਾ ਪੜ੍ਹਿਆ-ਲਿਖਿਆ ਦਲਿਤ ਵਰਗ ਸਮਝਣ ਲੱਗ ਪਿਆ ਹੈ। ਕੁਝ ਪੜ੍ਹੇ-ਲਿਖੇ ਨੌਕਰੀ ਕਰ ਰਹੇ ਅਤੇ ਸੇਵਾ-ਮੁਕਤ ਅਧਿਕਾਰੀ ਸਮਾਜ ਸੇਵਾ ਦੇ ਕੰਮ ਵਿੱਚ ਜੁਟ ਗਏ ਹਨ। ਇਹ ਮੁੱਠੀ ਭਰ ਲੋਕ ਨਿਰਾਸ਼ਾ ਦੇ ਆਲਮ ਵਿੱਚੋਂ ਸਮਾਜ ਨੂੰ ਕੱਢਣ ਲਈ ਹੰਭਲਾ ਮਾਰ ਰਹੇ ਹਨ। ਇਹ ਲੋਕ ਆਪਣਾ ਸਮਾਂ, ਧੰਨ ਅਤੇ ਗਿਆਨ ਸਮਾਜ ਲਈ ‘ਪੇ ਬੈਕ ਟੂ ਸੋਸਾਇਟੀ’ ਦੇ ਸਿਧਾਂਤ ’ਤੇ ਅਮਲ ਕਰਦੇ ਹੋਏ ਅੱਗੇ ਅੱਗੇ ਵਧ ਰਹੇ ਹਨ। ਆਮ ਲੋਕ ਇਨ੍ਹਾਂ ਦਾ ਸਾਥ ਦੇ ਰਹੇ ਹਨ। ਉਹ ਦਿਨ ਦੂਰ ਨਹੀਂ ਜਦੋਂ ਬਾਬਾ ਸਾਹਿਬ ਦੇ ਵਿਚਾਰਾਂ ਦਾ ਲਾਇਆ ਹੋਇਆ ਪੌਦਾ ਇਨ੍ਹਾਂ ਲੋਕਾਂ ਦੇ ਯਤਨਾਂ ਸਦਕਾ ਸਮਾਜ ਲਈ ਫਲ ਦੇਣ ਦੇ ਕਾਬਲ ਹੋ ਜਾਵੇ। ਇਹ ਸਫਰ ਔਖਾ ਜ਼ਰੂਰ ਹੈ ਪਰ ਅਸੰਭਵ ਨਹੀਂ ਹੈ। ਮੰਜ਼ਿਲ ਉਨ੍ਹਾਂ ਨੂੰ ਮਿਲਦੀ ਹੈ, ਜਿਨ੍ਹਾਂ ਨੂੰ ਆਪਣੇ ਆਪ ’ਤੇ ਵਿਸ਼ਵਾਸ ਹੁੰਦਾ ਹੈ। ਕੁਝ ਕੁ ਬੁੱਧੀਜੀਵੀ ਦਲਿਤ ਇਸ ਔਖੇ ਸਫਰ ’ਤੇ ਨਿਕਲੇ ਹੋਏ ਹਨ। ਕਾਫਲਾ ਦਿਨ-ਬ-ਦਿਨ ਵੱਡਾ ਹੁੰਦਾ ਜਾ ਰਿਹਾ ਹੈ। ਸ਼ਹੀਦ ਭਗਤ ਸਿੰਘ ਦੀ ਮਨ ਪਸੰਦ ਕਵਿਤਾ ਦੀ ਵਾਰ ਵਾਰ ਯਾਦ ਆਉਂਦੀ ਹੈ,

“ਵਕਤ ਆਨੇ ਦੇ ਬਤਾ ਦੇਂਗੇ ਤੁਝੇ ਐ ਆਸਮਾਂ,
ਹਮ ਅਬੀ ਸੇ ਕਿਆ ਬਤਾਏਂ ਕਿਆ ਹਮਾਰੇ ਦਿਲ ਮੇਂ ਹੈ।”

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2002)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਐੱਸ ਆਰ ਲੱਧੜ

ਐੱਸ ਆਰ ਲੱਧੜ

S R Ladhar I.A.S. (Principal Secretary N.R.I. Affairs)
Punjab Government.
Phone: (91 - 94175 - 00610)

Email: (srladhar@yahoo.com)

More articles from this author