GurdipSDhudi7ਅਸਲ ਵਿਚ ਜੇਕਰ ਸਾਡੀ ਵਰਤਮਾਨ ਸਿਆਸਤ ਦੇ ਰੰਗ-ਢੰਗ ਨੂੰ ਵੇਖਿਆ ਜਾਵੇ ਤਾਂ ਇਹ ਕੇਵਲ ...
(4 ਫਰਬਰੀ 2018)

 

ਦੇਸ਼ ਦੇ ਅਜ਼ਾਦ ਹੋਣ ਤੋਂ ਪਹਿਲਾਂ ਹੀ ਇੱਥੇ ਲੰਗੜੀ ਲੋਕਤੰਤਰੀ ਪ੍ਰਣਾਲੀ ਲਾਗੂ ਕਰ ਦਿੱਤੀ ਗਈ ਸੀਅਸਲ ਵਿਚ ਅੰਗਰੇਜ਼ਾਂ ਦੀ ਮਜਬੂਰੀ ਵੀ ਸੀ ਅਤੇ ਲੋੜ ਵੀ ਸੀਦੇਸ਼ ਨੂੰ ਅਜ਼ਾਦ ਕਰਾਉਣ ਵਾਲੀਆਂ ਧਿਰਾਂ ਵਿਚ ਜਿੱਥੇ ਗਾਂਧੀ ਵਿਚਾਰਧਾਰਾ ਨੂੰ ਪ੍ਰਬਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਉੱਥੇ ਬਰਾਬਰ ਦੇ ਸਮਾਜ ਦੀ ਸਿਰਜਣਾ ਕਰਨ ਦੇ ਚਾਹਵਾਨ ਆਪਣੀਆਂ ਜਾਨਾਂ ਵੀ ਕੁਰਬਾਨ ਕਰ ਰਹੇ ਸਨ ਅਤੇ ਲੋਕਾਂ ਨੂੰ ਜਾਗਰੂਕ ਵੀ ਕਰ ਰਹੇ ਸਨਚਲਾਕ ਅੰਗਰੇਜ਼ ਸ਼ਾਸਕਾਂ ਨੇ ਭਾਰਤ ਦੇਸ਼ ਨੂੰ ਅਜ਼ਾਦੀ ਦਿੰਦਿਆਂ ਜਿੱਥੇ ਆਪਣੇ ਲੁਕਵੇਂ ਏਜੰਡੇ ਨੂੰ ਇੱਥੇ ਸਥਾਪਤ ਕਰਨਾ ਸੀ, ਉੱਥੇ ਬਰਾਬਰ ਦੇ ਸਮਾਜ ਦੀ ਸਿਰਜਣਾ ਜਰਨ ਵਾਲਿਆਂ ਨੂੰ ਹਾਸ਼ੀਏ ’ਤੇ ਰੱਖਣ ਦੀ ਵੀ ਕੋਸ਼ਿਸ਼ ਕਰਨੀ ਸੀਇਸੇ ਵਿੱਚੋਂ ਹੀ ਇੱਥੇ ਵਰਤਮਾਨ ਭਾਰਤੀ ਅਜ਼ਾਦੀ ਦੀ ਨੀਂਹ ਰੱਖੀ ਗਈ ਅਤੇ ਇੱਥੇ ਨਹਿਰੂ ਵਿਚਾਰਧਾਰਾ ਦਾ ਰਾਜਭਾਗ ਸਥਾਪਤ ਹੋਇਆ ਸੀ

ਅਜ਼ਾਦੀ ਤੋਂ ਪਹਿਲਾਂ ਵਾਲੇ ‘ਲੋਕਤੰਤਰ’ ਨੂੰ ਪੱਕਿਆਂ ਕਰਨ ਲਈ 1950 ਵਿਚ ਬਣੇ ਭਾਰਤੀ ਲੋਕਤੰਤਰ ਨੂੰ ਪੱਕਿਆਂ ਕਰਦਿਆਂ 1952 ਵਿਚ ਅਜ਼ਾਦ ਭਾਰਤ ਦੀਆਂ ਪਹਿਲੀਆਂ ਚੋਣਾਂ ਕਰਵਾਈਆਂ ਗਈਆਂਚਲਾਕ ਸਿਆਸਤਦਾਨਾਂ ਨੇ ਭਾਰਤੀ ਲੋਕਤੰਤਰ ਨੂੰ ਚੋਣਾਂ ਤੱਕ ਸੀਮਤ ਕਰਨ ਦੀਆਂ ਕੋਸ਼ਿਸ਼ਾਂ ਵਿਚ ਸਮੇਂ ਦੀ ਤੋਰ ਨਾਲ ਕਾਮਯਾਬੀ ਹਾਸਲ ਕੀਤੀਕਦੇ ਗਰੀਬੀ ਹਟਾਓ ਦੇ ਨਾਹਰੇ ਬੁਲੰਦ ਕੀਤੇ ਗਏ ਅਤੇ ਕਦੇ ਲੋਕਾਂ ਨੂੰ ਜਿਉਣ ਵਾਸਤੇ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦੇ ਖੁਲਾਸੇ ਕੀਤੇ ਗਏਦੁੱਖ ਦੀ ਗੱਲ ਇਹ ਹੈ ਕਿ ਭਾਰਤ ਦੀ ਸਰਵਉੱਚ ਅਦਾਲਤ ਦੇ ਚਾਰ ਸੀਨੀਅਰ ਜੱਜਾਂ ਦੇ ਚੀਫ ਜਸਟਿਸ ਆਫ ਇੰਡੀਆ ਨਾਲ ਸਾਹਮਣੇ ਆਏ ਮੱਤਭੇਦਾਂ ਨਾਲ ਇਸ ‘ਕਾਮਯਾਬੀ’ ਦਾ ਸਿਖ਼ਰ ਆ ਗਿਆਸਹੀ ਅਰਥਾਂ ਵਿਚ ਇੱਥੇ ਪ੍ਰਵੇਸ਼ ਕਰ ਚੁੱਕੀ ਸਿਆਸਤ ਅਸਾਨੀ ਨਾਲ ਵੇਖੀ ਜਾ ਸਕਦੀ ਹੈਭਾਰਤੀ ਲੋਕ ਇਸ ਭੁਲੇਖੇ ਵਿੱਚੋਂ ਬਾਹਰ ਆਉਣ ਪ੍ਰਤੀ ਕਿਸੇ ਭੁਲੇਖੇ ਵਿਚ ਨਹੀਂ ਰਹੇ ਕਿ ਉਹਨਾਂ ਦੀ ਆਖਰੀ ਟੇਕ ਅਦਾਲਤੀ ਪ੍ਰਕਿਰਿਆ ਵੀ ਉਸੇ ‘ਭਾਰਤੀ ਲੋਕਤੰਤਰ’ ਦਾ ਹੀ ਅਨਿੱਖੜਵਾਂ ਅੰਗ ਹੈ ਜਿਸ ਲੋਕਤੰਤਰ ਨੇ ਲੋਕਾਂ ਨੂੰ ਟੁੱਕ ਦੀ ਬੁਰਕੀ ਲਈ ਲੜਦੀਆਂ ਉਹੀ ਬਿੱਲੀਆਂ ਬਣਾਇਆ ਹੋਇਆ ਹੈ ਜਿਨ੍ਹਾਂ ਵਿਚਕਾਰ ਆਉਣ ਵਾਲਾ ਬਾਂਦਰ ਆਪਣਾ ਮਕਸਦ ਪੂਰਾ ਕਰ ਜਾਂਦਾ ਹੈ ਅਤੇ ਬਿੱਲੀਆਂ ਹੱਥ ਮਲ਼ਦੀਆਂ ਰਹਿ ਜਾਂਦੀਆਂ ਹਨ

ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਅਤੇ ਸ਼੍ਰੀਮਤੀ ਇੰਦਰਾ ਗਾਂਧੀ ਦੀ ਸਿਆਸਤ ਨੂੰ ਵਰਤਮਾਨ ਭਾਜਪਾਈਆਂ ਨੇ ਬੜੀ ਜਲਦੀ ਹੀ ਜਾਣ ਲਿਆ ਸੀ ਅਤੇ ਇਸੇ ਦੀ ਕੁੱਖ ਵਿੱਚੋਂ ਲਾਲ ਕ੍ਰਿਸ਼ਨ ਅਡਵਾਨੀ ਦੀ ਰੱਥ ਯਾਤਰਾ ਨਿੱਕਲਦੀ ਹੋਈ ਬਾਬਰੀ ਮਸਜਿਦ ਬਨਾਮ ਰਾਮ ਮੰਦਰ ਦੇ ਰੌਲ਼ੇ ਉਪਰੰਤ ਗੋਦਰਾ ਕਾਂਡ ਤੋਂ ਅੱਗੇ ਨਰਿੰਦਰ ਮੋਦੀ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਸਥਾਪਤ ਕਰ ਗਈ ਹੈਵਿਚ-ਵਿਚਾਲੇ ਸਾਡੇ ਲੋਕਤੰਤਰ ਨੇ ਕਦੇ ਚਾਰਾ ਘੁਟਾਲ਼ਾ ਲੋਕਾਂ ਸਾਹਮਣੇ ਲਿਆਂਦਾ ਅਤੇ ਕਦੇ ਬੋਫੋਰਜ਼ ਕਾਂਡ ਸਾਡੀਆਂ ਅੱਖਾਂ ਅੱਗੇ ਆਇਆਦੇਸ਼ ਦੀ ਆਨ-ਸ਼ਾਨ ਦੀ ਖਾਤਰ ਬਹੁਤ ਹੀ ਔਖਾ ਜੀਵਨ ਲੰਘਾਉਣ ਵਾਲੇ ਸਾਡੇ ਫ਼ੌਜੀ ਵੀਰਾਂ ਦੀਆਂ ਸ਼ਹੀਦੀਆਂ ਸਮੇਂ ਖਰੀਦੇ ਜਾਣ ਵਾਲੇ ਤਾਬੂਤ ਵੀ ਸਾਡੇ ਇਸੇ ਜਮਹੂਰੀ ਨਿਜ਼ਾਮ ਦੀ ਹੀ ਦੇਣ ਬਣੀ ਸੀਇਸ ਦਾ ਸਿਖ਼ਰ ਹੁਣ ਦੀ ਹਾਕਮ ਪਾਰਟੀ ਭਾਜਪਾ ਪ੍ਰਧਾਨ ਦੇ ਪੁੱਤਰ ਦੇ ਬੜੇ ਹੀ ਤੇਜ਼ ਦਿਮਾਗ ਸਦਕਾ ਕੇਵਲ ਛੇਆਂ ਮਹੀਨਿਆਂ ਵਿਚ ਹੀ ਤਜਾਰਤੀ ਮੁਨਾਫ਼ਾ ਹਜ਼ਾਰਾਂ ਗੁਣਾਂ ਵਿਚ ਹੋਣਾ ਆਪਣੇ ਆਪ ਵਿਚ ਪ੍ਰਤੱਖ ਮਿਸਾਲ ਸਾਡੇ ਸਾਹਮਣੇ ਆਉਂਦੀ ਹੈਇਹ ਸਾਰਾ ਕੁੱਝ ਸਾਡੀ ਜਮਹੂਰੀ ਪ੍ਰਕਿਰਿਆ ਦੀ ਹੀ ਦੇਣ ਕਹੀ ਜਾ ਸਕਦੀ ਹੈ ਜਿੱਥੇ ਇਹ ਤਜਾਰਤੀ ਮੁਨਾਫ਼ਾ ਅੱਖ ਦੇ ਫੋਰ ਵਿਚ ਵਧ ਸਕਦਾ ਹੈਦੇਸ਼ ਦੇ ਪ੍ਰਧਾਨ ਮੰਤਰੀ ਜੇਡਾ ਹੀ ਤਾਕਤਵਰ ਉਸ ਹਾਕਮ ਪਾਰਟੀ ਦਾ ਪ੍ਰਧਾਨ ਤਾਂ ਹੀ ਸਫ਼ਲ ਸਿਆਸੀ ਨੇਤਾ ਹੋ ਸਕਿਆ ਹੈ ਅਤੇ ਤਾਂ ਹੀ ਉਸ ਦਾ ਪੁੱਤਰ ਕੇਵਲ ਅੱਖ ਦੇ ਘੁਮਾਉਣ ਸਦਕਾ ਹੀ ਆਪਣਾ ਤਜਾਰਤੀ ਮੁਨਾਫ਼ਾ ਹਜ਼ਾਰਾਂ ਗੁਣਾ ਬਣਾ ਸਕਿਆ ਹੈਜਮਹੂਰੀਅਤ ਦਾ ਇਹ ਨਿਰਾਲਾ ਰੰਗ ਭਾਰਤ ਵਿਚ ਹੀ ਸੰਭਵ ਹੋ ਸਕਦਾ ਹੈ

ਸਾਡਾ ‘ਜਮਹੂਰੀ ਅਮਲ’ ਕੇਡਾ ‘ਸਫ਼ਲ ਅਮਲ’ ਹੈ ਕਿ ਇਸ ਨੇ ਭਾਰਤੀ ਲੋਕਾਂ ਨੂੰ ਵੱਡੇ ਸਿਆਸੀ ਨਾਇਕ ਦਿੱਤੇ ਹਨਇਹਨਾਂ ਸਿਆਸੀ ਨਾਇਕਾਂ ਦੀ ਮਕਬੂਲੀਅਤ ਦਾ ਅੰਦਾਜ਼ਾ ਲਾਉਣਾ ਉੰਨਾ ਹੀ ਕਠਿਨ ਹੈ ਜਿੰਨਾ ਕਿਸੇ ਸਮੁੰਦਰ ਦੀ ਥਾਹ ਦਾ ਪਾਉਣਾਸਾਡੇ ਸਿਆਸਤਦਾਨਾਂ ਨੇ ਲੋਕਾਂ ਦੇ ਦਿਮਾਗਾਂ ਨੂੰ ਇਸ ਕਦਰ ਧੋ ਦਿੱਤਾ ਹੈ ਕਿ ਚਿੱਟੇ ਦਿਨ ਵਾਂਗ ਇਹਨਾਂ ਮਕਬੂਲ ਨੇਤਾਵਾਂ ਦੇ ਗੁਨਾਹ ਲੋਕਾਂ ਦੇ ਸਾਹਮਣੇ ਹੋਣ ਦੇ ਬਾਵਜੂਦ ਵੀ ਇਹਨਾਂ ਲੋਕਾਂ ਦੇ ਜੇਲ੍ਹ ਵਿਚ ਜਾਣ ਵਾਲੀ ਗੱਲ ਇਹਨਾਂ ਨਾਇਕਾਂ ਦੇ ਪ੍ਰਸ਼ੰਸਕਾਂ ਨੂੰ ਹਜ਼ਮ ਨਹੀਂ ਹੁੰਦੀਇਹਨਾਂ ਨੇਤਾਵਾਂ ਦੀ ਮੌਤ ’ਤੇ ਭਗਤ ਲੋਕ ‘ਸਤੀ’ ਹੋਣ ਤੱਕ ਵੀ ਚਲੇ ਜਾਂਦੇ ਹਨਵੋਟ ਪਰਚੀ (ਹੁਣ ਬਿਜਲਈ ਵੋਟਿੰਗ ਮਸ਼ੀਨ) ਦੇ ਬਟਨ ਦੁਆਲ਼ੇ ਘੁੰਮਦੀ ਸਾਡੀ ਲੋਕਤੰਤਰ ਦੀ ਸੂਈ ਨੇ ਭਾਰਤੀ ਵੋਟਰ ਨੂੰ ਬੜੀ ਸਸਤੀ ਵਸਤੂ ਵਿਚ ਤਬਦੀਲ ਕਰ ਦਿੱਤਾ ਹੈਮੀਡੀਏ ਦੇ ਵਿਕਾਊ ਅੰਗ ਨੂੰ ਪਾਸੇ ਕਰ ਦੇਈਏ ਤਾਂ ਵੀ ਨਿਰਪੱਖ ਵੱਡੇ ਦਿਮਾਗ ਵਾਲੇ ਪੱਤਰਕਾਰ ਹੋਰ ਅੰਦਾਜ਼ੇ ਲਾਉਂਦੇ ਰਹਿ ਜਾਂਦੇ ਹਨ ਅਤੇ ਵੋਟਿੰਗ ਮਸ਼ੀਨਾਂ ਹੋਰ ਨਤੀਜੇ ਸਾਹਮਣੇ ਲਿਆ ਦਿੰਦੀਆਂ ਹਨਇਹ ਸਾਰਾ ਕੁਝ ਸਾਡੀ ਵਿਸ਼ੇਸ਼ ਤਰ੍ਹਾਂ ਦੀ ਜਾਦੂ ਦੀ ਛੜੀ ਵਾਲੀ ਸਿਆਸਤ ਵਾਸਤੇ ਖੱਬੇ ਹੱਥ ਦਾ ਖੇਡ ਬਣ ਗਿਆ ਹੈਉਹਨਾਂ ਦੇ ਤੇਜ਼ ਦਿਮਾਗ ਭਾਰਤੀ ਲੋਕਾਂ ਦੀ ਮਾਨਸਿਕਤਾ ਨੂੰ ਬੜੀ ਛੇਤੀ ਭਾਂਪ ਲੈਂਦੀ ਹੈ

ਬੜਾ ਨੇੜਿਓਂ ਤੱਕ ਲਈਏਪੰਜਾਬ ਵਿਚ ਸ. ਪ੍ਰਕਾਸ਼ ਸਿੰਘ ਬਾਦਲ ਨੇ ਪੰਜ ਵਾਰੀ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਨੂੰ ਰੰਗ ਭਾਗ ਲਾਏ ਹਨਪੰਜਾਬ ਦੇ ਲੋਕਾਂ ਨੂੰ ਦਿੱਤਾ ਕੀ ਹੈ? ਇਤਿਹਾਸਕਾਰ ਇਤਿਹਾਸ ਲਿਖਣਗੇ ਤਾਂ ਜ਼ਰੂਰ ਸਾਰਾ ਹੀਜ਼ ਪਿਆਜ਼ ਨੰਗਾ ਕਰਨਗੇਪਰੰਤੂ ਹਾਲਾਤ ਹੁਣ ਇਹ ਹਨ ਕਿ ਪੰਜਾਬ ਸਰਕਾਰ ਆਪਣੇ ਮੁਲਾਜ਼ਮਾਂ ਨੂੰ ਦੋ-ਦੋ, ਚਾਰ-ਚਾਰ ਦਿਨ ਤਨਖਾਹ ਲੇਟ ਕਰਨ ਤੋਂ ਲੈ ਕੇ ਵੱਡੀ ਗਿਣਤੀ ਵਿਚ ਲੋੜੀਂਦੇ ਮੁਲਾਜ਼ਮਾਂ ਦੀ ਥਾਂ ਨਿਗੂਣੀ ਗਿਣਤੀ ਰੱਖ ਕੇ ਡੰਗ ਟਪਾਉਣ ਦੀ ਕੋਸ਼ਿਸ਼ ਕਰ ਰਹੀ ਹੈਲੇਕਿਨ ਹਕੂਮਤੀ ਅੰਗਾਂ ਦੀਆਂ ਜਾਇਦਾਦਾਂ ਵਿੱਚ ਹਜ਼ਾਰਾਂ ਗੁਣਾਂ ਦਾ ਵਾਧਾ ਤਾਂ ਦਰਜ ਹੀ ਹੋ ਰਿਹਾ ਹੈ ਜਦੋਂ ਕਿ ਲੁਕੇ ਹੋਏ ਵਾਧੇ ਦਾ ਪਤਾ ਕਿਤੇ ਕਿਤੇ ਹੀ ਲੱਗਦਾ ਹੈਇਸੇ ਤਰ੍ਹਾਂ ਦੋਧੀ ਤੋਂ ਸਿਆਸਤਦਾਨ ਬਣੇ ਸੁੱਚਾ ਸਿੰਘ ਲੰਗਾਹ ਦੀਆਂ ਕਾਰਵਾਈਆਂ ਉੰਨਾ ਚਿਰ ਲੁਕੀਆਂ ਰਹੀਆਂ, ਜਿੰਨਾ ਚਿਰ ਬਾਦਲ ਸਾਹਿਬ ਨੂੰ ਲੋੜ ਸੀ ਪਰੰਤੂ ਹੁਣ ਉਸ ਨੂੰ ਸੁਰੱਖਿਅਤ ਥਾਂ ਵਿਚ ਪੁੱਜਦਾ ਕਰ ਦਿੱਤਾ ਗਿਆ ਹੈਇਹ ਸਾਡਾ ਭਾਰਤੀ ਜਮਹੂਰੀ ਅਮਲ ਹੈ

ਤਿਲਕਦੇ ਤਿਲਕਦੇ ਲੋਕਾਂ ਨੇ ਵਰਤਮਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪਿਛਲੇ ਸਾਲ ਦੁਬਾਰਾ ਮੁੱਖ ਮੰਤਰੀ ਬਣਾ ਦਿੱਤਾ‘ਰਾਜਾ ਅਮਰਿੰਦਰ ਸਿੰਘ’ ਨੇ ਆਪਣੀ ਇਸ ਦੂਸਰੀ ਪਾਰੀ ਵਿਚ ਆਪਣੇ ਪੂਰੇ ਰਾਜਾਸ਼ਾਹੀ ਜਲੌਅ ਵਿਖਾਉਣੇ ਜਾਰੀ ਰੱਖੇ ਹੋਏ ਹਨਰਾਜਾ ਸਾਹਿਬ ਦੇ ਬੜੇ ਹੀ ਕਰੀਬੀ ਰਾਣਾ ਗੁਰਜੀਤ ਸਿੰਘ ਦੇ ਜਾਇਦਾਦ ਬਣਾਉਣ ਦਾ ਢੰਗ ਨਵੀਂ ਵਜ਼ਾਰਤ ਦੇ ਗਠਨ ਸਮੇਂ ਹੀ ਸਾਹਮਣੇ ਆ ਗਿਆ ਸੀ ਪਰੰਤੂ ਰਾਜਾ ਸਾਹਿਬ ਨੇ ਹੁਣ ਤੱਕ ਪੂਰੀ ਵਾਹ ਲਾਈ ਰੱਖੀ ਕਿ ਉਹਨਾਂ ਦੇ ਚਹੇਤੇ ਰਾਣਾ ਜੀ ਬਕਾਇਦਾ ਵਜ਼ਾਰਤ ਵਿਚ ਬਣ ਕੇ ਉਹਨਾਂ ਦੀ ਸੱਜੀ ਬਾਂਹ ਵਜੋਂ ਸਹਾਈ ਹੁੰਦੇ ਰਹਿਣਇਸੇ ਤਰ੍ਹਾਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਦੂਸਰੇ ਨੰਬਰ ਦੇ ਮੁੱਖ ਮੰਤਰੀ, ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਦੀ ਤੈਨਾਤੀ ਨੂੰ ਗਲਤ ਆਖਿਆ ਹੈਹੈਰਾਨੀ ਦੀ ਗੱਲ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਨੂੰ ਰਾਜਾਸ਼ਾਹੀ ਦਾ ਬਦਲਿਆ ਰੂਪ ਬਣਾ ਲਿਆ ਸੀਇੱਥੇ ਚੁਣੇ ਹੋਏ ਨੁਮਾਇੰਦਿਆਂ ਨਾਲੋਂ ‘ਰਾਜਾ ਸਾਹਿਬ’ ਦੇ ਨਿਯੁਕਤ ਅਫ਼ਸਰਸ਼ਾਹ ਵਧੇਰੇ ਯੋਗ ਵੇਖੇ ਜਾ ਸਕਦੇ ਹਨ

ਲੋਕਾਂ ਨੂੰ ਸਹੂਲਤਾਂ ਦੇਣਾ ਤਾਂ ਬਹੁਤ ਚੰਗੀ ਗੱਲ ਹੈ ਪਰੰਤੂ ਉਸ ਸੂਬੇ ਦੇ ਲੋਕਾਂ ਨੂੰ ਤੀਰਥ ਯਾਤਰਾਵਾਂ ਤੇ ਭੇਜਣਾ ਅਤੇ ਦਿਨ ਦਿਹਾਰ ਮਨਾਉਣ ਲਈ ਸਰਕਾਰੀ ਖਰਚੇ ’ਤੇ ਸਪੈਸ਼ਲ ਰੇਲ ਗੱਡੀਆਂ ਦਾ ਇੰਤਜ਼ਾਮ ਕਰਨਾ ਕਿੱਧਰ ਦੀ ਦਿਆਨਤਾਦਰੀ ਹੈ, ਜਿੱਥੇ ਆਏ ਦਿਨ ਗਰੀਬੀ ਕਾਰਨ ਕਿਸਾਨ ਅਤੇ ਮਜ਼ਦੂਰ ਖੁਦਕੁਸ਼ੀਆਂ ਕਰ ਰਹੇ ਹੋਣ। ਸਰਕਾਰੀ ਖਰਚੇ ਚਲਾਉਣ ਲਈ ਦੋ ਦੋ ਦਿਨ ਦੀ ਉਡੀਕ ਕਰਨੀ ਪਵੇਪਰ ਜਮਹੂਰੀ ਢੰਗ ਨਾਲ ਚੁਣੇ ਲੋਕਾਂ ਨੂੰ ਪੁੱਛਣ ਵਾਲਾ ਕੌਣ ਮਾਈ ਦਾ ਲਾਲ ਹੋ ਸਕਦਾ ਹੈ!

ਇਸੇ ਤਰ੍ਹਾਂ ਲੋਕਾਂ ਦੇ ਜਿਉਣ, ਖਾਣ ਪਹਿਨਣ ਲਈ ਜਿਸ ਤਰ੍ਹਾਂ ਕੇਂਦਰੀ ਸਰਕਾਰ ਤਰਫ਼ੋਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ, ਪਸ਼ੂਆਂ ਦੇ ਨਾਮ ’ਤੇ ਟੈਕਸ ਉਗਰਾਹਿਆ ਜਾ ਰਿਹਾ ਹੈ, ਜਬਰੀ ਯੋਗਾ ਕਰਵਾਇਆ ਜਾ ਰਿਹਾ ਹੈ, ਇਸ ਨੂੰ ਜਮਹੂਰੀਅਤ ਕਿਵੇਂ ਆਖਿਆ ਜਾ ਸਕਦਾ ਹੈ? ਅਸਲ ਵਿਚ ਜੇਕਰ ਸਾਡੀ ਵਰਤਮਾਨ ਸਿਆਸਤ ਦੇ ਰੰਗ-ਢੰਗ ਨੂੰ ਵੇਖਿਆ ਜਾਵੇ ਤਾਂ ਇਹ ਕੇਵਲ ਅਤੇ ਕੇਵਲ ਨਾਮ ਦੀ ਜਮਹੂਰੀ ਪ੍ਰਣਾਲੀ ਵਾਲੀ ਸਿਆਸੀ ਖੇਡ ਖੇਡਦੀ ਹੈਇਸ ਨੇ ਲੋਕਤੰਤਰੀ ਪ੍ਰਣਾਲੀ ਨੂੰ ਸੀਮਤ ਕਰ ਦਿੱਤਾ ਹੈਇਹ ਜਮਹੂਰੀਅਤ ਸਾਡੇ ਸਿਆਸੀ ਹਾਕਮਾਂ ਦੀ ਇੱਛਾ ਵਾਲੀ ਜਮਹੂਰੀਅਤ ਹੈ ਅਤੇ ਇਹ ਦੇਸ਼ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰਗਤੀ ਦੇ ਪਾਂਧੀ ਨਹੀਂ ਰਹਿਣ ਦੇਵੇਗੀਆਓ ਜ਼ਰਾ ਸੋਚੀਏ ਕਿ ਅਸੀਂ ਆਪਣੇ ਦੇਸ਼ ਦੀ ਅਜ਼ਾਦੀ ਅਤੇ ਲੋਕਤੰਤਰੀ ਪ੍ਰਣਾਲੀ ਨੂੰ ਕਿਸ ਤਰ੍ਹਾਂ ਬਚਾ ਸਕਦੇ ਹਾਂ

*****

(999)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਪ੍ਰਿੰ. ਗੁਰਦੀਪ ਸਿੰਘ ਢੁੱਡੀ

ਪ੍ਰਿੰ. ਗੁਰਦੀਪ ਸਿੰਘ ਢੁੱਡੀ

Faridkot, Punjab, India.
Phone: (91 - 95010 - 20731)
Email: (gurdip_dhudi@yahoo.com)

More articles from this author