“ਉਹੀ ਕਲਾਤਮਿਕ ਕਿਰਿਆ ਆਪਣੇ ਪ੍ਰਯੋਜਨ ਉੱਤੇ ਖ਼ਰੀ ਉੱਤਰਦੀ ਹੈ ਜਿਹੜੀ ਮਨੁੱਖੀ ਭਾਵਨਾਵਾਂ ਨੂੰ ਟੁੰਬਦੀ ਹੈ, ਸੁੱਤੀਆਂ ...”
(14 ਦਸੰਬਰ 2023)
ਇਸ ਸਮੇਂ ਪਾਠਕ: 155.
ਕੀਰਤੀ ਕਿਰਪਾਲ ਉਦੋਂ ਪੰਜਾਬੀ ਮਾਸਟਰ ਸੀ ਅਤੇ ਜੈਤੋ ਨੇੜਲੇ ਇੱਕ ਸਕੂਲ ਵਿੱਚ ਅਧਿਆਪਕ ਲੱਗਿਆ ਹੋਇਆ ਸੀ। ਨਾਟਕ ਕਰਨ ਦੀ ਚੇਟਕ ਉਸ ਨੂੰ ਉਦੋਂ ਹੀ ਲੱਗ ਗਈ ਸੀ ਜਦੋਂ ਉਹ ਉਮਰ ਵਿੱਚ ਅਜੇ ਛੋਟਾ ਹੀ ਸੀ। ਪਾਲੀ ਭੁਪਿੰਦਰ ਦੇ ਥਾਪੜੇ ਨੇ ਉਸ ਅੰਦਰਲੇ ਗਹਿਰ ਗੰਭੀਰ ਵਿਅਕਤੀ ਤੋਂ ਨਾਟਕਾਂ ਦੇ ਪਾਤਰ ਵਜੋਂ ਕੰਮ ਕਰਵਾਇਆ ਅਤੇ ਫਿਰ ਉਹ ਨਿਰਦੇਸ਼ਨ ਵਿੱਚ ਐਸਾ ਖੁੱਭਿਆ ਕਿ ਹੁਣ ਉਸ ਦਾ ਨਾਟਕ ਨਿਰਦੇਸ਼ਨ ਦੇ ਖ਼ੇਤਰ ਵਿੱਚ ਚੰਗਾ ਨਾਮ ਹੈ। ਮੇਰਾ ਉਸ ਨਾਲ ਵਾਹ 1999 ਵਿੱਚ ਉਦੋਂ ਪਿਆ ਜਦੋਂ ਵਿਭਾਗ ਵੱਲੋਂ ਮੇਰੀ ਡਿਊਟੀ ਕਵਿਤਾ ਮੁਕਾਬਲਿਆਂ ਦੀ ਜੱਜਮੈਂਟ ਵਿੱਚ ਲੱਗੀ ਸੀ। ਇਸ ਮੁਕਾਬਲੇ ਵਿੱਚ ਉਹ ਆਪਣੇ ਸਕੂਲ ਦੇ ਵਿਦਿਆਰਥੀਆਂ ਨੂੰ ਲੈ ਕੇ ਆਇਆ ਸੀ। ਮੁਕਾਬਲੇ ਦੇ ਨਤੀਜੇ ਤੋਂ ਬਾਅਦ ਉਹ ਮੇਰੇ ਕੋਲ ਆਇਆ ਅਤੇ ਬੜੀ ਨਿਮਰਤਾ ਨਾਲ ਮੈਨੂੰ ਪੁੱਛਣ ਲੱਗਾ, “ਸਰ, ਸਾਡੇ ਵਿਦਿਆਰਥੀ ਦੀ ਪ੍ਰੋਫਾਰਮੈਂਸ ਵਿੱਚ ਕੀ ਕਮੀ ਸੀ? ਅਗਲੀ ਵਾਰੀ ਇਸ ਵਿੱਚ ਸੁਧਾਰ ਕਰ ਲਵਾਂਗੇ।”
“ਬੱਚਾ ਬੋਲ ਤਾਂ ਕਵਿਤਾ ਰਿਹਾ ਸੀ, ਪ੍ਰੰਤੂ ਲਗਦਾ ਇਸ ਤਰ੍ਹਾਂ ਸੀ ਜਿਵੇਂ ਉਹ ਕਿਸੇ ਨਾਟਕ ਵਿੱਚ ਰੋਲ ਅਦਾ ਕਰ ਰਿਹਾ ਹੋਵੇ।” ਮੇਰੇ ਸੰਖੇਪ ਵਿੱਚ ਜਵਾਬ ਦੇਣ ਤੋਂ ਬਾਅਦ ਉਹ ਮੁਸਕਰਾ ਪਿਆ ਅਤੇ ਥੋੜ੍ਹਾ ਰੁਕ ਕੇ ਬੋਲਿਆ, “ਸਰ, ਇਸ ਵਿੱਚ ਲੜਕੇ ਦਾ ਕਸੂਰ ਨਹੀਂ ਹੈ, ਕਸੂਰ ਤਾਂ ਮੇਰਾ ਹੈ। ਅਸਲ ਵਿੱਚ ਨਾਟਕ ਮੇਰਾ ਆਪਣਾ ਖੇਤਰ ਹੈ। ਇਹ ਕਵਿਤਾ ਮੈਂ ਤਿਆਰ ਕਰਵਾਈ ਸੀ ਅਤੇ ਇਸ ਤਰ੍ਹਾਂ ਦੀ ਬਾਡੀ ਲੈਂਗੂਏਜ਼ ਬਾਰੇ ਮੈਂ ਹੀ ਸਮਝਾਇਆ ਸੀ।”
ਕੀਰਤੀ ਕਿਰਪਾਲ ਦੇ ਚਿਹਰੇ ਦੀ ਗੰਭੀਰਤਾ ਅਤੇ ਨਿਮਰ ਸੁਭਾਅ ਨੇ ਮੈਨੂੰ ਵਾਹਵਾ ਟੁੰਬਿਆ। ਇਸ ਵਾਰਤਾਲਾਪ ਤੋਂ ਬਾਅਦ ਥੋੜ੍ਹੀ ਬਹੁਤੀ ਗੱਲਬਾਤ ਹੋਈ ਅਤੇ ਫਿਰ ਉਮਰਾਂ ਦੇ ਪਾੜੇ ਘਟਦੇ ਗਏ ਅਤੇ ਅਸੀਂ ਦੋਸਤਾਂ ਵਾਂਗ ਮਿਲਣ ਲੱਗੇ। ਉਸ ਤੋਂ ਬਾਅਦ ਕੀਰਤੀ ਕਿਰਪਾਲ ਨੇ ਆਪਣੇ ਵਿਦਿਆਰਥੀਆਂ ਨੂੰ ਨਾਟਕ ਤਿਆਰ ਕਰਵਾਏ ਅਤੇ ਉਨ੍ਹਾਂ ਨੂੰ ਵੱਡੇ ਮੁਕਾਬਲਿਆਂ ਅਤੇ ਵੱਡੀਆਂ ਸਟੇਜਾਂ ਤਕ ਲੈ ਕੇ ਗਿਆ। ਉਨ੍ਹਾਂ ਵਿੱਚੋਂ ਕਈ ਅੱਜ ਚੰਗੇ ਕਲਾਕਾਰ ਵਜੋਂ ਆਪਣੀ ਪਛਾਣ ਬਣਾ ਚੁੱਕੇ ਹਨ। ਕੀਰਤੀ ਦੇ ਆਪਣੇ ਵਿਸਥਾਰ ਦਾ ਗਵਾਹ ਬਣਨ ਦਾ ਮੈਨੂੰ ਵੀ ਮੌਕਾ ਮਿਲਿਆ ਹੈ।
2011 ਵਿੱਚ ਮੇਰੀ ਤਾਇਨਾਤੀ ਫ਼ਰੀਦਕੋਟ ਦੇ ਲੜਕੀਆਂ ਦੇ ਸਕੂਲ ਵਿੱਚ ਪ੍ਰਿੰਸੀਪਲ ਵਜੋਂ ਹੋ ਗਈ। ਇਹ ਸਕੂਲ ਫ਼ਰੀਦਕੋਟ ਦੇ ਬੱਸ ਅੱਡੇ ਦੇ ਬਿਲਕੁਲ ਨਾਲ ਲੱਗਵਾਂ ਹੈ। ਕੀਰਤੀ ਕਿਰਪਾਲ ਨੇ ਆਪਣੀ ਰਿਹਾਇਸ਼ ਜੈਤੋ ਤੋਂ ਬਠਿੰਡੇ ਦੀ ਕਰ ਲਈ ਸੀ ਪ੍ਰੰਤੂ ਇਸ ਸਮੇਂ ਤਕ ਉਹ ਨਾਟਕਾਂ ਦੀ ਤਿਆਰੀ ਫ਼ਰੀਦਕੋਟ ਹੀ ਕਰਵਾਇਆ ਕਰਦਾ ਸੀ। ਇਸ ਸਕੂਲ ਵਿੱਚ ਮੇਰੇ ਆਉਣ ਸਦਕਾ ਉਸ ਲਈ ਨਾਟਕਾਂ ਦੀ ਤਿਆਰੀ ਕਰਵਾਉਣੀ ਵਾਹਵਾ ਸੌਖੀ ਹੋ ਗਈ। ਉਹ ਫ਼ਰੀਦਕੋਟ ਆਉਂਦਾ ਅਤੇ ਆਪਣੇ ਕਲਾਕਾਰਾਂ ਨੂੰ ਇਸ ਸਕੂਲ ਆਉਣ ਦਾ ਸੱਦਾ ਦੇ ਕੇ ਇੱਥੇ ਤਿਆਰੀ ਕਰਵਾ ਲੈਂਦਾ। ਉਸ ਨੇ ‘ਪੀਰੂ ਦੀ ਸਾਰੰਗੀ’ ਅਤੇ ‘ਲੂਣਾ’ ਨਾਟਕ ਇੱਥੇ ਹੀ ਤਿਆਰ ਕਰਵਾਏ ਸਨ। ਲੂਣਾ ਨਾਟਕ ਦੀਆਂ ਰਿਹਰਸਲਾਂ ਚੱਲ ਰਹੀਆਂ ਸਨ ਕਿ ਮੈਨੂੰ ਅਜਮੇਰ ਔਲਖ ਦੇ ਸਕੂਲ ਆਉਣ ਸਮੇਂ ਦੀ ਇੱਕ ਘਟਨਾ ਯਾਦ ਆ ਗਈ। ਆਪਣੇ ਇਲਾਜ ਲਈ ਔਲਖ ਸਾਹਿਬ ਫ਼ਰੀਦਕੋਟ ਦੇ ਮੈਡੀਕਲ ਕਾਲਜ ਵਿੱਚ ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਦੇ ਤਤਕਾਲੀ ਵਾਈਸ ਚਾਂਸਲਰ ਰਾਜ ਬਹਾਦਰ ਕੋਲ ਆਇਆ ਕਰਦੇ ਸਨ। ਅਜਮੇਰ ਔਲਖ ਆਪਣੀ ਪਤਨੀ ਮਨਜੀਤ ਔਲਖ ਨਾਲ ਜਦੋਂ ਫ਼ਰੀਦਕੋਟ ਆਏ ਤਾਂ ਵਾਪਸੀ ’ਤੇ ਉਹ ਮੇਰੇ ਸਕੂਲ ਵਿੱਚ ਆ ਗਏ। ਸਕੂਲ ਆਉਣ ਬਾਰੇ ਗੁਰਮੀਤ ਸਿੰਘ (ਪੱਤਰਕਾਰ) ਨੇ ਮੈਨੂੰ ਦੱਸਿਆ ਸੀ।
“ਅਸੀਂ ਥੋੜ੍ਹੀ ਥੋੜ੍ਹੀ ਚਾਹ ਪੀਵਾਂਗੇ, ਜ਼ਿਆਦਾ ਸਮਾਂ ਔਲਖ ਸਾਹਿਬ ਤੋਂ ਬੈਠਿਆ ਨ੍ਹੀਂ ਜਾਣਾ।” ਸਕੂਲ ਆ ਕੇ ਆਖਦਿਆਂ ਮਨਜੀਤ ਔਲਖ ਨੇ ਮੈਨੂੰ ਸੁਚੇਤ ਕਰ ਦਿੱਤਾ। ਕਲਾ ਨਾਲ ਵਾਹ ਵਾਸਤਾ ਰੱਖਣ ਵਾਲੇ ਕੁਝ ਅਧਿਆਪਕਾਂ ਨੂੰ ਮੈਂ ਔਲਖ ਸਾਹਿਬ ਦੇ ਸਕੂਲ ਆਉਣ ਬਾਰੇ ਦੱਸ ਦਿੱਤਾ ਸੀ।
ਜਿਵੇਂ ਹੀ ਔਲਖ ਸਾਹਿਬ ਦੀ ਗੱਡੀ ਸਕੂਲ ਵਿੱਚ ਆਈ ਅਧਿਆਪਕਾਂ ਨੇ ਔਲਖ ਸਾਹਿਬ ਨੂੰ ਆਣ ਕੇ ਘੇਰ ਲਿਆ। ਔਲਖ ਸਾਹਿਬ ਆਪਣੇ ਨਾਟਕਾਂ, ਪਾਤਰਾਂ ਬਾਰੇ ਗੱਲਾਂ ਕਰਦੇ ਹੋਏ ਇੰਨੇ ਮਗਨ ਹੋ ਗਏ ਕਿ ਉਹ ਤੰਦਰੁਸਤਾਂ ਵਾਂਗ ਗੱਲਬਾਤ ਕਰ ਰਹੇ ਸਨ। ਮਨਜੀਤ ਭੈਣ ਜੀ ਅਤੇ ਗੁਰਮੀਤ ਸਿੰਘ ਹੋਰੀਂ ਪਾਸੇ ਬੈਠੇ ਹੱਸ ਰਹੇ ਸਨ। ਗੱਲਬਾਤ ਦਾ ਇਹ ਸਿਲਸਿਲਾ ਵਾਹਵਾ ਚਿਰ ਚੱਲਦਾ ਰਿਹਾ।...
ਇਸ ਘਟਨਾ ਦੀ ਯਾਦ ਆਉਂਦਿਆਂ ਹੀ ਮੈਂ ਕੀਰਤੀ ਕਿਰਪਾਲ ਨੂੰ ਬੇਨਤੀ ਕੀਤੀ, “ਜੇ ਨਾਟਕ ਸਾਡੇ ਅਧਿਆਪਕਾਂ ਨੂੰ ਵਿਖਾ ਸਕੋ ਤਾਂ?”
“ਨਾਟਕ ਦੀ ਆਖਰੀ ਰਿਹਰਸਲ ਅਸੀਂ ਅਧਿਆਪਕਾਂ ਸਾਹਮਣੇ ਕਰ ਲਵਾਂਗੇ।” ਕੀਰਤੀ ਨੇ ਹਾਮੀ ਭਰ ਦਿੱਤੀ।
ਸਕੂਲ ਵਿੱਚ ਸਤੰਬਰ ਦੇ ਪੇਪਰ ਚੱਲ ਰਹੇ ਸਨ। ਬੱਚੇ ਪੇਪਰ ਦੇ ਕੇ ਆਪਣੇ ਘਰਾਂ ਨੂੰ ਚਲੇ ਜਾਂਦੇ ਸਨ। ਫਿਰ ਵੀ ਸੰਗੀਤ ਅਧਿਆਪਕਾ ਅਵਨਿੰਦਰ ਨੇ ਸੰਗੀਤ ਵਿਸ਼ੇ ਵਾਲੀਆਂ ਲੜਕੀਆਂ ਨੂੰ ਨਾਟਕ ਵਿਖਾਉਣ ਲਈ ਆਖਦਿਆਂ ਸਕੂਲ ਵਿੱਚ ਰੱਖ ਲਿਆ। ਕੀਰਤੀ ਕਿਰਪਾਲ ਦੇ ਆਉਣ ’ਤੇ ਜਦੋਂ ਨਾਟਕ ਦੀ ਰਿਹਰਸਲ ਸ਼ੁਰੂ ਕਰਨੀ ਸੀ ਤਾਂ ਮੈਂ ਆਪਣੇ ਸਕੂਲ ਦੇ ਅਧਿਆਪਕਾਂ ਨੂੰ ਉਸ ਸਥਾਨ ’ਤੇ ਇਕੱਠੇ ਹੋਣ ਲਈ ਆਖਿਆ ਜਿੱਥੇ ਨਾਟਕ ਦੀ ਫਾਈਨਲ ਰਿਹਰਸਲ ਕੀਤੀ ਜਾਣੀ ਸੀ। ਸਟੇਜ ਸੈਟਿੰਗ ਅਤੇ ਕਲਾਕਾਰਾਂ ਦੀ ਵੇਸਭੂਸ਼ਾ ਤੋਂ ਬਿਨਾ ਹੀ ਨਾਟਕ ਖੇਡਿਆ ਗਿਆ। ਨਾਟਕ ਦੇ ਵਿਸ਼ੇ ਅਤੇ ਪੇਸ਼ਕਾਰੀ ਨੇ ਅਧਿਆਪਕਾਂ, ਵਿਸ਼ੇਸ਼ ਕਰਕੇ ਔਰਤ ਅਧਿਆਪਕਾਵਾਂ ਉੱਤੇ ਇੰਨਾ ਗਹਿਰਾ ਅਸਰ ਕੀਤਾ ਕਿ ਕੁਝ ਔਰਤਾਂ ਨੂੰ ਮੈਂ ਅੱਖਾਂ ਪੂੰਝਦਿਆਂ ਵੇਖਿਆ।
ਉਸ ਦਿਨ ਮੇਰੇ ਮਨ ਵਿਚਲੀ ਗੱਲ ’ਤੇ ਮੋਹਰ ਲੱਗ ਗਈ ਕਿ ਉਹੀ ਕਲਾਤਮਿਕ ਕਿਰਿਆ ਆਪਣੇ ਪ੍ਰਯੋਜਨ ਉੱਤੇ ਖ਼ਰੀ ਉੱਤਰਦੀ ਹੈ ਜਿਹੜੀ ਮਨੁੱਖੀ ਭਾਵਨਾਵਾਂ ਨੂੰ ਟੁੰਬਦੀ ਹੈ, ਸੁੱਤੀਆਂ ਭਾਵਨਾਵਾਂ ਨੂੰ ਜਗਾਉਂਦੀ ਹੈ। ਇਹ ਆਪੇ ਦੀ ਪਛਾਣ ਕਰਵਾਉਂਦੀ ਹੈ। ਕਲਾ ਤਾਂ ਉਹ ਹੁੰਦੀ ਹੈ ਜਿਹੜੀ ਮਨੁੱਖ ਦੇ ਧੁਰ ਅੰਦਰ ਤਕ ਲਹਿ ਜਾਣ ਦੀ ਸਮਰੱਥਾ ਰੱਖਦੀ ਹੈ। ਕਲਾ ਦਾ ਕਾਰਜ ਖੇਤਰ ਬੜਾ ਵਿਸ਼ਾਲ ਹੁੰਦਾ ਹੈ। ਇਹ ਸੀਮਾਵਾਂ ਵਿੱਚ ਕੈਦ ਨਹੀਂ ਹੁੰਦੀ ਹੈ। ਇਹ ਤਾਂ ਆਪਣੇ ਰਾਹ ਵੀ ਬਣਾਉਂਦੀ ਹੈ ਅਤੇ ਰਾਹ ਵਿਖਾਉਂਦੀ ਵੀ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4545)
(ਸਰੋਕਾਰ ਨਾਲ ਸੰਪਰਕ ਲਈ: (