“ਕਰਤਾਰਪੁਰ ਦੀ ਧਰਤੀ ਉੱਤੇ ਉਨ੍ਹਾਂ ਨੇ ਇੱਕ ਅਜਿਹੇ ਆਦਰਸ਼ ਸਮਾਜ ਦੀ ਸਿਰਜਣਾ ...”
(24 ਨਵੰਬਰ 2026)

ਪੰਦਰ੍ਹਵੀਂ ਸਦੀ ਦੇ ਅਖੀਰਲੇ ਦਹਾਕਿਆਂ ਵਿੱਚ ਜਦੋਂ ਸਮਾਜਿਕ ਢਾਂਚਾ ਜਾਤ-ਪਾਤ, ਵਹਿਮਾਂ-ਭਰਮਾਂ ਅਤੇ ਅਗਿਆਨਤਾ ਦੇ ਹਨੇਰੇ ਵਿੱਚ ਘਿਰਿਆ ਹੋਇਆ ਸੀ, ਉਸ ਵੇਲੇ ਰਾਇ ਭੋਏਂ ਦੀ ਤਲਵੰਡੀ ਦੀ ਧਰਤੀ ਉੱਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ। ਉਨ੍ਹਾਂ ਦਾ ਆਗਮਨ ਕਿਸੇ ਇੱਕ ਸਮਾਜ, ਕੌਮ ਜਾਂ ਖਿੱਤੇ ਤਕ ਸੀਮਿਤ ਨਹੀਂ ਸੀ, ਸਗੋਂ ਸਮੁੱਚੀ ਲੋਕਾਈ ਲਈ ਇੱਕ ਅਜਿਹੀ ਸੱਜਰੀ ਰੌਸ਼ਨੀ ਸੀ ਜਿਸਨੇ ਸਦੀਆਂ ਤੋਂ ਸੁੱਤੀ ਪਈ ਮਨੁੱਖੀ ਚੇਤਨਾ ਨੂੰ ਜਗਾਇਆ। ਗੁਰੂ ਸਾਹਿਬ ਨੇ ਆਪਣੀ ਬਾਣੀ ਦੇ ਅਰੰਭ ਵਿੱਚ ਹੀ ‘ੴ’ (ਇੱਕ ਓਂਕਾਰ) ਦਾ ਜੋ ਸਿਧਾਂਤ ਦਿੱਤਾ, ਉਹ ਸ੍ਰਿਸ਼ਟੀ ਦੀ ਹੋਂਦ, ਏਕਤਾ ਅਤੇ ਮੂਲ ਸਚਾਈ ਦਾ ਸਭ ਤੋਂ ਡੂੰਘਾ ਪ੍ਰਗਟਾਵਾ ਹੈ।
‘ਇੱਕ ਓਂਕਾਰ’ ਦਾ ਫਲਸਫਾ ਕੇਵਲ ਦੋ ਸ਼ਬਦਾਂ ਦਾ ਸੁਮੇਲ ਨਹੀਂ, ਸਗੋਂ ਸਮੁੱਚੇ ਬ੍ਰਹਿਮੰਡ ਦੀ ਉਤਪਤੀ ਅਤੇ ਮਨੁੱਖੀ ਜੀਵਨ ਦੇ ਅਸਲ ਮਕਸਦ ਦੀ ਵਿਆਖਿਆ ਹੈ। ਗੁਰੂ ਸਾਹਿਬ ਨੇ ‘1’ ਦਾ ਹਿੰਦਸਾ ਵਰਤ ਕੇ ਇਹ ਸਪਸ਼ਟ ਕੀਤਾ ਕਿ ਇਸ ਸਮੁੱਚੀ ਸ੍ਰਿਸ਼ਟੀ ਨੂੰ ਸਿਰਜਣ ਵਾਲੀ, ਪਾਲਣ ਵਾਲੀ ਅਤੇ ਚਲਾਉਣ ਵਾਲੀ ਸ਼ਕਤੀ ਕੇਵਲ ਇੱਕੋ ਹੀ ਹੈ। ਉਸ ਵੇਲੇ ਸਮਾਜ ਅਨੇਕਾਂ ਭਰਮਾਂ, ਵੱਖ-ਵੱਖ ਮਜ਼ਹਬਾਂ ਅਤੇ ਕਰਮ-ਕਾਂਡਾਂ ਦੇ ਜਾਲ਼ ਵਿੱਚ ਉਲਝਿਆ ਹੋਇਆ ਸੀ। ਲੋਕ ਪਰਮਾਤਮਾ ਨੂੰ ਮੰਦਰਾਂ, ਮਸਜਿਦਾਂ ਜਾਂ ਤੀਰਥ ਸਥਾਨਾਂ ਦੀਆਂ ਚਾਰਦੀਵਾਰੀਆਂ ਅੰਦਰ ਸੀਮਿਤ ਸਮਝਦੇ ਸਨ। ਗੁਰੂ ਨਾਨਕ ਦੇਵ ਜੀ ਨੇ ਇਸ ਭਰਮ ਨੂੰ ਤੋੜਦਿਆਂ ਦਰਸਾਇਆ ਕਿ ਉਹ ਅਕਾਲ ਪੁਰਖ ਸਰਬ-ਵਿਆਪਕ ਹੈ, ਹਰ ਜ਼ੱਰੇ ਵਿੱਚ ਵਸਦਾ ਹੈ ਅਤੇ ਹਰ ਜੀਵ ਦੇ ਹਿਰਦੇ ਵਿੱਚ ਉਸੇ ਇੱਕ ਦੀ ਜੋਤ ਮੌਜੂਦ ਹੈ। ਜਦੋਂ ਸਿਰਜਣਹਾਰ ਇੱਕ ਹੈ, ਤਾਂ ਉਸਦੀ ਬਣਾਈ ਹੋਈ ਹਰ ਰਚਨਾ ਵਿੱਚ ਇੱਕੋ ਹੀ ਨੂਰ ਸਮਾਇਆ ਹੋਇਆ ਹੈ। ਇਸ ਸਿਧਾਂਤ ਨੇ ਮਨੁੱਖੀ ਜੀਵਨ ਨੂੰ ਵੰਡੀਆਂ ਅਤੇ ਭੇਦਭਾਵ ਤੋਂ ਮੁਕਤ ਕਰਕੇ ਇੱਕ ਸਾਂਝੇ ਸੂਤਰ ਵਿੱਚ ਪਰੋਇਆ।
ਗੁਰੂ ਨਾਨਕ ਦੇਵ ਜੀ ਦੀ ਸ਼ਖਸੀਅਤ ਵਿੱਚ ਬਚਪਨ ਤੋਂ ਹੀ ਡੂੰਘੀ ਸੂਝ, ਦਇਆ ਅਤੇ ਸੱਚ ਦੀ ਖੋਜ ਦੀ ਪ੍ਰਬਲ ਤਾਂਘ ਸੀ। ਜਨੇਊ ਦੀ ਰਸਮ ਵੇਲੇ ਪੰਡਿਤ ਹਰਦਿਆਲ ਨਾਲ ਕੀਤਾ ਗਿਆ ਸੰਵਾਦ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਸੀ ਕਿ ਗੁਰੂ ਸਾਹਿਬ ਬਾਹਰੀ ਚਿੰਨ੍ਹਾਂ ਅਤੇ ਖੋਖਲੀਆਂ ਰਸਮਾਂ ਦੀ ਥਾਂ ਮਨੁੱਖ ਦੇ ਅੰਦਰੂਨੀ ਗੁਣਾਂ ਨੂੰ ਮਹੱਤਵ ਦਿੰਦੇ ਸਨ। ਉਨ੍ਹਾਂ ਨੇ ਦਇਆ, ਸੰਤੋਖ, ਜਤ ਅਤੇ ਸੱਤ ਵਰਗੇ ਸਦੀਵੀ ਗੁਣਾਂ ਨੂੰ ਹੀ ਅਸਲ ਧਰਮ ਦਾ ਅਧਾਰ ਮੰਨਿਆ। ਸੱਚਾ ਸੌਦਾ ਦੀ ਘਟਨਾ ਰਾਹੀਂ ਉਨ੍ਹਾਂ ਨੇ ਭੁੱਖੇ ਸਾਧੂਆਂ ਨੂੰ ਭੋਜਨ ਛਕਾ ਕੇ ਇਹ ਦਰਸਾਇਆ ਕਿ ਲੋੜਵੰਦ ਦੀ ਸੇਵਾ ਅਤੇ ਮਨੁੱਖਤਾ ਦੀ ਭਲਾਈ ਹੀ ਸਭ ਤੋਂ ਉੱਤਮ ਵਪਾਰ ਹੈ। ਸੁਲਤਾਨਪੁਰ ਲੋਧੀ ਵਿਖੇ ਮੋਦੀਖਾਨੇ ਦੀ ਨੌਕਰੀ ਕਰਦਿਆਂ ‘ਤੇਰਾ-ਤੇਰਾ’ ਤੋਲਣ ਦੀ ਅਵਸਥਾ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਗੁਰੂ ਸਾਹਿਬ ਹਰ ਸ਼ੈਅ ਨੂੰ ਉਸ ਇੱਕੋ ਮਾਲਕ ਦੀ ਅਮਾਨਤ ਮੰਨਦੇ ਸਨ।
ਗੁਰੂ ਨਾਨਕ ਦੇਵ ਜੀ ਨੇ ਆਪਣੇ ਇਸ ਪੈਗਾਮ ਨੂੰ ਕੇਵਲ ਉਪਦੇਸ਼ਾਂ ਤਕ ਸੀਮਿਤ ਨਹੀਂ ਰੱਖਿਆ, ਸਗੋਂ ਆਪਣੀ ਜੀਵਨ-ਜਾਚ ਰਾਹੀਂ ਇਸ ਨੂੰ ਅਮਲੀ ਰੂਪ ਦਿੱਤਾ। ਉਨ੍ਹਾਂ ਨੇ ਚਾਰ ਉਦਾਸੀਆਂ ਕਰਕੇ ਹਜ਼ਾਰਾਂ ਮੀਲ ਦਾ ਪੈਂਡਾ ਪੈਦਲ ਤੈਅ ਕੀਤਾ ਅਤੇ ਪੂਰਬ, ਪੱਛਮ, ਉੱਤਰ, ਦੱਖਣ ਦੀਆਂ ਦਿਸ਼ਾਵਾਂ ਵਿੱਚ ਜਾ ਕੇ ਵੱਖ-ਵੱਖ ਧਰਮਾਂ, ਨਸਲਾਂ ਅਤੇ ਸੱਭਿਆਚਾਰਾਂ ਦੇ ਲੋਕਾਂ ਨਾਲ ਸੰਵਾਦ ਰਚਾਇਆ। ਮੱਕੇ ਵਿਖੇ ਕਾਅਬੇ ਵੱਲ ਪੈਰ ਕਰਕੇ ਸੌਣ ਦੇ ਪ੍ਰਸੰਗ ਰਾਹੀਂ ਉਨ੍ਹਾਂ ਨੇ ਇਹ ਅਟੱਲ ਸਚਾਈ ਉਜਾਗਰ ਕੀਤੀ ਕਿ ਪਰਮਾਤਮਾ ਦੀ ਹੋਂਦ ਕਿਸੇ ਇੱਕ ਦਿਸ਼ਾ ਤਕ ਸੀਮਿਤ ਨਹੀਂ, ਸਗੋਂ ਚਾਰੇ ਦਿਸ਼ਾਵਾਂ ਵਿੱਚ ਉਸੇ ਦਾ ਪਸਾਰਾ ਹੈ। ਹਰਿਦੁਆਰ ਵਿਖੇ ਸੂਰਜ ਨੂੰ ਪਾਣੀ ਦੇਣ ਦੀ ਰਸਮ ਦੇ ਉਲਟ ਪੱਛਮ ਵੱਲ ਪਾਣੀ ਸੁੱਟ ਕੇ ਉਨ੍ਹਾਂ ਨੇ ਲੋਕਾਈ ਨੂੰ ਅੰਧ-ਵਿਸ਼ਵਾਸਾਂ ਦੀ ਥਾਂ ਤਰਕ ਅਤੇ ਸੱਚ ਦੇ ਰਾਹ ਉੱਤੇ ਤੁਰਨ ਦੀ ਪ੍ਰੇਰਨਾ ਦਿੱਤੀ।
ਬਗਦਾਦ, ਕਾਮਰੂਪ, ਜਗਨਨਾਥ ਪੁਰੀ ਅਤੇ ਸੁਮੇਰ ਪਰਬਤ ਵਰਗੇ ਅਨੇਕਾਂ ਅਸਥਾਨਾਂ ਉੱਤੇ ਜਾ ਕੇ ਗੁਰੂ ਸਾਹਿਬ ਨੇ ਸਿੱਧਾਂ, ਨਾਥਾਂ, ਜੋਗੀਆਂ, ਕਾਜ਼ੀਆਂ ਅਤੇ ਪੰਡਿਤਾਂ ਨਾਲ ਗੋਸ਼ਟੀਆਂ ਕੀਤੀਆਂ। ਉਨ੍ਹਾਂ ਦਾ ਸੰਵਾਦ ਕਦੇ ਵੀ ਕਿਸੇ ਉੱਤੇ ਆਪਣਾ ਵਿਚਾਰ ਥੋਪਣ ਵਾਲਾ ਨਹੀਂ ਸੀ, ਸਗੋਂ ਨਿਮਰਤਾ, ਪ੍ਰੇਮ ਅਤੇ ਤਰਕ ਨਾਲ ਸੱਚ ਦਾ ਬੋਧ ਕਰਵਾਉਣ ਵਾਲਾ ਸੀ। ਭਾਈ ਮਰਦਾਨਾ ਜੀ ਨੂੰ ਆਪਣਾ ਅਟੁੱਟ ਸਾਥੀ ਬਣਾ ਕੇ ਅਤੇ ਉਨ੍ਹਾਂ ਦੀ ਰਬਾਬ ਦੀਆਂ ਧੁਨਾਂ ਉੱਤੇ ਇਲਾਹੀ ਬਾਣੀ ਦਾ ਕੀਰਤਨ ਕਰਕੇ ਗੁਰੂ ਸਾਹਿਬ ਨੇ ਸੰਗੀਤ ਅਤੇ ਸ਼ਬਦ ਦੇ ਸੁਮੇਲ ਰਾਹੀਂ ਰੁਹਾਨੀਅਤ ਦਾ ਅਜਿਹਾ ਮਾਹੌਲ ਸਿਰਜਿਆ, ਜਿਸਨੇ ਕਠੋਰ ਤੋਂ ਕਠੋਰ ਹਿਰਦਿਆਂ ਨੂੰ ਵੀ ਪਿਘਲਾ ਦਿੱਤਾ। ਸੱਜਣ ਠੱਗ, ਕੌਡਾ ਰਾਖਸ਼ ਅਤੇ ਭੂਮੀਏ ਚੋਰ ਵਰਗੇ ਅਨੇਕਾਂ ਭਟਕੇ ਹੋਏ ਜੀਵ ਗੁਰੂ ਸਾਹਿਬ ਦੀ ਸੰਗਤ ਅਤੇ ਸੱਚੇ ਉਪਦੇਸ਼ਾਂ ਸਦਕਾ ਨੇਕੀ ਦੇ ਮਾਰਗ ਉੱਤੇ ਤੁਰ ਪਏ।
ਕਿਰਤ, ਵੰਡ ਛਕਣਾ ਅਤੇ ਸਾਂਝੀਵਾਲਤਾ ਗੁਰੂ ਨਾਨਕ ਦੇਵ ਜੀ ਦੀ ਜੀਵਨ-ਜਾਚ ਦਾ ਧੁਰਾ ਸਨ। ਸੈਦਪੁਰ ਵਿਖੇ ਭਾਈ ਲਾਲੋ ਜੀ ਦੀ ਮਿਹਨਤ ਅਤੇ ਸਚਾਈ ਦੀ ਕਮਾਈ ਨੂੰ ਮਲਿਕ ਭਾਗੋ ਦੇ ਹੱਕ-ਹਲਾਲ ਤੋਂ ਰਹਿਤ ਪਕਵਾਨਾਂ ਨਾਲੋਂ ਉੱਤਮ ਠਹਿਰਾ ਕੇ ਉਨ੍ਹਾਂ ਨੇ ਕਿਰਤ ਦੇ ਮਾਣ ਨੂੰ ਸਭ ਤੋਂ ਉੱਚਾ ਦਰਜਾ ਦਿੱਤਾ। ਉਨ੍ਹਾਂ ਨੇ ਇਹ ਸਪਸ਼ਟ ਕੀਤਾ ਕਿ ਪਰਮਾਤਮਾ ਦੀ ਦਰਗਾਹ ਵਿੱਚ ਮਨੁੱਖ ਦੀ ਜਾਤ, ਕੁੱਲ ਜਾਂ ਦੌਲਤ ਨਹੀਂ, ਸਗੋਂ ਉਸਦੇ ਸ਼ੁਭ ਕਰਮ ਅਤੇ ਸੱਚਾ ਆਚਰਣ ਹੀ ਪਰਵਾਨ ਹੁੰਦੇ ਹਨ। ਲੰਗਰ ਦੀ ਪਰੰਪਰਾ ਰਾਹੀਂ ਉਨ੍ਹਾਂ ਨੇ ਸਮਾਜ ਵਿੱਚ ਬਰਾਬਰੀ, ਨਿਮਰਤਾ ਅਤੇ ਸਾਂਝ ਦਾ ਅਜਿਹਾ ਰੂਪ ਸਿਰਜਿਆ, ਜਿੱਥੇ ਰਾਜਾ ਅਤੇ ਰੰਕ ਬਿਨਾਂ ਕਿਸੇ ਵਿਤਕਰੇ ਦੇ ਇੱਕੋ ਪੰਗਤ ਵਿੱਚ ਬੈਠਦੇ ਹਨ। ਇਸੇ ਤਰ੍ਹਾਂ ਇਸਤਰੀ ਜਾਤੀ ਦੇ ਸਨਮਾਨ ਵਿੱਚ ਅਵਾਜ਼ ਬੁਲੰਦ ਕਰਦਿਆਂ ਉਨ੍ਹਾਂ ਨੇ ‘ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ’ ਦਾ ਨਾਅਰਾ ਦੇ ਕੇ ਸਮਾਜ ਵਿੱਚ ਔਰਤ ਨੂੰ ਬਰਾਬਰੀ ਅਤੇ ਸਤਿਕਾਰ ਦਾ ਹੱਕ ਦਿਵਾਇਆ।
ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚ ਕੁਦਰਤ ਪ੍ਰਤੀ ਵੀ ਡੂੰਘੀ ਸੰਵੇਦਨਾ ਅਤੇ ਅਥਾਹ ਸਤਿਕਾਰ ਝਲਕਦਾ ਹੈ। ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ’ ਆਖ ਕੇ ਉਨ੍ਹਾਂ ਨੇ ਕੁਦਰਤੀ ਤੱਤਾਂ ਨੂੰ ਮਨੁੱਖੀ ਹੋਂਦ ਦੇ ਅਟੁੱਟ ਅੰਗ ਵਜੋਂ ਪਛਾਣਿਆ। ਉਨ੍ਹਾਂ ਦੀ ਦ੍ਰਿਸ਼ਟੀ ਵਿੱਚ ਕੁਦਰਤ ਅਤੇ ਮਨੁੱਖ ਵਿਚਕਾਰ ਕੋਈ ਦੂਰੀ ਨਹੀਂ, ਸਗੋਂ ਦੋਵੇਂ ਇੱਕੋ ਸ੍ਰਿਸ਼ਟੀ ਦਾ ਹਿੱਸਾ ਹਨ। ਜਪੁਜੀ ਸਾਹਿਬ, ਆਸਾ ਦੀ ਵਾਰ, ਸਿੱਧ ਗੋਸ਼ਟਿ ਅਤੇ ਬਾਰਹ ਮਾਹ ਵਰਗੀਆਂ ਮਹਾਨ ਰਚਨਾਵਾਂ ਰਾਹੀਂ ਗੁਰੂ ਸਾਹਿਬ ਨੇ ਮਨੁੱਖੀ ਮਨ ਦੀਆਂ ਪਰਤਾਂ ਨੂੰ ਖੋਲ੍ਹਿਆ ਅਤੇ ਹਉਮੈਂ ਦੇ ਤਿਆਗ, ਨਿਮਰਤਾ, ਸਬਰ ਅਤੇ ਸੰਤੋਖ ਦੀ ਮਹੱਤਤਾ ਨੂੰ ਬਿਆਨ ਕੀਤਾ। ਉਨ੍ਹਾਂ ਅਨੁਸਾਰ ਹਉਮੈਂ ਹੀ ਮਨੁੱਖ ਨੂੰ ਉਸ ਇੱਕੋ ਮਾਲਕ ਨਾਲੋਂ ਤੋੜਨ ਵਾਲੀ ਸਭ ਤੋਂ ਵੱਡੀ ਦਿਵਾਰ ਹੈ, ਅਤੇ ਨਾਮ ਸਿਮਰਨ ਅਤੇ ਸੇਵਾ ਰਾਹੀਂ ਇਸ ਦਿਵਾਰ ਨੂੰ ਢਾਹਿਆ ਜਾ ਸਕਦਾ ਹੈ।
ਜੀਵਨ ਦੇ ਅਖੀਰਲੇ ਪੜਾਅ ਵਿੱਚ ਗੁਰੂ ਨਾਨਕ ਦੇਵ ਜੀ ਨੇ ਰਾਵੀ ਦਰਿਆ ਦੇ ਕੰਢੇ ਕਰਤਾਰਪੁਰ ਸਾਹਿਬ ਦੀ ਨੀਂਹ ਰੱਖੀ ਅਤੇ ਉੱਥੇ ਹੱਥੀਂ ਖੇਤੀ ਕਰਕੇ ਕਿਰਤ ਕਰਨ ਦਾ ਅਮਲੀ ਸਬੂਤ ਪੇਸ਼ ਕੀਤਾ। ਕਰਤਾਰਪੁਰ ਦੀ ਧਰਤੀ ਉੱਤੇ ਉਨ੍ਹਾਂ ਨੇ ਇੱਕ ਅਜਿਹੇ ਆਦਰਸ਼ ਸਮਾਜ ਦੀ ਸਿਰਜਣਾ ਕੀਤੀ ਜਿੱਥੇ ਹਰ ਮਨੁੱਖ ਬਿਨਾਂ ਕਿਸੇ ਜਾਤ-ਪਾਤ ਜਾਂ ਮਜ਼ਹਬੀ ਵਿਤਕਰੇ ਦੇ ਸਵੇਰੇ-ਸ਼ਾਮ ਇਕੱਠੇ ਹੋ ਕੇ ਕੀਰਤਨ ਕਰਦਾ, ਖੇਤਾਂ ਵਿੱਚ ਕੰਮ ਕਰਦਾ ਅਤੇ ਸਾਂਝਾ ਲੰਗਰ ਛਕਦਾ ਸੀ। ਭਾਈ ਲਹਿਣਾ ਜੀ ਦੀ ਸੇਵਾ, ਸਮਰਪਣ ਅਤੇ ਨਿਮਰਤਾ ਨੂੰ ਪਰਖ ਕੇ ਉਨ੍ਹਾਂ ਨੂੰ ਗੁਰੂ ਅੰਗਦ ਦੇਵ ਜੀ ਦੇ ਰੂਪ ਵਿੱਚ ਗੁਰਗੱਦੀ ਸੌਂਪਣੀ ਇਸ ਗੱਲ ਦਾ ਪ੍ਰਮਾਣ ਸੀ ਕਿ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਵਿੱਚ ਵਿਅਕਤੀਗਤ ਪੂਜਾ ਦੀ ਥਾਂ ਗੁਣਾਂ, ਯੋਗਤਾ ਅਤੇ ਸੇਵਾ ਭਾਵਨਾ ਨੂੰ ਹੀ ਸਰਬਉੱਚ ਸਥਾਨ ਹਾਸਲ ਹੈ।
ਗੁਰੂ ਨਾਨਕ ਦੇਵ ਜੀ ਦਾ ਸਮੁੱਚਾ ਜੀਵਨ, ਉਨ੍ਹਾਂ ਦੀਆਂ ਯਾਤਰਾਵਾਂ ਅਤੇ ਉਨ੍ਹਾਂ ਦੀ ਇਲਾਹੀ ਬਾਣੀ ਸਦਾ ਹੀ ਸੱਚ, ਸਮਾਨਤਾ, ਕਿਰਤ ਅਤੇ ਸਰਬੱਤ ਦੀ ਸਾਂਝ ਦਾ ਪ੍ਰਤੀਕ ਰਹੇ ਹਨ। ‘ਇੱਕ ਓਂਕਾਰ’ ਦਾ ਇਹ ਅਲੌਕਿਕ ਪੈਗਾਮ ਸਮੇਂ ਅਤੇ ਸਥਾਨ ਦੀਆਂ ਹੱਦਾਂ ਤੋਂ ਪਾਰ ਜਾ ਕੇ ਸਮੁੱਚੀ ਕਾਇਨਾਤ ਵਿੱਚ ਏਕਤਾ, ਪ੍ਰੇਮ ਅਤੇ ਸਦਭਾਵਨਾ ਦੀ ਜੋਤ ਜਗਾਉਂਦਾ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)



























































































































