GurdipSDhudi7ਤੂੰ ਓ.ਟੀ. ਕਰ ਲੈ। ਅਧਿਆਪਕ ਲੱਗ ਕੇ ਤੂੰ ਵਧੀਆ ਰਹੇਂਗਾ। ਤੇਰਾ ਪੜ੍ਹਨ ਵਾਲਾ ਸ਼ੌਕ ਵੀ ਪੂਰਾ ...
(5 ਮਾਰਚ 2023)
ਇਸ ਸਮੇਂ ਪਾਠਕ: 64.

 

ਮਹਿਜ਼ 19 ਸਾਲ ਦੀ ਉਮਰ ਵਿੱਚ ਮੈਂ ਅਧਿਆਪਕ ਲੱਗ ਗਿਆ ਸਾਂਸਮਾਜਕ ਅਤੇ ਆਰਥਿਕ ਤੌਰ ’ਤੇ ਅੰਤਾਂ ਦੇ ਪਛੜੇਵੇਂ ਕਾਰਨ ਮੈਨੂੰ ਦਸਵੀਂ ਜਮਾਤ ਤੋਂ ਬਾਅਦ ਪੜ੍ਹਾਈ ਕਰਨ ਦਾ ਅਵਸਰ ਹਾਸਲ ਨਹੀਂ ਹੋਇਆਦੋਸਤ ਦੇ ਭਰਾ ਦੇ ਅਧਿਆਪਕ ਲੱਗਣ ਉਪਰੰਤ ਉਨ੍ਹਾਂ ਦੇ ਘਰ ਦੇ ਆਰਥਿਕ ਹਾਲਤ ਸਾਵੇਂ ਹੋਣ ਲੱਗੇ ਵੇਖੇ ਹੋਣ ਕਾਰਨ ਮੇਰੇ ਮਾਂ ਪਿਓ ਵਾਸਤੇ ਪੜ੍ਹਾਈ ਦਾ ਅਰਥ ਨੌਕਰੀ ਹਾਸਲ ਕਰਨਾ ਹੀ ਸੀ ਅਤੇ ਮੇਰੇ ਦੁਆਰਾ ਦਸਵੀਂ ਜਮਾਤ ਪਾਸ ਕਰਨ ਨੂੰ ਹੀ ਉਹ ਸਮਝਦੇ ਸਨ ਕਿ ਮੇਰੀ ਪੜ੍ਹਾਈ ਪੂਰੀ ਹੋ ਗਈ ਹੈ ਅਤੇ ਹੁਣ ਮੈਨੂੰ ਨੌਕਰੀ ਮਿਲ ਜਾਵੇ, ਜਿਸ ਨਾਲ ਘਰ ਦਾ ਗਰੀਬੀ ਵਾਲਾ ਦਸੌਂਟਾ ਕੱਟਿਆ ਜਾਵੇਗਾਜਿਵੇਂ ਹੀ ਦਸਵੀਂ ਜਮਾਤ ਦਾ ਨਤੀਜਾ ਆਇਆ ਮੇਰੇ ਮਾਂ ਬਾਪ ਮੇਰੇ ਵਾਸਤੇ ਨੌਕਰੀ ਪ੍ਰਾਪਤ ਕਰਨ ਲਈ ਕਾਹਲ਼ੇ ਪੈ ਗਏ ਸਨਮੇਰੇ ਪਿਤਾ ਜੀ ਮੈਨੂੰ ਲੈ ਕੇ ‘ਵੱਡਿਆਂ ਬੰਦਿਆਂ’ ਕੋਲ ਜਾਂਦੇ ਅਤੇ ਮੇਰੇ ਵਾਸਤੇ ਕਿਸੇ ਨੌਕਰੀ ਦਾ ਓੜ੍ਹ-ਪੋੜ੍ਹ ਕਰਨ ਦੀ ਮੰਗ ਰੱਖਦੇਪੰਡਿਤ ਚੇਤੰਨ ਦੇਵ ਜੀ ਫ਼ਰੀਦਕੋਟ ਦੇ ਕਾਂਗਰਸੀ ਨੇਤਾ ਸਨ ਅਤੇ ਉਨ੍ਹਾਂ ਨਾਲ ਪਿਤਾ ਜੀ ਦੀ ਜਾਣ-ਪਛਾਣ ਸੀਪੰਡਿਤ ਜੀ ਕੋਲ ਜਾ ਕੇ ਪਿਤਾ ਜੀ ਨੇ ਹੁੱਬ ਕੇ ਕਿਹਾ, “ਪੰਡਿਤ ਜੀ, ਮੁੰਡੇ ਨੇ ਦਸਵੀਂ ਜਮਾਤ ਪਾਸ ਕਰ ਲਈ ਹੈ, ਇਸ ਵਾਸਤੇ ਕਿਸੇ ਥਾਂ ’ਤੇ ਨੌਕਰੀ ਦਾ ਪ੍ਰਬੰਧ ਕਰੋ।”

ਪੰਡਿਤ ਜੀ ਨੇ ਮੇਰੇ ਵੱਲ ਘੋਖਵੀਂ ਨਜ਼ਰ ਨਾਲ ਵੇਖਿਆ, ਜਿਵੇਂ ਉਨ੍ਹਾਂ ਨੂੰ ਮੇਰੇ ਦਸਵੀਂ ਜਮਾਤ ਪਾਸ ਕਰਨ ’ਤੇ ਸ਼ੱਕ ਹੋਵੇ ਇੱਕ ਤਾਂ ਮੇਰੀ ਉਮਰ ਹੀ ਥੋੜ੍ਹੀ ਸੀ ਅਤੇ ਦੂਸਰਾ ਸਰੀਰਕ ਤੌਰ ’ਤੇ ਵੀ ਮਾੜਚੂ ਜਿਹਾ ਸਾਂਮੇਰੇ ਵੱਲ ਵੇਖ ਕੇ ਕੋਈ ਇਹ ਮੰਨ ਹੀ ਨਹੀਂ ਸਕਦਾ ਸੀ ਕਿ ਮੈਂ ਦਸਵੀਂ ਜਮਾਤ ਪਾਸ ਕਰ ਲਈ ਹੋਵੇਗੀ“ਕਾਕਾ, ਕਿੰਨੇ ਨੰਬਰ ਆਏ ਹਨ, ਦਸਵੀਂ ਜਮਾਤ ਵਿੱਚੋਂ? ਤੇਰੀ ਜਨਮ ਤਰੀਕ ਕੀ ਹੈ?” ਸ਼ੱਕੀ ਜਿਹੇ ਲਹਿਜ਼ੇ ਵਿੱਚ ਪੰਡਿਤ ਜੀ ਨੇ ਮੈਨੂੰ ਪੁੱਛਿਆ ਮੇਰੇ ਜਵਾਬ ਦੇਣ ’ਤੇ ਪੰਡਿਤ ਜੀ ਨੇ ਚੁਟਕੀ ਮਾਰਦਿਆਂ ਪਿਤਾ ਜੀ ਨੂੰ ਸੰਬੋਧਿਤ ਹੁੰਦਿਆਂ ਆਖਿਆ, “ਵੇਖ ਮੱਖਣ ਸਿੰਹਾਂ, ਦੋ ਸਾਲ ਅਜੇ ਇਸ ਨੂੰ ਨੌਕਰੀ ਨਹੀਂ ਮਿਲ ਸਕਦੀਸਰਕਰੀ ਨੌਕਰੀ ’ਤੇ ਲੱਗਣ ਲਈ ਮੰਡਾ ਅਠਾਰਾਂ ਸਾਲ ਦਾ ਹੋਣਾ ਚਾਹੀਦਾ ਹੈ ਇਸਦੀ ਉਮਰ ਅਠਾਰਾਂ ਸਾਲ ਦੀ ਹੋਵੇਗੀ ਤਾਂ ਨੌਕਰੀ ਆਪਾਂ ਐਂ ਲੈ ਲਵਾਂਗੇ।” ਪਿਤਾ ਜੀ ਨਿਰਾਸ਼ ਜਿਹੇ ਹੋ ਕੇ ਮੈਨੂੰ ਲੈ ਕੇ ਵਾਪਸ ਪਿੰਡ ਜਾਣ ਲਈ ਚੱਲ ਪਏਉਨ੍ਹਾਂ ਨੂੰ ਜਿਵੇਂ ਘਰ ਦੀ ਤੰਗੀ-ਤੁਰਸ਼ੀ ਕੱਟੇ ਜਾਣ ਵਾਲੀ ਗੱਲ ਬਹੁਤ ਪਿੱਛੇ ਪੈਂਦੀ ਦਿਸ ਗਈ ਹੋਵੇ

ਫਿਰ ਮੈਂ ਪੰਜਾਬੀ ਅਤੇ ਅੰਗਰੇਜ਼ੀ ਦੀ ਟਾਈਪਿੰਗ ਕਰਨੀ ਸਿੱਖਣ ਲਈ ਸ਼ਹਿਰ ਜਾਣਾ ਸ਼ੁਰੂ ਕਰ ਦਿੱਤਾ ਇਸਦੇ ਨਾਲ ਹੀ ਮੇਰੇ ਦੋਸਤ ਦੇ ਭਰਾ ਨੇ ਮੈਨੂੰ ਗਿਆਨੀ ਦਾ ਦਾਖ਼ਲਾ ਭਰਨ ਦੀ ਸਲਾਹ ਦੇ ਦਿੱਤੀਕਿਤਾਬਾਂ ਦਾ ਪ੍ਰਬੰਧ ਕਰਨ ਲਈ ਉਸ ਨੇ ਸੀਤਾ ਰਾਮ ਨਾਲ ਜਾਣ-ਪਛਾਣ ਕਰਵਾ ਦਿੱਤੀਸੀਤਾ ਰਾਮ ਦੀ ਠੰਢੀ ਸੜਕ ’ਤੇ ਕਿਤਾਬਾਂ ਦੀ ਦੁਕਾਨ ਸੀ ਅਤੇ ਉਹ ਪੁਰਾਣੀਆਂ ਕਿਤਾਬਾਂ ਕਿਰਾਏ ’ਤੇ ਪੜ੍ਹਨ ਲਈ ਦਿਆ ਕਰਦਾ ਸੀਗਿਆਨੀ ਦਾ ਨਤੀਜਾ ਆਉਣ ਤੋਂ ਪਹਿਲਾਂ ਹੀ ਆਈ.ਟੀ.ਆਈ. ਵਿੱਚ ਸਟੈਨੋਗਰਾਫ਼ੀ ਦੇ ਕੋਰਸ ਵਿੱਚ ਦਾਖ਼ਲਾ ਲੈ ਲਿਆਗਿਆਨੀ ਦੀ ਪੜ੍ਹਾਈ ਕਰਦਿਆਂ ਕਰਦਿਆਂ ਹੀ ਮੈਨੂੰ ਸਾਹਿਤ ਪੜ੍ਹਨ ਦੀ ਚੇਟਕ ਲੱਗ ਗਈਆਪਣੇ ਸਿਲੇਬਸ ਤੋਂ ਬਾਹਰੀਆਂ ਹੋਰ ਵੀ ਮੈਂ ਬਹੁਤ ਸਾਰੀਆਂ ਕਿਤਾਬਾਂ ਪੜ੍ਹ ਲਈਆਂ ਸਨਇਸੇ ਸਮੇਂ ਗਿਆਨੀ ਜ਼ੈਲ ਸਿੰਘ ਪੰਜਾਬ ਦੇ ਮੁੱਖ ਮੰਤਰੀ ਬਣੇ ਅਤੇ ਉਨ੍ਹਾਂ ਨੇ ਫ਼ਰੀਦਕੋਟ ਨੂੰ ਤਹਿਸੀਲ ਹੈੱਡ-ਕੁਆਰਟਰ ਤੋਂ ਜ਼ਿਲ੍ਹਾ ਹੈੱਡ-ਕੁਆਰਟਰ ਵਿੱਚ ਤਬਦੀਲ ਕਰਨ ਦਾ ਫ਼ਰੀਦਕੋਟ ਵਾਲਿਆਂ ਨੂੰ ਤੋਹਫ਼ਾ ਦੇ ਦਿੱਤਾਫ਼ਰੀਦਕੋਟ ਵਿੱਚ ਜ਼ਿਲ੍ਹੇ ਦੇ ਬਹੁਤ ਸਾਰੇ ਦਫਤਰ ਆ ਗਏਸਾਡਾ ਸਟੈਨੋਗਰਾਫ਼ੀ ਦਾ ਕੋਰਸ ਸਮਾਪਤ ਹੁੰਦਿਆਂ ਹੀ ਮੇਰੇ ਸਹਿਪਾਠੀ ਕਿਸੇ ਨਾ ਕਿਸੇ ਦਫਤਰ ਵਿੱਚ ਕਲਰਕ ਦੀ ਨੌਕਰੀ ’ਤੇ ਲੱਗ ਗਏ ਜਦੋਂ ਕਿ ਮੇਰੇ ਦੋਸਤ ਦੇ ਭਰਾ ਨੇ ਮੇਰੇ ਸੁਭਾਅ ਕਾਰਨ ਮੈਨੂੰ ਓ.ਟੀ. ਕਰਨ ਦੀ ਸਲਾਹ ਦਿੰਦਿਆਂ ‘ਕਲਰਕੀ ਤੇਰੇ ਸੁਭਾਅ ਦੇ ਅਨੁਕੂਲ ਨਹੀਂ ਹੈਤੂੰ ਓ.ਟੀ. ਕਰ ਲੈਅਧਿਆਪਕ ਲੱਗ ਕੇ ਤੂੰ ਵਧੀਆ ਰਹੇਂਗਾਤੇਰਾ ਪੜ੍ਹਨ ਵਾਲਾ ਸ਼ੌਕ ਵੀ ਪੂਰਾ ਹੁੰਦਾ ਰਹੇਗਾ ਆਖਿਆ ਮੈਨੂੰ ਜਾਂ ਮੇਰੇ ਘਰ ਵਾਲਿਆਂ ਨੂੰ ਤਾਂ ਕਿਸੇ ਗੱਲ ਦਾ ਪਤਾ ਨਹੀਂ ਸੀਬੱਸ ਉਸ ਦੇ ਕਹਿਣ ’ਤੇ ਓ.ਟੀ. ਵਿੱਚ ਦਾਖ਼ਲਾ ਲੈ ਲਿਆ ਅਤੇ ਓ.ਟੀ. ਕਰਨ ਉਪਰੰਤ ਅਧਿਆਪਕ ਲੱਗ ਗਿਆ

ਇਹ ਸਾਰਾ ਕੁਝ ਮੇਰੇ ਦਿਮਾਗ ਦੇ ਕਿਸੇ ਕੋਨੇ ਵਿੱਚ ਵਸ ਗਿਆ ਅਤੇ ਹੁਣ ਇਹ ਯਾਦ ਆਉਂਦਾ ਹੈ ਕਿ ਅਧਿਆਪਕ ਦੇ ਨਾਲ ਨਾਲ ਮੈਂ ਆਪਣੇ ਵਿਦਿਆਰਥੀਆਂ ਦੇ ਅਜਿਹੇ ਗਾਈਡ ਵਾਂਗ ਵੀ ਵਿਚਰਦਾ ਰਿਹਾ ਹਾਂ ਜਿਹੜਾ ਉਨ੍ਹਾਂ ਵਾਸਤੇ ਹਨ੍ਹੇਰੇ ਵਿੱਚੋਂ ਕੱਢਣ ਵਾਲਾ ਹੋਵੇਮੇਰੇ ਦੁਆਰਾ ਮਾਰੀਆਂ ਹੋਈਆਂ ਟੱਕਰਾਂ ਦਾ ਮੇਰੇ ਵਿਦਿਆਰਥੀਆਂ ਨੂੰ ਫ਼ਾਇਦਾ ਹੁੰਦਾ ਰਿਹਾ ਹੈਅਧਿਆਪਕ ਹੁੰਦਿਆਂ ਹੋਇਆਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਅਗਲੀ ਪੜ੍ਹਾਈ ਬਾਰੇ ਆਪਣੀ ਸਮਝ ਅਨੁਸਾਰ ਦੱਸਦਾ ਰਿਹਾ ਹਾਂਅਕਸਰ ਮੈਨੂੰ ਜਦੋਂ ਕੋਈ ਮੇਰਾ ਵਿਦਿਆਰਥੀ ਮਿਲਦਾ ਹੈ ਤਾਂ ਮੇਰੇ ਨਾਲ ਇਹ ਗੱਲ ਸਾਂਝੀ ਕਰਿਆ ਕਰਦਾ ਹੈ ਕਿ ਜੇਕਰ ਮੈਂ, ਉਸ ਜਾਂ ਉਸ ਦੇ ਮਾਪਿਆਂ ਨੂੰ ਸਲਾਹ ਨਾ ਦਿੱਤੀ ਹੁੰਦੀ ਤਾਂ ਉਸ ਨੇ ਦਸਵੀਂ ਜਮਾਤ ਪਾਸ ਕਰਨ ਤੋਂ ਬਾਅਦ ਪੜ੍ਹਾਈ ਛੱਡ ਜਾਣੀ ਸੀਪ੍ਰਿੰਸੀਪਲ ਬਣ ਕੇ ਤਾਂ ਮੈਂ ਗਿਆਰ੍ਹਵੀਂ ਬਾਰ੍ਹਵੀਂ ਜਮਾਤਾਂ ਵਿੱਚ ਵਿਦਿਆਰਥਣਾਂ ਦੇ ਅਗਲੇਰੀ ਪੜ੍ਹਾਈ ਜਾਰੀ ਰੱਖਣ ਲਈ ਹਰ ਤਰ੍ਹਾਂ ਸਹਾਇਕ ਬਣਦਾ ਰਿਹਾ ਹਾਂਵਿਦਿਆਰਥਣਾਂ ਦੇ ਘਰ ਜਾ ਕੇ ਜਾਂ ਫਿਰ ਉਨ੍ਹਾਂ ਦੇ ਮਾਪਿਆਂ ਨੂੰ ਸਕੂਲ ਬੁਲਾ ਕੇ ਲੜਕੀ ਦੀ ਪੜ੍ਹਾਈ ਜਾਰੀ ਰੱਖਣ ਅਤੇ ਵਿਸ਼ਿਆਂ ਦੀ ਚੋਣ ਕਰਨ ਵਿੱਚ ਸਲਾਹ ਦਿੰਦਾ ਰਿਹਾ ਹਾਂਅਨਪੜ੍ਹ ਮਾਪਿਆਂ ਦੀ ਪਿੰਡ ਵਿੱਚੋਂ ਆਉਣ ਵਾਲੀ ਬਹੁਤ ਹੀ ਹੁਸ਼ਿਆਰ ਲੜਕੀ ਨੂੰ ਤਾਂ ਫ਼ਿਜ਼ਿਕਸ ਆਨਰਜ਼ ਦੇ ਕੋਰਸ ਦੇ ਦਾਖ਼ਲੇ ਸਮੇਂ ਮੈਂ ਪੱਲਿਓਂ ਪੈਸੇ ਵੀ ਦਿੱਤੇ ਸਨ ਅਤੇ ਪੜ੍ਹਨ ਲਈ ਮਜਬੂਰ ਕਰਨ ਵਾਲਿਆਂ ਵਾਂਗ ਕੀਤਾ ਸੀਮੇਰੇ ਦੁਆਰਾ ਉਤਸ਼ਾਹਿਤ ਕਰਨ ਅਤੇ ਮਾਇਕ ਸਹਾਇਤਾ ਦੇਣ ’ਤੇ ਇੱਕ ਅਤਿ ਦੇ ਗਰੀਬ ਘਰ ਦੀ ਲੜਕੀ ਨੇ ਮਿਲਦਿਆਂ ਸਾਰ ਜਦੋਂ ਬੀ.ਐੱਸ.ਸੀ. ਤੋਂ ਬਾਅਦ ਬੀ.ਐੱਡ. ਕਰਨ ਦੀ ਗੱਲ ਦੱਸੀ ਸੀ ਤਾਂ ਮੈਨੂੰ ਅੰਤਾਂ ਦਾ ਸਕੂਨ ਮਿਲਿਆ ਸੀ

ਸਾਡੇ ਵਰਗੇ ਦੇਸ਼ ਵਿੱਚ ਅਧਿਆਪਕ ਦੇ ਅਧਿਆਪਨ ਵਿੱਚ ਵਿਦਿਆਰਥੀਆਂ ਦੇ ਕੈਰੀਅਰ ਪ੍ਰਤੀ ਸੁਚੇਤ ਕਰਨ ਦੀ ਇੱਕ ਕਿਸਮ ਦੀ ਜ਼ਿੰਮੇਵਾਰੀ ਹੀ ਨਿਰਧਾਰਤ ਹੁੰਦੀ ਹੈਪ੍ਰੰਤੂ ਇਹ ਘੱਟ ਹੀ ਹੁੰਦਾ ਹੈਬਹੁਤ ਵਾਰੀ ਇਹ ਵੇਖਣ ਵਿੱਚ ਆਉਂਦਾ ਰਿਹਾ ਹੈ ਕਿ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਇਹ ਪਤਾ ਹੀ ਨਹੀਂ ਹੁੰਦਾ ਹੈ ਕਿ ਦਸਵੀਂ ਜਾਂ ਬਾਰ੍ਹਵੀਂ ਪਾਸ ਕਰਨ ਤੋਂ ਬਾਅਦ ਬੱਚੇ ਨੇ ਕੀ ਕਰਨਾ ਹੈਉਨ੍ਹਾਂ ਦੇ ਵਿਸ਼ਿਆਂ ਦੀ ਚੋਣ, ਪੜ੍ਹਨ ਜਾਂ ਨਾ ਪੜ੍ਹਨ ਬਾਰੇ ਉਹ ਅਕਸਰ ਹੀ ਦੁਚਿੱਤੀ ਜਿਹੀ ਵਿੱਚ ਹੁੰਦੇ ਹਨਉਹ ਬਹੁਤ ਥੋੜ੍ਹੇ ਦਾਇਰੇ ਵਿੱਚ ਸਿਮਟ ਕੇ ਰਹਿ ਜਾਂਦੇ ਹਨਸਕੂਲਾਂ ਵਿੱਚ ਕੈਰੀਅਰ ਪ੍ਰੋਗਰਾਮ ਤਾਂ ਚਲਾਏ ਜਾਂਦੇ ਹਨ ਪ੍ਰੰਤੂ ਇਹ ਅਮਲ ਵਿੱਚ ਨਹੀਂ ਹੁੰਦੇ ਹਨਵਿਦਿਆਰਥੀ ਦੇ ਜੀਵਨ ਪੰਧ ਵਿੱਚ ਅਧਿਆਪਕ ਦੀ ਬੜੀ ਵੱਡੀ ਜ਼ਿੰਮੇਵਾਰੀ ਹੁੰਦੀ ਹੈਸਰਕਾਰਾਂ ਦੇ ਗੈਰ ਜ਼ਿੰਮੇਵਾਰ ਵਤੀਰੇ ਕਾਰਨ ਅਧਿਆਪਕਾਂ ਵਿੱਚ ਵੀ ਅਵੇਸਲਾਪਣ ਵੇਖਿਆ ਗਿਆ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3832)
(ਸਰੋਕਾਰ ਨਾਲ ਸੰਪਰਕ ਲਈ: sarokar2015@gmail.com)

About the Author

ਪ੍ਰਿੰ. ਗੁਰਦੀਪ ਸਿੰਘ ਢੁੱਡੀ

ਪ੍ਰਿੰ. ਗੁਰਦੀਪ ਸਿੰਘ ਢੁੱਡੀ

Faridkot, Punjab, India.
Phone: (91 - 95010 - 20731)
Email: (gurdip_dhudi@yahoo.com)