GurdipSDhuddi7ਨਹੀਂ ਜੀਸਾਨੂੰ ਤਾਂ ਉਸੇ ’ਤੇ ਭਰੋਸਾ ਹੈ। ਉਹ ਸਾਡੀਆਂ ਕੁੜੀਆਂ ਨੂੰ ਇੱਥੋਂ ਲੈ ਕੇ ਜਾਵੇਗਾ ਤੇ ਵਾਪਸ ਲੈ ਕੇ ਆਵੇਗਾ ...”
(21 ਅਪਰੈਲ 2024)

ਇਸ ਸਮੇਂ ਪਾਠਕ: 465.


ਮੇਰੀ ਉਮਰ ਅਜੇ ਵੀਹ ਸਾਲਾਂ ਦੀ ਵੀ ਪੂਰੀ ਨਹੀਂ ਹੋਈ ਸੀ ਕਿ 1977 ਵਿੱਚ ਐਡਹਾਕ ਅਧਾਰ ’ਤੇ ਨੌਕਰੀ ਕਰਦੇ ਹੋਏ ਨੂੰ ਮੈਨੂੰ ਤੀਸਰੇ ਸਕੂਲ ਵਿੱਚ ਜਾਣਾ ਪਿਆ। ਇਹ ਸਕੂਲ ਮਲੋਟ ਦੇ ਨੇੜਲੇ ਪਿੰਡ ਮੱਲਵਾਲਾ ਵਿੱਚ ਸੀ। ਇੱਥੋਂ ਮਲੋਟ ਜਾਣ ਵਾਸਤੇ ਵੀ ਲਿੰਕ ਸੜਕ ’ਤੇ ਹੋ ਕੇ ਜਾਇਆ ਜਾਂਦਾ ਸੀ ਅਤੇ ਬੱਸ ਸਰਵਿਸ ਦੀ ਘਾਟ ਹੋਣ ਕਰਕੇ ਫਰੀਦਕੋਟ ਆ ਜਾ ਸਕਣਾ ਵੀ ਮੇਰੇ ਵਾਸਤੇ ਕਠਿਨ ਸੀ। ਇਸ ਕਰਕੇ ਮੈਂ ਉੱਥੇ ਹੀ ਰਿਹਾਇਸ਼ ਰੱਖਣ ਦਾ ਫ਼ੈਸਲਾ ਕਰ ਲਿਆ। ਉਸੇ ਸਕੂਲ ਵਿੱਚ ਕੰਮ ਕਰਦੇ ਨੇੜਲੇ ਪਿੰਡ ਕੁਰਾਈਵਾਲਾ ਦੇ ਅਧਿਆਪਕ ਹਰਚੰਦ ਸਿੰਘ ਨੇ ਰਿਹਾਇਸ਼ ਵਾਲੀ ਮੇਰੀ ਸਮੱਸਿਆ ਦਾ ਹੱਲ ਕਰਦਿਆਂ ਪਿੰਡ ਵਿੱਚ ਇੱਕ ਘਰ ਦੇ ਬਾਹਰਵਾਰ ਬਣੀ ਹੋਈ ਬੈਠਕ ਵਿੱਚ ਮੇਰੀ ਰਿਹਾਇਸ਼ ਕਰਵਾ ਦਿੱਤੀ। ਬੈਠਕ ਕੋਲ ਦੀ ਪਿੰਡ ਦੀ ਮੁੱਖ ਗਲ਼ੀ ਲੰਘਦੀ ਹੋਣ ਕਰਕੇ ਇੱਥੋਂ ਦੀ ਲਾਂਘਾ ਵੀ ਆਮ ਸੀ। ਇੱਥੋਂ ਥੋੜ੍ਹਾ ਹਟਵੀਂ ਥਾਂ ’ਤੇ ਪਿੰਡ ਦੀ ਸੱਥ ਵਾਂਗ ਸ਼ਾਮ ਨੂੰ ਇਕੱਠ ਹੋਇਆ ਕਰਦਾ ਸੀ। ਇਸ ਬੈਠਕ ਦੇ ਚੜ੍ਹਦੇ ਵਾਲੇ ਪਾਸੇ ਇੱਕ ਖੂਹ ਤੋਂ ਘਰੇਲੂ ਵਰਤੋਂ ਵਾਸਤੇ ਪਾਣੀ ਲਿਜਾਇਆ ਜਾਂਦਾ ਸੀ। ਪਾਣੀ ਲੈਣ ਆਈਆਂ ਲੜਕੀਆਂ ਅਤੇ ਔਰਤਾਂ ਉਸੇ ਤਰ੍ਹਾਂ ਦੇ ਮਾਹੌਲ ਦੀ ਸਿਰਜਣਾ ਕਰਿਆ ਕਰਦੀਆਂ ਸਨ ਜਿਸ ਤਰ੍ਹਾਂ ਦੀ ਅਸੀਂ ਤਵੱਕੋ ਕਰ ਸਕਦੇ ਹਾਂ। ਮੇਰੇ ਕੋਲ ਦੀ ਲੰਘਣ ਲੱਗਿਆ ਤਾਂ ਲੜਕੀਆਂ ਕੁਝ ਖ਼ਰਮਸਤੀ ਜਿਹੀ ਕਰਦੀਆਂ ਵੀ ਮਹਿਸੂਸ ਕਰਦਾ ਸਾਂ। ਭਾਵੇਂ ਮੇਰੀ ਉਮਰ ਦਾ ਤਕਾਜ਼ਾ ਜ਼ਿਆਦਾ ਸਮਝ ਵਾਲਾ ਨਹੀਂ ਸੀ ਪ੍ਰੰਤੂ ਫਿਰ ਵੀ ਮੈਂ ਥੋੜ੍ਹੇ ਹੀ ਦਿਨਾਂ ਵਿੱਚ ਮਹਿਸੂਸ ਕੀਤਾ ਕਿ ਇਸ ਕਮਰੇ ਵਿੱਚ ਰਹਿਣਾ ਮੇਰੇ ਹਿਤ ਵਿੱਚ ਨਹੀਂ ਹੋਵੇਗਾ। ਇਸ ਕਰਕੇ ਮੈਂ ਸਕੂਲ ਵਿੱਚ ਗੱਲ ਕੀਤੀ ਕਿ ਮੈਂ ਉਸ ਜਗ੍ਹਾ ’ਤੇ ਰਹਿਣਾ ਠੀਕ ਨਹੀਂ ਸਮਝਦਾ। ਸਕੂਲ ਦੇ ਮੁੱਖ ਅਧਿਆਪਕ ਨੇ ਮੈਨੂੰ ਸਕੂਲ ਵਿੱਚ ਹੀ ਰਿਹਾਇਸ਼ ਕਰਨ ਦੀ ਸਲਾਹ ਦਿੱਤੀ। ਦੂਸਰੇ ਸਾਥੀਆਂ ਨੂੰ ਵੀ ਇਹ ਸਲਾਹ ਠੀਕ ਲੱਗੀ ਤੇ ਮੈਂ ਵੀ ਹਾਮੀ ਭਰ ਦਿੱਤੀ। ਮੇਰੇ ਕੋਲ ਹੈ ਵੀ ਕੀ ਸੀ? ਇੱਕ ਮੰਜਾ ਬਿਸਤਰਾ ਸਕੂਲ ਦੇ ਸਟਾਫ ਰੂਮ ਵਿੱਚ ਇੱਕ ਪਾਸੇ ਰੱਖ ਦਿੱਤਾ ਤੇ ਇਸ ਤਰ੍ਹਾਂ ਮੈਂ ਹੁਣ ਸਕੂਲ ਵਿੱਚ ਹੀ ਰਹਿਣ ਲੱਗ ਪਿਆ।

ਉਨ੍ਹਾਂ ਦਿਨਾਂ ਵਿੱਚ ਗਰਮੀਆਂ ਵਿੱਚ ਸਕੂਲ ਸਵੇਰੇ ਸਵਾ ਸੱਤ ਵਜੇ ਲਗਦਾ ਸੀ ਅਤੇ ਦੁਪਹਿਰੇ 1.30 ਵਜੇ ਛੁੱਟੀ ਹੋ ਜਾਇਆ ਕਰਦੀ ਸੀ। ਥੋੜ੍ਹਾ ਬਹੁਤਾ ਸਮਾਂ ਪੜ੍ਹ ਕੇ ਲੰਘਾ ਲੈਂਦਾ ਪ੍ਰੰਤੂ ਫਿਰ ਵੀ ਗਰਮੀਆਂ ਦੇ ਪਹਾੜ ਜਿੱਡੇ ਦਿਨ ਮੁਸ਼ਕਲ ਨਾਲ ਬੀਤਦੇ ਹੋਣ ਕਰਕੇ ਮੈਂ ਸੋਚ ਵਿਚਾਰ ਕਰਕੇ ਹੋਰ ਰੁਝੇਵੇਂ ਬਾਰੇ ਸੋਚਿਆ। ਸਕੂਲ ਦਾ ਸੇਵਾਦਾਰ ਛੁੱਟੀ ਤੋਂ ਬਾਅਦ ਜਿੰਦੇ ਕੁੰਡੇ ਲਾ ਕੇ ਚਲਾ ਜਾਂਦਾ ਅਤੇ ਫਿਰ ਸਕੂਲ ਮੇਰੇ ਹਵਾਲੇ ਹੀ ਹੁੰਦਾ। ਸਵੇਰ ਵੇਲੇ ਵਾਟਰ ਵਰਕਸ ਤੋਂ ਥੋੜ੍ਹਾ ਜਿਹਾ ਸਮਾਂ ਪਾਣੀ ਆਉਂਦਾ ਤਾਂ ਮੈਂ ਕੋਸ਼ਿਸ਼ ਕਰਕੇ ਫੁੱਲਾਂ ਬੂਟਿਆਂ ਨੂੰ ਪਾਣੀ ਲਾ ਦਿੰਦਾ। ਪਤਾ ਲੱਗਿਆ ਕਿ ਸਕੂਲ ਦੇ ਨਾਮ ਨਹਿਰੀ ਪਾਣੀ ਦੀ ਵਾਰੀ ਵੀ ਹੈ ਅਤੇ ਇਹ ਪਿੰਡ ਦਾ ਸਰਪੰਚ ਆਪਣੇ ਖੇਤਾਂ ਨੂੰ ਲਾਈ ਜਾਂਦਾ ਹੈ। ਪਾਣੀ ਦੀ ਵਾਰੀ ਰਾਤ ਦੀ ਹੋਣ ਕਰਕੇ ਮੇਰੇ ਵਾਸਤੇ ਕੁਝ ਮੁਸ਼ਕਲ ਪੈਦਾ ਹੋਈ।

ਸਕੂਲ ਵਿੱਚ ਮੈਨੂੰ ਸਕੂਲ ਸਮੇਂ ਤੋਂ ਬਾਅਦ ਕੰਮ ਕਰਦੇ ਨੂੰ ਵੇਖ ਕੇ ਸਕੂਲ ਦੇ ਬੱਚਿਆਂ ਦਾ ਮੇਰੇ ਕੋਲ ਆਉਣਾ ਜਾਣਾ ਸ਼ੁਰੂ ਹੋ ਗਿਆ। ਕੁਝ ਮੁੰਡੇ ਪੜ੍ਹਨ ਲੱਗ ਜਾਂਦੇ ਅਤੇ ਕੁਝ ਨੇ ਸਕੂਲ ਵਿੱਚ ਖੇਡ ਸ਼ੁਰੂ ਕਰਨ ਦੀ ਸਲਾਹ ਦਿੱਤੀ, ਜਿਹੜੀ ਮੈਂ ਹੱਸ ਕੇ ਮੰਨ ਲਈ। ਹੁਣ ਮੇਰੀ ‘ਡਿਊਟੀ’ ਵਧ ਗਈ। ਮੁੰਡਿਆਂ ਨੂੰ ਨਾਲ ਲੈ ਕੇ ਮੈਂ ਪਾਣੀ ਦੀ ਵਾਰੀ ਵੀ ਸਕੂਲ ਵਿੱਚ ਲਿਆਉਣੀ ਸ਼ੁਰੂ ਕਰ ਦਿੱਤੀ ਅਤੇ ਸਕੂਲ ਵਿੱਚ ਫੁੱਲਾਂ ਬੂਟਿਆਂ ਦੀ ਰੌਣਕ ਵੀ ਵਧਾ ਲਈ। ਨਾਲ ਹੀ ਮੈਂ ਸਕੂਲ ਸਮੇਂ ਤੋਂ ਪਹਿਲਾਂ ਅਤੇ ਬਾਅਦ ਵਿੱਚ ਵਿਦਿਆਰਥੀਆਂ ਨੂੰ ਖਿਡਾਉਣਾ ਸ਼ੁਰੂ ਕਰ ਦਿੱਤਾ, ਜਿਸ ਸਦਕਾ ਸਕੂਲ ਦੀ ਖੋ-ਖੋ ਦੀ ਟੀਮ ਸਟੇਟ ਪੱਧਰ ਤਕ ਅਸਾਨੀ ਨਾਲ ਪਹੁੰਚ ਗਈ। ਸਕੂਲ ਮੁਖੀ ਨੇ ਸਵੇਰ ਵੇਲੇ ਗਣਿਤ ਦਾ ਵਿਸ਼ਾ ਪੜ੍ਹਾਉਣ ਦੀ ਸਲਾਹ ਦਿੱਤੀ ਤਾਂ ਮੈਂ ਇਹ ਵੀ ਖੁਸ਼ੀ ਖੁਸ਼ੀ ਪ੍ਰਵਾਨ ਕਰ ਲਈ।

ਸਵੇਰ ਵੇਲੇ ਪੜ੍ਹਾਉਣਾ ਸ਼ੁਰੂ ਕੀਤਾ ਤਾਂ ਲੜਕੀਆਂ ਵੀ ਇਹ ਓਵਰਟਾਈਮ ਲਾਉਣ ਲਈ ਸਕੂਲ ਵਿੱਚ ਆਉਣ ਲੱਗ ਪਈਆਂ। ਹੁਣ ਮੈਂ ਸਕੂਲ ਵਿੱਚ ਪੰਜਾਬੀ ਵਿਸ਼ੇ ਦੇ ਅਧਿਆਪਕ ਦੇ ਇਲਾਵਾ ਗਣਿਤ ਵਿਸ਼ੇ ਦਾ ਅਧਿਆਪਕ, ਖੇਡਾਂ ਵਾਲਾ ਅਧਿਆਪਕ, ਫੁੱਲਾਂ ਬੂਟਿਆਂ ਦੀ ਸੰਭਾਲ ਵਾਲਾ ਮਾਲੀ ਅਤੇ ਸਕੂਲ ਦਾ ਚੌਕੀਦਾਰਾ ਕਰਨ ਵਾਲਾ ਵੀ ਬਣ ਗਿਆ। ਇਹ ਮੇਰੇ ਰੁਝੇਵੇਂ ਮੈਂ ਬਹੁਤ ਹੀ ਸਾਰਥਿਕ ਮੰਨਦਾ ਸਾਂ ਅਤੇ ਮੈਨੂੰ ਪੂਰੀ ਤਸੱਲੀ ਹੋਈ। ਸੱਤਾਂ ਅੱਠਾਂ ਮਹੀਨਿਆਂ ਵਿੱਚ ਮੁੰਡੇ ਅਤੇ ਕੁੜੀਆਂ ਮੇਰੇ ਵਾਹਵਾ ਨੇੜੇ ਹੋ ਗਏ।

ਉਨ੍ਹਾਂ ਦਿਨਾਂ ਵਿੱਚ ਅੱਠਵੀਂ ਜਮਾਤ ਦੀ ਪ੍ਰੀਖਿਆ ਬੋਰਡ ਦੁਆਰਾ ਆਯੋਜਤ ਕੀਤੀ ਜਾਂਦੀ ਸੀ। ਸਾਡੇ ਸਕੂਲ ਦਾ ਸੈਂਟਰ ਤਕਰੀਬਨ ਅਠਾਰਾਂ ਵੀਹ ਕਿਲੋਮੀਟਰ ਦੂਰ ਇੱਕ ਪਿੰਡ ਵਿੱਚ ਬਣਿਆ ਸੀ। ਸਕੂਲ ਵਿੱਚ ਫੈਸਲਾ ਕੀਤਾ ਗਿਆ ਕਿ ਹਰ ਪੇਪਰ ਵਾਲੇ ਦਿਨ ਇੱਕ ਅਧਿਆਪਕ ਸਕੂਲ ਦੇ ਵਿਦਿਆਰਥੀਆਂ ਨਾਲ ਜਾਇਆ ਕਰੇਗਾ। ਵਿਦਿਆਰਥੀਆਂ ਨੇ ਇਹ ਗੱਲ ਆਪਣੇ ਘਰੀਂ ਮਾਪਿਆਂ ਨੂੰ ਦੱਸੀ ਤਾਂ ਦੂਸਰੇ ਦਿਨ ਇੱਕ ਲੜਕੀ ਦੀ ਦਾਦੀ ਸਕੂਲ ਵਿੱਚ ਆ ਗਈ। ਮੁੱਖ ਅਧਿਆਪਕ ਨੇ ਜਦੋਂ ਉਸ ਨੂੰ ਦੱਸਿਆ ਕਿ ਸਾਡਾ ਇੱਕ ਅਧਿਆਪਕ ਪੇਪਰ ਵਾਲੇ ਦਿਨ ਵਿਦਿਆਰਥੀਆਂ ਨਾਲ ਜਾਇਆ ਕਰੇਗਾ ਤਾਂ ਉਸ ਨੇ ਮੁੱਖ ਅਧਿਆਪਕ ਨੂੰ ਸੰਬੋਧਤ ਹੁੰਦਿਆਂ ਆਖਿਆ, “ਵੇਖੋ ਜੀ, ਸਾਡੀਆਂ ਕੁੜੀਆਂ ਨਾਲ ਜੇਕਰ ਉਹ ਕਾਕਾ ਜੀ ਜਾਇਆ ਕਰਨਗੇ ਤਾਂ ਅਸੀਂ ਭੇਜਾਂਗੇ, ਨਹੀਂ ਅਸੀਂ ਨ੍ਹੀਂ ਪੇਪਰ ਪੂਪਰ ਦੁਆਉਣੇ।”

“ਮਾਤਾ ਜੀ, ਅਸੀਂ ਵਾਰੀ ਵਾਰੀ ਜਾਇਆ ਕਰਾਂਗੇ। ਇੱਕ ਜਣੇ ਨੂੰ ਅਸੀਂ ਕਿਵੇਂ ਭੇਜ ਸਕਦੇ ਹਾਂ?” ਆਪਣੇ ਵੱਲੋਂ ਦਲੀਲ ਨਾਲ ਸਮਝਾਉਂਦਿਆਂ ਮੁੱਖ ਅਧਿਆਪਕ ਨੇ ਆਖਿਆ।

“ਨਹੀਂ ਜੀ, ਸਾਨੂੰ ਤਾਂ ਉਸੇ ’ਤੇ ਭਰੋਸਾ ਹੈ। ਉਹ ਸਾਡੀਆਂ ਕੁੜੀਆਂ ਨੂੰ ਇੱਥੋਂ ਲੈ ਕੇ ਜਾਵੇਗਾ ਤੇ ਵਾਪਸ ਲੈ ਕੇ ਆਵੇਗਾ।” ਮਾਤਾ ਨੇ ਦੋ ਟੁੱਕ ਆਪਣਾ ਫੈਸਲਾ ਸੁਣਾ ਦਿੱਤਾ।

ਸਕੂਲ ਵਿੱਚ ਕੰਮ ਕਰਨ ਅਤੇ ਵਿਚਰਨ ਸਦਕਾ ਪਿੰਡ ਦੇ ਸਧਾਰਨ ਸਮਝੇ ਜਾਂਦੇ ਲੋਕਾਂ ਨੇ ਮੇਰੇ ’ਤੇ ਜੋ ਭਰੋਸਾ ਕੀਤਾ ਸੀ, ਮੈਂ ਉਸ ਨੂੰ ਆਪਣੀ ਵੱਡੀ ਪ੍ਰਾਪਤੀ ਮੰਨ ਕੇ ਪੱਲੇ ਬੰਨ੍ਹ ਲਿਆ ਸੀ ਅਤੇ ਇਹ ਭਰੋਸਾ ਮੈਂ ਆਪਣੀ ਸੇਵਾ ਮੁਕਤੀ ਤਕ ਟੁੱਟਣ ਨਹੀਂ ਦਿੱਤਾ। ਲੜਕੀਆਂ ਦੇ ਸਕੂਲ ਦੇ ਪ੍ਰਿੰਸੀਪਲ ਵਜੋਂ ਕੰਮ ਕਰਦਿਆਂ ਵੀ ਮੈਂ ਬਹੁਤ ਸਾਰੀਆਂ ਡਿਊਟੀਆਂ ਕਰਦਾ ਰਿਹਾ ਹਾਂ। ਇਸੇ ਕਰਕੇ ਹੀ ਮੇਰੀ ਸੇਵਾ ਮੁਕਤੀ ਤੋਂ ਬਾਅਦ ਵੀ ਵਿਦਿਆਰਥੀਆਂ ਅਤੇ ਮਾਪਿਆਂ ਵੱਲੋਂ ਮੈਨੂੰ ਸੁੱਖ ਸੁਨੇਹੇ ਮਿਲਦੇ ਰਹਿੰਦੇ ਹਨ। ਆਪਣੇ ਫ਼ਰਜ਼ਾਂ ਪ੍ਰਤੀ ਸੁਹਿਰਦ ਹੁੰਦਿਆਂ ਹਰੇਕ ਵਿਅਕਤੀ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਇਸ ਤਰ੍ਹਾਂ ਦੇ ਸੁੱਖ ਸੁਨੇਹੇ ਮਿਲਦੇ ਹੋਣ ਦਾ ਮੈਂ ਗਵਾਹ ਵੀ ਹਾਂ।

ਆਪਣੇ ਫ਼ਰਜ਼ਾਂ ਦੀ ਸੁਹਿਰਦਤਾ ਨਾਲ ਪੂਰਤੀ ਕਰਨ ਵਾਲਿਆਂ ਨੂੰ ਭਾਵੇਂ ਕੁਝ ਸਾਥੀਆਂ ਵੱਲੋਂ ਸਮਾਜ ਵਿੱਚੋਂ ਛੇਕੇ ਹੋਏ ਬੰਦਿਆਂ ਦੇ ਵਿਸ਼ੇਸ਼ਣ ਨਾਲ ਨਿਵਾਜਿਆ ਜਾਂਦਾ ਹੈ ਪ੍ਰੰਤੂ ਹਕੀਕਤ ਵਿੱਚ ਇਹ ਵੱਡੀਆਂ ਭੀੜਾਂ ਵਿੱਚ ਵੀ ਵੱਖਰੇ ਦਿਸਣ ਵਾਲੇ ਹੁੰਦੇ ਹਨ। ਜ਼ਿੰਮੇਵਾਰੀ ਇੱਕ ਅਹਿਸਾਸ ਹੈ ਜਿਸ ਨੂੰ ਇਹ ਜਲਦੀ ਹੋ ਜਾਵੇ ਉਹ ਹਮੇਸ਼ਾ ਅਧਿਕਾਰਾਂ ਅਤੇ ਫ਼ਰਜ਼ਾਂ ਦਾ ਸੰਤੁਲਨ ਬਣਾ ਕੇ ਚੱਲਦਾ ਹੈ। ਜਿਹੜੇ ਲੋਕ ਆਪਣੇ ਅਧਿਕਾਰਾਂ ਬਾਰੇ ਲੋੜੋਂ ਜ਼ਿਆਦਾ ਸੁਚੇਤ ਹੁੰਦੇ ਹਨ, ਉਹ ਫ਼ਰਜ਼ਾਂ ਵੱਲੋਂ ਆਮ ਤੌਰ ’ਤੇ ਅਵੇਸਲੇ ਵੇਖੇ ਜਾਂਦੇ ਹਨ। ਅਧਿਕਾਰ ਉਸ ਸਮੇਂ ਹੀ ਸਕਾਰਾਤਮਿਕ ਰੂਪ ਵਿੱਚ ਸਾਹਮਣੇ ਆ ਸਕਦੇ ਹਨ ਜਦੋਂ ਇਹ ਦੂਸਰਿਆਂ ਵਾਸਤੇ ਕਠਿਨਾਈ ਪੈਦਾ ਕਰਨ ਵਾਲੇ ਨਾ ਬਣਦੇ ਹੋਣ। ਜਿਨ੍ਹਾਂ ਨੇ ਇਸ ਤਰ੍ਹਾਂ ਦਾ ਸੰਤੁਲਨ ਪੈਦਾ ਕਰ ਲਿਆ ਹੋਵੇ, ਉਨ੍ਹਾਂ ਨੂੰ ਸਮਾਜ ਵਿੱਚੋਂ ਸੁਖ਼ਦ ਸੁਨੇਹੇ ਵੀ ਪ੍ਰਾਪਤ ਹੁੰਦੇ ਰਹਿੰਦੇ ਹਨ।

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4904)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਪ੍ਰਿੰ. ਗੁਰਦੀਪ ਸਿੰਘ ਢੁੱਡੀ

ਪ੍ਰਿੰ. ਗੁਰਦੀਪ ਸਿੰਘ ਢੁੱਡੀ

Faridkot, Punjab, India.
Phone: (91 - 95010 - 20731)
Email: (gurdip_dhudi@yahoo.com)

More articles from this author