GurdipSDhudi7ਕੁਝ ਦੇ ਚਿਹਰਿਆਂ ਉੱਤੇ ਗੁੱਸੇ ਵਰਗੀ ਝਲਕ ਸੀ ਅਤੇ ਕੁਝ ਖੁਸ਼ੀ ਖੁਸ਼ੀ ...
(15 ਮਾਰਚ 2019)

 

ਸਕੂਲ ਦਾ ਚਾਰਜ ਸੰਭਾਲਣ ਤੋਂ ਦੂਸਰੇ ਦਿਨ ਜਦੋਂ ਮੈਂ ਸਕੂਲ ਪਹੁੰਚਿਆ ਤਾਂ ਸਾਰਿਆਂ ਤੋਂ ਪਹਿਲਾਂ ਲੰਮਾ ਪਰ ਪਤਲਾ ਜਿਹਾ, ਰੰਗ ਦਾ ਕਾਲ਼ਾ, ਸਿਰ ਤੇ ਕੋਈ ਕੋਈ ਵਾਲ਼, ਉਮਰ ਨਾਲੋਂ ਵੱਡਾ ਦਿਸਦਾ ਬੰਦਾ ਮੇਰੇ ਮੱਥੇ ਲੱਗਿਆਮੂੰਹ ਵਿੱਚੋਂ ਦੁਆ-ਸਲਾਮ ਤਾਂ ਕੀਤੀ ਪ੍ਰੰਤੂ ਉਹ ਆਪਣੇ ਕੰਮ ਵਿੱਚ ਮਸਤ ਰਿਹਾਮੈਂ ਕੋਲ ਜਾ ਕੇ ਉਸ ਬਾਰੇ ਪੁੱਛਣ ਲੱਗਿਆ ਤਾਂ ਉਸ ਨੇ ਬੜੇ ਸਹਿਜ ਪਰ ਨਪੇ ਤੁਲਵੇਂ ਸ਼ਬਦਾਂ ਵਿੱਚ ਆਖਿਆ, “ਸਾਵ੍ਹ ਜੀ, ਮੈਂ ਸੀਪਰ ਹਾਂ, ਓਮ ਪ੍ਰਕਾਸ਼, ਪਾਸੇ ਹੋ-ਜੋ ਗੰਦਗੀ ਥੋਡੇ ਤੇ ਪੈ-ਜੂ” ਤੇ ਉਹ ਆਪਣੇ ਕੰਮ ਵਿੱਚ ਹੀ ਮਸਤ ਰਿਹਾਮੈਂ ਹੋਰ ਪੁੱਛਣ ਲੱਗਿਆ ਤਾਂ ‘ਸਾਵ੍ਹ ਜੀ, ਮੇਰਾ ਕੰਮ ਲੇਟ ਹੋ-ਜੂ, ਤਸੀਂ ਪਾਸੇ ਹੋ-ਜੋ’ ਕਹਿੰਦਿਆਂ ਉਸ ਨੇ ਮੈਂਨੂੰ ਵੀ ਚੁੱਪ ਕਰਵਾ ਦਿੱਤਾ ਅਤੇ ਆਪਣੇ ਕੰਮ ਵਿੱਚ ਮਸਤੀ ਨਾਲ ਲੱਗਾ ਰਿਹਾਪਹਿਲੀਆਂ ਵਿੱਚ ਮਿਲਣ ਵਾਲੇ ਸ਼ਖ਼ਸ ਨੇ ਮੈਂਨੂੰ ਅੰਤਾਂ ਦਾ ਪ੍ਰਭਾਵਿਤ ਕੀਤਾਮੈਂਨੂੰ ਆਪਣੇ ਆਪ ’ਤੇ ਸ਼ੱਕ ਹੋਇਆਮੈਂ ਤਾਂ ਮਨ ਵਿੱਚ ਇਹ ਧਾਰਣਾ ਬਣਾਈ ਬੈਠਾ ਸਾਂ ਕਿ ਸ਼ਹਿਰਾਂ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਆਪਣੇ ਆਪ ਨੂੰ ਨਾਢੂ ਖਾਂ ਸਮਝਦੇ ਹਨ ਅਤੇ ਅਤੇ ਉਹ ਕੰਮ ਕਰਨ ਤੋਂ ਕਤਰਾਉਂਦੇ ਹਨਮੈਂ ਇਸ ਤਸੱਲੀ ਜਿਹੀ ਨਾਲ ਭਰ ਗਿਆ ਕਿ ਜਿੱਥੇ ਸਫ਼ਾਈ ਕਰਮਚਾਰੀ ਕੰਮ ਨੂੰ ਸਮਰਪਿਤ ਹੈ ਉੱਥੇ ਬਾਕੀ ਦਾ ਸਟਾਫ਼ ਵੀ ਆਪਣੇ ਕੰਮ ਨੂੰ ਸਮਰਪਿਤ ਹੋਵੇਗਾਖੈਰ! ਹੌਲ਼ੀ ਹੌਲ਼ੀ (ਓਮ ਪ੍ਰਕਾਸ਼ ਵਰਗੇ ਚੰਦ ਬੰਦਿਆਂ ਨੂੰ ਛੱਡ ਕੇ) ਮੇਰਾ ਇਹ ਭਰਮ ਰੇਤ ਦੀ ਢੇਰੀ ਵਾਂਗ ਕਿਰਦਾ ਗਿਆਮੈਂ ਆਪਣੇ ਯਤਨ ਜਾਰੀ ਰੱਖੇ

ਪੰਜ ਕੁ ਮਹੀਨਿਆਂ ਬਾਅਦ ਸਕੂਲ ਵਿੱਚ ਪਹਿਲੀ ਸੇਵਾ ਮੁਕਤੀ ਇੱਕ ਅਧਿਆਪਕਾ ਦੀ ਆ ਗਈਘਰੋਂ ਸਰਦੀ-ਪੁਜਦੀ ਇਸ ਅਧਿਆਪਕਾ ਨਾਲ ਕੰਮ ਤੋਂ ਜੀਅ ਚੁਰਾਉਣ ਅਤੇ ਜਾਅ੍ਹਲੀ ਹਾਜ਼ਰੀ ਲਾਉਣ ਦੇ ਮਸਲੇ ’ਤੇ ਪਹਿਲੀਆਂ ਵਿੱਚ ਹੀ ਮੇਰੇ ਭਿੰਨ-ਭੇਦ ਪੈਦਾ ਹੋ ਗਏ ਸਨ ਪ੍ਰੰਤੂ ਫਿਰ ਵੀ ਉਸਦੀ ਸੇਵਾ ਮੁਕਤੀ ਉੱਤੇ ਉਸ ਨੂੰ ਸ਼ਾਨਦਾਰ ਤਰੀਕੇ ਨਾਲ ਸਕੂਲ ਵਿੱਚੋਂ ਵਿਦਾ ਕੀਤਾ ਗਿਆਨਾਲ ਦੇ ਅਧਿਆਪਕਾਂ ਨੇ ਸਕੂਲ ਵਾਲੇ ਤੋਹਫ਼ੇ ਦੇ ਇਲਾਵਾ ਨਿੱਜੀ ਤੌਰ ’ਤੇ ਵੀ ਉਸ ਨੂੰ ਤੋਹਫ਼ੇ ਦਿੱਤੇ ਅਤੇ ਉਸਦੀਆਂ ਤਾਰੀਫ਼ਾਂ ਦੇ ਪੁਲ਼ ਬੰਨ੍ਹਦਿਆਂ ਉਸਦੀ ਸਿਆਸੀ ਅਤੇ ਅਫਸਰਸ਼ਾਹੀ ਵਿਚਲੀ ਪਹੁੰਚ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾਉਸਦੇ ਚੰਗੇਰੇ ਭਵਿੱਖ ਦੀ ਕਾਮਨਾ ਤਾਂ ਮੈਂ ਵੀ ਕੀਤੀ ਅਤੇ ਰਸਮੀ ਤੌਰ ’ਤੇ ਉਸਦੇ ‘ਚੰਗੇ’ ਸੁਭਾਅ ਦਰਸਾਉਂਦੇ ਚੰਦ ਸ਼ਬਦ ਮੈਂ ਵੀ ਬੋਲੇਪ੍ਰੰਤੂ ਵਿੱਚੇ-ਵਿੱਚ ਮੈਂਨੂੰ ਕੁਝ ਰੜਕਦਾ ਰਿਹਾ

ਇਸੇ ਦੌਰਾਨ ਆਪਣੇ ਕੰਮ ਨੂੰ ਪੂਰੀ ਲਗਨ ਨਾਲ ਕਰਨ ਅਤੇ ਬਹੁਤ ਹੀ ਘੱਟ ਬੋਲਣ ਵਾਲੇ ਸੁਭਾਅ ਸਦਕਾ ਸ਼੍ਰੀ ਓਮ ਪ੍ਰਕਾਸ਼ ਪ੍ਰਤੀ ਮੇਰੀ ਖਿੱਚ ਹੋਰ ਵੀ ਵਧਦੀ ਗਈਮੈਂ ਗਾਹੇ-ਬਗਾਹੇ ਉਸ ਨੂੰ ਬੁਲਾ ਲੈਣਾਉਸਦੇ ਪਰਿਵਾਰ ਸਬੰਧੀ ਜਾਂ ਹੋਰ ਨਿੱਕੀਆਂ ਨਿੱਕੀਆਂ ਗੱਲਾਂ ਕਰਨ ਦੀ ਕੋਸ਼ਿਸ਼ ਕਰਨੀਉਹ ਮੇਰੇ ਨਾਲ ਬੋਲਣ ਤਾਂ ਲੱਗ ਪਿਆ ਪ੍ਰੰਤੂ ਬੋਲਦਾ ਕੇਵਲ ਵਿਹਲੇ ਸਮੇਂ ਵਿੱਚ ਹੀ ਉਹ ਮਤਲਬ ਦੀ ਗੱਲ ਹੀ ਕਰਦਾਸਾਲ ਕੁ ਬਾਅਦ ਉਸਦੀ ਸੇਵਾ ਮੁਕਤੀ ਆ ਗਈਉਸ ਨੂੰ ਸੇਵਾ ਮੁਕਤ ਕਰਨ ਲਈ ਕੀਤੇ ਜਾਣ ਵਾਲੇ ਪ੍ਰੋਗਰਾਮ ਨੂੰ ਉਲੀਕਣ ਵਾਸਤੇ ਸਟਾਫ਼ ਮੀਟਿੰਗ ਕੀਤੀਸਟਾਫ਼ ਦੇ ਬੋਲਣ ਤੋਂ ਪਹਿਲਾਂ ਹੀ ਮੈਂ ਕੀਤੇ ਜਾਣ ਵਾਲੇ ਪ੍ਰੋਗਰਾਮ ਦੀ ਰੂਪ-ਰੇਖਾ ਪਹਿਲਾਂ ਵਾਲੇ ਕੀਤੇ ਪ੍ਰੋਗਰਾਮ ਵਾਂਗ ਦੱਸ ਦਿੱਤੀਅਸਲ ਵਿੱਚ ਮੈਂਨੂੰ ਇੱਕ ਅਧਿਆਪਕਾ ਨੇ ਦੱਸ ਦਿੱਤਾ ਸੀ ਕਿ ਇੱਥੇ ਦਰਜਾ ਚਾਰ ਕਰਮਚਾਰੀ ਨੂੰ ਸਧਾਰਨ ਚਾਹ ਪਾਣੀ ਪਿਆ ਕੇ, ਸਧਾਰਨ ਤੋਹਫ਼ਾ ਦੇ ਕੇ ਵਿਦਾ ਕਰਨ ਦੀ ਰਵਾਇਤ ਹੈਮੇਰੇ ਇਸ ਤਰ੍ਹਾਂ ਬੋਲਣ ’ਤੇ ਸਟਾਫ਼ ਮੈਂਬਰ ਵਿੱਚ ਕਾਨਾ-ਫ਼ੂਸੀ ਹੋਣ ਲੱਗ ਪਈਜਦੋਂ ਮੈਂ ਸਟਾਫ਼ ਮੈਂਬਰਾਂ ਨੂੰ ਬੋਲਣ ਲਈ ਆਖਿਆ ਤਾਂ ਇੱਕ ਅਧਿਆਪਕਾ ਨੇ ਸਵਾਲ ਕਰਨ ਵਾਲਿਆਂ ਵਾਂਗ ਕਹਿ ਦਿੱਤਾ, “ਸਰ, ਅੱਗੇ ਤਾਂ ਅਸੀਂ ਦਰਜਾ ਚਾਰ ਦੀ ਪਾਰਟੀ ਅਤੇ ਅਧਿਆਪਕ ਦੀ ਪਾਰਟੀ ਦਾ ਫਰਕ ਰੱਖਿਆ ਕਰਦੇ ਹਾਂ?” ਮੇਰੇ ਦੁਆਰਾ ਇਸ ਨੂੰ ਪੂਰੀ ਤਰ੍ਹਾਂ ਰੱਦ ਕਰਨ ਤੇ ਵਿਦਾਇਗੀ ਪਾਰਟੀ ਤੇ ਹਰ ਇੱਕ ਨੂੰ ਮਨੁੱਖ ਸਮਝਦਿਆਂ ਇੱਕੋ ਜਿਹੀ ਪਾਰਟੀ ਕਰਨ ਵਾਲੀ ਗੱਲ ਠੋਸਣ ’ਤੇ ਮੀਟਿੰਗ ਸਮਾਪਤ ਹੋ ਗਈ

ਸ਼੍ਰੀ ਓਮ ਪ੍ਰਕਾਸ਼ ਨੂੰ ਪਾਰਟੀ ਕੀਤੀ ਗਈ ਅਤੇ ਉਸ ਨੂੰ ਵੀ ਅਧਿਆਪਕਾਂ ਵਾਲਾ ਹੀ ਮਾਣ ਸਨਮਾਨ ਦਿੱਤਾ ਗਿਆਸਾਰੇ ਸਟਾਫ਼ ਨੇ ਇਸ ਵਿੱਚ ਸ਼ਮੂਲੀਅਤ ਕੀਤੀਕੁਝ ਦੇ ਚਿਹਰਿਆਂ ਉੱਤੇ ਗੁੱਸੇ ਵਰਗੀ ਝਲਕ ਸੀ ਅਤੇ ਕੁਝ ਖੁਸ਼ੀ ਖੁਸ਼ੀ ਕੰਮ ਕਰ ਰਹੇ ਸਨਨੌਜਵਾਨ ਅਧਿਆਪਕਾਂ ਨੇ ਪੂਰੇ ਉਤਸ਼ਾਹ ਨਾਲ ਕੰਮ ਨੂੰ ਸਿਰੇ ਚਾੜ੍ਹਿਆਸ਼੍ਰੀ ਓਮ ਪ੍ਰਕਾਸ਼ ਨੂੰ ਲਿਖਤੀ ਮਾਣ ਪੱਤਰ ਦਿੱਤਾ ਗਿਆ ਅਤੇ ਮੇਰੇ ਦੁਆਰਾ ਉਸਦੇ ਮਾਣ ਵਿੱਚ ਬੋਲਦਿਆਂ ਸ਼ਹੀਦੇ ਆਜ਼ਮ ਭਗਤ ਸਿੰਘ ਦੁਆਰਾ ਜੇਲ੍ਹ ਵਿੱਚ ਉੱਥੋਂ ਦੇ ਸਫ਼ਾਈ ਸੇਵਕ ਵਾਸਤੇ ਬੋਲੇ ਗਏ ਸ਼ਬਦ ਅਤੇ ਹੋਰ ਸਤਿਕਾਰ ਵਾਲੇ ਸ਼ਬਦ ਬੋਲੇ ਗਏ ਤਾਂ ਸ਼੍ਰੀ ਓਮ ਪ੍ਰਕਾਸ਼ ਭਾਵੁਕ ਹੋ ਕੇ ਰੋਣ ਲੱਗ ਪਿਆਜਦੋਂ ਉਸ ਨੂੰ ਬੋਲਣ ਲਈ ਆਖਿਆ ਤਾਂ ਉਸ ਨੇ ਭਰੇ ਗਲ਼ੇ ਨਾਲ ਆਖਿਆ, “ਸ਼ੁਕਰ ਹੈ ਮੈਂਨੂੰ ਇੰਨਾ ਮਾਣ ਸਤਿਕਾਰ ਮਿਲਿਆ ਹੈਸਾਰੇ ਬੰਦਿਆਂ ਨੂੰ ਬੰਦੇ ਸਮਝਣਾ ਚਾਹੀਦਾ ਹੈਇਸ ਤੋਂ ਪਹਿਲਾਂ ਕਦੇ ਇਸ ਤਰ੍ਹਾਂ ਨਹੀਂ ਹੋਇਆ” ਤੇ ਰੋਂਦਾ ਰੋਂਦਾ ਉਹ ਸਟੇਜ ਤੋਂ ਤੁਰਦਾ ਤੁਰਦਾ ਮੇਰੇ ਪੈਰੀਂ ਹੱਥ ਲਾਉਣ ਲਈ ਝੁਕਿਆਮੈਂ ਉਸ ਨੂੰ ਫੜ ਕੇ ਜੱਫੀ ਵਿੱਚ ਲੈ ਲਿਆ

*****

(ਨੋਟ: ਹਰ ਲੇਖਕ ਆਪਣੀ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1509)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਪ੍ਰਿੰ. ਗੁਰਦੀਪ ਸਿੰਘ ਢੁੱਡੀ

ਪ੍ਰਿੰ. ਗੁਰਦੀਪ ਸਿੰਘ ਢੁੱਡੀ

Faridkot, Punjab, India.
Phone: (91 - 95010 - 20731)
Email: (gurdip_dhudi@yahoo.com)

More articles from this author